ਇਕ ਖ਼ਾਸ ਐਲਾਨ
ਇਕ ਖ਼ਾਸ ਐਲਾਨ
ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਮੀਟਿੰਗ 7 ਅਕਤੂਬਰ 2000 ਨੂੰ ਹੋਈ ਸੀ। ਇਸ ਦੀ ਸਮਾਪਤੀ ਤੇ ਮੀਟਿੰਗ ਦੇ ਸਭਾਪਤੀ ਅਤੇ ਪ੍ਰਬੰਧਕ ਸਭਾ ਦੇ ਮੈਂਬਰ ਜੌਨ ਬਾਰ ਨੇ ਇਕ ਖ਼ਾਸ ਐਲਾਨ ਕੀਤਾ। ਇਸ ਐਲਾਨ ਨੇ ਥੀਓਡੋਰ ਜੈਰਸ ਅਤੇ ਡੈਨਿਏਲ ਸਿਡਲਿਕ ਦੁਆਰਾ ਦਿੱਤੇ ਗਏ ਉਸ ਦਿਨ ਦੇ ਭਾਸ਼ਣਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਾਇਆ।—ਇਸ ਰਸਾਲੇ ਦੇ 12-16 ਅਤੇ 28-31 ਸਫ਼ੇ ਦੇਖੋ।
ਭਰਾ ਬਾਰ ਨੇ ਇਕ ਬਹੁਤ ਮਹੱਤਵਪੂਰਣ ਗੱਲ ਕਹੀ ਕਿ “‘ਮਾਤਬਰ ਅਤੇ ਬੁੱਧਵਾਨ ਨੌਕਰ’ ਅਤੇ ਉਸ ਦੀ ਪ੍ਰਬੰਧਕ ਸਭਾ ਨੂੰ ਇਕ ਅਜਿਹੀ ਅਮਾਨਤ ਸੌਂਪੀ ਜਾ ਚੁੱਕੀ ਹੈ ਜੋ ਕਿਸੇ ਕਾਨੂੰਨੀ ਕਾਰਪੋਰੇਸ਼ਨ ਨੂੰ ਦਿੱਤੀ ਗਈ ਜ਼ਿੰਮੇਵਾਰੀ ਨਾਲੋਂ ਕਿਤੇ ਵੱਡੀ ਹੈ। ਇਨ੍ਹਾਂ ਕਾਰਪੋਰੇਸ਼ਨਾਂ ਦੇ ਚਾਰਟਰਾਂ ਵਿਚ ਅਜਿਹੀਆਂ ਕੁਝ ਗੱਲਾਂ ਹਨ ਜਿਨ੍ਹਾਂ ਦਾ ਅਸਰ ਸੀਮਿਤ ਹੈ। ਪਰ ਸਾਡੇ ਮਾਲਕ ਯਿਸੂ ਮਸੀਹ ਨੇ ਮਾਤਬਰ ਨੌਕਰ ਵਰਗ ਨੂੰ ਆਪਣਾ ਸਾਰਾ ‘ਮਾਲ ਮਤਾ,’ ਜਾਂ ਰਾਜ ਨਾਲ ਸੰਬੰਧਿਤ ਕੰਮਾਂ-ਕਾਰਾਂ ਉੱਤੇ ਮੁਖ਼ਤਿਆਰ ਠਹਿਰਾਇਆ ਹੈ।”—ਮੱਤੀ 24:45-47.
ਭਰਾ ਬਾਰ ਨੇ ਪੈਨਸਿਲਵੇਨੀਆ ਕਾਰਪੋਰੇਸ਼ਨ ਬਾਰੇ ਅੱਗੇ ਕਿਹਾ ਕਿ “ਸੰਨ 1884 ਵਿਚ ਇਸ ਕਾਰਪੋਰੇਸ਼ਨ ਦੇ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਸਾਡੇ ਸਮੇਂ ਵਿਚ ਬਹੁਤ ਮਹੱਤਵਪੂਰਣ ਰਹੀ ਹੈ। ਪਰ ਫਿਰ ਵੀ ਇਹ ਸਿਰਫ਼ ਇਕ ਕਾਨੂੰਨੀ ਸਾਧਨ ਹੀ ਹੈ ਜਿਸ ਨੂੰ ‘ਮਾਤਬਰ ਅਤੇ ਬੁੱਧਵਾਨ ਨੌਕਰ’ ਜ਼ਰੂਰਤ ਅਨੁਸਾਰ ਵਰਤ ਸਕਦਾ ਹੈ।”
ਆਪਣੇ ਭਾਸ਼ਣਾਂ ਵਿਚ ਭਰਾ ਸਿਡਲਿਕ ਅਤੇ ਜੈਰਸ ਨੇ ਇਹ ਗੱਲ ਸਮਝਾਈ ਸੀ ਕਿ ਪ੍ਰਭੂ ਨੇ ਆਪਣਾ ਸਾਰਾ ਮਾਲ ਮਤਾ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਸੌਂਪਿਆ ਹੈ, ਪਰ ਇਹ ਜ਼ਿੰਮੇਵਾਰੀ ‘ਨੌਕਰ’ ਵਰਗ ਨੂੰ ਰੋਜ਼ਾਨਾ ਦਫ਼ਤਰੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ‘ਹੋਰ ਭੇਡਾਂ’ ਵਿੱਚੋਂ ਕਾਬਲ ਨਿਗਾਹਬਾਨਾਂ ਤੋਂ ਮਦਦ ਲੈਣ ਤੋਂ ਰੋਕਦੀ ਨਹੀਂ ਹੈ। (ਯੂਹੰਨਾ 10:16) ਨਾ ਹੀ ਕੋਈ ਬਾਈਬਲ ਸੰਬੰਧੀ ਕਾਰਨ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਕਾਨੂੰਨੀ ਸਾਧਨਾਂ ਦੇ ਡਾਇਰੈਕਟਰਾਂ ਨੂੰ ਮਸਹ ਕੀਤੇ ਹੋਏ ਮਸੀਹੀ ਹੋਣਾ ਚਾਹੀਦਾ ਹੈ।
ਭਰਾ ਬਾਰ ਨੇ ਭੈਣਾਂ-ਭਰਾਵਾਂ ਨੂੰ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਜੋ ਮੈਂਬਰ ਡਾਇਰੈਕਟਰਾਂ ਅਤੇ ਅਫ਼ਸਰਾਂ ਵਜੋਂ ਸੇਵਾ ਕਰ ਰਹੇ ਸਨ, ਉਹ ਹਾਲ ਹੀ ਦੇ ਸਮੇਂ ਵਿਚ ਆਪਣੀ ਇੱਛਾ ਅਨੁਸਾਰ ਇਨ੍ਹਾਂ ਸਾਰੀਆਂ ਪਦਵੀਆਂ ਤੋਂ ਹਟ ਗਏ ਹਨ। ਹੋਰ ਭੇਡਾਂ ਵਿੱਚੋਂ ਜ਼ਿੰਮੇਵਾਰ ਭਰਾ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਇਸਤੇਮਾਲ ਕੀਤੇ ਗਏ ਇਨ੍ਹਾਂ ਕਾਰਪੋਰੇਸ਼ਨਾਂ ਦੇ ਡਾਇਰੈਕਟਰਾਂ ਦੇ ਬੋਰਡਾਂ ਵਿਚ ਇਹ ਪਦਵੀਆਂ ਸੰਭਾਲਣ ਲਈ ਚੁਣੇ ਗਏ ਹਨ।
ਇਹ ਫ਼ੈਸਲਾ ਸੱਚ-ਮੁੱਚ ਫ਼ਾਇਦੇਮੰਦ ਹੈ। ਇਸ ਫ਼ੈਸਲੇ ਕਰਕੇ ਪ੍ਰਬੰਧਕ ਸਭਾ ਦੇ ਮੈਂਬਰਾਂ ਕੋਲ ਹੁਣ ਰੂਹਾਨੀ ਭੋਜਨ ਤਿਆਰ ਕਰਨ ਲਈ ਅਤੇ ਸੰਸਾਰ ਭਰ ਵਿਚ ਭਰਾਵਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨ ਲਈ ਜ਼ਿਆਦਾ ਸਮਾਂ ਹੋਵੇਗਾ।
ਭੈਣ-ਭਰਾ ਇਹ ਐਲਾਨ ਸੁਣ ਕੇ ਬਹੁਤ ਖ਼ੁਸ਼ ਹੋਏ। ਸਭਾਪਤੀ ਨੇ ਸਮਾਪਤ ਕਰਦਿਆਂ ਕਿਹਾ ਕਿ ‘ਭਾਵੇਂ ਕਿ ਤਜਰਬੇਕਾਰ ਨਿਗਾਹਬਾਨਾਂ ਨੂੰ ਕਾਨੂੰਨੀ ਅਤੇ ਦਫ਼ਤਰੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ ਸਾਰੇ ਭਰਾ ਪ੍ਰਬੰਧਕ ਸਭਾ ਦੀ ਰੂਹਾਨੀ ਅਗਵਾਈ ਅਧੀਨ ਸੇਵਾ ਕਰਨਗੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਸਾਡੇ ਸਾਰਿਆਂ ਦੇ ਜਤਨਾਂ ਉੱਤੇ ਬਰਕਤ ਪਾਵੇ ਤਾਂਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਸਕੀਏ ਅਤੇ ਉਸ ਦੇ ਮਹਾਨ ਨਾਂ ਦੀ ਮਹਿਮਾ ਅਤੇ ਵਡਿਆਈ ਹੋਵੇ।’