Skip to content

Skip to table of contents

ਅਸੀਂ ਆਪਣੇ ਵਿਚ ਸਦਗੁਣ ਕਿਵੇਂ ਵਧਾ ਸਕਦੇ ਹਾਂ

ਅਸੀਂ ਆਪਣੇ ਵਿਚ ਸਦਗੁਣ ਕਿਵੇਂ ਵਧਾ ਸਕਦੇ ਹਾਂ

ਅਸੀਂ ਆਪਣੇ ਵਿਚ ਸਦਗੁਣ ਕਿਵੇਂ ਵਧਾ ਸਕਦੇ ਹਾਂ

ਅੱਜ-ਕੱਲ੍ਹ ਦੇ ਸ਼ਬਦ-ਕੋਸ਼ਾਂ ਵਿਚ “ਸਦਗੁਣ” ਨੂੰ “ਨੈਤਿਕ ਖੂਬੀ; ਚੰਗਿਆਈ” ਦੇ ਤੌਰ ਤੇ ਸਮਝਾਇਆ ਗਿਆ ਹੈ। ਇਸ ਵਿਚ “ਸਹੀ ਕੰਮ ਅਤੇ ਸੋਚਣੀ” ਦਾ ਭਾਵ ਹੁੰਦਾ ਹੈ ਅਤੇ ਸਦਗੁਣੀ ਲੋਕਾਂ ਦਾ “ਚੰਗਾ ਸੁਭਾਅ” ਹੁੰਦਾ ਹੈ। ਕੋਸ਼ਕਾਰ ਮਾਰਵਿਨ ਆਰ. ਵਿਨਸੰਟ ਨੇ ਕਿਹਾ ਕਿ ਜਿਸ ਯੂਨਾਨੀ ਸ਼ਬਦ ਤੋਂ “ਸਦਗੁਣ” ਲਿਆ ਗਿਆ ਹੈ ਉਹ ਮੂਲ ਰੂਪ ਵਿਚ “ਕਿਸੇ ਵੀ ਤਰ੍ਹਾਂ ਦੀ ਖੂਬੀ” ਦਾ ਸੰਕੇਤ ਦਿੰਦਾ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਸਮਝਦਾਰੀ, ਦਲੇਰੀ, ਆਤਮ-ਅਨੁਸ਼ਾਸਨ, ਨਿਰਪੱਖਤਾ, ਦਇਆ, ਦ੍ਰਿੜ੍ਹਤਾ, ਈਮਾਨਦਾਰੀ, ਨਿਮਰਤਾ, ਅਤੇ ਵਫ਼ਾਦਾਰੀ ਵਰਗੇ ਗੁਣਾਂ ਨੂੰ ਕਿਸੇ-ਨ-ਕਿਸੇ ਸਮੇਂ ਤੇ ਸਦਗੁਣ ਸੱਦਿਆ ਗਿਆ ਹੈ। ਸਦਗੁਣੀ ਬਣਨ ਦਾ ਮਤਲਬ ਹੈ ‘ਕਿਸੇ ਸਹੀ ਮਿਆਰ ਦੀ ਪਾਲਣਾ’ ਕਰਨੀ।

ਪਰ ਸਾਨੂੰ ਖੂਬੀ ਦੀਆਂ, ਚੰਗੀਆਂ, ਅਤੇ ਸਹੀ ਗੱਲਾਂ ਦੇ ਸੰਬੰਧ ਵਿਚ ਕਿਸ ਦੇ ਮਿਆਰ ਦੀ ਪਾਲਣਾ ਕਰਨੀ ਚਾਹੀਦੀ ਹੈ? ਨਿਊਜ਼ਵੀਕ ਰਸਾਲੇ ਨੇ ਕਿਹਾ ਕਿ ‘ਗਿਆਨ-ਪ੍ਰਾਪਤੀ ਦੇ ਯੁਗ ਦੇ ਕਾਰਨ ਲੋਕੀਂ ਜ਼ਿਆਦਾ ਸੰਦੇਹਵਾਦੀ ਹੋਣ ਲੱਗ ਪਏ। ਨੈਤਿਕ ਫ਼ਿਲਾਸਫ਼ੀਆਂ ਦੇ ਪ੍ਰਮੁੱਖ ਹਿਮਾਇਤੀਆਂ ਦੇ ਮੁਤਾਬਕ ਇਸੇ ਕਰਕੇ ਲੋਕ ਅੱਜ-ਕੱਲ੍ਹ ਸਹੀ-ਗ਼ਲਤ ਦੀ ਪਛਾਣ ਕਰਨ ਵਿਚ ਆਪਣੇ ਨਿੱਜੀ ਖ਼ਿਆਲਾਂ, ਪਸੰਦਾਂ ਅਤੇ ਚੋਣਾਂ ਤੇ ਨਿਰਭਰ ਹੁੰਦੇ ਹਨ।’ ਪਰ ਕੀ ਆਪਣੇ ਹੀ ਖ਼ਿਆਲ ਜਾਂ ਪਸੰਦ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਕੀ ਸਹੀ ਜਾਂ ਗ਼ਲਤ ਹੈ? ਬਿਲਕੁਲ ਨਹੀਂ। ਜੇ ਅਸੀਂ ਸਦਗੁਣੀ ਬਣਨਾ ਚਾਹੁੰਦਾ ਹਾਂ, ਤਾਂ ਸਾਨੂੰ ਸਹੀ-ਗ਼ਲਤ ਦਾ ਚੰਗਾ ਮਿਆਰ ਚਾਹੀਦਾ ਹੈ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ। ਹਾਂ, ਇਕ ਅਜਿਹਾ ਮਿਆਰ ਜਿਸ ਦੇ ਆਧਾਰ ਤੇ ਅਸੀਂ ਕਿਸੇ ਕੰਮ, ਰਵੱਈਏ, ਜਾਂ ਗੁਣ ਨੂੰ ਪਰਖ ਸਕਦੇ ਹਾਂ ਕਿ ਉਹ ਸਹੀ ਜਾਂ ਗ਼ਲਤ ਹੈ।

ਨੈਤਿਕ ਮਿਆਰਾਂ ਦਾ ਇੱਕੋ-ਇਕ ਅਸਲੀ ਸੋਮਾ

ਨੈਤਿਕ ਮਿਆਰਾਂ ਦਾ ਇੱਕੋ-ਇਕ ਅਸਲੀ ਸੋਮਾ ਹੈ—ਮਾਨਵਜਾਤੀ ਦਾ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ। ਪਹਿਲੇ ਆਦਮੀ, ਆਦਮ, ਨੂੰ ਬਣਾਉਣ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਇਹ ਹੁਕਮ ਦਿੱਤਾ ਕਿ “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਯਹੋਵਾਹ ਪਰਮੇਸ਼ੁਰ ਨੇ ਇਸ ਬਿਰਛ ਨੂੰ ਇਹ ਅਨੋਖਾ ਨਾਂ ਇਸ ਲਈ ਦਿੱਤਾ ਸੀ ਤਾਂਕਿ ਆਦਮ ਅਤੇ ਹੱਵਾਹ ਸਮਝ ਸਕਣ ਕਿ ਸਿਰਫ਼ ਉਹੀ ਇਨਸਾਨਾਂ ਲਈ ਸਹੀ ਅਤੇ ਗ਼ਲਤ ਦੇ ਫ਼ੈਸਲੇ ਕਰਨ ਦਾ ਹੱਕ ਰੱਖਦਾ ਸੀ। ਇਸ ਲਈ ਪਰਮੇਸ਼ੁਰ ਦੇ ਸਹੀ-ਗ਼ਲਤ ਦੇ ਮਿਆਰ ਉਹ ਮੁੱਖ ਆਧਾਰ ਬਣ ਗਏ ਜਿਨ੍ਹਾਂ ਉੱਤੇ ਕਿਸੇ ਇਨਸਾਨ ਦੇ ਕੰਮ, ਨਜ਼ਰੀਏ, ਅਤੇ ਨਿੱਜੀ ਗੁਣਾਂ ਦੀ ਜਾਂਚ ਕੀਤੀ ਜਾ ਸਕਦੀ ਸੀ। ਅਜਿਹਿਆਂ ਮਿਆਰਾਂ ਤੋਂ ਬਗੈਰ ਅਸੀਂ ਸਹੀ-ਗ਼ਲਤ ਵਿਚਕਾਰ ਫ਼ਰਕ ਠੀਕ ਤਰ੍ਹਾਂ ਨਹੀਂ ਪਛਾਣ ਸਕਦੇ।

ਭਲੇ ਬੁਰੇ ਦੀ ਸਿਆਣ ਦੇ ਬਿਰਛ ਬਾਰੇ ਆਦਮ ਅਤੇ ਹੱਵਾਹ ਨੂੰ ਦਿੱਤੇ ਗਏ ਹੁਕਮ ਨੇ ਉਨ੍ਹਾਂ ਦੇ ਸਾਮ੍ਹਣੇ ਇਕ ਚੋਣ ਪੇਸ਼ ਕੀਤੀ—ਕਹਿਣਾ ਮੰਨਣਾ ਜਾਂ ਨਾ ਮੰਨਣਾ। ਉਨ੍ਹਾਂ ਲਈ ਸਦਗੁਣੀ ਹੋਣ ਦਾ ਮਤਲਬ ਸੀ ਉਸ ਹੁਕਮ ਦੀ ਪਾਲਣਾ ਕਰਨੀ। ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਅੱਗੇ ਜਾ ਕੇ ਇਹ ਦੱਸਿਆ ਕਿ ਕਿਹੜੀ ਗੱਲ ਉਸ ਨੂੰ ਖ਼ੁਸ਼ ਕਰਦੀ ਹੈ ਅਤੇ ਕਿਹੜੀ ਗੱਲ ਉਸ ਨੂੰ ਨਾਰਾਜ਼ ਕਰਦੀ ਹੈ, ਅਤੇ ਇਹ ਸਭ ਕੁਝ ਉਸ ਨੇ ਬਾਈਬਲ ਵਿਚ ਦਰਜ ਕਰਾਇਆ। ਆਪਣੇ ਆਪ ਵਿਚ ਸਦਗੁਣ ਪੈਦਾ ਕਰਨ ਵਿਚ ਇਹ ਸ਼ਾਮਲ ਹੈ ਕਿ ਅਸੀਂ ਬਾਈਬਲ ਵਿਚ ਦੱਸੇ ਗਏ ਯਹੋਵਾਹ ਦੇ ਧਾਰਮਿਕ ਮਿਆਰਾਂ ਦੇ ਅਨੁਸਾਰ ਚੱਲੀਏ।

ਪਰਮੇਸ਼ੁਰ ਦੇ ਮਿਆਰਾਂ ਨੂੰ ਚੰਗੀ ਤਰ੍ਹਾਂ ਜਾਣੋ

ਯਹੋਵਾਹ ਪਰਮੇਸ਼ੁਰ ਨੇ ਸਹੀ-ਗ਼ਲਤ ਦੇ ਮਿਆਰਾਂ ਨੂੰ ਕਾਇਮ ਕਰ ਕੇ ਬਾਈਬਲ ਵਿਚ ਇਨ੍ਹਾਂ ਬਾਰੇ ਦੱਸਿਆ ਹੈ। ਇਸ ਲਈ ਕੀ ਸਾਨੂੰ ਇਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹੋਣਾ ਚਾਹੀਦਾ? ਪੌਲੁਸ ਰਸੂਲ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”—2 ਤਿਮੋਥਿਉਸ 3:16, 17.

