“ਬੜੇ ਕਮਾਲ ਦਾ ਕੰਮ”
ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ
“ਬੜੇ ਕਮਾਲ ਦਾ ਕੰਮ”
ਯਹੋਵਾਹ ਦੇ ਗਵਾਹ ਆਪਣੇ ਆਧੁਨਿਕ ਇਤਿਹਾਸ ਦੇ ਮੁਢਲੇ ਸਮੇਂ ਤੋਂ ਯਿਸੂ ਮਸੀਹ ਦੀ ਇਕ ਭਵਿੱਖਬਾਣੀ ਵਿਚ ਖ਼ਾਸ ਦਿਲਚਸਪੀ ਲੈਂਦੇ ਆਏ ਹਨ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਜਿਉਂ-ਜਿਉਂ 1914, ਯਾਨੀ “ਅੰਤ ਦਿਆਂ ਦਿਨਾਂ” ਦੀ ਸ਼ੁਰੂਆਤ ਨੇੜੇ ਆਈ, ਬਾਈਬਲ ਸਟੂਡੈਂਟਸ ਨੇ ਪੱਕੇ ਹੋ ਕੇ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਦਾ ਅਜਿਹਾ ਕੰਮ ਸ਼ੁਰੂ ਕੀਤਾ ਜੋ ਪਹਿਲਾਂ ਕਦੀ ਵੀ ਨਹੀਂ ਕੀਤਾ ਗਿਆ ਸੀ।—2 ਤਿਮੋਥਿਉਸ 3:1.
ਯਹੋਵਾਹ ਦੇ ਸੇਵਕਾਂ ਨੇ ਸਾਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਸੁਣਾਉਣ ਦਾ ਆਪਣਾ ਟੀਚਾ ਪੂਰਾ ਕਰਨ ਲਈ ਇਕ ਨਵਾਂ, ਦਲੇਰ, ਅਤੇ ਸ਼ਾਨਦਾਰ ਤਰੀਕਾ ਅਪਣਾਇਆ ਸੀ। ਇਸ ਬਾਰੇ ਹੋਰ ਸਿੱਖਣ ਲਈ ਆਓ ਆਪਾਂ ਕੁਝ ਸਾਲ ਪਿੱਛੇ ਝਾਤੀ ਮਾਰੀਏ।
ਖ਼ੁਸ਼ ਖ਼ਬਰੀ ਸੁਣਾਉਣ ਦਾ ਨਵਾਂ ਤਰੀਕਾ
ਕਲਪਨਾ ਕਰੋ ਕਿ 1914 ਦੇ ਜਨਵਰੀ ਦੇ ਮਹੀਨੇ ਵਿਚ ਤੁਸੀਂ ਨਿਊਯਾਰਕ ਸਿਟੀ ਵਿਚ 5,000 ਹੋਰਨਾਂ ਲੋਕਾਂ ਨਾਲ ਇਕ ਹਨੇਰੇ ਹਾਲ ਵਿਚ ਬੈਠੇ ਹੋਏ ਹੋ। ਤੁਹਾਡੇ ਸਾਮ੍ਹਣੇ ਫ਼ਿਲਮ ਦਿਖਾਉਣ ਵਾਲੀ ਇਕ ਵੱਡੀ ਸਕ੍ਰੀਨ ਹੈ। ਇਸ ਸਕ੍ਰੀਨ ਉੱਤੇ ਇਕ ਧੌਲ਼ੇ ਵਾਲ਼ਾਂ ਵਾਲਾ ਬੰਦਾ ਨਜ਼ਰ ਆਉਂਦਾ ਹੈ ਜਿਸ ਨੇ ਇਕ ਲੰਮਾ ਕੋਟ ਪਹਿਨਿਆ ਹੋਇਆ ਹੈ। ਤੁਸੀਂ ਬਿਨ-ਆਵਾਜ਼ ਫ਼ਿਲਮਾਂ ਤਾਂ ਪਹਿਲਾਂ ਦੇਖ ਚੁੱਕੇ ਹੋ, ਪਰ ਜਦੋਂ ਇਹ ਬੰਦਾ ਬੋਲਣ ਲੱਗਦਾ ਹੈ ਤੁਸੀਂ ਉਸ ਦੀ ਆਵਾਜ਼ ਵੀ ਸੁਣ ਸਕਦੇ ਹੋ। ਤੁਸੀਂ ਤਕਨੀਕੀ ਤੌਰ ਤੇ ਅਜਿਹੀ ਨਵੀਂ ਚੀਜ਼ ਪਹਿਲੀ ਵਾਰ ਦੇਖ ਰਹੇ ਹੋ, ਅਤੇ ਇਸ ਫ਼ਿਲਮ ਦਾ ਸੰਦੇਸ਼ ਵੀ ਅਨੋਖਾ ਹੈ। ਭਾਸ਼ਣਕਾਰ ਚਾਰਲਸ ਟੇਜ਼ ਰਸਲ ਹਨ ਜੋ ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ ਸਨ, ਅਤੇ ਪੇਸ਼ਕਾਰੀ ਦਾ ਨਾਂ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਹੈ।
ਭਰਾ ਰਸਲ ਫ਼ਿਲਮਾਂ ਰਾਹੀਂ ਹਜ਼ਾਰਾਂ ਹੀ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਣ ਦੀ ਸੰਭਾਵਨਾ ਦੇਖ ਸਕਦੇ ਸਨ। ਇਸ ਲਈ 1912 ਵਿਚ ਉਹ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਤਿਆਰ ਕਰਨ ਲੱਗ ਪਏ। ਅਖ਼ੀਰ ਵਿਚ ਫੋਟੋਆਂ, ਸਲਾਈਡਾਂ ਅਤੇ ਫਿਲਮ ਨਾਲ ਬਣੀ ਹੋਈ ਇਹ ਪੇਸ਼ਕਾਰੀ ਅੱਠ ਘੰਟੇ ਲੰਬੀ ਸੀ, ਜਿਸ ਵਿਚ ਰੰਗ ਅਤੇ ਆਵਾਜ਼ ਇਸਤੇਮਾਲ ਕੀਤੇ ਗਏ ਸਨ।
“ਫੋਟੋ-ਡਰਾਮਾ” ਚਾਰ ਹਿੱਸਿਆਂ ਵਿਚ ਦਿਖਾਏ ਜਾਣ ਲਈ ਤਿਆਰ ਕੀਤਾ ਗਿਆ ਸੀ। ਇਸ ਵਿਚ ਸ੍ਰਿਸ਼ਟੀ ਅਤੇ ਮਾਨਵੀ ਇਤਿਹਾਸ ਦਿਖਾਇਆ ਜਾਂਦਾ ਸੀ। ਇਸ ਦੇ ਅੰਤ ਵਿਚ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਅਧੀਨ ਧਰਤੀ ਅਤੇ ਮਨੁੱਖਜਾਤੀ ਲਈ ਯਹੋਵਾਹ ਦੇ ਮਕਸਦ ਦਾ ਸਿਖਰ ਦਿਖਾਇਆ ਜਾਂਦਾ ਸੀ। ਦੁਨੀਆਂ ਵਿਚ ਅਜਿਹੀ ਤਕਨਾਲੋਜੀ ਨੇ ਬਹੁਤ ਸਾਲ ਬਾਅਦ ਕਾਮਯਾਬੀ ਪਾਈ ਸੀ। ਫਿਰ ਵੀ, ਲੱਖਾਂ ਹੀ ਲੋਕਾਂ ਨੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਮੁਫ਼ਤ ਦੇਖਿਆ ਸੀ!
