Skip to content

Skip to table of contents

ਯਹੋਵਾਹ ਦੇ ਗਵਾਹ ਪੱਕੇ ਯਕੀਨ ਨਾਲ ਅੱਗੇ ਵੱਧਦੇ ਹਨ!

ਯਹੋਵਾਹ ਦੇ ਗਵਾਹ ਪੱਕੇ ਯਕੀਨ ਨਾਲ ਅੱਗੇ ਵੱਧਦੇ ਹਨ!

ਯਹੋਵਾਹ ਦੇ ਗਵਾਹ ਪੱਕੇ ਯਕੀਨ ਨਾਲ ਅੱਗੇ ਵੱਧਦੇ ਹਨ!

ਸਾਲਾਨਾ ਮੀਟਿੰਗ ਦੀ ਰਿਪੋਰਟ

ਭਾਵੇਂ ਕਿ ਅੱਜ-ਕਲ੍ਹ ਸੰਦੇਹਵਾਦ ਅਤੇ ਸ਼ੱਕ ਕਰਨਾ ਆਮ ਬਣ ਗਿਆ ਹੈ, ਯਹੋਵਾਹ ਦੇ ਗਵਾਹ ਮਸੀਹੀਆਂ ਵਜੋਂ ਪੱਕਾ ਯਕੀਨ ਕਰਦੇ ਹਨ। ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਮੀਟਿੰਗ ਤੋਂ ਇਹ ਗੱਲ ਚੰਗੀ ਤਰ੍ਹਾਂ ਸਾਬਤ ਹੋਈ। ਇਹ ਮੀਟਿੰਗ, ਸਿਨੱਚਰਵਾਰ 7 ਅਕਤੂਬਰ 2000, ਨਿਊ ਜਰਜ਼ੀ ਵਿਚ ਯਹੋਵਾਹ ਦੇ ਗਵਾਹਾਂ ਦੇ ਜਰਜ਼ੀ ਸਿਟੀ ਅਸੈਂਬਲੀ ਹਾਲ ਵਿਚ ਹੋਈ ਸੀ। *

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ, ਭਰਾ ਜੌਨ ਈ. ਬਾਰ, ਪ੍ਰੋਗ੍ਰਾਮ ਦਾ ਸਭਾਪਤੀ ਸੀ। ਪ੍ਰੋਗ੍ਰਾਮ ਦੇ ਸ਼ੁਰੂ ਵਿਚ ਉਸ ਨੇ ਕਿਹਾ: “ਦੁਨੀਆਂ ਦੇ ਅਰਬਾਂ ਲੋਕਾਂ ਵਿੱਚੋਂ, ਅਸੀਂ ਇਹ ਗੱਲ ਜਾਣਦੇ ਹਾਂ ਅਤੇ ਇਸ ਵਿਚ ਯਕੀਨ ਕਰਦੇ ਹਾਂ ਕਿ ਯਹੋਵਾਹ ਦਾ ਪਿਆਰਾ ਪੁੱਤਰ ਯਿਸੂ ਮਸੀਹ ਸਵਰਗ ਵਿਚ ਹੁਣ ਆਪਣੀ ਰਾਜ ਗੱਦੀ ਤੇ ਬੈਠਾ ਹੈ ਅਤੇ ਆਪਣੇ ਵੈਰੀਆਂ ਵਿਚਕਾਰ ਰਾਜ ਕਰ ਰਿਹਾ ਹੈ।” ਇਸ ਗੱਲ ਦਾ ਸਬੂਤ ਸੰਸਾਰ ਭਰ ਦੀਆਂ ਛੇ ਵੱਖਰੀਆਂ-ਵੱਖਰੀਆਂ ਰਿਪੋਰਟਾਂ ਤੋਂ ਦੇਖਿਆ ਗਿਆ ਸੀ।

