Skip to content

Skip to table of contents

ਯੁੱਧ ਦੇ ਜ਼ਖ਼ਮਾਂ ਨੂੰ ਭਰਨਾ

ਯੁੱਧ ਦੇ ਜ਼ਖ਼ਮਾਂ ਨੂੰ ਭਰਨਾ

ਯੁੱਧ ਦੇ ਜ਼ਖ਼ਮਾਂ ਨੂੰ ਭਰਨਾ

ਅਬਰਾਹਾਮ 20 ਸਾਲਾਂ ਤੋਂ ਗੁਰੀਲਾ ਫ਼ੌਜ ਵਿਚ ਸੀ। * ਪਰ ਹੁਣ ਉਸ ਨੇ ਲੜਨਾ ਛੱਡ ਦਿੱਤਾ ਹੈ ਤੇ ਫਿਰ ਕਦੀ ਵੀ ਹਥਿਆਰ ਨਹੀਂ ਚੁੱਕੇਗਾ। ਨਾਲੇ ਜੋ ਲੋਕ ਪਹਿਲਾਂ ਉਸ ਦੇ ਜਾਨੀ ਦੁਸ਼ਮਣ ਸਨ, ਉਹ ਹੁਣ ਉਸ ਦੇ ਜਿਗਰੀ ਦੋਸਤ ਬਣ ਗਏ ਹਨ। ਕਿਸ ਚੀਜ਼ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ? ਬਾਈਬਲ ਨੇ। ਬਾਈਬਲ ਨੇ ਉਸ ਨੂੰ ਇਕ ਵਧੀਆ ਆਸ ਅਤੇ ਅਜਿਹੀ ਸਮਝ ਦਿੱਤੀ ਜਿਸ ਨਾਲ ਉਸ ਨੂੰ ਮਨੁੱਖੀ ਮਾਮਲਿਆਂ ਨੂੰ ਪਰਮੇਸ਼ੁਰ ਦੀ ਨਜ਼ਰ ਨਾਲ ਦੇਖਣ ਵਿਚ ਮਦਦ ਮਿਲੀ। ਬਾਈਬਲ ਨੇ ਉਸ ਦੀ ਲੜਨ ਦੀ ਇੱਛਾ ਨੂੰ ਮਾਰ ਦਿੱਤਾ ਜਿਸ ਕਾਰਨ ਉਸ ਨੇ ਆਪਣੇ ਗਮ, ਦੁੱਖ, ਨਫ਼ਰਤ ਤੇ ਦੁਸ਼ਮਣੀ ਦੇ ਜ਼ਖ਼ਮਾਂ ਨੂੰ ਭਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੇਖਿਆ ਕਿ ਬਾਈਬਲ ਦਿਲ ਦੇ ਜ਼ਖ਼ਮਾਂ ਤੇ ਮੱਲ੍ਹਮ ਲਾਉਂਦੀ ਹੈ।

ਬਾਈਬਲ ਜਜ਼ਬਾਤੀ ਜ਼ਖ਼ਮਾਂ ਨੂੰ ਭਰਨ ਵਿਚ ਇਕ ਵਿਅਕਤੀ ਦੀ ਕਿਵੇਂ ਮਦਦ ਕਰਦੀ ਹੈ? ਅਬਰਾਹਾਮ ਦੀ ਜ਼ਿੰਦਗੀ ਵਿਚ ਪਹਿਲਾਂ ਜੋ ਕੁਝ ਹੋਇਆ, ਬਾਈਬਲ ਉਸ ਨੂੰ ਤਾਂ ਨਹੀਂ ਬਦਲ ਸਕਦੀ। ਪਰ ਅਬਰਾਹਾਮ ਨੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਅਤੇ ਉਸ ਉੱਤੇ ਮਨਨ ਕਰ ਕੇ ਆਪਣੀ ਸੋਚਣੀ ਨੂੰ ਸ੍ਰਿਸ਼ਟੀਕਰਤਾ ਦੀ ਸੋਚਣੀ ਮੁਤਾਬਕ ਢਾਲ਼ ਲਿਆ ਹੈ। ਹੁਣ ਉਸ ਨੂੰ ਚੰਗੇ ਭਵਿੱਖ ਦੀ ਪੱਕੀ ਆਸ ਹੈ ਤੇ ਉਹ ਪਰਮੇਸ਼ੁਰੀ ਗੱਲਾਂ ਨੂੰ ਪਹਿਲ ਦਿੰਦਾ ਹੈ। ਜੋ ਗੱਲਾਂ ਪਰਮੇਸ਼ੁਰ ਦੇ ਮਨ ਨੂੰ ਭਾਉਂਦੀਆਂ ਹਨ, ਉਹੀ ਉਸ ਨੂੰ ਚੰਗੀਆਂ ਲੱਗਦੀਆਂ ਹਨ। ਜਿਉਂ ਹੀ ਇਨ੍ਹਾਂ ਗੱਲਾਂ ਦਾ ਉਸ ਤੇ ਅਸਰ ਹੋਇਆ, ਉਸ ਦੇ ਦਿਲ ਦੇ ਜ਼ਖ਼ਮ ਭਰਨੇ ਸ਼ੁਰੂ ਹੋ ਗਏ। ਇੰਜ ਅਬਰਾਹਾਮ ਨੂੰ ਬਦਲਣ ਵਿਚ ਮਦਦ ਮਿਲੀ।

