Skip to content

Skip to table of contents

ਕੀ ਤੁਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾ ਲਿਆ ਹੈ?

ਕੀ ਤੁਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾ ਲਿਆ ਹੈ?

ਕੀ ਤੁਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾ ਲਿਆ ਹੈ?

“ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”​—ਰੋਮੀਆਂ 12:2.

1, 2. ਅੱਜ ਇਕ ਸੱਚਾ ਮਸੀਹੀ ਬਣੇ ਰਹਿਣਾ ਸੌਖੀ ਗੱਲ ਕਿਉਂ ਨਹੀਂ ਹੈ?

ਇਨ੍ਹਾਂ ਅੰਤ ਦੇ ਦਿਨਾਂ ਵਿਚ ਇਕ ਸੱਚਾ ਮਸੀਹੀ ਬਣਨਾ ਕੋਈ ਸੌਖੀ ਗੱਲ ਨਹੀਂ ਹੈ ਕਿਉਂਕਿ ਇਹ ਸਮੇਂ ਬਹੁਤ ਹੀ ਭੈੜੇ ਹਨ। (2 ਤਿਮੋਥਿਉਸ 3:1) ਅਸਲ ਵਿਚ ਜੇ ਕੋਈ ਵਿਅਕਤੀ ਮਸੀਹ ਦੀ ਪੈੜ ਤੇ ਚੱਲਣਾ ਚਾਹੁੰਦਾ ਹੈ, ਤਾਂ ਉਸ ਨੂੰ ਇਸ ਸੰਸਾਰ ਨੂੰ ਫਤਹਿ ਕਰਨਾ ਹੀ ਪੈਣਾ ਹੈ। (1 ਯੂਹੰਨਾ 5:4) ਯਾਦ ਕਰੋ ਕਿ ਯਿਸੂ ਨੇ ਮਸੀਹੀ ਜ਼ਿੰਦਗੀ ਬਾਰੇ ਕੀ ਕਿਹਾ ਸੀ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” ਉਸ ਨੇ ਇਹ ਵੀ ਕਿਹਾ ਸੀ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।”​—ਮੱਤੀ 7:13, 14; ਲੂਕਾ 9:23.

2 ਜੀਵਨ ਨੂੰ ਜਾਂਦੇ ਭੀੜੇ ਰਾਹ ਉੱਤੇ ਚੱਲਣਾ ਸ਼ੁਰੂ ਕਰਨ ਤੋਂ ਬਾਅਦ, ਹਰ ਮਸੀਹੀ ਲਈ ਅਗਲੀ ਚੁਣੌਤੀ ਇਹ ਹੁੰਦੀ ਹੈ ਕਿ ਉਹ ਇਸ ਰਾਹ ਉੱਤੇ ਜ਼ਿੰਦਗੀ ਭਰ ਚੱਲਦਾ ਰਹੇ। ਇਹ ਇਕ ਚੁਣੌਤੀ ਕਿਉਂ ਹੈ? ਕਿਉਂਕਿ ਜਦੋਂ ਅਸੀਂ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈ ਲੈਂਦੇ ਹਾਂ, ਤਾਂ ਅਸੀਂ ਸ਼ਤਾਨ ਦੇ ਛੱਲ-ਛਿਦ੍ਰਾਂ ਜਾਂ ਗੁੱਝੀਆਂ ਚਾਲਾਂ ਦਾ ਨਿਸ਼ਾਨਾ ਬਣ ਜਾਂਦੇ ਹਾਂ। (ਅਫ਼ਸੀਆਂ 6:11) ਉਹ ਸਾਡੀਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦਾ ਹੈ ਜਿਨ੍ਹਾਂ ਨੂੰ ਵਰਤ ਕੇ ਉਹ ਸਾਡੀ ਅਧਿਆਤਮਿਕਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਤਾਂ ਯਿਸੂ ਨੂੰ ਵੀ ਨਹੀਂ ਛੱਡਿਆ ਸੀ, ਤਾਂ ਫਿਰ ਉਹ ਸਾਨੂੰ ਕਿੱਦਾਂ ਛੱਡ ਦੇਵੇਗਾ?​—ਮੱਤੀ 4:1-11.

ਸ਼ਤਾਨ ਦੀਆਂ ਗੁੱਝੀਆਂ ਚਾਲਾਂ

3. ਸ਼ਤਾਨ ਨੇ ਹੱਵਾਹ ਦੇ ਮਨ ਵਿਚ ਕਿਵੇਂ ਸ਼ੱਕ ਦਾ ਬੀ ਬੀਜਿਆ?

3 ਸ਼ਤਾਨ ਦੀ ਇਕ ਚਾਲ ਹੈ ਕਿ ਉਹ ਸਾਡੇ ਮਨਾਂ ਵਿਚ ਸ਼ੱਕ ਦੇ ਬੀ ਬੀਜਦਾ ਹੈ। ਉਹ ਸਾਡੇ ਅਧਿਆਤਮਿਕ ਸ਼ਸਤਰ-ਬਸਤਰ ਵਿਚ ਨੁਕਸ ਲੱਭਦਾ ਹੈ। ਸ਼ੁਰੂ ਵਿਚ ਉਸ ਨੇ ਇਹ ਚਾਲ ਹੱਵਾਹ ਤੇ ਚੱਲੀ ਸੀ। ਉਸ ਨੇ ਹੱਵਾਹ ਨੂੰ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” (ਉਤਪਤ 3:1) ਦੂਸਰੇ ਸ਼ਬਦਾਂ ਵਿਚ, ਸ਼ਤਾਨ ਇਹ ਕਹਿ ਰਿਹਾ ਸੀ, ‘ਕੀ ਸੱਚੀਂ ਪਰਮੇਸ਼ੁਰ ਨੇ ਤੁਹਾਡੇ ਉੱਤੇ ਇਹ ਪਾਬੰਦੀ ਲਾਈ ਹੈ? ਕੀ ਉਸ ਨੇ ਇੰਨੀ ਚੰਗੀ ਚੀਜ਼ ਖਾਣ ਤੋਂ ਤੁਹਾਨੂੰ ਰੋਕ ਕੇ ਰੱਖਿਆ ਹੋਇਆ ਹੈ? ਪਰ ਪਰਮੇਸ਼ੁਰ ਤਾਂ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਇਸ ਦਰਖ਼ਤ ਦਾ ਫਲ ਖਾਓਗੇ, ਉਸੇ ਦਿਨ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਤੇ ਤੁਹਾਨੂੰ ਪਰਮੇਸ਼ੁਰ ਵਾਂਗ ਭਲੇ-ਬੁਰੇ ਦਾ ਗਿਆਨ ਹੋ ਜਾਵੇਗਾ!’ ਇਉਂ ਸ਼ਤਾਨ ਨੇ ਹੱਵਾਹ ਦੇ ਮਨ ਵਿਚ ਸ਼ੱਕ ਦਾ ਬੀ ਬੀਜ ਦਿੱਤਾ ਤੇ ਉਸ ਦੇ ਪੁੰਗਰਨ ਦੀ ਉਡੀਕ ਕਰਨ ਲੱਗਾ।​—ਉਤਪਤ 3:5.

