Skip to content

Skip to table of contents

ਮੁਸੀਬਤਾਂ ਦੇ ਬਾਵਜੂਦ ਤਨ-ਮਨ ਨਾਲ ਸੇਵਾ ਕਰਨੀ

ਮੁਸੀਬਤਾਂ ਦੇ ਬਾਵਜੂਦ ਤਨ-ਮਨ ਨਾਲ ਸੇਵਾ ਕਰਨੀ

ਜੀਵਨੀ

ਮੁਸੀਬਤਾਂ ਦੇ ਬਾਵਜੂਦ ਤਨ-ਮਨ ਨਾਲ ਸੇਵਾ ਕਰਨੀ

ਰੋਡੋਲਫੋ ਲੋਜ਼ਾਨੋ ਦੀ ਜ਼ਬਾਨੀ

ਮੇਰਾ ਜਨਮ 17 ਸਤੰਬਰ 1917 ਨੂੰ ਮੈਕਸੀਕੋ ਦੇ ਸ਼ਹਿਰ ਗੋਮੇਸ ਪਲਾਸਿਓ ਵਿਚ ਹੋਇਆ। ਇਹ ਸ਼ਹਿਰ ਦੁਰੈਨਗੋ ਜ਼ਿਲ੍ਹੇ ਵਿਚ ਹੈ। ਮੇਰੇ ਜਨਮ ਸਮੇਂ ਮੈਕਸੀਕੋ ਦੀ ਕ੍ਰਾਂਤੀ ਜ਼ੋਰਾਂ ਤੇ ਸੀ। ਬੇਸ਼ੱਕ 1920 ਵਿਚ ਇਹ ਕ੍ਰਾਂਤੀ ਤਾਂ ਖ਼ਤਮ ਹੋ ਗਈ, ਪਰ ਜਿਸ ਇਲਾਕੇ ਵਿਚ ਅਸੀਂ ਰਹਿੰਦੇ ਸੀ ਉੱਥੇ ਕਈ ਸਾਲਾਂ ਬਾਅਦ ਵੀ ਦੰਗੇ-ਫ਼ਸਾਦ ਚੱਲਦੇ ਰਹੇ ਜਿਸ ਕਰਕੇ ਸਾਡਾ ਉੱਥੇ ਰਹਿਣਾ ਬਹੁਤ ਔਖਾ ਹੋ ਗਿਆ।

ਇਕ ਦਿਨ ਜਦੋਂ ਮੇਰੇ ਮੰਮੀ ਜੀ ਨੂੰ ਇਹ ਪਤਾ ਲੱਗਾ ਕਿ ਬਾਗ਼ੀਆਂ ਅਤੇ ਫ਼ੌਜੀਆਂ ਵਿਚਕਾਰ ਮੁੱਠਭੇੜ ਹੋਣ ਵਾਲੀ ਹੈ ਤਾਂ ਉਨ੍ਹਾਂ ਨੇ ਮੈਨੂੰ, ਮੇਰੇ ਤਿੰਨ ਭਰਾਵਾਂ ਅਤੇ ਦੋ ਭੈਣਾਂ ਨੂੰ ਕਈ ਦਿਨਾਂ ਤਕ ਘਰ ਅੰਦਰ ਲੁਕਾਈ ਰੱਖਿਆ। ਘਰ ਵਿਚ ਖਾਣ-ਪੀਣ ਦੀ ਵੀ ਘਾਟ ਸੀ। ਆਪਣੀ ਛੋਟੀ ਭੈਣ ਨਾਲ ਮੰਜੇ ਥੱਲੇ ਲੁਕਣ ਦਾ ਦਿਨ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ। ਇਸ ਘਟਨਾ ਤੋਂ ਬਾਅਦ, ਮੰਮੀ ਜੀ ਨੇ ਸਾਨੂੰ ਅਮਰੀਕਾ ਲਿਜਾਣ ਦਾ ਫ਼ੈਸਲਾ ਕਰ ਲਿਆ ਜਿੱਥੇ ਬਾਅਦ ਵਿਚ ਪਿਤਾ ਜੀ ਨੇ ਵੀ ਸਾਡੇ ਨਾਲ ਰਹਿਣ ਲਈ ਆ ਜਾਣਾ ਸੀ।

ਅਸੀਂ ਅਮਰੀਕਾ ਦੀ ਮਹਾਂ-ਮੰਦੀ ਆਉਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਸੰਨ 1926 ਵਿਚ ਕੈਲੇਫ਼ੋਰਨੀਆ ਪਹੁੰਚੇ। ਰੋਜ਼ੀ-ਰੋਟੀ ਦੀ ਤਲਾਸ਼ ਵਿਚ ਅਸੀਂ ਕਈ ਥਾਵਾਂ ਜਿਵੇਂ ਸੈਂਟਾ ਕਲੈਰਾ, ਸਲੀਨਸ ਅਤੇ ਕਿੰਗ ਸਿਟੀ ਗਏ। ਅਸੀਂ ਖੇਤਾਂ ਵਿਚ ਕੰਮ ਕਰਨਾ ਸਿੱਖਿਆ ਤੇ ਹਰ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਆਂ ਦੀ ਵਾਢੀ ਕਰਨੀ ਸਿੱਖੀ। ਹਾਲਾਂਕਿ ਮੈਂ ਆਪਣੀ ਜਵਾਨੀ ਵਿਚ ਹੱਡ-ਤੋੜ ਮਿਹਨਤ ਕੀਤੀ ਪਰ ਮੇਰੀ ਜ਼ਿੰਦਗੀ ਦਾ ਇਹੀ ਸਭ ਤੋਂ ਖ਼ੁਸ਼ਨੁਮਾ ਸਮਾਂ ਸੀ।

ਬਾਈਬਲ ਸੱਚਾਈ ਮਿਲਣੀ

ਸੰਨ 1928 ਦੀ ਗੱਲ ਹੈ। ਮਾਰਚ ਮਹੀਨੇ ਇਕ ਦਿਨ ਏਸਟੋਬਾਨ ਰਾਈਵਰਾ ਨਾਂ ਦਾ ਇਕ ਯਹੋਵਾਹ ਦਾ ਗਵਾਹ ਸਾਡੇ ਘਰ ਆਇਆ। ਉਹ ਸਪੇਨੀ ਭਾਸ਼ਾ ਬੋਲਣ ਵਾਲਾ ਇਕ ਬਜ਼ੁਰਗ ਸੀ। ਉਹ ਸਾਨੂੰ ਇਕ ਛੋਟੀ ਕਿਤਾਬ ਪੜ੍ਹਨ ਨੂੰ ਦੇ ਗਿਆ ਜਿਸ ਦਾ ਸਿਰਲੇਖ ਸੀ—“ਮੁਰਦੇ ਕਿੱਥੇ ਹਨ?” ਮੈਨੂੰ ਕਿਤਾਬ ਦਾ ਸਿਰਲੇਖ ਬੜਾ ਦਿਲ-ਖਿੱਚਵਾਂ ਲੱਗਾ, ਪਰ ਜਦੋਂ ਮੈਂ ਇਸ ਨੂੰ ਪੜ੍ਹਿਆ ਇਸ ਦੀ ਲਿਖੀ ਹਰ ਗੱਲ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਹਾਲਾਂਕਿ ਮੈਂ ਅਜੇ 10-11 ਸਾਲਾਂ ਦਾ ਮੁੰਡਾ ਹੀ ਸੀ, ਮੈਂ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ ਤੇ ਗਵਾਹਾਂ ਨਾਲ ਮਿਲਣਾ-ਗਿਲਣਾ ਵੀ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੇਰੀ ਮੰਮੀ ਤੇ ਛੋਟੀ ਭੈਣ ਆਰੋਰਾ ਯਹੋਵਾਹ ਦੀਆਂ ਗਵਾਹਾਂ ਬਣ ਗਈਆਂ। ਯਹੋਵਾਹ ਦੀ ਸੇਵਾ ਲਈ ਉਨ੍ਹਾਂ ਵਿਚ ਬੜਾ ਜੋਸ਼ ਸੀ।