‘ਫੋਟੋ-ਡਰਾਮੇ’ ਲਈ ਸੋਹਣਾ ਸੰਗੀਤ ਭਰਣ ਦੇ ਨਾਲ-ਨਾਲ 96 ਫੋਨੋਗ੍ਰਾਫ ਰਿਕਾਰਡਾਂ ਉੱਤੇ ਭਾਸ਼ਣ ਤਿਆਰ ਕੀਤੇ ਗਏ ਸਨ। ਦੁਨੀਆਂ ਦਾ ਇਤਿਹਾਸ ਦਿਖਾਉਣ ਲਈ ਸੁੰਦਰ ਤਸਵੀਰਾਂ ਵਾਲੀਆਂ ਸਲਾਈਡਾਂ ਬਣਾਈਆਂ ਗਈਆਂ ਸਨ। ਬਹੁਤ ਸਾਰੀਆਂ ਨਵੀਆਂ ਤਸਵੀਰਾਂ ਬਣਾਉਣੀਆਂ ਜ਼ਰੂਰੀ ਸਨ। ਕੁਝ ਸਲਾਈਡਾਂ ਅਤੇ ਫਿਲਮਾਂ ਬੜੀ ਮਿਹਨਤ ਨਾਲ ਹੱਥ ਨਾਲ ਰੰਗੀਆਂ ਗਈਆਂ ਸਨ। ਇਹ
ਵਾਰ-ਵਾਰ ਕਰਨਾ ਪਿਆ ਸੀ ਕਿਉਂਕਿ ਅੰਤ ਵਿਚ ਡਰਾਮੇ ਦੇ 20 ਸੈੱਟ ਤਿਆਰ ਕੀਤੇ ਗਏ ਸਨ ਅਤੇ ਹਰ ਸੈੱਟ ਦੇ ਚਾਰ-ਚਾਰ ਹਿੱਸੇ ਸਨ। ਇਸ ਕਰਕੇ ਇਕ ਦਿਨ ਵਿਚ ‘ਫੋਟੋ-ਡਰਾਮੇ’ ਦਾ ਇਕ ਹਿੱਸਾ 80 ਵੱਖੋ-ਵੱਖਰੇ ਸ਼ਹਿਰਾਂ ਵਿਚ ਦਿਖਾਇਆ ਜਾ ਸਕਦਾ ਸੀ!ਪਰਦੇ ਪਿੱਛੇ
‘ਫੋਟੋ-ਡਰਾਮੇ’ ਦੀ ਪੇਸ਼ਕਾਰੀ ਦੌਰਾਨ ਪਰਦੇ ਪਿੱਛੇ ਕੀ ਹੋ ਰਿਹਾ ਹੁੰਦਾ ਸੀ? ਐਲਿਸ ਹੋਫਮਨ ਨਾਂ ਦੀ ਇਕ ਬਾਈਬਲ ਸਟੂਡੈਂਟ ਦੱਸਦੀ ਹੈ ਕਿ “ਇਹ ਡਰਾਮਾ ਭਰਾ ਰਸਲ ਦੀ ਫਿਲਮ ਨਾਲ ਸ਼ੁਰੂ ਹੁੰਦਾ ਸੀ। ਜਦੋਂ ਸਕ੍ਰੀਨ ਉੱਤੇ ਉਨ੍ਹਾਂ ਦੀ ਫਿਲਮ ਆਉਂਦੀ ਸੀ ਅਤੇ ਉਨ੍ਹਾਂ ਦਾ ਮੂੰਹ ਹਿੱਲਣ ਲੱਗਦਾ ਸੀ, . . . ਪਿੱਛੇ ਇਕ ਫੋਨੋਗ੍ਰਾਫ ਚਲਾਇਆ ਜਾਂਦਾ ਸੀ ਅਤੇ ਅਸੀਂ ਉਨ੍ਹਾਂ ਦੀ ਆਵਾਜ਼ ਸੁਣ ਸਕਦੇ ਸਨ।”
