Skip to content

Skip to table of contents

ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਨਿਗਾਹਬਾਨ ਅਤੇ ਸਹਾਇਕ ਸੇਵਕ

ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਨਿਗਾਹਬਾਨ ਅਤੇ ਸਹਾਇਕ ਸੇਵਕ

ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਨਿਗਾਹਬਾਨ ਅਤੇ ਸਹਾਇਕ ਸੇਵਕ

“ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ।”​—ਰਸੂਲਾਂ ਦੇ ਕਰਤੱਬ 20:28.

1, 2. ਯਸਾਯਾਹ 60:22 ਦੀ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋ ਰਹੀ ਹੈ?

ਯਹੋਵਾਹ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ ਕਿ ਅੰਤ ਦਿਆਂ ਦਿਨਾਂ ਵਿਚ ਇਕ ਅਨੋਖੀ ਗੱਲ ਹੋਵੇਗੀ। ਯਸਾਯਾਹ ਨਬੀ ਰਾਹੀਂ ਇਹ ਦੱਸਿਆ ਗਿਆ ਸੀ ਕਿ “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।”​—ਯਸਾਯਾਹ 60:22.

2 ਕੀ ਕੋਈ ਸਬੂਤ ਹੈ ਕਿ ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਜੀ ਹਾਂ, ਇਸ ਦਾ ਸਪੱਸ਼ਟ ਸਬੂਤ ਹੈ! ਸੰਨ 1870 ਦੇ ਦਹਾਕੇ ਦੌਰਾਨ, ਐਲੇਗੇਨੀ, ਪੈਨਸਿਲਵੇਨੀਆ, ਅਮਰੀਕਾ ਵਿਚ ਯਹੋਵਾਹ ਦੇ ਲੋਕਾਂ ਦੀ ਇਕ ਕਲੀਸਿਯਾ ਸਥਾਪਿਤ ਕੀਤੀ ਗਈ ਸੀ। ਅਜਿਹੀ ਛੋਟੀ ਜਿਹੀ ਸ਼ੁਰੂਆਤ ਤੋਂ ਸੰਸਾਰ ਭਰ ਵਿਚ ਹੁਣ ਹਜ਼ਾਰਾਂ ਹੀ ਕਲੀਸਿਯਾਵਾਂ ਵੱਧ-ਫੁੱਲ ਰਹੀਆਂ ਹਨ। ਰਾਜ ਦੇ ਲੱਖਾਂ ਹੀ ਪ੍ਰਚਾਰਕ, ਇੱਕ ਬਲਵੰਤ ਕੌਮ ਵਜੋਂ ਹੁਣ 235 ਤੋਂ ਜ਼ਿਆਦਾ ਦੇਸ਼ਾਂ ਵਿਚ ਅਤੇ 91,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਇਕੱਠੇ ਹੁੰਦੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਤੇਜ਼ੀ ਨਾਲ ਆ ਰਹੇ ‘ਵੱਡੇ ਕਸ਼ਟ’ ਤੋਂ ਪਹਿਲਾਂ ਸੱਚੇ ਉਪਾਸਕਾਂ ਨੂੰ ਇਕੱਠੇ ਕਰਨ ਦਾ ਕੰਮ ਕਰ ਰਿਹਾ ਹੈ।​—ਮੱਤੀ 24:21; ਪਰਕਾਸ਼ ਦੀ ਪੋਥੀ 7:9-14.

3. ‘ਪਿਤਾ, ਪੁੱਤ੍ਰ, ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਕਿ ਮਤਲਬ ਹੈ?

3 ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਣ ਕਰਨ ਤੋਂ ਬਾਅਦ, ਯਿਸੂ ਦੀਆਂ ਹਿਦਾਇਤਾਂ ਅਨੁਸਾਰ ਇਨ੍ਹਾਂ ਲੱਖਾਂ ਇਨਸਾਨਾਂ ਨੂੰ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ ਦਿੱਤਾ ਗਿਆ ਸੀ। (ਮੱਤੀ 28:19) ‘ਪਿਤਾ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਇਨ੍ਹਾਂ ਸਮਰਪਿਤ ਇਨਸਾਨਾਂ ਨੇ ਯਹੋਵਾਹ ਨੂੰ ਆਪਣੇ ਸਵਰਗੀ ਪਿਤਾ ਅਤੇ ਜੀਵਨ-ਦਾਤੇ ਵਜੋਂ ਸਵੀਕਾਰ ਕੀਤਾ ਹੈ ਅਤੇ ਕਿ ਉਹ ਮੰਨਦੇ ਹਨ ਕਿ ਉਹੀ ਰਾਜ ਕਰਨ ਦਾ ਹੱਕ ਰੱਖਦਾ ਹੈ। ‘ਪੁੱਤ੍ਰ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਉਹ ਯਿਸੂ ਮਸੀਹ ਨੂੰ ਆਪਣੇ ਰਿਹਾਈ-ਦਾਤੇ, ਆਗੂ, ਅਤੇ ਰਾਜੇ ਵਜੋਂ ਕਬੂਲ ਕਰਦੇ ਹਨ। ਅਤੇ ‘ਪਵਿੱਤ੍ਰ ਆਤਮਾ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਉਹ ਸਵੀਕਾਰ ਕਰਦੇ ਹਨ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਾਂ ਸ਼ਕਤੀ ਉਨ੍ਹਾਂ ਦੀ ਜ਼ਿੰਦਗੀ ਨੂੰ ਸੇਧ ਦਿੰਦੀ ਹੈ।

4. ਮਸੀਹੀ ਸੇਵਕ ਕਦੋਂ ਨਿਯੁਕਤ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੌਣ ਨਿਯੁਕਤ ਕਰਦਾ ਹੈ?

