ਯੁੱਧ ਦੇ ਦਰਦਨਾਕ ਜ਼ਖ਼ਮ
ਯੁੱਧ ਦੇ ਦਰਦਨਾਕ ਜ਼ਖ਼ਮ
“ਯੁੱਧ ਵਿਚ ਕੋਈ ਜੇਤੂ ਨਹੀਂ ਹੁੰਦਾ, ਬਸ ਹਾਰਨ ਵਾਲੇ ਹੀ ਹੁੰਦੇ ਹਨ,” ਦੂਜੇ ਵਿਸ਼ਵ ਯੁੱਧ ਵਿਚ ਲੜ ਚੁੱਕੇ ਇਕ ਸਾਬਕਾ ਫ਼ੌਜੀ ਨੇ ਕਿਹਾ। ਜ਼ਿਆਦਾਤਰ ਲੋਕ ਉਸ ਦੀ ਇਸ ਗੱਲ ਨਾਲ ਸਹਿਮਤ ਹੋਣਗੇ। ਯੁੱਧ ਦੇ ਬੜੇ ਭਿਆਨਕ ਸਿੱਟੇ ਨਿਕਲਦੇ ਹਨ ਅਤੇ ਜੇਤੂਆਂ ਤੇ ਹਾਰਨ ਵਾਲਿਆਂ ਦੋਹਾਂ ਨੂੰ ਹੀ ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਇੱਥੋਂ ਤਕ ਕਿ ਲੜਾਈ ਬੰਦ ਹੋ ਜਾਣ ਤੋਂ ਬਾਅਦ ਵੀ ਕਰੋੜਾਂ ਹੀ ਲੋਕਾਂ ਨੂੰ ਯੁੱਧ ਦੇ ਦਰਦਨਾਕ ਜ਼ਖ਼ਮਾਂ ਨੂੰ ਸਹਿਣਾ ਪੈਂਦਾ ਹੈ।
ਇਹ ਕਿਹੜੇ ਜ਼ਖ਼ਮ ਹਨ? ਯੁੱਧ ਵਿਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਹਨ ਜਿਸ ਕਰਕੇ ਅਣਗਿਣਤ ਬੱਚੇ ਅਨਾਥ ਤੇ ਸੁਹਾਗਣਾਂ ਵਿਧਵਾ ਹੋ ਜਾਂਦੀਆਂ ਹਨ। ਜੋ ਲੋਕ ਯੁੱਧ ਵਿੱਚੋਂ ਬਚ ਜਾਂਦੇ ਹਨ, ਉਹ ਭਿਆਨਕ ਸਰੀਰਕ ਜ਼ਖ਼ਮਾਂ ਦੇ ਨਾਲ-ਨਾਲ ਮਾਨਸਿਕ ਜ਼ਖ਼ਮਾਂ ਨੂੰ ਵੀ ਸਹਿੰਦੇ ਹਨ। ਕਰੋੜਾਂ ਲੋਕ ਬੇਸਹਾਰਾ ਹੋ ਜਾਂਦੇ ਹਨ ਜਾਂ ਸ਼ਰਨਾਰਥੀ ਬਣਨ ਲਈ ਮਜ਼ਬੂਰ ਹੋ ਜਾਂਦੇ ਹਨ। ਕੀ ਤੁਸੀਂ ਇਨ੍ਹਾਂ ਲੋਕਾਂ ਦੇ ਦਿਲਾਂ ਵਿਚ ਸੁਲਗਦੀ ਨਫ਼ਰਤ ਦੀ ਅੱਗ ਅਤੇ ਦੁੱਖ ਦਾ ਅੰਦਾਜ਼ਾ ਲਾ ਸਕਦੇ ਹੋ?
