Skip to content

Skip to table of contents

ਸਾਨੂੰ ਕਿਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ?

ਸਾਨੂੰ ਕਿਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ?

ਸਾਨੂੰ ਕਿਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ?

“ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”​—ਮੱਤੀ 22:39.

1. ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਸਾਨੂੰ ਆਪਣੇ ਗੁਆਂਢੀ ਨਾਲ ਵੀ ਕਿਉਂ ਪਿਆਰ ਕਰਨਾ ਚਾਹੀਦਾ ਹੈ?

ਜਦੋਂ ਯਿਸੂ ਨੂੰ ਪੁੱਛਿਆ ਗਿਆ ਕਿ ਸਭ ਤੋਂ ਵੱਡਾ ਹੁਕਮ ਕਿਹੜਾ ਹੈ, ਤਾਂ ਉਸ ਨੇ ਦੱਸਿਆ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” ਅਤੇ ਫਿਰ ਉਸ ਨੇ ਦੂਸਰਾ ਹੁਕਮ ਦੱਸਿਆ ਜੋ ਪਹਿਲੇ ਵਰਗਾ ਹੈ: “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:37, 39) ਜੀ ਹਾਂ, ਗੁਆਂਢੀ ਲਈ ਪਿਆਰ ਮਸੀਹੀਆਂ ਦੀ ਪਛਾਣ ਹੈ। ਦਰਅਸਲ, ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਸਾਨੂੰ ਆਪਣੇ ਗੁਆਂਢੀ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਚੱਲ ਕੇ ਉਸ ਲਈ ਆਪਣਾ ਪਿਆਰ ਦਿਖਾਉਂਦੇ ਹਾਂ ਤੇ ਉਸ ਦਾ ਬਚਨ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰੀਏ। ਇਸ ਲਈ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਨਹੀਂ ਕਰਦੇ, ਤਾਂ ਪਰਮੇਸ਼ੁਰ ਨਾਲ ਸਾਡਾ ਪਿਆਰ ਸੱਚਾ ਨਹੀਂ ਹੋ ਸਕਦਾ।—ਰੋਮੀਆਂ 13:8; 1 ਯੂਹੰਨਾ 2:5; 4:20, 21.

2. ਸਾਨੂੰ ਆਪਣੇ ਗੁਆਂਢੀ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਨਾ ਚਾਹੀਦਾ ਹੈ?

2 ਜਦੋਂ ਯਿਸੂ ਨੇ ਕਿਹਾ ਸੀ ਕਿ ਸਾਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਚਾਹੀਦਾ ਹੈ, ਤਾਂ ਉਹ ਸਿਰਫ਼ ਦੋਸਤੀ ਬਾਰੇ ਹੀ ਗੱਲ ਨਹੀਂ ਕਰ ਰਿਹਾ ਸੀ। ਉਹ ਉਸ ਪਿਆਰ ਦੀ ਗੱਲ ਕਰ ਰਿਹਾ ਸੀ ਜੋ ਪਰਿਵਾਰ ਦੇ ਜੀਆਂ ਵਿਚ ਜਾਂ ਇਕ ਆਦਮੀ ਤੇ ਤੀਵੀਂ ਵਿਚ ਪਿਆਰ ਨਾਲੋਂ ਵੱਖਰਾ ਹੁੰਦਾ ਹੈ। ਉਹ ਉਸ ਪਿਆਰ ਦੀ ਗੱਲ ਕਰ ਰਿਹਾ ਸੀ ਜੋ ਯਹੋਵਾਹ ਆਪਣੇ ਸਮਰਪਿਤ ਸੇਵਕਾਂ ਨਾਲ ਕਰਦਾ ਹੈ ਅਤੇ ਉਸ ਦੇ ਸੇਵਕ ਉਸ ਨਾਲ ਕਰਦੇ ਹਨ। (ਯੂਹੰਨਾ 17:26; 1 ਯੂਹੰਨਾ 4:11, 19) ਯਿਸੂ ਨੇ ਦੇਖਿਆ ਕਿ ਇਕ ਯਹੂਦੀ ਗ੍ਰੰਥੀ ਬੜੀ ਸਮਝਦਾਰੀ ਨਾਲ ਜਵਾਬ ਦੇ ਰਿਹਾ ਸੀ ਤੇ ਉਹ ਯਿਸੂ ਨਾਲ ਇਸ ਗੱਲ ਤੇ ਸਹਿਮਤ ਹੋਇਆ ਕਿ ਸਾਨੂੰ ਪਰਮੇਸ਼ੁਰ ਨਾਲ ਆਪਣੇ ‘ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰਨਾ’ ਚਾਹੀਦਾ ਹੈ। (ਮਰਕੁਸ 12:28-34) ਉਸ ਨੇ ਸਹੀ ਕਿਹਾ ਸੀ। ਹਰ ਮਸੀਹੀ ਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪੂਰੇ ਦਿਲ ਤੇ ਸਮਝ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਦਿਲੋਂ ਹੁੰਦਾ ਹੈ ਅਤੇ ਸਮਝ ਇਸ ਨੂੰ ਸਹੀ ਸੇਧ ਦਿੰਦੀ ਹੈ।

3. (ੳ) ਯਿਸੂ ਨੇ “ਇੱਕ ਸ਼ਰ੍ਹਾ ਦੇ ਸਿਖਾਉਣ ਵਾਲੇ” ਨੂੰ ਕਿਵੇਂ ਸਮਝਾਇਆ ਕਿ ਕੌਣ ਸਾਡਾ ਗੁਆਂਢੀ ਹੈ? (ਅ) ਯਿਸੂ ਦਾ ਦ੍ਰਿਸ਼ਟਾਂਤ ਅੱਜ ਮਸੀਹੀਆਂ ਉੱਤੇ ਕਿਵੇਂ ਲਾਗੂ ਹੁੰਦਾ ਹੈ?

3 ਲੂਕਾ ਅਨੁਸਾਰ, ਜਦੋਂ ਯਿਸੂ ਨੇ ਇਹ ਕਿਹਾ ਸੀ ਕਿ ਸਾਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਚਾਹੀਦਾ ਹੈ, ਤਾਂ “ਇੱਕ ਸ਼ਰ੍ਹਾ ਦੇ ਸਿਖਾਉਨ ਵਾਲੇ ਨੇ” ਪੁੱਛਿਆ: “ਫੇਰ ਕੌਣ ਹੈ ਮੇਰਾ ਗੁਆਂਢੀ?” ਯਿਸੂ ਨੇ ਇਕ ਦ੍ਰਿਸ਼ਟਾਂਤ ਦੇ ਕੇ ਉਸ ਨੂੰ ਜਵਾਬ ਦਿੱਤਾ। ਇਕ ਰਾਹ ਜਾਂਦੇ ਆਦਮੀ ਨੂੰ ਡਾਕੂਆਂ ਨੇ ਲੁੱਟਿਆ ਤੇ ਉਸ ਨੂੰ ਕੁੱਟ-ਮਾਰ ਕੇ ਅਧਮੋਇਆ ਛੱਡ ਗਏ। ਉਸ ਕੋਲੋਂ ਪਹਿਲਾਂ ਇਕ ਜਾਜਕ ਤੇ ਫਿਰ ਇਕ ਲੇਵੀ ਲੰਘਿਆ। ਦੋਵਾਂ ਨੇ ਉਸ ਦੀ ਬਿਲਕੁਲ ਪਰਵਾਹ ਨਹੀਂ ਕੀਤੀ। ਅਖ਼ੀਰ, ਇਕ ਸਾਮਰੀ ਆਇਆ, ਉਸ ਨੇ ਉਸ ਜਖ਼ਮੀ ਆਦਮੀ ਨੂੰ ਦੇਖਿਆ ਤੇ ਉਸ ਤੇ ਤਰਸ ਖਾ ਕੇ ਉਸ ਦਾ ਇਲਾਜ ਵਗੈਰਾ ਕਰਾਇਆ। ਉਨ੍ਹਾਂ ਤਿੰਨਾਂ ਵਿੱਚੋਂ ਕੌਣ ਉਸ ਜ਼ਖ਼ਮੀ ਆਦਮੀ ਦਾ ਗੁਆਂਢੀ ਸੀ? ਜਵਾਬ ਸਾਰਿਆਂ ਨੂੰ ਪਤਾ ਸੀ। (ਲੂਕਾ 10:25-37) ਸ਼ਰਾ ਸਿਖਾਉਣ ਵਾਲੇ ਆਦਮੀ ਨੂੰ ਯਿਸੂ ਦਾ ਜਵਾਬ ਸੁਣ ਕੇ ਜ਼ਰੂਰ ਹੈਰਾਨੀ ਹੋਈ ਹੋਣੀ ਕਿ ਇਕ ਜਾਜਕ ਅਤੇ ਇਕ ਲੇਵੀ ਨਾਲੋਂ ਸਾਮਰੀ ਆਦਮੀ ਇਕ ਚੰਗਾ ਗੁਆਂਢੀ ਨਿਕਲਿਆ। ਇਸ ਤੋਂ ਪਤਾ ਚੱਲਦਾ ਹੈ ਕਿ ਯਿਸੂ ਉਸ ਆਦਮੀ ਨੂੰ ਇਹ ਸਿੱਖਿਆ ਦੇ ਰਿਹਾ ਸੀ ਕਿ ਉਸ ਦਾ ਪਿਆਰ ਕੁਝ ਲੋਕਾਂ ਤਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਮਸੀਹੀਆਂ ਨੂੰ ਵੀ ਦੂਜਿਆਂ ਨਾਲ ਇਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਸਾਰੇ ਲੋਕਾਂ ਉੱਤੇ ਵਿਚਾਰ ਕਰੋ ਜਿਨ੍ਹਾਂ ਨਾਲ ਮਸੀਹੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ।

