Skip to content

Skip to table of contents

ਪ੍ਰਬੰਧਕ ਸਭਾ ਇਕ ਕਾਨੂੰਨੀ ਕਾਰਪੋਰੇਸ਼ਨ ਤੋਂ ਕਿਵੇਂ ਵੱਖਰੀ ਹੈ

ਪ੍ਰਬੰਧਕ ਸਭਾ ਇਕ ਕਾਨੂੰਨੀ ਕਾਰਪੋਰੇਸ਼ਨ ਤੋਂ ਕਿਵੇਂ ਵੱਖਰੀ ਹੈ

ਪ੍ਰਬੰਧਕ ਸਭਾ ਇਕ ਕਾਨੂੰਨੀ ਕਾਰਪੋਰੇਸ਼ਨ ਤੋਂ ਕਿਵੇਂ ਵੱਖਰੀ ਹੈ

ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀਆਂ ਸਾਲਾਨਾ ਮੀਟਿੰਗਾਂ ਜਨਵਰੀ 1885 ਤੋਂ ਲੈ ਕੇ ਹੁਣ ਤਕ ਹੁੰਦੀਆਂ ਆ ਰਹੀਆਂ ਹਨ। ਉੱਨੀਵੀਂ ਸਦੀ ਦੇ ਅਖ਼ੀਰਲੇ ਹਿੱਸੇ ਵਿਚ ਜਦੋਂ ਮਸਹ ਕੀਤੇ ਹੋਏ ਮਸੀਹੀ ਇਕੱਠੇ ਕੀਤੇ ਜਾ ਰਹੇ ਸਨ, ਇਸ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਅਫ਼ਸਰ ਸਵਰਗੀ ਜੀਵਨ ਦੀ ਉਮੀਦ ਰੱਖਦੇ ਸਨ। ਅਸਲ ਵਿਚ ਸੋਸਾਇਟੀ ਦੇ ਸ਼ੁਰੂ ਤੋਂ ਹੀ ਆਮ ਤੌਰ ਤੇ ਇਹ ਸਾਰੇ ਆਦਮੀ ਸਵਰਗੀ ਉਮੀਦ ਰੱਖਣ ਵਾਲੇ ਹੁੰਦੇ ਸਨ।

ਸਿਰਫ਼ ਇਕ ਵਾਰ ਇਸ ਤਰ੍ਹਾਂ ਨਹੀਂ ਸੀ। ਸੰਨ 1940 ਵਿਚ ਸੋਸਾਇਟੀ ਦਾ ਵਕੀਲ, ਹੇਡਨ ਸੀ. ਕੌਵਿੰਗਟਨ ਸੋਸਾਇਟੀ ਦੇ ਇਕ ਡਾਇਰੈਕਟਰ ਵਜੋਂ ਚੁਣਿਆ ਗਿਆ ਸੀ। ਉਹ ‘ਹੋਰ ਭੇਡਾਂ’ ਵਿੱਚੋਂ ਸੀ ਜਿਨ੍ਹਾਂ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੈ। (ਯੂਹੰਨਾ 10:16) ਉਸ ਨੇ 1942 ਤੋਂ 1945 ਤਕ ਸੋਸਾਇਟੀ ਦੇ ਉਪ-ਪ੍ਰਧਾਨ ਵਜੋਂ ਸੇਵਾ ਕੀਤੀ। ਪਰ ਫਿਰ ਭਰਾ ਕੌਵਿੰਗਟਨ ਨੇ ਅਸਤੀਫ਼ਾ ਦੇ ਦਿੱਤਾ ਕਿਉਂਕਿ ਉਦੋਂ ਇਵੇਂ ਸਮਝਿਆ ਗਿਆ ਸੀ ਕਿ ਯਹੋਵਾਹ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਨੂੰ ਪੈਨਸਿਲਵੇਨੀਆ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਅਤੇ ਅਫ਼ਸਰਾਂ ਵਜੋਂ ਚਾਹੁੰਦਾ ਸੀ। ਇਸ ਕਰਕੇ ਭਰਾ ਕੌਵਿੰਗਟਨ ਦੀ ਥਾਂ ਤੇ ਭਰਾ ਲਾਇਮਨ ਏ. ਸਵਿੰਗਲ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਅਤੇ ਭਰਾ ਫਰੈਡਰਿਕ ਫ਼੍ਰਾਂਜ਼ ਉਪ-ਪ੍ਰਧਾਨ ਚੁਣਿਆ ਗਿਆ।

ਯਹੋਵਾਹ ਦੇ ਸੇਵਕ ਇਵੇਂ ਕਿਉਂ ਮਹਿਸੂਸ ਕਰਦੇ ਸਨ ਕਿ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੇ ਡਾਇਰੈਕਟਰ ਅਤੇ ਅਫ਼ਸਰ ਮਸਹ ਕੀਤੇ ਹੋਏ ਮਸੀਹੀ ਹੋਣੇ ਚਾਹੀਦੇ ਸਨ? ਕਿਉਂਕਿ ਉਨ੍ਹੀਂ ਦਿਨੀਂ ਪੈਨਸਿਲਵੇਨੀਆ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਅਤੇ ਅਫ਼ਸਰਾਂ ਦੇ ਬੋਰਡ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਤੋਂ ਵੱਖਰਾ ਨਹੀਂ ਸਮਝਿਆ ਜਾਂਦਾ ਸੀ। ਪ੍ਰਬੰਧਕ ਸਭਾ ਤਾਂ ਹਮੇਸ਼ਾ ਹੀ ਆਤਮਾ ਦੁਆਰਾ ਮਸਹ ਕੀਤੇ ਹੋਏ ਭਰਾਵਾਂ ਦੀ ਬਣੀ ਆਈ ਹੈ।

