Skip to content

Skip to table of contents

ਤੁਸੀਂ ਪਰਮੇਸ਼ੁਰ ਦੀ ਸੇਵਾ ਕਿਉਂ ਕਰਦੇ ਹੋ?

ਤੁਸੀਂ ਪਰਮੇਸ਼ੁਰ ਦੀ ਸੇਵਾ ਕਿਉਂ ਕਰਦੇ ਹੋ?

ਤੁਸੀਂ ਪਰਮੇਸ਼ੁਰ ਦੀ ਸੇਵਾ ਕਿਉਂ ਕਰਦੇ ਹੋ?

ਰੱਬ ਦਾ ਭੈ ਰੱਖਣ ਵਾਲੇ ਇਕ ਰਾਜੇ ਨੇ ਆਪਣੇ ਪੁੱਤਰ ਨੂੰ ਇਹ ਸਲਾਹ ਦਿੱਤੀ ਸੀ ਕਿ “ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ।” (1 ਇਤਹਾਸ 28:9) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਖ਼ੁਸ਼ ਅਤੇ ਕਦਰ ਭਰੇ ਦਿਲਾਂ ਨਾਲ ਉਸ ਦੀ ਸੇਵਾ ਕਰਨ।

ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਇਸ ਗੱਲ ਨਾਲ ਸਹਿਮਤ ਹੁੰਦੇ ਹਾਂ ਕਿ ਜਦੋਂ ਅਸੀਂ ਪਹਿਲਾਂ-ਪਹਿਲ ਬਾਈਬਲ ਦੇ ਵਾਅਦੇ ਪੜ੍ਹੇ ਸੀ ਤਾਂ ਸਾਨੂੰ ਬਹੁਤ ਹੀ ਖ਼ੁਸ਼ੀ ਹੋਈ ਸੀ। ਹਰ ਦਿਨ ਅਸੀਂ ਪਰਮੇਸ਼ੁਰ ਦੇ ਮਕਸਦਾਂ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖੀਆਂ ਸਨ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਬਾਰੇ ਸਿੱਖਿਆ ਉੱਨਾ ਹੀ ਜ਼ਿਆਦਾ ਅਸੀਂ ਉਸ ਦੀ ਸੇਵਾ ‘ਪੱਕੇ ਮਨ ਅਰ ਚਿੱਤ ਦੇ ਪ੍ਰੇਮ ਨਾਲ’ ਕਰਨੀ ਚਾਹੀ ਸੀ।

ਕਈ ਜੋ ਯਹੋਵਾਹ ਦੇ ਗਵਾਹ ਬਣਦੇ ਹਨ ਆਪਣੀ ਪੂਰੀ ਜ਼ਿੰਦਗੀ ਦੌਰਾਨ ਬੇਹੱਦ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਨ। ਲੇਕਿਨ, ਕੁਝ ਮਸੀਹੀ ਸ਼ੁਰੂ-ਸ਼ੁਰੂ ਵਿਚ ਤਾਂ ਬਹੁਤ ਹੀ ਜੋਸ਼ੀਲੀ ਸੇਵਾ ਕਰਦੇ ਹਨ ਪਰ ਸਮੇਂ ਦੇ ਬੀਤਣ ਨਾਲ ਉਹ ਉਨ੍ਹਾਂ ਮਹੱਤਵਪੂਰਣ ਕਾਰਨਾਂ ਨੂੰ ਭੁੱਲ ਜਾਂਦੇ ਹਨ ਜਿਨ੍ਹਾਂ ਕਰਕੇ ਉਹ ਪਹਿਲਾਂ ਪਰਮੇਸ਼ੁਰ ਦੀ ਸੇਵਾ ਕਰਨ ਲੱਗੇ ਸੀ। ਕੀ ਇਸ ਤਰ੍ਹਾਂ ਤੁਹਾਡੇ ਨਾਲ ਹੋਇਆ ਹੈ? ਜੇਕਰ ਹੋਇਆ ਹੈ ਤਾਂ ਨਿਰਾਸ਼ ਨਾ ਹੋਵੋ। ਖੋਈ ਹੋਈ ਖ਼ੁਸ਼ੀ ਦੁਬਾਰਾ ਹਾਸਲ ਕੀਤੀ ਜਾ ਸਕਦੀ ਹੈ। ਪਰ, ਕਿਸ ਤਰ੍ਹਾਂ?

ਆਪਣੀਆਂ ਬਰਕਤਾਂ ਵੱਲ ਧਿਆਨ ਦਿਓ

ਪਹਿਲਾਂ ਜ਼ਰਾ ਉਨ੍ਹਾਂ ਬਰਕਤਾਂ ਉੱਤੇ ਮਨਨ ਕਰੋ ਜੋ ਪਰਮੇਸ਼ੁਰ ਵੱਲੋਂ ਤੁਹਾਨੂੰ ਹਰ ਰੋਜ਼ ਮਿਲਦੀਆਂ ਹਨ। ਯਹੋਵਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜਿਵੇਂ ਕਿ ਉਸ ਨੇ ਵਧੀਆ ਚੀਜ਼ਾਂ ਸ੍ਰਿਸ਼ਟ ਕੀਤੀਆਂ, ਜੋ ਕਿ ਸਾਰਿਆਂ ਦੇ ਫ਼ਾਇਦੇ ਲਈ ਹਨ ਚਾਹੇ ਉਹ ਅਮੀਰ ਹੋਣ ਜਾਂ ਗ਼ਰੀਬ। ਸਾਡੇ ਖਾਣ-ਪੀਣ ਲਈ ਉਸ ਨੇ ਕੁਦਰਤ ਰਾਹੀਂ ਕਈ ਪ੍ਰਬੰਧ ਕੀਤੇ ਹਨ, ਸਾਨੂੰ ਚੰਗੀ ਸਿਹਤ ਦਿੱਤੀ ਜਿਸ ਦਾ ਅਸੀਂ ਆਨੰਦ ਮਾਣਦੇ ਹਾਂ, ਬਾਈਬਲ ਤੋਂ ਸੱਚਾਈ ਦਾ ਗਿਆਨ ਦਿੱਤਾ, ਅਤੇ ਸਭ ਤੋਂ ਮੁੱਖ ਗੱਲ ਉਸ ਨੇ ਸਾਡੇ ਲਈ ਆਪਣੇ ਪੁੱਤਰ ਦਾ ਬਲੀਦਾਨ ਕੀਤਾ। ਉਸ ਦੀ ਮੌਤ ਨੇ ਸਾਡੇ ਲਈ ਮੁਮਕਿਨ ਬਣਾਇਆ ਹੈ ਕਿ ਅਸੀਂ ਸ਼ੁੱਧ ਜ਼ਮੀਰ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕੀਏ। (ਯੂਹੰਨਾ 3:16; ਯਾਕੂਬ 1:17) ਪਰਮੇਸ਼ੁਰ ਦੀ ਚੰਗਿਆਈ ਉੱਤੇ ਜਿੰਨਾ ਜ਼ਿਆਦਾ ਅਸੀਂ ਮਨਨ ਕਰਾਂਗੇ, ਉੱਨੀ ਹੀ ਜ਼ਿਆਦਾ ਅਸੀਂ ਉਸ ਦੀ ਕਦਰ ਕਰਾਂਗੇ। ਸਾਡੇ ਲਈ ਵਾਕਈ ਉਸ ਨੇ ਬਹੁਤ ਕੁਝ ਕੀਤਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋ ਕੇ ਅਸੀਂ ਉਸ ਦੀ ਸੇਵਾ ਕਰਨ ਲਈ ਪ੍ਰਭਾਵਿਤ ਹੋਵਾਂਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਫਿਰ ਤੋਂ ਉਸੇ ਤਰ੍ਹਾਂ ਮਹਿਸੂਸ ਕਰਨ ਲੱਗ ਪਵੋਗੇ ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਮਹਿਸੂਸ ਕੀਤਾ ਸੀ, ਜਿਸ ਨੇ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! . . . ਓਹ ਲੇਖਿਓਂ ਬਾਹਰ ਹਨ।”—ਜ਼ਬੂਰ 40:5.

ਇਹ ਸ਼ਬਦ ਦਾਊਦ ਨੇ ਲਿਖੇ ਸਨ, ਜਿਸ ਨੂੰ ਜ਼ਿੰਦਗੀ ਵਿਚ ਕਈਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਇਕ ਨੌਜਵਾਨ ਵਜੋਂ, ਦਾਊਦ ਨੇ ਆਪਣਾ ਬਹੁਤਾ ਸਮਾਂ ਰਾਜਾ ਸ਼ਾਊਲ ਅਤੇ ਉਸ ਦੇ ਸਿਪਾਹੀਆਂ ਤੋਂ ਦੌੜਨ ਵਿਚ ਗੁਜ਼ਾਰਿਆ, ਕਿਉਂਕਿ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। (1 ਸਮੂਏਲ 23:7, 8, 19-23) ਦਾਊਦ ਨੂੰ ਆਪਣੀਆਂ ਨਿੱਜੀ ਕਮਜ਼ੋਰੀਆਂ ਉੱਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਪਈ ਸੀ। ਉਸ ਨੇ 40ਵੇਂ ਜ਼ਬੂਰ ਵਿਚ ਇਹ ਸਵੀਕਾਰ ਕੀਤਾ: “ਕਿਉਂ ਜੋ ਅਣਗਿਣਤ ਬੁਰਿਆਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ, ਮੇਰੀਆਂ ਬਦੀਆਂ ਨੇ ਮੈਨੂੰ ਆਣ ਫੜਿਆ ਹੈ, ਅਤੇ ਮੈਂ ਨਿਗਾਹ ਨਹੀਂ ਉਠਾ ਸੱਕਦਾ। ਓਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ।” (ਜ਼ਬੂਰ 40:12) ਜੀ ਹਾਂ, ਦਾਊਦ ਦੀਆਂ ਮੁਸ਼ਕਲਾਂ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਸੀ। ਉਸ ਨੇ ਯਹੋਵਾਹ ਦੀਆਂ ਬਰਕਤਾਂ ਵੱਲ ਧਿਆਨ ਰੱਖਿਆ ਸੀ, ਅਤੇ ਮੁਸ਼ਕਲਾਂ ਦੇ ਬਾਵਜੂਦ ਇਸ ਗੱਲ ਤੋਂ ਤਸੱਲੀ ਪਾਈ ਕਿ ਮੁਸੀਬਤਾਂ ਨਾਲੋਂ ਉਸ ਦੀਆਂ ਬਰਕਤਾਂ ਜ਼ਿਆਦਾ ਸਨ।

ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਨਿੱਜੀ ਸਮੱਸਿਆਵਾਂ ਨੇ ਤੁਹਾਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਜਾਂ ਤੁਸੀਂ ਨਿਕੰਮੇ ਹੋ, ਤਾਂ ਦਾਊਦ ਵਾਂਗ ਜ਼ਰਾ ਆਪਣੀਆਂ ਬਰਕਤਾਂ ਬਾਰੇ ਸੋਚੋ। ਯਕੀਨਨ, ਤੁਸੀਂ ਅਜਿਹੀਆਂ ਬਰਕਤਾਂ ਦੀ ਕਦਰ ਕਾਰਨ ਹੀ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਸੀ; ਅਜਿਹੇ ਖ਼ਿਆਲ ਖੋਈ ਹੋਈ ਖ਼ੁਸ਼ੀ ਨੂੰ ਦੁਬਾਰਾ ਹਾਸਲ ਕਰਨ ਵਿਚ ਅਤੇ ਕਦਰ ਭਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਕਲੀਸਿਯਾਈ ਸਭਾਵਾਂ ਮਦਦ ਕਰ ਸਕਦੀਆਂ ਹਨ

ਯਹੋਵਾਹ ਦੀ ਭਲਾਈ ਉੱਤੇ ਨਿੱਜੀ ਤੌਰ ਤੇ ਮਨਨ ਕਰਨ ਦੇ ਨਾਲ-ਨਾਲ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਆਦਮੀਆਂ, ਔਰਤਾਂ, ਅਤੇ ਬੱਚਿਆਂ ਨਾਲ ਨਿਯਮਿਤ ਤੌਰ ਤੇ ਮਿਲਣਾ-ਗਿਲਨਾ ਜੋ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਨ ਅਤੇ ਜਿਨ੍ਹਾਂ ਨੇ ਉਸ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਬਣਾਇਆ ਹੈ ਸਾਡਾ ਹੌਸਲਾ ਵਧਾਉਂਦਾ ਹੈ। ਉਨ੍ਹਾਂ ਦੀ ਮਿਸਾਲ ਸਾਨੂੰ ਉਤੇਜਿਤ ਕਰ ਸਕਦੀ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ। ਕਿੰਗਡਮ ਹਾਲ ਤੇ ਸਾਡੀ ਹਾਜ਼ਰੀ ਉਨ੍ਹਾਂ ਨੂੰ ਵੀ ਉਤਸ਼ਾਹਿਤ ਕਰ ਸਕਦੀ ਹੈ।

ਇਹ ਗੱਲ ਸੱਚ ਹੈ ਕਿ ਜਦੋਂ ਅਸੀਂ ਪੂਰਾ ਦਿਨ ਕੰਮ ਤੇ ਲਾ ਕੇ ਘਰ ਆਉਂਦੇ ਹਾਂ, ਜਾਂ ਜਦੋਂ ਅਸੀਂ ਕਿਸੇ ਸਮੱਸਿਆ ਜਾਂ ਕਮਜ਼ੋਰੀ ਕਾਰਨ ਨਿਰਾਸ਼ ਹੁੰਦੇ ਹਾਂ, ਤਾਂ ਕਿੰਗਡਮ ਹਾਲ ਤੇ ਸਭਾਵਾਂ ਵਿਚ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਅਜਿਹੇ ਸਮੇਂ ਤੇ, ਸਾਨੂੰ ਆਪਣੇ ਆਪ ਨਾਲ ਸਖ਼ਤ ਹੋਣ ਦੀ ਜ਼ਰੂਰਤ ਹੈ, ਜਿਵੇਂ ਕਿ ‘ਸਰੀਰ ਨੂੰ ਮਾਰ ਕੁੱਟ ਕੇ,’ ਤਾਂਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋਣ ਦੇ ਹੁਕਮ ਦੀ ਪਾਲਣਾ ਕਰਦੇ ਰਹੀਏ।—1 ਕੁਰਿੰਥੀਆਂ 9:26, 27; ਇਬਰਾਨੀਆਂ 10:23-25.

ਜੇਕਰ ਇਸ ਤਰ੍ਹਾਂ ਕਰਨ ਦੀ ਲੋੜ ਪਵੇ, ਤਾਂ ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨਾਲ ਸੱਚਾ ਪਿਆਰ ਨਹੀਂ ਕਰਦੇ? ਬਿਲਕੁਲ ਨਹੀਂ। ਪਿੱਛਲੇ ਜ਼ਮਾਨੇ ਦੇ ਸਿਆਣੇ ਮਸੀਹੀਆਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਵੱਡਾ ਜਤਨ ਕਰਨਾ ਪੈਂਦਾ ਸੀ ਭਾਵੇਂ ਕਿ ਉਹ ਪਰਮੇਸ਼ੁਰ ਨਾਲ ਬਹੁਤ ਪ੍ਰੇਮ ਕਰਦੇ ਸਨ। (ਲੂਕਾ 13:24) ਪੌਲੁਸ ਰਸੂਲ ਅਜਿਹਾ ਇਕ ਵਿਅਕਤੀ ਸੀ। ਉਸ ਨੇ ਆਪਣਿਆਂ ਜਜ਼ਬਾਤਾਂ ਬਾਰੇ ਕਿਹਾ: “ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ। ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।” (ਰੋਮੀਆਂ 7:18, 19) ਅਤੇ ਉਸ ਨੇ ਕੁਰਿੰਥੀ ਮਸੀਹੀਆਂ ਨੂੰ ਦੱਸਿਆ: ‘ਭਾਵੇਂ ਮੈਂ ਖੁਸ਼ ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਅਵੱਸ ਹੈ। ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਹੀ ਭਾਉਣੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਭਾਉਣੀ ਤੋਂ ਬਿਨਾ ਤਾਂ ਮੁਖ਼ਤਿਆਰੀ ਮੈਨੂੰ ਸੌਂਪੀ ਹੋਈ ਹੈ।’—1 ਕੁਰਿੰਥੀਆਂ 9:16, 17.

ਸਾਡੇ ਵਾਂਗ, ਪੌਲੁਸ ਦੇ ਝੁਕਾਉ ਵੀ ਪਾਪੀ ਸਨ ਜੋ ਸਹੀ ਕੰਮ ਕਰਨ ਦੀ ਉਸ ਦੀ ਇੱਛਾ ਵਿਚ ਰੁਕਾਵਟ ਬਣ ਜਾਂਦੇ ਸਨ। ਪਰ, ਉਸ ਨੇ ਇਨ੍ਹਾਂ ਝੁਕਾਵਾਂ ਨਾਲ ਲੜਨ ਵਿਚ ਵੱਡਾ ਜਤਨ ਕੀਤਾ ਅਤੇ ਇਸ ਤਰ੍ਹਾਂ ਕਰਨ ਵਿਚ ਉਹ ਆਮ ਤੌਰ ਤੇ ਕਾਮਯਾਬ ਹੁੰਦਾ ਸੀ। ਨਿਰਸੰਦੇਹ, ਪੌਲੁਸ ਨੇ ਇਹ ਸਭ ਕੁਝ ਆਪਣੇ ਬਲ ਨਾਲ ਨਹੀਂ ਕੀਤਾ ਸੀ। ਉਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13) ਯਹੋਵਾਹ ਨੇ ਪੌਲੁਸ ਨੂੰ ਬਲ ਦਿੱਤਾ ਸੀ ਅਤੇ ਉਹ ਸਾਨੂੰ ਵੀ ਸਹੀ ਕੰਮ ਕਰਨ ਦਾ ਬਲ ਦੇਵੇਗਾ ਜੇਕਰ ਅਸੀਂ ਉਸ ਦੀ ਮਦਦ ਲਈ ਬੇਨਤੀ ਕਰੀਏ। (ਫ਼ਿਲਿੱਪੀਆਂ 4:6, 7) ਤਾਂ ਫਿਰ ‘ਨਿਹਚਾ ਦੇ ਲਈ ਜਤਨ ਕਰੋ’ ਅਤੇ ਯਹੋਵਾਹ ਤੁਹਾਨੂੰ ਬਰਕਤ ਦੇਵੇਗਾ।—ਯਹੂਦਾਹ 3.

ਤੁਹਾਨੂੰ ਇਹ ਜਤਨ ਇਕੱਲੇ ਹੀ ਨਹੀਂ ਕਰਨਾ ਪਵੇਗਾ। ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ, ਸਿਆਣੇ ਮਸੀਹੀ ਬਜ਼ੁਰਗ, ਜੋ ਕਿ ‘ਨਿਹਚਾ ਦੇ ਲਈ ਜਤਨ ਕਰਨ’ ਵਿਚ ਦ੍ਰਿੜ੍ਹ ਰਹਿੰਦੇ ਹਨ, ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਹਨ। ਜੇਕਰ ਤੁਸੀਂ ਕਿਸੇ ਬਜ਼ੁਰਗ ਤੋਂ ਮਦਦ ਮੰਗੋ, ਤਾਂ ਉਹ ਤੁਹਾਨੂੰ ‘ਦਿਲਾਸਾ ਦੇਣ’ ਦੀ ਕੋਸ਼ਿਸ਼ ਕਰੇਗਾ। (1 ਥੱਸਲੁਨੀਕੀਆਂ 5:14) ਉਹ ‘ਪੌਣ ਤੋਂ ਲੁੱਕਣ ਦੇ ਥਾਂ ਜਿਹਾ ਅਤੇ ਵਾਛੜ ਤੋਂ ਓਟ ਜਿਹਾ’ ਹੋਣ ਦੀ ਕੋਸ਼ਿਸ਼ ਕਰੇਗਾ।—ਯਸਾਯਾਹ 32:2.

“ਪਰਮੇਸ਼ੁਰ ਪ੍ਰੇਮ ਹੈ” ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਪ੍ਰੇਮ ਨਾਲ ਉਸ ਦੀ ਸੇਵਾ ਕਰਨ। (1 ਯੂਹੰਨਾ 4:8) ਜੇਕਰ ਤੁਹਾਨੂੰ ਪਰਮੇਸ਼ੁਰ ਲਈ ਆਪਣੇ ਪ੍ਰੇਮ ਨੂੰ ਦੁਬਾਰਾ ਜਗਾਉਣ ਦੀ ਲੋੜ ਹੈ ਤਾਂ ਉੱਪਰ ਦੱਸੇ ਗਏ ਉਚਿਤ ਕਦਮ ਚੁੱਕੋ। ਇਸ ਤਰ੍ਹਾਂ ਕਰ ਕੇ ਤੁਸੀਂ ਸੱਚ-ਮੁੱਚ ਖ਼ੁਸ਼ ਹੋਵੋਗੇ।