ਇਸ ਡਰਾਮੇ ਵਿਚ ਖ਼ਾਸ ਤਰ੍ਹਾਂ ਦੀ ਫੋਟੋਗ੍ਰਾਫੀ ਇਸਤੇਮਾਲ ਕੀਤੀ ਗਈ ਸੀ। ਇਸ ਬਾਰੇ ਜ਼ੋਲਾ ਹੋਫਮਨ ਯਾਦ ਕਰ ਕੇ ਦੱਸਦੀ ਹੈ: “ਸ੍ਰਿਸ਼ਟੀ ਦੇ ਦਿਨਾਂ ਦੀਆਂ ਤਸਵੀਰਾਂ ਨੂੰ ਮੈਂ ਹੈਰਾਨ ਹੋ ਕੇ ਦੇਖਦੀ ਰਹੀ। ਸਾਡੀਆਂ ਅੱਖਾਂ ਦੇ ਸਾਮ੍ਹਣੇ ਲਿੱਲੀ ਦੇ ਫੁੱਲ ਖੁੱਲ੍ਹ ਰਹੇ ਸਨ।”
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਕਾਰਲ ਕਲਾਈਨ ਸੰਗੀਤ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ: “ਤਸਵੀਰਾਂ ਦਿਖਾਉਣ ਦੇ ਨਾਲ-ਨਾਲ ਨਾਸਿਸੱਸ ਅਤੇ ਹਯੂਮਰੇਸਕ ਵਰਗੇ ਵਧੀਆ ਸੰਗੀਤ ਵੀ ਸੁਣਾਏ ਜਾਂਦੇ ਸਨ।”
ਹੋਰ ਵੀ ਯਾਦ ਰੱਖਣ ਯੋਗ ਘਟਨਾਵਾਂ ਹੋਈਆਂ ਸਨ। ਕਲੇਟਨ ਜੇ. ਵੁਡਵਰਥ, ਜੂਨੀਅਰ ਯਾਦ ਕਰ ਕੇ ਦੱਸਦੇ ਹਨ ਕਿ “ਕਈ ਵਾਰ ਗ਼ਲਤੀਆਂ ਕਰਕੇ ਹਾਸਾ ਵੀ ਪੈਂਦਾ ਸੀ। ਇਕ ਵਾਰ ‘ਪੰਛੀ ਵਾਂਗ ਆਪਣੇ ਪਰਬਤ ਵੱਲ ਉੱਡ ਜਾ’ ਗੀਤ ਚੱਲ ਰਿਹਾ ਸੀ, ਅਤੇ ਸਕ੍ਰੀਨ ਉੱਤੇ ਪੰਛੀ ਦੀ ਬਜਾਇ ਇਕ ਵੱਡੇ ਜਾਨਵਰ ਦੀ ਤਸਵੀਰ ਸੀ ਜੋ ਜਲ-ਪਰਲੋ ਤੋਂ ਪਹਿਲਾਂ ਦਾ ਕੋਈ ਡਾਈਨੋਸੌਰ ਸੀ”!
‘ਸ੍ਰਿਸ਼ਟੀ ਦੇ ਫੋਟੋ-ਡਰਾਮੇ’ ਤੋਂ ਇਲਾਵਾ ਹੋਰ ਵੀ ਸੈੱਟ ਸਨ ਜਿਨ੍ਹਾਂ ਨੂੰ “ਯੂਰੀਕਾ ਡਰਾਮਾ” ਸੱਦਿਆ ਜਾਂਦਾ ਸੀ। (ਡੱਬੀ ਦੇਖੋ।) ਇਕ ਸੈੱਟ ਵਿਚ ਰਿਕਾਰਡ ਕੀਤੇ ਗਏ ਭਾਸ਼ਣ ਅਤੇ ਸੰਗੀਤ ਸਨ। ਦੂਸਰੇ ਸੈੱਟ ਵਿਚ ਰਿਕਾਰਡਾਂ ਦੇ ਨਾਲ-ਨਾਲ ਸਲਾਈਡਾਂ ਸਨ। ਭਾਵੇਂ ਕਿ ‘ਯੂਰੀਕਾ ਡਰਾਮੇ’ ਵਿਚ ਕੋਈ ਫਿਲਮ ਨਹੀਂ ਦਿਖਾਈ ਜਾਂਦੀ ਸੀ, ਇਹ ਪਿੰਡਾਂ ਵਿਚ ਕਾਫ਼ੀ ਕਾਮਯਾਬ ਰਿਹਾ।
ਗਵਾਹੀ ਦੇਣ ਲਈ ਫ਼ਾਇਦੇਮੰਦ ਯੰਤਰ
ਸੰਨ 1914 ਦੇ ਅੰਤ ਤਕ “ਫੋਟੋ-ਡਰਾਮਾ” ਉੱਤਰੀ ਅਮਰੀਕਾ, ਯੂਰਪ, ਅਤੇ ਆਸਟ੍ਰੇਲੀਆ ਵਿਚ 90,00,000 ਲੋਕਾਂ ਨੂੰ ਦਿਖਾਇਆ ਗਿਆ ਸੀ। ਭਾਵੇਂ ਬਾਈਬਲ ਸਟੂਡੈਂਟਸ ਦੀ ਗਿਣਤੀ ਬਹੁਤ ਥੋੜ੍ਹੀ ਸੀ, ਉਹ ਇਸ ਨਵੇਂ ਯੰਤਰ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਦ੍ਰਿੜ੍ਹ ਸਨ। ਉਨ੍ਹਾਂ ਨੇ ਖ਼ੁਸ਼ੀ ਨਾਲ ਪੈਸੇ ਖ਼ੁਦ ਦਾਨ ਕੀਤੇ ਤਾਂਕਿ ਇਸ ਦੀ ਪੇਸ਼ਕਾਰੀ ਕਿਰਾਏ ਤੇ ਲਏ ਗਏ ਚੰਗੇ ਹਾਲਾਂ ਵਿਚ ਕੀਤੀ ਜਾ ਸਕੇ। ਇਸ ਤਰ੍ਹਾਂ ‘ਸ੍ਰਿਸ਼ਟੀ ਦੇ ਫੋਟੋ-ਡਰਾਮੇ’ ਨੇ ਪਰਮੇਸ਼ੁਰ ਦੇ ਬਚਨ ਅਤੇ ਮਕਸਦਾਂ ਬਾਰੇ ਦੱਸਣ ਵਿਚ ਲੋਕਾਂ ਦੀ ਬਹੁਤ ਮਦਦ ਕੀਤੀ।
ਭਰਾ ਰਸਲ ਨੂੰ ਇਕ ਵਿਅਕਤੀ ਨੇ ਚਿੱਠੀ ਵਿਚ ਲਿਖਿਆ: “ਜਦੋਂ ਮੈਂ ਪਹਿਲੀ ਵਾਰ ਤੁਹਾਡਾ ਡਰਾਮਾ ਦੇਖਣ ਗਿਆ ਤਾਂ ਮੇਰੀ ਜ਼ਿੰਦਗੀ ਬਦਲ ਗਈ, ਯਾਨੀ ਬਾਈਬਲ ਬਾਰੇ ਮੇਰਾ ਗਿਆਨ ਵਧਿਆ।” ਕਿਸੇ ਹੋਰ ਨੇ ਕਿਹਾ: “ਮੇਰੀ ਨਿਹਚਾ ਤਬਾਹ ਹੋਣ ਵਾਲੀ ਹੀ ਸੀ ਅਤੇ ਮੈਨੂੰ ਲੱਗਦਾ ਹੈ ਕਿ ‘ਸ੍ਰਿਸ਼ਟੀ ਦਾ ਫੋਟੋ-ਡਰਾਮਾ’ ਦੇਖ ਕੇ, ਜੋ ਇੱਥੇ ਗਰਮੀਆਂ ਵਿਚ ਦਿਖਾਇਆ ਗਿਆ ਸੀ, ਮੇਰੀ ਨਿਹਚਾ ਕਾਇਮ ਰਹੀ। . . . ਹੁਣ ਮੇਰੇ ਕੋਲ ਉਹ ਸ਼ਾਂਤੀ ਹੈ ਜੋ ਦੁਨੀਆਂ ਵਿਚ ਨਹੀਂ ਮਿਲ ਸਕਦੀ ਅਤੇ ਮੈਂ ਕਿਸੇ ਵੀ ਕੀਮਤ ਤੇ ਇਹ ਛੱਡਣ ਲਈ ਤਿਆਰ ਨਹੀਂ ਹਾਂ।”