ਪਰਿਵਾਰ ਦੇ ਮੈਂਬਰਾਂ ਨਾਲ ਪਿਆਰ

4. ਮਸੀਹੀਆਂ ਨੂੰ ਪਹਿਲਾਂ ਕਿਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ?

4 ਮਸੀਹੀ ਆਪਣੇ ਪਰਿਵਾਰ ਦੇ ਮੈਂਬਰਾਂ ਯਾਨੀ ਪਤਨੀ ਆਪਣੇ ਪਤੀ ਨਾਲ, ਪਤੀ ਆਪਣੀ ਪਤਨੀ ਨਾਲ ਤੇ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ। (ਉਪਦੇਸ਼ਕ ਦੀ ਪੋਥੀ 9:9; ਅਫ਼ਸੀਆਂ 5:33; ਤੀਤੁਸ 2:4) ਅਕਸਰ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕੁਦਰਤੀ ਪਿਆਰ ਹੁੰਦਾ ਹੈ। ਪਰ ਟੁੱਟ ਰਹੇ ਪਰਿਵਾਰਾਂ, ਪਤੀ-ਪਤਨੀ ਵਿਚ ਲੜਾਈ-ਝਗੜਿਆਂ ਅਤੇ ਬੱਚਿਆਂ ਦੀ ਅਣਗਹਿਲੀ ਜਾਂ ਉਨ੍ਹਾਂ ਨਾਲ ਹੁੰਦੀ ਬਦਸਲੂਕੀ ਤੋਂ ਪਤਾ ਚੱਲਦਾ ਹੈ ਕਿ ਅੱਜ ਪਰਿਵਾਰ ਖ਼ਤਰੇ ਵਿਚ ਹੈ। ਇਵੇਂ ਲੱਗਦਾ ਹੈ ਕਿ ਸਿਰਫ਼ ਕੁਦਰਤੀ ਪਿਆਰ ਹੀ ਪਰਿਵਾਰ ਨੂੰ ਇਕ ਬੰਧਨ ਵਿਚ ਬੰਨ ਕੇ ਨਹੀਂ ਰੱਖ ਸਕਦਾ। (2 ਤਿਮੋਥਿਉਸ 3:1-3) ਪਰਿਵਾਰ ਵਿਚ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਮਸੀਹੀਆਂ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਯਹੋਵਾਹ ਤੇ ਯਿਸੂ ਕਰਦੇ ਹਨ।—ਅਫ਼ਸੀਆਂ 5:21-27.

5. ਆਪਣੇ ਬੱਚਿਆਂ ਦੀ ਪਾਲਣਾ ਕਰਨ ਲਈ ਮਾਪੇ ਕਿਸ ਤੋਂ ਮਦਦ ਮੰਗਦੇ ਹਨ ਅਤੇ ਇਸ ਤੋਂ ਬਹੁਤ ਸਾਰੇ ਮਾਪਿਆਂ ਨੂੰ ਕੀ ਫ਼ਾਇਦਾ ਹੋਇਆ ਹੈ?

5 ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਅਮਾਨਤ ਸਮਝਦੇ ਹਨ ਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਯਹੋਵਾਹ ਤੋਂ ਮਦਦ ਮੰਗਦੇ ਹਨ। (ਜ਼ਬੂਰ 127:3-5; ਕਹਾਉਤਾਂ 22:6) ਇਸ ਤਰੀਕੇ ਨਾਲ ਉਹ ਆਪਣੇ ਵਿਚ ਮਸੀਹੀ ਪਿਆਰ ਪੈਦਾ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਦੁਨੀਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਵਿਚ ਮਦਦ ਮਿਲਦੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਬਹੁਤ ਸਾਰੇ ਮਸੀਹੀ ਮਾਪਿਆਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜਿਵੇਂ ਨੀਦਰਲੈਂਡਜ਼ ਵਿਚ ਇਕ ਮਾਂ ਨੂੰ ਮਿਲੀ। ਪਿਛਲੇ ਸਾਲ ਨੀਦਰਲੈਂਡਜ਼ ਵਿਚ ਬਪਤਿਸਮਾ ਲੈਣ ਵਾਲੇ 575 ਲੋਕਾਂ ਵਿਚ ਉਸ ਦਾ ਮੁੰਡਾ ਵੀ ਸ਼ਾਮਲ ਸੀ। ਉਸ ਦੇ ਬਪਤਿਸਮਾ ਲੈਣ ਤੋਂ ਬਾਅਦ ਇਸ ਮਾਂ ਨੇ ਆਪਣੀ ਚਿੱਠੀ ਵਿਚ ਲਿਖਿਆ: “ਹੁਣ ਮੈਨੂੰ ਆਪਣੀ ਵੀਹਾਂ ਸਾਲਾਂ ਦੀ ਮਿਹਨਤ ਦਾ ਫਲ ਮਿਲ ਗਿਆ ਹੈ। ਮੈਂ ਜੋ ਵੀ ਸਮਾਂ ਇਸ ਵਿਚ ਲਾਇਆ ਜਾਂ ਮਿਹਨਤ ਕੀਤੀ ਅਤੇ ਜੋ ਵੀ ਦੁੱਖ-ਤਕਲੀਫਾਂ ਮੈਂ ਇਸ ਲਈ ਸਹੀਆਂ, ਉਹ ਸਾਰੀਆਂ ਹੁਣ ਮੈਨੂੰ ਭੁੱਲ ਗਈਆਂ ਹਨ।” ਉਹ ਕਿੰਨੀ ਖ਼ੁਸ਼ ਹੈ ਕਿ ਉਸ ਦੇ ਪੁੱਤਰ ਨੇ ਆਪਣੀ ਮਰਜ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਾਲ ਨੀਦਰਲੈਂਡਜ਼ ਵਿਚ 31,089 ਪ੍ਰਕਾਸ਼ਕਾਂ ਨੇ ਰਿਪੋਰਟ ਦਿੱਤੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਕਾਸ਼ਕਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਯਹੋਵਾਹ ਨੂੰ ਪਿਆਰ ਕਰਨਾ ਸਿਖਾਇਆ ਸੀ।

6. ਮਸੀਹੀ ਪਿਆਰ ਦਿਖਾਉਣ ਨਾਲ ਵਿਆਹੁਤਾ ਬੰਧਨ ਕਿਵੇਂ ਮਜ਼ਬੂਤ ਹੁੰਦਾ ਹੈ?