ਹੈਟੀ ਵਿਚ ਜਾਦੂ-ਟੂਣੇ ਨੂੰ ਬਾਈਬਲ ਦੀ ਸੱਚਾਈ ਨਾਲ ਜਿੱਤਣਾ

ਹੈਟੀ ਵਿਚ ਕਾਫ਼ੀ ਲੋਕ ਜਾਦੂ-ਟੂਣਾ ਕਰਦੇ ਹਨ। ਹੈਟੀ ਦੀ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਜੌਨ ਨੋਰਮਨ ਨੇ ਦੱਸਿਆ ਕਿ “ਬਹੁਤ ਸਾਰੇ ਲੋਕ ਆਪਣੀ ਰੱਖਿਆ ਕਰਨ ਲਈ ਜਾਦੂ-ਟੂਣਾ ਕਰਦੇ ਹਨ।” ਜਦ ਇਕ ਟੂਣੇਹਾਰ ਦੀ ਲੱਤ ਕਿਸੇ ਹਾਦਸੇ ਵਿਚ ਕੱਟੀ ਗਈ, ਤਾਂ ਉਹ ਜਾਦੂ-ਟੂਣੇ ਵਿਚ ਸ਼ੱਕ ਕਰਨ ਲੱਗ ਪਿਆ। ਉਸ ਨੇ ਸੋਚਿਆ ਕਿ ‘ਜੇਕਰ ਆਤਮੇ ਮੇਰੀ ਰੱਖਿਆ ਕਰ ਰਹੇ ਹਨ ਤਾਂ ਇਹ ਸਭ ਕੁਝ ਕਿਉਂ ਹੋਇਆ?’ ਹੋਰ ਬਹੁਤ ਸਾਰੇ ਲੋਕਾਂ ਵਾਂਗ ਇਸ ਆਦਮੀ ਨੇ ਯਹੋਵਾਹ ਦੇ ਗਵਾਹਾਂ ਤੋਂ ਸੱਚਾਈ ਸਿੱਖੀ ਅਤੇ ਉਸ ਨੇ ਜਾਦੂ-ਟੂਣੇ ਤੋਂ ਛੁਟਕਾਰਾ ਪਾਇਆ। ਅਸੀਂ ਇਹ ਗੱਲ ਜਾਣਦੇ ਹਾਂ ਕਿ ਹੈਟੀ ਵਿਚ ਬਹੁਤ ਵਾਧਾ ਹੋ ਸਕਦਾ ਹੈ ਕਿਉਂਕਿ 19 ਅਪ੍ਰੈਲ 2000 ਦੀ ਸ਼ਾਮ ਨੂੰ ਯਿਸੂ ਦੀ ਮੌਤ ਦੇ ਸਮਾਰਕ ਵਿਚ ਹਾਜ਼ਰੀਨ ਦੀ ਗਿਣਤੀ ਉਸ ਦੇਸ਼ ਦੇ ਪ੍ਰਕਾਸ਼ਕਾਂ ਨਾਲੋਂ ਚਾਰ ਗੁਣਾ ਜ਼ਿਆਦਾ ਸੀ।

