ਕੀਨੀਆ ਵਿਚ ਲਾਇਕ ਲੋਕ ਲੱਭਣੇ
ਕੀਨੀਆ ਵਿਚ ਲਾਇਕ ਲੋਕ ਲੱਭਣੇ
ਕੀਨੀਆ ਕੁਦਰਤੀ ਤੌਰ ਤੇ ਇਕ ਬਹੁਤ ਹੀ ਸੁੰਦਰ ਦੇਸ਼ ਹੈ। ਉਸ ਦੀਆਂ ਕੁਝ ਖੂਬੀਆਂ ਹਨ ਹਰੇ-ਭਰੇ ਜੰਗਲ, ਪੱਧਰੇ ਮੈਦਾਨ, ਗਰਮ ਰੇਗਿਸਤਾਨ, ਅਤੇ ਬਰਫ਼ੀਲੇ ਪਹਾੜ। ਕੀਨੀਆ ਵਿਚ ਦਸ ਲੱਖ ਤੋਂ ਜ਼ਿਆਦਾ ਹਿਰਨ ਘੁੰਮਦੇ-ਫਿਰਦੇ ਹਨ। ਇੱਥੇ ਗੈਂਡੇ ਵੀ ਦੇਖੇ ਜਾਂਦੇ ਹਨ ਪਰ ਇਨ੍ਹਾਂ ਦੀ ਗਿਣਤੀ ਹੁਣ ਘੱਟਦੀ ਜਾ ਰਹੀ ਹੈ। ਇੱਥੇ ਘਾਹ ਦੇ ਮੈਦਾਨਾਂ ਵਿਚ ਜਿਰਾਫਾਂ ਦੇ ਚੌਣੇ ਵੀ ਦੇਖੇ ਜਾ ਸਕਦੇ ਹਨ।
ਇੱਥੇ ਅਨੇਕ ਪ੍ਰਕਾਰ ਦੇ ਆਕਾਸ਼ ਪੰਛੀ ਵੀ ਹਨ। ਤੁਸੀਂ ਬਹੁਤ ਵੱਡੇ ਅਤੇ ਸ਼ਕਤੀਸ਼ਾਲੀ ਉਕਾਬ ਉੱਡਦੇ-ਫਿਰਦੇ ਦੇਖ ਸਕਦੇ ਹੋ। ਛੋਟੇ-ਛੋਟੇ ਰੰਗ-ਬਰੰਗੇ ਪੰਛੀਆਂ ਦੇ ਮਿੱਠੇ-ਮਿੱਠੇ ਸੰਗੀਤ ਤੁਹਾਡੇ ਕੰਨਾਂ ਵਿਚ ਸੁਣਾਈ ਦੇਣਗੇ। ਇੱਥੇ ਦੇ ਹਾਥੀ ਅਤੇ ਸ਼ੇਰ ਤਾਂ ਸੰਸਾਰ ਭਰ ਵਿਚ ਮਸ਼ਹੂਰ ਹਨ। ਜਿਹੜਾ ਵੀ ਕੀਨੀਆ ਜਾਂਦਾ ਹੈ ਉਹ ਇਨ੍ਹਾਂ ਨਜ਼ਾਰਿਆਂ ਨੂੰ ਕਦੇ ਨਹੀਂ ਭੁੱਲਦਾ।
ਪਰ ਇਸ ਸੁੰਦਰ ਦੇਸ਼ ਵਿਚ ਇਕ ਹੋਰ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਹ ਉਨ੍ਹਾਂ ਹਜ਼ਾਰਾਂ ਹੀ ਵਿਅਕਤੀਆਂ ਦੀ ਆਵਾਜ਼ ਹੈ ਜੋ ਮੁਕਤੀ ਦਾ ਸੰਦੇਸ਼ ਸੁਣਾ ਰਹੇ ਹਨ। (ਯਸਾਯਾਹ 52:7) ਇਨ੍ਹਾਂ ਦੀ ਆਵਾਜ਼ 40 ਕਬੀਲਿਆਂ ਅਤੇ ਭਾਸ਼ਾਵਾਂ ਦੇ ਲੋਕਾਂ ਤਕ ਪਹੁੰਚ ਰਹੀ ਹੈ। ਇਸ ਲਈ, ਰੂਹਾਨੀ ਭਾਵ ਵਿਚ ਵੀ ਕੀਨੀਆ ਇਕ ਬਹੁਤ ਹੀ ਸੁੰਦਰ ਦੇਸ਼ ਹੈ।
ਕੀਨੀਆ ਦੇ ਜ਼ਿਆਦਾਤਰ ਲੋਕ ਪਰਮੇਸ਼ੁਰ ਨੂੰ ਮੰਨਦੇ ਹਨ ਅਤੇ ਰੂਹਾਨੀ ਗੱਲਾਂ ਕਰਨੀਆਂ ਪਸੰਦ ਕਰਦੇ ਹਨ। ਪਰ ਦੂਸਰੇ ਦੇਸ਼ਾਂ ਵਾਂਗ ਅੱਜ-ਕੱਲ੍ਹ ਇੱਥੇ ਦੇ ਹਾਲਾਤ ਵੀ ਬਦਲ ਰਹੇ ਹਨ ਅਤੇ ਪਹਿਲਾਂ ਵਾਂਗ ਲੋਕ ਘਰ ਨਹੀਂ ਮਿਲਦੇ।
ਮਹਿੰਗਾਈ ਦੇ ਕਾਰਨ, ਲੋਕਾਂ ਨੂੰ ਆਪਣੇ ਜੀਵਨ-ਢੰਗ ਬਦਲਣੇ ਪਏ ਹਨ। ਆਮ ਤੌਰ ਤੇ ਪਹਿਲਾਂ ਔਰਤਾਂ ਘਰਾਂ ਵਿਚ ਕੰਮ ਕਰਦੀਆਂ ਹੁੰਦੀਆਂ ਸਨ। ਪਰ ਹੁਣ ਉਹ ਦਫ਼ਤਰਾਂ ਵਿਚ ਜਾਂਦੀਆਂ ਹਨ ਜਾਂ ਸੜਕਾਂ ਤੇ ਫਲ-ਸਬਜ਼ੀਆਂ, ਮੱਛੀਆਂ, ਅਤੇ ਹੱਥੀਂ ਬਣਾਈਆਂ ਟੋਕਰੀਆਂ ਵੇਚਦੀਆਂ ਹਨ। ਆਦਮੀਆਂ ਨੂੰ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਲਈ ਦਿਨ-ਰਾਤ ਨੌਕਰੀਆਂ ਤੇ ਰਹਿਣਾ ਪੈਂਦਾ ਹੈ। ਨਿਆਣੇ ਵੀ ਮੂੰਗਫਲੀ ਅਤੇ ਉਬਾਲੇ ਹੋਏ ਆਂਡਿਆਂ ਵਰਗੀਆਂ ਛੋਟੀਆਂ-ਮੋਟੀਆਂ ਚੀਜ਼ਾਂ ਵੇਚਦੇ ਦੇਖੇ ਜਾਂਦੇ ਹਨ। ਇਸ ਲਈ, ਜਦੋਂ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਘਰ-ਘਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੁਣ ਘੱਟ ਹੀ ਲੋਕ ਘਰ ਮਿਲਦੇ ਹਨ। ਇਸ ਕਰਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਅਦਲੀਆਂ-ਬਦਲੀਆਂ ਕਰਨੀਆਂ ਪਈਆਂ ਹਨ।
ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਘਰੋਂ ਬਾਹਰ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨ ਜੋ ਆਪਣੇ ਰੋਜ਼ਾਨਾ ਕੰਮ-ਧੰਦਿਆਂ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਦੋਸਤ-ਮਿੱਤਰਾਂ, ਰਿਸ਼ਤੇਦਾਰਾਂ, ਵਪਾਰੀਆਂ, ਅਤੇ ਨੌਕਰੀਆਂ ਤੇ ਲੋਕਾਂ ਨਾਲ ਗੱਲਬਾਤ ਕਰਨ। ਭਰਾਵਾਂ ਨੂੰ ਇਹ ਸਲਾਹ ਚੰਗੀ ਲੱਗੀ ਅਤੇ ਉਨ੍ਹਾਂ ਨੇ ਹਰ ਥਾਂ ਲੋਕਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। (ਮੱਤੀ 10:11) ਕੀ ਇਸ ਦਾ ਕੋਈ ਫ਼ਾਇਦਾ ਹੋਇਆ? ਇਨ੍ਹਾਂ ਕੁਝ ਮਿਸਾਲਾਂ ਉੱਤੇ ਗੌਰ ਕਰ ਕੇ ਆਪ ਹੀ ਫ਼ੈਸਲਾ ਕਰੋ!
ਆਪਣੇ ਰਿਸ਼ਤੇਦਾਰਾਂ ਨੂੰ ਨਾ ਭੁੱਲੋ
ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ, ਲਗਭਗ 30 ਲੱਖ ਲੋਕ ਰਹਿੰਦੇ ਹਨ। ਸ਼ਹਿਰ ਦੇ ਪੂਰਬ ਵੱਲ ਇਕ ਰਿਟਾਇਰ ਹੋਇਆ ਮੇਜਰ ਰਹਿੰਦਾ ਸੀ। ਉਹ ਨਾ ਹੀ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਕਰਦਾ ਸੀ ਅਤੇ ਨਾ ਹੀ ਇਸ ਬਾਰੇ ਖ਼ੁਸ਼ ਸੀ ਕਿ ਉਸ ਦਾ ਆਪਣਾ ਪੁੱਤਰ ਇਕ ਗਵਾਹ ਸੀ। ਫਰਵਰੀ ਦੇ ਮਹੀਨੇ ਇਹ ਰਿਟਾਇਰ ਹੋਇਆ ਅਫ਼ਸਰ ਆਪਣੇ ਪੁੱਤਰ ਨੂੰ ਨਕੂਰੂ ਸ਼ਹਿਰ ਮਿਲਣ ਲਈ ਗਿਆ ਜੋ ਕਿ 160 ਕਿਲੋਮੀਟਰ ਦੂਰ ਰਿਫ਼ਟ ਵੈਲੀ ਵਿਚ ਹੈ। ਪੁੱਤਰ ਨੇ ਆਪਣੇ ਪਿਤਾ ਨੂੰ ਇਕ ਤੋਹਫ਼ੇ ਵਜੋਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ* ਪੁਸਤਕ ਦਿੱਤੀ। ਉਸ ਦੇ ਪਿਤਾ ਨੇ ਇਹ ਸਵੀਕਾਰ ਕਰ ਲਈ ਅਤੇ ਆਪਣੇ ਘਰ ਚਲਾ ਗਿਆ।
ਘਰ ਜਾ ਕੇ ਇਸ ਆਦਮੀ ਨੇ ਇਹ ਪੁਸਤਕ ਆਪਣੀ ਪਤਨੀ ਨੂੰ ਦਿੱਤੀ। ਉਹ ਇਸ ਨੂੰ ਪੜ੍ਹਨ ਲੱਗ ਪਈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੀ ਇਕ ਪੁਸਤਕ ਹੈ। ਹੌਲੀ-ਹੌਲੀ ਉਸ ਉੱਤੇ ਸੱਚਾਈ ਦਾ ਪ੍ਰਭਾਵ ਪੈਣ ਲੱਗ ਪਿਆ ਅਤੇ ਉਹ ਇਸ ਬਾਰੇ ਆਪਣੇ ਪਤੀ ਨਾਲ ਗੱਲਾਂ ਕਰਨ ਲੱਗ ਪਈ। ਉਹ ਹੈਰਾਨ ਹੋਇਆ ਅਤੇ ਖ਼ੁਦ ਇਹ ਪੁਸਤਕ ਪੜ੍ਹਨ ਲੱਗ ਪਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕਿਨ੍ਹਾਂ ਦੀ ਪੁਸਤਕ ਹੈ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਦੇ ਗਵਾਹਾਂ ਬਾਰੇ ਉਨ੍ਹਾਂ ਨੂੰ ਝੂਠੀਆਂ ਗੱਲਾਂ ਦੱਸੀਆਂ ਗਈਆਂ ਸਨ। ਉਹ ਉੱਥੇ ਦੇ ਗਵਾਹਾਂ ਨਾਲ ਮਿਲੇ ਅਤੇ ਬਾਈਬਲ ਸਟੱਡੀ ਕਰਨ ਲੱਗ ਪਏ। ਉਨ੍ਹਾਂ ਨੂੰ ਪੁਸਤਕ ਤੋਂ ਆਪੇ ਹੀ ਪਤਾ ਲੱਗ ਗਿਆ ਸੀ ਕਿ ਸੱਚੇ ਮਸੀਹੀ ਤਮਾਖੂ ਨਾ ਵਰਤਦੇ ਹਨ ਅਤੇ ਨਾ ਵੇਚਦੇ ਹਨ। (ਮੱਤੀ 22:39; 2 ਕੁਰਿੰਥੀਆਂ 7:1) ਬਿਨਾਂ ਝਿਜਕੇ, ਉਨ੍ਹਾਂ ਨੇ ਆਪਣੀ ਦੁਕਾਨ ਵਿੱਚੋਂ ਸਾਰੀਆਂ ਸਿਗਰਟਾਂ ਲੈ ਕੇ ਸੁੱਟ ਦਿੱਤੀਆਂ। ਕੁਝ ਮਹੀਨਿਆਂ ਬਾਅਦ ਉਹ ਪ੍ਰਕਾਸ਼ਕ ਬਣ ਸਕੇ ਅਤੇ ਇਸ ਤੋਂ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਇਕ ਜ਼ਿਲ੍ਹਾ ਸੰਮੇਲਨ ਤੇ ਬਪਤਿਸਮਾ ਲੈ ਲਿਆ।
ਕੂੜੇ ਵਿੱਚੋਂ ਖ਼ਜ਼ਾਨਾ
ਸ਼ਹਿਰ ਦੇ ਕਈਆਂ ਹਿੱਸਿਆਂ ਵਿਚ ਉਘੜ-ਦੁਘੜ ਪਿੰਡ ਹਨ ਜਿਨ੍ਹਾਂ ਵਿਚ ਹਜ਼ਾਰਾਂ ਦੇ ਹਜ਼ਾਰ ਲੋਕ ਰਹਿੰਦੇ ਹਨ। ਇਹ ਝੁੱਗੀਆਂ ਗਾਰੇ, ਲੱਕੜ, ਟੁੱਟੇ-ਭੱਜੇ ਵੱਟਦਾਰ ਲੋਹੇ ਦੀਆਂ ਚਾਦਰਾਂ ਦੀਆਂ ਬਣੀਆਂ ਹੁੰਦੀਆਂ ਹਨ। ਜਦੋਂ ਲੋਕਾਂ ਨੂੰ ਕਾਰਖ਼ਾਨਿਆਂ ਵਿਚ ਨੌਕਰੀਆਂ ਨਹੀਂ ਮਿਲਦੀਆਂ, ਉਨ੍ਹਾਂ ਨੂੰ ਕਿਸੇ-ਨ-ਕਿਸੇ ਤਰ੍ਹਾਂ ਗੁਜ਼ਾਰਾ ਕਰਨਾ ਪੈਂਦਾ ਹੈ। ਜੂਆ ਕਾਲੀ (ਸਹੇਲੀ ਭਾਸ਼ਾ ਵਿਚ ‘ਤਪਦੇ ਸੂਰਜ’) ਹੇਠਾਂ ਮਜ਼ਦੂਰ ਧੁੱਪ ਵਿਚ ਕੰਮ ਕਰਦੇ ਹਨ। ਉਹ ਪੁਰਾਣਿਆਂ ਟਾਇਰਾਂ ਤੋਂ ਸੈਂਡਲ ਬਣਾਉਂਦੇ ਹਨ ਜਾਂ ਕੂੜੇ ਵਿੱਚੋਂ ਇਕੱਠੇ ਕੀਤੇ ਗਏ ਟੀਨਾਂ ਤੋਂ ਮਿੱਟੀ ਦੇ ਤੇਲ ਦੇ ਦੀਵੇ ਬਣਾਉਂਦੇ ਹਨ। ਦੂਜੇ ਮਜ਼ਦੂਰ ਕੂੜੇ ਵਿੱਚੋਂ ਕਾਗਜ਼, ਟੀਨ ਦੇ ਡੱਬੇ, ਅਤੇ ਬੋਤਲਾਂ ਲੱਭਦੇ ਹਨ ਤਾਂਕਿ ਉਹ ਇਨ੍ਹਾਂ ਨੂੰ ਵੇਚ ਕੇ ਪੈਸੇ ਬਣਾ ਸਕਣ।
ਕੀ ਕੂੜੇ ਵਿੱਚੋਂ ਖ਼ਜ਼ਾਨਾ ਮਿਲ ਸਕਦਾ ਹੈ? ਸੱਚ-ਮੁੱਚ ਮਿਲ ਸਕਦਾ ਹੈ! ਇਕ ਭਰਾ ਦੱਸਦਾ ਹੈ ਕਿ “ਇਕ ਹੱਟਾ-ਕੱਟਾ ਬੰਦਾ ਜਿਸ ਦੇ ਵਾਲ ਖਿੰਡੇ ਹੋਏ ਸਨ ਸਾਡੇ ਅਸੈਂਬਲੀ ਹਾਲ ਦੇ ਵਿਹੜੇ ਵਿਚ ਆਇਆ। ਇਸ ਡਰਾਉਣੇ ਜਿਹੇ ਬੰਦੇ ਦੇ ਕੋਲ ਇਕ ਵੱਡਾ ਸਾਰਾ ਪਲਾਸਟਿਕ ਦਾ ਬੈਗ ਸੀ ਜੋ ਰੱਦੀ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਤੁੰਨਿਆ ਹੋਇਆ ਸੀ। ਇਹ ਦੱਸਣ ਤੋਂ ਬਾਅਦ ਕਿ ਉਸ ਦਾ ਨਾਂ ਵਿਲਿਅਮ ਸੀ, ਉਸ ਨੇ ਮੈਨੂੰ ਪੁੱਛਿਆ ਕਿ ‘ਕੀ ਤੇਰੇ ਕੋਲ ਪਹਿਰਾਬੁਰਜ ਦੇ ਕੋਈ ਨਵੇਂ-ਨਵੇਂ ਰਸਾਲੇ ਹਨ?’ ਮੈਂ ਜ਼ਰਾ ਘਬਰਾ ਰਿਹਾ ਸੀ ਅਤੇ ਸੋਚਦਾ ਸੀ ਕਿ ਇਹ ਨੂੰ ਖਰਿਆ ਕੀ ਚਾਹੀਦਾ ਹੈ। ਜਦੋਂ ਮੈਂ ਉਸ ਨੂੰ ਪੰਜ ਰਸਾਲੇ ਦਿਖਾਏ, ਤਾਂ ਉਸ ਨੇ ਇਕ-ਇਕ ਕਰ ਕੇ ਸਾਰੇ ਦੇਖੇ ਅਤੇ ਫਿਰ ਕਿਹਾ ਕਿ ‘ਮੈਂ ਇਹ ਸਾਰੇ ਹੀ ਲੈਣਾ ਚਾਹੁੰਦਾ ਹਾਂ।’ ਮੈਂ ਹੈਰਾਨ ਹੋਇਆ। ਮੈਂ ਫਿਰ ਅੰਦਰ ਜਾ ਕੇ ਉਸ ਦੇ ਲਈ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ * ਪੁਸਤਕ ਲਿਆਂਦੀ। ਮੈਂ ਉਸ ਨੂੰ ਉਸ ਵਿੱਚੋਂ ਪਰਾਦੀਸ ਦੀ ਤਸਵੀਰ ