Skip to content

Skip to table of contents

ਪਿਆਰ ਨਾਲ ਮਜ਼ਬੂਤ ਹੋਵੋ

ਪਿਆਰ ਨਾਲ ਮਜ਼ਬੂਤ ਹੋਵੋ

ਪਿਆਰ ਨਾਲ ਮਜ਼ਬੂਤ ਹੋਵੋ

“ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।”​—ਮੱਤੀ 22:37.

1. (ੳ) ਮਸੀਹੀ ਆਪਣੇ ਵਿਚ ਕਿਹੜੇ ਕੁਝ ਗੁਣ ਪੈਦਾ ਕਰਦਾ ਹੈ? (ਅ) ਮਸੀਹੀਆਂ ਲਈ ਸਭ ਤੋਂ ਅਹਿਮ ਗੁਣ ਕਿਹੜਾ ਹੈ ਅਤੇ ਇਹ ਗੁਣ ਕਿਉਂ ਸਭ ਤੋਂ ਅਹਿਮ ਗੁਣ ਹੈ?

ਇਕ ਮਸੀਹੀ ਪਰਮੇਸ਼ੁਰ ਦਾ ਚੰਗਾ ਸੇਵਕ ਬਣਨ ਲਈ ਆਪਣੇ ਵਿਚ ਬਹੁਤ ਸਾਰੇ ਗੁਣ ਪੈਦਾ ਕਰਦਾ ਹੈ। ਕਹਾਉਤਾਂ ਦੀ ਕਿਤਾਬ ਵਿਚ ਗਿਆਨ, ਸਮਝ ਅਤੇ ਬੁੱਧ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈ। (ਕਹਾਉਤਾਂ 2:1-10) ਪੌਲੁਸ ਰਸੂਲ ਨੇ ਕਿਹਾ ਸੀ ਕਿ ਇਕ ਮਸੀਹੀ ਦੀ ਆਸ ਅਤੇ ਨਿਹਚਾ ਮਜ਼ਬੂਤ ਹੋਣੀ ਚਾਹੀਦੀ ਹੈ। (ਰੋਮੀਆਂ 1:16, 17; ਕੁਲੁੱਸੀਆਂ 1:5; ਇਬਰਾਨੀਆਂ 10:39) ਧੀਰਜ ਤੇ ਸੰਜਮ ਹੋਣਾ ਵੀ ਬੜਾ ਜ਼ਰੂਰੀ ਹੈ। (ਰਸੂਲਾਂ ਦੇ ਕਰਤੱਬ 24:25; ਇਬਰਾਨੀਆਂ 10:36) ਪਰ ਇਕ ਅਜਿਹਾ ਗੁਣ ਹੈ ਜਿਸ ਤੋਂ ਬਗੈਰ ਇਕ ਮਸੀਹੀ ਦੇ ਇਨ੍ਹਾਂ ਸਾਰੇ ਗੁਣਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਉਹ ਗੁਣ ਹੈ ਪਿਆਰ।—1 ਕੁਰਿੰਥੀਆਂ 13:1-3, 13.

2. ਯਿਸੂ ਨੇ ਪਿਆਰ ਦੀ ਅਹਿਮੀਅਤ ਬਾਰੇ ਕੀ ਕਿਹਾ ਅਤੇ ਇਸ ਨਾਲ ਕਿਹੜੇ ਸਵਾਲ ਪੈਦਾ ਹੁੰਦੇ ਹਨ?

2 ਯਿਸੂ ਨੇ ਪਿਆਰ ਦੀ ਅਹਿਮੀਅਤ ਬਾਰੇ ਕਿਹਾ ਸੀ ਕਿ “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਕਿਉਂ ਜੋ ਪਿਆਰ ਇਕ ਸੱਚੇ ਮਸੀਹੀ ਦੀ ਪਛਾਣ ਹੈ, ਤਾਂ ਸਾਨੂੰ ਆਪਣੇ ਆਪ ਤੋਂ ਕੁਝ ਸਵਾਲ ਪੁੱਛਣੇ ਚਾਹੀਦੇ ਹਨ, ਜਿਵੇਂ, ਪਿਆਰ ਕੀ ਹੈ? ਪਿਆਰ ਦਾ ਗੁਣ ਇੰਨਾ ਅਹਿਮ ਕਿਉਂ ਹੈ ਜਿਸ ਕਰਕੇ ਯਿਸੂ ਨੇ ਕਿਹਾ ਕਿ ਉਸ ਦੇ ਚੇਲੇ ਇਸ ਗੁਣ ਤੋਂ ਪਛਾਣੇ ਜਾਣਗੇ? ਅਸੀਂ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਸਾਨੂੰ ਕਿਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ? ਆਓ ਆਪਾਂ ਇਨ੍ਹਾਂ ਸਵਾਲਾਂ ਉੱਤੇ ਗੌਰ ਕਰੀਏ।

ਪਿਆਰ ਕੀ ਹੈ?

3. ਪਿਆਰ ਕਿਸ ਨੂੰ ਕਿਹਾ ਜਾ ਸਕਦਾ ਹੈ ਅਤੇ ਇਹ ਦਿਲ ਤੇ ਮਨ ਦੋਵਾਂ ਨਾਲ ਕਿਉਂ ਕੀਤਾ ਜਾਂਦਾ ਹੈ?

3 ਪਿਆਰ ਦਾ ਮਤਲਬ ਹੈ ‘ਕਿਸੇ ਨਾਲ ਦਿਲ ਦੀ ਸਾਂਝ ਹੋਣੀ, ਮੋਹ ਹੋਣਾ ਜਾਂ ਕਿਸੇ ਨੂੰ ਚਾਹੁਣਾ।’ ਇਹ ਉਹ ਜਜ਼ਬਾ ਹੈ ਜੋ ਲੋਕਾਂ ਨੂੰ ਦੂਸਰਿਆਂ ਦਾ ਭਲਾ ਕਰਨ ਲਈ ਉਕਸਾਉਂਦਾ ਹੈ। ਇਹ ਇਨਸਾਨ ਨੂੰ ਆਪਣੇ ਪਿਆਰਿਆਂ ਲਈ ਕੁਰਬਾਨੀਆਂ ਕਰਨ ਵਾਸਤੇ ਵੀ ਪ੍ਰੇਰਦਾ ਹੈ। ਬਾਈਬਲ ਜਿਸ ਪਿਆਰ ਦੀ ਗੱਲ ਕਰਦੀ ਹੈ, ਇਹ ਦਿਲ ਤੇ ਦਿਮਾਗ਼ ਦੋਵਾਂ ਨਾਲ ਕੀਤਾ ਜਾਂਦਾ ਹੈ। ਜਿਹੜਾ ਵਿਅਕਤੀ ਦਿਮਾਗ਼ ਜਾਂ ਸਮਝ ਵਰਤ ਕੇ ਪਿਆਰ ਕਰਦਾ ਹੈ ਉਹ ਇਹ ਦੇਖ ਸਕਦਾ ਹੈ ਕਿ ਉਸ ਵਿਚ ਅਤੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ, ਸਾਰਿਆਂ ਵਿਚ ਖਾਮੀਆਂ ਤੇ ਖੂਬੀਆਂ ਦੋਵੇਂ ਹੀ ਹੁੰਦੀਆਂ ਹਨ। ਮਸੀਹੀ ਉਦੋਂ ਵੀ ਪਿਆਰ ਕਰਨ ਵਿਚ ਆਪਣਾ ਦਿਮਾਗ਼ ਜਾਂ ਸਮਝ ਵਰਤਦਾ ਹੈ ਜਦੋਂ ਉਹ ਉਨ੍ਹਾਂ ਲੋਕਾਂ ਨਾਲ ਪਿਆਰ ਕਰਦਾ ਹੈ ਜਿਨ੍ਹਾਂ ਨਾਲ ਉਸ ਦਾ ਮੋਹ ਨਹੀਂ ਹੁੰਦਾ ਕਿਉਂਕਿ ਬਾਈਬਲ ਵਿੱਚੋਂ ਉਹ ਸਿੱਖਦਾ ਹੈ ਕਿ ਪਰਮੇਸ਼ੁਰ ਉਸ ਤੋਂ ਇਹ ਉਮੀਦ ਰੱਖਦਾ ਹੈ। (ਮੱਤੀ 5:44; 1 ਕੁਰਿੰਥੀਆਂ 16:14) ਪਰ ਮੁੱਖ ਤੌਰ ਤੇ ਪਿਆਰ ਦਿਲੋਂ ਹੀ ਕੀਤਾ ਜਾਂਦਾ ਹੈ। ਜਿਵੇਂ ਬਾਈਬਲ ਦੱਸਦੀ ਹੈ, ਸੱਚਾ ਪਿਆਰ ਸਿਰਫ਼ ਦਿਮਾਗ਼ ਨਾਲ ਹੀ ਨਹੀਂ ਕੀਤਾ ਜਾਂਦਾ। ਸੱਚੇ ਪਿਆਰ ਵਿਚ ਕੋਈ ਛਲ-ਫਰੇਬ ਨਹੀਂ ਹੁੰਦਾ, ਪਰ ਆਪਸ ਵਿਚ ਜਜ਼ਬਾਤਾਂ ਦੀ ਪੂਰੀ-ਪੂਰੀ ਸਾਂਝ ਹੁੰਦੀ ਹੈ।—1 ਪਤਰਸ 1:22.