ਕੋਰੀਆ ਦੇ ਵੱਡੇ ਖੇਤਰ ਵਿਚ ਵੱਡਾ ਜੋਸ਼

ਕੋਰੀਆ ਵਿਚ ਯਹੋਵਾਹ ਦੇ ਗਵਾਹਾਂ ਵਿੱਚੋਂ 40 ਫੀ ਸਦੀ ਪੂਰਣ-ਕਾਲੀ ਸੇਵਾ ਕਰਦੇ ਹਨ। ਉਸ ਦੇਸ਼ ਦੀ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਭਰਾ ਮਿਲਟਨ ਹੈਮਲਟਨ ਨੇ ਕਿਹਾ: “ਅਸੀਂ 4 ਕਰੋੜ, 70 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ। ਪ੍ਰਕਾਸ਼ਕਾਂ ਦੀ ਇਕ ਵੱਡੀ ਫ਼ੌਜ ਨਾਲ ਅਸੀਂ ਤਕਰੀਬਨ ਹਰ ਮਹੀਨੇ ਇਨ੍ਹਾਂ ਸਾਰਿਆਂ ਲੋਕਾਂ ਨਾਲ ਗੱਲਬਾਤ ਕਰਨ ਜਾਂਦੇ ਹਾਂ।” ਬੋਲ਼ਿਆਂ ਲਈ ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਸੈਨਤ ਭਾਸ਼ਾ ਦੇ ਇਕ ਸਰਕਟ ਵਿਚ 800 ਬਾਈਬਲ ਸਟੱਡੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਆਮ ਤੌਰ ਤੇ ਹਰ ਗਵਾਹ ਇਕ ਬਾਈਬਲ ਸਟੱਡੀ ਕਰਵਾ ਰਿਹਾ ਹੈ। ਅਫ਼ਸੋਸ ਦੀ ਗੱਲ ਹੈ ਕਿ ਕੋਰੀਆ ਵਿਚ ਨੌਜਵਾਨ ਭਰਾਵਾਂ ਨੂੰ ਹਾਲੇ ਵੀ ਕੈਦ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਦੇ ਹਨ। ਪਰ ਇਨ੍ਹਾਂ ਵਫ਼ਾਦਾਰ ਮਸੀਹੀਆਂ ਨਾਲ ਚੰਗਾ ਵਰਤਾਉ ਕੀਤਾ ਜਾਂਦਾ ਹੈ, ਅਤੇ ਕਈ ਵਾਰ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਉਹ ਭਰੋਸੇਯੋਗ ਸਨ।

ਮੈਕਸੀਕੋ ਵਿਚ ਵਾਧੇ ਦੀਆਂ ਲੌੜਾਂ ਪੂਰੀਆਂ ਕਰਨੀਆਂ

ਅਗਸਤ 2000 ਵਿਚ 533,665 ਮੈਕਸੀਕਨ ਗਵਾਹਾਂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ। ਮੈਕਸੀਕੋ ਲਈ ਇਹ ਸਿਖਰ ਗਿਣਤੀ ਹੈ। ਇਸ ਗਿਣਤੀ ਨਾਲੋਂ ਤਿੰਨ ਗੁਣਾ ਜ਼ਿਆਦਾ ਲੋਕ ਯਿਸੂ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਏ ਸਨ। ਮੈਕਸੀਕੋ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਭਰਾ ਰੋਬਰਟ ਟ੍ਰੇਸੀ ਨੇ ਕਿਹਾ ਕਿ “ਇਸ ਸਾਲ ਅਸੀਂ 240 ਨਵੇਂ ਕਿੰਗਡਮ ਹਾਲ ਬਣਾਉਣੇ ਚਾਹੁੰਦੇ ਹਾਂ, ਪਰ ਸਾਨੂੰ ਇਸ ਤੋਂ ਹੋਰ ਜ਼ਿਆਦਾ ਚਾਹੀਦੇ ਹਨ।”

ਮੈਕਸੀਕੋ ਦੇ ਨੌਜਵਾਨ ਭੈਣ-ਭਰਾ ਵੀ ਚੰਗੀ ਮਿਸਾਲ ਪੇਸ਼ ਕਰ ਰਹੇ ਹਨ। ਇਕ ਨੌਜਵਾਨ ਭਰਾ ਬਾਰੇ ਗੱਲ ਕਰਦਿਆਂ, ਇਕ ਕੈਥੋਲਿਕ ਪਾਦਰੀ ਨੇ ਕਿਹਾ: “ਜੇਕਰ ਮੇਰੇ ਚਰਚ ਵਿਚ ਇਸ ਨੌਜਵਾਨ ਵਰਗਾ ਕੋਈ ਹੁੰਦਾ ਤਾਂ ਇਹ ਮੇਰੇ ਲਈ ਖ਼ੁਸ਼ੀ ਦੀ ਗੱਲ ਹੁੰਦੀ। ਮੈਂ ਇਨ੍ਹਾਂ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਕਿਉਂਕਿ ਇਹ ਦ੍ਰਿੜ੍ਹ ਹਨ ਅਤੇ ਬਾਈਬਲ ਨੂੰ ਚੰਗੀ ਤਰ੍ਹਾਂ ਵਰਤਦੇ ਹਨ। ਪਰਮੇਸ਼ੁਰ ਦੇ ਨਾਂ ਦੀ ਰੱਖਿਆ ਕਰਨ ਲਈ ਇਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾਈਆਂ ਹਨ।”