ਸੰਨ 1930 ਦੇ ਅੱਧ ਵਿਚ, ਅੰਗ੍ਰੇਜ਼ੀ ਬੋਲਣ ਵਾਲੇ ਭੈਣ-ਭਰਾਵਾਂ ਲਈ ਸੈਨ ਹੋਜ਼ੇ ਸ਼ਹਿਰ ਵਿਚ ਇਕ ਕਿੰਗਡਮ ਹਾਲ ਬਣਾਇਆ ਗਿਆ। ਕਿਉਂਕਿ ਇਸ ਇਲਾਕੇ ਦੇ ਖੇਤਾਂ ਵਿਚ ਬਹੁਤ ਸਾਰੇ ਹਿਸਪੈਨਿਕ ਲੋਕ ਕੰਮ ਕਰਦੇ ਸਨ, ਅਸੀਂ ਉਨ੍ਹਾਂ ਨੂੰ ਪ੍ਰਚਾਰ ਕਰਨ ਦੇ ਨਾਲ-ਨਾਲ ਪਹਿਰਾਬੁਰਜ ਦਾ ਅਧਿਐਨ ਕਰਾਉਣਾ ਵੀ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਅਸੀਂ ਸਾਨ ਫ਼ਰਾਂਸਿਸਕੋ ਦੇ ਹਿਸਪੈਨਿਕ ਗਵਾਹਾਂ ਦੀ ਮਦਦ ਨਾਲ ਕਰ ਸਕੇ ਜੋ ਤਕਰੀਬਨ 80 ਕਿਲੋਮੀਟਰ ਦੂਰ ਰਹਿੰਦੇ ਸਨ। ਹੁਣ ਤਕ ਸੈਨ ਹੋਜ਼ੇ ਕਿੰਗਡਮ ਹਾਲ ਵਿਚ ਸਪੇਨੀ ਭਾਸ਼ਾ ਦੀਆਂ ਸਭਾਵਾਂ ਵਿਚ ਆਉਣ ਵਾਲਿਆਂ ਦੀ ਗਿਣਤੀ ਤਕਰੀਬਨ 60 ਹੋ ਚੁੱਕੀ ਸੀ।

ਆਖ਼ਰਕਾਰ 28 ਜਨਵਰੀ 1940 ਨੂੰ ਸੈਨ ਹੋਜ਼ੇ ਸ਼ਹਿਰ ਵਿਚ ਹੋਏ ਸੰਮੇਲਨ ਵਿਚ ਮੈਂ ਬਪਤਿਸਮਾ ਲੈ ਲਿਆ। ਅਗਲੇ ਸਾਲ, ਮੈਂ ਪਾਇਨੀਅਰ ਬਣ ਗਿਆ। ਉਸ ਤੋਂ ਬਾਅਦ 1943 ਵਿਚ ਮੈਨੂੰ ਸਟੌਕਟਨ ਸ਼ਹਿਰ ਵਿਚ ਇਕ ਸਪੇਨੀ ਭਾਸ਼ਾ ਦੀ ਕਲੀਸਿਯਾ ਬਣਾਉਣ ਲਈ ਕਿਹਾ ਗਿਆ। ਇਹ ਸ਼ਹਿਰ ਸੈਨ ਹੋਜ਼ੇ ਤੋਂ ਤਕਰੀਬਨ 130 ਕਿਲੋਮੀਟਰ ਦੂਰ ਸੀ। ਉਸ ਸਮੇਂ ਤਕ ਮੈਂ ਸੈਨ ਹੋਜ਼ੇ ਦੀ ਅੰਗ੍ਰੇਜ਼ੀ ਕਲੀਸਿਯਾ ਵਿਚ ਪ੍ਰਧਾਨ ਨਿਗਾਹਬਾਨ ਵਜੋਂ ਸੇਵਾ ਕਰਨ ਦੇ ਨਾਲ-ਨਾਲ ਸਪੇਨੀ ਭਾਸ਼ਾਈ ਗਵਾਹਾਂ ਦੀ ਵੀ ਦੇਖ-ਰੇਖ ਕਰ ਰਿਹਾ ਸੀ। ਅਖ਼ੀਰ ਇਹ ਜ਼ਿੰਮੇਵਾਰੀਆਂ ਕਿਸੇ ਹੋਰ ਭਰਾ ਦੇ ਹਵਾਲੇ ਕਰ ਕੇ ਮੈਂ ਸਟੌਕਟਨ ਚਲਾ ਗਿਆ।

ਨਿਹਚਾ ਦੀ ਪਰਖ

ਸੰਨ 1940 ਦੇ ਸ਼ੁਰੂ ਵਿਚ ਮੇਰੀ ਨਿਹਚਾ ਦੀ ਅਜ਼ਮਾਇਸ਼ ਸ਼ੁਰੂ ਹੋ ਗਈ। ਫ਼ੌਜ ਵਿਚ ਭਰਤੀ ਕਰਨ ਵਾਲੇ ਬੋਰਡ ਸਾਮ੍ਹਣੇ ਮੈਨੂੰ ਵਾਰ-ਵਾਰ ਪੇਸ਼ੀਆਂ ਦੇਣੀਆਂ ਪਈਆਂ, ਪਰ ਹਰ ਵਾਰ ਜਦੋਂ ਮੈਂ ਉਨ੍ਹਾਂ ਨੂੰ ਕਹਿੰਦਾ ਕਿ ਮੇਰਾ ਜ਼ਮੀਰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਹਰ ਵਾਰ ਮੇਰੀ ਮੰਨ ਲਈ ਜਾਂਦੀ ਸੀ। ਪਰ ਜਦੋਂ ਦਸੰਬਰ 1941 ਵਿਚ ਅਮਰੀਕਾ ਦੂਸਰੇ ਵਿਸ਼ਵ ਯੁੱਧ ਵਿਚ ਸ਼ਾਮਲ ਹੋ ਗਿਆ ਤਾਂ ਇਸ ਬੋਰਡ ਨੇ ਮੇਰੇ ਤੇ ਫ਼ੌਜ ਵਿਚ ਭਰਤੀ ਹੋਣ ਦਾ ਜ਼ਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਮੇਰੇ ਨਾਂਹ ਕਹਿਣ ਤੇ ਅਖ਼ੀਰ 1944 ਵਿਚ ਮੈਨੂੰ ਜੇਲ੍ਹ ਹੋ ਗਈ। ਮੈਨੂੰ ਅਜੇ ਸਜ਼ਾ ਨਹੀਂ ਸੁਣਾਈ ਗਈ ਸੀ, ਇਸ ਲਈ ਉੱਨੇ ਸਮੇਂ ਤਕ ਮੈਨੂੰ ਮੁਜਰਮਾਂ ਨਾਲ ਇਕ ਤਹਿਖ਼ਾਨੇ ਵਿਚ ਪਾ ਦਿੱਤਾ ਗਿਆ। ਜਦੋਂ ਇਨ੍ਹਾਂ ਮੁਜਰਮਾਂ ਨੂੰ ਇਹ ਪਤਾ ਲੱਗਾ ਕਿ ਮੈਂ ਇਕ ਯਹੋਵਾਹ ਦਾ ਗਵਾਹ ਹਾਂ, ਤਾਂ ਉਨ੍ਹਾਂ ਵਿੱਚੋਂ ਕਈਆਂ ਨੇ ਪੁੱਛਿਆ ਕਿ ਉਨ੍ਹਾਂ ਨੇ ਜੋ ਗੁਨਾਹ ਕੀਤੇ ਹਨ, ਉਨ੍ਹਾਂ ਬਾਰੇ ਪਰਮੇਸ਼ੁਰ ਕੀ ਸੋਚਦਾ ਹੋਵੇਗਾ।

ਮੈਨੂੰ ਹੋਰ ਤਸੀਹਿਆਂ ਤੋਂ ਬਚਾਉਣ ਲਈ ਸੈਨ ਹੋਜ਼ੇ ਦੇ ਗਵਾਹਾਂ ਨੇ ਮੇਰੀ ਜ਼ਮਾਨਤ ਦੇ ਦਿੱਤੀ। ਲਾਸ ਏਂਜਲਜ਼ ਦੇ ਇਕ ਵਕੀਲ ਜੋ ਨਾਗਰਿਕ ਅਧਿਕਾਰਾਂ ਦੇ ਦੋਸ਼ੀਆਂ ਦੇ ਮੁਕੱਦਮੇ ਲੜਦਾ ਸੀ ਮੇਰਾ ਮੁਕੱਦਮਾ ਮੁਫ਼ਤ ਲੜਨ ਲਈ ਰਾਜ਼ੀ ਹੋ ਗਿਆ। ਮੁਕੱਦਮਾ ਚੱਲਿਆ, ਪਰ ਜੱਜ ਕਹਿਣ ਲੱਗਾ ਕਿ ਮੈਨੂੰ ਸਿਰਫ਼ ਇਸੇ ਸ਼ਰਤ ਤੇ ਹੀ ਛੱਡਿਆ ਜਾਵੇਗਾ ਜੇ ਮੈਂ ਪਾਇਨੀਅਰੀ ਛੱਡ ਕੇ ਕੋਈ ਨੌਕਰੀ ਕਰਾਂ ਤੇ ਸਰਕਾਰ ਨੂੰ ਹਰ ਮਹੀਨੇ ਰਿਪੋਰਟ ਕਰਾਂ। ਮੈਂ ਇਹ ਸ਼ਰਤ ਨਾ ਮੰਨੀ ਇਸ ਲਈ ਮੈਨੂੰ ਵਾਸ਼ਿੰਗਟਨ ਦੇ ਮਕਨੀਲ ਟਾਪੂ ਤੇ ਜੇਲ੍ਹ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਗਿਆ। ਇਸ ਜੇਲ੍ਹ ਦੇ ਸਮੇਂ ਨੂੰ ਮੈਂ ਬਾਈਬਲ ਦਾ ਡੂੰਘਾ ਅਧਿਐਨ ਕਰਨ ਵਿਚ ਬਿਤਾਇਆ ਤੇ ਨਾਲੇ ਟਾਈਪ ਕਰਨੀ ਵੀ ਸਿੱਖ ਲਈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਮੇਰੇ ਚੰਗੇ ਰਵੱਈਏ ਕਰਕੇ ਮੈਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਤੋਂ ਬਾਅਦ ਹੀ ਮੈਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਕੋਲੋਰਾਡੋ ਵਿਚ ਜੋਸ਼ ਨਾਲ ਪ੍ਰਚਾਰ

ਸੰਨ 1947 ਦੇ ਸਿਆਲਾਂ ਵਿਚ ਮੈਨੂੰ ਤੇ ਇਕ ਹੋਰ ਪਾਇਨੀਅਰ ਸਾਥੀ ਨੂੰ ਟੈਕਸਸ ਦੇ ਕੋਲੋਰਾਡੋ ਸ਼ਹਿਰ ਵਿਚ ਸਪੇਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਕਿਹਾ ਗਿਆ। ਪਰ ਇੱਥੇ ਇੰਨੀ ਠੰਢ ਸੀ ਕਿ ਸਾਨੂੰ ਠੰਢ ਤੋਂ ਬਚਣ ਲਈ ਸਾਨ ਅਨਟੋਨਿਓ ਜਾਣਾ ਪਿਆ। ਪਰ, ਉੱਥੇ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਸੀ ਕਿ ਪ੍ਰਚਾਰ ਲਈ ਬਾਹਰ ਨਿਕਲਣਾ ਵੀ ਔਖਾ ਹੋ ਗਿਆ। ਸਾਡੇ ਸਾਰੇ ਪੈਸੇ ਜਲਦੀ ਖ਼ਰਚ ਹੋ ਗਏ। ਸਾਨੂੰ ਕਈ ਹਫ਼ਤਿਆਂ ਤਕ ਕੱਚੀ ਗੋਭੀ ਦੇ ਸੈਂਡਵਿਚ ਅਤੇ ਸਸਤੀਆਂ ਅਲਫ਼ਾਅਲਫ਼ਾ ਨਾਂ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਣਾ ਪਿਆ। ਮੇਰਾ ਸਾਥੀ ਤਾਂ ਘਰ ਮੁੜ ਗਿਆ ਪਰ ਮੈਂ ਉੱਥੇ ਹੀ ਰੁਕਿਆ ਰਿਹਾ। ਜਦੋਂ ਅੰਗ੍ਰੇਜ਼ੀ ਭਾਸ਼ੀ ਗਵਾਹਾਂ ਨੂੰ ਮੇਰੀ ਮੰਦਹਾਲੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਮੇਰੀ ਮਦਦ ਕਰਨੀ ਸ਼ੁਰੂ ਕਰ ਦਿੱਤੀ।

ਅਗਲੀ ਬਸੰਤ ਨੂੰ ਮੈਂ ਕੋਲੋਰਾਡੋ ਸ਼ਹਿਰ ਵਾਪਸ ਪਰਤ ਗਿਆ ਜਿੱਥੇ ਅਖ਼ੀਰ ਇਕ ਛੋਟੀ ਜਿਹੀ ਸਪੇਨੀ ਭਾਸ਼ਾ ਦੀ ਕਲੀਸਿਯਾ ਬਣ ਗਈ। ਤਦ ਮੈਂ ਟੈਕਸਸ ਦੇ ਸਵੀਟਵਾਟਰ ਸ਼ਹਿਰ ਵਿਚ ਚਲਾ ਗਿਆ ਜਿੱਥੇ ਮੈਂ ਇਕ ਹੋਰ ਸਪੇਨੀ ਕਲੀਸਿਯਾ ਬਣਾਉਣ ਵਿਚ ਮਦਦ ਕੀਤੀ। ਸਵੀਟਵਾਟਰ ਵਿਚ ਹੀ ਮੈਨੂੰ ਮਿਸ਼ਨਰੀ ਸਿਖਲਾਈ ਲਈ ਵਾਚਟਾਵਰ ਬਾਈਬਲ ਸਕੂਲ ਆਫ ਗਿਲਿਅਡ ਦੀ 15ਵੀਂ ਕਲਾਸ ਦਾ ਸੱਦਾ ਪੱਤਰ ਮਿਲਿਆ। ਇਹ ਸਿਖਲਾਈ 22 ਫਰਵਰੀ 1950 ਨੂੰ ਸ਼ੁਰੂ ਹੋਣੀ ਸੀ। ਗ੍ਰੈਜੂਏਸ਼ਨ ਤੋਂ ਬਾਅਦ ਨਿਊਯਾਰਕ ਸਿਟੀ ਦੇ ਯਾਂਕੀ ਸਟੇਡੀਅਮ ਵਿਚ ਹੋਏ ਅੰਤਰਰਾਸ਼ਟਰੀ ਮਹਾਂ-ਸੰਮੇਲਨ ਤੋਂ ਬਾਅਦ, ਮੈਂ ਤਿੰਨ ਮਹੀਨਿਆਂ ਲਈ ਬਰੁਕਲਿਨ ਵਿਚ ਰਿਹਾ। ਇੱਥੇ ਮੈਂ ਮੈਕਸੀਕੋ ਦੇ ਸ਼ਾਖ਼ਾ ਦਫ਼ਤਰ ਵਿਚ ਕੰਮ ਕਰਨ ਦੀ ਸਿਖਲਾਈ ਲਈ।

ਮੈਕਸੀਕੋ ਵਿਚ ਸੇਵਾ

ਮੈਂ 20 ਅਕਤੂਬਰ 1950 ਵਿਚ ਮੈਕਸੀਕੋ ਸ਼ਹਿਰ ਪਹੁੰਚਿਆ। ਤਕਰੀਬਨ ਦੋ ਹਫ਼ਤਿਆਂ ਬਾਅਦ, ਮੈਨੂੰ ਸ਼ਾਖ਼ਾ ਨਿਗਾਹਬਾਨ ਨਿਯੁਕਤ ਕਰ ਦਿੱਤਾ ਗਿਆ। ਇਹ ਸੇਵਾ ਮੈਂ ਸਾਢੇ ਚਾਰ ਸਾਲ ਤਕ ਕੀਤੀ। ਜੋ ਟ੍ਰੇਨਿੰਗ ਮੈਂ ਪਾਇਨੀਅਰ ਸੇਵਾ, ਜੇਲ੍ਹ, ਗਿਲਿਅਡ ਅਤੇ ਬਰੁਕਲਿਨ ਵਿਖੇ ਹਾਸਲ ਕੀਤੀ ਸੀ ਮੇਰੇ ਲਈ ਉਹ ਬਹੁਤ ਫ਼ਾਇਦੇਮੰਦ ਸਾਬਤ ਹੋਈ। ਮੈਕਸੀਕੋ ਪਹੁੰਚਣ ਤੇ ਮੈਨੂੰ ਜਲਦੀ ਪਤਾ ਲੱਗ ਗਿਆ ਕਿ ਇੱਥੇ ਦੇ ਭੈਣ-ਭਰਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਣ ਦੀ ਲੋੜ ਸੀ। ਖ਼ਾਸ ਤੌਰ ਪਰਮੇਸ਼ੁਰ ਦੇ ਉੱਚੇ ਨੈਤਿਕ ਮਿਆਰਾਂ ਮੁਤਾਬਕ ਜ਼ਿੰਦਗੀ ਬਿਤਾਉਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਸਖ਼ਤ ਲੋੜ ਸੀ।

ਉਸ ਸਮੇਂ ਮੈਕਸੀਕੋ ਤੇ ਹੋਰ ਕਈ ਲਾਤੀਨੀ-ਅਮਰੀਕੀ ਦੇਸ਼ਾਂ ਵਿਚ ਕਾਨੂੰਨਨ ਵਿਆਹ ਕੀਤੇ ਬਗੈਰ ਤੀਵੀਂ-ਆਦਮੀ ਦਾ ਇਕੱਠੇ ਰਹਿਣਾ ਇਕ ਰਿਵਾਜ ਜਿਹਾ ਸੀ। ਬਾਈਬਲ ਦੇ ਖ਼ਿਲਾਫ਼ ਇਸ ਰਿਵਾਜ ਦੀ ਮਸੀਹੀ-ਜਗਤ ਨੇ ਖ਼ਾਸ ਤੌਰ ਤੇ ਰੋਮਨ ਕੈਥੋਲਿਕ ਗਿਰਜੇ ਨੇ ਇਜਾਜ਼ਤ ਦਿੱਤੀ। (ਇਬਰਾਨੀਆਂ 13:4) ਪਰ, ਇਨ੍ਹਾਂ ਵਿੱਚੋਂ ਬਹੁਤ ਸਾਰੇ ਕਾਨੂੰਨੀ ਤੌਰ ਤੇ ਵਿਆਹ ਕਰਾਏ ਬਗੈਰ ਹੀ ਯਹੋਵਾਹ ਦੇ ਗਵਾਹ ਬਣ ਚੁੱਕੇ ਸਨ। ਅਜਿਹੇ ਗਵਾਹਾਂ ਦੀ ਮਦਦ ਕਰਨ ਲਈ ਇਕ ਬੰਦੋਬਸਤ ਕੀਤਾ ਗਿਆ। ਇਨ੍ਹਾਂ ਨੂੰ ਕਿਹਾ ਗਿਆ ਕਿ ਕਲੀਸਿਯਾ ਉਨ੍ਹਾਂ ਨੂੰ ਛੇ ਮਹੀਨੇ ਦਾ ਸਮਾਂ ਦਿੰਦੀ ਹੈ ਜਿਸ ਦੌਰਾਨ ਉਹ ਆਪਣਾ ਵਿਆਹ ਕਾਨੂੰਨਨ ਰਜਿਸਟਰ ਕਰਾ ਲੈਣ, ਨਹੀਂ ਤਾਂ ਉਹ ਯਹੋਵਾਹ ਦੇ ਗਵਾਹ ਨਹੀਂ ਰਹਿਣਗੇ।

ਕਈਆਂ ਲਈ ਇੰਜ ਕਰਨਾ ਕੋਈ ਔਖਾ ਕੰਮ ਨਹੀਂ ਸੀ। ਉਨ੍ਹਾਂ ਨੇ ਸਿਰਫ਼ ਆਪਣੇ ਰਿਸ਼ਤੇ ਨੂੰ ਕਾਨੂੰਨੀ ਰੂਪ ਹੀ ਦੇਣਾ ਸੀ। ਪਰ, ਕਈਆਂ ਲਈ ਏਦਾਂ ਕਰਨਾ ਬੜਾ ਔਖਾ ਸੀ। ਮਿਸਾਲ ਲਈ, ਕਈਆਂ ਨੇ ਕਾਨੂੰਨਨ ਤਲਾਕ ਲਏ ਬਗੈਰ ਹੀ ਦੋ-ਦੋ ਜਾਂ ਤਿੰਨ-ਤਿੰਨ ਵਿਆਹ ਕਰਾਏ ਹੋਏ ਸਨ। ਪਰ ਅਖ਼ੀਰ ਜਦੋਂ ਯਹੋਵਾਹ ਦੇ ਇਨ੍ਹਾਂ ਲੋਕਾਂ ਨੇ ਬਾਈਬਲ ਮੁਤਾਬਕ ਆਪਣੀ ਵਿਆਹੁਤਾ ਜ਼ਿੰਦਗੀਆਂ ਨੂੰ ਢਾਲ਼ ਲਿਆ ਤਾਂ ਕਲੀਸਿਯਾ ਨੂੰ ਇਸ ਦੀਆਂ ਬਹੁਤ ਸਾਰੀਆਂ ਅਧਿਆਤਮਿਕ ਬਰਕਤਾਂ ਮਿਲੀਆਂ।—1 ਕੁਰਿੰਥੀਆਂ 6:9-11.

ਉਨ੍ਹਾਂ ਦਿਨਾਂ ਵਿਚ ਮੈਕਸੀਕੋ ਵਿਚ ਸਿੱਖਿਆ ਦਾ ਪੱਧਰ ਵੀ ਬਹੁਤਾ ਚੰਗਾ ਨਹੀਂ ਸੀ। ਸੰਨ 1950 ਵਿਚ ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸ਼ਾਖ਼ਾ ਦਫ਼ਤਰ ਨੇ ਕਲੀਸਿਯਾਵਾਂ ਵਿਚ ਪੜ੍ਹਨ-ਲਿਖਣ ਦੀਆਂ ਕਲਾਸਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਹੁਣ ਇਨ੍ਹਾਂ ਕਲਾਸਾਂ ਦਾ ਨਵੇਂ ਸਿਰੇ ਤੋਂ ਪ੍ਰਬੰਧ ਕਰਕੇ ਇਨ੍ਹਾਂ ਨੂੰ ਸਰਕਾਰੀ ਤੌਰ ਤੇ ਰਜਿਸਟਰ ਕਰਾ ਦਿੱਤਾ ਗਿਆ। ਸੰਨ 1946 ਤੋਂ ਇਨ੍ਹਾਂ ਕਲਾਸਾਂ ਦੇ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੈਕਸੀਕੋ ਦੇ ਤਕਰੀਬਨ 1,43,000 ਤੋਂ ਜ਼ਿਆਦਾ ਲੋਕ ਗਵਾਹਾਂ ਵੱਲੋਂ ਚਲਾਈਆਂ ਕਲਾਸਾਂ ਤੋਂ ਪੜ੍ਹਨਾ-ਲਿਖਣਾ ਸਿੱਖ ਚੁੱਕੇ ਹਨ!

ਧਰਮ ਦੇ ਮਾਮਲੇ ਵਿਚ ਮੈਕਸੀਕੋ ਦਾ ਕਾਨੂੰਨ ਬੜਾ ਸਖ਼ਤ ਹੈ। ਪਰ, ਹਾਲ ਹੀ ਦੇ ਸਾਲਾਂ ਵਿਚ ਇਸ ਮਾਮਲੇ ਵਿਚ ਅਹਿਮ ਤਬਦੀਲੀਆਂ ਆਈਆਂ ਹਨ। ਸੰਨ 1992 ਵਿਚ ਇੱਥੇ ਧਰਮ ਸੰਬੰਧੀ ਇਕ ਨਵਾਂ ਕਾਨੂੰਨ ਪਾਸ ਕੀਤਾ ਗਿਆ, ਇਸ ਲਈ 1993 ਵਿਚ ਯਹੋਵਾਹ ਦੇ ਗਵਾਹਾਂ ਦੇ ਧਰਮ ਨੂੰ ਮੈਕਸੀਕੋ ਵਿਚ ਇਕ ਧਾਰਮਿਕ ਸੰਗਠਨ ਵਜੋਂ ਰਜਿਸਟਰ ਕਰ ਲਿਆ ਗਿਆ।

ਮੇਰੇ ਲਈ ਅਜਿਹੀਆਂ ਤਬਦੀਲੀਆਂ ਦੇਖਣੀਆਂ ਵੱਡੀ ਖ਼ੁਸ਼ੀ ਦੀ ਗੱਲ ਸੀ ਕਿਉਂਕਿ ਪਹਿਲਾਂ ਮੈਂ ਸੋਚਦਾ ਸੀ ਕਿ ਏਦਾਂ ਕਦੇ ਹੋ ਹੀ ਨਹੀਂ ਸਕਦਾ। ਕਈ ਸਾਲਾਂ ਤਕ ਮੈਨੂੰ ਸਰਕਾਰੀ ਦਫ਼ਤਰਾਂ ਵਿਚ ਵਾਰ-ਵਾਰ ਜਾਣਾ ਪਿਆ ਜਿੱਥੇ ਜ਼ਿਆਦਾਤਰ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਗਿਆ। ਪਰ, ਖ਼ੁਸ਼ੀ ਦੀ ਗੱਲ ਹੈ ਕਿ ਸ਼ਾਖ਼ਾ ਦਫ਼ਤਰ ਦੇ ਕਾਨੂੰਨੀ ਵਿਭਾਗ ਨੇ ਇਨ੍ਹਾਂ ਮਾਮਲਿਆਂ ਨੂੰ ਹੱਲ ਕਰ ਲਿਆ ਜਿਸ ਦੇ ਨਤੀਜੇ ਵਜੋਂ ਸਾਨੂੰ ਹੁਣ ਪ੍ਰਚਾਰ ਕੰਮ ਵਿਚ ਪਹਿਲਾਂ ਨਾਲੋਂ ਬਹੁਤ ਘੱਟ ਰੁਕਾਵਟ ਆਉਂਦੀ ਹੈ।

ਮਿਸ਼ਨਰੀ ਸਾਥੀ ਨਾਲ ਸੇਵਾ ਕਰਨਾ

ਜਦੋਂ ਮੈਂ ਮੈਕਸੀਕੋ ਵਿਚ ਪਹੁੰਚਿਆ ਤਾਂ ਉੱਥੇ ਪਹਿਲੀਆਂ ਗਿਲਿਅਡ ਕਲਾਸਾਂ ਦੇ ਕਈ ਭੈਣ-ਭਰਾ ਪਹਿਲਾਂ ਹੀ ਪ੍ਰਚਾਰ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇਕ ਸੀ ਅਮਰੀਕਾ ਦੀ ਰਹਿਣ ਵਾਲੀ ਅਸਤਰ ਵਾਰਟਾਨਿਅਨ ਜਿਸ ਨੇ ਵਲੇਓ, ਕੈਲੇਫ਼ੋਰਨੀਆ ਵਿਚ 1942 ਵਿਚ ਪਾਇਨੀਅਰੀ ਸ਼ੁਰੂ ਕੀਤੀ ਸੀ। ਸਾਡੀ ਜਾਣ-ਪਛਾਣ ਵਧੀ ਤੇ 30 ਜੁਲਾਈ 1955 ਵਿਚ ਸਾਡਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਅਸੀਂ ਸ਼ਾਖ਼ਾ ਵਿਚ ਰਹੇ ਤੇ ਅਸੀਂ ਮੈਕਸੀਕੋ ਵਿਚ ਆਪਣੀ-ਆਪਣੀ ਸੇਵਾ ਦੋਹਾਂ ਨੇ ਜਾਰੀ ਰੱਖੀ। ਅਸਤਰ ਨੇ ਮੈਕਸੀਕੋ ਸ਼ਹਿਰ ਵਿਚ ਆਪਣੀ ਮਿਸ਼ਨਰੀ ਸੇਵਾ ਫੇਰ ਸ਼ੁਰੂ ਕਰ ਦਿੱਤੀ ਅਤੇ ਮੈਂ ਸ਼ਾਖ਼ਾ ਦਫ਼ਤਰ ਵਿਚ ਆਪਣਾ ਕੰਮ ਜਾਰੀ ਰੱਖਿਆ।

ਅਸਤਰ ਦੀ ਪਹਿਲੀ ਮਿਸ਼ਨਰੀ ਨਿਯੁਕਤੀ ਮਾਂਟੇਰੀ, ਨੀਵੋ-ਲਿਓਨ, ਮੈਕਸੀਕੋ ਵਿਚ ਸੀ ਜਿੱਥੇ ਉਹ 1947 ਵਿਚ ਆਈ ਸੀ। ਮਾਂਟੇਰੀ ਵਿਚ ਪਹਿਲਾਂ ਸਿਰਫ਼ ਇਕ ਹੀ ਕਲੀਸਿਯਾ ਸੀ ਜਿਸ ਵਿਚ ਕੁੱਲ 40 ਗਵਾਹ ਸਨ, ਪਰ ਜਦੋਂ 1950 ਵਿਚ ਉਸ ਦਾ ਤਬਾਦਲਾ ਮੈਕਸੀਕੋ ਸ਼ਹਿਰ ਵਿਚ ਹੋਇਆ ਤਾਂ ਉੱਥੇ ਉਦੋਂ ਤਕ ਚਾਰ ਕਲੀਸਿਯਾਵਾਂ ਬਣ ਚੁੱਕੀਆਂ ਸਨ। ਹੁਣ ਮੈਕਸੀਕੋ ਦੇ ਲਾਗੇ ਸਾਡੇ ਸ਼ਾਖ਼ਾ ਦਫ਼ਤਰ ਵਿਚ ਉਨ੍ਹਾਂ ਪਰਿਵਾਰਾਂ ਦੇ ਦੋ ਰਿਸ਼ਤੇਦਾਰ ਸੇਵਾ ਕਰ ਰਹੇ ਹਨ ਜਿਨ੍ਹਾਂ ਨੂੰ ਅਸਤਰ ਨੇ ਮਾਂਟੇਰੀ ਵਿਚ ਹੁੰਦਿਆਂ ਬਾਈਬਲ ਸਟੱਡੀ ਕਰਵਾਈ ਸੀ।

ਸੰਨ 1950 ਵਿਚ ਮਿਸ਼ਨਰੀ ਭੈਣ-ਭਰਾ ਪੂਰੇ ਮੈਕਸੀਕੋ ਵਿਚ ਪ੍ਰਚਾਰ ਕਰਦੇ ਸਨ। ਉਹ ਪ੍ਰਚਾਰ ਲਈ ਜਾਂ ਤਾਂ ਤੁਰ ਕੇ ਜਾਂਦੇ ਜਾਂ ਪੁਰਾਣੀਆਂ ਭੀੜ-ਭੜੱਕੇ ਵਾਲੀਆਂ ਬੱਸਾਂ ਵਿਚ ਸਫ਼ਰ ਕਰਦੇ ਸਨ। ਜਦੋਂ 1950 ਦੇ ਅੰਤ ਵਿਚ ਮੈਂ ਉੱਥੇ ਪਹੁੰਚਿਆ ਸੀ ਤਾਂ ਉੱਥੇ ਸੱਤ ਕਲੀਸਿਯਾਵਾਂ ਸਨ। ਹੁਣ ਮੈਕਸੀਕੋ ਸ਼ਹਿਰ ਵਿਚ 90,000 ਰਾਜ ਪ੍ਰਕਾਸ਼ਕਾਂ ਦੇ ਨਾਲ ਕਲੀਸਿਯਾਵਾਂ ਦੀ ਗਿਣਤੀ 1600 ਤਕ ਵੱਧ ਗਈ ਹੈ, ਅਤੇ ਪਿਛਲੇ ਸਾਲ ਉੱਥੇ ਯਿਸੂ ਦੀ ਮੌਤ ਦੇ ਸਮਾਰਕ ਵਿਚ 2,50,000 ਲੋਕ ਆਏ! ਇਨ੍ਹਾਂ ਸਾਲਾਂ ਦੌਰਾਨ ਮੈਨੂੰ ਤੇ ਅਸਤਰ ਨੂੰ ਇਨ੍ਹਾਂ ਕਲੀਸਿਯਾਵਾਂ ਵਿਚ ਸੇਵਾ ਕਰਨ ਦਾ ਖ਼ਾਸ-ਸਨਮਾਨ ਮਿਲਿਆ।

ਜਦੋਂ ਵੀ ਮੈਂ ਤੇ ਅਸਤਰ ਬਾਈਬਲ ਸਟੱਡੀ ਸ਼ੁਰੂ ਕਰਾਉਂਦੇ ਹਾਂ ਤਾਂ ਅਸੀਂ ਸਟੱਡੀ ਵਿਚ ਪਰਿਵਾਰ ਦੇ ਪਿਤਾ ਦੀ ਦਿਲਚਸਪੀ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂਕਿ ਪੂਰਾ ਪਰਿਵਾਰ ਸਟੱਡੀ ਲਈ ਬਹਿ ਸਕੇ। ਇੰਜ ਅਸੀਂ ਵੱਡੇ-ਵੱਡੇ ਪਰਿਵਾਰਾਂ ਨੂੰ ਯਹੋਵਾਹ ਦੀ ਸੇਵਾ ਕਰਦੇ ਦੇਖਿਆ ਹੈ। ਮੈਂ ਸੋਚਦਾ ਹਾਂ ਕਿ ਮੈਕਸੀਕੋ ਵਿਚ ਸੱਚੀ ਭਗਤੀ ਲਈ ਇਕਦਮ ਹੋਈ ਤਰੱਕੀ ਦੀ ਇਕ ਵਜ੍ਹਾ ਇਹ ਵੀ ਹੈ ਕਿ ਕਈ ਪੂਰੇ-ਪੂਰੇ ਪਰਿਵਾਰ ਯਹੋਵਾਹ ਦੀ ਭਗਤੀ ਲਈ ਸੱਚਾਈ ਵਿਚ ਖਿੱਚੇ ਆਏ ਹਨ।

ਯਹੋਵਾਹ ਦੀ ਸਾਡੇ ਕੰਮ ਤੇ ਬਰਕਤ

ਸੰਨ 1950 ਤੋਂ ਲੈ ਕੇ ਹੁਣ ਤਕ ਮੈਕਸੀਕੋ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਸ਼ਾਨਦਾਰ ਤਰੀਕੇ ਨਾਲ ਵਾਧਾ ਤਾਂ ਹੋਇਆ ਹੀ, ਪਰ ਕਈ ਸੰਗਠਨਾਤਮਕ ਤਬਦੀਲੀਆਂ ਵੀ ਆਈਆਂ। ਇਸ ਵਾਧੇ ਵਿਚ ਆਪਣਾ ਵੀ ਥੋੜ੍ਹਾ ਜਿਹਾ ਹਿੱਸਾ ਪਾਉਣ ਤੇ ਨਾਲੇ ਇਨ੍ਹਾਂ ਖ਼ੁਸ਼-ਤਬੀਅਤ ਅਤੇ ਮਹਿਮਾਨਨਿਵਾਜ਼ ਭੈਣ-ਭਰਾਵਾਂ ਨਾਲ ਕੰਮ ਕਰਨਾ ਸਾਡੇ ਲਈ ਸੱਚੀਂ ਇਕ ਵੱਡੀ ਖ਼ੁਸ਼ੀ ਦੀ ਗੱਲ ਰਹੀ ਹੈ।

ਕੁਝ ਸਾਲ ਪਹਿਲਾਂ ਆਪਣੀਆਂ ਛੁੱਟੀਆਂ ਦੌਰਾਨ ਭਰਾ ਕਾਰਲ ਕਲਾਈਨ ਆਪਣੀ ਪਤਨੀ ਮਾਰਗ੍ਰਟ ਨਾਲ ਸਾਨੂੰ ਮਿਲਣ ਲਈ ਆਏ। ਭਰਾ ਕਾਰਲ ਉਸ ਵੇਲੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਸਨ। ਉਹ ਮੈਕਸੀਕੋ ਦੇ ਪ੍ਰਚਾਰ ਕੰਮ ਬਾਰੇ ਜਾਣਨਾ ਚਾਹੁੰਦੇ ਸਨ ਇਸ ਲਈ ਉਹ ਤੇ ਉਨ੍ਹਾਂ ਦੀ ਪਤਨੀ ਮੈਕਸੀਕੋ ਸ਼ਹਿਰ ਦੀ ਨੇੜਲੀ ਸਾਨ ਵਾਨ ਟਿਜ਼ੋਨਟਲਾ ਕਲੀਸਿਯਾ ਵਿਚ ਗਏ ਜਿੱਥੇ ਅਸੀਂ ਵੀ ਜਾਂਦੇ ਸਾਂ। ਸਾਡਾ ਕਿੰਗਡਮ ਹਾਲ ਬਹੁਤ ਛੋਟਾ ਸੀ ਤਕਰੀਬਨ 4.5 ਮੀਟਰ ਚੌੜਾ ਤੇ 5.5 ਮੀਟਰ ਲੰਬਾ। ਜਦੋਂ ਅਸੀਂ ਉੱਥੇ ਪਹੁੰਚੇ ਤਾਂ 70 ਜਣੇ ਪਹਿਲਾਂ ਹੀ ਬੈਠੇ ਹੋਏ ਸਨ ਤੇ ਹੋਰਾਂ ਲਈ ਖੜ੍ਹੇ ਹੋਣ ਨੂੰ ਵੀ ਥਾਂ ਨਹੀਂ ਸੀ। ਬਜ਼ੁਰਗ ਕੁਰਸੀਆਂ ਤੇ, ਬੱਚੇ ਬੈਂਚਾਂ ਤੇ ਅਤੇ ਛੋਟੇ ਬੱਚੇ ਫਰਸ਼ ਉੱਤੇ ਇੱਟਾਂ ਤੇ ਬੈਠੇ ਸਨ।

ਭਰਾ ਕਲਾਈਨ ਬਹੁਤ ਹੈਰਾਨ ਹੋਏ ਕਿਉਂਕਿ ਸਾਰੇ ਬੱਚਿਆਂ ਕੋਲ ਆਪਣੀ-ਆਪਣੀ ਬਾਈਬਲ ਸੀ ਤੇ ਜਦੋਂ ਭਾਸ਼ਣਕਾਰ ਭਾਸ਼ਣ ਦੇ ਰਿਹਾ ਸੀ ਤਾਂ ਸਾਰੇ ਬੱਚੇ ਆਪਣੀਆਂ ਬਾਈਬਲਾਂ ਖੋਲ੍ਹ ਕੇ ਆਇਤਾਂ ਦੇਖ ਰਹੇ ਸਨ। ਜਨਤਕ ਭਾਸ਼ਣ ਤੋਂ ਬਾਅਦ, ਭਰਾ ਕਲਾਈਨ ਨੇ ਮੱਤੀ 13:19-23 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਕਸੀਕੋ ਵਿਚ ਕਾਫ਼ੀ ਸਾਰੀ ਉਹ “ਚੰਗੀ ਜ਼ਮੀਨ” ਹੈ ਜਿਸ ਦਾ ਜ਼ਿਕਰ ਯਿਸੂ ਨੇ ਕੀਤਾ ਸੀ। ਉਸ ਦਿਨ ਬੈਠੇ ਬੱਚਿਆਂ ਵਿੱਚੋਂ ਸੱਤ ਬੱਚੇ ਅੱਜ ਮੈਕਸੀਕੋ ਸ਼ਹਿਰ ਨੇੜੇ ਬਣ ਰਹੀ ਨਵੀਂ ਸ਼ਾਖ਼ਾ ਇਮਾਰਤ ਦੇ ਵੱਡੇ ਪ੍ਰਾਜੈਕਟ ਵਿਚ ਕੰਮ ਕਰ ਰਹੇ ਹਨ। ਇਕ ਬੈਥਲ ਵਿਚ ਅਤੇ ਹੋਰ ਕਈ ਬੱਚੇ ਪਾਇਨੀਅਰੀ ਕਰ ਰਹੇ ਹਨ!

ਜਦੋਂ ਮੈਂ ਮੈਕਸੀਕੋ ਸ਼ਹਿਰ ਆਇਆ ਸੀ ਤਾਂ ਸ਼ਾਖਾ ਵਿਚ ਸਿਰਫ਼ 11 ਮੈਂਬਰ ਸਨ। ਹੁਣ ਇੱਥੇ ਕੁਝ 1,350 ਭੈਣ-ਭਰਾ ਕੰਮ ਕਰ ਰਹੇ ਹਨ ਤੇ ਤਕਰੀਬਨ 250 ਜਣੇ ਨਵੀਂ ਸ਼ਾਖ਼ਾ ਦੀ ਉਸਾਰੀ ਵਿਚ ਲੱਗੇ ਹੋਏ ਹਨ। ਜਦੋਂ ਨਵੀਂ ਇਮਾਰਤ ਬਣ ਕੇ ਪੂਰੀ ਹੋ ਜਾਵੇਗੀ ਤਾਂ ਤਕਰੀਬਨ 1,200 ਹੋਰ ਲੋਕ ਇਸ ਵਿਚ ਰਹਿ ਸਕਣਗੇ। ਜ਼ਰਾ ਸੋਚੋ ਕਿ 1950 ਵਿਚ ਪੂਰੇ ਦੇਸ਼ ਵਿਚ 7,000 ਤੋਂ ਵੀ ਘੱਟ ਪ੍ਰਕਾਸ਼ਕ ਸਨ ਪਰ ਹੁਣ ਇਹ ਗਿਣਤੀ 5,00,000 ਤੋਂ ਵੀ ਟੱਪ ਗਈ ਹੈ! ਮੈਕਸੀਕੋ ਦੇ ਹਲੀਮ ਭਰਾਵਾਂ ਤੇ ਉਸ ਦਾ ਗੁਣ-ਗਾਨ ਕਰਨ ਲਈ ਜੀ ਤੋੜ ਮਿਹਨਤ ਕਰਦੇ ਹਨ, ਯਹੋਵਾਹ ਨੇ ਜਿਸ ਤਰੀਕੇ ਨਾਲ ਬਰਕਤ ਦਿੱਤੀ ਹੈ ਇਹ ਦੇਖ ਕੇ ਮੇਰਾ ਦਿਲ ਖ਼ੁਸ਼ੀ ਨਾਲ ਬਾਗ਼-ਬਾਗ਼ ਹੋ ਜਾਂਦਾ ਹੈ।

ਇਕ ਵੱਡੀ ਚੁਨੌਤੀ ਦਾ ਮੁਕਾਬਲਾ ਕਰਨਾ

ਉਮਰ ਵਧਣ ਤੇ ਮੇਰੇ ਲਈ ਸਭ ਤੋਂ ਵੱਡੀ ਚੁਨੌਤੀ ਮੇਰੀ ਬੀਮਾਰੀ ਬਣ ਗਈ। ਉੱਦਾਂ ਤਾਂ ਮੈਂ ਇਕ ਤੰਦਰੁਸਤ ਬੰਦਾ ਸੀ। ਪਰ ਅਚਾਨਕ ਨਵੰਬਰ 1988 ਵਿਚ ਮੈਨੂੰ ਸਟ੍ਰੋਕ ਹੋ ਗਿਆ ਜਿਸ ਦਾ ਮੇਰੇ ਸਾਰੇ ਸਰੀਰ ਤੇ ਬਹੁਤ ਬੁਰਾ ਅਸਰ ਪਿਆ। ਮੇਰੇ ਸਰੀਰ ਦੇ ਕਈ ਹਿੱਸਿਆਂ ਵਿਚ ਤਾਕਤ ਨਾ ਰਹੀ। ਯਹੋਵਾਹ ਦਾ ਲੱਖ-ਲੱਖ ਸ਼ੁਕਰ ਹੈ ਕਿ ਕਸਰਤ ਅਤੇ ਹੋਰ ਦੂਜੇ ਕਈ ਇਲਾਜਾਂ ਨਾਲ ਮੇਰਾ ਸਰੀਰ ਕੁਝ ਹੱਦ ਤਕ ਪਹਿਲੀ ਹਾਲਤ ਵਿਚ ਆ ਗਿਆ ਹੈ, ਪਰ ਅਜੇ ਵੀ ਮੇਰੇ ਸਰੀਰ ਦੇ ਕਈ ਹਿੱਸੇ ਉੱਦਾਂ ਨਹੀਂ ਕੰਮ ਕਰਦੇ ਜਿੱਦਾਂ ਮੈਂ ਚਾਹੁੰਦਾ ਹਾਂ। ਕਿਉਂਕਿ ਮੈਨੂੰ ਅਜੇ ਵੀ ਜ਼ਬਰਦਸਤ ਸਿਰ ਪੀੜ ਅਤੇ ਹੋਰ ਕਈ ਸਰੀਰਕ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ ਇਸ ਲਈ ਅਜੇ ਤਕ ਮੇਰਾ ਇਲਾਜ ਚੱਲ ਰਿਹਾ ਹੈ।

ਮੈਂ ਜਿੰਨਾ ਚਾਹੁੰਦਾ ਹਾਂ ਚਾਹੇ ਮੈਂ ਯਹੋਵਾਹ ਲਈ ਉੱਨਾ ਨਹੀਂ ਕਰ ਪਾਉਂਦਾ, ਪਰ ਇਹ ਸੋਚ ਕੇ ਮੈਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਮੈਂ ਕਈਆਂ ਨੂੰ ਯਹੋਵਾਹ ਦੇ ਮਕਸਦਾਂ ਬਾਰੇ ਸਿਖਾਇਆ ਤੇ ਉਸ ਦੇ ਸਮਰਪਿਤ ਸੇਵਕ ਬਣਾਉਣ ਵਿਚ ਮਦਦ ਕਰ ਸਕਿਆ। ਇਸ ਤੋਂ ਇਲਾਵਾ ਸ਼ਾਖ਼ਾ ਦੇਖਣ ਆਏ ਭੈਣ-ਭਰਾਵਾਂ ਨਾਲ ਗੱਲਬਾਤ ਕਰਕੇ ਵੀ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਏਦਾਂ ਕਰਨ ਤੇ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਗੱਲਬਾਤ ਰਾਹੀਂ ਇਕ ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹਾਂ।

ਮੈਨੂੰ ਇਹ ਜਾਣ ਕੇ ਸੱਚੀਂ ਬੜੀ ਤਸੱਲੀ ਮਿਲੀ ਹੈ ਕਿ ਯਹੋਵਾਹ ਸਾਡੀ ਸੇਵਾ ਦੀ ਬਹੁਤ ਕਦਰ ਕਰਦਾ ਹੈ ਤੇ ਜੋ ਕੁਝ ਅਸੀਂ ਉਸ ਲਈ ਕੀਤਾ ਹੈ ਉਹ ਬੇਕਾਰ ਨਹੀਂ ਹੈ। (1 ਕੁਰਿੰਥੀਆਂ 15:58) ਆਪਣੀ ਬੀਮਾਰੀ ਦੇ ਬਾਵਜੂਦ, ਮੈਂ ਕੁਲੁੱਸੀਆਂ 3:23, 24 ਦੇ ਸ਼ਬਦ ਹਮੇਸ਼ਾ ਚੇਤੇ ਰੱਖੇ ਹਨ ਜਿੱਥੇ ਲਿਖਿਆ ਹੈ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ। ਕਿਉਂਕਿ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਪ੍ਰਭੁ ਤੋਂ ਅਧਕਾਰ ਦਾ ਫਲ ਮਿਲੇਗਾ।” ਇਸੇ ਸਲਾਹ ਨੂੰ ਦਿਲ ਵਿਚ ਰੱਖ ਕੇ ਮੈਂ ਮੁਸੀਬਤਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਤਨ-ਮਨ ਨਾਲ ਕਰਨੀ ਸਿੱਖੀ ਹੈ।

[ਸਫ਼ੇ 24 ਉੱਤੇ ਤਸਵੀਰ]

ਸੰਨ 1942 ਵਿਚ ਜਦੋਂ ਮੈਂ ਪਾਇਨੀਅਰੀ ਕਰਦਾ ਸੀ

[ਸਫ਼ੇ 24 ਉੱਤੇ ਤਸਵੀਰ]

ਮੇਰੀ ਪਤਨੀ ਨੇ ਮੈਕਸੀਕੋ ਵਿਚ 1947 ਵਿਚ ਮਿਸ਼ਨਰੀ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ

[ਸਫ਼ੇ 24 ਉੱਤੇ ਤਸਵੀਰ]

ਅਸਤਰ ਨਾਲ ਅੱਜ

[ਸਫ਼ੇ 26 ਉੱਤੇ ਤਸਵੀਰਾਂ]

ਉੱਪਰ ਖੱਬੇ: ਸੰਨ 1952 ਵਿਚ ਸਾਡਾ ਮੈਕਸੀਕੋ ਬੈਥਲ ਪਰਿਵਾਰ ਮੇਰੇ ਨਾਲ ਅੱਗੇ

ਉੱਪਰ: 1999 ਵਿਚ ਹੋਏ ਜ਼ਿਲ੍ਹਾ ਸੰਮੇਲਨ ਲਈ ਮੈਕਸੀਕੋ ਸ਼ਹਿਰ ਦੇ ਸਟੇਡੀਅਮ ਵਿਚ 1,09,000 ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋਏ

ਥੱਲੇ ਖੱਬੇ: ਸਾਡੀ ਨਵੀਂ ਸ਼ਾਖ਼ਾ ਇਮਾਰਤ ਪੂਰੀ ਹੋਣ ਨੇੜੇ