ਘਰੇਲੂ ਯੁੱਧ

ਅਬਰਾਹਾਮ ਦਾ ਜਨਮ 1930 ਦੇ ਦਹਾਕੇ ਵਿਚ ਅਫ਼ਰੀਕਾ ਵਿਚ ਹੋਇਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਦੇ ਦੇਸ਼ ਉੱਤੇ ਇਕ ਤਾਕਤਵਰ ਗੁਆਂਢੀ ਦੇਸ਼ ਰਾਜ ਕਰਨ ਲੱਗ ਪਿਆ, ਪਰ ਅਬਰਾਹਾਮ ਦੇ ਦੇਸ਼ਵਾਸੀ ਇਸ ਦੇਸ਼ ਤੋਂ ਆਜ਼ਾਦੀ ਚਾਹੁੰਦੇ ਸਨ। ਇਸ ਲਈ, ਅਬਰਾਹਾਮ ਵੀ 1961 ਵਿਚ ਇਸ ਆਜ਼ਾਦੀ ਦੇ ਘੋਲ ਵਿਚ ਸ਼ਾਮਲ ਹੋ ਗਿਆ ਤੇ ਗੁਆਂਢੀ ਦੇਸ਼ ਦੇ ਖ਼ਿਲਾਫ਼ ਗੁਰੀਲਾ ਯੁੱਧ ਵਿਚ ਲੜਿਆ।

ਅਬਰਾਹਾਮ ਕਹਿੰਦਾ ਹੈ: “ਉਹ ਸਾਡੇ ਦੁਸ਼ਮਣ ਸਨ। ਉਨ੍ਹਾਂ ਨੇ ਸਾਨੂੰ ਮਾਰਨ ਦੀ ਜੁਗਤ ਬਣਾਈ ਸੀ, ਪਰ ਅਸੀਂ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।”

ਅਬਰਾਹਾਮ ਦੀ ਜ਼ਿੰਦਗੀ ਹਮੇਸ਼ਾ ਖ਼ਤਰੇ ਵਿਚ ਰਹਿੰਦੀ ਸੀ, ਇਸ ਲਈ 1982 ਵਿਚ 20 ਸਾਲਾਂ ਤਕ ਲੜਾਈ ਲੜਨ ਤੋਂ ਬਾਅਦ ਉਹ ਯੂਰਪ ਭੱਜ ਗਿਆ। ਉਸ ਵੇਲੇ ਉਸ ਦੀ ਉਮਰ 48-49 ਸਾਲਾਂ ਦੀ ਸੀ। ਹੁਣ ਅਬਰਾਹਮ ਕੋਲ ਕਾਫ਼ੀ ਸਮਾਂ ਹੋਣ ਕਰਕੇ ਉਹ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗ ਪਿਆ। ਉਸ ਦੇ ਸੁਪਨਿਆਂ ਦਾ ਕੀ ਬਣਿਆ? ਉਸ ਦਾ ਭਵਿੱਖ ਕਿੱਦਾਂ ਦਾ ਹੋਵੇਗਾ? ਅਬਰਾਹਾਮ ਯਹੋਵਾਹ ਦੇ ਕੁਝ ਗਵਾਹਾਂ ਨੂੰ ਮਿਲਿਆ ਤੇ ਉਹ ਉਨ੍ਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਉਸ ਨੂੰ ਯਾਦ ਆਇਆ ਕਿ ਕੁਝ ਸਾਲ ਪਹਿਲਾਂ ਉਸ ਨੇ ਅਫ਼ਰੀਕਾ ਵਿਚ ਇਕ ਗਵਾਹ ਵੱਲੋਂ ਦਿੱਤੇ ਟ੍ਰੈਕਟ ਨੂੰ ਪੜ੍ਹਿਆ ਸੀ। ਇਸ ਟ੍ਰੈਕਟ ਵਿਚ ਧਰਤੀ ਉੱਤੇ ਆਉਣ ਵਾਲੇ ਨਵੇਂ ਫਿਰਦੌਸ ਤੇ ਸਵਰਗੀ ਸਰਕਾਰ ਬਾਰੇ ਦੱਸਿਆ ਗਿਆ ਸੀ ਜੋ ਸਾਰੇ ਲੋਕਾਂ ਉੱਤੇ ਰਾਜ ਕਰੇਗੀ। ਕੀ ਸੱਚ-ਮੁੱਚ ਇੱਦਾਂ ਹੋ ਸਕਦਾ ਹੈ?

ਅਬਰਾਹਾਮ ਕਹਿੰਦਾ ਹੈ: “ਮੈਂ ਬਾਈਬਲ ਵਿੱਚੋਂ ਸਿੱਖਿਆ ਕਿ ਲੜਾਈ ਲੜਨ ਵਿਚ ਮੈਂ ਜਿੰਨੇ ਸਾਲ ਗੁਜ਼ਾਰੇ ਸਨ, ਉਹ ਐਵੇਂ ਹੀ ਗਏ। ਸਿਰਫ਼ ਪਰਮੇਸ਼ੁਰ ਦੀ ਸਰਕਾਰ ਹੀ ਸਾਰਿਆਂ ਨੂੰ ਇਨਸਾਫ਼ ਦਿਲਾ ਸਕਦੀ ਹੈ।”