4 ਨਵੇਂ ਚੇਲੇ ਬਪਤਿਸਮੇ ਦੇ ਸਮੇਂ ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਵਜੋਂ ਨਿਯੁਕਤ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਕੌਣ ਨਿਯੁਕਤ ਕਰਦਾ ਹੈ? ਅਸੀਂ ਕਹਿ ਸਕਦੇ ਹਾਂ ਕਿ 2 ਕੁਰਿੰਥੀਆਂ 3:5 ਤੇ ਦਰਜ ਕੀਤਾ ਗਿਆ ਸਿਧਾਂਤ ਉਨ੍ਹਾਂ ਤੇ ਲਾਗੂ ਹੁੰਦਾ ਹੈ: “[ਸੇਵਕਾਂ ਵਜੋਂ] ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ।” ਉਨ੍ਹਾਂ ਲਈ ਇਸ ਨਾਲੋਂ ਹੋਰ ਵੱਡਾ ਸਨਮਾਨ ਨਹੀਂ ਹੋ ਸਕਦਾ ਕਿ ਉਹ ਖ਼ੁਦ ਯਹੋਵਾਹ ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਹਨ! ਉਨ੍ਹਾਂ ਦੇ ਬਪਤਿਸਮੇ ਤੋਂ ਬਾਅਦ, ਉਹ “ਖ਼ੁਸ਼ ਖ਼ਬਰੀ” ਦੇ ਸੇਵਕਾਂ ਵਜੋਂ ਰੂਹਾਨੀ ਤੌਰ ਤੇ ਉੱਨਾ ਚਿਰ ਵਧਦੇ ਜਾਣਗੇ ਜਿੰਨਾ ਚਿਰ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਸਵੀਕਾਰ ਕਰਨਗੇ ਅਤੇ ਉਸ ਦੇ ਬਚਨ ਨੂੰ ਲਾਗੂ ਕਰਨਗੇ।​—ਮੱਤੀ 24:14; ਰਸੂਲਾਂ ਦੇ ਕਰਤੱਬ 9:31.

ਪਰਮੇਸ਼ੁਰ ਵੱਲੋਂ ਨਿਯੁਕਤੀ —ਮਨੁੱਖਾਂ ਵੱਲੋਂ ਨਹੀਂ

5. ਕੀ ਮਸੀਹੀ ਨਿਗਾਹਬਾਨ ਅਤੇ ਸਹਾਇਕ ਸੇਵਕ ਮਨੁੱਖਾਂ ਦੁਆਰਾ ਚੁਣੇ ਜਾਂਦੇ ਹਨ? ਇਸ ਗੱਲ ਨੂੰ ਸਮਝਾਓ।

5 ਜੋਸ਼ੀਲੇ ਸੇਵਕਾਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਰੂਹਾਨੀ ਜ਼ਰੂਰਤਾਂ ਦੀ ਦੇਖ-ਭਾਲ ਕਰਨ ਲਈ ਕਾਬਲ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀ ਚੰਗੀ ਨਿਗਰਾਨੀ ਦੀ ਜ਼ਰੂਰਤ ਹੈ। (ਫ਼ਿਲਿੱਪੀਆਂ 1:1) ਇਨ੍ਹਾਂ ਭਰਾਵਾਂ ਨੂੰ ਕਿਸ ਤਰ੍ਹਾਂ ਨਿਯੁਕਤ ਕੀਤਾ ਜਾਂਦਾ ਹੈ? ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਈਸਾਈ-ਜਗਤ ਵਿਚ ਕੀਤਾ ਜਾਂਦਾ ਹੈ। ਮਿਸਾਲ ਲਈ, ਮਸੀਹੀ ਨਿਗਾਹਬਾਨ ਮਨੁੱਖਾਂ ਦੁਆਰਾ, ਯਾਨੀ ਕਲੀਸਿਯਾ ਦੇ ਲੋਕਾਂ ਦੀਆਂ ਵੋਟਾਂ ਰਾਹੀਂ ਨਹੀਂ ਚੁਣੇ ਜਾਂਦੇ। ਇਸ ਦੀ ਬਜਾਇ, ਇਹ ਨਿਯੁਕਤੀਆਂ ਪਰਮੇਸ਼ੁਰ ਵੱਲੋਂ ਕੀਤੀਆਂ ਜਾਂਦੀਆਂ ਹਨ। ਇਸ ਦਾ ਕੀ ਮਤਲਬ ਹੈ?

6. (ੳ) ਯਹੋਵਾਹ ਦੇ ਗਵਾਹ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਰਾਜ ਕਰਦਾ ਹੈ? (ਅ) ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀਆਂ ਨਿਯੁਕਤੀਆਂ ਪਰਮੇਸ਼ੁਰ ਵੱਲੋਂ ਕਿਸ ਤਰ੍ਹਾਂ ਹਨ?

6 ਯਹੋਵਾਹ ਦੇ ਗਵਾਹ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਦੀ ਹਕੂਮਤ ਅਧੀਨ ਹੁੰਦੇ ਹਨ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਦੇ ਹਨ। (ਜ਼ਬੂਰ 143:10; ਮੱਤੀ 6:9, 10) ਮਸੀਹੀ ਨਿਗਾਹਬਾਨਾਂ, ਜਾਂ ਬਜ਼ੁਰਗਾਂ, ਅਤੇ ਸਹਾਇਕ ਸੇਵਕਾਂ ਦੀਆਂ ਨਿਯੁਕਤੀਆਂ ਪਰਮੇਸ਼ੁਰ ਕਰਦਾ ਹੈ ਕਿਉਂਕਿ ਅਜਿਹੇ ਜ਼ਿੰਮੇਵਾਰ ਬੰਦਿਆਂ ਦੀ ਸਿਫ਼ਾਰਸ਼ ਅਤੇ ਨਿਯੁਕਤੀ ਬਾਈਬਲ ਅਨੁਸਾਰ ਹੁੰਦੀ ਹੈ। ਅਤੇ ਯਹੋਵਾਹ “ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ” ਹੈ ਇਸ ਲਈ ਉਸ ਕੋਲ ਪੂਰਾ ਹੱਕ ਹੈ ਕਿ ਉਹ ਨਿਸ਼ਚਿਤ ਕਰੇ ਕਿ ਧਰਤੀ ਉੱਤੇ ਉਸ ਦਾ ਸੰਗਠਨ ਕਿਸ ਤਰ੍ਹਾਂ ਕੰਮ ਕਰੇਗਾ।​—1 ਇਤਹਾਸ 29:11; ਜ਼ਬੂਰ 97:9.

7. ਯਹੋਵਾਹ ਦੇ ਗਵਾਹ ਕਿਸ ਦੇ ਅਧੀਨ ਹਨ?

7 ਈਸਾਈ-ਜਗਤ ਦੇ ਕਈ ਧਰਮ ਖ਼ੁਦ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਦੇ ਚਰਚ ਵਿਚ ਕੌਣ ਕਿਹੜੀ ਪਦਵੀ ਤੇ ਬੈਠੇਗਾ ਪਰ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਨਹੀਂ ਕਰਦੇ। ਇਹ ਸੱਚੇ ਮਸੀਹੀ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਦੇ ਨਿਗਾਹਬਾਨਾਂ ਨੂੰ ਨਾ ਲੋਕ, ਨਾ ਪਾਦਰੀ ਅਤੇ ਨਾ ਹੀ ਕੋਈ ਸਮੂਹ ਨਿਯੁਕਤ ਕਰਦਾ ਹੈ। ਯਹੋਵਾਹ ਦੇ ਲੋਕ ਦੁਨੀਆਂ ਦੇ ਖ਼ਿਆਲਾਂ ਨੂੰ ਇਨ੍ਹਾਂ ਨਿਯੁਕਤੀਆਂ ਵਿਚ ਦਖ਼ਲ ਨਹੀਂ ਦੇਣ ਦਿੰਦੇ। ਉਹ ਪਹਿਲੀ ਸਦੀ ਦੇ ਰਸੂਲਾਂ ਦੀ ਗੱਲ ਤੇ ਦ੍ਰਿੜ੍ਹਤਾ ਨਾਲ ਟਿਕੇ ਰਹਿੰਦੇ ਹਨ ਕਿ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਇਸ ਤਰ੍ਹਾਂ ਗਵਾਹ ਆਪਣੇ ਆਪ ਨੂੰ ਪਰਮੇਸ਼ੁਰ ਅਧੀਨ ਕਰਦੇ ਹਨ। (ਇਬਰਾਨੀਆਂ 12:9; ਯਾਕੂਬ 4:7) ਪਰਮੇਸ਼ੁਰ ਦੇ ਰਾਹਾਂ ਤੇ ਚੱਲਣ ਦੁਆਰਾ ਅਸੀਂ ਉਸ ਦੀ ਪ੍ਰਵਾਨਗੀ ਹਾਸਲ ਕਰਦੇ ਹਾਂ।

8. ਮਨੁੱਖਾਂ ਦੀਆਂ ਕਾਰਵਾਈਆਂ ਅਤੇ ਪਰਮੇਸ਼ੁਰ ਦੀਆਂ ਕਾਰਵਾਈਆਂ ਵਿਚ ਕੀ ਫ਼ਰਕ ਹੈ?

8 ਵਿਸ਼ਵ ਦੇ ਮਹਾਰਾਜ ਯਹੋਵਾਹ ਦੇ ਸੇਵਕਾਂ ਵਜੋਂ ਸਾਡੇ ਲਈ ਚੰਗਾ ਹੋਵੇਗਾ ਕਿ ਅਸੀਂ ਯਾਦ ਰੱਖੀਏ ਕਿ ਪਰਮੇਸ਼ੁਰ ਦੀਆਂ ਕਾਰਵਾਈਆਂ ਅਤੇ ਮਨੁੱਖਾਂ ਦੀਆਂ ਕਾਰਵਾਈਆਂ ਵਿਚ ਕੀ ਫ਼ਰਕ ਹੈ। ਮਨੁੱਖਾਂ ਦੀਆਂ ਕਾਰਵਾਈਆਂ ਅਨੁਸਾਰ ਲੋਕਾਂ ਨੂੰ ਵੋਟਾਂ ਰਾਹੀਂ ਚੁਣਿਆ ਜਾਂਦਾ ਹੈ। ਪਰਮੇਸ਼ੁਰ ਵੱਲੋਂ ਕੀਤੀਆਂ ਨਿਯੁਕਤੀਆਂ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਹ ਮਨੁੱਖਾਂ ਰਾਹੀਂ ਨਹੀਂ ਕੀਤੀਆਂ ਜਾਂਦੀਆਂ; ਨਾ ਹੀ ਕਿਸੇ ਕਾਨੂੰਨੀ ਕਾਰਪੋਰੇਸ਼ਨ ਦਾ ਇਸ ਵਿਚ ਹੱਥ ਹੁੰਦਾ ਹੈ। ਪੌਲੁਸ ਨੇ ‘ਪਰਾਈਆਂ ਕੌਮਾਂ ਦੇ ਰਸੂਲ’ ਵਜੋਂ ਯਿਸੂ ਅਤੇ ਯਹੋਵਾਹ ਦੁਆਰਾ ਆਪਣੀ ਨਿਯੁਕਤੀ ਦਾ ਸੰਕੇਤ ਕਰਦੇ ਹੋਏ ਗਲਾਤੀਆਂ ਨੂੰ ਲਿਖਿਆ ਕਿ ਉਸ ਦੀ ਨਿਯੁਕਤੀ “ਮਨੁੱਖਾਂ ਦੀ ਵੱਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ ਸਗੋਂ ਯਿਸੂ ਮਸੀਹ ਦੇ ਅਤੇ ਪਿਤਾ ਪਰਮੇਸ਼ੁਰ ਦੇ ਰਾਹੀਂ ਜਿਹ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ” ਸੀ।​—ਰੋਮੀਆਂ 11:13; ਗਲਾਤੀਆਂ 1:1.

ਪਵਿੱਤਰ ਸ਼ਕਤੀ ਦੁਆਰਾ ਨਿਯੁਕਤ ਕੀਤੇ ਗਏ

9. ਰਸੂਲਾਂ ਦੇ ਕਰਤੱਬ 20:28 ਵਿਚ ਮਸੀਹੀ ਨਿਗਾਹਬਾਨਾਂ ਦੀ ਨਿਯੁਕਤੀ ਬਾਰੇ ਕੀ ਕਿਹਾ ਗਿਆ ਹੈ?

9 ਅਫ਼ਸੁਸ ਵਿਚ ਰਹਿਣ ਵਾਲੇ ਨਿਗਾਹਬਾਨਾਂ ਨੂੰ ਪੌਲੁਸ ਨੇ ਯਾਦ ਦਿਲਾਇਆ ਕਿ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਨਿਯੁਕਤ ਕੀਤੇ ਗਏ ਸਨ। ਉਸ ਨੇ ਕਿਹਾ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।” (ਰਸੂਲਾਂ ਦੇ ਕਰਤੱਬ 20:28, ਟੇਢੇ ਟਾਈਪ ਸਾਡੇ।) ਪਰਮੇਸ਼ੁਰ ਦੇ ਝੁੰਡ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਉਨ੍ਹਾਂ ਮਸੀਹੀ ਨਿਗਾਹਬਾਨਾਂ ਨੂੰ ਪਵਿੱਤਰ ਸ਼ਕਤੀ ਦੀ ਅਗਵਾਈ ਦੀ ਜ਼ਰੂਰਤ ਸੀ। ਜੇਕਰ ਇਕ ਨਿਯੁਕਤ ਭਰਾ ਆਪਣੀ ਜ਼ਿੰਮੇਵਾਰੀ ਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਨਹੀਂ ਸੰਭਾਲਦਾ ਸੀ ਤਾਂ ਉਸ ਤੋਂ ਉਹ ਜ਼ਿੰਮੇਵਾਰੀ ਲਈ ਜਾਂਦੀ ਸੀ।

10. ਪਰਮੇਸ਼ੁਰ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਪਵਿੱਤਰ ਸ਼ਕਤੀ ਦਾ ਕੰਮ ਕਿਉਂ ਮਹੱਤਵਪੂਰਣ ਹੈ?