6 ਪੌਲੁਸ ਨੇ ਪਿਆਰ ਨੂੰ “ਸੰਪੂਰਨਤਾਈ ਦਾ ਬੰਧ” ਕਿਹਾ। ਇਹ ਪਤੀ-ਪਤਨੀ ਦੇ ਸੰਬੰਧਾਂ ਨੂੰ ਔਖੇ ਸਮਿਆਂ ਵਿਚ ਵੀ ਬਚਾ ਸਕਦਾ ਹੈ। (ਕੁਲੁੱਸੀਆਂ 3:14, 18, 19; 1 ਪਤਰਸ 3:1-7) ਤਾਹੀਟੀ ਤੋਂ ਲਗਭਗ 700 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਟਾਪੂ, ਰੂਰੂਤੂ ਵਿਚ ਇਕ ਆਦਮੀ ਨੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕੀਤੀ। ਪਰ ਉਸ ਦੀ ਪਤਨੀ ਨੇ ਇਸ ਦਾ ਬਹੁਤ ਵਿਰੋਧ ਕੀਤਾ। ਇਕ ਦਿਨ ਉਸ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤਾਹੀਟੀ ਵਿਚ ਰਹਿਣ ਲੱਗ ਪਈ। ਪਰ ਉਹ ਆਦਮੀ ਆਪਣੇ ਪਰਿਵਾਰ ਦੇ ਨਾਲ ਪਿਆਰ ਕਰਦਾ ਰਿਹਾ ਤੇ ਉਨ੍ਹਾਂ ਨੂੰ ਪੈਸੇ ਘੱਲਦਾ ਰਿਹਾ। ਉਹ ਆਪਣੀ ਪਤਨੀ ਨੂੰ ਟੈਲੀਫ਼ੋਨ ਕਰ ਕੇ ਵੀ ਪੁੱਛਦਾ ਰਹਿੰਦਾ ਸੀ ਕਿ ਉਸ ਨੂੰ ਜਾਂ ਬੱਚਿਆਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਇਸ ਤਰ੍ਹਾਂ ਉਸ ਨੇ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। (1 ਤਿਮੋਥਿਉਸ 5:8) ਉਹ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ ਕਿ ਉਸ ਦਾ ਪਰਿਵਾਰ ਮੁੜ ਕੇ ਇਕ ਹੋ ਜਾਵੇ। ਅਖ਼ੀਰ ਇਕ ਦਿਨ ਉਸ ਦੀ ਪਤਨੀ ਵਾਪਸ ਆ ਗਈ। ਜਦੋਂ ਉਹ ਘਰ ਵਾਪਸ ਆ ਗਈ, ਤਾਂ ਉਹ ਉਸ ਨਾਲ “ਪ੍ਰੇਮ, ਧੀਰਜ, ਨਰਮਾਈ” ਨਾਲ ਪੇਸ਼ ਆਇਆ। (1 ਤਿਮੋਥਿਉਸ 6:11) ਸਾਲ 1998 ਵਿਚ ਉਸ ਨੇ ਬਪਤਿਸਮਾ ਲੈ ਲਿਆ। ਤੇ ਜਦੋਂ ਉਸ ਦੀ ਪਤਨੀ ਬਾਈਬਲ ਸਟੱਡੀ ਕਰਨ ਲੱਗ ਪਈ, ਤਾਂ ਉਹ ਬਹੁਤ ਖ਼ੁਸ਼ ਹੋਇਆ। ਤਾਹੀਟੀ ਬ੍ਰਾਂਚ ਅਧੀਨ ਪੈਂਦੇ ਖੇਤਰ ਵਿਚ ਪਿਛਲੇ ਸਾਲ 1,351 ਸਟੱਡੀਆਂ ਕਰਾਈਆਂ ਗਈਆਂ।

7. ਜਰਮਨੀ ਵਿਚ ਇਕ ਆਦਮੀ ਦਾ ਵਿਆਹੁਤਾ ਬੰਧਨ ਕਿਵੇਂ ਮਜ਼ਬੂਤ ਹੋਇਆ?

7 ਜਰਮਨੀ ਵਿਚ ਇਕ ਆਦਮੀ ਆਪਣੀ ਪਤਨੀ ਦਾ ਬਹੁਤ ਵਿਰੋਧ ਕਰਦਾ ਸੀ ਕਿਉਂਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਦੀ ਸੀ। ਉਸ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਗਵਾਹ ਉਸ ਦੀ ਪਤਨੀ ਨੂੰ ਗੁਮਰਾਹ ਕਰਨਾ ਚਾਹੁੰਦੇ ਸਨ। ਪਰ ਬਾਅਦ ਵਿਚ ਉਸ ਨੇ ਉਸ ਗਵਾਹ ਨੂੰ ਲਿਖਿਆ ਜੋ ਪਹਿਲੀ ਵਾਰ ਉਸ ਦੀ ਪਤਨੀ ਨੂੰ ਮਿਲੀ ਸੀ: “ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀ ਪਤਨੀ ਨੂੰ ਯਹੋਵਾਹ ਦੇ ਗਵਾਹਾਂ ਨਾਲ ਮਿਲਾਇਆ। ਪਹਿਲਾਂ-ਪਹਿਲ ਮੈਨੂੰ ਬੜੀ ਚਿੰਤਾ ਲੱਗੀ ਰਹਿੰਦੀ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਇਹ ਲੋਕ ਚੰਗੇ ਨਹੀਂ ਹਨ। ਪਰ ਹੁਣ, ਆਪਣੀ ਪਤਨੀ ਨਾਲ ਉਨ੍ਹਾਂ ਦੀਆਂ ਸਭਾਵਾਂ ਵਿਚ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੈਂ ਕਿੰਨਾ ਗ਼ਲਤ ਸੀ। ਮੈਂ ਜਾਣਦਾ ਹਾਂ ਕਿ ਇਹ ਸੱਚਾਈ ਹੈ ਜਿਸ ਨਾਲ ਸਾਡਾ ਵਿਆਹੁਤਾ ਬੰਧਨ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ।” ਜਰਮਨੀ ਵਿਚ ਯਹੋਵਾਹ ਦੇ 1,62,932 ਗਵਾਹਾਂ ਵਿਚ ਤੇ ਤਾਹੀਟੀ ਬ੍ਰਾਂਚ ਅਧੀਨ ਪੈਂਦੇ ਟਾਪੂਆਂ ਵਿਚ 1,773 ਗਵਾਹਾਂ ਵਿਚ ਅਜਿਹੇ ਬਹੁਤ ਸਾਰੇ ਪਰਿਵਾਰ ਵੀ ਹਨ ਜਿਹੜੇ ਮਸੀਹੀ ਪਿਆਰ ਕਾਰਨ ਇਕਮੁੱਠ ਹਨ।

ਆਪਣੇ ਮਸੀਹੀ ਭੈਣ-ਭਰਾਵਾਂ ਲਈ ਪਿਆਰ

8, 9. (ੳ) ਸਾਨੂੰ ਆਪਣੇ ਭੈਣ-ਭਰਾਵਾਂ ਨਾਲ ਪਿਆਰ ਕਰਨਾ ਕੌਣ ਸਿਖਾਉਂਦਾ ਹੈ ਅਤੇ ਇਹ ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰਦਾ ਹੈ? (ਅ) ਇਕ ਉਦਾਹਰਣ ਦਿਓ ਜੋ ਇਹ ਦਿਖਾਉਂਦੀ ਹੈ ਕਿ ਪਿਆਰ ਆਪਣੇ ਭਰਾਵਾਂ ਨੂੰ ਸਹਿਯੋਗ ਦੇਣ ਵਿਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ।

8 ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਕਿਹਾ ਸੀ: “ਤੁਸੀਂ ਆਪ ਇੱਕ ਦੂਏ ਨਾਲ ਪ੍ਰੇਮ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ।” (1 ਥੱਸਲੁਨੀਕੀਆਂ 4:9) ਜੀ ਹਾਂ, ਜਿਹੜੇ ਲੋਕ “ਯਹੋਵਾਹ ਵੱਲੋਂ ਸਿੱਖੇ ਹੋਏ” ਹਨ, ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ। (ਯਸਾਯਾਹ 54:13) ਉਹ ਕੰਮਾਂ ਦੁਆਰਾ ਆਪਣੇ ਪਿਆਰ ਨੂੰ ਜ਼ਾਹਰ ਕਰਦੇ ਹਨ ਜਿਵੇਂ ਪੌਲੁਸ ਨੇ ਕਿਹਾ: “ਪ੍ਰੇਮ ਦੇ ਰਾਹੀਂ ਇੱਕ ਦੂਏ ਦੀ ਟਹਿਲ ਸੇਵਾ ਕਰੋ।” (ਗਲਾਤੀਆਂ 5:13; 1 ਯੂਹੰਨਾ 3:18) ਉਦਾਹਰਣ ਲਈ ਉਹ ਆਪਣੇ ਬੀਮਾਰ ਭੈਣ-ਭਰਾਵਾਂ ਨੂੰ ਮਿਲਣ ਜਾਂਦੇ ਹਨ, ਨਿਰਾਸ਼ ਮਸੀਹੀਆਂ ਨੂੰ ਹੌਸਲਾ ਦਿੰਦੇ ਹਨ ਅਤੇ ਕਮਜ਼ੋਰਾਂ ਨੂੰ ਸਹਾਰਾ ਦਿੰਦੇ ਹਨ। (1 ਥੱਸਲੁਨੀਕੀਆਂ 5:14) ਸੱਚੇ ਮਸੀਹੀ ਪਿਆਰ ਨਾਲ ਸਾਡਾ ਅਧਿਆਤਮਿਕ ਭਾਈਚਾਰਾ ਹੋਰ ਵੀ ਵੱਡਾ ਤੇ ਮਜ਼ਬੂਤ ਹੁੰਦਾ ਹੈ।

9 ਇਕਵੇਡਾਰ ਵਿਚ 544 ਕਲੀਸਿਯਾਵਾਂ ਹਨ। ਐਂਗਕੌਨ ਕਲੀਸਿਯਾ ਵਿਚ ਭਰਾਵਾਂ ਨੇ ਸੱਚਾ ਪਿਆਰ ਦਿਖਾਇਆ। ਇਸ ਦੇਸ਼ ਵਿਚ ਆਰਥਿਕ ਸੰਕਟ ਆਉਣ ਕਰਕੇ ਬਹੁਤ ਸਾਰੇ ਭੈਣ-ਭਰਾਵਾਂ ਬੇਰੁਜ਼ਗਾਰ ਹੋ ਗਏ ਸਨ ਜਾਂ ਆਮਦਨੀ ਦਾ ਕੋਈ ਜ਼ਰੀਆ ਨਹੀਂ ਸੀ। ਇਸ ਲਈ ਉਨ੍ਹਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਫ਼ੈਸਲਾ ਕੀਤਾ ਕਿ ਜਦੋਂ ਉੱਥੇ ਦੇ ਮਛੇਰੇ ਰਾਤ ਭਰ ਮੱਛੀਆਂ ਫੜਨ ਤੋਂ ਬਾਅਦ ਤੜਕੇ ਵਾਪਸ ਆਉਣਗੇ, ਤਾਂ ਉਹ ਉਨ੍ਹਾਂ ਮਛੇਰਿਆਂ ਨੂੰ ਭੋਜਨ ਵੇਚਣਗੇ। ਬੱਚਿਆਂ ਸਮੇਤ ਸਾਰਿਆਂ ਨੇ ਸਹਿਯੋਗ ਦਿੱਤਾ। ਉਨ੍ਹਾਂ ਨੂੰ ਰਾਤ ਦੇ ਇਕ ਵਜੇ ਕੰਮ ਸ਼ੁਰੂ ਕਰਨਾ ਪੈਂਦਾ ਸੀ ਤਾਂਕਿ ਉਹ ਸਵੇਰੇ 4 ਵਜੇ ਮਛੇਰਿਆਂ ਦੇ ਮੁੜਨ ਤਕ ਭੋਜਨ ਤਿਆਰ ਰੱਖਣ। ਇਹ ਭਰਾ ਜੋ ਵੀ ਪੈਸਾ ਇਕੱਠਾ ਕਰਦੇ ਸਨ, ਉਹ ਹਰ ਇਕ ਦੀ ਲੋੜ ਮੁਤਾਬਕ ਆਪਸ ਵਿਚ ਵੰਡ ਲੈਂਦੇ ਸਨ। ਇਕ-ਦੂਜੇ ਨੂੰ ਇਸ ਤਰ੍ਹਾਂ ਸਹਿਯੋਗ ਦੇਣ ਨਾਲ ਉਨ੍ਹਾਂ ਨੇ ਸੱਚਾ ਮਸੀਹੀ ਪਿਆਰ ਦਿਖਾਇਆ।

10, 11. ਅਸੀਂ ਉਨ੍ਹਾਂ ਭਰਾਵਾਂ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ?

10 ਪਰ ਅਸੀਂ ਸਿਰਫ਼ ਉਨ੍ਹਾਂ ਨੂੰ ਹੀ ਪਿਆਰ ਨਹੀਂ ਕਰਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਪਤਰਸ ਰਸੂਲ ਨੇ ਲਿਖਿਆ: “ਸਭਨਾਂ . . . ਭਾਈਆਂ ਨਾਲ ਪ੍ਰੇਮ ਰੱਖੋ।” (1 ਪਤਰਸ 2:17, ਟੇਢੇ ਟਾਈਪ ਸਾਡੇ।) ਅਸੀਂ ਆਪਣੇ ਸਾਰੇ ਭੈਣ-ਭਰਾਵਾਂ ਨਾਲ ਪਿਆਰ ਕਰਦੇ ਹਾਂ ਕਿਉਂਕਿ ਉਹ ਸਾਰੇ ਸਾਡੇ ਵਾਂਗ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਹਨ। ਬਿਪਤਾਵਾਂ ਵਿਚ ਸਾਨੂੰ ਇਹ ਪਿਆਰ ਦਿਖਾਉਣ ਦਾ ਮੌਕਾ ਮਿਲ ਸਕਦਾ ਹੈ। ਉਦਾਹਰਣ ਲਈ, 2000 ਸੇਵਾ ਸਾਲ ਦੌਰਾਨ ਹੜ੍ਹਾਂ ਨੇ ਮੋਜ਼ਾਮਬੀਕ ਵਿਚ ਬਹੁਤ ਤਬਾਹੀ ਮਚਾਈ ਤੇ ਅੰਗੋਲਾ ਵਿਚ ਚਲ ਰਹੇ ਘਰੇਲੂ ਯੁੱਧ ਕਰਕੇ ਬਹੁਤ ਸਾਰੇ ਲੋਕ ਕੰਗਾਲ ਹੋ ਚੁੱਕੇ ਹਨ। ਇਨ੍ਹਾਂ ਬਿਪਤਾਵਾਂ ਕਾਰਨ ਮੋਜ਼ਾਮਬੀਕ ਵਿਚ 31,725 ਭਰਾਵਾਂ ਦਾ ਅਤੇ ਅੰਗੋਲਾ ਵਿਚ 41,222 ਭਰਾਵਾਂ ਦਾ ਬਹੁਤ ਨੁਕਸਾਨ ਹੋਇਆ। ਪਰ ਗੁਆਂਢੀ ਦੇਸ਼ ਦੱਖਣੀ ਅਫ਼ਰੀਕਾ ਦੇ ਗਵਾਹਾਂ ਨੇ ਆਪਣੇ ਇਨ੍ਹਾਂ ਭਰਾਵਾਂ ਦਾ ਦੁੱਖ ਦੂਰ ਕਰਨ ਲਈ ਭਾਰੀ ਮਾਤਰਾ ਵਿਚ ਰਾਸ਼ਨ-ਪਾਣੀ ਤੇ ਕਈ ਹੋਰ ਚੀਜ਼ਾਂ ਘੱਲੀਆਂ ਹਨ। ਆਪਣੇ ਲੋੜਵੰਦ ਭਰਾਵਾਂ ਦੇ ਘਾਟੇ ਨੂੰ ਆਪਣੇ ‘ਵਾਧੇ’ ਨਾਲ ਪੂਰਾ ਕਰਨ ਦੁਆਰਾ ਉਨ੍ਹਾਂ ਨੇ ਆਪਣਾ ਪਿਆਰ ਦਿਖਾਇਆ।—2 ਕੁਰਿੰਥੀਆਂ 8:8, 13-15, 24.

11 ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ ਤੇ ਅਸੈਂਬਲੀ ਹਾਲ ਬਣਾਉਣ ਦੇ ਕੰਮ ਵਿਚ ਹਿੱਸਾ ਪਾ ਕੇ ਵੀ ਦੂਜੇ ਦੇਸ਼ਾਂ ਦੇ ਭਰਾ ਆਪਣਾ ਪਿਆਰ ਦਿਖਾਉਂਦੇ ਹਨ। ਇਸ ਦੀ ਇਕ ਉਦਾਹਰਣ ਹੈ ਸੋਲਮਨ ਟਾਪੂ। ਉੱਥੇ ਬਹੁਤ ਜ਼ਿਆਦਾ ਗੜਬੜੀ ਹੋਣ ਦੇ ਬਾਵਜੂਦ ਪਿਛਲੇ ਸਾਲ ਪ੍ਰਕਾਸ਼ਕਾਂ ਦੀ ਗਿਣਤੀ ਵਿਚ 6 ਪ੍ਰਤਿਸ਼ਤ ਵਾਧਾ ਹੋਇਆ ਜਿਸ ਨਾਲ ਉਨ੍ਹਾਂ ਦੀ ਗਿਣਤੀ 1,697 ਹੋ ਗਈ। ਉਨ੍ਹਾਂ ਨੇ ਇਕ ਅਸੈਂਬਲੀ ਹਾਲ ਉਸਾਰਨ ਦੀ ਯੋਜਨਾ ਬਣਾਈ। ਭਾਵੇਂ ਕਿ ਗੜਬੜੀ ਕਰਕੇ ਉੱਥੋਂ ਦੇ ਬਹੁਤ ਸਾਰੇ ਵਸਨੀਕ ਆਪਣੇ ਘਰ-ਬਾਰ ਛੱਡ ਕੇ ਭੱਜ ਰਹੇ ਸਨ, ਪਰ ਉਸਾਰੀ ਦੇ ਕੰਮ ਵਿਚ ਮਦਦ ਕਰਨ ਲਈ ਆਸਟ੍ਰੇਲੀਆ ਤੋਂ ਸਵੈ-ਸੇਵਕ ਉੱਥੇ ਆਏ। ਉਨ੍ਹਾਂ ਸਵੈ-ਸੇਵਕਾਂ ਨੂੰ ਵੀ ਉੱਥੋਂ ਜਾਣਾ ਪਿਆ। ਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਨੀਂਹ ਪੂਰੀ ਕਰਨ ਵਾਸਤੇ ਉੱਥੇ ਦੇ ਭਰਾਵਾਂ ਨੂੰ ਸਿਖਲਾਈ ਦੇ ਦਿੱਤੀ ਸੀ। ਅਸੈਂਬਲੀ ਹਾਲ ਦਾ ਸਟੀਲ ਨਾਲ ਬਣਿਆ ਢਾਂਚਾ ਆਸਟ੍ਰੇਲੀਆ ਤੋਂ ਘੱਲਿਆ ਗਿਆ। ਇਸ ਵੇਲੇ ਉੱਥੇ ਬਹੁਤ ਸਾਰੀਆਂ ਇਮਾਰਤਾਂ ਢਹਿ-ਢੇਰੀ ਪਈਆਂ ਹਨ। ਇਸ ਲਈ, ਇਸ ਹਾਲ ਦੇ ਪੂਰਾ ਹੋਣ ਨਾਲ ਲੋਕਾਂ ਨੂੰ ਯਹੋਵਾਹ ਦੇ ਨਾਂ ਅਤੇ ਭਰਾਵਾਂ ਦੇ ਪਿਆਰ ਦੀ ਵਧੀਆ ਗਵਾਹੀ ਮਿਲੇਗੀ।

ਪਰਮੇਸ਼ੁਰ ਵਾਂਗ ਅਸੀਂ ਸੰਸਾਰ ਨਾਲ ਪਿਆਰ ਕਰਦੇ ਹਾਂ

12. ਜਿਹੜੇ ਲੋਕ ਯਹੋਵਾਹ ਨੂੰ ਨਹੀਂ ਮੰਨਦੇ, ਉਨ੍ਹਾਂ ਨਾਲ ਅਸੀਂ ਕਿਸ ਤਰ੍ਹਾਂ ਪੇਸ਼ ਆ ਕੇ ਯਹੋਵਾਹ ਦੀ ਰੀਸ ਕਰਦੇ ਹਾਂ?

12 ਕੀ ਅਸੀਂ ਸਿਰਫ਼ ਆਪਣੇ ਪਰਿਵਾਰ ਅਤੇ ਮਸੀਹੀ ਭਰਾਵਾਂ ਨਾਲ ਹੀ ਪਿਆਰ ਕਰਦੇ ਹਾਂ? ਜੇ ਅਸੀਂ “ਪਰਮੇਸ਼ੁਰ ਦੀ ਰੀਸ” ਕਰਦੇ ਹਾਂ, ਤਾਂ ਅਸੀਂ ਸਿਰਫ਼ ਇਨ੍ਹਾਂ ਨਾਲ ਹੀ ਪਿਆਰ ਨਹੀਂ ਕਰਾਂਗੇ। ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਅਫ਼ਸੀਆਂ 5:1; ਯੂਹੰਨਾ 3:16, ਟੇਢੇ ਟਾਈਪ ਸਾਡੇ।) ਯਹੋਵਾਹ ਪਰਮੇਸ਼ੁਰ ਵਾਂਗ ਅਸੀਂ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਾਂ, ਉਨ੍ਹਾਂ ਨਾਲ ਵੀ ਜੋ ਯਹੋਵਾਹ ਨੂੰ ਨਹੀਂ ਮੰਨਦੇ ਹਨ। (ਲੂਕਾ 6:35, 36; ਗਲਾਤੀਆਂ 6:10) ਖ਼ਾਸ ਕਰਕੇ ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਦੱਸਦੇ ਹਾਂ ਕਿ ਪਰਮੇਸ਼ੁਰ ਨੇ ਉਨ੍ਹਾਂ ਲਈ ਕਿੰਨੇ ਮਹਾਨ ਕੰਮ ਕੀਤੇ ਹਨ, ਤਾਂ ਅਸੀਂ ਲੋਕਾਂ ਲਈ ਆਪਣਾ ਪਿਆਰ ਦਿਖਾਉਂਦੇ ਹਾਂ। ਜਿਹੜਾ ਵੀ ਇਹ ਗੱਲਾਂ ਸੁਣਦਾ ਹੈ, ਉਸ ਨੂੰ ਮੁਕਤੀ ਮਿਲ ਸਕਦੀ ਹੈ।—ਮਰਕੁਸ 13:10; 1 ਤਿਮੋਥਿਉਸ 4:16.

13, 14. ਉਨ੍ਹਾਂ ਭਰਾਵਾਂ ਦੇ ਕੁਝ ਤਜਰਬੇ ਦੱਸੋ ਜਿਨ੍ਹਾਂ ਨੇ ਪਰੇਸ਼ਾਨੀਆਂ ਦੇ ਬਾਵਜੂਦ ਵੀ ਉਨ੍ਹਾਂ ਲੋਕਾਂ ਲਈ ਆਪਣਾ ਪਿਆਰ ਦਿਖਾਇਆ ਜੋ ਗਵਾਹ ਨਹੀਂ ਸਨ।

13 ਨੇਪਾਲ ਵਿਚ ਚਾਰ ਵਿਸ਼ੇਸ਼ ਪਾਇਨੀਅਰਾਂ ਤੇ ਗੌਰ ਕਰੋ। ਇਨ੍ਹਾਂ ਨੂੰ ਦੇਸ਼ ਦੇ ਦੱਖਣ-ਪੱਛਮੀ ਇਲਾਕੇ ਦੇ ਇਕ ਸ਼ਹਿਰ ਵਿਚ ਪਾਇਨੀਅਰੀ ਕਰਨ ਲਈ ਭੇਜਿਆ ਗਿਆ ਸੀ। ਪਿਛਲੇ ਪੰਜਾਂ ਸਾਲਾਂ ਤੋਂ ਉਹ ਉਸ ਸ਼ਹਿਰ ਵਿਚ ਤੇ ਲਾਗਲੇ ਪਿੰਡਾਂ ਵਿਚ ਧੀਰਜ ਨਾਲ ਪ੍ਰਚਾਰ ਕਰ ਕੇ ਆਪਣਾ ਪਿਆਰ ਦਿਖਾ ਰਹੇ ਹਨ। ਆਪਣੇ ਖੇਤਰ ਵਿਚ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ਤਪਦੀਆਂ ਗਰਮੀਆਂ ਵਿਚ ਕਈ-ਕਈ ਘੰਟੇ ਸਾਈਕਲਾਂ ਤੇ ਜਾਣਾ ਪੈਂਦਾ ਹੈ। ਉਨ੍ਹਾਂ ਦੇ ਪਿਆਰ ਅਤੇ ‘ਸ਼ੁਭ ਕਰਮਾਂ ਵਿੱਚ ਦ੍ਰਿੜ੍ਹਤਾ’ ਦੇ ਚੰਗੇ ਨਤੀਜੇ ਨਿਕਲੇ। ਹੁਣ ਇਕ ਪਿੰਡ ਵਿਚ ਬੁੱਕ ਸਟੱਡੀ ਗਰੁੱਪ ਸ਼ੁਰੂ ਹੋਇਆ ਹੈ। (ਰੋਮੀਆਂ 2:7) ਮਾਰਚ 2000 ਵਿਚ 32 ਲੋਕ ਸਰਕਟ ਨਿਗਾਹਬਾਨ ਦਾ ਜਨਤਕ ਭਾਸ਼ਣ ਸੁਣਨ ਲਈ ਆਏ। ਪਿਛਲੇ ਸਾਲ ਨੇਪਾਲ ਵਿਚ 9 ਪ੍ਰਤਿਸ਼ਤ ਵਾਧਾ ਹੋਇਆ ਤੇ ਪ੍ਰਕਾਸ਼ਕਾਂ ਦੀ ਕੁਲ ਗਿਣਤੀ 430 ਸੀ। ਯਹੋਵਾਹ ਉਸ ਦੇਸ਼ ਦੇ ਭਰਾਵਾਂ ਦੇ ਜੋਸ਼ ਅਤੇ ਪ੍ਰੇਮ ਉੱਤੇ ਆਪਣੀ ਬਰਕਤ ਪਾ ਰਿਹਾ ਹੈ।

14 ਕੋਲੰਬੀਆ ਵਿਚ ਥੋੜ੍ਹੇ ਸਮੇਂ ਦੇ ਵਿਸ਼ੇਸ਼ ਪਾਇਨੀਅਰ ਵਾਈਯੂ ਇੰਡੀਅਨਾਂ ਨੂੰ ਪ੍ਰਚਾਰ ਕਰਨ ਲਈ ਗਏ। ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਲਈ ਇਨ੍ਹਾਂ ਪਾਇਨੀਅਰਾਂ ਨੂੰ ਨਵੀਂ ਭਾਸ਼ਾ ਸਿੱਖਣੀ ਪਈ। ਪਰ ਉਨ੍ਹਾਂ ਨੇ ਇੰਡੀਅਨਾਂ ਵਿਚ ਦਿਲਚਸਪੀ ਲੈ ਕੇ ਜੋ ਪਿਆਰ ਦਿਖਾਇਆ, ਉਸ ਦਾ ਉਨ੍ਹਾਂ ਨੂੰ ਫਲ ਮਿਲਿਆ। ਬਹੁਤ ਤੇਜ਼ ਮੀਂਹ ਪੈਣ ਦੇ ਬਾਵਜੂਦ ਵੀ 27 ਲੋਕ ਜਨਤਕ ਭਾਸ਼ਣ ਸੁਣਨ ਲਈ ਆਏ। ਇਨ੍ਹਾਂ ਪਾਇਨੀਅਰਾਂ ਨੇ ਜੋ ਜੋਸ਼ ਦਿਖਾਇਆ ਹੈ, ਉਸ ਕਰਕੇ ਕੋਲੰਬੀਆ ਵਿਚ 5 ਪ੍ਰਤਿਸ਼ਤ ਵਾਧਾ ਹੋਇਆ ਤੇ ਪ੍ਰਕਾਸ਼ਕਾਂ ਦੀ ਕੁਲ ਗਿਣਤੀ 107,613 ਹੋ ਗਈ। ਡੈਨਮਾਰਕ ਵਿਚ ਇਕ ਬਜ਼ੁਰਗ ਭੈਣ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੀ ਸੀ, ਪਰ ਉਹ ਅਪਾਹਜ ਹੋਣ ਕਰਕੇ ਇਸ ਤਰ੍ਹਾਂ ਨਹੀਂ ਕਰ ਪਾਉਂਦੀ ਸੀ। ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਚਿੱਠੀਆਂ ਰਾਹੀਂ ਦਿਲਚਸਪੀ ਰੱਖਣ ਵਾਲਿਆਂ ਨਾਲ ਸੰਪਰਕ ਕੀਤਾ। ਇਸ ਵੇਲੇ ਉਹ 42 ਲੋਕਾਂ ਨੂੰ ਚਿੱਠੀਆਂ ਲਿਖਦੀ ਹੈ ਤੇ 11 ਬਾਈਬਲ ਸਟੱਡੀਆਂ ਕਰਾਉਂਦੀ ਹੈ। ਉਹ ਵੀ ਉਨ੍ਹਾਂ 14,885 ਪ੍ਰਕਾਸ਼ਕਾਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਪਿਛਲੇ ਸਾਲ ਡੈਨਮਾਰਕ ਵਿਚ ਆਪਣੀ ਰਿਪੋਰਟ ਦਿੱਤੀ।

ਆਪਣੇ ਵੈਰੀਆਂ ਨਾਲ ਪਿਆਰ ਕਰੋ

15, 16. (ੳ) ਯਿਸੂ ਦੇ ਕਹਿਣ ਮੁਤਾਬਕ ਸਾਨੂੰ ਕਿਨ੍ਹਾਂ ਲੋਕਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ? (ਅ) ਜ਼ਿੰਮੇਵਾਰ ਭਰਾ ਉਸ ਆਦਮੀ ਨਾਲ ਕਿਵੇਂ ਪੇਸ਼ ਆਏ ਜਿਸ ਨੇ ਯਹੋਵਾਹ ਦੇ ਗਵਾਹਾਂ ਉੱਤੇ ਝੂਠੇ ਦੋਸ਼ ਲਾਏ ਸਨ?

15 ਯਿਸੂ ਨੇ ਸ਼ਰਾ ਨੂੰ ਸਿਖਾਉਣ ਵਾਲੇ ਆਦਮੀ ਨੂੰ ਕਿਹਾ ਸੀ ਕਿ ਇਕ ਸਾਮਰੀ ਵੀ ਉਸ ਦਾ ਗੁਆਂਢੀ ਹੋ ਸਕਦਾ ਹੈ। ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਸ ਬਾਰੇ ਅੱਗੇ ਕਿਹਾ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ।” (ਮੱਤੀ 5:43-45) ਜਦੋਂ ਸਾਡਾ ਕੋਈ ਵਿਰੋਧ ਵੀ ਕਰਦਾ ਹੈ, ਉਦੋਂ ਵੀ ਅਸੀਂ ‘ਭਲਿਆਈ ਨਾਲ ਬੁਰਿਆਈ ਨੂੰ ਜਿੱਤਣ’ ਦੀ ਕੋਸ਼ਿਸ਼ ਕਰਦੇ ਹਾਂ। (ਰੋਮੀਆਂ 12:19-21) ਅਸੀਂ ਉਸ ਵਿਅਕਤੀ ਨੂੰ ਕੀਮਤੀ ਸੱਚਾਈ ਦੱਸਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ।

16 ਯੂਕਰੇਨ ਵਿਚ ਕ੍ਰਿਮਿਨਚੂਕ ਹੈਰਲਡ ਨਾਮਕ ਇਕ ਅਖ਼ਬਾਰ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਇਕ ਲੇਖ ਛਾਪਿਆ ਗਿਆ ਜਿਸ ਵਿਚ ਉਨ੍ਹਾਂ ਨੂੰ ਇਕ ਖ਼ਤਰਨਾਕ ਧਰਮ ਕਿਹਾ ਗਿਆ ਸੀ। ਇਹ ਬਹੁਤ ਗੰਭੀਰ ਮਸਲਾ ਸੀ ਕਿਉਂਕਿ ਯੂਰਪ ਵਿਚ ਕੁਝ ਵਿਅਕਤੀ ਦੂਸਰੇ ਲੋਕਾਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਵਾਸਤੇ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ ਬੋਲਦੇ ਹਨ ਕਿ ਗਵਾਹਾਂ ਦੇ ਕੰਮਾਂ ਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਹਨ। ਇਸ ਲਈ, ਯਹੋਵਾਹ ਦੇ ਗਵਾਹ ਇਸ ਅਖ਼ਬਾਰ ਦੇ ਸੰਪਾਦਕ ਨੂੰ ਮਿਲੇ ਤੇ ਉਨ੍ਹਾਂ ਨੇ ਉਸ ਨੂੰ ਗਵਾਹਾਂ ਬਾਰੇ ਸਹੀ ਲੇਖ ਛਾਪਣ ਵਾਸਤੇ ਕਿਹਾ। ਉਸ ਨੇ ਦੂਸਰਾ ਲੇਖ ਤਾਂ ਛਾਪ ਦਿੱਤਾ, ਪਰ ਉਸ ਵਿਚ ਇਹ ਵੀ ਲਿਖਿਆ ਕਿ ਪਹਿਲੇ ਲੇਖ ਵਿਚ ਕੋਈ ਗ਼ਲਤ ਜਾਣਕਾਰੀ ਨਹੀਂ ਛਾਪੀ ਗਈ ਸੀ। ਜ਼ਿੰਮੇਵਾਰ ਭਰਾ ਫਿਰ ਉਸ ਸੰਪਾਦਕ ਨੂੰ ਮਿਲੇ ਤੇ ਉਸ ਨੂੰ ਗਵਾਹਾਂ ਬਾਰੇ ਹੋਰ ਜਾਣਕਾਰੀ ਦਿੱਤੀ। ਅਖ਼ੀਰ ਵਿਚ ਸੰਪਾਦਕ ਨੇ ਮੰਨਿਆ ਕਿ ਉਸ ਨੇ ਜੋ ਪਹਿਲਾ ਲੇਖ ਛਾਪਿਆ ਸੀ, ਉਸ ਵਿਚ ਗ਼ਲਤ ਜਾਣਕਾਰੀ ਦਿੱਤੀ ਗਈ ਸੀ। ਇਸ ਲਈ, ਉਸ ਨੇ ਆਪਣੀ ਗ਼ਲਤੀ ਨੂੰ ਸੁਧਾਰਨ ਵਾਸਤੇ ਇਕ ਹੋਰ ਲੇਖ ਛਾਪਿਆ। ਉਸ ਨਾਲ ਸਾਫ਼-ਸਾਫ਼ ਤੇ ਪਿਆਰ ਨਾਲ ਗੱਲ ਕਰਨ ਕਰਕੇ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ ਤੇ ਇਸ ਦਾ ਚੰਗਾ ਨਤੀਜਾ ਨਿਕਲਿਆ।

ਅਸੀਂ ਆਪਣੇ ਵਿਚ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ?

17. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਣਾ ਆਸਾਨ ਨਹੀਂ ਹੁੰਦਾ?

17 ਜਦੋਂ ਇਕ ਬੱਚੇ ਦਾ ਜਨਮ ਹੁੰਦਾ ਹੈ, ਤਾਂ ਉਸ ਦੇ ਮਾਪੇ ਉਸੇ ਵੇਲੇ ਉਸ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਪਰ ਵੱਡਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਹਮੇਸ਼ਾ ਕੁਦਰਤੀ ਨਹੀਂ ਹੁੰਦਾ। ਇਸੇ ਲਈ ਬਾਈਬਲ ਸਾਨੂੰ ਵਾਰ-ਵਾਰ ਇਹ ਕਹਿੰਦੀ ਹੈ ਕਿ ਅਸੀਂ ਇਕ-ਦੂਜੇ ਨਾਲ ਪਿਆਰ ਕਰੀਏ ਤੇ ਇਹ ਪਿਆਰ ਸਾਨੂੰ ਆਪਣੇ ਵਿਚ ਪੈਦਾ ਕਰਨਾ ਪੈਂਦਾ ਹੈ। (1 ਪਤਰਸ 1:22; 4:8; 1 ਯੂਹੰਨਾ 3:11) ਯਿਸੂ ਜਾਣਦਾ ਸੀ ਕਿ ਸਾਡਾ ਪਿਆਰ ਪਰਖਿਆ ਜਾਵੇਗਾ ਜਦੋਂ ਉਸ ਨੇ ਕਿਹਾ ਸੀ ਕਿ ਸਾਨੂੰ ਆਪਣੇ ਭਰਾ ਨੂੰ “ਸੱਤਰ ਦੇ ਸੱਤ ਗੁਣਾ ਤੀਕਰ” ਮਾਫ਼ ਕਰਨਾ ਚਾਹੀਦਾ ਹੈ। (ਮੱਤੀ 18:21, 22) ਪੌਲੁਸ ਨੇ ਵੀ ਸਾਨੂੰ ਤਾਕੀਦ ਕੀਤੀ ਕਿ ਅਸੀਂ ‘ਇੱਕ ਦੂਏ ਦੀ ਸਹਿ ਲਈਏ।’ (ਕੁਲੁੱਸੀਆਂ 3:12, 13) ਇਸੇ ਲਈ ਸਾਨੂੰ ਕਿਹਾ ਗਿਆ ਹੈ: “ਪ੍ਰੇਮ ਦੇ ਮਗਰ ਲੱਗੋ।” (1 ਕੁਰਿੰਥੀਆਂ 14:1) ਅਸੀਂ ਇਸ ਦੇ ਮਗਰ ਕਿਵੇਂ ਲੱਗ ਸਕਦੇ ਹਾਂ?

18. ਕਿਹੜੀ ਚੀਜ਼ ਦੂਸਰਿਆਂ ਨੂੰ ਪਿਆਰ ਕਰਨ ਵਿਚ ਸਾਡੀ ਮਦਦ ਕਰੇਗੀ?

18 ਸਭ ਤੋਂ ਪਹਿਲਾਂ ਸਾਨੂੰ ਹਮੇਸ਼ਾ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਯਹੋਵਾਹ ਨਾਲ ਪਿਆਰ ਕਰਨ ਕਰਕੇ ਹੀ ਅਸੀਂ ਆਪਣੇ ਗੁਆਂਢੀ ਨਾਲ ਪਿਆਰ ਕਰ ਸਕਦੇ ਹਾਂ। ਕਿਉਂ? ਕਿਉਂਕਿ ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਸਵਰਗੀ ਪਿਤਾ ਦੇ ਗੁਣ ਪ੍ਰਦਰਸ਼ਿਤ ਕਰਦੇ ਹਾਂ ਜਿਸ ਨਾਲ ਉਸ ਦੀ ਮਹਿਮਾ ਤੇ ਵਡਿਆਈ ਹੁੰਦੀ ਹੈ। (ਯੂਹੰਨਾ 15:8-10; ਫ਼ਿਲਿੱਪੀਆਂ 1:9-11) ਦੂਸਰਾ, ਸਾਨੂੰ ਯਹੋਵਾਹ ਵਾਂਗ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਵੀ ਅਸੀਂ ਪਾਪ ਕਰਦੇ ਹਾਂ, ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕਰਦੇ ਹਾਂ; ਪਰ ਫਿਰ ਵੀ ਉਹ ਸਾਨੂੰ ਵਾਰ-ਵਾਰ ਮਾਫ਼ ਕਰਦਾ ਹੈ ਅਤੇ ਸਾਨੂੰ ਹਮੇਸ਼ਾ ਪਿਆਰ ਕਰਦਾ ਹੈ। (ਜ਼ਬੂਰ 86:5; 103:2, 3; 1 ਯੂਹੰਨਾ 1:9; 4:18) ਜੇ ਅਸੀਂ ਯਹੋਵਾਹ ਵਾਂਗ ਸੋਚਦੇ ਹਾਂ, ਤਾਂ ਅਸੀਂ ਦੂਸਰਿਆਂ ਨੂੰ ਪਿਆਰ ਕਰਦੇ ਰਹਾਂਗੇ ਤੇ ਜੇ ਉਹ ਸਾਡੇ ਖ਼ਿਲਾਫ ਕੋਈ ਗ਼ਲਤੀ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਮਾਫ਼ ਕਰਾਂਗੇ। (ਮੱਤੀ 6:12) ਤੀਸਰਾ ਕਾਰਨ, ਸਾਨੂੰ ਦੂਜਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਨਾਲ ਪੇਸ਼ ਆਉਣ। (ਮੱਤੀ 7:12) ਨਾਮੁਕੰਮਲ ਹੋਣ ਕਰਕੇ ਅਸੀਂ ਵਾਰ-ਵਾਰ ਗ਼ਲਤੀਆਂ ਕਰਦੇ ਹਾਂ ਜਿਸ ਲਈ ਸਾਨੂੰ ਮਾਫ਼ੀ ਦੀ ਜ਼ਰੂਰਤ ਪੈਂਦੀ ਹੈ। ਉਦਾਹਰਣ ਲਈ, ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਕਹਿ ਦਿੰਦੇ ਹਾਂ ਜਿਸ ਨਾਲ ਉਸ ਨੂੰ ਦੁੱਖ ਲੱਗਦਾ ਹੈ, ਤਾਂ ਅਸੀਂ ਇਹ ਆਸ ਰੱਖਦੇ ਹਾਂ ਕਿ ਉਹ ਯਾਦ ਰੱਖੇਗਾ ਕਿ ਹਰ ਇਨਸਾਨ ਆਪਣੀ ਜ਼ਬਾਨ ਨਾਲ ਪਾਪ ਕਰਦਾ ਹੈ। (ਯਾਕੂਬ 3:2) ਜੇ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਨਾਲ ਪਿਆਰ ਕਰਨ, ਤਾਂ ਸਾਨੂੰ ਵੀ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ।

19. ਅਸੀਂ ਆਪਣੇ ਵਿਚ ਪਿਆਰ ਪੈਦਾ ਕਰਨ ਵਾਸਤੇ ਪਵਿੱਤਰ ਆਤਮਾ ਦੀ ਮਦਦ ਕਿੱਦਾਂ ਲੈ ਸਕਦੇ ਹਾਂ?