ਅਬਰਾਹਾਮ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਉਸ ਤੋਂ ਥੋੜ੍ਹੇ ਹੀ ਸਮੇਂ ਬਾਅਦ, ਰੋਬਰਟ ਨਾਂ ਦਾ ਇਕ ਆਦਮੀ ਅਫ਼ਰੀਕਾ ਤੋਂ ਭੱਜ ਕੇ ਯੂਰਪ ਦੇ ਉਸੇ ਸ਼ਹਿਰ ਵਿਚ ਆ ਗਿਆ ਜਿੱਥੇ ਅਬਰਾਹਾਮ ਰਹਿੰਦਾ ਸੀ। ਰੋਬਰਟ ਤੇ ਅਬਰਾਹਾਮ ਦੋਵੇਂ ਇੱਕੋ ਯੁੱਧ ਵਿਚ ਲੜੇ ਸਨ, ਪਰ ਇਕ ਦੂਜੇ ਦੇ ਖ਼ਿਲਾਫ਼। ਰੋਬਰਟ ਅਕਸਰ ਜ਼ਿੰਦਗੀ ਦੇ ਅਸਲੀ ਮਕਸਦ ਬਾਰੇ ਸੋਚਦਾ ਰਹਿੰਦਾ ਸੀ। ਉਹ ਇਕ ਧਾਰਮਿਕ ਬੰਦਾ ਸੀ ਤੇ ਉਸ ਨੇ ਬਾਈਬਲ ਦੇ ਕੁਝ ਹਿੱਸਿਆਂ ਨੂੰ ਪੜ੍ਹਿਆ ਸੀ ਜਿਸ ਕਰਕੇ ਉਹ ਜਾਣਦਾ ਸੀ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਜਦੋਂ ਅਬਰਾਹਾਮ ਦੀ ਕਲੀਸਿਯਾ ਦੇ ਗਵਾਹਾਂ ਨੇ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਰੋਬਰਟ ਨੂੰ ਮਦਦ ਦੀ ਪੇਸ਼ਕਸ਼ ਕੀਤੀ, ਤਾਂ ਉਹ ਝੱਟ ਮੰਨ ਗਿਆ।

ਰੋਬਰਟ ਕਹਿੰਦਾ ਹੈ: “ਜਿਸ ਤਰੀਕੇ ਨਾਲ ਯਹੋਵਾਹ ਦੇ ਗਵਾਹ, ਪਰਮੇਸ਼ੁਰ ਤੇ ਯਿਸੂ ਦੇ ਨਾਵਾਂ ਦਾ ਇਸਤੇਮਾਲ ਕਰਦੇ ਹਨ, ਉਸ ਤੋਂ ਮੈਂ ਪਹਿਲਾਂ ਹੀ ਬੜਾ ਪ੍ਰਭਾਵਿਤ ਹੋਇਆ ਕਿਉਂਕਿ ਇਨ੍ਹਾਂ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੇ ਯਿਸੂ ਦੋ ਵੱਖੋ-ਵੱਖਰੀਆਂ ਹਸਤੀਆਂ ਹਨ। ਮੈਂ ਇਹ ਜਾਣਕਾਰੀ ਬਾਈਬਲ ਵਿੱਚੋਂ ਪਹਿਲਾਂ ਹੀ ਲੈ ਚੁੱਕਾ ਸਾਂ। ਇਸ ਤੋਂ ਇਲਾਵਾ, ਗਵਾਹ ਸਾਫ਼-ਸੁਥਰੇ ਵੀ ਰਹਿੰਦੇ ਹਨ ਤੇ ਦੂਜਿਆਂ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਹਨ ਤੇ ਉਹ ਕੋਈ ਕੌਮੀ ਭੇਦ-ਭਾਵ ਨਹੀਂ ਕਰਦੇ। ਇਨ੍ਹਾਂ ਗੱਲਾਂ ਨੇ ਮੇਰੇ ਉੱਤੇ ਬੜਾ ਡੂੰਘਾ ਅਸਰ ਕੀਤਾ।”

ਦੁਸ਼ਮਣ ਜੋ ਦੋਸਤ ਬਣ ਗਏ

ਰੋਬਰਟ ਤੇ ਅਬਰਾਹਾਮ ਜੋ ਪਹਿਲਾਂ ਕਦੀ ਇਕ ਦੂਜੇ ਦੇ ਜਾਨੀ ਦੁਸ਼ਮਣ ਹੁੰਦੇ ਸਨ, ਹੁਣ ਪੱਕੇ ਦੋਸਤ ਹਨ। ਉਹ ਦੋਵੇਂ ਯਹੋਵਾਹ ਦੇ ਗਵਾਹਾਂ ਦੀ ਇੱਕੋ ਕਲੀਸਿਯਾ ਵਿਚ ਨਿਯਮਿਤ ਪਾਇਨੀਅਰੀ ਕਰ ਰਹੇ ਹਨ। ਅਬਰਾਹਾਮ ਕਹਿੰਦਾ ਹੈ: “ਯੁੱਧ ਦੌਰਾਨ ਅਕਸਰ ਮੈਂ ਸੋਚਦਾ ਰਹਿੰਦਾ ਸਾਂ ਕਿ ਗੁਆਂਢੀ ਦੇਸ਼ਾਂ ਦੇ ਲੋਕ ਕਿੱਦਾਂ ਇਕ-ਦੂਜੇ ਨੂੰ ਨਫ਼ਰਤ ਕਰ ਸਕਦੇ ਹਨ ਜਦ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਇੱਕੋ ਹੀ ਧਰਮ ਦੇ ਸਨ। ਰੋਬਰਟ ਤੇ ਮੈਂ ਇੱਕੋ ਚਰਚ ਨਾਲ ਸੰਬੰਧ ਰੱਖਦੇ ਸਾਂ, ਪਰ ਅਸੀਂ ਦੋਵਾਂ ਨੇ ਇਕ-ਦੂਜੇ ਦੇ ਖ਼ਿਲਾਫ਼ ਯੁੱਧ ਲੜਿਆ। ਹੁਣ ਅਸੀਂ ਦੋਵੇਂ ਯਹੋਵਾਹ ਦੇ ਗਵਾਹ ਹਾਂ ਤੇ ਸਾਡੇ ਸਾਂਝੇ ਵਿਸ਼ਵਾਸਾਂ ਨੇ ਸਾਨੂੰ ਇਕਜੁੱਟ ਕਰ ਦਿੱਤਾ ਹੈ।”