10 ਪਰ, ਪਵਿੱਤਰ ਆਤਮਾ ਦਾ ਕੰਮ ਇੰਨਾ ਮਹੱਤਵਪੂਰਣ ਕਿਉਂ ਹੈ? ਪਹਿਲੀ ਗੱਲ ਇਹ ਹੈ ਕਿ ਰੂਹਾਨੀ ਨਿਗਰਾਨੀ ਦੀਆਂ ਮੰਗਾਂ ਬਾਈਬਲ ਵਿਚ ਲਿਖੀਆਂ ਗਈ ਹਨ ਅਤੇ ਬਾਈਬਲ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੈ। ਪੌਲੁਸ ਨੇ ਤਿਮੋਥਿਉਸ ਅਤੇ ਤੀਤੁਸ ਨੂੰ ਚਿੱਠੀਆਂ ਵਿਚ ਉਨ੍ਹਾਂ ਮਿਆਰਾਂ ਬਾਰੇ ਲਿਖਿਆ ਸੀ ਜਿਨ੍ਹਾਂ ਉੱਤੇ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਨੂੰ ਚੱਲਣ ਦੀ ਜ਼ਰੂਰਤ ਸੀ। ਕੁੱਲ ਮਿਲਾ ਕੇ ਉਸ ਨੇ 16 ਵੱਖ-ਵੱਖ ਗੱਲਾਂ ਦਾ ਜ਼ਿਕਰ ਕੀਤਾ ਸੀ। ਮਿਸਾਲ ਲਈ, ਨਿਗਾਹਬਾਨਾਂ ਨੂੰ ਨਿਰਦੋਸ਼, ਪਰਹੇਜ਼ਗਾਰ, ਸੁਰਤ ਵਾਲੇ, ਨੇਕ ਚਾਲ ਵਾਲੇ, ਪਰਾਹੁਣਚਾਰ, ਸਿੱਖਿਆ ਦੇਣ ਯੋਗ, ਅਤੇ ਚੰਗੇ ਪਰਿਵਾਰਕ ਸਿਰ ਹੋਣ ਦੀ ਲੋੜ ਸੀ। ਉਨ੍ਹਾਂ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ ਸੀ, ਪੈਸੇ ਦੇ ਲੋਭੀ ਨਹੀਂ, ਪਰ ਸੰਜਮੀ ਹੋਣਾ ਚਾਹੀਦਾ ਸੀ। ਅਜਿਹੇ ਹੀ ਉੱਚੇ ਮਿਆਰ ਉਨ੍ਹਾਂ ਭਰਾਵਾਂ ਲਈ ਵੀ ਰੱਖੇ ਗਏ ਸਨ ਜੋ ਸਹਾਇਕ ਸੇਵਕ ਬਣਨਾ ਚਾਹੁੰਦੇ ਸਨ।​—1 ਤਿਮੋਥਿਉਸ 3:1-10, 12, 13; ਤੀਤੁਸ 1:5-9.

11. ਉਨ੍ਹਾਂ ਭਰਾਵਾਂ ਨੂੰ ਜੋ ਕਲੀਸਿਯਾ ਵਿਚ ਜ਼ਿੰਮੇਵਾਰੀ ਚਾਹੁੰਦੇ ਹਨ ਕਿਹੜੀਆਂ ਕੁਝ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ?

11 ਇਨ੍ਹਾਂ ਗੁਣਾਂ ਵੱਲ ਧਿਆਨ ਦੇਣ ਦੁਆਰਾ ਇਹ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਗਤੀ ਵਿਚ ਅਗਵਾਈ ਕਰਨ ਵਾਲਿਆਂ ਨੂੰ ਮਸੀਹੀ ਚਾਲ-ਚੱਲਣ ਵਿਚ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਜੋ ਭਰਾ ਕਲੀਸਿਯਾ ਵਿਚ ਜ਼ਿੰਮੇਵਾਰੀ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਉੱਤੇ ਪਵਿੱਤਰ ਆਤਮਾ ਕੰਮ ਕਰ ਰਹੀ ਹੈ। (2 ਤਿਮੋਥਿਉਸ 1:14) ਇਹ ਜ਼ਾਹਰ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਇਨ੍ਹਾਂ ਬੰਦਿਆਂ ਵਿਚ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਵਰਗੇ ਫਲ ਪੈਦਾ ਕਰ ਰਹੀ ਹੈ। (ਗਲਾਤੀਆਂ 5:22, 23) ਸੰਗੀ ਮਸੀਹੀਆਂ ਅਤੇ ਦੂਸਰਿਆਂ ਵਿਅਕਤੀਆਂ ਨਾਲ ਉਨ੍ਹਾਂ ਦੇ ਵਰਤਾਉ ਵਿਚ ਅਜਿਹੇ ਫਲ ਪ੍ਰਗਟ ਹੋਣੇ ਚਾਹੀਦੇ ਹਨ। ਨਿਰਸੰਦੇਹ, ਵੱਖ-ਵੱਖ ਭਰਾ ਵੱਖ-ਵੱਖ ਕੰਮਾਂ ਵਿਚ ਮਾਹਰ ਹੁੰਦੇ ਹਨ, ਕੁਝ ਪਵਿੱਤਰ ਆਤਮਾ ਦੇ ਫਲ ਦਿਖਾਉਣ ਵਿਚ ਅਤੇ ਕੁਝ ਨਿਗਾਹਬਾਨਾਂ ਦੀਆਂ ਯੋਗਤਾਵਾਂ ਦਿਖਾਉਣ ਵਿਚ। ਲੇਕਿਨ, ਸਾਰਿਆਂ ਨੂੰ ਜੋ ਨਿਗਾਹਬਾਨ ਜਾਂ ਸਹਾਇਕ ਸੇਵਕ ਬਣਨਾ ਚਾਹੁੰਦੇ ਹਨ ਆਪਣੇ ਜੀਵਨ ਢੰਗ ਰਾਹੀਂ ਦਿਖਾਉਣਾ ਚਾਹੀਦਾ ਹੈ ਕਿ ਉਹ ਰੂਹਾਨੀ ਚੀਜ਼ਾਂ ਨੂੰ ਮਹੱਤਵਪੂਰਣ ਸਮਝਦੇ ਹਨ ਅਤੇ ਪਰਮੇਸ਼ੁਰ ਦੇ ਬਚਨ ਦੀਆਂ ਮੰਗਾਂ ਉੱਤੇ ਪੂਰੇ ਉਤਰਦੇ ਹਨ।

12. ਪਵਿੱਤਰ ਆਤਮਾ ਦੁਆਰਾ ਕੌਣ ਨਿਯੁਕਤ ਕੀਤੇ ਗਏ ਹਨ?