ਸੀਅਰਾ ਲਿਓਨ ਦੀ ਹਲਚਲ ਵਿਚ ਵੀ ਵਫ਼ਾਦਾਰੀ

ਅਪ੍ਰੈਲ 1991 ਵਿਚ ਸੀਅਰਾ ਲਿਓਨ ਵਿਚ ਘਰੇਲੂ ਯੁੱਧ ਸ਼ੁਰੂ ਹੋਇਆ, ਜਿਸ ਵਿਚ ਹਜ਼ਾਰਾਂ ਹੀ ਲੋਕ ਮਾਰੇ ਗਏ ਜਾਂ ਜ਼ਖ਼ਮੀ ਕੀਤੇ ਗਏ। ਇਸ ਦੇਸ਼ ਦੀ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਭਰਾ ਬਿਲ ਕੋਅਨ ਨੇ ਰਿਪੋਰਟ ਦਿੱਤੀ ਕਿ “ਲੜਾਈ ਅਤੇ ਤੰਗੀ ਨੇ ਲੋਕਾਂ ਉੱਤੇ ਬਹੁਤ ਵੱਡਾ ਅਸਰ ਪਾਇਆ ਹੈ। ਕਈ ਲੋਕ ਹੁਣ ਸਾਡਾ ਸੁਨੇਹਾ ਸੁਣ ਰਹੇ ਹਨ ਭਾਵੇਂ ਕਿ ਉਹ ਪਹਿਲਾਂ ਇਸ ਨੂੰ ਨਹੀਂ ਸੁਣਨਾ ਚਾਹੁੰਦੇ ਸਨ। ਇਹ ਕਾਫ਼ੀ ਆਮ ਗੱਲ ਹੈ ਕਿ ਲੋਕ ਗੱਲਬਾਤ ਸੁਣਨ ਲਈ ਖ਼ੁਦ ਸਾਡੇ ਕਿੰਗਡਮ ਹਾਲਾਂ ਵਿਚ ਆ ਕੇ ਬੈਠ ਜਾਂਦੇ ਹਨ। ਕਈ ਵਾਰ ਪ੍ਰਚਾਰ ਦੇ ਕੰਮ ਵਿਚ ਲੋਕ ਸਾਡੇ ਕੋਲ ਆਣ ਕੇ ਬਾਈਬਲ ਸਟੱਡੀ ਦੀ ਮੰਗ ਕਰਦੇ ਹਨ।” ਭਾਵੇਂ ਕਿ ਸੀਅਰਾ ਲਿਓਨ ਵਿਚ ਹਾਲਾਤ ਹਾਲੇ ਵੀ ਠੀਕ ਨਹੀਂ ਹਨ ਰਾਜ ਪ੍ਰਚਾਰ ਦੇ ਕੰਮ ਵਿਚ ਬਹੁਤ ਵਾਧਾ ਹੋ ਰਿਹਾ ਹੈ।

ਦੱਖਣੀ ਅਫ਼ਰੀਕਾ ਵਿਚ ਉਸਾਰੀ ਦਾ ਵੱਡਾ ਕੰਮ

ਦੱਖਣੀ ਅਫ਼ਰੀਕਾ ਦਾ ਸ਼ਾਖਾ ਦਫ਼ਤਰ ਕਈਆਂ ਇਲਾਕਿਆਂ ਦੀ ਦੇਖ-ਭਾਲ ਕਰਦਾ ਹੈ। ਇਨ੍ਹਾਂ ਇਲਾਕਿਆਂ ਵਿਚ ਇਸ ਸਮੇਂ ਤੇ ਕਈਆਂ ਹਜ਼ਾਰਾਂ ਕਿੰਗਡਮ ਹਾਲਾਂ ਦੀ ਜ਼ਰੂਰਤ ਹੈ ਭਾਵੇਂ ਕਿ ਬਹੁਤ ਸਾਰੇ ਕਿੰਗਡਮ ਹਾਲ ਬਣ ਵੀ ਚੁੱਕੇ ਹਨ। ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਭਰਾ ਜੌਨ ਕਿਕੋਟ ਨੇ ਦੱਸਿਆ ਕਿ “ਅੱਗੇ ਮੀਟਿੰਗਾਂ ਕਿਸੇ ਝੁੱਗੀ ਵਿਚ ਜਾਂ ਕਿਸੇ ਦਰਖ਼ਤ ਹੇਠਾਂ ਹੁੰਦੀਆਂ ਸਨ। ਪਰ ਹੁਣ ਸਾਡੇ ਭਰਾ ਕਿੰਗਡਮ ਹਾਲਾਂ ਵਿਚ ਮਿਲ ਸਕਦੇ ਹਨ, ਜਿੱਥੇ ਉਹ ਅਰਾਮ ਨਾਲ ਬੈਠ ਕੇ ਸੁਣ ਸਕਦੇ ਹਨ। ਭਾਵੇਂ ਕਿ ਇਹ ਕਿੰਗਡਮ ਹਾਲ ਸਾਧਾਰਣ ਡੀਜ਼ਾਈਨ ਦੇ ਹੁੰਦੇ ਹਨ, ਇਹ ਇਲਾਕੇ ਵਿਚ ਸਭ ਤੋਂ ਸ਼ਾਨਦਾਰ ਇਮਾਰਤ ਹੁੰਦੇ ਹਨ। ਕਈਆਂ ਇਲਾਕਿਆਂ ਵਿਚ ਦੇਖਿਆ ਗਿਆ ਹੈ ਕਿ ਕਿੰਗਡਮ ਹਾਲ ਬਣਨ ਤੋਂ ਬਾਅਦ ਉੱਥੇ ਦੀ ਕਲੀਸਿਯਾ ਵਿਚ ਅਗਲੇ ਸਾਲ ਦੁਗਣਾ ਵਾਧਾ ਹੁੰਦਾ ਹੈ।”

ਯੂਕਰੇਨ ਵਿਚ ਯਹੋਵਾਹ ਦੇ ਗਵਾਹਾਂ ਦੀ ਨਵੀਂ ਪੀੜ੍ਹੀ

ਸਾਲ 2000 ਦੇ ਸੇਵਾ ਸਾਲ ਵਿਚ ਇਸ ਦੇਸ਼ ਦੇ ਪ੍ਰਕਾਸ਼ਕਾਂ ਦੀ ਗਿਣਤੀ 1,12,720 ਦੀ ਸਿਖਰ ਤੇ ਪਹੁੰਚੀ ਹੈ। ਇਨ੍ਹਾਂ ਲੋਕਾਂ ਵਿੱਚੋਂ 50,000 ਤੋਂ ਜ਼ਿਆਦਾ ਜਣਿਆਂ ਨੇ ਪਿਛਲੇ ਪੰਜ ਸਾਲਾਂ ਵਿਚ ਹੀ ਸੱਚਾਈ ਸਿੱਖੀ ਹੈ। “ਸੱਚ-ਮੁੱਚ ਯਹੋਵਾਹ ਨੇ ਆਪਣੇ ਨਾਂ ਨੂੰ ਫੈਲਾਉਣ ਲਈ ਇਕ ਜਵਾਨ ਪੀੜ੍ਹੀ ਨੂੰ ਚੁਣਿਆ ਹੈ!” ਜੌਨ ਡਿਡੁਰ ਨੇ ਕਿਹਾ, ਜੋ ਉੱਥੇ ਦੀ ਸ਼ਾਖਾ ਕਮੇਟੀ ਦਾ ਕੋਆਰਡੀਨੇਟਰ ਹੈ। ਉਸ ਨੇ ਅੱਗੇ ਕਿਹਾ: “ਤਕਰੀਬਨ ਪਿਛਲੇ ਦੋ ਸਾਲਾਂ ਵਿਚ ਅਸੀਂ ਪੰਜ ਕਰੋੜ ਤੋਂ ਜ਼ਿਆਦਾ ਰਸਾਲੇ ਲੋਕਾਂ ਨਾਲ ਛੱਡੇ ਹਨ ਜੋ ਇਸ ਦੇਸ਼ ਦੀ ਅਬਾਦੀ ਜਿੰਨੀ ਗਿਣਤੀ ਹੈ। ਹਰ ਮਹੀਨੇ ਸਾਨੂੰ ਉਨ੍ਹਾਂ ਲੋਕਾਂ ਤੋਂ ਤਕਰੀਬਨ ਇਕ ਹਜ਼ਾਰ ਚਿੱਠੀਆਂ ਮਿਲਦੀਆਂ ਹਨ ਜੋ ਸੱਚਾਈ ਬਾਰੇ ਹੋਰ ਜਾਣਨਾ ਚਾਹੁੰਦੇ ਹਨ।”