4. ਅੱਜ ਕੁਝ ਮਸੀਹੀਆਂ ਦੇ ਮਨਾਂ ਵਿਚ ਕਿਹੜੇ ਕੁਝ ਸ਼ੱਕ ਪੈਦਾ ਹੋ ਸਕਦੇ ਹਨ?

4 ਸ਼ਤਾਨ ਅੱਜ ਇਹ ਚਾਲ ਕਿਵੇਂ ਚੱਲਦਾ ਹੈ? ਜੇ ਅਸੀਂ ਨਿਯਮਿਤ ਤੌਰ ਤੇ ਬਾਈਬਲ ਨਹੀਂ ਪੜ੍ਹਦੇ, ਅਧਿਐਨ ਨਹੀਂ ਕਰਦੇ, ਪ੍ਰਾਰਥਨਾ ਨਹੀਂ ਕਰਦੇ, ਮਸੀਹੀ ਸਭਾਵਾਂ ਵਿਚ ਨਹੀਂ ਜਾਂਦੇ ਤੇ ਪ੍ਰਚਾਰ ਨਹੀਂ ਕਰਦੇ, ਤਾਂ ਦੂਸਰਿਆਂ ਵੱਲੋਂ ਪੈਦਾ ਕੀਤੇ ਸ਼ੱਕ ਸਾਡੇ ਮਨਾਂ ਵਿਚ ਵੀ ਆਸਾਨੀ ਨਾਲ ਜੜ੍ਹ ਫੜ ਸਕਦੇ ਹਨ। ਉਦਾਹਰਣ ਲਈ: “ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਜੋ ਸੱਚਾਈ ਅਸੀਂ ਸਿੱਖੀ ਹੈ ਉਹੀ ਯਿਸੂ ਨੇ ਸਿਖਾਈ ਸੀ?” “ਕੀ ਇਹ ਸੱਚ-ਮੁੱਚ ਅੰਤ ਦੇ ਦਿਨ ਹਨ? ਹੁਣ ਤਾਂ ਅਸੀਂ 21ਵੀਂ ਸਦੀ ਵਿਚ ਪਹੁੰਚ ਗਏ ਹਾਂ।” “ਕੀ ਆਰਮਾਗੇਡਨ ਜਲਦੀ ਹੀ ਆਉਣ ਵਾਲਾ ਹੈ ਜਾਂ ਇਸ ਦੇ ਆਉਣ ਵਿਚ ਅਜੇ ਬਹੁਤ ਦੇਰ ਹੈ?” ਜੇ ਸਾਡੇ ਮਨਾਂ ਵਿਚ ਅਜਿਹੇ ਸ਼ੱਕ ਪੈਦਾ ਹੋ ਜਾਂਦੇ ਹਨ, ਤਾਂ ਅਸੀਂ ਇਨ੍ਹਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ?

5, 6. ਜੇ ਸਾਡੇ ਮਨਾਂ ਵਿਚ ਸ਼ੱਕ ਪੈਦਾ ਹੋ ਜਾਂਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

5 ਯਾਕੂਬ ਨੇ ਇਕ ਚੰਗੀ ਸਲਾਹ ਦਿੱਤੀ ਸੀ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ। ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ। ਇਹੋ ਜਿਹਾ ਮਨੁੱਖ ਨਾ ਸਮਝੇ ਭਈ ਪ੍ਰਭੁ ਕੋਲੋਂ ਮੈਨੂੰ ਕੁਝ ਲੱਭੇਗਾ। ਉਹ ਦੁਚਿੱਤਾ ਮਨੁੱਖ ਹੈ ਜਿਹੜਾ ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।”​—ਯਾਕੂਬ 1:5-8.

6 ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਪ੍ਰਾਰਥਨਾ ਵਿਚ ‘ਪਰਮੇਸ਼ੁਰ ਕੋਲੋਂ ਮੰਗਦੇ’ ਰਹਿਣਾ ਚਾਹੀਦਾ ਹੈ ਕਿ ਉਹ ਸਾਡੀ ਨਿਹਚਾ ਨੂੰ ਮਜ਼ਬੂਤ ਕਰੇ ਤੇ ਬਾਈਬਲ ਦੀ ਸਾਡੀ ਸਮਝ ਨੂੰ ਵਧਾਵੇ। ਇਸ ਦੇ ਨਾਲ-ਨਾਲ ਸਾਨੂੰ ਕਿਸੇ ਵੀ ਸਵਾਲ ਦਾ ਜਵਾਬ ਲੱਭਣ ਜਾਂ ਕਿਸੇ ਸ਼ੱਕ ਨੂੰ ਦੂਰ ਕਰਨ ਲਈ ਹੋਰ ਜ਼ਿਆਦਾ ਅਧਿਐਨ ਕਰਨਾ ਚਾਹੀਦਾ ਹੈ। ਅਸੀਂ ਉਨ੍ਹਾਂ ਭੈਣ-ਭਰਾਵਾਂ ਕੋਲੋਂ ਵੀ ਮਦਦ ਲੈ ਸਕਦੇ ਹਾਂ ਜਿਨ੍ਹਾਂ ਦੀ ਨਿਹਚਾ ਮਜ਼ਬੂਤ ਹੈ। ਸਾਨੂੰ ਕਦੀ ਵੀ ਇਹ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਯਹੋਵਾਹ ਲੋੜ ਵੇਲੇ ਜ਼ਰੂਰ ਸਾਡੀ ਮਦਦ ਕਰੇਗਾ। ਯਾਕੂਬ ਨੇ ਇਹ ਵੀ ਕਿਹਾ ਸੀ: “ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” ਜੀ ਹਾਂ, ਜਦੋਂ ਅਸੀਂ ਅਧਿਐਨ ਅਤੇ ਪ੍ਰਾਰਥਨਾ ਕਰਨ ਦੁਆਰਾ ਪਰਮੇਸ਼ੁਰ ਦੇ ਨੇੜੇ ਜਾਵਾਂਗੇ, ਤਾਂ ਸਾਡੇ ਸ਼ੱਕ ਦੂਰ ਹੋ ਜਾਣਗੇ।​—ਯਾਕੂਬ 4:7, 8.