ਮਿਸਾਲ ਲਈ ਪਹਿਲੇ ਲੇਖ ਵਿਚ ਕੁਨੀਹੀਟੋ ਦੀ ਮੁਸ਼ਕਲ ਬਾਰੇ ਜ਼ਰਾ ਸੋਚੋ ਜਿਸ ਨੂੰ ਜਪਾਨੀ ਲੋਕਾਂ ਵਾਂਗ ਨਿਮਰਤਾ ਦਿਖਾਉਣ ਦੀ ਆਦਤ ਸੀ। ਬਾਈਬਲ ਦੇ ਮਿਆਰਾਂ ਦੀ ਜਾਂਚ ਕਰ ਕੇ ਉਸ ਨੂੰ ਆਪਣੇ ਨਜ਼ਰੀਏ ਵਿਚ ਸੰਤੁਲਨ ਰੱਖਣ ਦੀ ਮਦਦ ਮਿਲੀ। ਹਾਂ, ਬਾਈਬਲ ਨਿਮਰਤਾ ਦਿਖਾਉਣ ਲਈ ਉਤਸ਼ਾਹ ਦਿੰਦੀ ਹੈ, ਅਤੇ ਇਸ ਦੇ ਨਾਲ-ਨਾਲ ਉਹ ਸਾਨੂੰ ਆਪਣੇ ਤੇ ਜ਼ਿਆਦਾ ਇਤਬਾਰ ਕਰਨ ਅਤੇ ਹੰਕਾਰੀ ਬਣਨ ਦੇ ਵਿਰੁੱਧ ਸਲਾਹ ਦਿੰਦੀ ਹੈ। (ਕਹਾਉਤਾਂ 11:2; ਮੀਕਾਹ 6:8) ਲੇਕਿਨ, ਜਦੋਂ ਪੌਲੁਸ ਰਸੂਲ “ਨਿਗਾਹਬਾਨ ਦੇ ਹੁੱਦੇ” ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਭਰਾਵਾਂ ਨੂੰ ਇਹ ਸਨਮਾਨ ਪ੍ਰਾਪਤ ਕਰਨ ਲਈ ‘ਲੋਚਣਾ’ ਚਾਹੀਦਾ ਸੀ। (1 ਤਿਮੋਥਿਉਸ 3:1) ਜਦੋਂ ਭਰਾ ਇਸ ਜ਼ਿੰਮੇਵਾਰੀ ਨੂੰ ‘ਲੋਚਦੇ’ ਹਨ ਤਾਂ ਉਨ੍ਹਾਂ ਨੂੰ ਸ਼ੇਖ਼ੀਬਾਜ਼ ਜਾਂ ਹੰਕਾਰੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਆਪਣੇ ਆਪ ਨੂੰ ਘਟੀਆ ਸਮਝਣਾ ਚਾਹੀਦਾ ਹੈ।

ਬਿਜ਼ਨਿਸ ਕੰਮਾਂ ਦੇ ਸੰਬੰਧ ਵਿਚ ਬਾਈਬਲ ਸਦਗੁਣੀ ਹੋਣ ਬਾਰੇ ਕੀ ਕਹਿੰਦੀ ਹੈ? ਅੱਜ-ਕੱਲ੍ਹ ਕੰਮਾਂ-ਕਾਰਾਂ ਵਿਚ ਗ਼ਲਤ ਤਰੀਕੇ ਇਸਤੇਮਾਲ ਕਰਨੇ ਜਾਂ ਸਰਕਾਰੀ ਰੈਗੂਲੇਸ਼ਨਾਂ ਅਤੇ ਟੈਕਸ ਦੇ ਕਾਨੂੰਨਾਂ ਨੂੰ ਥੋੜ੍ਹਾ-ਬਹੁਤਾ ਤੋੜਨਾ-ਮਰੋੜਨਾ ਆਮ ਹੈ। ਲੇਕਿਨ, ਲੋਕਾਂ ਦੇ ਅਭਿਆਸਾਂ ਦੇ ਬਾਵਜੂਦ ਬਾਈਬਲ ਦਾ ਮਿਆਰ ਇਹ ਹੈ ਕਿ ‘ਸਾਨੂੰ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੀਦੀ ਹੈ।’ (ਇਬਰਾਨੀਆਂ 13:18) ਇਸ ਲਈ, ਅਸੀਂ ਮਾਲਕਾਂ, ਨੌਕਰਾਂ, ਗਾਹਕਾਂ, ਅਤੇ ਸਰਕਾਰਾਂ ਦੇ ਨਾਲ ਨੇਕ ਜਾਂ ਈਮਾਨਦਾਰ ਹੋ ਕੇ ਸਦਗੁਣੀ ਬਣਦੇ ਹਾਂ। (ਬਿਵਸਥਾ ਸਾਰ 25:13-16; ਰੋਮੀਆਂ 13:1; ਤੀਤੁਸ 2:9, 10) ਈਮਾਨਦਾਰੀ ਲੋਕਾਂ ਵਿਚ ਆਪਸੀ ਭਰੋਸਾ ਅਤੇ ਸ਼ੁਭ ਇੱਛਾਵਾਂ ਵਧਾਉਂਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਆਪਣੇ ਬਿਜ਼ਨਿਸ ਸੰਬੰਧਿਤ ਸਮਝੌਤਿਆਂ ਨੂੰ ਕਲਮਬੰਦ ਕਰਨਾ ਚਾਹੀਦਾ ਹੈ ਤਾਂਕਿ ਬਾਅਦ ਵਿਚ ਗ਼ਲਤਫ਼ਹਿਮੀਆਂ ਜਾਂ ਹੋਰ ਮੁਸ਼ਕਲਾਂ ਨਾ ਖੜ੍ਹੀਆਂ ਹੋਣ ਜੇ ਕੋਈ “ਅਣਚਿਤਵੀ ਘਟਨਾ” ਵਾਪਰੇ ਜਿਸ ਬਾਰੇ ਅਸੀਂ ਸੋਚਿਆ ਵੀ ਨਾ ਹੋਵੇ।—ਉਪਦੇਸ਼ਕ ਦੀ ਪੋਥੀ 9:11; ਯਾਕੂਬ 4:13, 14.

