Skip to content

Skip to table of contents

ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚਲੋ

ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚਲੋ

ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚਲੋ

“ਸ਼ਾਂਤੀ ਦਾਤਾ ਪਰਮੇਸ਼ੁਰ . . . ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਭਈ ਤੁਸੀਂ ਉਹ ਦੀ ਇੱਛਿਆ ਨੂੰ ਪੂਰਿਆਂ ਕਰੋ।”​—ਇਬਰਾਨੀਆਂ 13:20, 21.

1. ਦੁਨੀਆਂ ਦੀ ਆਬਾਦੀ ਕਿੰਨੀ ਹੈ ਅਤੇ ਵੱਖਰੇ-ਵੱਖਰੇ ਧਰਮਾਂ ਵਿਚ ਕਿੰਨੇ-ਕਿੰਨੇ ਲੋਕ ਗਿਣੇ ਜਾਂਦੇ ਹਨ?

ਸਾਲ 1999 ਵਿਚ ਦੁਨੀਆਂ ਦੀ ਆਬਾਦੀ ਛੇ ਅਰਬ ਤਕ ਪਹੁੰਚ ਗਈ! ਇਕ ਕਿਤਾਬ ਦੇ ਮੁਤਾਬਕ, ਇਸ ਗਿਣਤੀ ਵਿਚ 1,16,50,00,000 ਲੋਕ ਮੁਸਲਮਾਨ ਹਨ; 1,03,00,00,000 ਲੋਕ ਰੋਮਨ ਕੈਥੋਲਿਕ ਹਨ; 76,20,00,000 ਲੋਕ ਹਿੰਦੂ ਹਨ; 35,40,00,000 ਲੋਕ ਬੋਧੀ ਹਨ; 31,60,00,000 ਲੋਕ ਪ੍ਰੋਟੈਸਟੈਂਟ ਹਨ; ਅਤੇ 21,40,00,000 ਲੋਕ ਆਰਥੋਡਾਕਸ ਧਰਮ ਦੇ ਹਨ।

2. ਅੱਜ ਦੇ ਧਾਰਮਿਕ ਹਾਲਤ ਬਾਰੇ ਕੀ ਕਿਹਾ ਜਾ ਸਕਦਾ ਹੈ?

2 ਅੱਜ ਦਿਆਂ ਧਰਮਾਂ ਵਿਚ ਮਤਭੇਦ ਅਤੇ ਗੜਬੜ ਦੇਖਦੇ ਹੋਏ, ਕੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਕਰੋੜਾਂ ਹੀ ਲੋਕ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ? ਨਹੀਂ, “ਕਿਉਂ ਜੋ ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।” (1 ਕੁਰਿੰਥੀਆਂ 14:33) ਦੂਸਰੇ ਪਾਸੇ, ਯਹੋਵਾਹ ਦੇ ਸੇਵਕਾਂ ਦੇ ਅੰਤਰਰਾਸ਼ਟਰੀ ਭਾਈਚਾਰੇ ਬਾਰੇ ਕੀ ਕਿਹਾ ਜਾ ਸਕਦਾ ਹੈ? (1 ਪਤਰਸ 2:17) ਉਸ ਵੱਲ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ‘ਸ਼ਾਂਤੀ ਦਾਤਾ ਪਰਮੇਸ਼ੁਰ ਉਨ੍ਹਾਂ ਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰਦਾ ਹੈ ਭਈ ਉਹ ਉਸ ਦੀ ਇੱਛਿਆ ਨੂੰ ਪੂਰਿਆਂ ਕਰਨ।’​—ਇਬਰਾਨੀਆਂ 13:20, 21.

3. ਯਰੂਸ਼ਲਮ ਵਿਚ 33 ਸਾ.ਯੁ. ਵਿਚ ਕੀ ਹੋਇਆ ਸੀ ਅਤੇ ਕਿਉਂ?

3 ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਰੱਖਣ ਵਾਲਿਆਂ ਦੀ ਸਿਰਫ਼ ਗਿਣਤੀ ਦੇਖ ਕੇ ਇਹ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੀ ਮਿਹਰ ਹੈ; ਪਰਮੇਸ਼ੁਰ ਉੱਤੇ ਵੱਡੀ ਗਿਣਤੀ ਦਾ ਕੋਈ ਅਸਰ ਨਹੀਂ ਪੈਂਦਾ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਇਸ ਕਰਕੇ ਨਹੀਂ ਚੁਣਿਆ ਸੀ ਕਿ ਉਹ “ਸਾਰਿਆਂ ਲੋਕਾਂ ਨਾਲੋਂ ਬਹੁਤੇ” ਲੋਕ ਸਨ। ਪਰ ਅਸਲ ਵਿਚ ਉਹ ਦੂਜੀਆਂ ਕੌਮਾਂ ਦੀ ਤੁਲਨਾ ਵਿਚ “ਥੋੜੇ ਜਿਹੇ” ਹੀ ਲੋਕ ਸਨ। (ਬਿਵਸਥਾ ਸਾਰ 7:7) ਇਸਰਾਏਲ ਦੀ ਬੇਵਫ਼ਾਈ ਕਰਕੇ, ਯਹੋਵਾਹ ਨੇ ਪੰਤੇਕੁਸਤ 33 ਸਾ.ਯੁ. ਵਿਚ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਯਿਸੂ ਮਸੀਹ ਦੇ ਚੇਲਿਆਂ ਦੀ ਬਣੀ ਨਵੀਂ ਮਸੀਹੀ ਕਲੀਸਿਯਾ ਨੂੰ ਬਰਕਤਾਂ ਦੇਣੀਆਂ ਸ਼ੁਰੂ ਕੀਤੀਆਂ। ਯਿਸੂ ਮਸੀਹ ਦੇ ਚੇਲਿਆਂ ਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਮਸਹ ਕੀਤਾ ਗਿਆ ਅਤੇ ਉਹ ਜ਼ੋਰ-ਸ਼ੋਰ ਨਾਲ ਪਰਮੇਸ਼ੁਰ ਅਤੇ ਮਸੀਹ ਬਾਰੇ ਦੂਜਿਆਂ ਨੂੰ ਸੱਚਾਈ ਦੱਸਣ ਲੱਗ ਪਏ।​—ਰਸੂਲਾਂ ਦੇ ਕਰਤੱਬ 2:41, 42.

ਲਗਾਤਾਰ ਤਰੱਕੀ ਕੀਤੀ ਗਈ ਹੈ

4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮੁਢਲੀ ਮਸੀਹੀ ਕਲੀਸਿਯਾ ਤਰੱਕੀ ਕਰ ਰਹੀ ਸੀ?