ਇਕ ਮਹੱਤਵਪੂਰਣ ਸਾਲਾਨਾ ਮੀਟਿੰਗ

ਪਿਟੱਸਬਰਗ ਵਿਚ 2 ਅਕਤੂਬਰ 1944 ਨੂੰ ਆਪਣੀ ਸਾਲਾਨਾ ਮੀਟਿੰਗ ਦੌਰਾਨ ਪੈਨਸਿਲਵੇਨੀਆ ਕਾਰਪੋਰੇਸ਼ਨ ਦੇ ਮੈਂਬਰਾਂ ਨੇ ਆਪਣੇ ਚਾਰਟਰ ਨੂੰ ਬਦਲ ਕੇ ਛੇ ਮਤੇ ਅਪਣਾਏ। ਇਸ ਚਾਰਟਰ ਦੇ ਅਨੁਸਾਰ ਸੋਸਾਇਟੀ ਦੇ ਕੰਮ-ਕਾਰ ਲਈ ਚੰਦਾ ਦੇਣ ਵਾਲਿਆਂ ਨੂੰ ਵੋਟਾਂ ਪਾਉਣ ਦਾ ਹੱਕ ਮਿਲਦਾ ਹੁੰਦਾ ਸੀ, ਪਰ ਤੀਜੇ ਨੰਬਰ ਦੇ ਸੁਧਾਰ ਨੇ ਇਸ ਹੱਕ ਨੂੰ ਰੋਕ ਦਿੱਤਾ। ਉਸ ਸਾਲਾਨਾ ਮੀਟਿੰਗ ਦੀ ਰਿਪੋਰਟ ਨੇ ਨੋਟ ਕੀਤਾ ਕਿ “ਸੋਸਾਇਟੀ ਦੇ ਮੈਂਬਰ 500 ਤੋਂ ਜ਼ਿਆਦਾ ਨਹੀਂ ਹੋਣਗੇ . . . ਹਰੇਕ ਨੂੰ ਸੋਸਾਇਟੀ ਦਾ ਪੂਰਣ-ਸਮੇਂ ਦਾ ਸੇਵਕ ਜਾਂ ਯਹੋਵਾਹ ਦੇ ਗਵਾਹਾਂ ਦੀ ਇਕ ਕੰਪਨੀ [ਕਲੀਸਿਯਾ] ਦਾ ਥੋੜ੍ਹੇ-ਸਮੇਂ ਦਾ ਸੇਵਕ ਹੋਣਾ ਚਾਹੀਦਾ ਹੈ ਅਤੇ ਹਰੇਕ ਦਾ ਰਵੱਈਆ ਪ੍ਰਭੂ ਵਰਗਾ ਹੋਣਾ ਚਾਹੀਦਾ ਹੈ।”

ਇਸ ਤੋਂ ਬਾਅਦ ਸੋਸਾਇਟੀ ਦੇ ਡਾਇਰੈਕਟਰ ਉਨ੍ਹਾਂ ਵਿਅਕਤੀਆਂ ਦੁਆਰਾ ਚੁਣੇ ਜਾਣੇ ਸਨ ਜੋ ਯਹੋਵਾਹ ਪ੍ਰਤੀ ਪੂਰੀ ਤਰ੍ਹਾਂ ਫ਼ਵਾਦਾਰ ਸਨ, ਭਾਵੇਂ ਰਾਜ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਉਹ ਜਿੰਨਾ ਮਰਜ਼ੀ ਚੰਦਾ ਦਿੰਦੇ ਸਨ। ਯਸਾਯਾਹ 60:17 ਵਿਚ ਹੌਲੀ-ਹੌਲੀ ਕੀਤੇ ਅਜਿਹੇ ਸੁਧਾਰਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਜਿੱਥੇ ਅਸੀਂ ਪੜ੍ਹਦੇ ਹਾਂ ਕਿ “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” “ਮੁਹੱਸਲਾਂ” ਅਤੇ “ਬੇਗਾਰ ਕਰਾਉਣ ਵਾਲਿਆਂ,” ਮਤਲਬ ਕਿ ਨਿਗਾਹਬਾਨਾਂ ਬਾਰੇ ਜ਼ਿਕਰ ਕਰਦਿਆਂ, ਇਸ ਭਵਿੱਖਬਾਣੀ ਨੇ ਯਹੋਵਾਹ ਦੇ ਲੋਕਾਂ ਦੇ ਸੰਸਥਾਈ ਮਾਮਲਿਆਂ ਵਿਚ ਸੁਧਾਰਾਂ ਬਾਰੇ ਦੱਸਿਆ ਸੀ।

ਸੰਗਠਨ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਅਨੁਸਾਰ ਚਲਾਉਣ ਦਾ ਇਹ ਮਹੱਤਵਪੂਰਣ ਕਦਮ ਦਾਨੀਏਲ 8:14 ਤੇ ਜ਼ਿਕਰ ਕੀਤੇ ਗਏ ਸਮੇਂ, ਅਰਥਾਤ ‘ਦੋ ਹਜ਼ਾਰ ਤਿੰਨ ਸੌ ਸੰਝ ਅਰ ਸਵੇਰਾਂ’ ਦੇ ਅੰਤ ਤੇ ਚੁੱਕਿਆ ਗਿਆ। ਉਸ ਸਮੇਂ, ‘ਪਵਿੱਤ੍ਰ ਥਾਂ ਸੁੱਚਾ ਬਣਾਇਆ ਗਿਆ।’