ਪਹਿਰਾਵੇ ਅਤੇ ਆਰ-ਸ਼ਿੰਗਾਰ ਦੀ ਗੱਲ ਵਿਚ ਵੀ ਸਾਨੂੰ ਸਦਗੁਣੀ ਹੋਣ ਦੀ ਲੋੜ ਹੈ। ਵੱਖ-ਵੱਖ ਸਭਿਆਚਾਰਾਂ ਵਿਚ ਕੱਪੜਿਆਂ ਦਾ ਸਟਾਈਲ ਵੀ ਜੁਦਾ ਹੁੰਦਾ ਹੈ, ਅਤੇ ਕਦੀ-ਕਦੀ ਸਭ ਤੋਂ ਨਵੇਂ-ਨਵੇਂ ਸਟਾਈਲਾਂ ਅਨੁਸਾਰ ਚੱਲਣ ਲਈ ਸਾਡੇ ਉੱਤੇ ਬਹੁਤ ਦਬਾਅ ਪਾਇਆ ਜਾਂਦਾ ਹੈ। ਪਰ ਸਾਨੂੰ ਹਰੇਕ ਨਵੇਂ ਫ਼ੈਸ਼ਨ ਦੇ ਨਾਲ-ਨਾਲ ਚੱਲਣ ਦੀ ਕੀ ਲੋੜ ਹੈ? ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ।” (ਰੋਮੀਆਂ 12:2) ਬਹੁਤ ਸਾਰੇ ਅਸੂਲ ਬਣਾਉਣ ਦੀ ਬਜਾਇ ਪੌਲੁਸ ਰਸੂਲ ਨੇ ਪ੍ਰੇਰਣਾ ਅਧੀਨ ਲਿਖਿਆ ਕਿ “[ਮੈਂ] ਇਸੇ ਤਰਾਂ ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।” (1 ਤਿਮੋਥਿਉਸ 2:9-10) ਇਹ ਮਿਆਰ ਆਦਮੀਆਂ ਅਤੇ ਔਰਤਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਫਿਰ ਵੀ, ਆਪਣੇ ਸਭਿਆਚਾਰਾਂ ਅਤੇ ਨਿੱਜੀ ਪਸੰਦਾਂ ਦੇ ਅਨੁਸਾਰ ਅਸੀਂ ਸਾਰੇ ਵੱਖਰੇ-ਵੱਖਰੇ ਸਟਾਈਲਾਂ ਦੇ ਕੱਪੜੇ ਪਾ ਸਕਦੇ ਹਾਂ।

ਬਾਈਬਲ ਵਿਚ ਅਨੈਤਿਕ ਕੰਮਾਂ ਬਾਰੇ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਯਹੋਵਾਹ ਨਿੰਦਿਆ ਕਰਦਾ ਹੈ। ਅਸੀਂ 1 ਕੁਰਿੰਥੀਆਂ 6:9, 10 ਵਿਚ ਇਹ ਚੇਤਾਵਨੀ ਪੜ੍ਹਦੇ ਹਾਂ: “[ਕੀ] ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” ਪਿਛਲੇ ਲੇਖ ਵਿਚ ਜ਼ਿਕਰ ਕੀਤੀ ਗਈ ਮਰੀਯਾ ਨੇ ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਦੇਖਿਆ ਕਿ ਨੈਤਿਕ ਗੱਲਾਂ ਸੰਬੰਧੀ ਸ੍ਰਿਸ਼ਟੀਕਰਤਾ ਦੇ ਮਿਆਰਾਂ ਦੇ ਮੁਤਾਬਕ, ਹੁਆਨ ਦੇ ਨਾਲ ਉਸ ਦਾ ਸੰਬੰਧ ਗ਼ਲਤ ਸੀ ਅਤੇ ਉਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਲਈ ਉਸ ਲੜਕੇ ਨਾਲ ਰਿਸ਼ਤਾ ਤੋੜਨਾ ਪਵੇਗਾ। ਹਾਂ ਇਹ ਗੱਲ ਸਾਫ਼ ਹੈ ਕਿ ਸਦਗੁਣੀ ਬਣਨ ਲਈ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ।

ਦਿਲੋਂ ਸਿੱਖੋ

ਸਦਗੁਣੀ ਬੰਦਾ ਸਿਰਫ਼ ਢਿੱਲੇ ਜਿਹੇ ਤਰੀਕੇ ਵਿਚ ਗ਼ਲਤ ਕੰਮਾਂ ਤੋਂ ਨਹੀਂ ਪਰਹੇਜ਼ ਕਰਦਾ। ਉਹ ਨੈਤਿਕ ਤੌਰ ਤੇ ਤਕੜਾ ਹੁੰਦਾ ਹੈ। ਸਦਗੁਣੀ ਬੰਦਾ ਇਕ ਚੰਗਾ ਬੰਦਾ ਹੁੰਦਾ ਹੈ। ਇਕ ਪ੍ਰੋਫ਼ੈਸਰ ਨੇ ਕਿਹਾ ਕਿ “ਸਦਗੁਣ ਨਾ ਸਿਰਫ਼ ਮਨੋ ਪਰ ਦਿਲੋਂ ਵੀ ਸਿੱਖਣਾ ਚਾਹੀਦਾ ਹੈ।” ਇਸ ਲਈ ਸਦਗੁਣੀ ਬਣਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਜਾਣਨ ਨਾਲੋਂ ਕੁਝ ਜ਼ਿਆਦਾ ਕਰਨਾ ਚਾਹੀਦਾ ਹੈ। ਸਾਨੂੰ ਉਸ ਵਿਚ ਲਿਖੀਆਂ ਹੋਈਆਂ ਗੱਲਾਂ ਉੱਤੇ ਮਨਨ ਕਰਨਾ, ਯਾਨੀ ਉਨ੍ਹਾਂ ਬਾਰੇ ਡੂੰਘੀ ਤਰ੍ਹਾਂ ਸੋਚਣਾ ਚਾਹੀਦਾ ਹੈ। ਇਸ ਤਰ੍ਹਾਂ ਯਹੋਵਾਹ ਲਈ ਸਾਡੇ ਦਿਲ ਧੰਨਵਾਦ ਨਾਲ ਭਰ ਜਾਣਗੇ ਅਤੇ ਅਸੀਂ ਬਾਈਬਲ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀਆਂ ਵਿਚ ਲਾਗੂ ਕਰਨ ਲਈ ਪ੍ਰੇਰੇ ਜਾਵਾਂਗੇ।

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰ 119:97) ਅਤੇ ਰਾਜੇ ਦਾਊਦ ਨੇ ਲਿਖਿਆ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ [ਯਾਨੀ ਪਰਮੇਸ਼ੁਰ ਦੀਆਂ] ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।” (ਜ਼ਬੂਰ 143:5) ਸਾਨੂੰ ਵੀ ਬਾਈਬਲ ਅਤੇ ਉਸ ਉੱਤੇ ਆਧਾਰਿਤ ਪ੍ਰਕਾਸ਼ਨਾਂ ਦੀ ਸਟੱਡੀ ਕਰਦੇ ਸਮੇਂ ਸੱਚੇ ਦਿਲੋਂ ਮਨਨ ਕਰਨਾ ਚਾਹੀਦਾ ਹੈ।

ਹਾਂ ਇਹ ਗੱਲ ਸੱਚ ਹੈ ਕਿ ਚੰਗੀ ਤਰ੍ਹਾਂ ਸਟੱਡੀ ਕਰਨ ਅਤੇ ਇਸ ਦੇ ਨਾਲ-ਨਾਲ ਮਨਨ ਕਰਨ ਲਈ ਸਮਾਂ ਕੱਢਣਾ ਔਖਾ ਹੋ ਸਕਦਾ ਹੈ। ਪਰ ਸਦਗੁਣ ਵਧਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਕੰਮਾਂ ਤੋਂ ਸਮਾਂ ਕੱਢੀਏ। (ਅਫ਼ਸੀਆਂ 5:15, 16) ਏਰਨ, ਜੋ 24 ਸਾਲਾਂ ਦਾ ਹੈ, ਹਰ ਰੋਜ਼ ਅੱਗੇ ਨਾਲੋਂ 30 ਮਿੰਟ ਪਹਿਲਾਂ ਉੱਠ ਕੇ ਇਸ ਤਰ੍ਹਾਂ ਸਮਾਂ ਕੱਢਦਾ ਹੈ। ਉਸ ਨੇ ਦੱਸਿਆ: “ਪਹਿਲਾਂ ਮੈਂ ਅੱਧੇ ਘੰਟੇ ਲਈ ਬਾਈਬਲ ਨੂੰ ਸਿਰਫ਼ ਪੜ੍ਹਦਾ ਹੁੰਦਾ ਸੀ। ਪਰ ਹੁਣੇ-ਹੁਣੇ ਮੈਨੂੰ ਅਹਿਸਾਸ ਹੋਇਆ ਕਿ ਮਨਨ ਕਰਨਾ ਕਿੰਨਾ ਜ਼ਰੂਰੀ ਹੈ। ਇਸ ਲਈ ਮੈਂ ਇਸ ਸਮੇਂ ਵਿੱਚੋਂ ਪੰਦਰਾਂ ਕੁ ਮਿੰਟਾਂ ਲਈ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਦਾ ਹੈ। ਇਸ ਤੋਂ ਮੈਨੂੰ ਸੱਚ-ਮੁੱਚ ਲਾਭ ਮਿਲਿਆ ਹੈ।” ਅਸੀਂ ਦੂਜਿਆਂ ਸਮਿਆਂ ਤੇ ਵੀ ਮਨਨ ਕਰ ਸਕਦੇ ਹਾਂ। ਯਹੋਵਾਹ ਨੂੰ ਗੀਤ ਗਾਉਂਦਿਆਂ ਦਾਊਦ ਨੇ ਕਿਹਾ: “[ਮੈਂ] ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ।” (ਜ਼ਬੂਰ 63:6) ਅਤੇ ਬਾਈਬਲ ਦੱਸਦੀ ਹੈ ਕਿ “ਇਸਹਾਕ ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ ਗਿਆ।”—ਉਤਪਤ 24:63.

ਮਨਨ ਕਰਨਾ ਸਾਨੂੰ ਸਦਗੁਣੀ ਬਣਨ ਵਿਚ ਮਦਦ ਕਰਦਾ ਹੈ। ਹਾਂ, ਸਿੱਖੀਆਂ ਗਈਆਂ ਗੱਲਾਂ ਬਾਰੇ ਸੋਚ-ਵਿਚਾਰ ਕੇ ਅਸੀਂ ਯਹੋਵਾਹ ਵਾਂਗ ਮਹਿਸੂਸ ਕਰਨ ਲੱਗਦੇ ਹਾਂ ਅਤੇ ਉਸ ਦੇ ਵਿਚਾਰਾਂ ਨੂੰ ਅਪਣਾ ਸਕਦੇ ਹਾਂ। ਮਿਸਾਲ ਲਈ, ਮਰੀਯਾ ਜਾਣਦੀ ਸੀ ਕਿ ਯਹੋਵਾਹ ਵਿਭਚਾਰ ਨੂੰ ਮਨ੍ਹਾ ਕਰਦਾ ਹੈ। ਪਰ ‘ਬੁਰਿਆਈ ਤੋਂ ਸੂਗ ਕਰਨ ਅਤੇ ਭਲਿਆਈ ਨਾਲ ਮਿਲੇ ਰਹਿਣ’ ਲਈ ਉਸ ਨੂੰ ਬਾਈਬਲ ਦੀਆਂ ਕੁਝ ਖ਼ਾਸ ਆਇਤਾਂ ਉੱਤੇ ਸੋਚ-ਵਿਚਾਰ ਕਰਨ ਦੀ ਲੋੜ ਸੀ। (ਰੋਮੀਆਂ 12:9) ਜਦੋਂ ਮਰੀਯਾ ਨੇ ਕੁਲੁੱਸੀਆਂ 3:5 ਪੜ੍ਹਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਤਬਦੀਲੀਆਂ ਕਰਨ ਦੀ ਲੋੜ ਸੀ। ਉੱਥੇ ਨਸੀਹਤ ਦਿੱਤੀ ਗਈ ਹੈ ਕਿ “ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ।” ਮਰੀਯਾ ਨੂੰ ਆਪਣੇ ਆਪ ਤੋਂ ਇਹ ਪੁੱਛਣਾ ਪਿਆ ਕਿ ‘ਮੈਨੂੰ ਕਿਹੜੀ ਕਾਮਨਾ ਮਾਰ ਸੁੱਟਣੀ ਚਾਹੀਦੀ ਹੈ? ਮੈਨੂੰ ਕਿਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਜੋ ਗੰਦੇ ਖ਼ਿਆਲਾਂ ਨੂੰ ਪੈਦਾ ਕਰ ਸਕਦੇ ਹਨ? ਕੀ ਮੈਨੂੰ ਮੁੰਡਿਆਂ ਨਾਲ ਆਪਣੇ ਸਲੂਕ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ?’

ਮਨਨ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਆਪਣੇ ਕੰਮਾਂ ਦੇ ਨਤੀਜਿਆਂ ਬਾਰੇ ਸੋਚੀਏ। ਪੌਲੁਸ ਨੇ ਮਸੀਹੀਆਂ ਨੂੰ ਵਿਭਚਾਰ ਤੋਂ ਬਚਣ ਅਤੇ ਆਤਮ-ਸੰਜਮ ਰੱਖਣ ਲਈ ਉਤੇਜਿਤ ਕੀਤਾ ਤਾਂਕਿ “ਕੋਈ ਮਨੁੱਖ . . . ਆਪਣੇ ਭਰਾ ਨਾਲ ਬੁਰਾ ਵਰਤਾਵ ਨਾ ਕਰੇ ਅਤੇ ਨਾ ਹੀ ਉਹ ਉਸ ਦੇ ਹੱਕ ਤੇ ਡਾਕਾ ਮਾਰੇ।” (1 ਥੱਸਲੁਨੀਕੀਆਂ 4:3-7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸੀਂ ਇਨ੍ਹਾਂ ਕੁਝ ਵਧੀਆ ਸਵਾਲਾਂ ਤੇ ਗੌਰ ਕਰ ਸਕਦੇ ਹਾਂ ਕਿ ‘ਕੀ ਆਹ ਕੰਮ ਕਰ ਕੇ ਮੈਂ ਆਪਣੇ ਆਪ, ਆਪਣੇ ਪਰਿਵਾਰ, ਅਤੇ ਦੂਸਰਿਆਂ ਨੂੰ ਦੁੱਖ ਦਿਆਂਗਾ? ਅਧਿਆਤਮਿਕ, ਜਜ਼ਬਾਤੀ, ਅਤੇ ਸਰੀਰਕ ਤੌਰ ਤੇ ਮੇਰੇ ਉੱਤੇ ਕੀ ਅਸਰ ਪਵੇਗਾ? ਜਿਨ੍ਹਾਂ ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ ਹੈ ਉਨ੍ਹਾਂ ਨਾਲ ਕੀ-ਕੀ ਬੀਤਿਆ ਹੈ?’ ਅਜਿਹੀਆਂ ਕੁਝ ਗੱਲਾਂ ਉੱਤੇ ਵਿਚਾਰ ਕਰ ਕੇ ਮਰੀਯਾ ਦਾ ਦਿਲ ਮਜ਼ਬੂਤ ਹੋਇਆ, ਅਤੇ ਇਸ ਤਰ੍ਹਾਂ ਕਰ ਕੇ ਸਾਡੇ ਦਿਲ ਵੀ ਮਜ਼ਬੂਤ ਹੋ ਸਕਦੇ ਹਨ।

ਮਿਸਾਲਾਂ ਤੋਂ ਸਿੱਖੋ

ਕੀ ਅਸੀਂ ਕਲਾਸਾਂ ਵਿਚ ਕਿਤਾਬਾਂ ਪੜ੍ਹ ਕੇ ਸਦਗੁਣੀ ਬਣ ਸਕਦੇ ਹਾਂ? ਕਈ ਸਦੀਆਂ ਲਈ ਲੋਕ ਇਸ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋਏ ਹਨ। ਯੂਨਾਨੀ ਫ਼ਿਲਾਸਫ਼ਰ ਪਲੈਟੋ ਦਾ ਖ਼ਿਆਲ ਸੀ ਕਿ ਅਸੀਂ ਜ਼ਰੂਰ ਇਸ ਤਰ੍ਹਾਂ ਕਰ ਕੇ ਸਦਗੁਣ ਪੈਦਾ ਕਰ ਸਕਦੇ ਹਾਂ। ਦੂਜੇ ਪਾਸੇ ਫ਼ਿਲਾਸਫ਼ਰ ਅਰਸਤੂ ਦਾ ਵਿਚਾਰ ਸੀ ਕਿ ਅਸੀਂ ਕੰਮਾਂ ਦੁਆਰਾ ਸਦਗੁਣੀ ਬਣਦੇ ਹਾਂ। ਇਕ ਪੱਤਰਕਾਰ ਨੇ ਇਸ ਬਹਿਸ ਬਾਰੇ ਇਹ ਕਿਹਾ: “ਅਸੀਂ ਸਦਗੁਣ ਆਪਣੇ ਆਪ ਨਹੀਂ ਸਿੱਖ ਸਕਦੇ। ਅਤੇ ਨਾ ਇਸ ਨੂੰ ਕਿਤਾਬਾਂ ਵਿੱਚੋਂ ਸਿਖਾਇਆ ਜਾ ਸਕਦਾ ਹੈ। ਚੰਗਿਆਈ ਉਨ੍ਹਾਂ ਸਮਾਜਾਂ ਵਿਚ ਰਹਿ ਕੇ ਵਧਦੀ ਹੈ . . . ਜਿੱਥੇ ਸਦਗੁਣ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਇਸ ਦਾ ਫਲ ਮਿਲਦਾ ਹੈ।” ਪਰ ਸਾਨੂੰ ਸੱਚ-ਮੁੱਚ ਸਦਗੁਣੀ ਲੋਕ ਕਿੱਥੇ ਮਿਲਣਗੇ? ਕਈ ਸਭਿਆਚਾਰਾਂ ਵਿਚ ਇਕ-ਦੋ ਸਦਗੁਣੀ ਇਨਸਾਨਾਂ ਦੀਆਂ ਮਿਸਾਲਾਂ ਦੇਖੀਆਂ ਜਾ ਸਕਦੀਆਂ ਹਨ। ਇਹ ਸ਼ਾਇਦ ਉਨ੍ਹਾਂ ਦੇ ਮਿਥਿਹਾਸਕ ਸੂਰਬੀਰ ਹੋਣ ਜਾਂ ਉਨ੍ਹਾਂ ਬਾਰੇ ਕਹਾਣੀਆਂ ਵੀ ਪਾਈਆਂ ਜਾਣ। ਪਰ ਬਾਈਬਲ ਵਿਚ ਬਹੁਤ ਸਾਰੀਆਂ ਮਿਸਾਲਾਂ ਹਨ।

ਯਹੋਵਾਹ ਸਦਗੁਣ ਦੀ ਸਭ ਤੋਂ ਵਧੀਆ ਮਿਸਾਲ ਹੈ। ਉਹ ਹਮੇਸ਼ਾ ਸਦਗੁਣੀ ਤਰੀਕੇ ਵਿਚ ਕੰਮ ਕਰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਚੰਗਾ ਹੈ। ਅਸੀਂ “ਪਰਮੇਸ਼ੁਰ ਦੀ ਰੀਸ” ਕਰ ਕੇ ਸਦਗੁਣੀ ਬਣ ਸਕਦੇ ਹਾਂ। (ਅਫ਼ਸੀਆਂ 5:1) ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਵੀ ਸਾਡੇ ਲਈ ‘ਇੱਕ ਨਮੂਨਾ ਛੱਡ ਗਿਆ ਭਈ ਅਸੀਂ ਉਹ ਦੀ ਪੈੜ ਉੱਤੇ ਤੁਰੀਏ।’ (1 ਪਤਰਸ 2:21) ਇਸ ਤੋਂ ਇਲਾਵਾ, ਬਾਈਬਲ ਵਿਚ ਸਾਨੂੰ ਹੋਰ ਵਫ਼ਾਦਾਰੀ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਵੇਂ ਕਿ ਅਬਰਾਹਾਮ, ਸਾਰਾਹ, ਯੂਸੁਫ਼, ਰੂਥ, ਅੱਯੂਬ, ਅਤੇ ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਦੋਸਤ। ਅਸੀਂ ਯਹੋਵਾਹ ਦੇ ਉਨ੍ਹਾਂ ਸੇਵਕਾਂ ਵੱਲ ਵੀ ਧਿਆਨ ਦੇ ਸਕਦੇ ਹਾਂ ਜਿਹੜੇ ਅੱਜ ਸਦਗੁਣ ਦਿਖਾ ਰਹੇ ਹਨ।