4 ਪਹਿਲੀ ਸਦੀ ਦੌਰਾਨ, ਮਸੀਹੀ ਕਲੀਸਿਯਾ ਬਹੁਤ ਤਰੱਕੀ ਕਰ ਰਹੀ ਸੀ। ਨਵਿਆਂ-ਨਵਿਆਂ ਥਾਵਾਂ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਹੋ ਰਿਹਾ ਸੀ, ਚੇਲੇ ਬਣ ਰਹੇ ਸਨ, ਅਤੇ ਪਰਮੇਸ਼ੁਰ ਦੇ ਮਕਸਦਾਂ ਬਾਰੇ ਜ਼ਿਆਦਾ ਸਮਝ ਪ੍ਰਾਪਤ ਕੀਤੀ ਜਾ ਰਹੀ ਸੀ। ਪਰਮੇਸ਼ੁਰ ਦੀ ਆਤਮਾ ਅਧੀਨ ਲਿਖਵਾਈਆਂ ਗਈਆਂ ਪੱਤਰੀਆਂ ਰਾਹੀਂ ਮੁਢਲੇ ਮਸੀਹੀਆਂ ਨੂੰ ਬਿਹਤਰ ਸਮਝ ਮਿਲ ਰਹੀ ਸੀ ਅਤੇ ਸਿੱਟੇ ਵਜੋਂ ਉਹ ਉਸ ਸਮਝ ਮੁਤਾਬਕ ਕਦਮ ਮਿਲਾ ਕੇ ਚੱਲ ਰਹੇ ਸਨ। ਉਨ੍ਹਾਂ ਦਾ ਹੌਸਲਾ ਵਧਾਉਣ ਲਈ ਸਮੇਂ-ਸਮੇਂ ਤੇ ਰਸੂਲ ਅਤੇ ਹੋਰ ਮਸੀਹੀ ਵੀ ਉਨ੍ਹਾਂ ਨੂੰ ਮਿਲਣ ਜਾਂਦੇ ਸਨ, ਜਿਸ ਕਰਕੇ ਉਹ ਆਪਣੀ ਸੇਵਕਾਈ ਪੂਰੀ ਕਰ ਸਕੇ। ਇਹ ਸਾਰੀਆਂ ਗੱਲਾਂ ਬਾਈਬਲ ਦੇ ਮਸੀਹੀ ਯੂਨਾਨੀ ਸ਼ਾਸਤਰ ਵਿਚ ਪਾਈਆਂ ਜਾਂਦੀਆਂ ਹਨ।​—ਰਸੂਲਾਂ ਦੇ ਕਰਤੱਬ 10:21, 22; 13:46, 47; 2 ਤਿਮੋਥਿਉਸ 1:13; 4:5; ਇਬਰਾਨੀਆਂ 6:1-3; 2 ਪਤਰਸ 3:17, 18.

5. ਪਰਮੇਸ਼ੁਰ ਦਾ ਸੰਗਠਨ ਅੱਜ ਅੱਗੇ ਕਿਉਂ ਵੱਧ ਰਿਹਾ ਹੈ, ਅਤੇ ਸਾਨੂੰ ਇਸ ਨਾਲ ਕਦਮ ਮਿਲਾ ਕੇ ਕਿਉਂ ਚੱਲਣਾ ਚਾਹੀਦਾ ਹੈ?

5 ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਸਾਡੇ ਸਮੇਂ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵੀ ਸ਼ੁਰੂ ਵਿਚ ਬਹੁਤ ਘੱਟ ਸੀ। (ਜ਼ਕਰਯਾਹ 4:8-10) ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ 19ਵੀਂ ਸਦੀ ਦੇ ਅੰਤਲੇ ਹਿੱਸੇ ਤੋਂ ਯਹੋਵਾਹ ਨੇ ਆਪਣੀ ਸ਼ਕਤੀ ਆਪਣੇ ਸੰਗਠਨ ਉੱਤੇ ਪਾਈ ਹੈ। ਅਸੀਂ ਮਨੁੱਖਾਂ ਦੀ ਸ਼ਕਤੀ ਉੱਤੇ ਨਹੀਂ ਸਗੋਂ ਪਵਿੱਤਰ ਆਤਮਾ ਦੀ ਅਗਵਾਈ ਉੱਤੇ ਭਰੋਸਾ ਰੱਖਿਆ ਹੈ, ਇਸ ਲਈ ਅਸੀਂ ਬਾਈਬਲ ਦੀਆਂ ਗੱਲਾਂ ਸਮਝਣ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਅੱਗੇ ਵਧਦੇ ਆਏ ਹਾਂ। (ਜ਼ਕਰਯਾਹ 4:6) ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲੀਏ ਕਿਉਂਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1-5) ਸਿਰਫ਼ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਉਮੀਦ ਨੂੰ ਹਮੇਸ਼ਾ ਆਪਣੇ ਸਾਮ੍ਹਣੇ ਰੱਖਾਂਗੇ ਅਤੇ ਦੁਨੀਆਂ ਦੇ ਅੰਤ ਆਉਣ ਤੋਂ ਪਹਿਲਾਂ ਸਾਰੀ ਧਰਤੀ ਉੱਤੇ ਲੋਕਾਂ ਨੂੰ ਪਰਮੇਸ਼ੁਰ ਦੇ ਸਥਾਪਿਤ ਰਾਜ ਬਾਰੇ ਗਵਾਹੀ ਦੇ ਸਕਾਂਗੇ।​—ਮੱਤੀ 24:3-14.

6, 7. ਆਪਾਂ ਕਿਨ੍ਹਾਂ ਤਿੰਨਾਂ ਗੱਲਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਯਹੋਵਾਹ ਦੇ ਸੰਗਠਨ ਨੇ ਖ਼ਾਸ ਤੌਰ ਤੇ ਤਰੱਕੀ ਕੀਤੀ ਹੈ?

6 ਸਾਡੇ ਨਾਲ ਸ਼ਾਇਦ ਅਜਿਹੇ ਭੈਣ-ਭਰਾ ਹਨ ਜੋ ਯਹੋਵਾਹ ਦੇ ਸੰਗਠਨ ਨਾਲ 1920, 1930, ਅਤੇ 1940 ਦੇ ਦਹਾਕਿਆਂ ਤੋਂ ਸੰਗਤ ਕਰਦੇ ਆਏ ਹਨ। ਸ਼ੁਰੂ ਵਿਚ ਕੌਣ ਜਾਣ ਸਕਦਾ ਸੀ ਕਿ ਇਹ ਸੰਗਠਨ ਇੰਨੀ ਤਰੱਕੀ ਕਰੇਗਾ? ਜ਼ਰਾ ਇਸ ਸੰਗਠਨ ਵਿਚ ਹੋਈਆਂ ਵੱਡੀਆਂ ਘਟਨਾਵਾਂ ਬਾਰੇ ਸੋਚੋ! ਯਹੋਵਾਹ ਨੇ ਆਪਣੇ ਸੰਗਠਿਤ ਲੋਕਾਂ ਦੁਆਰਾ ਜੋ ਕੁਝ ਕੀਤਾ ਹੈ ਉਸ ਨੂੰ ਦੇਖ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ। ਰੂਹਾਨੀ ਤੌਰ ਤੇ ਸਾਨੂੰ ਕਿੰਨੀਆਂ ਬਰਕਤਾਂ ਮਿਲੀਆਂ ਹਨ!