ਪਰ 1944 ਦੀ ਇਸ ਮਹੱਤਵਪੂਰਣ ਸਾਲਾਨਾ ਮੀਟਿੰਗ ਤੋਂ ਬਾਅਦ, ਇਕ ਜ਼ਰੂਰੀ ਸਵਾਲ ਦਾ ਜਵਾਬ ਹਾਲੇ ਵੀ ਰਹਿੰਦਾ ਸੀ। ਕਿਉਂਕਿ ਉਦੋਂ ਪ੍ਰਬੰਧਕ ਸਭਾ ਅਤੇ ਪੈਨਸਿਲਵੇਨੀਆ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਦੇ ਸੱਤ ਮੈਂਬਰਾਂ ਵਾਲੇ ਬੋਰਡ ਵਿਚ ਕੋਈ ਖ਼ਾਸ ਫ਼ਰਕ ਨਹੀਂ ਸੀ, ਕੀ ਇਸ ਦਾ ਇਹ ਅਰਥ ਸੀ ਕਿ ਪ੍ਰਬੰਧਕ ਸਭਾ ਵਿਚ ਸੱਤਾਂ ਮੈਂਬਰਾਂ ਨਾਲੋਂ ਜ਼ਿਆਦਾ ਮਸਹ ਕੀਤੇ ਹੋਏ ਮੈਂਬਰ ਕਦੇ ਵੀ ਨਹੀਂ ਹੋ ਸਕਦੇ ਸਨ? ਇਸ ਤੋਂ ਇਲਾਵਾ, ਕਿਉਂਕਿ ਡਾਇਰੈਕਟਰ ਕਾਰਪੋਰੇਸ਼ਨ ਦੇ ਮੈਂਬਰਾਂ ਦੁਆਰਾ ਚੁਣੇ ਜਾਂਦੇ ਹਨ, ਕੀ ਹਰ ਸਾਲ ਸਾਲਾਨਾ ਮੀਟਿੰਗ ਵਿਚ ਕਾਰਪੋਰੇਸ਼ਨ ਦੇ ਮੈਂਬਰ ਪ੍ਰਬੰਧਕ ਸਭਾ ਦੇ ਮੈਂਬਰਾਂ ਨੂੰ ਚੁਣਦੇ ਸਨ? ਕੀ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੇ ਡਾਇਰੈਕਟਰ ਤੇ ਅਫ਼ਸਰ, ਅਤੇ ਪ੍ਰਬੰਧਕ ਸਭਾ ਦੇ ਮੈਂਬਰ ਇੱਕੋ ਹੀ ਹਨ ਜਾਂ ਕੀ ਉਹ ਵੱਖਰੇ-ਵੱਖਰੇ ਹਨ?

ਇਕ ਹੋਰ ਮਹੱਤਵਪੂਰਣ ਸਲਾਨਾ ਮੀਟਿੰਗ

ਇਨ੍ਹਾਂ ਸਵਾਲਾਂ ਦੇ ਜਵਾਬ 1 ਅਕਤੂਬਰ 1971 ਦੀ ਸਾਲਾਨਾ ਮੀਟਿੰਗ ਵਿਚ ਦਿੱਤੇ ਗਏ। ਉਸ ਸਮੇਂ, ਇਕ ਭਾਸ਼ਣਕਾਰ ਨੇ ਸਮਝਾਇਆ ਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਪ੍ਰਬੰਧਕ ਸਭਾ, ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਨਾਲੋਂ ਸੈਂਕੜੇ ਹੀ ਸਾਲਾਂ ਪਹਿਲਾਂ ਸਥਾਪਿਤ ਹੋਈ ਸੀ। (ਮੱਤੀ 24:45-47) ਪੈਨਸਿਲਵੇਨੀਆ ਕਾਰਪੋਰੇਸ਼ਨ ਦੀ ਸਥਾਪਨਾ ਤੋਂ ਕੁਝ 18 ਸਦੀਆਂ ਪਹਿਲਾਂ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਇਕ ਪ੍ਰਬੰਧਕ ਸਭਾ ਸਥਾਪਿਤ ਕੀਤੀ ਗਈ ਸੀ। ਪਹਿਲੀ ਪ੍ਰਬੰਧਕ ਸਭਾ ਵਿਚ 7 ਮਨੁੱਖ ਨਹੀਂ ਪਰ 12 ਰਸੂਲ ਸਨ। ਇਵੇਂ ਲੱਗਦਾ ਹੈ ਕਿ ਬਾਅਦ ਵਿਚ ਇਹ ਗਿਣਤੀ ਵਧਾਈ ਗਈ ਸੀ ਕਿਉਂਕਿ ‘ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ’ ਅਗਵਾਈ ਕਰ ਰਹੇ ਸਨ।—ਰਸੂਲਾਂ ਦੇ ਕਰਤੱਬ 15:2.

ਸੰਨ 1971 ਵਿਚ ਉਸੇ ਭਾਸ਼ਣਕਾਰ ਨੇ ਸਮਝਾਇਆ ਕਿ ਵਾਚ ਟਾਵਰ ਸੋਸਾਇਟੀ ਦੇ ਮੈਂਬਰ ਮਸਹ ਕੀਤੀ ਹੋਈ ਪ੍ਰਬੰਧਕ ਸਭਾ ਦੇ ਮੈਂਬਰਾਂ ਦੀ ਚੋਣ ਨਹੀਂ ਕਰ ਸਕਦੇ। ਕਿਉਂ? ਉਸ ਨੇ ਦੱਸਿਆ ਕਿ “‘ਨੌਕਰ’ ਵਰਗ ਦੀ ਪ੍ਰਬੰਧਕ ਸਭਾ ਕਿਸੇ ਮਨੁੱਖ ਦੁਆਰਾ ਨਹੀਂ ਨਿਯੁਕਤ ਕੀਤੀ ਗਈ। ਇਸ ਨੂੰ ਸੱਚੀ ਮਸੀਹੀ ਕਲੀਸਿਯਾ ਦੇ ਸਰਦਾਰ ਯਿਸੂ ਮਸੀਹ ਨੇ ਨਿਯੁਕਤ ਕੀਤਾ ਹੈ ਜੋ ਕਿ ‘ਮਾਤਬਰ ਅਤੇ ਬੁੱਧਵਾਨ ਨੌਕਰ’ ਦਾ ਪ੍ਰਭੂ ਅਤੇ ਮਾਲਕ ਵੀ ਹੈ।” ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਬੰਧਕ ਸਭਾ ਦੇ ਮੈਂਬਰ ਕਿਸੇ ਕਾਨੂੰਨੀ ਕਾਰਪੋਰੇਸ਼ਨ ਦੇ ਮੈਂਬਰਾਂ ਦੁਆਰਾ ਨਹੀਂ ਚੁਣੇ ਜਾ ਸਕਦੇ ਹਨ।

ਭਾਸ਼ਣਕਾਰ ਨੇ ਅੱਗੇ ਇਕ ਹੋਰ ਬਹੁਤ ਜ਼ਰੂਰੀ ਗੱਲ ਦੱਸੀ ਕਿ “ਪ੍ਰਬੰਧਕ ਸਭਾ ਵਿਚ ਸੋਸਾਇਟੀ ਦੇ ਡਾਇਰੈਕਟਰਾਂ ਦੇ ਬੋਰਡ ਵਰਗੀਆਂ ਪਦਵੀਆਂ ਨਹੀਂ ਹੁੰਦੀਆਂ ਜਿਵੇਂ ਕਿ ਪ੍ਰਧਾਨ, ਉਪ-ਪ੍ਰਧਾਨ, ਸੈਕਟਰੀ-ਖ਼ਜ਼ਾਨਚੀ, ਅਤੇ ਸਹਾਇਕ ਸੈਕਟਰੀ-ਖ਼ਜ਼ਾਨਚੀ। ਉਸ ਦਾ ਸਿਰਫ਼ ਇਕ ਚੇਅਰਮੈਨ ਹੁੰਦਾ ਹੈ।” ਕਈਆਂ ਸਾਲਾਂ ਲਈ ਪੈਨਸਿਲਵੇਨੀਆ ਕਾਰਪੋਰੇਸ਼ਨ ਦਾ ਪ੍ਰਧਾਨ, ਪ੍ਰਬੰਧਕ ਸਭਾ ਦਾ ਵੀ ਮੁੱਖ ਮੈਂਬਰ ਹੁੰਦਾ ਸੀ। ਹੁਣ ਇਵੇਂ ਨਹੀਂ ਹੋਣਾ ਸੀ। ਭਾਵੇਂ ਕਿ ਤਜਰਬਿਆਂ ਅਤੇ ਯੋਗਤਾਵਾਂ ਵਿਚ ਉਹ ਬਰਾਬਰ ਨਹੀਂ ਸਨ, ਫਿਰ ਵੀ ਪ੍ਰਬੰਧਕ ਸਭਾ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਬਰਾਬਰ ਦੀਆਂ ਹੋਣੀਆਂ ਸਨ। ਭਾਸ਼ਣਕਾਰ ਨੇ ਅੱਗੇ ਕਿਹਾ ਕਿ ‘ਪ੍ਰਬੰਧਕ ਸਭਾ ਦਾ ਕੋਈ ਵੀ ਮੈਂਬਰ ਚੇਅਰਮੈਨ ਹੋ ਸਕਦਾ ਹੈ; ਇਹ ਜ਼ਰੂਰੀ ਨਹੀਂ ਹੈ ਕਿ ਉਹ ਸੋਸਾਇਟੀ ਦਾ ਪ੍ਰਧਾਨ ਵੀ ਹੋਵੇ। ਪ੍ਰਬੰਧਕ ਸਭਾ ਦੇ ਮੈਂਬਰ ਵਾਰੀ ਸਿਰ ਚੇਅਰਮੈਨ ਬਣ ਸਕਦੇ ਹਨ।’

ਸੰਨ 1971 ਦੀ ਉਸ ਮਹੱਤਵਪੂਰਣ ਸਾਲਾਨਾ ਮੀਟਿੰਗ ਤੇ ਪ੍ਰਬੰਧਕ ਸਭਾ ਦੇ ਮਸਹ ਕੀਤੇ ਹੋਏ ਮੈਂਬਰਾਂ ਅਤੇ ਪੈਨਸਿਲਵੇਨੀਆ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਵਿਚਕਾਰ ਸਾਫ਼-ਸਾਫ਼ ਫ਼ਰਕ ਦਿਖਾਇਆ ਗਿਆ ਸੀ। ਪਰ, ਪ੍ਰਬੰਧਕ ਸਭਾ ਦੇ ਮੈਂਬਰ ਫਿਰ ਵੀ ਸੋਸਾਇਟੀ ਦੇ ਡਾਇਰੈਕਟਰਾਂ ਅਤੇ ਅਫ਼ਸਰਾਂ ਵਜੋਂ ਸੇਵਾ ਕਰਦੇ ਰਹੇ। ਪਰ ਅੱਜ ਇਹ ਸਵਾਲ ਉੱਠਦਾ ਹੈ ਕਿ ਬਾਈਬਲ ਅਨੁਸਾਰ ਕੀ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੇ ਡਾਇਰੈਕਟਰਾਂ ਨੂੰ ਪ੍ਰਬੰਧਕ ਸਭਾ ਦੇ ਮੈਂਬਰ ਹੋਣਾ ਜ਼ਰੂਰੀ ਹੈ?

ਇਸ ਦਾ ਜਵਾਬ ਹੈ, ਨਹੀਂ। ਯਹੋਵਾਹ ਦੇ ਗਵਾਹ ਕਾਨੂੰਨੀ ਸਾਧਨ ਵਜੋਂ ਸਿਰਫ਼ ਪੈਨਸਿਲਵੇਨੀਆ ਕਾਰਪੋਰੇਸ਼ਨ ਨੂੰ ਹੀ ਨਹੀਂ ਵਰਤਦੇ। ਹੋਰ ਸਾਧਨ ਵੀ ਹਨ। ਇਕ ਹੈ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕਾਪੋਰੇਟਿਡ, ਜਿਸ ਦੇ ਜ਼ਰੀਏ ਅਮਰੀਕਾ ਵਿਚ ਸਾਡਾ ਕੰਮ ਕੀਤਾ ਜਾਂਦਾ ਹੈ। ਇਸ ਕਾਰਪੋਰੇਸ਼ਨ ਉੱਤੇ ਯਹੋਵਾਹ ਦੀ ਬਰਕਤ ਸਾਫ਼-ਸਾਫ਼ ਦੇਖੀ ਜਾਂਦੀ ਹੈ ਭਾਵੇਂ ਕਿ ਉਸ ਦੇ ਡਾਇਰੈਕਟਰ ਅਤੇ ਅਫ਼ਸਰ ਜ਼ਿਆਦਾਤਰ ‘ਹੋਰ ਭੇਡਾਂ’ ਵਿੱਚੋਂ ਹੀ ਹਨ। ਬਰਤਾਨੀਆ ਵਿਚ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ ਵਰਤੀ ਜਾਂਦੀ ਹੈ। ਦੂਜੇ ਦੇਸ਼ਾਂ ਵਿਚ ਰਾਜ ਬਾਰੇ ਗਿਆਨ ਵਧਾਉਣ ਲਈ ਹੋਰ ਕਾਨੂੰਨੀ ਸਾਧਨ ਵਰਤੇ ਜਾਂਦੇ ਹਨ। ਇਹ ਸਾਰੇ ਸਾਧਨ ਇਕ ਦੂਸਰੇ ਨਾਲ ਇਕਸੁਰਤਾ ਵਿਚ ਕੰਮ ਕਰਦੇ ਹਨ ਅਤੇ ਧਰਤੀ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਿੱਸਾ ਲੈਂਦੇ ਹਨ। ਭਾਵੇਂ ਇਹ ਜਿੱਥੇ ਮਰਜ਼ੀ ਹੋਣ ਜਾਂ ਕੌਣ ਇਨ੍ਹਾਂ ਦੇ ਡਾਇਰੈਕਟਰ ਜਾਂ ਅਫ਼ਸਰ ਹਨ, ਪ੍ਰਬੰਧਕ ਸਭਾ ਇਨ੍ਹਾਂ ਨੂੰ ਬਾਈਬਲ ਦੇ ਅਸੂਲਾਂ ਅਨੁਸਾਰ ਅਗਵਾਈ ਦਿੰਦੀ ਹੈ। ਇਸ ਲਈ ਰਾਜ ਦੇ ਕੰਮਾਂ-ਕਾਰਾਂ ਨੂੰ ਅੱਗੇ ਵਧਾਉਣ ਲਈ ਇਨ੍ਹਾਂ ਕਾਰਪੋਰੇਸ਼ਨਾਂ ਨੂੰ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ।

ਕਾਨੂੰਨੀ ਸਾਧਨ ਸਾਡੇ ਲਈ ਲਾਭਦਾਇਕ ਹਨ ਕਿਉਂਕਿ ਇਨ੍ਹਾਂ ਰਾਹੀਂ ਅਸੀਂ ਬਾਈਬਲ ਦੀ ਮੰਗ ਅਨੁਸਾਰ ਸਥਾਨਕ ਅਤੇ ਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। (ਯਿਰਮਿਯਾਹ 32:11; ਰੋਮੀਆਂ 13:1) ਕਾਨੂੰਨੀ ਸਾਧਨ ਬਾਈਬਲਾਂ, ਪੁਸਤਕਾਂ, ਰਸਾਲੇ, ਬ੍ਰੋਸ਼ਰਾਂ ਅਤੇ ਹੋਰ ਚੀਜ਼ਾਂ ਛਪਾ ਕੇ ਰਾਜ ਦੇ ਸੰਦੇਸ਼ ਨੂੰ ਫੈਲਾਉਣ ਦੇ ਸਾਡੇ ਕੰਮ ਨੂੰ ਸੌਖਾ ਬਣਾਉਂਦੇ ਹਨ। ਇਹ ਕਾਰਪੋਰੇਸ਼ਨ ਜਾਇਦਾਦ ਦੇ ਮਾਮਲਿਆਂ ਵਿਚ, ਬਿਪਤਾਵਾਂ ਦੇ ਸਮੇਂ ਰਾਹਤ ਪਹੁੰਚਾਉਣ ਵਿਚ, ਸੰਮੇਲਨਾਂ ਲਈ ਕਿਰਾਏ ਤੇ ਹਾਲ ਲੈਣ ਵਿਚ, ਅਤੇ ਇਸ ਤਰ੍ਹਾਂ ਦੇ ਹੋਰ ਤਰੀਕਿਆਂ ਵਿਚ ਕਾਨੂੰਨੀ ਸਾਧਨਾਂ ਵਜੋਂ ਕੰਮ ਕਰਦੇ ਹਨ। ਅਜਿਹੀਆਂ ਸੇਵਾਵਾਂ ਲਈ ਅਸੀਂ ਅਜਿਹੇ ਸਾਧਨਾਂ ਦੇ ਧੰਨਵਾਦੀ ਹਾਂ।

ਯਹੋਵਾਹ ਦੇ ਨਾਂ ਨੂੰ ਮੁਹਰੇ ਕਰਨਾ

ਸੰਨ 1944 ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੇ ਚਾਰਟਰ ਦੇ ਦੂਜੇ ਭਾਗ ਨੂੰ ਬਦਲਿਆ ਗਿਆ ਸੀ ਤਾਂਕਿ ਇਸ ਕਾਰਪੋਰੇਸ਼ਨ ਦੇ ਟੀਚਿਆਂ ਉੱਤੇ ਜ਼ੋਰ ਦਿੱਤਾ ਜਾ ਸਕੇ। ਇਸ ਚਾਰਟਰ ਦੇ ਅਨੁਸਾਰ, ਸੋਸਾਇਟੀ ਦੇ ਟੀਚਿਆਂ ਵਿੱਚੋਂ ਮੁੱਖ ਟੀਚਾ ਇਹ ਹੈ: “ਸਾਰੀਆਂ ਕੌਮਾਂ ਨੂੰ ਮਸੀਹ ਯਿਸੂ ਅਧੀਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਤਾਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਸਰਬੋਚਤਾ, ਉਸ ਦੇ ਨਾਂ ਅਤੇ ਉਸ ਦੇ ਸ਼ਬਦ ਦੀ ਗਵਾਹੀ ਦਿੱਤੀ ਜਾਵੇ।”

ਸੰਨ 1926 ਤੋਂ ‘ਮਾਤਬਰ ਨੌਕਰ’ ਯਹੋਵਾਹ ਦਾ ਨਾਂ ਸਾਰਿਆਂ ਦੇ ਸਾਮ੍ਹਣੇ ਰੌਸ਼ਨ ਕਰਦਾ ਆਇਆ ਹੈ। ਸੰਨ 1931 ਯਾਦ ਰੱਖਣ ਯੋਗ ਹੈ ਕਿਉਂਕਿ ਉਸ ਸਾਲ ਬਾਈਬਲ ਸਟੂਡੈਂਟਸ ਨੇ ਇਕ ਨਵਾਂ ਨਾਂ ਅਪਣਾਇਆ—ਯਹੋਵਾਹ ਦੇ ਗਵਾਹ। (ਯਸਾਯਾਹ 43:10-12) ਪਰਮੇਸ਼ੁਰ ਦੇ ਨਾਂ ਉੱਤੇ ਜ਼ੋਰ ਦੇਣ ਵਾਲੀਆਂ ਸੋਸਾਇਟੀ ਦੀਆਂ ਅੰਗ੍ਰੇਜ਼ੀ ਵਿਚ ਕੁਝ ਪੁਸਤਕਾਂ ਹਨ: ਯਹੋਵਾਹ (1934), “ਤੇਰਾ ਨਾਮ ਪਾਕ ਮੰਨਿਆ ਜਾਵੇ” (1961), ਅਤੇ “ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ”—ਕਿਸ ਤਰ੍ਹਾਂ? (1971)

ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਜੋ ਅੰਗ੍ਰੇਜ਼ੀ ਵਿਚ ਪੂਰੀ ਦੀ ਪੂਰੀ 1960 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਬਾਈਬਲ ਵਿਚ ਉਨ੍ਹਾਂ ਸਾਰਿਆਂ ਥਾਵਾਂ ਤੇ ਯਹੋਵਾਹ ਦਾ ਨਾਂ ਪਾਇਆ ਜਾਂਦਾ ਹੈ ਜਿੱਥੇ-ਜਿੱਥੇ ਇਬਰਾਨੀ ਸ਼ਾਸਤਰ ਵਿਚ ਚੌ-ਵਰਣੀ ਸ਼ਬਦ ਦੇਖਿਆ ਜਾਂਦਾ ਹੈ। ਇਸ ਤਰਜਮੇ ਦੇ ਮਸੀਹੀ ਯੂਨਾਨੀ ਸ਼ਾਸਤਰ ਵਿਚ ਵੀ ਯਹੋਵਾਹ ਦਾ ਨਾਂ ਉਨ੍ਹਾਂ 237 ਥਾਵਾਂ ਤੇ ਪਾਇਆ ਜਾਂਦਾ ਹੈ ਜਿੱਥੇ ਧਿਆਨ ਨਾਲ ਪਰਖਣ ਤੋਂ ਬਾਅਦ ਦੇਖਿਆ ਗਿਆ ਕਿ ਉਹ ਉੱਥੇ ਹੋਣਾ ਚਾਹੀਦਾ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਅਨੇਕ ਤਰੀਕਿਆਂ ਵਿਚ ਆਪਣੇ “ਨੌਕਰ” ਅਤੇ ਉਸ ਦੀ ਪ੍ਰਬੰਧਕ ਸਭਾ ਨੂੰ ਧਰਤੀ ਭਰ ਵਿਚ ਆਪਣੇ ਨਾਂ ਦਾ ਪ੍ਰਚਾਰ ਕਰਾਉਣ ਲਈ ਉਨ੍ਹਾਂ ਦੇ ਕਾਨੂੰਨੀ ਅਤੇ ਪ੍ਰਕਾਸ਼ਿਤ ਕਰਨ ਦੇ ਸਾਧਨ ਇਸਤੇਮਾਲ ਕਰਨ ਦਿੱਤੇ ਹਨ!

ਬਾਈਬਲਾਂ ਦੀ ਵੰਡਾਈ ਵਿਚ ਵਾਧਾ

ਯਹੋਵਾਹ ਦੇ ਲੋਕਾਂ ਨੇ ਯਹੋਵਾਹ ਦੇ ਨਾਂ ਦੀ ਗਵਾਹੀ ਲਗਾਤਾਰ ਦਿੱਤੀ ਹੈ। ਉਹ ਬਾਈਬਲਾਂ ਨਾਲੇ ਉਸ ਉੱਤੇ ਆਧਾਰਿਤ ਲੱਖਾਂ ਹੀ ਪ੍ਰਕਾਸ਼ਨ ਛਪਾਉਂਦੇ ਅਤੇ ਵੰਡਦੇ ਹਨ। ਇਸ ਤਰ੍ਹਾਂ ਉਹ ਉਸ ਦੇ ਬਚਨਾਂ ਦੀ ਪੁਸ਼ਟੀ ਕਰਦੇ ਹਨ। ਪਿਛਲੀ ਸਦੀ ਦੇ ਮੁਢਲੇ ਸਾਲਾਂ ਵਿਚ ਵਾਚ ਟਾਵਰ ਸੋਸਾਇਟੀ ਨੇ ਐਮਫ਼ੈਟਿਕ ਡਾਇਗਲੌਟ ਦਾ ਕਾਪੀ-ਅਧਿਕਾਰ ਲੈ ਲਿਆ। ਇਹ ਬੈਂਜਾਮਿਨ ਵਿਲਸਨ ਦੀ ਮਸੀਹੀ ਯੂਨਾਨੀ ਸ਼ਾਸਤਰ ਦੀ ਯੂਨਾਨੀ-ਅੰਗ੍ਰੇਜ਼ੀ ਇੰਟਰਲਿਨੀਅਰ ਬਾਈਬਲ ਹੈ। ਸੋਸਾਇਟੀ ਨੇ ਬਾਈਬਲ ਸਟੂਡੈਂਟਸ ਦੀ ਕਿੰਗ ਜੇਮਜ਼ ਵਰਯਨ ਪ੍ਰਕਾਸ਼ਿਤ ਕੀਤੀ ਜਿਸ ਦੇ ਪਿੱਛਲੇ ਹਿੱਸੇ ਵਿਚ 500 ਸਫ਼ਿਆਂ ਦੀ ਹੋਰ ਸਾਮੱਗਰੀ ਸੀ। ਸੰਨ 1942 ਵਿਚ ਸੋਸਾਇਟੀ ਨੇ ਹਾਸ਼ੀਏ ਵਿਚ ਹਵਾਲਿਆਂ ਵਾਲੀ ਕਿੰਗ ਜੇਮਜ਼ ਵਰਯਨ ਪ੍ਰਕਾਸ਼ਿਤ ਕੀਤੀ। ਫਿਰ 1944 ਵਿਚ ਸੋਸਾਇਟੀ 1901 ਵਾਲੀ ਅਮੈਰੀਕਨ ਸਟੈਂਡਡ ਵਰਯਨ ਪ੍ਰਕਾਸ਼ਿਤ ਕਰਨ ਲੱਗੀ ਜਿਸ ਵਿਚ ਪਰਮੇਸ਼ੁਰ ਦਾ ਨਾਂ ਹੈ। ਸੰਨ 1972 ਵਿਚ ਸੋਸਾਇਟੀ ਨੇ ਬਾਈਬਲ ਇਨ ਲਿਵਿੰਗ ਇੰਗਲਿਸ਼ ਪ੍ਰਕਾਸ਼ਿਤ ਕੀਤੀ। ਇਹ ਸਟੀਵਨ ਟੀ. ਬਾਇੰਗਟਨ ਦਾ ਤਰਜਮਾ ਹੈ ਜਿਸ ਵਿਚ ਯਹੋਵਾਹ ਦਾ ਨਾਂ ਵੀ ਹੈ।

ਯਹੋਵਾਹ ਦੇ ਗਵਾਹਾਂ ਦੁਆਰਾ ਵਰਤੇ ਜਾਣ ਵਾਲਿਆਂ ਸਾਰਿਆਂ ਕਾਨੂੰਨੀ ਸਾਧਨਾਂ ਨੇ ਬਾਈਬਲ ਦੇ ਇਹ ਸਾਰੇ ਤਰਜਮਿਆਂ ਨੂੰ ਪ੍ਰਕਾਸ਼ਿਤ ਕਰਨ ਅਤੇ ਵੰਡਣ ਵਿਚ ਮਦਦ ਕੀਤੀ ਹੈ। ਪਰ ਵਾਚ ਟਾਵਰ ਸੋਸਾਇਟੀ ਅਤੇ ਯਹੋਵਾਹ ਦੇ ਮਸਹ ਕੀਤੇ ਹੋਏ ਗਵਾਹਾਂ ਦੀ ਬਣੀ ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਦਰਮਿਆਨ ਆਪਸ ਵਿਚ ਮੇਲ-ਮਿਲਾਪ ਸਭ ਤੋਂ ਧਿਆਨਯੋਗ ਰਿਹਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਹੁਣ ਤਕ ਇਸ ਪੂਰੇ ਤਰਜਮੇ ਜਾਂ ਉਸ ਦੇ ਹਿੱਸਿਆਂ ਦੀਆਂ 10,64,00,000 ਕਾਪੀਆਂ 38 ਭਾਸ਼ਾਵਾਂ ਵਿਚ ਛੱਪ ਚੁੱਕੀਆਂ ਹਨ। ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਸੱਚ-ਮੁੱਚ ਹੀ ਇਕ ਬਾਈਬਲ ਸੋਸਾਈਟੀ ਹੈ!

‘ਮਾਤਬਰ ਨੌਕਰ ਮਾਲਕ ਦੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ’ ਠਹਿਰਾਇਆ ਗਿਆ ਹੈ। ਇਸ ਮਾਲ ਮਤੇ ਵਿਚ ਨਿਊਯਾਰਕ ਹੈੱਡ-ਕੁਆਰਟਰ ਦੀਆਂ ਅਤੇ ਸੰਸਾਰ ਭਰ ਦੇ 110 ਸ਼ਾਖ਼ਾ ਦਫ਼ਤਰਾਂ ਦੀਆਂ ਸਹੂਲਤਾਂ ਸ਼ਾਮਲ ਹਨ। ਨੌਕਰ ਵਰਗ ਦੇ ਮੈਂਬਰ ਜਾਣਦੇ ਹਨ ਕਿ ਉਨ੍ਹਾਂ ਤੋਂ ਲੇਖਾ ਲਿਆ ਜਾਣਾ ਹੈ ਕਿ ਉਨ੍ਹਾਂ ਨੇ ਸੌਂਪੇ ਗਏ ਮਾਲ ਮਤੇ ਨਾਲ ਕੀ ਕੁਝ ਕੀਤਾ ਹੈ। (ਮੱਤੀ 25:14-30) ਪਰ ਫਿਰ ਵੀ ਇਸ ਦਾ ਮਤਲਬ ਇਹ ਨਹੀਂ ਕਿ ‘ਨੌਕਰ’ ਵਰਗ ਕਾਨੂੰਨੀ ਅਤੇ ਦਫ਼ਤਰੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ‘ਹੋਰ ਭੇਡਾਂ’ ਵਿੱਚੋਂ ਯੋਗ ਨਿਗਾਹਬਾਨਾਂ ਤੋਂ ਮਦਦ ਨਹੀਂ ਲੈ ਸਕਦਾ। ਅਸਲ ਵਿਚ ਇਸ ਤਰ੍ਹਾਂ ਕਰਨ ਨਾਲ ਪ੍ਰਬੰਧਕ ਸਭਾ “ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ” ਜ਼ਿਆਦਾ ਸਮਾਂ ਲਗਾ ਸਕਦੀ ਹੈ।—ਰਸੂਲਾਂ ਦੇ ਕਰਤੱਬ 6:4.

ਜਿੰਨਾ ਚਿਰ ਇਸ ਸੰਸਾਰ ਦੇ ਹਾਲਾਤ ਇਹ ਕਰਨ ਦੇਣਗੇ, ਪ੍ਰਬੰਧਕ ਸਭਾ, ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਦਰਸਾਉਂਦੀ ਹੈ, ਕਾਨੂੰਨੀ ਕਾਰਪੋਰੇਸ਼ਨਾਂ ਨੂੰ ਇਸਤੇਮਾਲ ਕਰਦੀ ਰਹੇਗੀ। ਕਾਨੂੰਨੀ ਸਾਧਨ ਲਾਭਦਾਇਕ ਹਨ, ਪਰ ਜ਼ਰੂਰੀ ਨਹੀਂ। ਜੇ ਕੋਈ ਸਰਕਾਰੀ ਹੁਕਮ ਇਨ੍ਹਾਂ ਕਾਨੂੰਨੀ ਸਾਧਨਾਂ ਨੂੰ ਖ਼ਤਮ ਕਰ ਦੇਵੇ, ਪ੍ਰਚਾਰ ਦਾ ਕੰਮ ਫਿਰ ਵੀ ਹੋਈ ਜਾਵੇਗਾ। ਉਨ੍ਹਾਂ ਦੇਸ਼ਾਂ ਵਿਚ ਜਿੱਥੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਕੋਈ ਕਾਨੂੰਨੀ ਸਾਧਨ ਨਹੀਂ ਹੈ, ਹੁਣ ਵੀ ਰਾਜ ਦਾ ਸੰਦੇਸ਼ ਪ੍ਰਚਾਰ ਕੀਤਾ ਜਾ ਰਿਹਾ ਹੈ, ਚੇਲੇ ਬਣਾਏ ਜਾ ਰਹੇ ਹਨ, ਅਤੇ ਭੈਣਾਂ-ਭਰਾਵਾਂ ਦੀ ਗਿਣਤੀ ਵੱਧ ਰਹੀ ਹੈ। ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਯਹੋਵਾਹ ਦੇ ਗਵਾਹ ਬੂਟੇ ਲਾ ਰਹੇ ਹਨ ਅਤੇ ਉਨ੍ਹਾਂ ਨੂੰ ਸਿੰਜ ਰਹੇ ਹਨ, ਅਤੇ ‘ਪਰਮੇਸ਼ੁਰ ਉਨ੍ਹਾਂ ਨੂੰ ਵਧਾ ਰਿਹਾ ਹੈ।’—1 ਕੁਰਿੰਥੀਆਂ 3:6, 7.

ਜਿਉਂ-ਜਿਉਂ ਅਸੀਂ ਆਉਣ ਵਾਲੇ ਸਮੇਂ ਉੱਤੇ ਗੌਰ ਕਰਦੇ ਹਾਂ, ਸਾਨੂੰ ਯਕੀਨ ਹੈ ਕਿ ਯਹੋਵਾਹ ਆਪਣੇ ਲੋਕਾਂ ਦੀਆਂ ਰੂਹਾਨੀ ਅਤੇ ਭੌਤਿਕ ਲੋੜਾਂ ਪੂਰੀਆਂ ਕਰੇਗਾ। ਉਹ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਸਵਰਗ ਤੋਂ ਅਗਵਾਈ ਅਤੇ ਮਦਦ ਦਿੰਦੇ ਰਹਿਣਗੇ। ਪਰਮੇਸ਼ੁਰ ਦੇ ਸੇਵਕਾਂ ਵਜੋਂ ਜੋ ਵੀ ਅਸੀਂ ਕਰਦੇ ਹਾਂ ਉਹ ਆਪਣੀ ‘ਸ਼ਕਤੀ ਨਾਲ ਨਹੀਂ, ਨਾ ਬਲ ਨਾਲ, ਸਗੋਂ ਯਹੋਵਾਹ ਦੀ ਆਤਮਾ ਨਾਲ’ ਪੂਰਾ ਕਰਦੇ ਹਾਂ। (ਜ਼ਕਰਯਾਹ 4:6) ਇਸ ਲਈ ਅਸੀਂ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰਦੇ ਹਾਂ, ਇਹ ਜਾਣਦੇ ਹੋਏ ਕਿ ਇਸ ਅੰਤ ਦੇ ਸਮੇਂ ਵਿਚ ਅਸੀਂ ਉਸ ਦੇ ਬਲ ਨਾਲ ਆਪਣੇ ਕੰਮ ਨੂੰ ਪੂਰਾ ਕਰ ਲਵਾਂਗੇ।