ਅਸੀਂ ਕਾਮਯਾਬ ਹੋ ਸਕਦੇ ਹਾਂ

ਕੀ ਅਸੀਂ ਉਹ ਕੰਮ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਦਗੁਣੀ ਹਨ? ਵਿਰਸੇ ਵਿਚ ਮਿਲੀ ਅਪੂਰਣਤਾ ਕਰਕੇ, ਕਦੀ-ਕਦੀ ਸਾਡੇ ਮਨ ਅਤੇ ਸਰੀਰ ਵਿਚਕਾਰ ਸ਼ਾਇਦ ਇਕ ਸਖ਼ਤ ਲੜਾਈ ਚੱਲਦੀ ਹੈ। ਇਕ ਪਾਸੇ ਅਸੀਂ ਚੰਗੇ ਕੰਮ ਕਰਨੇ ਚਾਹੁੰਦੇ ਹਾਂ ਅਤੇ ਦੂਜੇ ਪਾਸੇ ਅਸੀਂ ਆਪਣੀਆਂ ਪਾਪੀ ਇੱਛਾਵਾਂ ਦੇ ਮਗਰ ਲੱਗਦੇ ਹਾਂ। (ਰੋਮੀਆਂ 5:12; 7:13-23) ਪਰ ਪਰਮੇਸ਼ੁਰ ਦੀ ਮਦਦ ਨਾਲ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ। (ਰੋਮੀਆਂ 7:24, 25) ਯਹੋਵਾਹ ਨੇ ਸਾਨੂੰ ਬਾਈਬਲ ਅਤੇ ਉਸ ਬਾਰੇ ਕਈ ਪ੍ਰਕਾਸ਼ਨ ਦਿੱਤੇ ਹਨ। ਬਾਈਬਲ ਦੀ ਚੰਗੀ ਤਰ੍ਹਾਂ ਸਟੱਡੀ ਕਰ ਕੇ ਅਤੇ ਇਸ ਉੱਤੇ ਮਨਨ ਕਰ ਕੇ ਸਾਡੇ ਦਿਲ ਸ਼ੁੱਧ ਬਣ ਸਕਦੇ ਹਨ। ਅਜਿਹੇ ਸ਼ੁੱਧ ਦਿਲ ਤੋਂ ਸਦਗੁਣੀ ਖ਼ਿਆਲ, ਗੱਲਾਂ, ਅਤੇ ਕੰਮ ਪੈਦਾ ਹੁੰਦੇ ਹਨ। (ਲੂਕਾ 6:45) ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀਆਂ ਮਿਸਾਲਾਂ ਤੇ ਚੱਲ ਕੇ ਅਸੀਂ ਇਕ ਵਧੀਆ ਇਨਸਾਨੀਅਤ ਪੈਦਾ ਕਰ ਸਕਦੇ ਹਾਂ। ਅਤੇ ਅਸੀਂ ਉਨ੍ਹਾਂ ਲੋਕਾਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਜੋ ਅੱਜ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ।

ਪੌਲੁਸ ਰਸੂਲ ਨੇ ਆਪਣੇ ਭਰਾਵਾਂ ਨੂੰ ਸਦਗੁਣ ਅਤੇ ਵਡਿਆਈ ਯੋਗ ਹਰੇਕ ਚੀਜ਼ ਉੱਤੇ ਵਿਚਾਰ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਤਰ੍ਹਾਂ ਕਰ ਕੇ ਅਸੀਂ ਜ਼ਰੂਰ ਪਰਮੇਸ਼ੁਰ ਦੀ ਬਰਕਤ ਪਾਵਾਂਗੇ। (ਫ਼ਿਲਿੱਪੀਆਂ 4:8, 9) ਹਾਂ, ਯਹੋਵਾਹ ਦੀ ਮਦਦ ਨਾਲ ਅਸੀਂ ਸਦਗੁਣੀ ਬਣ ਸਕਦੇ ਹਾਂ।

[ਸਫ਼ੇ 6 ਉੱਤੇ ਤਸਵੀਰ]

ਬਾਈਬਲ ਦੀ ਸਟੱਡੀ ਕਰਦਿਆਂ ਮਨਨ ਕਰਨਾ ਵੀ ਜ਼ਰੂਰੀ ਹੈ

[ਸਫ਼ੇ 7 ਉੱਤੇ ਤਸਵੀਰ]

ਯਿਸੂ ਮਸੀਹ ਦੀ ਰੀਸ ਕਰ ਕੇ ਇਕ ਚੰਗੀ ਇਨਸਾਨੀਅਤ ਪੈਦਾ ਕਰੋ