ਰੋਬਰਟ ਅੱਗੇ ਕਹਿੰਦਾ ਹੈ: “ਇਹੀ ਤਾਂ ਫ਼ਰਕ ਹੈ। ਹੁਣ ਅਸੀਂ ਆਪਣੇ ਇਸੇ ਵਿਸ਼ਵਾਸ ਕਰਕੇ ਇਕ ਸੱਚੇ ਭਾਈਚਾਰੇ ਦਾ ਹਿੱਸਾ ਹਾਂ। ਹੁਣ ਅਸੀਂ ਕਦੇ ਵੀ ਯੁੱਧ ਲੜਨ ਨਹੀਂ ਜਾਵਾਂਗੇ।” ਬਾਈਬਲ ਨੇ ਇਨ੍ਹਾਂ ਪੁਰਾਣੇ ਦੁਸ਼ਮਣਾਂ ਦੇ ਦਿਲਾਂ ਤੇ ਡੂੰਘਾ ਅਸਰ ਕੀਤਾ। ਇਕ-ਦੂਜੇ ਪ੍ਰਤੀ ਨਫ਼ਰਤ ਤੇ ਕੜਵਾਹਟ ਹੌਲੀ-ਹੌਲੀ ਭਰੋਸੇ ਤੇ ਦੋਸਤੀ ਵਿਚ ਬਦਲ ਗਈ।

ਜਦੋਂ ਅਬਰਾਹਾਮ ਤੇ ਰੋਬਰਟ ਯੁੱਧ ਵਿਚ ਲੜ ਰਹੇ ਸਨ, ਤਾਂ ਉਸੇ ਵੇਲੇ ਦੋ ਹੋਰ ਗੁਆਂਢੀ ਦੇਸ਼ਾਂ ਵਿਚਕਾਰ ਹੋ ਰਹੀ ਲੜਾਈ ਵਿਚ ਦੋ ਹੋਰ ਨੌਜਵਾਨ ਇਕ ਦੂਜੇ ਦੇ ਖ਼ਿਲਾਫ਼ ਲੜ ਰਹੇ ਸਨ। ਜਲਦੀ ਹੀ ਬਾਈਬਲ ਨੇ ਇਨ੍ਹਾਂ ਨੌਜਵਾਨਾਂ ਦੇ ਦਿਲਾਂ ਦੇ ਜ਼ਖ਼ਮਾਂ ਤੇ ਵੀ ਮੱਲ੍ਹਮ ਲਾਈ। ਉਹ ਕਿਵੇਂ?

ਮਾਰੋ ਤੇ ਫਿਰ ਖ਼ੁਦ ਸ਼ਹੀਦ ਦੀ ਮੌਤ ਮਰੋ

ਗੈਬਰੀਏਲ ਦੀ ਪਰਵਰਿਸ਼ ਇਕ ਅਜਿਹੇ ਪਰਿਵਾਰ ਵਿਚ ਹੋਈ ਜੋ ਧਰਮ ਨੂੰ ਬੜਾ ਮੰਨਦਾ ਸੀ। ਉਸ ਨੂੰ ਸਿਖਾਇਆ ਗਿਆ ਸੀ ਕਿ ਉਸ ਦਾ ਦੇਸ਼ ਇਕ ਪਵਿੱਤਰ ਯੁੱਧ ਲੜ ਰਿਹਾ ਸੀ। ਇਸ ਲਈ 19 ਸਾਲਾਂ ਦੀ ਉਮਰ ਵਿਚ ਉਹ ਫ਼ੌਜ ਵਿਚ ਭਰਤੀ ਹੋ ਗਿਆ ਤੇ ਉਸ ਨੇ ਖ਼ੁਦ ਆਪਣੇ ਅਫ਼ਸਰਾਂ ਨੂੰ ਪੁੱਛਿਆ ਕਿ ਉਹ ਉਸ ਨੂੰ ਮੋਰਚੇ ਤੇ ਭੇਜਣ। ਉਹ 13 ਮਹੀਨਿਆਂ ਤਕ ਇਸ ਭਿਆਨਕ ਯੁੱਧ ਵਿਚ ਲੜਿਆ। ਕਦੀ-ਕਦੀ ਉਹ ਆਪਣੇ ਦੁਸ਼ਮਣ ਤੋਂ ਸਿਰਫ਼ ਡੇਢ ਕਿਲੋਮੀਟਰ ਦੀ ਦੂਰੀ ਤੇ ਹੀ ਹੁੰਦਾ ਸੀ। ਉਹ ਕਹਿੰਦਾ ਹੈ ਕਿ “ਮੈਨੂੰ ਖ਼ਾਸ ਕਰਕੇ ਇਕ ਮੌਕੇ ਬਾਰੇ ਯਾਦ ਹੈ ਜਦੋਂ ਸਾਡੇ ਕਮਾਂਡਰ ਨੇ ਸਾਨੂੰ ਦੱਸਿਆ ਕਿ ਦੁਸ਼ਮਣ ਅੱਜ ਰਾਤ ਨੂੰ ਹਮਲਾ ਕਰੇਗਾ। ਅਸੀਂ ਇੰਨੇ ਜੋਸ਼ ਵਿਚ ਸਾਂ ਕਿ ਅਸੀਂ ਸਾਰੀ ਰਾਤ ਗੋਲਾਬਾਰੀ ਕਰਦੇ ਰਹੇ।” ਉਹ ਆਪਣੇ ਗੁਆਂਢੀ ਦੇਸ਼ ਦੇ ਲੋਕਾਂ ਨੂੰ ਆਪਣੇ ਕੱਟੜ ਦੁਸ਼ਮਣ ਸਮਝਦਾ ਸੀ ਜਿਨ੍ਹਾਂ ਨੂੰ ਜੀਉਣ ਦਾ ਕੋਈ ਹੱਕ ਨਹੀਂ। ਉਹ ਕਹਿੰਦਾ ਹੈ: “ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ। ਫਿਰ ਆਪਣੇ ਦੋਸਤਾਂ ਵਾਂਗ ਮੈਂ ਇਕ ਸ਼ਹੀਦ ਦੀ ਮੌਤ ਮਰਨਾ ਚਾਹੁੰਦਾ ਸੀ।”