ਭਰਾ ਡਮੀਟ੍ਰੀਅਸ ਪਾਪਾਜੋਰਜ ਜੋ ਕਾਫ਼ੀ ਚਿਰ ਤੋਂ ਸੋਸਾਇਟੀ ਦੇ ਹੈੱਡ-ਕੁਆਰਟਰ ਤੇ ਕੰਮ ਕਰਦੇ ਸਨ, ਨੇ ਕਿਹਾ: “ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਕਿ ਉਦੋਂ ਬਾਈਬਲ ਸਟੂਡੈਂਟਸ ਦੀ ਗਿਣਤੀ ਕਿੰਨੀ ਘੱਟ ਸੀ ਅਤੇ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਸਨ ਤਾਂ ‘ਫੋਟੋ-ਡਰਾਮਾ’ ਬੜੇ ਕਮਾਲ ਦਾ ਕੰਮ ਸੀ। ਸੱਚ-ਮੁੱਚ ਇਸ ਦੇ ਪਿੱਛੇ ਯਹੋਵਾਹ ਦਾ ਹੱਥ ਸੀ!”
[ਸਫ਼ੇ 8, 9 ਉੱਤੇ ਡੱਬੀ/ਤਸਵੀਰਾਂ]
“ਯੂਰੀਕਾ ਡਰਾਮਾ”
‘ਫੋਟੋ-ਡਰਾਮੇ’ ਦੀ ਪਹਿਲੀ ਪੇਸ਼ਕਾਰੀ ਤੋਂ ਅੱਠ ਮਹੀਨੇ ਬਾਅਦ, ਸੋਸਾਇਟੀ ਨੇ ਇਕ ਹੋਰ ਡਰਾਮਾ ਤਿਆਰ ਕਰਨ ਦੀ ਲੋੜ ਦੇਖੀ ਜਿਸ ਨੂੰ “ਯੂਰੀਕਾ ਡਰਾਮਾ” ਸੱਦਿਆ ਗਿਆ ਸੀ। ਜਦੋਂ ਪੂਰਾ “ਫੋਟੋ-ਡਰਾਮਾ” ਵੱਡੇ-ਵੱਡੇ ਸ਼ਹਿਰਾਂ ਵਿਚ ਦਿਖਾਇਆ ਜਾ ਰਿਹਾ ਸੀ, ਤਾਂ “ਯੂਰੀਕਾ ਡਰਾਮਾ” ਪਿੰਡਾਂ ਵਿਚ ਉਹੀ ਮੁੱਖ ਸੰਦੇਸ਼ ਪੇਸ਼ ਕਰ ਰਿਹਾ ਸੀ। ‘ਯੂਰੀਕਾ ਡਰਾਮੇ’ ਦੇ ਇਕ ਸੈੱਟ ਬਾਰੇ ਕਿਹਾ ਗਿਆ ਸੀ ਕਿ ਇਹ “ਭੈਣਾਂ ਲਈ ਇਕ ਵਧੀਆ ਮੌਕਾ” ਪੇਸ਼ ਕਰਦਾ ਸੀ ਜਿਸ ਨਾਲ ਉਹ ਪ੍ਰਚਾਰ ਕਰ ਸਕਦੀਆਂ ਸਨ। ਇਹ ਕਿਉਂ? ਕਿਉਂਕਿ ਫੋਨੋਗ੍ਰਾਫ ਰਿਕਾਰਡਾਂ ਵਾਲੇ ਬਕਸੇ ਦਾ ਭਾਰ ਸਿਰਫ਼ 14 ਕਿਲੋ ਸੀ। ਪਰ, ਪੇਸ਼ਕਾਰੀ ਲਈ ਫੋਨੋਗ੍ਰਾਫ ਵੀ ਨਾਲ ਲਿਜਾਣ ਦੀ ਜ਼ਰੂਰਤ ਸੀ।