4. ਪਿਆਰ ਕਿਵੇਂ ਇਕ ਮਜ਼ਬੂਤ ਬੰਧਨ ਹੈ?

4 ਜਿਹੜੇ ਲੋਕ ਖ਼ੁਦਗਰਜ਼ ਹੁੰਦੇ ਹਨ, ਉਹ ਕਦੀ ਵੀ ਦੂਸਰਿਆਂ ਨਾਲ ਨਿੱਘਾ ਤੇ ਪਿਆਰ ਭਰਿਆ ਰਿਸ਼ਤਾ ਨਹੀਂ ਬਣਾ ਸਕਦੇ ਕਿਉਂਕਿ ਪਿਆਰ ਕਰਨ ਵਾਲਾ ਇਨਸਾਨ ਪਹਿਲਾਂ ਦੂਜਿਆਂ ਦਾ ਭਲਾ ਸੋਚਦਾ ਹੈ, ਆਪਣਾ ਬਾਅਦ ਵਿਚ। (ਫ਼ਿਲਿੱਪੀਆਂ 2:2-4) ਯਿਸੂ ਦੇ ਇਹ ਸ਼ਬਦ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ” ਉਦੋਂ ਜ਼ਿਆਦਾ ਸੱਚੇ ਸਾਬਤ ਹੁੰਦੇ ਹਨ ਜਦੋਂ ਅਸੀਂ ਦੂਜਿਆਂ ਨੂੰ ਦੇਣ ਦੁਆਰਾ ਆਪਣਾ ਪਿਆਰ ਦਿਖਾਉਂਦੇ ਹਾਂ। (ਰਸੂਲਾਂ ਦੇ ਕਰਤੱਬ 20:35) ਪਿਆਰ ਇਕ ਮਜ਼ਬੂਤ ਬੰਧਨ ਹੈ। (ਕੁਲੁੱਸੀਆਂ 3:14) ਪਿਆਰ ਵਿਚ ਦੋਸਤੀ ਵੀ ਸ਼ਾਮਲ ਹੈ, ਪਰ ਪਿਆਰ ਦੀਆਂ ਗੰਢਾਂ ਦੋਸਤੀ ਦੀਆਂ ਗੰਢਾਂ ਨਾਲੋਂ ਜ਼ਿਆਦਾ ਪੀਡੀਆਂ ਹੁੰਦੀਆਂ ਹਨ। ਪਤੀ-ਪਤਨੀ ਦੇ ਰੁਮਾਂਟਿਕ ਰਿਸ਼ਤੇ ਨੂੰ ਵੀ ਕਦੀ-ਕਦੀ ਪਿਆਰ ਕਿਹਾ ਜਾਂਦਾ ਹੈ; ਪਰ ਬਾਈਬਲ ਸਾਨੂੰ ਆਪਣੇ ਵਿਚ ਜਿਹੜਾ ਪਿਆਰ ਪੈਦਾ ਕਰਨ ਲਈ ਕਹਿੰਦੀ ਹੈ ਉਹ ਬਾਹਰੀ ਰੂਪ ਦੇਖ ਕੇ ਕੀਤੇ ਜਾਣ ਵਾਲੇ ਪਿਆਰ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ। ਜੇ ਪਤੀ-ਪਤਨੀ ਇਕ ਦੂਜੇ ਨਾਲ ਸੱਚਾ ਪਿਆਰ ਕਰਦੇ ਹਨ, ਤਾਂ ਉਹ ਹਮੇਸ਼ਾ ਇਕੱਠੇ ਰਹਿੰਦੇ ਹਨ ਭਾਵੇਂ ਬੁੱਢੇ ਹੋ ਜਾਣ ਕਰਕੇ ਜਾਂ ਸਰੀਰਕ ਕਮਜ਼ੋਰੀਆਂ ਕਰਕੇ ਜਿਨਸੀ ਸੰਬੰਧ ਕਾਇਮ ਕਰਨਾ ਮੁਮਕਿਨ ਨਹੀਂ ਹੁੰਦਾ।

ਪਿਆਰ—ਇਕ ਜ਼ਰੂਰੀ ਗੁਣ

5. ਮਸੀਹੀਆਂ ਵਿਚ ਪਿਆਰ ਦਾ ਗੁਣ ਹੋਣਾ ਕਿਉਂ ਜ਼ਰੂਰੀ ਹੈ?

5 ਮਸੀਹੀਆਂ ਵਿਚ ਪਿਆਰ ਦਾ ਗੁਣ ਹੋਣਾ ਕਿਉਂ ਜ਼ਰੂਰੀ ਹੈ? ਇਸ ਦਾ ਪਹਿਲਾ ਕਾਰਨ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਇਕ ਦੂਜੇ ਨਾਲ ਪਿਆਰ ਕਰਨ। ਉਸ ਨੇ ਕਿਹਾ ਸੀ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ। ਮੈਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਇਸ ਲਈ ਹੁਕਮ ਕਰਦਾ ਹਾਂ ਜੋ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ।” (ਯੂਹੰਨਾ 15:14, 17) ਇਸ ਦਾ ਦੂਸਰਾ ਕਾਰਨ ਇਹ ਹੈ ਕਿ ਯਹੋਵਾਹ ਦਾ ਮੁੱਖ ਗੁਣ ਪਿਆਰ ਹੈ, ਇਸ ਲਈ ਉਸ ਦੇ ਉਪਾਸਕ ਹੋਣ ਕਰਕੇ ਸਾਨੂੰ ਉਸ ਦੀ ਨਕਲ ਕਰਨੀ ਚਾਹੀਦੀ ਹੈ। (ਅਫ਼ਸੀਆਂ 5:1; 1 ਯੂਹੰਨਾ 4:16) ਬਾਈਬਲ ਕਹਿੰਦੀ ਹੈ ਕਿ ਯਹੋਵਾਹ ਤੇ ਯਿਸੂ ਬਾਰੇ ਗਿਆਨ ਲੈਣ ਨਾਲ ਅਨੰਤ ਜ਼ਿੰਦਗੀ ਮਿਲੇਗੀ। ਜੇ ਅਸੀਂ ਪਰਮੇਸ਼ੁਰ ਵਰਗੇ ਬਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ? ਯੂਹੰਨਾ ਰਸੂਲ ਨੇ ਇਵੇਂ ਸਮਝਾਇਆ ਕਿ “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।”—1 ਯੂਹੰਨਾ 4:8.

6. ਪਿਆਰ ਸਾਡੀ ਜ਼ਿੰਦਗੀ ਦੇ ਵੱਖੋ-ਵੱਖਰੇ ਪਹਿਲੂਆਂ ਵਿਚਕਾਰ ਸੰਤੁਲਨ ਰੱਖਣ ਵਿਚ ਕਿਵੇਂ ਮਦਦ ਕਰਦਾ ਹੈ?

6 ਇਸ ਦਾ ਤੀਸਰਾ ਕਾਰਨ ਹੈ ਕਿ ਇਹ ਸਾਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਵਿਚਕਾਰ ਸੰਤੁਲਨ ਰੱਖਣ ਵਿਚ ਮਦਦ ਕਰਦਾ ਹੈ ਅਤੇ ਅਸੀਂ ਜੋ ਵੀ ਕਰਦੇ ਹਾਂ, ਉਸ ਨੂੰ ਨੇਕ ਇਰਾਦੇ ਨਾਲ ਕਰਨ ਵਿਚ ਵੀ ਸਾਨੂੰ ਮਦਦ ਦਿੰਦਾ ਹੈ। ਉਦਾਹਰਣ ਲਈ, ਪਰਮੇਸ਼ੁਰ ਦੇ ਬਚਨ ਦਾ ਗਿਆਨ ਲਗਾਤਾਰ ਲੈਣਾ ਜ਼ਰੂਰੀ ਹੈ। ਹਰ ਮਸੀਹੀ ਲਈ ਇਹ ਗਿਆਨ ਭੋਜਨ ਵਾਂਗ ਹੈ। ਇਹ ਅਧਿਆਤਮਿਕ ਭੋਜਨ ਸਾਡੀ ਸਿਆਣੇ ਮਸੀਹੀ ਬਣਨ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਮਦਦ ਕਰਦਾ ਹੈ। (ਜ਼ਬੂਰ 119:105; ਮੱਤੀ 4:4; 2 ਤਿਮੋਥਿਉਸ 3:15, 16) ਪਰ ਪੌਲੁਸ ਨੇ ਚੇਤਾਵਨੀ ਦਿੱਤੀ: “‘ਗਿਆਨ’ ਆਦਮੀ ਨੂੰ ਹੰਕਾਰੀ ਬਣਾ ਦਿੰਦਾ ਹੈ, ਪਰ ਪਿਆਰ ਉਸਾਰੀ ਕਰਦਾ ਹੈ।” (1 ਕੁਰਿੰਥੀਆਂ 8:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਹੀ ਗਿਆਨ ਵਿਚ ਕੋਈ ਬੁਰਾਈ ਨਹੀਂ ਹੈ। ਬੁਰਾਈ ਸਾਡੇ ਵਿਚ ਹੈ। ਸਾਡੇ ਅੰਦਰ ਕਈ ਬੁਰੇ ਝੁਕਾਅ ਹਨ। (ਉਤਪਤ 8:21) ਜੇ ਇਕ ਮਸੀਹੀ ਵਿਚ ਪਿਆਰ ਦਾ ਗੁਣ ਨਹੀਂ ਹੈ, ਤਾਂ ਉਹ ਘਮੰਡੀ ਬਣ ਸਕਦਾ ਹੈ ਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝ ਸਕਦਾ ਹੈ। ਪਰ ਜੇ ਉਹ ਪਿਆਰ ਕਰਦਾ ਹੈ, ਤਾਂ ਉਹ ਘਮੰਡ ਨਹੀਂ ਕਰੇਗਾ। “ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ।” (1 ਕੁਰਿੰਥੀਆਂ 13:4) ਇਕ ਪਿਆਰ ਕਰਨ ਵਾਲਾ ਮਸੀਹੀ ਘਮੰਡੀ ਨਹੀਂ ਬਣਦਾ ਭਾਵੇਂ ਉਹ ਕਿੰਨਾ ਵੀ ਡੂੰਘਾ ਗਿਆਨ ਹਾਸਲ ਕਿਉਂ ਨਾ ਕਰ ਲਵੇ। ਪਿਆਰ ਉਸ ਦੀ ਨਮਰ ਰਹਿਣ ਵਿਚ ਮਦਦ ਕਰਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਣ ਬਾਰੇ ਸੋਚਦਾ ਵੀ ਨਹੀਂ।—ਜ਼ਬੂਰ 138:6; ਯਾਕੂਬ 4:6.

7, 8. ਪਿਆਰ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ?

7 ਪੌਲੁਸ ਨੇ ਫ਼ਿਲਿੱਪੀਆਂ ਨੂੰ ਲਿਖਿਆ ਸੀ: “ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ। ਭਈ ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ।” (ਫ਼ਿਲਿੱਪੀਆਂ 1:9, 10) ਮਸੀਹੀ ਪਿਆਰ ਚੰਗ ਚੰਗੇਰੀਆਂ ਜਾਂ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ ਵਿਚ ਸਾਡੀ ਮਦਦ ਕਰਦਾ ਹੈ। ਉਦਾਹਰਣ ਲਈ, ਤਿਮੋਥਿਉਸ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਉੱਤੇ ਵਿਚਾਰ ਕਰੋ: “ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।” (1 ਤਿਮੋਥਿਉਸ 3:1) ਪੂਰੀ ਦੁਨੀਆਂ ਵਿਚ 2000 ਸੇਵਾ ਸਾਲ ਦੌਰਾਨ 1,502 ਨਵੀਆਂ ਕਲੀਸਿਯਾਵਾਂ ਬਣੀਆਂ ਜਿਸ ਨਾਲ ਇਨ੍ਹਾਂ ਦੀ ਕੁਲ ਗਿਣਤੀ 91,487 ਹੋ ਗਈ ਹੈ। ਇਸ ਲਈ ਜ਼ਿਆਦਾ ਬਜ਼ੁਰਗਾਂ ਦੀ ਬਹੁਤ ਲੋੜ ਹੈ। ਜਿਹੜੇ ਭਰਾ ਇਸ ਵਿਸ਼ੇਸ਼-ਸਨਮਾਨ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਹਨ, ਉਨ੍ਹਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।

8 ਪਰ ਨਿਗਾਹਬਾਨ ਬਣਨ ਦੀ ਕੋਸ਼ਿਸ਼ ਕਰਨ ਵਾਲੇ ਭਰਾ ਜੇ ਇਸ ਜ਼ਿੰਮੇਵਾਰੀ ਦੇ ਮਕਸਦ ਨੂੰ ਧਿਆਨ ਵਿਚ ਰੱਖਣ, ਤਾਂ ਉਹ ਚੰਗਾ ਸੰਤੁਲਨ ਕਾਇਮ ਰੱਖਣਗੇ। ਕੋਈ ਉੱਚੀ ਪਦਵੀ ਹੋਣੀ ਜਾਂ ਮਸ਼ਹੂਰ ਹੋਣਾ ਜ਼ਿਆਦਾ ਜ਼ਰੂਰੀ ਨਹੀਂ ਹੈ। ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਬਜ਼ੁਰਗ ਪਰਮੇਸ਼ੁਰ ਨਾਲ ਤੇ ਆਪਣੇ ਭਰਾਵਾਂ ਨਾਲ ਪਿਆਰ ਕਰਦੇ ਹਨ। ਉਹ ਮਸ਼ਹੂਰ ਹੋਣ ਜਾਂ ਦੂਸਰਿਆਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਪਤਰਸ ਰਸੂਲ ਨੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਚੰਗਾ ਰਵੱਈਆ ਰੱਖਣ ਦੀ ਸਲਾਹ ਦੇਣ ਤੋਂ ਬਾਅਦ ਹਮੇਸ਼ਾ “ਮਨ ਦੀ ਹਲੀਮੀ” ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਸ ਨੇ ਕਲੀਸਿਯਾ ਵਿਚ ਸਾਰਿਆਂ ਨੂੰ ਸਲਾਹ ਦਿੱਤੀ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ।” (1 ਪਤਰਸ 5:1-6) ਜਿਹੜਾ ਵੀ ਭਰਾ ਬਜ਼ੁਰਗ ਬਣਨ ਲਈ ਮਿਹਨਤ ਕਰਦਾ ਹੈ, ਉਸ ਨੂੰ ਦੁਨੀਆਂ ਭਰ ਵਿਚ ਅਣਗਿਣਤ ਬਜ਼ੁਰਗਾਂ ਦੀ ਮਿਸਾਲ ਉੱਤੇ ਗੌਰ ਕਰਨਾ ਚਾਹੀਦਾ ਹੈ ਜਿਹੜੇ ਮਿਹਨਤੀ ਤੇ ਨਿਮਰ ਹਨ ਅਤੇ ਆਪਣੀਆਂ ਕਲੀਸਿਯਾਵਾਂ ਲਈ ਇਕ ਬਰਕਤ ਹਨ।—ਇਬਰਾਨੀਆਂ 13:7.

ਨੇਕ ਇਰਾਦੇ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੇ ਹਨ

9. ਯਹੋਵਾਹ ਨੇ ਜਿਹੜੀਆਂ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ, ਉਸ ਨੂੰ ਮਸੀਹੀ ਕਿਉਂ ਹਮੇਸ਼ਾ ਯਾਦ ਰੱਖਦੇ ਹਨ?

9 ਪਿਆਰ ਦੀ ਅਹਿਮੀਅਤ ਇਕ ਹੋਰ ਤਰੀਕੇ ਨਾਲ ਵੀ ਦੇਖੀ ਜਾ ਸਕਦੀ ਹੈ। ਬਾਈਬਲ ਵਾਅਦਾ ਕਰਦੀ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਨ ਕਰਕੇ ਉਸ ਦੀ ਭਗਤੀ ਕਰਦੇ ਹਨ, ਉਨ੍ਹਾਂ ਨੂੰ ਹੁਣ ਅਤੇ ਭਵਿੱਖ ਵਿਚ ਭਰਪੂਰ ਬਰਕਤਾਂ ਮਿਲਣਗੀਆਂ। (1 ਤਿਮੋਥਿਉਸ 4:8) ਜਿਹੜਾ ਮਸੀਹੀ ਇਨ੍ਹਾਂ ਵਾਅਦਿਆਂ ਵਿਚ ਪੂਰਾ ਵਿਸ਼ਵਾਸ ਕਰਦਾ ਹੈ ਅਤੇ ਜਿਸ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ “ਆਪਣਿਆ ਤਾਲਿਬਾਂ ਦਾ ਫਲ-ਦਾਤਾ ਹੈ,” ਉਸ ਦੀ ਨਿਹਚਾ ਹਮੇਸ਼ਾ ਮਜ਼ਬੂਤ ਰਹੇਗੀ। (ਇਬਰਾਨੀਆਂ 11:6) ਅਸੀਂ ਸਾਰੇ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣ ਅਤੇ ਯੂਹੰਨਾ ਰਸੂਲ ਵਾਂਗ ਕਹਿੰਦੇ ਹਾਂ: “ਆਮੀਨ। ਹੇ ਪ੍ਰਭੁ ਯਿਸੂ, ਆਓ!” (ਪਰਕਾਸ਼ ਦੀ ਪੋਥੀ 22:20) ਜੇ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਭਵਿੱਖ ਵਿਚ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਇਨ੍ਹਾਂ ਬਰਕਤਾਂ ਉੱਤੇ ਮਨਨ ਕਰਨ ਨਾਲ ਸਾਨੂੰ ਧੀਰਜ ਰੱਖਣ ਵਿਚ ਮਦਦ ਮਿਲੇਗੀ, ਠੀਕ ਜਿਵੇਂ ਯਿਸੂ ਨੇ “ਉਸ ਅਨੰਦ” ਨੂੰ ਹਮੇਸ਼ਾ ਧਿਆਨ ਵਿਚ ਰੱਖਿਆ “ਜੋ ਉਹ ਦੇ ਅੱਗੇ ਧਰਿਆ ਹੋਇਆ ਸੀ,” ਜਿਸ ਤੋਂ ਉਸ ਨੂੰ ਅੰਤ ਤਕ ਆਪਣੀ ਖਰਿਆਈ ਬਣਾਈ ਰੱਖਣ ਵਿਚ ਮਦਦ ਮਿਲੀ।—ਇਬਰਾਨੀਆਂ 12:1, 2.

10, 11. ਪਿਆਰ ਕਿਵੇਂ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ?

10 ਪਰ ਜੇ ਅਸੀਂ ਨਵੀਂ ਦੁਨੀਆਂ ਵਿਚ ਰਹਿਣ ਦੇ ਇਰਾਦੇ ਨਾਲ ਹੀ ਯਹੋਵਾਹ ਦੀ ਉਪਾਸਨਾ ਕਰਦੇ ਹਾਂ, ਤਾਂ ਕੀ ਹੋ ਸਕਦਾ ਹੈ? ਅਸੀਂ ਜਲਦੀ ਹੀ ਬੇਸਬਰੇ ਜਾਂ ਨਿਰਾਸ਼ ਹੋ ਸਕਦੇ ਹਾਂ ਜਦੋਂ ਸਮੱਸਿਆਵਾਂ ਪੈਦਾ ਹੋਣਗੀਆਂ ਜਾਂ ਸਾਡੀ ਇੱਛਾ ਅਨੁਸਾਰ ਸਾਡੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ। ਅਸੀਂ ਪਰਮੇਸ਼ੁਰ ਤੋਂ ਦੂਰ ਹੋ ਸਕਦੇ ਹਾਂ। (ਇਬਰਾਨੀਆਂ 2:1; 3:12) ਪੌਲੁਸ ਨੇ ਆਪਣੇ ਇਕ ਪੁਰਾਣੇ ਸਾਥੀ ਦੇਮਾਸ ਬਾਰੇ ਦੱਸਿਆ ਜਿਸ ਨੇ ਉਸ ਨੂੰ ਛੱਡ ਦਿੱਤਾ ਸੀ। ਕਿਉਂ? ਕਿਉਂਕਿ ਉਸ ਨੇ “ਇਸ ਵਰਤਮਾਨ ਜੁੱਗ ਨਾਲ ਮੋਹ” ਲਾ ਲਿਆ ਸੀ। (2 ਤਿਮੋਥਿਉਸ 4:10) ਕੋਈ ਵੀ ਵਿਅਕਤੀ ਜੋ ਅਜਿਹੇ ਸੁਆਰਥੀ ਕਾਰਨਾਂ ਕਰਕੇ ਯਹੋਵਾਹ ਦੀ ਉਪਾਸਨਾ ਕਰਦਾ ਹੈ, ਉਸ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਉਹ ਸੰਸਾਰ ਵਿਚ ਤਰੱਕੀ ਕਰਨ ਦੇ ਸੁਨਹਿਰੇ ਮੌਕਿਆਂ ਵੱਲ ਖਿੱਚਿਆ ਜਾ ਸਕਦਾ ਹੈ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਪ੍ਰਾਪਤ ਕਰਨ ਲਈ ਹੁਣ ਕੁਰਬਾਨੀਆਂ ਕਰਨ ਲਈ ਤਿਆਰ ਨਹੀਂ ਹੋਵੇਗਾ।

11 ਬਰਕਤਾਂ ਪ੍ਰਾਪਤ ਕਰਨ ਅਤੇ ਅਜ਼ਮਾਇਸ਼ਾਂ ਤੋਂ ਛੁਟਕਾਰਾ ਪਾਉਣ ਦੀ ਉਮੀਦ ਰੱਖਣੀ ਠੀਕ ਅਤੇ ਕੁਦਰਤੀ ਗੱਲ ਹੈ, ਪਰ ਪਿਆਰ ਸਾਡੀ ਇਹ ਨਿਸ਼ਚਿਤ ਕਰਨ ਵਿਚ ਮਦਦ ਕਰਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦੇਣੀ ਚਾਹੀਦੀ ਹੈ। ਯਹੋਵਾਹ ਦੀ ਇੱਛਾ ਪੂਰੀ ਕਰਨੀ ਜ਼ਿਆਦਾ ਜ਼ਰੂਰੀ ਹੈ, ਨਾ ਕਿ ਸਾਡੀ ਆਪਣੀ ਇੱਛਾ। (ਲੂਕਾ 22:41, 42) ਜੀ ਹਾਂ, ਪਿਆਰ ਸਾਨੂੰ ਮਜ਼ਬੂਤ ਬਣਾਉਂਦਾ ਹੈ। ਇਹ ਧੀਰਜ ਨਾਲ ਪਰਮੇਸ਼ੁਰ ਦੀ ਉਡੀਕ ਕਰਨ ਵਿਚ ਸਾਡੀ ਮਦਦ ਕਰਦਾ ਹੈ। ਤੇ ਪਿਆਰ ਸਾਡੀ ਮਦਦ ਕਰਦਾ ਹੈ ਕਿ ਪਰਮੇਸ਼ੁਰ ਅੱਜ ਸਾਨੂੰ ਜਿਹੜੀਆਂ ਵੀ ਬਰਕਤਾਂ ਦਿੰਦਾ ਹੈ, ਉਨ੍ਹਾਂ ਨਾਲ ਅਸੀਂ ਸੰਤੁਸ਼ਟ ਰਹੀਏ ਅਤੇ ਇਹ ਭਰੋਸਾ ਰੱਖੀਏ ਕਿ ਸਾਨੂੰ ਉਹ ਸਾਰੀਆਂ ਚੀਜ਼ਾਂ ਜ਼ਰੂਰ ਮਿਲਣਗੀਆਂ ਜੋ ਉਸ ਨੇ ਦੇਣ ਦਾ ਵਾਅਦਾ ਕੀਤਾ ਹੈ। (ਜ਼ਬੂਰ 145:16; 2 ਕੁਰਿੰਥੀਆਂ 12:8, 9) ਇਸ ਦੇ ਨਾਲ-ਨਾਲ ਪਿਆਰ ਸਾਡੀ ਮਦਦ ਕਰਦਾ ਹੈ ਕਿ ਅਸੀਂ ਬਿਨਾਂ ਕਿਸੇ ਸੁਆਰਥ ਦੇ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ ਕਿਉਂਕਿ “ਪ੍ਰੇਮ . . . ਆਪ ਸੁਆਰਥੀ ਨਹੀਂ।”—1 ਕੁਰਿੰਥੀਆਂ 13:4, 5.

ਮਸੀਹੀਆਂ ਨੂੰ ਕਿਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ?

12. ਯਿਸੂ ਨੇ ਸਾਨੂੰ ਕਿਨ੍ਹਾਂ ਨਾਲ ਪਿਆਰ ਕਰਨ ਲਈ ਕਿਹਾ?

12 ਯਿਸੂ ਨੇ ਮੂਸਾ ਦੀ ਬਿਵਸਥਾ ਵਿਚ ਲਿਖੀਆਂ ਦੋ ਗੱਲਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸਾਨੂੰ ਕਿਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਉਸ ਨੇ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ,” ਅਤੇ “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”—ਮੱਤੀ 22:37-39.

13. ਚਾਹੇ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਪਰ ਅਸੀਂ ਉਸ ਨੂੰ ਕਿਵੇਂ ਪਿਆਰ ਕਰ ਸਕਦੇ ਹਾਂ?

13 ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਸਾਨੂੰ ਸਭ ਤੋਂ ਪਹਿਲਾਂ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ। ਪਰ ਅਸੀਂ ਜਨਮ ਤੋਂ ਹੀ ਯਹੋਵਾਹ ਨਾਲ ਪਿਆਰ ਨਹੀਂ ਕਰਨ ਲੱਗ ਪੈਂਦੇ। ਇਹ ਪਿਆਰ ਸਾਨੂੰ ਆਪਣੇ ਵਿਚ ਪੈਦਾ ਕਰਨਾ ਪੈਂਦਾ ਹੈ। ਜਦੋਂ ਅਸੀਂ ਪਹਿਲੀ ਵਾਰ ਉਸ ਬਾਰੇ ਸੁਣਿਆ ਅਤੇ ਜੋ ਕੁਝ ਉਸ ਬਾਰੇ ਸਿੱਖਿਆ, ਉਸ ਤੋਂ ਅਸੀਂ ਉਸ ਵੱਲ ਖਿੱਚੇ ਗਏ। ਥੋੜ੍ਹਾ-ਥੋੜ੍ਹਾ ਕਰ ਕੇ ਅਸੀਂ ਸਿੱਖਿਆ ਕਿ ਉਸ ਨੇ ਧਰਤੀ ਇਨਸਾਨ ਦੇ ਰਹਿਣ ਲਈ ਬਣਾਈ ਸੀ। (ਉਤਪਤ 2:5-23) ਅਸੀਂ ਸਿੱਖਿਆ ਕਿ ਉਹ ਇਨਸਾਨਜਾਤੀ ਨਾਲ ਕਿੱਦਾਂ ਪੇਸ਼ ਆਇਆ ਅਤੇ ਜਦੋਂ ਇਨਸਾਨ ਨੇ ਪਹਿਲੀ ਵਾਰ ਪਾਪ ਕੀਤਾ ਸੀ, ਤਾਂ ਉਸ ਨੇ ਸਾਨੂੰ ਤਿਆਗ ਨਹੀਂ ਦਿੱਤਾ ਸਗੋਂ ਸਾਡੇ ਛੁਟਕਾਰੇ ਦਾ ਪ੍ਰਬੰਧ ਕੀਤਾ। (ਉਤਪਤ 3:1-5, 15) ਉਹ ਉਨ੍ਹਾਂ ਵਿਅਕਤੀਆਂ ਨਾਲ ਬੜੇ ਹੀ ਪਿਆਰ ਨਾਲ ਪੇਸ਼ ਆਇਆ ਜਿਹੜੇ ਉਸ ਪ੍ਰਤੀ ਵਫ਼ਾਦਾਰ ਸਨ ਅਤੇ ਅਖ਼ੀਰ ਉਸ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣੇ ਇੱਕੋ-ਇਕ ਪੁੱਤਰ ਦੀ ਕੁਰਬਾਨੀ ਦਿੱਤੀ। (ਯੂਹੰਨਾ 3:16, 36) ਅਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਗਿਆਨ ਲਿਆ ਹੈ, ਉਸ ਨਾਲ ਸਾਡੇ ਦਿਲਾਂ ਵਿਚ ਯਹੋਵਾਹ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਵਧੀ ਹੈ। (ਯਸਾਯਾਹ 25:1) ਰਾਜਾ ਦਾਊਦ ਨੇ ਕਿਹਾ ਸੀ ਕਿ ਉਸ ਨੇ ਯਹੋਵਾਹ ਨਾਲ ਪਿਆਰ ਕੀਤਾ ਕਿਉਂਕਿ ਯਹੋਵਾਹ ਨੇ ਉਸ ਦੀ ਪਿਆਰ ਨਾਲ ਦੇਖਭਾਲ ਕੀਤੀ ਸੀ। (ਜ਼ਬੂਰ 116:1-9) ਅੱਜ ਯਹੋਵਾਹ ਸਾਡੀ ਵੀ ਦੇਖਭਾਲ ਕਰਦਾ ਹੈ, ਸਾਨੂੰ ਵੀ ਸਹੀ ਰਾਹ ਦਿਖਾਉਂਦਾ ਹੈ, ਤਾਕਤ ਅਤੇ ਹੌਸਲਾ ਦਿੰਦਾ ਹੈ। ਅਸੀਂ ਉਸ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਅਸੀਂ ਉਸ ਨਾਲ ਉੱਨਾ ਹੀ ਜ਼ਿਆਦਾ ਪਿਆਰ ਕਰਾਂਗੇ।—ਜ਼ਬੂਰ 31:23; ਸਫ਼ਨਯਾਹ 3:17; ਰੋਮੀਆਂ 8:28.

ਅਸੀਂ ਪਿਆਰ ਕਿਵੇਂ ਦਿਖਾ ਸਕਦੇ ਹਾਂ?

14. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦੇ ਹਾਂ?

14 ਦੁਨੀਆਂ ਵਿਚ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਪਰ ਉਨ੍ਹਾਂ ਦੇ ਕੰਮਾਂ ਤੋਂ ਇਹ ਜ਼ਾਹਰ ਨਹੀਂ ਹੁੰਦਾ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ? ਅਸੀਂ ਪ੍ਰਾਰਥਨਾ ਵਿਚ ਉਸ ਨਾਲ ਗੱਲ ਕਰ ਸਕਦੇ ਹਾਂ ਤੇ ਉਸ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸ ਸਕਦੇ ਹਾਂ। ਅਸੀਂ ਉਹ ਕੰਮ ਕਰ ਸਕਦੇ ਹਾਂ ਜਿਨ੍ਹਾਂ ਤੋਂ ਸਾਡਾ ਪਿਆਰ ਜ਼ਾਹਰ ਹੁੰਦਾ ਹੈ। ਯੂਹੰਨਾ ਰਸੂਲ ਨੇ ਕਿਹਾ ਸੀ: “ਜੇ ਕੋਈ [ਪਰਮੇਸ਼ੁਰ] ਦੇ ਬਚਨ ਦੀ ਪਾਲਨਾ ਕਰਦਾ ਹੋਵੇ ਓਸ ਵਿੱਚ ਪਰਮੇਸ਼ੁਰ ਦਾ ਪ੍ਰੇਮ ਸੱਚੀਂ ਮੁੱਚੀਂ ਸੰਪੂਰਨ ਕੀਤਾ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ।” (1 ਯੂਹੰਨਾ 2:5; 5:3) ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ ਕਿ ਅਸੀਂ ਇਕੱਠੇ ਹੁੰਦੇ ਰਹੀਏ ਤੇ ਸਾਫ਼-ਸੁਥਰੀ ਜ਼ਿੰਦਗੀ ਜੀਏ। ਅਸੀਂ ਛਲ-ਫਰੇਬ ਕਰਨ ਤੋਂ ਦੂਰ ਰਹੀਏ, ਸੱਚ ਬੋਲੀਏ ਅਤੇ ਆਪਣੇ ਸੋਚ-ਵਿਚਾਰ ਸ਼ੁੱਧ ਰੱਖੀਏ। (2 ਕੁਰਿੰਥੀਆਂ 7:1; ਅਫ਼ਸੀਆਂ 4:15; 1 ਤਿਮੋਥਿਉਸ 1:5; ਇਬਰਾਨੀਆਂ 10:23-25) ਅਸੀਂ ਲੋੜਵੰਦ ਭੈਣ-ਭਰਾਵਾਂ ਦੀ ਮਾਲੀ ਤੌਰ ਤੇ ਮਦਦ ਕਰ ਕੇ ਵੀ ਪਿਆਰ ਦਿਖਾਉਂਦੇ ਹਾਂ। (1 ਯੂਹੰਨਾ 3:17, 18) ਤੇ ਅਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਵੀ ਦੱਸਦੇ ਹਾਂ। ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੁਆਰਾ ਅਸੀਂ ਇਸ ਤਰ੍ਹਾਂ ਕਰਦੇ ਹਾਂ। (ਮੱਤੀ 24:14; ਰੋਮੀਆਂ 10:10) ਇਨ੍ਹਾਂ ਗੱਲਾਂ ਵਿਚ ਪਰਮੇਸ਼ੁਰ ਦੇ ਬਚਨ ਉੱਤੇ ਚੱਲ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦੇ ਹਾਂ।

15, 16. ਯਹੋਵਾਹ ਲਈ ਪਿਆਰ ਨੇ ਪਿਛਲੇ ਸਾਲ ਬਹੁਤ ਸਾਰੇ ਲੋਕਾਂ ਉੱਤੇ ਕੀ ਅਸਰ ਪਾਇਆ?

15 ਯਹੋਵਾਹ ਨਾਲ ਪਿਆਰ ਕਰਨ ਵਾਲਾ ਕੋਈ ਵੀ ਵਿਅਕਤੀ ਸਹੀ ਫ਼ੈਸਲੇ ਕਰੇਗਾ। ਪਿਛਲੇ ਸਾਲ ਇਸ ਪਿਆਰ ਨੇ 2,88,907 ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕਰਨ ਲਈ ਪ੍ਰੇਰਿਆ। (ਮੱਤੀ 28:19, 20) ਉਨ੍ਹਾਂ ਨੇ ਸੋਚ-ਸਮਝ ਕੇ ਇਹ ਸਮਰਪਣ ਕੀਤਾ ਸੀ। ਆਪਣੀਆਂ ਜ਼ਿੰਦਗੀਆਂ ਨੂੰ ਬਦਲ ਕੇ ਉਨ੍ਹਾਂ ਨੇ ਇਸ ਗੱਲ ਦਾ ਸਬੂਤ ਦਿੱਤਾ। ਉਦਾਹਰਣ ਲਈ ਅਲਬਾਨੀਆ ਵਿਚ ਗੇਜ਼ਮੰਡ ਨਾਂ ਦਾ ਵਿਅਕਤੀ ਬਾਸਕਟਬਾਲ ਦਾ ਚੋਟੀ ਦਾ ਖਿਡਾਰੀ ਸੀ। ਗੇਜ਼ਮੰਡ ਤੇ ਉਸ ਦੀ ਪਤਨੀ ਨੇ ਕੁਝ ਸਾਲਾਂ ਤਕ ਬਾਈਬਲ ਦੀ ਸਟੱਡੀ ਕੀਤੀ ਤੇ ਅੜਚਣਾਂ ਦੇ ਬਾਵਜੂਦ ਅਖ਼ੀਰ ਉਹ ਰਾਜ ਪ੍ਰਕਾਸ਼ਕ ਬਣ ਗਏ। ਪਿਛਲੇ ਸਾਲ ਗੇਜ਼ਮੰਡ ਨੇ ਬਪਤਿਸਮਾ ਲੈ ਲਿਆ। ਉਹ ਉਨ੍ਹਾਂ 366 ਵਿਅਕਤੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ 2000 ਸੇਵਾ ਸਾਲ ਵਿਚ ਅਲਬਾਨੀਆ ਵਿਚ ਬਪਤਿਸਮਾ ਲਿਆ ਸੀ। ਇਕ ਅਖ਼ਬਾਰ ਨੇ ਉਸ ਬਾਰੇ ਇਕ ਲੇਖ ਛਾਪਿਆ ਜਿਸ ਵਿਚ ਕਿਹਾ ਗਿਆ ਸੀ: “ਹੁਣ ਉਸ ਦੀ ਜ਼ਿੰਦਗੀ ਦਾ ਇਕ ਮਕਸਦ ਹੈ ਜਿਸ ਕਰਕੇ ਉਹ ਤੇ ਉਸ ਦਾ ਪਰਿਵਾਰ ਬਹੁਤ ਹੀ ਖ਼ੁਸ਼ ਹੈ। ਹੁਣ ਉਸ ਲਈ ਇਹ ਗੱਲ ਜ਼ਿਆਦਾ ਅਹਿਮੀਅਤ ਨਹੀਂ ਰੱਖਦੀ ਕਿ ਉਹ ਜ਼ਿੰਦਗੀ ਵਿਚ ਕਿੰਨਾ ਪੈਸਾ ਕਮਾ ਸਕਦਾ ਹੈ, ਪਰ ਇਹ ਕਿ ਉਹ ਦੂਜਿਆਂ ਦੀ ਕਿੰਨੀ ਮਦਦ ਕਰ ਸਕਦਾ ਹੈ।”

16 ਗਵਾਮ ਦੇਸ਼ ਵਿਚ ਇਕ ਭੈਣ ਨੇ ਨਵਾਂ-ਨਵਾਂ ਬਪਤਿਸਮਾ ਲਿਆ ਸੀ। ਉਹ ਇਕ ਆਇਲ ਕੰਪਨੀ ਵਿਚ ਕੰਮ ਕਰਦੀ ਸੀ। ਉਸ ਕੰਪਨੀ ਵਿਚ ਉਸ ਨੂੰ ਇਕ ਬਹੁਤ ਹੀ ਉੱਚਾ ਰੁਤਬਾ ਪੇਸ਼ ਕੀਤਾ ਗਿਆ। ਕਈ ਸਾਲਾਂ ਤਕ ਉਸ ਨੇ ਉਸ ਕੰਪਨੀ ਵਿਚ ਵੱਖ-ਵੱਖ ਰੁਤਬਿਆਂ ਤੇ ਨੌਕਰੀ ਕੀਤੀ ਸੀ। ਹੁਣ ਉਸ ਨੂੰ ਕੰਪਨੀ ਦੀ ਵਾਈਸ ਪ੍ਰੈਜੀਡੈਂਟ ਦੀ ਕੁਰਸੀ ਪੇਸ਼ ਕੀਤੀ ਗਈ। ਕੰਪਨੀ ਨੇ ਪਹਿਲਾਂ ਕਦੇ ਕਿਸੇ ਤੀਵੀਂ ਨੂੰ ਇਹ ਰੁਤਬਾ ਪੇਸ਼ ਨਹੀਂ ਕੀਤਾ ਸੀ। ਪਰ ਹੁਣ ਉਹ ਭੈਣ ਆਪਣੀ ਜ਼ਿੰਦਗੀ ਯਹੋਵਾਹ ਨੂੰ ਅਰਪਿਤ ਕਰ ਚੁੱਕੀ ਸੀ। ਇਸ ਲਈ, ਆਪਣੇ ਪਤੀ ਨਾਲ ਇਸ ਬਾਰੇ ਗੱਲ ਕਰਨ ਤੋਂ ਬਾਅਦ ਇਸ ਭੈਣ ਨੇ ਇਹ ਰੁਤਬਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੇ ਅਜਿਹੇ ਕੰਮ ਦਾ ਪ੍ਰਬੰਧ ਕੀਤਾ ਜਿਸ ਵਿਚ ਉਸ ਨੂੰ ਘੱਟ ਸਮਾਂ ਲਗਾਉਣਾ ਪਵੇ ਤਾਂਕਿ ਉਹ ਪਾਇਨੀਅਰੀ ਕਰ ਸਕੇ। ਯਹੋਵਾਹ ਲਈ ਪਿਆਰ ਨੇ ਉਸ ਨੂੰ ਪ੍ਰੇਰਿਆ ਕਿ ਉਹ ਇਸ ਦੁਨੀਆਂ ਵਿਚ ਪੈਸੇ ਪਿੱਛੇ ਭੱਜਣ ਦੀ ਬਜਾਇ ਇਕ ਪਾਇਨੀਅਰ ਦੇ ਤੌਰ ਤੇ ਪਰਮੇਸ਼ੁਰ ਦੀ ਸੇਵਾ ਕਰੇ। ਦਰਅਸਲ, ਇਸ ਪਿਆਰ ਨੇ ਦੁਨੀਆਂ ਭਰ ਵਿਚ 2000 ਸੇਵਾ ਸਾਲ ਦੌਰਾਨ 8,05,205 ਪ੍ਰਕਾਸ਼ਕਾਂ ਨੂੰ ਪਾਇਨੀਅਰੀ ਕਰਨ ਲਈ ਪ੍ਰੇਰਿਆ। ਇਨ੍ਹਾਂ ਪਾਇਨੀਅਰਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਪਿਆਰ ਤੇ ਨਿਹਚਾ ਨੂੰ ਦਿਖਾਇਆ!

ਯਿਸੂ ਨੂੰ ਪਿਆਰ ਕਰਨ ਦੀ ਪ੍ਰੇਰਨਾ

17. ਯਿਸੂ ਨੇ ਪਿਆਰ ਦੀ ਕਿਹੜੀ ਬਿਹਤਰੀਨ ਮਿਸਾਲ ਕਾਇਮ ਕੀਤੀ ਸੀ?

17 ਯਿਸੂ ਇਸ ਗੱਲ ਦੀ ਉੱਤਮ ਮਿਸਾਲ ਹੈ ਜਿਸ ਨੇ ਪਿਆਰ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਧਰਤੀ ਉੱਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਉਹ ਆਪਣੇ ਪਿਤਾ ਅਤੇ ਇਨਸਾਨਜਾਤੀ ਨਾਲ ਪਿਆਰ ਕਰਦਾ ਸੀ। ਕਹਾਉਤਾਂ ਦੀ ਕਿਤਾਬ ਵਿਚ ਯਿਸੂ ਨੂੰ ਬੁੱਧੀ ਦੇ ਰੂਪ ਵਿਚ ਦਰਸਾਇਆ ਗਿਆ ਹੈ। ਉਸ ਨੇ ਕਿਹਾ: ‘ਮੈਂ ਰਾਜ ਮਿਸਤਰੀ ਦੇ ਸਮਾਨ [ਯਹੋਵਾਹ] ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦਾ ਤੇ ਸਦਾ ਉਹ ਦੇ ਅੱਗੇ ਖੇਡਦਾ ਰਹਿੰਦਾ, ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਖੇਡਦਾ ਰਹਿੰਦਾ, ਅਤੇ ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸਾਂ।’ (ਕਹਾਉਤਾਂ 8:30, 31) ਯਿਸੂ ਇਨਸਾਨਾਂ ਨਾਲ ਪਿਆਰ ਕਰਦਾ ਸੀ ਜਿਸ ਕਰਕੇ ਉਸ ਨੇ ਆਪਣਾ ਸਵਰਗੀ ਘਰ ਛੱਡਿਆ ਤੇ ਇਨਸਾਨ ਦੇ ਰੂਪ ਵਿਚ ਜਨਮ ਲਿਆ। ਉਹ ਕਮਜ਼ੋਰ ਤੇ ਨਿਮਾਣੇ ਲੋਕਾਂ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਇਆ ਤੇ ਉਸ ਨੇ ਯਹੋਵਾਹ ਦੇ ਵੈਰੀਆਂ ਦੇ ਹੱਥੋਂ ਬਹੁਤ ਤਸੀਹੇ ਝੱਲੇ। ਅਖ਼ੀਰ ਵਿਚ ਉਸ ਨੇ ਤਸੀਹੇ ਦੀ ਸੂਲੀ ਤੇ ਸਾਰੀ ਇਨਸਾਨਜਾਤੀ ਲਈ ਆਪਣੀ ਕੁਰਬਾਨੀ ਦਿੱਤੀ। (ਯੂਹੰਨਾ 3:35; 14:30, 31; 15:12, 13; ਫ਼ਿਲਿੱਪੀਆਂ 2:5-11) ਸਹੀ ਪ੍ਰੇਰਨਾ ਦੀ ਕਿੰਨੀ ਬਿਹਤਰੀਨ ਮਿਸਾਲ!

18. (ੳ) ਅਸੀਂ ਯਿਸੂ ਲਈ ਆਪਣੇ ਦਿਲ ਵਿਚ ਪਿਆਰ ਕਿਵੇਂ ਪੈਦਾ ਕਰਦੇ ਹਾਂ? (ਅ) ਅਸੀਂ ਕਿਸ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਨਾਲ ਪਿਆਰ ਕਰਦੇ ਹਾਂ?

18 ਸਾਫ਼ ਮਨ ਵਾਲੇ ਲੋਕ ਜਦੋਂ ਬਾਈਬਲ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਪੜ੍ਹਦੇ ਹਨ ਤੇ ਇਸ ਉੱਤੇ ਵਿਚਾਰ ਕਰਦੇ ਹਨ ਕਿ ਪਰਮੇਸ਼ੁਰ ਪ੍ਰਤੀ ਉਸ ਦੀ ਵਫ਼ਾਦਾਰੀ ਕਰਕੇ ਦੂਜੇ ਲੋਕਾਂ ਨੂੰ ਕਿੰਨੀਆਂ ਬਰਕਤਾਂ ਮਿਲੀਆਂ ਹਨ, ਤਾਂ ਉਨ੍ਹਾਂ ਦੇ ਦਿਲਾਂ ਵਿਚ ਯਿਸੂ ਲਈ ਡੂੰਘਾ ਪਿਆਰ ਪੈਦਾ ਹੁੰਦਾ ਹੈ। ਪਤਰਸ ਨੇ ਸਾਡੇ ਵਰਗੇ ਲੋਕਾਂ ਬਾਰੇ ਕਿਹਾ ਸੀ: “[ਯਿਸੂ] ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ।” (1 ਪਤਰਸ 1:8) ਜਦੋਂ ਅਸੀਂ ਉਸ ਵਿਚ ਨਿਹਚਾ ਰੱਖਦੇ ਹਾਂ ਅਤੇ ਉਸ ਵਾਂਗ ਆਤਮ-ਤਿਆਗ ਦੀ ਜ਼ਿੰਦਗੀ ਜੀਉਂਦੇ ਹਾਂ, ਤਾਂ ਅਸੀਂ ਉਸ ਲਈ ਆਪਣਾ ਪਿਆਰ ਦਿਖਾਉਂਦੇ ਹਾਂ। (1 ਕੁਰਿੰਥੀਆਂ 11:1; 1 ਥੱਸਲੁਨੀਕੀਆਂ 1:6; 1 ਪਤਰਸ 2:21-25) ਪਿਛਲੇ ਸਾਲ 19 ਅਪ੍ਰੈਲ ਨੂੰ ਯਿਸੂ ਦੀ ਮੌਤ ਦੇ ਸਾਲਾਨਾ ਯਾਦਗਾਰੀ ਸਮਾਰੋਹ ਵਿਚ 1,48,72,086 ਲੋਕਾਂ ਨੂੰ ਯਾਦ ਕਰਾਇਆ ਗਿਆ ਕਿ ਉਨ੍ਹਾਂ ਨੂੰ ਯਿਸੂ ਨਾਲ ਕਿਉਂ ਪਿਆਰ ਕਰਨਾ ਚਾਹੀਦਾ ਹੈ। ਕਿੰਨੀ ਵੱਡੀ ਗਿਣਤੀ ਵਿਚ ਲੋਕ ਸਮਾਰਕ ਵਿਚ ਆਏ ਸਨ! ਅਤੇ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਇੰਨੇ ਸਾਰੇ ਲੋਕ ਯਿਸੂ ਦੀ ਕੁਰਬਾਨੀ ਰਾਹੀਂ ਮੁਕਤੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ! ਯਹੋਵਾਹ ਅਤੇ ਯਿਸੂ ਸਾਡੇ ਨਾਲ ਪਿਆਰ ਕਰਦੇ ਹਨ ਤੇ ਅਸੀਂ ਉਨ੍ਹਾਂ ਦੋਵਾਂ ਨੂੰ ਪਿਆਰ ਕਰਦੇ ਹਾਂ। ਅਤੇ ਇਹ ਪਿਆਰ ਹੀ ਸਾਨੂੰ ਮਜ਼ਬੂਤ ਕਰਦਾ ਹਾਂ।

19. ਅਗਲੇ ਲੇਖ ਵਿਚ ਪਿਆਰ ਬਾਰੇ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?

19 ਯਿਸੂ ਨੇ ਕਿਹਾ ਸੀ ਕਿ ਸਾਨੂੰ ਆਪਣੇ ਪੂਰੇ ਦਿਲ, ਜਾਨ, ਬੁੱਧ ਤੇ ਸ਼ਕਤੀ ਨਾਲ ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ ਹੈ। ਪਰ ਉਸ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਆਪਣੇ ਗੁਆਂਢੀਆਂ ਨੂੰ ਵੀ ਆਪਣੇ ਵਾਂਗ ਪਿਆਰ ਕਰਨਾ ਚਾਹੀਦਾ ਹੈ। (ਮਰਕੁਸ 12:29-31) ਸਾਡੇ ਗੁਆਂਢੀ ਕੌਣ ਹਨ? ਗੁਆਂਢੀ ਲਈ ਪਿਆਰ ਕਿਵੇਂ ਸਹੀ ਸੰਤੁਲਨ ਬਣਾਈ ਰੱਖਣ ਤੇ ਨੇਕ ਇਰਾਦੇ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਸਾਡੀ ਮਦਦ ਕਰਦਾ ਹੈ? ਇਨ੍ਹਾਂ ਸਵਾਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਕੀ ਤੁਹਾਨੂੰ ਯਾਦ ਹੈ?

• ਪਿਆਰ ਦਾ ਗੁਣ ਇੰਨਾ ਅਹਿਮ ਕਿਉਂ ਹੈ?

• ਅਸੀਂ ਯਹੋਵਾਹ ਨਾਲ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਾਂ?

• ਸਾਡਾ ਚਾਲ-ਚਲਣ ਕਿਵੇਂ ਦਿਖਾਉਂਦਾ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ?

• ਅਸੀਂ ਯਿਸੂ ਲਈ ਆਪਣਾ ਪਿਆਰ ਕਿਵੇਂ ਦਿਖਾ ਸਕਦੇ ਹਾਂ?

[ਸਵਾਲ]

[ਸਫ਼ੇ 10, 11 ਉੱਤੇ ਤਸਵੀਰਾਂ]

ਪਿਆਰ ਅਜ਼ਮਾਇਸ਼ਾਂ ਤੋਂ ਛੁਟਕਾਰੇ ਲਈ ਧੀਰਜ ਨਾਲ ਉਡੀਕ ਕਰਨ ਵਿਚ ਸਾਡੀ ਮਦਦ ਕਰਦਾ ਹੈ

[ਸਫ਼ੇ 12 ਉੱਤੇ ਤਸਵੀਰ]

ਯਿਸੂ ਦੀ ਵੱਡੀ ਕੁਰਬਾਨੀ ਸਾਨੂੰ ਉਸ ਨਾਲ ਪਿਆਰ ਰੱਖਣ ਲਈ ਪੇਰਿਤ ਕਰਦੀ ਹੈ