ਪਰ ਕੁਝ ਸਮੇਂ ਬਾਅਦ ਗੈਬਰੀਏਲ ਨਿਰਾਸ਼ ਹੋ ਗਿਆ। ਉਹ ਪਹਾੜਾਂ ਵੱਲ ਭੱਜ ਗਿਆ ਤੇ ਰੀਂਗ-ਰੀਂਗ ਕੇ ਦੇਸ਼ ਦੀ ਹੱਦ ਪਾਰ ਕਰ ਕੇ ਇਕ ਨਿਰਪੱਖ ਦੇਸ਼ ਵਿਚ ਚਲਾ ਗਿਆ। ਉੱਥੋਂ ਉਹ ਯੂਰਪ ਚਲਾ ਗਿਆ। ਉਹ ਪਰਮੇਸ਼ੁਰ ਕੋਲੋਂ ਇਹੀ ਪੁੱਛਦਾ ਰਹਿੰਦਾ ਸੀ ਕਿ ਜ਼ਿੰਦਗੀ ਕਿਉਂ ਐਨੀ ਮੁਸ਼ਕਲਾਂ ਨਾਲ ਭਰੀ ਹੋਈ ਹੈ, ਕੀ ਇਹ ਮੁਸ਼ਕਲਾਂ ਪਰਮੇਸ਼ੁਰ ਵੱਲੋਂ ਸਜ਼ਾ ਹਨ। ਉਸ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ ਜਿਨ੍ਹਾਂ ਨੇ ਉਸ ਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਕਿਉਂ ਜ਼ਿੰਦਗੀ ਅੱਜ ਇੰਨੀਆਂ ਮੁਸ਼ਕਲਾਂ ਨਾਲ ਭਰੀ ਹੋਈ ਹੈ।—ਮੱਤੀ 24:3-14; 2 ਤਿਮੋਥਿਉਸ 3:1-5.

ਇਸ ਤੋਂ ਇਲਾਵਾ, ਗੈਬਰੀਏਲ ਨੇ ਬਾਈਬਲ ਵਿੱਚੋਂ ਹੋਰ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਜਿਨ੍ਹਾਂ ਨਾਲ ਉਸ ਨੂੰ ਅਹਿਸਾਸ ਹੋਇਆ ਕਿ ਬਾਈਬਲ ਵਿਚ ਹੀ ਸੱਚਾਈ ਹੈ। ਉਹ ਕਹਿੰਦਾ ਹੈ: “ਮੈਂ ਸਿੱਖਿਆ ਕਿ ਅਸੀਂ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿ ਸਕਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਮੈਂ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਜ਼ਿੰਦਗੀ ਦੀ ਤਾਂਘ ਰੱਖਦਾ ਸੀ।” ਬਾਈਬਲ ਤੋਂ ਗੈਬਰੀਏਲ ਨੂੰ ਤਸੱਲੀ ਤੇ ਉਸ ਦੇ ਦੁਖੀ ਦਿਲ ਨੂੰ ਸ਼ਾਂਤੀ ਮਿਲੀ। ਇੰਜ ਉਸ ਦੇ ਡੂੰਘੇ ਜਜ਼ਬਾਤੀ ਜ਼ਖ਼ਮ ਭਰਨੇ ਸ਼ੁਰੂ ਹੋ ਗਏ। ਫਿਰ ਉਸ ਨੂੰ ਆਪਣਾ ਪੁਰਾਣਾ ਦੁਸ਼ਮਣ ਡੈਨੀਏਲ ਮਿਲਿਆ। ਉਸ ਨੂੰ ਮਿਲਣ ਸਮੇਂ ਗੈਬਰੀਏਲ ਦੇ ਮਨ ਵਿਚ ਕੋਈ ਨਫ਼ਰਤ ਦੀ ਭਾਵਨਾ ਨਹੀਂ ਸੀ। ਪਰ ਡੈਨੀਏਲ ਕਿੱਦਾਂ ਯੂਰਪ ਆ ਗਿਆ?

“ਜੇ ਤੂੰ ਵਾਕਈ ਹੈਂ, ਤਾਂ ਮੇਰੀ ਮਦਦ ਕਰ!”

ਡੈਨੀਏਲ ਇਕ ਕੈਥੋਲਿਕ ਪਰਿਵਾਰ ਵਿਚ ਜੰਮਿਆ-ਪਲਿਆ ਸੀ ਤੇ 18 ਸਾਲ ਦੀ ਉਮਰ ਵਿਚ ਉਸ ਨੂੰ ਮਿਲਟਰੀ ਸੇਵਾ ਲਈ ਬੁਲਾਇਆ ਗਿਆ। ਉਸ ਨੂੰ ਵੀ ਉਸੇ ਯੁੱਧ ਵਿਚ ਲੜਨ ਲਈ ਭੇਜਿਆ ਗਿਆ ਸੀ ਜਿਸ ਵਿਚ ਗੈਬਰੀਏਲ ਲੜ ਰਿਹਾ ਸੀ, ਪਰ ਉਹ ਵਿਰੋਧੀ ਧਿਰ ਵੱਲੋਂ ਲੜ ਰਿਹਾ ਸੀ। ਡੈਨੀਏਲ ਜਦੋਂ ਯੁੱਧ ਮੋਰਚੇ ਦੇ ਨੇੜੇ ਟੈਂਕ ਵਿਚ ਸੀ, ਤਾਂ ਟੈਂਕ ਉੱਤੇ ਇਕ ਬੰਬ ਡਿੱਗਿਆ। ਉਸ ਦੇ ਸਾਰੇ ਦੋਸਤ ਮਾਰੇ ਗਏ ਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਬੰਦੀ ਬਣਾ ਲਿਆ ਗਿਆ। ਉਸ ਨੇ ਕਈ ਮਹੀਨੇ ਹਸਪਤਾਲ ਅਤੇ ਜੇਲ੍ਹ ਵਿਚ ਗੁਜ਼ਾਰੇ ਤੇ ਫਿਰ ਉਸ ਨੂੰ ਦੇਸ਼ਨਿਕਾਲਾ ਦੇ ਕੇ ਇਕ ਨਿਰਪੱਖ ਦੇਸ਼ ਵਿਚ ਭੇਜ ਦਿੱਤਾ ਗਿਆ। ਉੱਥੇ ਉਹ ਇਕੱਲਾ ਤੇ ਕੰਗਾਲ ਹੋ ਚੁੱਕਾ ਸੀ ਜਿਸ ਕਾਰਨ ਉਸ ਨੇ ਆਤਮ-ਹੱਤਿਆ ਕਰਨ ਦੀ ਸੋਚੀ। ਡੈਨੀਏਲ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਜੇ ਤੂੰ ਵਾਕਈ ਹੈਂ, ਤਾਂ ਮੇਰੀ ਮਦਦ ਕਰ!” ਅਗਲੇ ਹੀ ਦਿਨ ਉਸ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ ਤੇ ਉਨ੍ਹਾਂ ਨੇ ਉਸ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਆਖ਼ਰਕਾਰ ਉਹ ਇਕ ਸ਼ਰਨਾਰਥੀ ਵਜੋਂ ਯੂਰਪ ਚਲਾ ਗਿਆ। ਉੱਥੇ ਇਕ ਵਾਰ ਫਿਰ ਡੈਨੀਏਲ ਗਵਾਹਾਂ ਨੂੰ ਮਿਲਿਆ ਤੇ ਬਾਈਬਲ ਦੀ ਸਟੱਡੀ ਕੀਤੀ। ਡੈਨੀਏਲ ਨੇ ਜੋ ਗੱਲਾਂ ਸਿੱਖੀਆਂ ਸਨ, ਉਨ੍ਹਾਂ ਨੇ ਉਸ ਦੀ ਚਿੰਤਾ ਤੇ ਦੁਸ਼ਮਣੀ ਦੀ ਅੱਗ ਨੂੰ ਸ਼ਾਂਤ ਕਰ ਦਿੱਤਾ।

ਗੈਬਰੀਏਲ ਤੇ ਡੈਨੀਏਲ ਹੁਣ ਚੰਗੇ ਦੋਸਤ ਹਨ ਤੇ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹਾਂ ਵਜੋਂ ਅਧਿਆਤਮਿਕ ਭਾਈਚਾਰੇ ਵਿਚ ਇਕਮੁੱਠ ਹੋ ਕੇ ਰਹਿੰਦੇ ਹਨ। ਗੈਬਰੀਏਲ ਕਹਿੰਦਾ ਹੈ: “ਯਹੋਵਾਹ ਪ੍ਰਤੀ ਮੇਰੇ ਪਿਆਰ ਤੇ ਬਾਈਬਲ ਦੇ ਗਿਆਨ ਨੇ ਯਹੋਵਾਹ ਵਾਂਗ ਸੋਚਣ ਵਿਚ ਮੇਰੀ ਮਦਦ ਕੀਤੀ। ਡੈਨੀਏਲ ਹੁਣ ਮੇਰਾ ਦੁਸ਼ਮਣ ਨਹੀਂ ਹੈ। ਕੁਝ ਸਾਲ ਪਹਿਲਾਂ ਉਸ ਨੂੰ ਮਾਰ ਕੇ ਮੈਨੂੰ ਸ਼ਾਇਦ ਬੜੀ ਖ਼ੁਸ਼ੀ ਹੁੰਦੀ। ਪਰ ਬਾਈਬਲ ਨੇ ਮੈਨੂੰ ਇਸ ਦੇ ਬਿਲਕੁਲ ਉਲਟ ਸਿਖਾਇਆ ਹੈ ਕਿ ਮੈਂ ਡੈਨੀਏਲ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਾਂ।”

ਡੈਨੀਏਲ ਕਹਿੰਦਾ ਹੈ: “ਮੈਂ ਦੇਖਿਆ ਕਿ ਯੁੱਧ ਵਿਚ ਵੱਖ-ਵੱਖ ਧਰਮਾਂ ਤੇ ਕੌਮਾਂ ਦੇ ਲੋਕ ਇਕ-ਦੂਜੇ ਦਾ ਕਤਲ ਕਰ ਰਹੇ ਸਨ। ਅਤੇ ਦੋਵੇਂ ਧਿਰਾਂ ਦੇ ਲੋਕ ਇੱਕੋ ਹੀ ਧਰਮ ਦੇ ਹੋ ਕੇ ਇਕ-ਦੂਏ ਦੀ ਜਾਨ ਲੈ ਰਹੇ ਸਨ। ਇਹ ਸਭ ਕੁਝ ਦੇਖ ਕੇ ਮੈਨੂੰ ਲੱਗਾ ਕਿ ਇਸ ਵਿਚ ਸਾਰਾ ਕਸੂਰ ਪਰਮੇਸ਼ੁਰ ਦਾ ਹੀ ਹੈ। ਪਰ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਇਨ੍ਹਾਂ ਸਾਰੇ ਲੜਾਈ-ਝਗੜਿਆਂ ਦੀ ਜੜ੍ਹ ਸ਼ਤਾਨ ਹੈ। ਹੁਣ ਗੈਬਰੀਏਲ ਤੇ ਮੈਂ ਦੋਵੇਂ ਸੰਗੀ ਵਿਸ਼ਵਾਸੀ ਹਾਂ। ਹੁਣ ਅਸੀਂ ਕਦੇ ਵੀ ਨਹੀਂ ਲੜਾਂਗੇ!”