7 ਜਦੋਂ ਦਾਊਦ ਨੇ ਯਹੋਵਾਹ ਦੇ ਸ਼ਾਨਦਾਰ ਕੰਮਾਂ ਤੇ ਗੌਰ ਕੀਤਾ, ਤਾਂ ਉਸ ਉੱਤੇ ਇਨ੍ਹਾਂ ਦਾ ਗਹਿਰਾ ਅਸਰ ਪਿਆ ਸੀ। ਉਸ ਨੇ ਕਿਹਾ: “ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂਰ 40:5) ਸਾਡੇ ਬਾਰੇ ਵੀ ਇਹੋ ਸੱਚ ਹੈ, ਇਸ ਸਮੇਂ ਵਿਚ ਅਸੀਂ ਵੀ ਯਹੋਵਾਹ ਦੇ ਵਿਸ਼ਾਲ ਅਤੇ ਪ੍ਰਸ਼ੰਸਾਯੋਗ ਕੰਮਾਂ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੇ। ਫਿਰ ਵੀ ਆਓ ਆਪਾਂ ਤਿੰਨਾਂ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਵਿਚ ਯਹੋਵਾਹ ਦੇ ਸੰਗਠਨ ਨੇ ਖ਼ਾਸ ਤੌਰ ਤੇ ਤਰੱਕੀ ਕੀਤੀ ਹੈ: (1) ਸੱਚਾਈ ਦੀ ਹੋਰ ਸਮਝ ਪ੍ਰਾਪਤ ਕਰਨ ਵਿਚ, (2) ਬਿਹਤਰ ਅਤੇ ਜ਼ਿਆਦਾ ਸੇਵਕਾਈ ਕਰਨ ਵਿਚ, ਅਤੇ (3) ਸੰਗਠਨ ਦੀਆਂ ਕਾਰਵਾਈਆਂ ਵਿਚ ਸਮੇਂ ਸਿਰ ਬਦਲੀਆਂ ਕਰਨ ਵਿਚ।

ਸੱਚਾਈ ਦੀ ਹੋਰ ਸਮਝ ਲਈ ਸ਼ੁਕਰਗੁਜ਼ਾਰੀ

8. ਕਹਾਉਤਾਂ 4:18 ਦੇ ਅਨੁਸਾਰ, ਰੂਹਾਨੀ ਸਮਝ ਦੁਆਰਾ ਸਾਨੂੰ ਰਾਜ ਬਾਰੇ ਕੀ ਪਤਾ ਲੱਗਾ ਹੈ?

8 ਸੱਚਾਈ ਦੀ ਵਧਦੀ ਜਾ ਰਹੀ ਸਮਝ ਬਾਰੇ ਕਹਾਉਤਾਂ 4:18 ਬਿਲਕੁਲ ਸੱਚ ਸਾਬਤ ਹੋਇਆ ਹੈ। ਉੱਥੇ ਲਿਖਿਆ ਹੈ ਕਿ “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” ਸੱਚਾਈ ਦੇ ਵਧਦੇ ਚਾਨਣ ਜਾਂ ਸਮਝ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ! ਸੰਨ 1919 ਵਿਚ ਸੀਡਰ ਪਾਇੰਟ ਓਹੀਓ, ਦੇ ਸੰਮੇਲਨ ਤੇ ਪਰਮੇਸ਼ੁਰ ਦੇ ਰਾਜ ਵੱਲ ਖ਼ਾਸ ਕਰਕੇ ਧਿਆਨ ਖਿੱਚਿਆ ਗਿਆ ਸੀ। ਯਹੋਵਾਹ ਇਸ ਰਾਜ ਰਾਹੀਂ ਆਪਣਾ ਨਾਂ ਪਵਿੱਤਰ ਕਰੇਗਾ ਅਤੇ ਇਹ ਸਾਬਤ ਕਰੇਗਾ ਕਿ ਉਹੀ ਰਾਜ ਕਰਨ ਦਾ ਹੱਕ ਰੱਖਦਾ ਹੈ। ਦਰਅਸਲ, ਰੂਹਾਨੀ ਸਮਝ ਕਰਕੇ ਹੀ ਸਾਨੂੰ ਪਤਾ ਲੱਗਾ ਹੈ ਕਿ ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ, ਸਾਰੀ ਬਾਈਬਲ ਯਹੋਵਾਹ ਦੇ ਮਕਸਦ ਬਾਰੇ ਦੱਸਦੀ ਹੈ, ਕਿ ਉਹ ਆਪਣੇ ਪੁੱਤ੍ਰ ਦੇ ਰਾਜ ਦੁਆਰਾ ਆਪਣਾ ਨਾਂ ਪਵਿੱਤਰ ਕਰੇਗਾ। ਪਰਮੇਸ਼ੁਰ ਦੇ ਪੁੱਤ੍ਰ ਦਾ ਰਾਜ ਨਿਆਂ ਦੇ ਪ੍ਰੇਮੀਆਂ ਦੀ ਉਮੀਦ ਹੈ।​—ਮੱਤੀ 12:18, 21.

9, 10. ਸੰਨ 1920 ਦੇ ਦਹਾਕੇ ਵਿਚ, ਸਵਰਗੀ ਰਾਜ ਅਤੇ ਦੋ ਵਿਰੋਧੀ ਸੰਗਠਨਾਂ ਬਾਰੇ ਕੀ ਪਤਾ ਲੱਗਾ ਸੀ, ਅਤੇ ਇਸ ਸਮਝ ਨੇ ਸਾਡੀ ਮਦਦ ਕਿਸ ਤਰ੍ਹਾਂ ਕੀਤੀ ਹੈ?

9 ਸਾਲ 1922 ਵਿਚ ਸੀਡਰ ਪਾਇੰਟ ਵਿਖੇ ਇਕ ਸੰਮੇਲਨ ਤੇ ਭਰਾ ਜੇ. ਐੱਫ਼. ਰਦਰਫ਼ਰਡ ਨੇ ਭੈਣਾਂ-ਭਰਾਵਾਂ ਦਾ ਜੋਸ਼ ਵਧਾਇਆ ਕਿ ਉਹ ‘ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰਨ, ਘੋਸ਼ਣਾ ਕਰਨ, ਘੋਸ਼ਣਾ ਕਰਨ।’ ਸੰਨ 1925 ਵਿਚ 1 ਮਾਰਚ ਦੇ ਵਾਚਟਾਵਰ ਦੇ ਇਕ ਲੇਖ ਦਾ ਨਾਂ ਸੀ “ਕੌਮ ਦਾ ਜਨਮ।” ਇਸ ਲੇਖ ਨੇ ਕੁਝ ਖ਼ਾਸ ਭਵਿੱਖਬਾਣੀਆਂ ਦੀਆਂ ਡੂੰਘੀਆਂ ਗੱਲਾਂ ਵੱਲ ਧਿਆਨ ਖਿੱਚਿਆ ਜੋ ਸੰਕੇਤ ਕਰਦੀਆਂ ਸਨ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸਥਾਪਿਤ ਹੋਇਆ ਸੀ। ਨਾਲੇ 1920 ਦੇ ਦਹਾਕੇ ਵਿਚ ਇਹ ਵੀ ਪਤਾ ਲੱਗਾ ਕਿ ਦੁਨੀਆਂ ਵਿਚ ਦੋ ਵਿਰੋਧੀ ਸੰਗਠਨ ਹਨ। ਇਕ ਤਾਂ ਯਹੋਵਾਹ ਦਾ ਸੰਗਠਨ ਹੈ ਅਤੇ ਦੂਜਾ ਸ਼ਤਾਨ ਦਾ। ਇਨ੍ਹਾਂ ਦੋਨਾਂ ਦੀ ਲੜਾਈ ਜਾਰੀ ਹੈ ਅਤੇ ਜੇ ਅਸੀਂ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਾਂਗੇ ਤਾਂ ਅਸੀਂ ਜਿੱਤ ਜਾਵਾਂਗੇ।

10 ਰੂਹਾਨੀ ਸਮਝ ਨੇ ਸਾਡੀ ਮਦਦ ਕਿਸ ਤਰ੍ਹਾਂ ਕੀਤੀ ਹੈ? ਜਿਵੇਂ ਪਰਮੇਸ਼ੁਰ ਦਾ ਰਾਜ ਅਤੇ ਉਸ ਦਾ ਰਾਜਾ ਯਿਸੂ ਮਸੀਹ ਇਸ ਸੰਸਾਰ ਦਾ ਹਿੱਸਾ ਨਹੀਂ ਹਨ, ਉਸੇ ਤਰ੍ਹਾਂ ਸਾਨੂੰ ਵੀ ਇਸ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਇਸ ਸੰਸਾਰ ਤੋਂ ਅਲੱਗ ਰਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚਾਈ ਦੇ ਪੱਖ ਵਿਚ ਹਾਂ। (ਯੂਹੰਨਾ 17:16; 18:37) ਜਦੋਂ ਅਸੀਂ ਇਸ ਦੁਸ਼ਟ ਸੰਸਾਰ ਦੀਆਂ ਗੁੰਝਲਦਾਰ ਮੁਸ਼ਕਲਾਂ ਨੂੰ ਦੇਖਦੇ ਹਾਂ, ਤਾਂ ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅਸੀਂ ਸ਼ਤਾਨ ਦੇ ਸੰਗਠਨ ਦਾ ਹਿੱਸਾ ਨਹੀਂ ਹਾਂ! ਸਾਡੇ ਉੱਤੇ ਯਹੋਵਾਹ ਦੀ ਕਿੰਨੀ ਮਿਹਰ ਹੈ ਕਿ ਸਾਨੂੰ ਉਸ ਦੇ ਸੰਗਠਨ ਵਿਚ ਰੂਹਾਨੀ ਸੁਰੱਖਿਆ ਮਿਲੀ ਹੈ!

11. ਸੰਨ 1931 ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਿਹੜਾ ਨਾਂ ਅਪਣਾਇਆ ਸੀ?

11 ਸੰਨ 1931 ਵਿਚ, ਕਲੰਬਸ, ਓਹੀਓ ਦੇ ਸੰਮੇਲਨ ਤੇ ਯਸਾਯਾਹ 43:10-12 ਦਾ ਸਹੀ ਅਰਥ ਸਮਝਾਇਆ ਗਿਆ ਸੀ। ਉਦੋਂ ਬਾਈਬਲ ਸਟੂਡੈਂਟ ਇਕ ਨਵਾਂ ਨਾਂ ਅਪਣਾ ਕੇ ‘ਯਹੋਵਾਹ ਦੇ ਗਵਾਹ’ ਸੱਦੇ ਜਾਣ ਲੱਗੇ। ਸਾਡੇ ਸਾਰਿਆਂ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸ ਸਕਦੇ ਹਾਂ, ਤਾਂਕਿ ਉਹ ਵੀ ਇਹ ਨਾਂ ਲੈ ਕੇ ਬਚ ਸਕਣ!​—ਜ਼ਬੂਰ 83:18; ਰੋਮੀਆਂ 10:13.

12. ਸਾਲ 1935 ਵਿਚ ਵੱਡੀ ਭੀੜ ਬਾਰੇ ਕਿਹੜੀ ਰੂਹਾਨੀ ਸਮਝ ਮਿਲੀ ਸੀ?

12 ਸੰਨ 1930 ਦੇ ਦਹਾਕੇ ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਕਈ ਇਸ ਉਲਝਣ ਵਿਚ ਪਏ ਹੋਏ ਸਨ ਕਿ ਭਵਿੱਖ ਲਈ ਉਨ੍ਹਾਂ ਦੀ ਉਮੀਦ ਕੀ ਹੈ। ਕੁਝ ਤਾਂ ਸਵਰਗੀ ਜੀਵਨ ਦੀ ਇੱਛਾ ਰੱਖਦੇ ਸਨ, ਪਰ ਨਾਲੋਂ-ਨਾਲ ਉਹ ਇਸ ਧਰਤੀ ਉੱਤੇ ਫਿਰਦੌਸ ਬਾਰੇ ਵੀ ਸੋਚ ਰਹੇ ਸਨ। ਸੰਨ 1935 ਵਿਚ ਵਾਸ਼ਿੰਗਟਨ, ਡੀ.ਸੀ. ਦੇ ਸੰਮੇਲਨ ਤੇ ਇਹ ਖ਼ੁਸ਼ੀ-ਭਰੀ ਜਾਣਕਾਰੀ ਮਿਲੀ ਕਿ ਪਰਕਾਸ਼ ਦੀ ਪੋਥੀ ਦੇ 7ਵੇਂ ਅਧਿਆਇ ਵਿਚ ਦੱਸੀ ਗਈ ਵੱਡੀ ਭੀੜ ਹਮੇਸ਼ਾ ਲਈ ਧਰਤੀ ਤੇ ਰਹੇਗੀ। ਉਸ ਸਮੇਂ ਤੋਂ ਲੈ ਕੇ ਵੱਡੀ ਭੀੜ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਅਸੀਂ ਹੁਣ ਵੱਡੀ ਭੀੜ ਦੀ ਪਛਾਣ ਕਰ ਸਕਦੇ ਹਾਂ? ਇਹ ਇਕ ਹਕੀਕਤ ਹੈ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ, ਅਤੇ ਭਾਖਿਆਂ ਵਿੱਚੋਂ ਇਕ ਵੱਡੀ ਭੀੜ ਇਕੱਠੀ ਕੀਤੀ ਜਾ ਰਹੀ ਹੈ। ਇਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਹੁਣ ਦ੍ਰਿੜ੍ਹ ਰਹੀਏ ਅਤੇ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਦੇ ਰਹੀਏ।

13. ਸੰਨ 1941 ਵਿਚ ਸੈਂਟ ਲੂਈ, ਮਿਸੂਰੀ ਵਿਖੇ ਸੰਮੇਲਨ ਤੇ ਕਿਸ ਮਹੱਤਵਪੂਰਣ ਵਾਦ-ਵਿਸ਼ੇ ਦੀ ਗੱਲ ਕੀਤੀ ਗਈ ਸੀ?

13 ਸੰਨ 1941 ਵਿਚ ਸੈਂਟ ਲੂਈ, ਮਿਸੂਰੀ ਵਿਖੇ ਇਕ ਸੰਮੇਲਨ ਤੇ ਸਭ ਤੋਂ ਮਹੱਤਵਪੂਰਣ ਵਾਦ-ਵਿਸ਼ੇ ਤੇ ਚਾਨਣ ਪਾਇਆ ਗਿਆ ਜਿਸ ਬਾਰੇ ਸਾਰੇ ਸੰਸਾਰ ਨੂੰ ਸੋਚਣਾ ਚਾਹੀਦਾ ਹੈ। ਉਹ ਹੈ ਵਿਸ਼ਵ ਉੱਤੇ ਰਾਜ ਕਰਨ ਦੇ ਹੱਕ ਦਾ ਵਾਦ-ਵਿਸ਼ਾ। ਇਹ ਵਾਦ-ਵਿਸ਼ਾ ਹੁਣ ਜਲਦੀ ਹੀ ਨਜਿੱਠਿਆ ਜਾਵੇਗਾ, ਅਤੇ ਇਸ ਨੂੰ ਨਜਿੱਠਣ ਲਈ ਉਹ ਵੱਡਾ ਅਤੇ ਡਰਾਉਣਾ ਦਿਨ ਤੇਜ਼ੀ ਨਾਲ ਆ ਰਿਹਾ ਹੈ! ਸੰਨ 1941 ਵਿਚ ਇਸ ਦੇ ਨਾਲ-ਨਾਲ ਇਕ ਹੋਰ ਵਾਦ-ਵਿਸ਼ੇ ਦੀ ਵੀ ਗੱਲ ਕੀਤੀ ਗਈ ਸੀ—ਖਰਿਆਈ ਦਾ ਵਾਦ-ਵਿਸ਼ਾ। ਇਹ ਵਾਦ-ਵਿਸ਼ਾ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦਾ ਪੱਖ ਲੈਣ ਦਾ ਮੌਕਾ ਦਿੰਦਾ ਹੈ।

14. ਸੰਨ 1950 ਵਿਚ ਅੰਤਰਰਾਸ਼ਟਰੀ ਸੰਮੇਲਨ ਤੇ ਯਸਾਯਾਹ 32:1, 2 ਤੇ ਜ਼ਿਕਰ ਕੀਤੇ ਗਏ ਸਰਦਾਰਾਂ ਬਾਰੇ ਕੀ ਪਤਾ ਲੱਗਾ ਸੀ?