7, 8. ਕਿਹੜੀਆਂ ਕੁਝ ਗੱਲਾਂ ਤੇ ਗੌਰ ਕਰਨ ਨਾਲ ਅਸੀਂ ਯਿਸੂ ਦੁਆਰਾ ਸਿਖਾਏ ਭਗਤੀ ਕਰਨ ਦੇ ਤਰੀਕੇ ਬਾਰੇ ਪਤਾ ਲੱਗਾ ਸਕਦੇ ਹਾਂ ਤੇ ਕਿਹੜੇ ਲੋਕ ਇਨ੍ਹਾਂ ਗੱਲਾਂ ਨੂੰ ਪੂਰਾ ਕਰਦੇ ਹਨ?

7 ਉਦਾਹਰਣ ਲਈ ਇਸ ਸਵਾਲ ਤੇ ਗੌਰ ਕਰੋ: ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਅਸੀਂ ਯਿਸੂ ਦੇ ਸਿਖਾਏ ਹੋਏ ਤਰੀਕੇ ਅਨੁਸਾਰ ਭਗਤੀ ਕਰਦੇ ਹਾਂ? ਇਸ ਦਾ ਜਵਾਬ ਲੱਭਣ ਲਈ ਸਾਨੂੰ ਕਿਹੜੀਆਂ ਗੱਲਾਂ ਤੇ ਗੌਰ ਕਰਨਾ ਪਵੇਗਾ? ਬਾਈਬਲ ਦੱਸਦੀ ਹੈ ਕਿ ਸੱਚੇ ਮਸੀਹੀਆਂ ਦਾ ਆਪਸ ਵਿਚ ਸੱਚਾ ਪਿਆਰ ਹੁੰਦਾ ਹੈ। (ਯੂਹੰਨਾ 13:34, 35) ਉਹ ਪਰਮੇਸ਼ੁਰ ਦੇ ਨਾਂ, ਯਹੋਵਾਹ ਨੂੰ ਪਵਿੱਤਰ ਕਰਦੇ ਹਨ। (ਯਸਾਯਾਹ 12:4, 5; ਮੱਤੀ 6:9) ਅਤੇ ਉਹ ਪਰਮੇਸ਼ੁਰ ਦੇ ਨਾਂ ਬਾਰੇ ਦੂਜਿਆਂ ਨੂੰ ਵੀ ਦੱਸਦੇ ਹਨ।​—ਕੂਚ 3:15; ਯੂਹੰਨਾ 17:26.

8 ਸੱਚੀ ਭਗਤੀ ਦਾ ਇਕ ਹੋਰ ਪਛਾਣ ਚਿੰਨ੍ਹ ਹੈ ਪਰਮੇਸ਼ੁਰ ਦੇ ਬਚਨ ਬਾਈਬਲ ਲਈ ਆਦਰ। ਇਹੀ ਇੱਕੋ-ਇਕ ਕਿਤਾਬ ਹੈ ਜੋ ਪਰਮੇਸ਼ੁਰ ਦੀ ਸ਼ਖ਼ਸੀਅਤ ਅਤੇ ਮਕਸਦਾਂ ਬਾਰੇ ਦੱਸਦੀ ਹੈ। (ਯੂਹੰਨਾ 17:17; 2 ਤਿਮੋਥਿਉਸ 3:16, 17) ਇਸ ਤੋਂ ਇਲਾਵਾ, ਸੱਚੇ ਮਸੀਹੀ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨ ਨੂੰ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੇ ਸਕਦਾ ਹੈ। (ਮਰਕੁਸ 13:10; ਪਰਕਾਸ਼ ਦੀ ਪੋਥੀ 21:1-4) ਉਹ ਇਸ ਦੁਨੀਆਂ ਦੀ ਭ੍ਰਿਸ਼ਟ ਰਾਜਨੀਤੀ ਤੇ ਜ਼ਿੰਦਗੀ ਜੀਉਣ ਦੇ ਗੰਦੇ ਤੌਰ-ਤਰੀਕਿਆਂ ਤੋਂ ਦੂਰ ਰਹਿੰਦੇ ਹਨ। (ਯੂਹੰਨਾ 15:19; ਯਾਕੂਬ 1:27; 4:4) ਕਿਹੜੇ ਲੋਕ ਇਨ੍ਹਾਂ ਗੱਲਾਂ ਨੂੰ ਪੂਰਾ ਕਰਦੇ ਹਨ? ਸਬੂਤ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਸਿਰਫ਼ ਯਹੋਵਾਹ ਦੇ ਗਵਾਹ ਹੀ ਇਨ੍ਹਾਂ ਗੱਲਾਂ ਨੂੰ ਪੂਰਾ ਕਰਦੇ ਹਨ।

ਜੇ ਸ਼ੱਕ ਦੂਰ ਨਹੀਂ ਹੁੰਦੇ, ਤਾਂ ਕੀ ਕੀਤਾ ਜਾਵੇ?

9, 10. ਜੇ ਸਾਡੇ ਸ਼ੱਕ ਦੂਰ ਨਹੀਂ ਹੁੰਦੇ, ਤਾਂ ਅਸੀਂ ਕੀ ਕਰ ਸਕਦੇ ਹਾਂ?

9 ਜੇ ਸਾਡੇ ਮਨਾਂ ਵਿਚ ਸ਼ੱਕ ਪੈਦਾ ਹੋ ਜਾਂਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਬੁੱਧੀਮਾਨ ਰਾਜਾ ਸੁਲੇਮਾਨ ਇਸ ਦਾ ਜਵਾਬ ਦਿੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।”​—ਕਹਾਉਤਾਂ 2:1-5.

10 ਕਿੰਨੀ ਵਧੀਆ ਗੱਲ! ਜੇ ਅਸੀਂ ਪਰਮੇਸ਼ੁਰ ਦੀ ਬੁੱਧੀ ਵੱਲ ਪੂਰਾ ਧਿਆਨ ਦਿੰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਾਂਗੇ। ਜੀ ਹਾਂ, ਜੇ ਅਸੀਂ ਉਸ ਦੇ ਆਖੇ ਲੱਗੀਏ ਤੇ ਉਸ ਦੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੀਏ, ਤਾਂ ਅਸੀਂ ਪੂਰੀ ਦੁਨੀਆਂ ਦੇ ਸ਼ਹਿਨਸ਼ਾਹ ਯਹੋਵਾਹ ਬਾਰੇ ਗਿਆਨ ਲੈ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਤੇ ਉਸ ਦੇ ਬਚਨ ਦਾ ਅਧਿਐਨ ਕਰੀਏ। ਉਸ ਦੇ ਬਚਨ ਦਾ ਗੁਪਤ ਧਨ ਸਾਡੇ ਹਰ ਸ਼ੱਕ ਨੂੰ ਦੂਰ ਕਰ ਕੇ ਸਾਨੂੰ ਸੱਚਾਈ ਦਾ ਰਾਹ ਦਿਖਾ ਸਕਦਾ ਹੈ।

11. ਅਲੀਸ਼ਾ ਦੇ ਨੌਕਰ ਦੇ ਮਨ ਵਿਚ ਕਿਹੜਾ ਸ਼ੱਕ ਪੈਦਾ ਹੋਇਆ?

11ਦੂਸਰਾ ਰਾਜਿਆਂ 6:11-18 ਦਾ ਬਿਰਤਾਂਤ ਦਿਖਾਉਂਦਾ ਹੈ ਕਿ ਕਿਵੇਂ ਪ੍ਰਾਰਥਨਾ ਨੇ ਪਰਮੇਸ਼ੁਰ ਦੇ ਇਕ ਸੇਵਕ ਦੇ ਡਰ ਤੇ ਸ਼ੱਕ ਨੂੰ ਦੂਰ ਕੀਤਾ। ਅਲੀਸ਼ਾ ਦੇ ਨੌਕਰ ਦੀ ਅਧਿਆਤਮਿਕ ਨਜ਼ਰ ਕਮਜ਼ੋਰ ਸੀ। ਪਰਮੇਸ਼ੁਰ ਦੇ ਨਬੀ ਅਲੀਸ਼ਾ ਨੂੰ ਅਰਾਮ ਦੇਸ਼ ਦੀਆਂ ਫ਼ੌਜਾਂ ਨੇ ਘੇਰਿਆ ਹੋਇਆ ਸੀ। ਉਸ ਦਾ ਨੌਕਰ ਇਹ ਨਹੀਂ ਦੇਖ ਸਕਿਆ ਕਿ ਅਲੀਸ਼ਾ ਨੂੰ ਬਚਾਉਣ ਲਈ ਸਵਰਗੀ ਲਸ਼ਕਰ ਤਿਆਰ ਖੜ੍ਹੇ ਸਨ। ਡਰ ਕੇ ਉਸ ਦੇ ਨੌਕਰ ਨੇ ਕਿਹਾ: “ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ?” ਅਲੀਸ਼ਾ ਨੇ ਉਸ ਨੂੰ ਕੀ ਕਿਹਾ? “ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” ਪਰ ਉਸ ਦੇ ਨੌਕਰ ਨੂੰ ਇਸ ਗੱਲ ਦਾ ਕਿਵੇਂ ਯਕੀਨ ਹੋ ਸਕਦਾ ਸੀ? ਉਹ ਸਵਰਗੀ ਲਸ਼ਕਰਾਂ ਨੂੰ ਨਹੀਂ ਦੇਖ ਸਕਦਾ ਸੀ।

12. (ੳ) ਅਲੀਸ਼ਾ ਦੇ ਨੌਕਰ ਦਾ ਸ਼ੱਕ ਕਿਵੇਂ ਦੂਰ ਕੀਤਾ ਗਿਆ? (ਅ) ਜੇ ਸਾਡੇ ਮਨ ਵਿਚ ਕੋਈ ਸ਼ੱਕ ਪੈਦਾ ਹੋ ਜਾਂਦਾ ਹੈ, ਤਾਂ ਅਸੀਂ ਉਸ ਨੂੰ ਕਿਵੇਂ ਦੂਰ ਕਰ ਸਕਦੇ ਹਾਂ?

12 “ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਭਈ ਉਹ ਵੇਖੇ ਅਤੇ ਯਹੋਵਾਹ ਨੇ ਉਸ ਜੁਆਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਭਈ ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਹੈ।” ਉਸ ਵੇਲੇ ਯਹੋਵਾਹ ਨੇ ਅਲੀਸ਼ਾ ਦੇ ਨੌਕਰ ਨੂੰ ਉਹ ਸਵਰਗੀ ਲਸ਼ਕਰ ਦਿਖਾਏ ਜੋ ਅਲੀਸ਼ਾ ਦੀ ਰੱਖਿਆ ਕਰ ਰਹੇ ਸਨ। ਪਰ ਅੱਜ ਸਾਨੂੰ ਪਰਮੇਸ਼ੁਰ ਵੱਲੋਂ ਅਜਿਹੀ ਮਦਦ ਦੀ ਆਸ ਨਹੀਂ ਰੱਖਣੀ ਚਾਹੀਦੀ। ਯਾਦ ਰੱਖੋ ਕਿ ਅਲੀਸ਼ਾ ਨਬੀ ਦੇ ਨੌਕਰ ਕੋਲ ਪੂਰੀ ਬਾਈਬਲ ਨਹੀਂ ਸੀ ਜਿਸ ਨੂੰ ਪੜ੍ਹ ਕੇ ਉਹ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਦਾ। ਪਰ ਅੱਜ ਸਾਡੇ ਕੋਲ ਬਾਈਬਲ ਹੈ। ਜੇ ਅਸੀਂ ਬਾਕਾਇਦਾ ਇਸ ਨੂੰ ਪੜ੍ਹਦੇ ਹਾਂ, ਤਾਂ ਸਾਡੀ ਨਿਹਚਾ ਵੀ ਮਜ਼ਬੂਤ ਹੋਵੇਗੀ। ਉਦਾਹਰਣ ਲਈ, ਅਸੀਂ ਉਨ੍ਹਾਂ ਕਈ ਬਾਈਬਲ ਬਿਰਤਾਂਤਾਂ ਉੱਤੇ ਵਿਚਾਰ ਕਰ ਸਕਦੇ ਹਾਂ ਜਿਨ੍ਹਾਂ ਵਿਚ ਯਹੋਵਾਹ ਨੂੰ ਆਪਣੇ ਸਵਰਗੀ ਦਰਬਾਰ ਵਿਚ ਬੈਠੇ ਦੱਸਿਆ ਗਿਆ ਹੈ। ਇਨ੍ਹਾਂ ਨੂੰ ਪੜ੍ਹਨ ਨਾਲ ਸਾਡੇ ਮਨ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਯਹੋਵਾਹ ਦਾ ਇਕ ਸਵਰਗੀ ਸੰਗਠਨ ਹੈ ਜੋ ਅੱਜ ਦੁਨੀਆਂ ਭਰ ਵਿਚ ਹੋ ਰਹੇ ਸਿੱਖਿਆ ਦੇਣ ਦੇ ਕੰਮ ਨੂੰ ਪੂਰਾ ਕਰਨ ਵਿਚ ਉਸ ਦੇ ਸੇਵਕਾਂ ਦੀ ਮਦਦ ਕਰਦਾ ਹੈ।​—ਯਸਾਯਾਹ 6:1-4; ਹਿਜ਼ਕੀਏਲ 1:4-28; ਦਾਨੀਏਲ 7:9, 10; ਪਰਕਾਸ਼ ਦੀ ਪੋਥੀ 4:1-11; 14:6, 7.

ਸ਼ਤਾਨ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੋ!

13. ਸ਼ਤਾਨ ਸੱਚਾਈ ਉੱਤੇ ਸਾਡੀ ਪਕੜ ਨੂੰ ਢਿੱਲਾ ਕਰਨ ਲਈ ਕਿਹੜੀ ਚਾਲ ਚੱਲਦਾ ਹੈ?

13 ਸ਼ਤਾਨ ਹੋਰ ਕਿਹੜੀਆਂ ਚਾਲਾਂ ਚੱਲ ਕੇ ਸਾਡੀ ਅਧਿਆਤਮਿਕਤਾ ਨੂੰ ਕਮਜ਼ੋਰ ਕਰਨ ਅਤੇ ਸੱਚਾਈ ਉੱਤੇ ਸਾਡੀ ਪਕੜ ਢਿੱਲੀ ਕਰਨ ਦੀ ਕੋਸ਼ਿਸ਼ ਕਰਦਾ ਹੈ? ਇਕ ਹੈ ਅਨੈਤਿਕਤਾ ਜਿਸ ਦੇ ਕਈ ਰੂਪ ਹਨ। ਅੱਜ ਦੁਨੀਆਂ ਸੈਕਸ ਲਈ ਪੂਰੀ ਤਰ੍ਹਾਂ ਪਾਗਲ ਹੋ ਚੁੱਕੀ ਹੈ। ਇਸ ਭੋਗਵਿਲਾਸੀ ਦੁਨੀਆਂ ਵਿਚ ਪਤੀ ਜਾਂ ਪਤਨੀ ਨਾਲ ਬੇਵਫ਼ਾਈ ਅਤੇ ਗ਼ੈਰ ਔਰਤਾਂ ਤੇ ਮਰਦਾਂ ਵਿਚ ਇਕ ਰਾਤ ਦੇ ਪ੍ਰੇਮ-ਸੰਬੰਧ ਆਮ ਗੱਲ ਬਣ ਗਏ ਹਨ। ਫ਼ਿਲਮਾਂ ਤੇ ਟੈਲੀਵਿਯਨ ਦੇ ਪ੍ਰੋਗ੍ਰਾਮਾਂ ਵਿਚ ਵੀ ਲੋਕਾਂ ਨੂੰ ਇਸੇ ਤਰ੍ਹਾਂ ਦੀ ਭੋਗਵਿਲਾਸੀ ਜ਼ਿੰਦਗੀ ਜੀਉਣ ਲਈ ਉਕਸਾਇਆ ਜਾਂਦਾ ਹੈ। ਅਸ਼ਲੀਲ ਸਾਹਿੱਤ ਦੀ ਅੱਜ ਕੋਈ ਘਾਟ ਨਹੀਂ ਹੈ ਖ਼ਾਸ ਕਰਕੇ ਇੰਟਰਨੈੱਟ ਉੱਤੇ। ਜਿਹੜੇ ਲੋਕ ਇਨ੍ਹਾਂ ਵਿਚ ਦਿਲਚਸਪੀ ਲੈਂਦੇ ਹਨ, ਉਹ ਇਸ ਦੇ ਫੰਦੇ ਵਿਚ ਫਸ ਜਾਂਦੇ ਹਨ।​—1 ਥੱਸਲੁਨੀਕੀਆਂ 4:3-5; ਯਾਕੂਬ 1:13-15.

14. ਕੁਝ ਮਸੀਹੀ ਸ਼ਤਾਨ ਦੀਆਂ ਚਾਲਾਂ ਵਿਚ ਕਿਵੇਂ ਫਸ ਗਏ ਹਨ?

14 ਕੁਝ ਮਸੀਹੀਆਂ ਨੇ ਵੀ ਗੰਦੀਆਂ ਤੇ ਹੱਦ ਦਰਜੇ ਦੀਆਂ ਅਸ਼ਲੀਲ ਫ਼ੋਟੋਆਂ ਦੇਖ ਕੇ ਆਪਣੇ ਦਿਲਾਂ-ਦਿਮਾਗਾਂ ਨੂੰ ਭ੍ਰਿਸ਼ਟ ਕੀਤਾ ਹੈ। ਉਹ ਆਪ ਆਪਣੀ ਮਰਜ਼ੀ ਨਾਲ ਸ਼ਤਾਨ ਦੇ ਫੰਦੇ ਵਿਚ ਫਸੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਅਕਸਰ ਆਪਣੀ ਨਿਹਚਾ ਦੀ ਬੇੜੀ ਡੋਬ ਦਿੰਦੇ ਹਨ। ਅਜਿਹੇ ਲੋਕ “ਬੁਰਿਆਈ ਵਿੱਚ ਨਿਆਣੇ” ਨਹੀਂ ਰਹਿੰਦੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਅਜੇ ਤਕ “ਬੁੱਧ ਵਿੱਚ ਸਿਆਣੇ” ਨਹੀਂ ਬਣੇ। (1 ਕੁਰਿੰਥੀਆਂ 14:20) ਹਰ ਸਾਲ, ਹਜ਼ਾਰਾਂ ਮਸੀਹੀ ਪਰਮੇਸ਼ੁਰ ਦੇ ਬਚਨ ਦੇ ਸਿਧਾਂਤਾਂ ਤੇ ਮਿਆਰਾਂ ਉੱਤੇ ਨਾ ਚੱਲ ਕੇ ਇਸ ਦੇ ਬੁਰੇ ਨਤੀਜੇ ਭੁਗਤਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰਨ’ ਨਹੀਂ ਕਰਦੇ।​—ਅਫ਼ਸੀਆਂ 6:10-13; ਕੁਲੁੱਸੀਆਂ 3:5-10; 1 ਤਿਮੋਥਿਉਸ 1:18, 19.

ਆਪਣੀ ਵਿਰਾਸਤ ਦੀ ਕਦਰ ਕਰੋ

15. ਕੁਝ ਮਸੀਹੀਆਂ ਲਈ ਆਪਣੀ ਅਧਿਆਤਮਿਕ ਵਿਰਾਸਤ ਦੀ ਕਦਰ ਕਰਨੀ ਕਿਉਂ ਇੰਨੀ ਮੁਸ਼ਕਲ ਹੈ?

15 ਯਿਸੂ ਨੇ ਕਿਹਾ ਸੀ ਕਿ ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਸੱਚਾਈ ਸਿੱਖਣ ਤੇ ਜ਼ਿਆਦਾਤਰ ਗਵਾਹਾਂ ਨੇ ਜ਼ਿੰਦਗੀ ਜੀਉਣ ਦੇ ਪੁਰਾਣੇ ਢੰਗਾਂ ਅਤੇ ਧਰਮਾਂ ਨੂੰ ਛੱਡ ਦਿੱਤਾ ਹੈ। ਇਸ ਕਰਕੇ ਉਨ੍ਹਾਂ ਨੂੰ ਸੱਚਾਈ ਜਾਣਨ ਨਾਲ ਜੋ ਆਜ਼ਾਦੀ ਮਿਲੀ ਹੈ, ਉਸ ਦੀ ਉਹ ਬਹੁਤ ਕਦਰ ਕਰਦੇ ਹਨ। ਪਰ ਕਈ ਨੌਜਵਾਨਾਂ ਨੂੰ ਬਚਪਨ ਤੋਂ ਹੀ ਉਨ੍ਹਾਂ ਦੇ ਮਾਪਿਆਂ ਨੇ ਸੱਚਾਈ ਸਿਖਾਈ ਹੈ। ਉਨ੍ਹਾਂ ਲਈ ਆਪਣੀ ਅਧਿਆਤਮਿਕ ਵਿਰਾਸਤ ਦੀ ਕਦਰ ਕਰਨੀ ਮੁਸ਼ਕਲ ਹੋ ਸਕਦੀ ਹੈ। ਉਨ੍ਹਾਂ ਨੂੰ ਕਦੀ ਵੀ ਝੂਠੇ ਧਰਮ ਦੀ ਸਿੱਖਿਆ ਨਹੀਂ ਦਿੱਤੀ ਗਈ ਜਾਂ ਉਹ ਕਦੀ ਵੀ ਇਸ ਦੁਨੀਆਂ ਦਾ ਹਿੱਸਾ ਨਹੀਂ ਸਨ ਜਿਸ ਵਿਚ ਭੋਗਵਿਲਾਸ, ਨਸ਼ੇਬਾਜ਼ੀ ਤੇ ਸੈਕਸ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਕਰਕੇ ਉਹ ਆਪਣੇ ਅਧਿਆਤਮਿਕ ਫਿਰਦੌਸ ਅਤੇ ਸ਼ਤਾਨ ਦੇ ਭ੍ਰਿਸ਼ਟ ਸੰਸਾਰ ਵਿਚ ਵੱਡੇ ਫ਼ਰਕ ਨੂੰ ਨਹੀਂ ਦੇਖ ਪਾਉਂਦੇ। ਕੁਝ ਮਸੀਹੀ ਇਹ ਦੇਖਣ ਲਈ ਕਿ ਉਹ ਦੁਨੀਆਂ ਦੇ ਕਿਹੜੇ ਮਜ਼ਿਆਂ ਤੋਂ ਵਾਂਝੇ ਰਹਿ ਗਏ ਹਨ, ਇਸ ਦੁਨੀਆਂ ਦੇ ਜ਼ਹਿਰ ਨੂੰ ਪੀ ਲੈਂਦੇ ਹਨ!​—1 ਯੂਹੰਨਾ 2:15-17; ਪਰਕਾਸ਼ ਦੀ ਪੋਥੀ 18:1-5.

16. (ੳ) ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਅ) ਸਾਨੂੰ ਕੀ ਸਿਖਾਇਆ ਜਾਂਦਾ ਹੈ ਤੇ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ?

16 ਕੀ ਸਾਨੂੰ ਇਹ ਦੇਖਣ ਲਈ ਅੱਗ ਵਿਚ ਆਪਣੀਆਂ ਉਂਗਲਾਂ ਸਾੜਨ ਦੀ ਲੋੜ ਹੈ ਕਿ ਸੜਨ ਨਾਲ ਦੁੱਖ ਕਿੱਦਾਂ ਦਾ ਹੁੰਦਾ ਹੈ? ਕੀ ਅਸੀਂ ਦੂਜਿਆਂ ਦੇ ਕੌੜੇ ਤਜਰਬਿਆਂ ਤੋਂ ਸਬਕ ਨਹੀਂ ਸਿੱਖ ਸਕਦੇ? ਕੀ ਸਾਨੂੰ ਇਹ ਦੇਖਣ ਲਈ ਦੁਨੀਆਂ ਦੇ “ਚਿੱਕੜ” ਵਿਚ ਲੇਟਣ ਦੀ ਲੋੜ ਹੈ ਕਿ ਅਸੀਂ ਕਿਸੇ ਚੀਜ਼ ਤੋਂ ਵਾਂਝੇ ਤਾਂ ਨਹੀਂ ਰਹੇ? (2 ਪਤਰਸ 2:20-22) ਪਤਰਸ ਨੇ ਪਹਿਲੀ ਸਦੀ ਦੇ ਉਨ੍ਹਾਂ ਮਸੀਹੀਆਂ ਨੂੰ ਯਾਦ ਕਰਾਇਆ ਜਿਹੜੇ ਪਹਿਲਾਂ ਸ਼ਤਾਨ ਦੇ ਸੰਸਾਰ ਦਾ ਹਿੱਸਾ ਸਨ: “ਬੀਤਿਆ ਹੋਇਆ ਸਮਾ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾਂ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜ਼ੀਆਂ ਅਤੇ ਘਿਣਾਉਣੀਆਂ ਮੂਰਤੀ ਪੂਜਾਂ ਵਿੱਚ ਚੱਲਦੇ ਸਾਂ।” ਇਹ ਦੇਖਣ ਲਈ ਕਿ ਬਦਕਾਰ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ, ਮਸੀਹੀਆਂ ਨੂੰ ਦੁਨੀਆਂ ਦੀ “ਅੱਤ ਬਦਚਲਣੀ” ਦੇ ਚਿੱਕੜ ਵਿਚ ਲਿਟਣ ਦੀ ਲੋੜ ਨਹੀਂ ਹੈ। (1 ਪਤਰਸ 4:3, 4) ਇਸ ਦੇ ਉਲਟ, ਸਾਨੂੰ ਕਿੰਗਡਮ ਹਾਲ ਵਿਚ ਬਾਈਬਲ ਵਿੱਚੋਂ ਯਹੋਵਾਹ ਦੇ ਉੱਚੇ ਨੈਤਿਕ ਮਿਆਰ ਸਿਖਾਏ ਜਾਂਦੇ ਹਨ। ਤੇ ਸਾਨੂੰ ਆਪਣੀ ਤਰਕ ਕਰਨ ਦੀ ਯੋਗਤਾ ਨੂੰ ਵਰਤਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤਾਂਕਿ ਅਸੀਂ ਆਪਣੇ ਆਪ ਨੂੰ ਯਕੀਨ ਦਿਵਾ ਸਕੀਏ ਕਿ ਸਾਡੇ ਕੋਲ ਸੱਚਾਈ ਹੈ ਅਤੇ ਅਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾਈਏ।​—ਯਹੋਸ਼ੁਆ 1:8; ਰੋਮੀਆਂ 12:1, 2; 2 ਤਿਮੋਥਿਉਸ 3:14-17.

ਸਾਡਾ ਨਾਂ ਸਿਰਫ਼ ਇਕ ਲੇਬਲ ਨਹੀਂ ਹੈ

17. ਅਸੀਂ ਯਹੋਵਾਹ ਦੇ ਇਕ ਚੰਗੇ ਗਵਾਹ ਕਿਵੇਂ ਬਣ ਸਕਦੇ ਹਾਂ?

17 ਜੇ ਅਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾਉਂਦੇ ਹਾਂ, ਤਾਂ ਅਸੀਂ ਹਰ ਢੁਕਵੇਂ ਮੌਕੇ ਤੇ ਦੂਸਰਿਆਂ ਨਾਲ ਸੱਚਾਈ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ। (ਮੱਤੀ 7:6) ਪਰ ਸਾਨੂੰ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਾਉਣ ਤੋਂ ਕਦੀ ਵੀ ਝਿਜਕਣਾ ਨਹੀਂ ਚਾਹੀਦਾ। ਜੇ ਕੋਈ ਵਿਅਕਤੀ ਸਵਾਲ ਪੁੱਛ ਕੇ ਜਾਂ ਕੋਈ ਬਾਈਬਲ ਸਾਹਿੱਤ ਲੈ ਕੇ ਥੋੜ੍ਹੀ ਜਿਹੀ ਵੀ ਦਿਲਚਸਪੀ ਦਿਖਾਉਂਦਾ ਹੈ, ਤਾਂ ਅਸੀਂ ਆਪਣੀ ਉਮੀਦ ਉਸ ਨਾਲ ਸਾਂਝੀ ਕਰਨ ਲਈ ਤਿਆਰ ਰਹਾਂਗੇ। ਇਸ ਦਾ ਮਤਲਬ ਹੈ ਕਿ ਅਸੀਂ ਜਿੱਥੇ ਵੀ ਹੋਈਏ, ਚਾਹੇ ਘਰ ਵਿਚ, ਕੰਮ ਤੇ, ਸਕੂਲ ਵਿਚ, ਦੁਕਾਨ ਵਿਚ ਜਾਂ ਪਾਰਕ ਵਗੈਰਾ ਵਿਚ, ਸਾਡੇ ਕੋਲ ਹਮੇਸ਼ਾ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਹੋਣਾ ਚਾਹੀਦਾ ਹੈ।​—1 ਪਤਰਸ 3:15.

18. ਆਪਣੇ ਆਪ ਦੀ ਇਕ ਮਸੀਹੀ ਵਜੋਂ ਪਛਾਣ ਕਰਾਉਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?

18 ਜਦੋਂ ਅਸੀਂ ਆਪਣੀ ਪਛਾਣ ਮਸੀਹੀਆਂ ਵਜੋਂ ਕਰਾਉਂਦੇ ਹਾਂ, ਤਾਂ ਅਸੀਂ ਸ਼ਤਾਨ ਦੇ ਗੁੱਝੇ ਹਮਲਿਆਂ ਦੇ ਵਿਰੁੱਧ ਆਪਣੀ ਮੋਰਚਾਬੰਦੀ ਮਜ਼ਬੂਤ ਕਰਦੇ ਹਾਂ। ਜੇ ਸਾਡੇ ਨਾਲ ਕੰਮ ਕਰਨ ਵਾਲੇ ਲੋਕ ਜਾਣਦੇ ਹਨ ਕਿ ਅਸੀਂ ਮਸੀਹੀ ਹਾਂ, ਤਾਂ ਜਦੋਂ ਕਿਸੇ ਦਾ ਜਨਮ-ਦਿਨ ਹੁੰਦਾ ਹੈ ਜਾਂ ਕ੍ਰਿਸਮਸ ਪਾਰਟੀ ਹੁੰਦੀ ਹੈ ਜਾਂ ਸਾਰੇ ਜਣੇ ਮਿਲ ਕੇ ਕੋਈ ਲਾਟਰੀ ਕੱਢਦੇ ਹਨ, ਤਾਂ ਉਹ ਅਕਸਰ ਕਹਿਣਗੇ, “ਉਸ ਨੂੰ ਬੁਲਾਉਣ ਦਾ ਕੋਈ ਫ਼ਾਇਦਾ ਨਹੀਂ। ਉਹ ਤਾਂ ਯਹੋਵਾਹ ਦੀ ਗਵਾਹ ਹੈ।” ਇਸੇ ਤਰ੍ਹਾਂ, ਲੋਕ ਸਾਡੀ ਮੌਜੂਦਗੀ ਵਿਚ ਅਸ਼ਲੀਲ ਜਾਂ ਲੱਚਰ ਚੁਟਕਲੇ ਸੁਣਾਉਣ ਤੋਂ ਵੀ ਪਰਹੇਜ਼ ਕਰਨਗੇ। ਇਸ ਲਈ ਆਪਣੇ ਆਪ ਦੀ ਇਕ ਮਸੀਹੀ ਵਜੋਂ ਪਛਾਣ ਕਰਾਉਣ ਨਾਲ ਸਾਨੂੰ ਜ਼ਿੰਦਗੀ ਵਿਚ ਬਹੁਤ ਫ਼ਾਇਦਾ ਹੋਵੇਗਾ, ਠੀਕ ਜਿਵੇਂ ਪਤਰਸ ਰਸੂਲ ਨੇ ਕਿਹਾ ਸੀ: “ਜੇ ਤੁਸੀਂ ਭਲਿਆਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇਗਾ? ਪਰ ਜੇ ਤੁਹਾਨੂੰ ਧਰਮ ਦੇ ਕਾਰਨ ਦੁਖ ਮਿਲੇ ਵੀ ਤਾਂ ਧੰਨ ਹੋ।”​—1 ਪਤਰਸ 3:13, 14.

19. ਅਸੀਂ ਕਿਵੇਂ ਜਾਣਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ?

19 ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾਉਣ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਇਸ ਨਾਲ ਸਾਨੂੰ ਪੂਰਾ ਯਕੀਨ ਹੋ ਜਾਵੇਗਾ ਕਿ ਅਸੀਂ ਇਸ ਦੁਨੀਆਂ ਦੇ ਅੰਤਲੇ ਦਿਨਾਂ ਵਿਚ ਰਹਿ ਰਹੇ ਹਾਂ। ਅਸੀਂ ਇਹ ਜਾਣਾਂਗੇ ਕਿ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਾਡੇ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ। * ਪੌਲੁਸ ਨੇ ਜੋ ਚੇਤਾਵਨੀ ਦਿੱਤੀ ਸੀ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ,” ਉਸ ਨੂੰ ਪਿਛਲੀ ਸਦੀ ਵਿਚ ਵਾਪਰੀਆਂ ਖੌਫ਼ਨਾਕ ਘਟਨਾਵਾਂ ਨੇ ਬਿਲਕੁਲ ਸਹੀ ਸਾਬਤ ਕੀਤਾ ਹੈ। (2 ਤਿਮੋਥਿਉਸ 3:1-5; ਮਰਕੁਸ 13:3-37) ਹਾਲ ਹੀ ਵਿਚ ਇਕ ਅਖ਼ਬਾਰ ਵਿਚ 20ਵੀਂ ਸਦੀ ਬਾਰੇ ਇਕ ਲੇਖ ਛਪਿਆ ਸੀ ਜਿਸ ਦਾ ਨਾਂ ਸੀ “ਇਸ ਨੂੰ ਵਹਿਸ਼ਤ ਦੇ ਯੁੱਗ ਵਜੋਂ ਜਾਣਿਆ ਜਾਵੇਗਾ।” ਇਸ ਲੇਖ ਵਿਚ ਲਿਖਿਆ ਸੀ: “ਪਿਛਲੀ ਸਦੀ ਦੇ ਆਖ਼ਰੀ 50 ਸਾਲ ਬਹੁਤ ਹੀ ਹਿੰਸਕ ਸਨ ਤੇ ਸਾਲ 1999 ਇਨ੍ਹਾਂ ਵਿੱਚੋਂ ਸਭ ਤੋਂ ਹਿੰਸਕ ਸਾਲ ਸਾਬਤ ਹੋਇਆ ਹੈ।”

20. ਅੱਜ ਕੀ ਕਰਨ ਦਾ ਵੇਲਾ ਹੈ?

20 ਹੁਣ ਡੋਲਣ ਦਾ ਵੇਲਾ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿਚ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਬਾਈਬਲ ਸਿੱਖਿਆ ਦਾ ਜੋ ਕੰਮ ਇੰਨੀ ਵੱਡੀ ਪੱਧਰ ਤੇ ਹੋ ਰਿਹਾ ਹੈ, ਉਸ ਉੱਤੇ ਯਹੋਵਾਹ ਆਪਣੀ ਬਰਕਤ ਪਾ ਰਿਹਾ ਹੈ। (ਮੱਤੀ 24:14) ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾਓ ਤੇ ਦੂਜਿਆਂ ਨੂੰ ਵੀ ਦੱਸੋ। ਅੱਜ ਤੁਸੀਂ ਜੋ ਵੀ ਕਰਦੇ ਹੋ, ਉਸ ਤੇ ਤੁਹਾਡਾ ਅਨੰਤ ਭਵਿੱਖ ਨਿਰਭਰ ਕਰਦਾ ਹੈ। ਹੱਥ ਢਿੱਲੇ ਕਰ ਕੇ ਬੈਠੇ ਰਹਿਣ ਨਾਲ ਸਾਨੂੰ ਯਹੋਵਾਹ ਦੀ ਬਰਕਤ ਨਹੀਂ ਮਿਲੇਗੀ। (ਲੂਕਾ 9:62) ਇਸ ਦੀ ਬਜਾਇ, ਅੱਜ ‘ਇਸਥਿਰ ਅਤੇ ਅਡੋਲ ਹੋਣ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣ’ ਦਾ ਵੇਲਾ ਹੈ “ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”​—1 ਕੁਰਿੰਥੀਆਂ 15:58.

[ਫੁਟਨੋਟ]

^ ਪੈਰਾ 19 ਪਹਿਰਾਬੁਰਜ, 15 ਜਨਵਰੀ 2000, ਸਫ਼ੇ 12-14 ਦੇਖੋ। ਪੈਰੇ 13-18 ਵਿਚ ਅਸੀਂ ਇਸ ਗੱਲ ਦੇ ਛੇ ਜ਼ਬਰਦਸਤ ਸਬੂਤ ਦੇਖਦੇ ਹਾਂ ਕਿ ਸਾਲ 1914 ਤੋਂ ਅੰਤ ਦੇ ਦਿਨ ਸ਼ੁਰੂ ਹੋ ਚੁੱਕੇ ਹਨ।

ਕੀ ਤੁਹਾਨੂੰ ਯਾਦ ਹੈ?

• ਅਸੀਂ ਆਪਣੇ ਸ਼ੱਕ ਕਿਵੇਂ ਦੂਰ ਕਰ ਸਕਦੇ ਹਾਂ?

• ਅਸੀਂ ਅਲੀਸ਼ਾ ਦੇ ਨੌਕਰ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?

• ਅਨੈਤਿਕ ਕੰਮ ਕਰਨ ਦੇ ਕਿਹੜੇ ਫੰਦਿਆਂ ਤੋਂ ਸਾਨੂੰ ਲਗਾਤਾਰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ?

• ਸਾਨੂੰ ਸਾਫ਼-ਸਾਫ਼ ਆਪਣੀ ਪਛਾਣ ਯਹੋਵਾਹ ਦੇ ਗਵਾਹਾਂ ਵਜੋਂ ਕਿਉਂ ਕਰਾਉਣੀ ਚਾਹੀਦੀ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰਾਂ]

ਬਾਈਬਲ ਦਾ ਲਗਾਤਾਰ ਅਧਿਐਨ ਅਤੇ ਪ੍ਰਾਰਥਨਾ ਕਰਨ ਨਾਲ ਸਾਨੂੰ ਆਪਣੇ ਸ਼ੱਕ ਦੂਰ ਕਰਨ ਵਿਚ ਮਦਦ ਮਿਲੇਗੀ

[ਸਫ਼ੇ 11 ਉੱਤੇ ਤਸਵੀਰ]

ਅਲੀਸ਼ਾ ਦੇ ਨੌਕਰ ਦਾ ਸ਼ੱਕ ਉਸ ਨੂੰ ਇਕ ਦਰਸ਼ਣ ਦਿਖਾ ਕੇ ਦੂਰ ਕੀਤਾ ਗਿਆ ਸੀ

[ਸਫ਼ੇ 12 ਉੱਤੇ ਤਸਵੀਰ]

ਕਿੰਗਡਮ ਹਾਲਾਂ ਵਿਚ ਸਾਨੂੰ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਬਾਰੇ ਸਿਖਾਇਆ ਜਾਂਦਾ ਹੈ, ਜਿਵੇਂ ਕਿ ਬੈਨਿਨ ਦੇ ਇਸ ਕਿੰਗਡਮ ਹਾਲ ਵਿਚ