19 ਚੌਥਾ ਤਰੀਕਾ ਹੈ ਕਿ ਅਸੀਂ ਪਵਿੱਤਰ ਆਤਮਾ ਦੀ ਸਹਾਇਤਾ ਮੰਗ ਸਕਦੇ ਹਾਂ ਕਿਉਂਕਿ ਪਿਆਰ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22, 23) ਦੋਸਤਾਂ-ਮਿੱਤਰਾਂ ਤੇ ਪਰਿਵਾਰ ਨਾਲ ਪਿਆਰ ਅਤੇ ਰੁਮਾਂਟਿਕ ਪਿਆਰ ਅਕਸਰ ਕੁਦਰਤੀ ਹੁੰਦਾ ਹੈ। ਪਰ ਸਾਨੂੰ ਯਹੋਵਾਹ ਦੀ ਆਤਮਾ ਦੀ ਲੋੜ ਹੈ ਜੇ ਅਸੀਂ ਆਪਣੇ ਵਿਚ ਉਹ ਪਿਆਰ ਪੈਦਾ ਕਰਨਾ ਚਾਹੁੰਦੇ ਹਾਂ ਜੋ ਯਹੋਵਾਹ ਸਾਡੇ ਨਾਲ ਕਰਦਾ ਹੈ ਤੇ ਜਿਹੜਾ ਏਕਤਾ ਦਾ ਸੰਪੂਰਨ ਬੰਧਨ ਹੈ। ਅਸੀਂ ਬਾਈਬਲ ਪੜ੍ਹਨ ਦੁਆਰਾ ਪਵਿੱਤਰ ਆਤਮਾ ਦੀ ਮਦਦ ਮੰਗ ਸਕਦੇ ਹਾਂ। ਉਦਾਹਰਣ ਲਈ, ਜੇ ਅਸੀਂ ਯਿਸੂ ਦੀ ਜ਼ਿੰਦਗੀ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਦੇਖਾਂਗੇ ਕਿ ਉਹ ਲੋਕਾਂ ਨਾਲ ਕਿਵੇਂ ਪੇਸ਼ ਆਇਆ ਸੀ ਤੇ ਇਸ ਨਾਲ ਅਸੀਂ ਉਸ ਦੀ ਪੈੜ ਤੇ ਚੱਲਣਾ ਸਿੱਖ ਸਕਦੇ ਹਾਂ। (ਯੂਹੰਨਾ 13:34, 35; 15:12) ਇਸ ਤੋਂ ਇਲਾਵਾ, ਅਸੀਂ ਯਹੋਵਾਹ ਨੂੰ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰ ਸਕਦੇ ਹਾਂ, ਖ਼ਾਸ ਕਰਕੇ ਉਨ੍ਹਾਂ ਹਾਲਾਤਾਂ ਵਿਚ ਜਦੋਂ ਸਾਡੇ ਲਈ ਦੂਜਿਆਂ ਨਾਲ ਪਿਆਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। (ਲੂਕਾ 11:13) ਅਸੀਂ ਮਸੀਹੀ ਕਲੀਸਿਯਾ ਦੇ ਵਿਚ ਰਹਿ ਕੇ ਪਿਆਰ ਦੇ ਮਗਰ ਲੱਗ ਸਕਦੇ ਹਾਂ। ਪਿਆਰ ਕਰਨ ਵਾਲੇ ਭੈਣਾਂ-ਭਰਾਵਾਂ ਦੇ ਵਿਚ ਰਹਿ ਕੇ ਅਸੀਂ ਆਪਣੇ ਵਿਚ ਪਿਆਰ ਪੈਦਾ ਕਰ ਸਕਦੇ ਹਾਂ।—ਕਹਾਉਤਾਂ 13:20.

20, 21. ਯਹੋਵਾਹ ਦੇ ਗਵਾਹਾਂ ਨੇ 2000 ਸੇਵਾ ਸਾਲ ਵਿਚ ਕਿਵੇਂ ਵਧੀਆ ਤਰੀਕੇ ਨਾਲ ਆਪਣਾ ਪਿਆਰ ਦਿਖਾਇਆ?

20 ਪਿਛਲੇ ਸਾਲ ਪੂਰੀ ਦੁਨੀਆਂ ਵਿਚ ਪ੍ਰਕਾਸ਼ਕਾਂ ਦੀ ਕੁਲ ਗਿਣਤੀ 60,35,564 ਸੀ। ਯਹੋਵਾਹ ਦੇ ਗਵਾਹਾਂ ਨੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕੁਲ 1,17,12,70,425 ਘੰਟੇ ਬਿਤਾਏ। ਇਹ ਪਿਆਰ ਹੀ ਸੀ ਜਿਸ ਨੇ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਮੀਂਹ ਤੇ ਗਰਮੀ-ਸਰਦੀ ਸਹਿਣ ਲਈ ਪ੍ਰੇਰਿਆ। ਪਿਆਰ ਨੇ ਹੀ ਉਨ੍ਹਾਂ ਨੂੰ ਸਕੂਲ ਵਿਚ ਆਪਣੇ ਨਾਲ ਪੜ੍ਹਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਨਾਲ ਜਾਂ ਸੜਕਾਂ ਅਤੇ ਦੂਜੀਆਂ ਥਾਵਾਂ ਤੇ ਅਜਨਬੀਆਂ ਨਾਲ ਗੱਲ ਕਰਨ ਲਈ ਪ੍ਰੇਰਿਆ। ਗਵਾਹ ਜਿਨ੍ਹਾਂ ਲੋਕਾਂ ਨੂੰ ਮਿਲੇ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਦਿਲਚਸਪੀ ਨਹੀਂ ਦਿਖਾਈ। ਕੁਝ ਕੁ ਨੇ ਵਿਰੋਧ ਵੀ ਕੀਤਾ। ਪਰ ਕੁਝ ਲੋਕਾਂ ਨੇ ਦਿਲਚਸਪੀ ਦਿਖਾਈ ਜਿਸ ਕਰਕੇ ਗਵਾਹਾਂ ਨੇ 43,34,54,049 ਪੁਨਰ-ਮੁਲਾਕਾਤਾਂ ਕੀਤੀਆਂ ਅਤੇ 47,66,631 ਬਾਈਬਲ ਸਟੱਡੀਆਂ ਕਰਾਈਆਂ। *

21 ਕਿੰਨੇ ਵਧੀਆ ਤਰੀਕੇ ਨਾਲ ਯਹੋਵਾਹ ਦੇ ਗਵਾਹਾਂ ਨੇ ਆਪਣੇ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਲਈ ਪਿਆਰ ਦਿਖਾਇਆ! ਇਹ ਪਿਆਰ ਕਦੀ ਠੰਡਾ ਨਹੀਂ ਪਵੇਗਾ। ਸਾਨੂੰ ਪੂਰਾ ਭਰੋਸਾ ਹੈ ਕਿ 2001 ਸੇਵਾ ਸਾਲ ਵਿਚ ਲੋਕਾਂ ਨੂੰ ਹੋਰ ਵੱਡੇ ਪੱਧਰ ਤੇ ਗਵਾਹੀ ਦਿੱਤੀ ਜਾਵੇਗੀ। ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਆਪਣੇ ਵਫ਼ਾਦਾਰ ਤੇ ਜੋਸ਼ੀਲੇ ਸੇਵਕਾਂ ਨੂੰ ਬਰਕਤ ਦੇਵੇ ਜਿਉਂ-ਜਿਉਂ ਉਹ “ਸਾਰੇ ਕੰਮ ਪ੍ਰੇਮ ਨਾਲ” ਕਰਦੇ ਰਹਿੰਦੇ ਹਨ!—1 ਕੁਰਿੰਥੀਆਂ 16:14.

[ਫੁਟਨੋਟ]

^ ਪੈਰਾ 20 ਸੰਨ 2000 ਦੀ ਸੇਵਾ ਰਿਪੋਰਟ ਦੇ ਪੂਰੇ ਵੇਰਵਿਆਂ ਲਈ, ਸਫ਼ੇ 18-21 ਦੇ ਉੱਤੇ ਚਾਰਟ ਨੂੰ ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਜਦੋਂ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਕਿਸ ਦੀ ਰੀਸ ਕਰਦੇ ਹਾਂ?

• ਸਾਨੂੰ ਕਿਨ੍ਹਾਂ-ਕਿਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ?

• ਕਿਹੜੇ ਕੁਝ ਤਜ਼ਰਬੇ ਮਸੀਹੀ ਪਿਆਰ ਦਾ ਸਬੂਤ ਦਿੰਦੇ ਹਨ?

• ਅਸੀਂ ਆਪਣੇ ਵਿਚ ਮਸੀਹੀ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ?

[ਸਵਾਲ]

[ਸਫ਼ੇ 18-21 ਉੱਤੇ ਚਾਰਟ]

ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2000 ਸੇਵਾ ਸਾਲ ਰਿਪੋਰਟ

(ਰਸਾਲਾ ਦੇਖੋ)

[ਸਫ਼ੇ 15 ਉੱਤੇ ਤਸਵੀਰਾਂ]

ਮਸੀਹੀ ਪਿਆਰ ਪਰਿਵਾਰ ਨੂੰ ਇਕ ਧਾਗੇ ਵਿਚ ਬੰਨ੍ਹ ਕੇ ਰੱਖ ਸਕਦਾ ਹੈ

[ਸਫ਼ੇ 17 ਉੱਤੇ ਤਸਵੀਰਾਂ]

ਪਿਆਰ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਪਣੀ ਆਸ਼ਾ ਬਾਰੇ ਦੂਸਰਿਆਂ ਨੂੰ ਵੀ ਦੱਸੀਏ