ਪ੍ਰੋਗ੍ਰਾਮ ਦੀਆਂ ਹੋਰ ਪ੍ਰਭਾਵਕਾਰੀ ਗੱਲਾਂ

ਪ੍ਰਬੰਧਕ ਸਭਾ ਦੇ ਮੈਂਬਰ, ਭਰਾ ਡੈਨਿਏਲ ਸਿਡਲਿਕ ਨੇ ਆਪਣੇ ਭਾਸ਼ਣ ਨਾਲ ਸਭਨਾਂ ਦਾ ਧਿਆਨ ਖਿੱਚਿਆ। ਇਸੇ ਰਸਾਲੇ ਵਿਚ “ਪ੍ਰਬੰਧਕ ਸਭਾ ਇਕ ਕਾਨੂੰਨੀ ਕਾਰਪੋਰੇਸ਼ਨ ਤੋਂ ਕਿਵੇਂ ਵੱਖਰੀ ਹੈ” ਨਾਂ ਦੇ ਲੇਖ ਵਿਚ ਉਸ ਭਾਸ਼ਣ ਬਾਰੇ ਦੱਸਿਆ ਗਿਆ ਹੈ।

ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ, ਭਰਾ ਥੀਓਡੋਰ ਜੈਰਸ ਨੇ ਇਕ ਮਨਭਾਉਂਦਾ ਭਾਸ਼ਣ ਦਿੱਤਾ, ਜਿਸ ਦਾ ਵਿਸ਼ਾ ਸੀ “ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਨਿਗਾਹਬਾਨ ਅਤੇ ਸਹਾਇਕ ਸੇਵਕ।” ਇਸ ਵਿਸ਼ੇ ਉੱਤੇ ਵੀ ਇਸ ਰਸਾਲੇ ਵਿਚ ਇਕ ਲੇਖ ਹੈ।

ਇਸ ਸਾਲਾਨਾ ਮੀਟਿੰਗ ਵਿਚ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ, ਭਰਾ ਡੇਵਿਡ ਸਪਲੇਨ ਨੇ ਸਾਲ 2001 ਦੇ ਵਰ੍ਹੇ-ਪਾਠ ਉੱਤੇ ਇਕ ਦਿਲਚਸਪ ਭਾਸ਼ਣ ਦਿੱਤਾ। ਉਸ ਦਾ ਭਾਸ਼ਣ ਪੌਲੁਸ ਰਸੂਲ ਦੇ ਸ਼ਬਦਾਂ ਤੇ ਆਧਾਰਿਤ ਸੀ: “ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ।” (ਕੁਲੁੱਸੀਆਂ 4:12) ਸੰਸਾਰ ਭਰ ਯਹੋਵਾਹ ਦੇ ਗਵਾਹ ਇਹ ਕਰਨ ਲਈ ਦ੍ਰਿੜ੍ਹ ਹਨ ਜਿਉਂ-ਜਿਉਂ ਉਹ ਵਫ਼ਾਦਾਰੀ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕਰਦੇ ਹਨ।—ਮੱਤੀ 24:14.

[ਫੁਟਨੋਟ]

^ ਪੈਰਾ 3 ਇਹ ਪ੍ਰੋਗ੍ਰਾਮ ਕਈਆਂ ਹੋਰ ਥਾਵਾਂ ਤੇ ਵੀ ਸੁਣਿਆ ਜਾ ਸਕਦਾ ਸੀ, ਇਸ ਲਈ ਸ੍ਰੋਤਿਆਂ ਦੀ ਕੁੱਲ ਗਿਣਤੀ 13,082 ਸੀ।