“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ”

ਕਿਸ ਗੱਲ ਨੇ ਅਬਰਾਹਾਮ, ਰੋਬਰਟ, ਗੈਬਰੀਏਲ, ਤੇ ਡੈਨੀਏਲ ਦੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ? ਉਹ ਆਪਣੇ ਦਿਲਾਂ ਵਿੱਚੋਂ ਕਿਵੇਂ ਡੂੰਘੀ ਨਫ਼ਰਤ ਤੇ ਦੁੱਖ ਦੀਆਂ ਭਾਵਨਾਵਾਂ ਨੂੰ ਮਿਟਾ ਸਕੇ?

ਇਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਦੇ ਬਚਨ, ਬਾਈਬਲ ਜੋ “ਜੀਉਂਦਾ ਤੇ ਗੁਣਕਾਰ ਹੈ,” ਨੂੰ ਪੜ੍ਹਿਆ ਤੇ ਉਸ ਉੱਤੇ ਮਨਨ ਕਰ ਕੇ ਸੱਚਾਈ ਨੂੰ ਜਾਣਿਆ। (ਇਬਰਾਨੀਆਂ 4:12) ਬਾਈਬਲ ਦਾ ਲੇਖਕ ਸਾਰੀ ਮਨੁੱਖਜਾਤੀ ਦਾ ਸ੍ਰਿਸ਼ਟੀਕਰਤਾ ਹੈ ਜਿਹੜਾ ਜਾਣਦਾ ਹੈ ਕਿ ਉਸ ਇਨਸਾਨ ਦੇ ਦਿਲ ਤੇ ਕਿਵੇਂ ਚੰਗਾ ਪ੍ਰਭਾਵ ਪਾਉਣਾ ਹੈ ਜਿਹੜਾ ਸੁਣਨ ਤੇ ਸਿੱਖਣ ਲਈ ਤਿਆਰ ਹੈ। “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” ਇਕ ਵਾਰ ਜਦੋਂ ਕੋਈ ਵੀ ਇਨਸਾਨ ਬਾਈਬਲ ਪੜ੍ਹ ਕੇ ਉਸ ਵਿਚ ਲਿਖੀਆਂ ਗੱਲਾਂ ਉੱਤੇ ਚੱਲਣਾ ਸ਼ੁਰੂ ਕਰਦਾ ਹੈ, ਤਾਂ ਉਹ ਨਵੇਂ ਵਿਚਾਰਾਂ ਤੇ ਗੁਣਾਂ ਨੂੰ ਅਪਣਾਉਣ ਲੱਗਦਾ ਹੈ। ਉਹ ਯਹੋਵਾਹ ਵਾਂਗ ਸੋਚਣਾ ਸ਼ੁਰੂ ਕਰ ਦਿੰਦਾ ਹੈ। ਇੰਜ ਕਰਨ ਨਾਲ ਬਹੁਤ ਸਾਰੇ ਫ਼ਾਇਦੇ ਤਾਂ ਹੁੰਦੇ ਹੀ ਹਨ ਪਰ ਨਾਲ ਹੀ ਯੁੱਧ ਦੇ ਜ਼ਖ਼ਮ ਵੀ ਭਰਨੇ ਸ਼ੁਰੂ ਹੋ ਜਾਂਦੇ ਹਨ।​—2 ਤਿਮੋਥਿਉਸ 3:16.

ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਕੋਈ ਵੀ ਕੌਮ, ਜਾਤ, ਜਾਂ ਨਸਲ ਦੂਜਿਆਂ ਨਾਲੋਂ ਉੱਚੀ ਜਾਂ ਨੀਵੀਂ ਨਹੀਂ ਹੈ। “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” ਜਿਹੜਾ ਇਨਸਾਨ ਇਸ ਗੱਲ ਨੂੰ ਸਮਝ ਲੈਂਦਾ ਹੈ, ਬਾਈਬਲ ਉਸ ਨੂੰ ਹੌਲੀ-ਹੌਲੀ ਨਸਲੀ ਜਾਂ ਕੌਮੀ ਨਫ਼ਰਤ ਦੀਆਂ ਭਾਵਨਾਵਾਂ ਤੇ ਕਾਬੂ ਪਾਉਣ ਵਿਚ ਮਦਦ ਦਿੰਦੀ ਹੈ।​—ਰਸੂਲਾਂ ਦੇ ਕਰਤੱਬ 10:34, 35.

ਬਾਈਬਲ ਦੀਆਂ ਭਵਿੱਖਬਾਣੀਆਂ ਇਹ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਜਲਦੀ ਹੀ ਇਸ ਮੌਜੂਦਾ ਮਨੁੱਖੀ ਹਕੂਮਤ ਨੂੰ ਖ਼ਤਮ ਕਰ ਕੇ ਆਪਣਾ ਮਸੀਹੀ ਰਾਜ ਲਿਆਵੇਗਾ। ਆਪਣੀ ਇਸ ਹਕੂਮਤ ਦੁਆਰਾ ਪਰਮੇਸ਼ੁਰ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ” ਦੇਵੇਗਾ। ਯੁੱਧਾਂ ਦੀ ਹਿਮਾਇਤ ਕਰਨ ਵਾਲੀਆਂ ਸੰਸਥਾਵਾਂ, ਜੋ ਲੋਕਾਂ ਨੂੰ ਲੜਨ ਲਈ ਭੜਕਾਉਂਦੀਆਂ ਹਨ, ਨੂੰ ਨਾਸ਼ ਕਰ ਦਿੱਤਾ ਜਾਵੇਗਾ। ਯੁੱਧ ਦੇ ਸ਼ਿਕਾਰ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਫਿਰ ਕਿਸੇ ਨੂੰ ਵੀ ਹਮਲਾਵਰਾਂ ਜਾਂ ਅਤਿਆਚਾਰੀਆਂ ਤੋਂ ਭੱਜਣ ਦੀ ਲੋੜ ਨਹੀਂ ਪਵੇਗੀ।​—ਜ਼ਬੂਰ 46:9; ਦਾਨੀਏਲ 2:44; ਰਸੂਲਾਂ ਦੇ ਕਰਤੱਬ 24:15.

ਉਸ ਸਮੇਂ ਰਹਿਣ ਵਾਲੇ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ . . . ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ।” ਉਸ ਵੇਲੇ ਕੋਈ ਵੀ ਇੱਦਾਂ ਦਾ ਨੁਕਸਾਨ ਜਾਂ ਜ਼ਖ਼ਮ ਨਹੀਂ ਹੋਵੇਗਾ ਜਿਸ ਨੂੰ ਭਰਿਆ ਨਾ ਜਾ ਸਕੇ। ਅਜਿਹੀ ਉਮੀਦ ਵਿਚ ਭਰੋਸਾ ਰੱਖਣ ਨਾਲ ਇਕ ਵਿਅਕਤੀ ਦੇ ਦਿਲ ਵਿੱਚੋਂ ਦੁੱਖ ਤੇ ਗਮ ਹੌਲੀ-ਹੌਲੀ ਮਿਟਣੇ ਸ਼ੁਰੂ ਹੋ ਜਾਂਦੇ ਹਨ।—ਯਸਾਯਾਹ 65:21-23.

ਵਾਕਈ ਬਾਈਬਲ ਦਿਲ ਦੇ ਜ਼ਖ਼ਮਾਂ ਤੇ ਮੱਲ੍ਹਮ ਲਾਉਂਦੀ ਹੈ। ਇਸ ਦੀਆਂ ਸਿੱਖਿਆਵਾਂ ਪਹਿਲਾਂ ਹੀ ਯੁੱਧ ਦੇ ਜ਼ਖ਼ਮਾਂ ਨੂੰ ਭਰ ਰਹੀਆਂ ਹਨ। ਪਹਿਲਾਂ ਜੋ ਦੁਸ਼ਮਣ ਹੁੰਦੇ ਸਨ, ਹੁਣ ਉਹ ਇਕ ਅੰਤਰਰਾਸ਼ਟਰੀ ਭਾਈਚਾਰੇ ਵਿਚ ਇਕਮੁੱਠ ਹੋ ਰਹੇ ਹਨ। ਇਹ ਜ਼ਖ਼ਮ ਭਰਨ ਦਾ ਕੰਮ ਪਰਮੇਸ਼ੁਰ ਦੇ ਨਵੇਂ ਰਾਜ ਵਿਚ ਵੀ ਚੱਲਦਾ ਰਹੇਗਾ ਜਦੋਂ ਤਕ ਕਿ ਮਨੁੱਖਜਾਤੀ ਦੇ ਦਿਲਾਂ ਵਿੱਚੋਂ ਨਫ਼ਰਤ ਤੇ ਦੁਸ਼ਮਣੀ, ਗਮ ਤੇ ਦੁੱਖ ਨਹੀਂ ਮਿਟ ਜਾਂਦੇ। ਸਾਡਾ ਸ੍ਰਿਸ਼ਟੀਕਰਤਾ ਵਾਅਦਾ ਕਰਦਾ ਹੈ ਕਿ “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”​—ਯਸਾਯਾਹ 65:17.

[ਫੁਟਨੋਟ]

^ ਪੈਰਾ 2 ਇਸ ਲੇਖ ਵਿਚ ਕੁਝ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 4 ਉੱਤੇ ਸੁਰਖੀ]

“ਮੈਂ ਬਾਈਬਲ ਵਿੱਚੋਂ ਸਿੱਖਿਆ ਕਿ ਲੜਾਈ ਲੜਨ ਵਿਚ ਮੈਂ ਜਿੰਨੇ ਸਾਲ ਗੁਜ਼ਾਰੇ ਸਨ, ਉਹ ਐਵੇਂ ਹੀ ਗਏ”

[ਸਫ਼ੇ 5 ਉੱਤੇ ਸੁਰਖੀ]

ਬਾਈਬਲ ਪੁਰਾਣੇ ਦੁਸ਼ਮਣਾਂ ਦੇ ਦਿਲਾਂ ਤੇ ਡੂੰਘਾ ਅਸਰ ਪਾ ਸਕਦੀ ਹੈ

[ਸਫ਼ੇ 6 ਉੱਤੇ ਸੁਰਖੀ]

ਨਫ਼ਰਤ ਤੇ ਦੁਸ਼ਮਣੀ ਹੌਲੀ-ਹੌਲੀ ਭਰੋਸੇ ਤੇ ਦੋਸਤੀ ਵਿਚ ਬਦਲ ਗਈ

[ਸਫ਼ੇ 6 ਉੱਤੇ ਸੁਰਖੀ]

ਇਕ ਵਾਰ ਜਦੋਂ ਕੋਈ ਵੀ ਇਨਸਾਨ ਬਾਈਬਲ ਪੜ੍ਹ ਕੇ ਉਸ ਵਿਚ ਲਿਖੀਆਂ ਗੱਲਾਂ ਉੱਤੇ ਚੱਲਣਾ ਸ਼ੁਰੂ ਕਰਦਾ ਹੈ, ਤਾਂ ਉਹ ਨਵੇਂ ਵਿਚਾਰਾਂ ਤੇ ਗੁਣਾਂ ਨੂੰ ਅਪਣਾਉਣ ਲੱਗਦਾ ਹੈ

[ਸਫ਼ੇ 7 ਉੱਤੇ ਤਸਵੀਰ]

ਪਹਿਲਾਂ ਜੋ ਦੁਸ਼ਮਣ ਹੁੰਦੇ ਸਨ, ਹੁਣ ਉਹ ਇਕ ਅੰਤਰਰਾਸ਼ਟਰੀ ਭਾਈਚਾਰੇ ਵਿਚ ਇਕਮੁੱਠ ਹੋ ਰਹੇ ਹਨ

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Refugee camp: UN PHOTO 186811/J. Isaac