12 ਪੌਲੁਸ ਦੂਸਰਿਆਂ ਨੂੰ ਉਸ ਦੀ ਰੀਸ ਕਰਨ ਲਈ ਕਹਿ ਸਕਦਾ ਸੀ ਕਿਉਂਕਿ ਉਹ ਖ਼ੁਦ ਯਿਸੂ ਮਸੀਹ ਦੀ ਰੀਸ ਕਰ ਰਿਹਾ ਸੀ, ਜਿਸ ਨੇ ‘ਇੱਕ ਨਮੂਨਾ ਸਾਡੇ ਲਈ ਛੱਡਿਆ ਭਈ ਅਸੀਂ ਉਹ ਦੀ ਪੈੜ ਉੱਤੇ ਤੁਰ ਸਕੀਏ।’ (1 ਪਤਰਸ 2:21; 1 ਕੁਰਿੰਥੀਆਂ 11:1) ਜੋ ਭਰਾ ਨਿਗਾਹਬਾਨਾਂ ਜਾਂ ਸਹਾਇਕ ਸੇਵਕਾਂ ਵਜੋਂ ਨਿਯੁਕਤ ਕੀਤੇ ਜਾਣ ਦੇ ਸਮੇਂ ਬਾਈਬਲ ਦੀਆਂ ਮੰਗਾਂ ਨੂੰ ਪੂਰਾ ਕਰ ਰਹੇ ਹੋਣ ਉਹ ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤੇ ਗਏ ਹਨ।

13. ਪਵਿੱਤਰ ਆਤਮਾ ਉਨ੍ਹਾਂ ਬਜ਼ੁਰਗਾਂ ਦੀ ਮਦਦ ਕਿਸ ਤਰ੍ਹਾਂ ਕਰਦੀ ਹੈ ਜੋ ਕਲੀਸਿਯਾ ਵਿਚ ਜ਼ਿੰਮੇਵਾਰੀ ਲਈ ਕਿਸੇ ਭਰਾ ਦੀ ਸਿਫ਼ਾਰਸ਼ ਕਰਦੇ ਹਨ?

13 ਇਕ ਹੋਰ ਗੱਲ ਵੀ ਹੈ ਜੋ ਨਿਗਾਹਬਾਨਾਂ ਦੀ ਸਿਫ਼ਾਰਸ਼ ਅਤੇ ਨਿਯੁਕਤੀ ਵਿਚ ਪਵਿੱਤਰ ਆਤਮਾ ਦੇ ਕੰਮ ਦਾ ਸੰਕੇਤ ਦਿੰਦੀ ਹੈ। ਯਿਸੂ ਨੇ ਕਿਹਾ ਸੀ ਕਿ ‘ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦਿੰਦਾ ਹੈ!’ (ਲੂਕਾ 11:13) ਇਸ ਲਈ ਜਦੋਂ ਕਲੀਸਿਯਾ ਦੇ ਬਜ਼ੁਰਗ ਜ਼ਿੰਮੇਵਾਰੀ ਲਈ ਕਿਸੇ ਭਰਾ ਦੀ ਸਿਫ਼ਾਰਸ਼ ਕਰਦੇ ਹਨ, ਤਾਂ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਲਈ ਪ੍ਰਾਰਥਨਾ ਕਰਦੇ ਹਨ। ਉਹ ਆਪਣੀਆਂ ਸਿਫ਼ਾਰਸ਼ਾਂ ਨੂੰ ਪਰਮੇਸ਼ੁਰ ਦੇ ਬਚਨ ਦੀਆਂ ਲਿਖਤਾਂ ਉੱਤੇ ਆਧਾਰਿਤ ਕਰਦੇ ਹਨ। ਇਸ ਤਰ੍ਹਾਂ ਉਹ ਪਵਿੱਤਰ ਸ਼ਕਤੀ ਰਾਹੀਂ ਜਾਣ ਸਕਦੇ ਹਨ ਕਿ ਇਕ ਭਰਾ ਬਾਈਬਲ ਦੀਆਂ ਮੰਗਾਂ ਨੂੰ ਪੂਰਾ ਕਰ ਰਿਹਾ ਹੈ ਕਿ ਨਹੀਂ। ਸਿਫ਼ਾਰਸ਼ ਕਰਨ ਵਾਲਿਆਂ ਭਰਾਵਾਂ ਨੂੰ ਭਰਾ ਦੀ ਸੁਰਤ, ਪੜ੍ਹਾਈ-ਲਿਖਾਈ ਵਿਚ ਸਫ਼ਲਤਾ, ਜਾਂ ਕੁਦਰਤੀ ਯੋਗਤਾਵਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੂੰ ਇਸ ਮੁੱਖ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਭਰਾ ਰੂਹਾਨੀ ਗੱਲਾਂ ਨੂੰ ਪਹਿਲ ਦੇਣ ਵਾਲਾ ਇਨਸਾਨ ਹੈ ਕਿ ਨਹੀਂ। ਕੀ ਉਹ ਅਜਿਹਾ ਭਰਾ ਹੈ ਜਿਸ ਕੋਲੋਂ ਕਲੀਸਿਯਾ ਦੇ ਮੈਂਬਰ ਝਿਜਕਣ ਤੋਂ ਬਗੈਰ ਰੂਹਾਨੀ ਮਦਦ ਮੰਗ ਸਕਦੇ ਹਨ?

14. ਅਸੀਂ ਰਸੂਲਾਂ ਦੇ ਕਰਤੱਬ 6:1-3 ਤੋਂ ਕੀ ਸਿੱਖਦੇ ਹਾਂ?