14 ਫਿਰ 1950 ਵਿਚ ਨਿਊਯਾਰਕ ਸਿਟੀ ਵਿਖੇ ਇਕ ਅੰਤਰਰਾਸ਼ਟਰੀ ਸੰਮੇਲਨ ਹੋਇਆ। ਇਸ ਸੰਮੇਲਨ ਤੇ ਦੱਸਿਆ ਗਿਆ ਸੀ ਕਿ ਯਸਾਯਾਹ 32:1, 2 ਤੇ ਜ਼ਿਕਰ ਕੀਤੇ ਗਏ ਸਰਦਾਰ ਕੌਣ ਹਨ। ਜਦੋਂ ਭਰਾ ਫਰੈਡਰਿਕ ਫ਼੍ਰਾਂਜ਼ ਨੇ ਇਸ ਵਿਸ਼ੇ ਨੂੰ ਸਮਝਾਇਆ ਅਤੇ ਦੱਸਿਆ ਕਿ ਭਵਿੱਖ ਵਿਚ ਨਵੀਂ ਦੁਨੀਆਂ ਦੇ ਸਰਦਾਰ ਉਨ੍ਹਾਂ ਦੇ ਨਾਲ ਹੀ ਬੈਠੇ ਹੋਏ ਹਨ, ਤਾਂ ਭੈਣਾਂ-ਭਰਾਵਾਂ ਦਾ ਹੌਸਲਾ ਬਹੁਤ ਹੀ ਵਧਿਆ। ਉਸ ਸੰਮੇਲਨ ਤੇ ਅਤੇ ਬਾਅਦ ਵਿਚ ਦੂਸਰਿਆਂ ਤੇ ਵੀ ਰੂਹਾਨੀ ਤੌਰ ਤੇ ਬਿਹਤਰ ਸਮਝ ਮਿਲਦੀ ਰਹੀ। (ਜ਼ਬੂਰ 97:11) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਰਾਹ “ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ”!

ਆਪਣੀ ਸੇਵਕਾਈ ਵਿਚ ਅੱਗੇ ਵਧਣਾ

15, 16. (ੳ) ਸੰਨ 1920 ਅਤੇ 1930 ਦੇ ਦਹਾਕਿਆਂ ਦੌਰਾਨ ਅਸੀਂ ਸੇਵਕਾਈ ਵਿਚ ਕਿਸ ਤਰ੍ਹਾਂ ਅੱਗੇ ਵਧੇ? (ਅ) ਹਾਲ ਹੀ ਦਿਆਂ ਸਾਲਾਂ ਵਿਚ ਕਿਨ੍ਹਾਂ ਕਿਤਾਬਾਂ ਨੇ ਮਸੀਹੀ ਸੇਵਕਾਈ ਵਿਚ ਸਾਡਾ ਜੋਸ਼ ਵਧਾਇਆ ਹੈ?

15 ਰਾਜ ਬਾਰੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਸਾਡੇ ਕੰਮ ਵਿਚ ਵੀ ਸੰਗਠਨ ਅੱਗੇ ਵਧਿਆ ਹੈ। (ਮੱਤੀ 28:19, 20; ਮਰਕੁਸ 13:10) ਇਸ ਕੰਮ ਨੂੰ ਪੂਰਾ ਕਰਨ ਲਈ, ਸੰਗਠਨ ਸਾਨੂੰ ਯਾਦ ਦਿਲਾਉਂਦਾ ਆਇਆ ਹੈ ਕਿ ਸਾਨੂੰ ਆਪਣੀ ਸੇਵਕਾਈ ਨੂੰ ਵਧਾਉਂਦੇ ਰਹਿਣਾ ਚਾਹੀਦਾ ਹੈ। ਸੰਨ 1922 ਵਿਚ ਸਾਰਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਹਰੇਕ ਮਸੀਹੀ ਕੋਲ ਆਪਣਾ ਚਾਨਣ ਚਮਕਾਉਣ ਦੀ ਜ਼ਿੰਮੇਵਾਰੀ ਸੀ ਤਾਂਕਿ ਉਹ ਸੱਚਾਈ ਦੀ ਗਵਾਹੀ ਦੇਣ ਵਿਚ ਨਿੱਜੀ ਹਿੱਸਾ ਲੈ ਸਕੇ। (ਮੱਤੀ 5:14-16) ਸੰਨ 1927 ਵਿਚ ਐਤਵਾਰ ਦਾ ਦਿਨ ਪ੍ਰਚਾਰ ਕਰਨ ਲਈ ਖ਼ਾਸ ਦਿਨ ਠਹਿਰਾਇਆ ਗਿਆ ਸੀ। ਫਰਵਰੀ 1940 ਵਿਚ ਭੈਣ-ਭਰਾ ਬਿਜ਼ਨਿਸ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਵਾਚਟਾਵਰ ਅਤੇ ਕੌਨਸੋਲੇਸ਼ਨ (ਜੋ ਹੁਣ ਜਾਗਰੂਕ ਬਣੋ! ਹੈ) ਰਸਾਲੇ ਪੇਸ਼ ਕਰਨ ਲੱਗ ਪਏ।

16 ਸੰਨ 1937 ਵਿਚ ਮਾਡਲ ਸਟੱਡੀ ਪੁਸਤਿਕਾ ਰਿਲੀਸ ਕੀਤੀ ਗਈ ਸੀ। ਇਸ ਨੇ ਜ਼ੋਰ ਦਿੱਤਾ ਕਿ ਸਾਨੂੰ ਬਾਈਬਲ ਦੀ ਸੱਚਾਈ ਸਿਖਾਉਣ ਲਈ ਵਾਪਸ ਜਾ ਕੇ ਲੋਕਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਤੋਂ ਬਾਅਦ ਦੇ ਸਾਲਾਂ ਦੌਰਾਨ, ਬਾਈਬਲ ਸਟੱਡੀ ਕਰਵਾਉਣ ਤੇ ਬਹੁਤ ਜ਼ੋਰ ਦਿੱਤਾ ਗਿਆ ਸੀ। ਸੇਵਕਾਈ ਦੇ ਇਸ ਪਹਿਲੂ ਤੇ ਜ਼ੋਰ ਦੇਣ ਲਈ 1946 ਵਿਚ “ਪਰਮੇਸ਼ੁਰ ਸੱਚਾ ਠਹਿਰੇ” (ਅੰਗ੍ਰੇਜ਼ੀ) ਅਤੇ 1968 ਵਿਚ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬਾਂ ਰਿਲੀਸ ਕੀਤੀਆਂ ਗਈਆਂ ਸਨ। ਹੁਣ ਅਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਵਰਤਦੇ ਹਾਂ। ਇਹ ਕਿਤਾਬਾਂ ਚੇਲੇ ਬਣਾਉਣ ਲਈ ਇਕ ਚੰਗੀ ਬੁਨਿਆਦ ਵਜੋਂ ਵਰਤੀਆਂ ਜਾਂਦੀਆਂ ਹਨ।

ਸੰਗਠਨ ਦੀ ਕਾਰਵਾਈ ਵਿਚ ਸੁਧਾਰ ਕਰਨ ਨਾਲ ਅੱਗੇ ਵਧਦੇ ਜਾਣਾ

17. ਯਸਾਯਾਹ 60:17 ਦੇ ਅਨੁਸਾਰ ਯਹੋਵਾਹ ਦਾ ਸੰਗਠਨ ਕਿਸ ਤਰ੍ਹਾਂ ਅੱਗੇ ਵਧਿਆ ਹੈ?

17 ਸੰਗਠਨ ਦੀ ਕਾਰਵਾਈ ਵਿਚ ਸੁਧਾਰ ਜਾਂ ਬਦਲੀਆਂ ਕਰਨ ਦੇ ਸੰਬੰਧ ਵਿਚ ਵੀ ਸੰਗਠਨ ਅੱਗੇ ਵਧਿਆ ਹੈ। ਯਸਾਯਾਹ 60:17 ਦੇ ਅਨੁਸਾਰ ਯਹੋਵਾਹ ਵਾਅਦਾ ਕਰਦਾ ਹੈ ਕਿ “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” ਇਸ ਭਵਿੱਖਬਾਣੀ ਦੀ ਪੂਰਤੀ ਵਿਚ ਪ੍ਰਚਾਰ ਦੇ ਕੰਮ ਦਾ ਵਧੀਆ ਤਰੀਕੇ ਵਿਚ ਪ੍ਰਬੰਧ ਕਰਨ ਅਤੇ ਝੁੰਡ ਦੀ ਬਿਹਤਰ ਦੇਖ-ਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

18, 19. ਸਾਲਾਂ ਦੌਰਾਨ ਸੰਗਠਨ ਦੀ ਕਾਰਵਾਈ ਵਿਚ ਕਿਹੜੇ ਸੁਧਾਰ ਕੀਤੇ ਗਏ ਹਨ?

18 ਸੰਨ 1919 ਵਿਚ ਸੋਸਾਇਟੀ ਨੇ ਉਨ੍ਹਾਂ ਕਲੀਸਿਯਾਵਾਂ ਵਿਚ ਇਕ ਸੇਵਾ ਨਿਗਾਹਬਾਨ ਠਹਿਰਾਇਆ ਜਿੱਥੇ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ ਗਏ ਸਨ। ਇਸ ਨਵੇਂ ਪ੍ਰਬੰਧ ਨੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਦਾ ਕੰਮ ਕਰਨ ਲਈ ਉਤੇਜਿਤ ਕੀਤਾ। ਉਸ ਸਮੇਂ ਨਿਗਰਾਨੀ ਕਰਨ ਲਈ ਬਜ਼ੁਰਗਾਂ ਨੂੰ ਵੋਟਾਂ ਦੁਆਰਾ ਚੁਣਿਆ ਜਾਂਦਾ ਸੀ। ਪਰ ਸੰਨ 1932 ਵਿਚ ਇਸ ਤਰ੍ਹਾਂ ਕਰਨਾ ਬੰਦ ਕੀਤਾ ਗਿਆ ਕਿਉਂਕਿ ਹੁਣ ਕਲੀਸਿਯਾ ਦੇ ਮਾਮਲੇ ਲੋਕਾਂ ਦੀ ਮਰਜ਼ੀ ਨਾਲ ਨਹੀਂ ਚਲਾਏ ਜਾਣੇ ਸਨ। ਸੰਨ 1938 ਵਿਚ ਇਕ ਹੋਰ ਅਹਿਮ ਗੱਲ ਸਮਝੀ ਗਈ ਸੀ ਕਿ ਕਲੀਸਿਯਾ ਦੇ ਸਾਰਿਆਂ ਸੇਵਕਾਂ ਨੂੰ ਉਸੇ ਤਰ੍ਹਾਂ ਨਿਯੁਕਤ ਕੀਤਾ ਜਾਵੇਗਾ ਜਿਸ ਤਰ੍ਹਾਂ ਪਹਿਲੀ ਸਦੀ ਦੀ ਮੁਢਲੀ ਕਲੀਸਿਯਾ ਵਿਚ ਕੀਤਾ ਜਾਂਦਾ ਸੀ। (ਰਸੂਲਾਂ ਦੇ ਕਰਤੱਬ 14:23; 1 ਤਿਮੋਥਿਉਸ 4:14) ਸੰਨ 1972 ਵਿਚ ਨਿਗਾਹਬਾਨਾਂ ਅਤੇ ਸਹਾਇਕ ਸੇਵਕਾਂ ਨੂੰ ਸੇਵਾ ਕਰਨ ਲਈ ਉਸ ਤਰ੍ਹਾਂ ਨਿਯੁਕਤ ਕੀਤਾ ਗਿਆ ਠੀਕ ਜਿਸ ਤਰ੍ਹਾਂ ਮੁਢਲੇ ਮਸੀਹੀਆਂ ਵਿਚ ਕੀਤਾ ਜਾਂਦਾ ਸੀ। ਫ਼ਿਲਿੱਪੀਆਂ 1:1 ਅਤੇ ਹੋਰ ਸ਼ਾਸਤਰਵਚਨ ਦੱਸਦੇ ਹਨ ਕਿ ਕਲੀਸਿਯਾ ਦੀ ਨਿਗਰਾਨੀ ਇੱਕੋ ਹੀ ਜਣਾ ਨਹੀਂ ਸਗੋਂ ਬਜ਼ੁਰਗਾਂ ਦਾ ਇਕ ਸਮੂਹ ਕਰਦਾ ਸੀ ਜਿਸ ਵਿਚ ਨਿਗਾਹਬਾਨਾਂ ਵਜੋਂ ਬਾਈਬਲ ਦੀਆਂ ਮੰਗਾਂ ਪੂਰੀਆਂ ਕਰਨ ਵਾਲੇ ਭਰਾ ਸਨ।​—ਰਸੂਲਾਂ ਦੇ ਕਰਤੱਬ 20:28; ਅਫ਼ਸੀਆਂ 4:11, 12.

19 ਫਿਰ, ਸੰਨ 1975 ਵਿਚ ਸੰਸਾਰ ਭਰ ਵਿਚ ਯਹੋਵਾਹ ਦੇ ਸੰਗਠਨ ਦੇ ਕੰਮਾਂ ਨੂੰ ਸੰਭਾਲਣ ਲਈ ਪ੍ਰਬੰਧਕ ਸਭਾ ਦੀਆਂ ਕਮੇਟੀਆਂ ਬਣਾਈਆਂ ਗਈਆਂ। ਇਸ ਤੋਂ ਇਲਾਵਾ, ਵੱਖੋ-ਵੱਖਰੇ ਮੁਲਕਾਂ ਵਿਚ ਕੰਮ ਸੰਭਾਲਣ ਲਈ ਬ੍ਰਾਂਚ ਕਮੇਟੀਆਂ ਬਣਾਈਆਂ ਗਈਆਂ। ਉਦੋਂ ਤੋਂ ਹੈੱਡ-ਕੁਆਰਟਰ ਅਤੇ ਬ੍ਰਾਂਚਾਂ ਦਾ ਕੰਮ ਸੌਖਾ ਬਣਾਉਣ ਲਈ ਕਾਫ਼ੀ ਧਿਆਨ ਦਿੱਤਾ ਗਿਆ ਹੈ ਤਾਂਕਿ “ਚੰਗ ਚੰਗੇਰੀਆਂ ਗੱਲਾਂ” ਜਾਂ ਜ਼ਿਆਦਾ ਅਹਿਮ ਗੱਲਾਂ ਨੂੰ ਭੁਲਾ ਨਾ ਦਿੱਤਾ ਜਾਵੇ। (ਫ਼ਿਲਿੱਪੀਆਂ 1:9, 10) ਮਸੀਹ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਚਰਵਾਹਿਆਂ ਕੋਲ ਸਿਰਫ਼ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਕਲੀਸਿਯਾ ਵਿਚ ਚੰਗੀ ਤਰ੍ਹਾਂ ਸਿੱਖਿਆ ਦੇਣ, ਅਤੇ ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਨ ਦੀ ਵੀ ਜ਼ਿੰਮੇਵਾਰੀ ਹੈ।​—1 ਤਿਮੋਥਿਉਸ 4:16; ਇਬਰਾਨੀਆਂ 13:7, 17; 1 ਪਤਰਸ 5:2, 3.

ਯਿਸੂ ਦੀ ਅਗਵਾਈ

20. ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਲਈ ਸਾਨੂੰ ਯਿਸੂ ਦੇ ਇਖ਼ਤਿਆਰ ਬਾਰੇ ਕੀ ਸਵੀਕਾਰ ਕਰਨ ਦੀ ਲੋੜ ਹੈ?

20 ਯਹੋਵਾਹ ਦਾ ਸੰਗਠਨ ਦਿਨ-ਬ-ਦਿਨ ਅੱਗੇ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਮਤਲਬ ਇਹ ਹੈ ਕਿ ਅਸੀਂ ‘ਕਲੀਸਿਯਾ ਦੇ ਸਿਰ’ ਵਜੋਂ ਯਿਸੂ ਮਸੀਹ ਦੇ ਇਖ਼ਤਿਆਰ ਨੂੰ ਮੰਨੀਏ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਹੈ। (ਅਫ਼ਸੀਆਂ 5:22, 23) ਮਿਸਾਲ ਲਈ ਯਸਾਯਾਹ 55:4 ਸਾਨੂੰ ਦੱਸਦਾ ਹੈ: “ਵੇਖ, ਮੈਂ [ਯਹੋਵਾਹ ਨੇ] ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ ਅਤੇ ਹਾਕਮ।” ਯਿਸੂ ਮਸੀਹ ਅਗਵਾਈ ਕਰਨੀ ਜਾਣਦਾ ਹੈ। ਉਹ ਆਪਣੀਆਂ ਭੇਡਾਂ ਨੂੰ ਅਤੇ ਉਨ੍ਹਾਂ ਦਿਆਂ ਕੰਮਾਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਦਰਅਸਲ, ਜਦੋਂ ਉਸ ਨੇ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਦੀ ਜਾਂਚ-ਪੜਤਾਲ ਕੀਤੀ ਸੀ ਤਾਂ ਪੰਜ ਵਾਰੀ ਉਸ ਨੇ ਕਿਹਾ ਕਿ ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ।’ (ਪਰਕਾਸ਼ ਦੀ ਪੋਥੀ 2:2, 19; 3:1, 8, 15) ਯਿਸੂ ਆਪਣੇ ਪਿਤਾ ਯਹੋਵਾਹ ਵਾਂਗ ਸਾਡੀਆਂ ਲੋੜਾਂ ਨੂੰ ਵੀ ਜਾਣਦਾ ਹੈ। ਪ੍ਰਭੂ ਦੀ ਪ੍ਰਾਰਥਨਾ ਸਿਖਾਉਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ-ਕਿਨ੍ਹਾਂ ਵਸਤਾਂ ਦੀ ਲੋੜ ਹੈ।”​—ਮੱਤੀ 6:8-13.

21. ਯਿਸੂ ਦੀ ਅਗਵਾਈ ਮਸੀਹੀ ਕਲੀਸਿਯਾ ਵਿਚ ਕਿਸ ਤਰ੍ਹਾਂ ਦੇਖੀ ਜਾ ਸਕਦੀ ਹੈ?

21 ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਅੱਜ ਅਗਵਾਈ ਕਰਦਾ ਹੈ? ਇਕ ਤਰੀਕਾ ਹੈ ਕਿ ਉਹ ਸਾਡੀ ਅਗਵਾਈ ਮਸੀਹੀ ਨਿਗਾਹਬਾਨਾਂ, ਅਰਥਾਤ ‘ਮਨੁੱਖਾਂ ਵਿਚ ਦਾਨ,’ ਦੁਆਰਾ ਕਰਦਾ ਹੈ। (ਅਫ਼ਸੀਆਂ 4:8) ਪਰਕਾਸ਼ ਦੀ ਪੋਥੀ 1:16 ਦੇ ਦਰਸ਼ਣ ਵਿਚ ਮਸਹ ਕੀਤੇ ਹੋਏ ਨਿਗਾਹਬਾਨ ਮਸੀਹ ਦੇ ਸੱਜੇ ਹੱਥ ਵਿਚ ਹਨ ਯਾਨੀ ਉਸ ਦੇ ਕੰਟ੍ਰੋਲ ਵਿਚ ਹਨ। ਅੱਜ ਯਿਸੂ ਬਜ਼ੁਰਗਾਂ ਦੀ ਅਗਵਾਈ ਕਰਦਾ ਹੈ, ਚਾਹੇ ਉਨ੍ਹਾਂ ਕੋਲ ਸਵਰਗ ਨੂੰ ਜਾਣ ਦੀ ਜਾਂ ਧਰਤੀ ਉੱਤੇ ਰਹਿਣ ਦੀ ਉਮੀਦ ਹੋਵੇ। ਜਿਵੇਂ ਪਹਿਲੇ ਲੇਖ ਵਿਚ ਸਮਝਾਇਆ ਗਿਆ ਸੀ, ਉਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਅਤੇ ਬਾਈਬਲ ਦੀਆਂ ਮੰਗਾਂ ਅਨੁਸਾਰ ਨਿਯੁਕਤ ਕੀਤਾ ਜਾਂਦਾ ਹੈ। (1 ਤਿਮੋਥਿਉਸ 3:1-7; ਤੀਤੁਸ 1:5-9) ਪਹਿਲੀ ਸਦੀ ਵਿਚ ਯਰੂਸ਼ਲਮ ਦੇ ਬਜ਼ੁਰਗਾਂ ਦੇ ਇਕ ਸਮੂਹ ਦੀ ਪ੍ਰਬੰਧਕ ਸਭਾ ਸੀ ਜਿਸ ਕੋਲ ਕਲੀਸਿਯਾ ਦੀ ਅਤੇ ਪ੍ਰਚਾਰ ਦੇ ਕੰਮ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੀ। ਅੱਜ ਵੀ ਯਹੋਵਾਹ ਦੇ ਸੰਗਠਨ ਵਿਚ ਇਸੇ ਤਰ੍ਹਾਂ ਕੀਤਾ ਜਾਂਦਾ ਹੈ।

ਕਦਮ ਮਿਲਾ ਕੇ ਚੱਲੋ!

22. ਪ੍ਰਬੰਧਕ ਸਭਾ ਕਿਹੋ ਜਿਹੀ ਮਦਦ ਦਿੰਦੀ ਹੈ?

22 ਸਾਡੇ ਸਮੇਂ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਧਰਤੀ ਉੱਤੇ ਰਾਜ ਦੀਆਂ ਗੱਲਾਂ ਸੌਂਪੀਆਂ ਗਈਆਂ ਹਨ ਅਤੇ ਅੱਜ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਇਸ ਨੌਕਰ ਨੂੰ ਦਰਸਾਉਂਦੀ ਹੈ। (ਮੱਤੀ 24:45-47) ਮਸੀਹੀ ਕਲੀਸਿਯਾ ਨੂੰ ਰੂਹਾਨੀ ਸਿਖਲਾਈ ਅਤੇ ਅਗਵਾਈ ਦੇਣੀ, ਪ੍ਰਬੰਧਕ ਸਭਾ ਦੀ ਮੁੱਖ ਚਿੰਤਾ ਹੈ। (ਰਸੂਲਾਂ ਦੇ ਕਰਤੱਬ 6:1-6) ਲੇਕਿਨ ਜਦੋਂ ਭੈਣਾਂ-ਭਰਾਵਾਂ ਨੂੰ ਕੁਦਰਤੀ ਬਿਪਤਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਜ਼ਰੂਰੀ ਸਾਮਾਨ ਭੇਜਣ ਅਤੇ ਘਰਾਂ ਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਲਈ ਪ੍ਰਬੰਧਕ ਸਭਾ ਆਪਣੀ ਕਿਸੇ ਕਾਨੂੰਨੀ ਕਾਰਪੋਰੇਸ਼ਨ ਨੂੰ ਕੰਮ ਸੌਂਪਦੀ ਹੈ। ਇਸ ਤੋਂ ਇਲਾਵਾ, ਜਦੋਂ ਭਰਾਵਾਂ ਨੂੰ ਸਤਾਇਆ ਜਾਂਦਾ ਹੈ, ਤਾਂ ਵੀ ਉਨ੍ਹਾਂ ਨੂੰ ਮਦਦ ਦਿੱਤੀ ਜਾਂਦੀ ਹੈ ਤਾਂਕਿ ਉਹ ਹੌਸਲਾ ਨਾ ਹਾਰਨ ਅਤੇ ਰੂਹਾਨੀ ਤੌਰ ਤੇ ਮਜ਼ਬੂਤ ਰਹਿਣ। ਉਹ “ਵੇਲੇ ਕੁਵੇਲੇ” ਪ੍ਰਚਾਰ ਕਰਨ ਵਿਚ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ।​—2 ਤਿਮੋਥਿਉਸ 4:1, 2.

23, 24. ਚਾਹੇ ਜੋ ਮਰਜ਼ੀ ਯਹੋਵਾਹ ਦੇ ਲੋਕਾਂ ਉੱਤੇ ਬੀਤੇ ਉਹ ਲਗਾਤਾਰ ਕੀ ਕਰਦਾ ਹੈ ਅਤੇ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

23 ਯਹੋਵਾਹ ਦੇ ਲੋਕਾਂ ਤੇ ਜੋ ਮਰਜ਼ੀ ਬੀਤੇ, ਯਹੋਵਾਹ ਰੂਹਾਨੀ ਭੋਜਨ ਅਤੇ ਲੋੜੀਂਦੀ ਅਗਵਾਈ ਲਗਾਤਾਰ ਦਿੰਦਾ ਰਹਿੰਦਾ ਹੈ। ਸੰਗਠਨ ਦੇ ਕੰਮਾਂ ਨੂੰ ਹੋਰ ਅੱਗੇ ਵਧਾਉਣ ਲਈ ਅਤੇ ਸੁਧਾਰ ਕਰਨ ਲਈ ਯਹੋਵਾਹ ਜ਼ਿੰਮੇਵਾਰ ਭਰਾਵਾਂ ਨੂੰ ਸਮਝ ਵੀ ਦਿੰਦਾ ਹੈ। (ਬਿਵਸਥਾ ਸਾਰ 34:9; ਅਫ਼ਸੀਆਂ 1:16, 17) ਚੇਲੇ ਬਣਾਉਣ ਦੇ ਹੁਕਮ ਅਤੇ ਸੰਸਾਰ ਭਰ ਵਿਚ ਪ੍ਰਚਾਰ ਕਰਨ ਦੇ ਕੰਮ ਨੂੰ ਪੂਰਾ ਕਰਨ ਲਈ ਯਹੋਵਾਹ ਸਾਨੂੰ ਲੋੜੀਂਦੀਆਂ ਚੀਜ਼ਾਂ ਦਿੰਦਾ ਹੈ।​—2 ਤਿਮੋਥਿਉਸ 4:5.

24 ਸਾਨੂੰ ਪੂਰਾ ਭਰੋਸਾ ਹੈ ਕਿ “ਵੱਡੀ ਬਿਪਤਾ” ਦੌਰਾਨ ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਕਦੇ ਵੀ ਨਹੀਂ ਛੱਡੇਗਾ, ਉਹ ਉਨ੍ਹਾਂ ਨੂੰ ਜ਼ਰੂਰ ਬਚਾਵੇਗਾ। (ਪਰਕਾਸ਼ ਦੀ ਪੋਥੀ 7:9-14; ਜ਼ਬੂਰ 94:14; 2 ਪਤਰਸ 2:9) ਸਾਨੂੰ ਅੰਤ ਤਕ ਤਕੜਾਈ ਨਾਲ ਉਸੇ ਤਰ੍ਹਾਂ ਦੀ ਨਿਹਚਾ ਫੜੀ ਰੱਖਣੀ ਚਾਹੀਦੀ ਹੈ ਜੋ ਅਸੀਂ ਸੱਚਾਈ ਵਿਚ ਆਉਣ ਵੇਲੇ ਰੱਖਦੇ ਸਨ। (ਇਬਰਾਨੀਆਂ 3:14) ਤਾਂ ਫਿਰ, ਆਓ ਆਪਾਂ ਸਾਰੇ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਦਾ ਪੱਕਾ ਇਰਾਦਾ ਕਰੀਏ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਸੰਗਠਨ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ?

• ਅੱਜ ਇਸ ਗੱਲ ਦਾ ਕੀ ਸਬੂਤ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਸੱਚਾਈ ਦੀ ਹੋਰ ਰੂਹਾਨੀ ਸਮਝ ਮਿਲਦੀ ਹੈ?

• ਮਸੀਹੀ ਸੇਵਕਾਈ ਵਿਚ ਕਿਸ ਤਰ੍ਹਾਂ ਸੁਧਾਰ ਹੋਏ ਹਨ?

• ਯਹੋਵਾਹ ਦੇ ਸੇਵਕਾਂ ਨੇ ਸਮੇਂ ਸਿਰ ਸੰਗਠਨ ਦੀਆਂ ਕਾਰਵਾਈਆਂ ਵਿਚ ਕਿਹੜੀਆਂ ਬਦਲੀਆਂ ਕੀਤੀਆਂ ਸਨ?

[ਸਵਾਲ]

[ਸਫ਼ੇ 17 ਉੱਤੇ ਤਸਵੀਰ]

ਦਾਊਦ ਵਾਂਗ, ਯਹੋਵਾਹ ਦੇ ਸਾਰਿਆਂ ਅਸਚਰਜ ਕੰਮਾਂ ਬਾਰੇ ਅਸੀਂ ਵੀ ਪੂਰੀ ਤਰ੍ਹਾਂ ਨਹੀਂ ਦੱਸ ਸਕਦੇ

[ਸਫ਼ੇ 18 ਉੱਤੇ ਤਸਵੀਰ]

ਸੰਗਠਨ ਦੀ ਕਾਰਵਾਈ ਦੇ ਸਮੇਂ ਸਿਰ ਸੁਧਾਰ ਤੋਂ ਪਰਮੇਸ਼ੁਰ ਦੇ ਝੁੰਡ ਨੂੰ ਲਾਭ ਹੋਇਆ ਹੈ