ਹਰੇ ਜ਼ਖ਼ਮ
ਲੜਾਈ ਦੇ ਬੰਦ ਹੋ ਜਾਣ, ਬੰਦੂਕਾਂ ਦੀ ਆਵਾਜ਼ ਥੰਮ੍ਹ ਜਾਣ, ਤੇ ਫ਼ੌਜੀਆਂ ਦੇ ਆਪੋ-ਆਪਣੇ ਘਰਾਂ ਨੂੰ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿਚ ਯੁੱਧ ਦੇ ਕਾਰਨ ਹੋਏ ਜ਼ਖ਼ਮ ਹਰੇ ਹੀ ਰਹਿੰਦੇ ਹਨ। ਇਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਇਕ-ਦੂਜੇ ਪ੍ਰਤੀ ਆਪਣੇ ਦਿਲਾਂ ਵਿਚ ਕੱਟੜ ਦੁਸ਼ਮਣੀ ਦੀ ਭਾਵਨਾ ਪਾਲ ਸਕਦੀਆਂ ਹਨ। ਇੰਜ ਇਕ ਯੁੱਧ ਦੇ ਜ਼ਖ਼ਮ ਦੂਜੇ ਯੁੱਧ ਨੂੰ ਜਨਮ ਦੇ ਸਕਦੇ ਹਨ।
ਮਿਸਾਲ ਵਜੋਂ, ਪਹਿਲੇ ਵਿਸ਼ਵ ਯੁੱਧ ਨੂੰ ਬੰਦ ਕਰਨ ਲਈ 1919 ਵਿਚ ਵਾਸਾਈ ਦੀ ਸੰਧੀ ਉੱਤੇ ਦਸਤਖਤ ਕੀਤੇ ਗਏ ਸਨ। ਇਸ ਸੰਧੀ ਵਿਚ ਜਰਮਨੀ ਉੱਤੇ ਪਾਬੰਦੀਆਂ ਲਾਈਆਂ ਗਈਆਂ ਸਨ ਜਿਨ੍ਹਾਂ ਨੂੰ ਜਰਮਨੀ ਦੇ ਲੋਕਾਂ ਨੇ ਕਠੋਰ ਤੇ ਬਦਲੇ ਦੀ ਭਾਵਨਾ ਤੇ ਆਧਾਰਿਤ ਕਿਹਾ। ਦੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ ਸੰਧੀ ਦੀਆਂ ਸ਼ਰਤਾਂ ਨੇ “ਜਰਮਨੀ ਦੇ ਲੋਕਾਂ ਅੰਦਰ ਗੁੱਸੇ ਦੀ ਅੱਗ ਨੂੰ ਭੜਕਾ ਦਿੱਤਾ ਤੇ ਬਦਲੇ ਦੀ ਭਾਵਨਾ ਨੂੰ ਜਗਾਇਆ।” ਕੁਝ ਸਾਲਾਂ ਬਾਅਦ “ਇਸੇ ਸ਼ਾਂਤੀ ਸੰਧੀ ਪ੍ਰਤੀ ਲੋਕਾਂ ਦੇ ਗੁੱਸੇ ਕਾਰਨ ਹਿਟਲਰ ਨੂੰ ਸੱਤਾ ਵਿਚ ਆਉਣ ਦਾ ਮੌਕਾ ਮਿਲਿਆ” ਤੇ ਇਹੀ ਸੰਧੀ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਇਕ ਕਾਰਨ ਸੀ।
ਦੂਜਾ ਵਿਸ਼ਵ ਯੁੱਧ ਪੱਛਮੀ ਯੂਰਪ ਤੋਂ ਸ਼ੁਰੂ ਹੁੰਦਾ ਹੋਇਆ ਬਾਲਕਨ ਦੇਸ਼ਾਂ ਤਕ ਫੈਲ ਗਿਆ। ਸਾਲ 1940 ਦੇ ਦਹਾਕੇ ਵਿਚ ਹੋਏ ਇਸ ਯੁੱਧ ਵਿਚ ਵੱਖ-ਵੱਖ ਨਸਲੀ ਸਮੂਹਾਂ ਨੇ ਇਕ-ਦੂਜੇ ਨੂੰ ਜੋ ਜ਼ਖ਼ਮ ਦਿੱਤੇ ਸਨ, ਉਹ ਜ਼ਖ਼ਮ ਬਾਲਕਨ ਦੇਸ਼ਾਂ ਵਿਚ 1990 ਦੇ ਦਹਾਕੇ ਵਿਚ ਹੋਏ ਯੁੱਧ ਦਾ ਕਾਰਨ ਬਣੇ। “ਵਹਿਸ਼ੀ ਨਫ਼ਰਤ ਤੇ ਬਦਲੇ ਦੀ ਭਾਵਨਾ ਦਾ ਇਹ ਚੱਕਰ ਅੱਜ ਸਾਡੇ ਜ਼ਮਾਨੇ ਵਿਚ ਹੋਰ ਵੀ ਵੱਡਾ ਹੁੰਦਾ ਜਾ ਰਿਹਾ ਹੈ,” ਜਰਮਨੀ ਦੀ ਅਖ਼ਬਾਰ ਡੀ ਟਸਾਈਟ ਨੇ ਟਿੱਪਣੀ ਕੀਤੀ।
ਜੇ ਇਨਸਾਨ ਚਾਹੁੰਦਾ ਹੈ ਕਿ ਉਹ ਸ਼ਾਂਤੀ ਨਾਲ ਰਹੇ, ਤਾਂ ਯੁੱਧ ਦੇ ਜ਼ਖ਼ਮਾਂ ਨੂੰ ਭਰਨ ਦੀ ਜ਼ਰੂਰ ਲੋੜ ਹੈ। ਇਹ ਜ਼ਖ਼ਮ ਕਿੱਦਾਂ ਭਰ ਸਕਦੇ ਹਨ? ਨਫ਼ਰਤ ਤੇ ਦੁੱਖ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ? ਯੁੱਧ ਦੇ ਜ਼ਖ਼ਮਾਂ ਨੂੰ ਕੌਣ ਭਰ ਸਕਦਾ ਹੈ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: Fatmir Boshnjaku
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
U.S. Coast Guard photo; UN PHOTO 158297/J. Isaac