14 ਇਹ ਸੱਚ ਹੈ ਕਿ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਵਜੋਂ ਸੇਵਾ ਕਰਨ ਲਈ ਭਰਾਵਾਂ ਦੀ ਸਿਫ਼ਾਰਸ਼ ਬਜ਼ੁਰਗ ਅਤੇ ਸਫ਼ਰੀ ਨਿਗਾਹਬਾਨ ਮਿਲ ਕੇ ਕਰਦੇ ਹਨ, ਪਰ ਉਨ੍ਹਾਂ ਦੀਆਂ ਨਿਯੁਕਤੀਆਂ ਪਹਿਲੀ ਸਦੀ ਵਿਚ ਕਾਇਮ ਕੀਤੇ ਗਏ ਨਮੂਨੇ ਅਨੁਸਾਰ ਕੀਤੀਆਂ ਜਾਂਦੀਆਂ ਹਨ। ਮਿਸਾਲ ਲਈ ਇਕ ਵਾਰ, ਇਕ ਜ਼ਰੂਰੀ ਕੰਮ ਲਈ ਅਜਿਹੇ ਭਰਾਵਾਂ ਦੀ ਜ਼ਰੂਰਤ ਪਈ ਜੋ ਰੂਹਾਨੀ ਤੌਰ ਤੇ ਕਾਬਲ ਸਨ। ਪ੍ਰਬੰਧਕ ਸਭਾ ਨੇ ਇਹ ਹਿਦਾਇਤ ਦਿੱਤੀ ਕਿ “ਆਪਣੇ ਵਿੱਚੋਂ ਸੱਤ ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ ਹੋਣ ਚੁਣ ਲਓ ਭਈ ਅਸੀਂ ਓਹਨਾਂ ਨੂੰ ਇਸ ਕੰਮ ਉੱਤੇ ਠਹਿਰਾਈਏ।” (ਰਸੂਲਾਂ ਦੇ ਕਰਤੱਬ 6:1-3) ਭਾਵੇਂ ਕਿ ਭਰਾਵਾਂ ਨੇ ਇਸ ਕੰਮ ਲਈ ਸਿਫ਼ਾਰਸ਼ਾਂ ਕੀਤੀਆਂ ਸਨ, ਨਿਯੁਕਤੀਆਂ ਯਰੂਸ਼ਲਮ ਦੇ ਜ਼ਿੰਮੇਵਾਰ ਭਰਾਵਾਂ ਦੁਆਰਾ ਕੀਤੀਆਂ ਗਈਆਂ ਸਨ। ਅੱਜ ਵੀ ਇਸ ਨਮੂਨੇ ਦੀ ਰੀਸ ਕੀਤੀ ਜਾਂਦੀ ਹੈ।

15. ਭਰਾਵਾਂ ਨੂੰ ਨਿਯੁਕਤ ਕਰਨ ਵਿਚ ਪ੍ਰਬੰਧਕ ਸਭਾ ਕਿਸ ਤਰ੍ਹਾਂ ਸ਼ਾਮਲ ਹੈ?

15 ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਬ੍ਰਾਂਚ ਕਮੇਟੀਆਂ ਦੇ ਸਾਰਿਆਂ ਮੈਂਬਰਾਂ ਨੂੰ ਆਪ ਨਿਯੁਕਤ ਕਰਦੀ ਹੈ। ਜਦੋਂ ਪ੍ਰਬੰਧਕ ਸਭਾ ਦੇ ਭਰਾ ਇਹ ਫ਼ੈਸਲਾ ਕਰਦੇ ਹਨ ਕਿ ਇਸ ਭਾਰੀ ਜ਼ਿੰਮੇਵਾਰੀ ਨੂੰ ਕੌਣ ਨਿਭਾ ਸਕਦਾ ਹੈ ਤਾਂ ਉਹ ਯਿਸੂ ਦੀ ਗੱਲ ਯਾਦ ਰੱਖਦੇ ਹਨ: “ਜਿਸ ਕਿਸੇ ਨੂੰ ਬਹੁਤ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ ਅਤੇ ਜਿਹ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਵਧੀਕ ਮੰਗਣਗੇ।” (ਲੂਕਾ 12:48) ਬ੍ਰਾਂਚ ਕਮੇਟੀਆਂ ਦੇ ਮੈਂਬਰਾਂ ਨੂੰ ਨਿਯੁਕਤ ਕਰਨ ਦੇ ਨਾਲ-ਨਾਲ ਪ੍ਰਬੰਧਕ ਸਭਾ ਸਫ਼ਰੀ ਨਿਗਾਹਬਾਨਾਂ ਅਤੇ ਬੈਥਲ ਦੇ ਬਜ਼ੁਰਗਾਂ ਨੂੰ ਵੀ ਨਿਯੁਕਤ ਕਰਦੀ ਹੈ। ਲੇਕਿਨ, ਦੂਸਰੀਆਂ ਕੁਝ ਖ਼ਾਸ ਨਿਯੁਕਤੀਆਂ ਕਰਨ ਦੀ ਆਗਿਆ ਉਹ ਜ਼ਿੰਮੇਵਾਰ ਅਤੇ ਭਰੋਸੇਯੋਗ ਭਰਾਵਾਂ ਨੂੰ ਦਿੰਦੀ ਹੈ। ਬਾਈਬਲ ਵਿਚ ਇਸ ਤਰ੍ਹਾਂ ਕਰਨ ਦੀ ਵੀ ਮਿਸਾਲ ਹੈ।

‘ਬਜ਼ੁਰਗ ਥਾਪ, ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ’

16. ਪੌਲੁਸ ਨੇ ਤੀਤੁਸ ਨੂੰ ਕਰੇਤ ਵਿਚ ਕਿਉਂ ਛੱਡਿਆ ਸੀ, ਅਤੇ ਇਹ ਅੱਜ ਦੀਆਂ ਨਿਯੁਕਤੀਆਂ ਬਾਰੇ ਕੀ ਸੰਕੇਤ ਕਰਦਾ ਹੈ?

16 ਪੌਲੁਸ ਨੇ ਆਪਣੇ ਸਾਥੀ ਤੀਤੁਸ ਨੂੰ ਕਿਹਾ: “ਮੈਂ ਤੈਨੂੰ ਇਸ ਨਮਿੱਤ ਕਰੇਤ ਵਿੱਚ ਛੱਡਿਆ ਸੀ ਭਈ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਓਹਨਾਂ ਨੂੰ ਸੁਆਰੇਂ ਅਤੇ ਨਗਰ ਨਗਰ ਬਜ਼ੁਰਗ ਥਾਪ ਦੇਵੇਂ ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ।” (ਤੀਤੁਸ 1:5) ਇਸ ਤੋਂ ਬਾਅਦ ਪੌਲੁਸ ਨੇ ਤੀਤੁਸ ਨੂੰ ਉਨ੍ਹਾਂ ਗੁਣਾਂ ਬਾਰੇ ਦੱਸਿਆ ਜੋ ਉਨ੍ਹਾਂ ਭਰਾਵਾਂ ਵਿਚ ਦਿਖਾਈ ਦੇਣੇ ਚਾਹੀਦੇ ਸਨ ਜੋ ਅਜਿਹੀਆਂ ਨਿਯੁਕਤੀਆਂ ਦੇ ਲਾਇਕ ਹੋਣ। ਇਸ ਲਈ, ਅੱਜ ਪ੍ਰਬੰਧਕ ਸਭਾ ਬ੍ਰਾਂਚਾਂ ਵਿਚ ਕਾਬਲ ਭਰਾਵਾਂ ਨੂੰ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਸੌਂਪਦੀ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਜਿਹੜੇ ਭਰਾ ਪ੍ਰਬੰਧਕ ਸਭਾ ਲਈ ਇਹ ਕੰਮ ਕਰਦੇ ਹਨ, ਉਹ ਅਜਿਹੀਆਂ ਨਿਯੁਕਤੀਆਂ ਕਰਨ ਲਈ ਬਾਈਬਲੀ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਉਨ੍ਹਾਂ ਉੱਤੇ ਚੱਲਦੇ ਹਨ। ਇਸ ਲਈ, ਪ੍ਰਬੰਧਕ ਸਭਾ ਦੇ ਨਿਰਦੇਸ਼ਨ ਅਧੀਨ ਹੀ ਕਾਬਲ ਭਰਾਵਾਂ ਨੂੰ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ।

17. ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀ ਨਿਯੁਕਤੀ ਦੀਆਂ ਸਿਫ਼ਾਰਸ਼ਾਂ ਨਾਲ ਸੋਸਾਇਟੀ ਦਾ ਬ੍ਰਾਂਚ ਕੀ ਕਰਦਾ ਹੈ?

17 ਜਦੋਂ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀਆਂ ਸਿਫ਼ਾਰਸ਼ਾਂ ਵਾਚ ਟਾਵਰ ਸੋਸਾਇਟੀ ਦੇ ਬ੍ਰਾਂਚਾਂ ਨੂੰ ਭੇਜੀਆਂ ਜਾਂਦੀਆਂ ਹਨ, ਤਾਂ ਤਜਰਬੇਕਾਰ ਭਰਾ ਨਿਯੁਕਤੀਆਂ ਕਰਨ ਵਿਚ ਪਰਮੇਸ਼ੁਰ ਦੀ ਆਤਮਾ ਦੀ ਅਗਵਾਈ ਉੱਤੇ ਭਰੋਸਾ ਰੱਖਦੇ ਹਨ। ਇਹ ਭਰਾ ਜਾਣਦੇ ਹਨ ਕਿ ਉਨ੍ਹਾਂ ਉੱਤੇ ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਅਤੇ ਉਨ੍ਹਾਂ ਨੂੰ ਜਲਦਬਾਜ਼ੀ ਵਿਚ ਕਿਸੇ ਨੂੰ ਨਿਯੁਕਤ ਨਹੀਂ ਕਰਨਾ ਚਾਹੀਦਾ, ਤਾਂਕਿ ਉਹ ਉਸ ਦੇ ਪਾਪਾਂ ਦੇ ਭਾਗੀ ਨਾ ਬਣਨ।​—1 ਤਿਮੋਥਿਉਸ 5:22.

18, 19. (ੳ) ਕੁਝ ਨਿਯੁਕਤੀਆਂ ਬਾਰੇ ਕਿਸ ਤਰ੍ਹਾਂ ਦੱਸਿਆ ਜਾਂਦਾ ਹੈ? (ਅ) ਸਿਫ਼ਾਰਸ਼ ਅਤੇ ਨਿਯੁਕਤ ਕਰਨ ਦੀ ਸਾਰੀ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ?

18 ਕੁਝ ਨਿਯੁਕਤੀਆਂ ਬਾਰੇ ਸ਼ਾਇਦ ਚਿੱਠੀ ਰਾਹੀਂ ਦੱਸਿਆ ਜਾਵੇ, ਜਿਸ ਉੱਤੇ ਕਾਨੂੰਨੀ ਕਾਰਪੋਰੇਸ਼ਨ ਦੀ ਮੁਹਰ ਲਗਾਈ ਗਈ ਹੋਵੇ। ਅਜਿਹੀ ਚਿੱਠੀ ਕਲੀਸਿਯਾ ਵਿਚ ਕਈਆਂ ਭਰਾਵਾਂ ਨੂੰ ਇੱਕੋ ਵਾਰ ਨਿਯੁਕਤ ਕਰਨ ਲਈ ਭੇਜੀ ਜਾ ਸਕਦੀ ਹੈ।

19 ਯਹੋਵਾਹ ਦੇ ਸੰਗਠਨ ਵਿਚ ਨਿਯੁਕਤੀਆਂ ਪਰਮੇਸ਼ੁਰ ਵੱਲੋਂ ਕੀਤੀਆਂ ਜਾਂਦੀਆਂ ਹਨ। ਉਹ ਆਪਣੇ ਪੁੱਤਰ ਰਾਹੀਂ ਅਤੇ ਧਰਤੀ ਉੱਤੇ ਆਪਣੇ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਉਸ ਦੀ ਪ੍ਰਬੰਧਕ ਸਭਾ ਰਾਹੀਂ ਇਹ ਕੰਮ ਕਰਦਾ ਹੈ। (ਮੱਤੀ 24:45-47) ਸਿਫ਼ਾਰਸ਼ ਕਰਨ ਅਤੇ ਨਿਯੁਕਤ ਕਰਨ ਦੀ ਸਾਰੀ ਕਾਰਵਾਈ ਪਵਿੱਤਰ ਆਤਮਾ ਰਾਹੀਂ ਨਿਰਦੇਸ਼ਿਤ ਕੀਤੀ ਜਾਂਦੀ ਹੈ। ਇਹ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਭਰਾਵਾਂ ਲਈ ਨਿਯੁਕਤੀ ਦੀਆਂ ਮੰਗਾਂ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆਂ ਹਨ ਜੋ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੈ। ਅਤੇ ਜਿਨ੍ਹਾਂ ਭਰਾਵਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਉਹ ਇਸ ਆਤਮਾ ਦੇ ਫਲ ਪੈਦਾ ਕਰਨ ਦਾ ਸਬੂਤ ਦਿੰਦੇ ਹਨ। ਇਸ ਲਈ, ਅਸੀਂ ਕਹਿ ਸਕਦੇ ਹਾਂ ਕਿ ਨਿਯੁਕਤੀਆਂ ਪਵਿੱਤਰ ਆਤਮਾ ਦੁਆਰਾ ਕੀਤੀਆਂ ਗਈਆਂ ਹਨ। ਅੱਜ ਵੀ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਨੂੰ ਠੀਕ ਉਸੇ ਤਰ੍ਹਾਂ ਪਰਮੇਸ਼ੁਰ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਜਿਵੇਂ ਪਹਿਲੀ ਸਦੀ ਵਿਚ ਕੀਤਾ ਜਾਂਦਾ ਸੀ।

ਯਹੋਵਾਹ ਦੀ ਅਗਵਾਈ ਲਈ ਸ਼ੁਕਰਗੁਜ਼ਾਰ

20. ਅਸੀਂ ਜ਼ਬੂਰ 133:1 ਵਿਚ ਦਾਊਦ ਦੇ ਜਜ਼ਬਾਤਾਂ ਨਾਲ ਸਹਿਮਤ ਕਿਉਂ ਹੁੰਦੇ ਹਾਂ?

20 ਅਸੀਂ ਰੂਹਾਨੀ ਖ਼ੁਸ਼ਹਾਲੀ ਦੇ ਇਸ ਸਮੇਂ ਵਿਚ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਦੇ ਵਾਧੇ ਲਈ ਸ਼ੁਕਰ ਕਰਦੇ ਹਾਂ ਕਿ ਯਹੋਵਾਹ ਹੀ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀਆਂ ਨਿਯੁਕਤੀਆਂ ਕਰਦਾ ਹੈ। ਇਹ ਬਾਈਬਲ ਆਧਾਰਿਤ ਪ੍ਰਬੰਧ ਯਹੋਵਾਹ ਦੇ ਗਵਾਹਾਂ ਵਿਚਕਾਰ ਪਰਮੇਸ਼ੁਰ ਦੇ ਉੱਚੇ ਮਿਆਰ ਕਾਇਮ ਰੱਖਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਭਰਾਵਾਂ ਦਾ ਚੰਗਾ ਰਵੱਈਆ ਅਤੇ ਸੁਹਿਰਦ ਜਤਨ ਯਹੋਵਾਹ ਦੇ ਸੇਵਕਾਂ ਦੀ ਸ਼ਾਂਤੀ ਅਤੇ ਏਕਤਾ ਵਧਾਉਂਦੇ ਹਨ। ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਅਸੀਂ ਵੀ ਇਹ ਕਹਿਣ ਲਈ ਪ੍ਰਭਾਵਿਤ ਹੁੰਦੇ ਹਾਂ ਕਿ “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”​—ਜ਼ਬੂਰ 133:1.

21. ਯਸਾਯਾਹ 60:17 ਅੱਜ ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ?

21 ਯਹੋਵਾਹ ਦੇ ਬਚਨ ਅਤੇ ਪਵਿੱਤਰ ਆਤਮਾ ਰਾਹੀਂ ਉਸ ਦੀ ਅਗਵਾਈ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ! ਅਤੇ ਯਸਾਯਾਹ 60:17 ਵਿਚ ਦਰਜ ਕੀਤੇ ਗਏ ਸ਼ਬਦ ਵੀ ਬਹੁਤ ਅਰਥਪੂਰਣ ਹਨ ਕਿ “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” ਜਿਉਂ-ਜਿਉਂ ਯਹੋਵਾਹ ਦੇ ਗਵਾਹਾਂ ਵਿਚਕਾਰ ਪਰਮੇਸ਼ੁਰ ਦੀਆਂ ਗੱਲਾਂ ਨੂੰ ਹੌਲੀ-ਹੌਲੀ ਲਾਗੂ ਕੀਤਾ ਗਿਆ ਹੈ, ਅਸੀਂ ਧਰਤੀ ਉੱਤੇ ਪਰਮੇਸ਼ੁਰ ਦੇ ਸੰਗਠਨ ਵਿਚ ਇਨ੍ਹਾਂ ਬਰਕਤਾਂ ਦਾ ਆਨੰਦ ਮਾਣਿਆ ਹੈ।

22. ਅਸੀਂ ਕਿਸ ਚੀਜ਼ ਲਈ ਸ਼ੁਕਰਗੁਜ਼ਾਰ ਹਾਂ, ਅਤੇ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ?

22 ਸਾਡੇ ਲਈ ਪਰਮੇਸ਼ੁਰ ਵੱਲੋਂ ਕੀਤੇ ਗਏ ਪ੍ਰਬੰਧਾਂ ਵਾਸਤੇ ਅਸੀਂ ਸੱਚ-ਮੁੱਚ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਅਸੀਂ ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀ ਸਖ਼ਤ ਮਿਹਨਤ ਦੀ ਬਹੁਤ ਕਦਰ ਕਰਦੇ ਹਾਂ। ਅਸੀਂ ਪੂਰੇ ਦਿਲ ਨਾਲ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਰਦੇ ਹਾਂ, ਜਿਸ ਨੇ ਸਾਨੂੰ ਰੂਹਾਨੀ ਖ਼ੁਸ਼ਹਾਲੀ ਅਤੇ ਇੰਨੀ ਵੱਡੀ ਬਰਕਤ ਦਿੱਤੀ ਹੈ। (ਕਹਾਉਤਾਂ 10:22) ਤਾਂ ਫਿਰ ਆਓ ਆਪਾਂ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਦਾ ਪੱਕਾ ਇਰਾਦਾ ਬਣਾਈਏ। ਸਭ ਤੋਂ ਵੱਧ, ਆਓ ਆਪਾਂ ਯਹੋਵਾਹ ਦੇ ਮਹਾਨ ਅਤੇ ਪਵਿੱਤਰ ਨਾਂ ਦੀ ਵਡਿਆਈ, ਉਸਤਤ, ਅਤੇ ਮਹਿਮਾ ਕਰਨ ਲਈ ਇਕੱਠੇ ਮਿਲ ਕੇ ਉਸ ਦੀ ਸੇਵਾ ਕਰੀਏ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀਆਂ ਨਿਯੁਕਤੀਆਂ ਪਰਮੇਸ਼ੁਰ ਵੱਲੋਂ ਹਨ ਅਤੇ ਮਨੁੱਖਾਂ ਵੱਲੋਂ ਨਹੀਂ?

• ਜ਼ਿੰਮੇਵਾਰ ਮਸੀਹੀ ਭਰਾਵਾਂ ਨੂੰ ਪਵਿੱਤਰ ਆਤਮਾ ਦੁਆਰਾ ਕਿਸ ਤਰ੍ਹਾਂ ਨਿਯੁਕਤ ਕੀਤਾ ਜਾਂਦਾ ਹੈ?

• ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਦੀਆਂ ਨਿਯੁਕਤੀਆਂ ਵਿਚ ਪ੍ਰਬੰਧਕ ਸਭਾ ਕਿਸ ਤਰ੍ਹਾਂ ਸ਼ਾਮਲ ਹੈ?

• ਯਹੋਵਾਹ ਵੱਲੋਂ ਕੀਤੀਆਂ ਨਿਯੁਕਤੀਆਂ ਦਾ ਸਾਨੂੰ ਕਿਉਂ ਸ਼ੁਕਰ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰਾਂ]

ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਸੇਵਾ ਕਰਨ ਦਾ ਸਨਮਾਨ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਹੈ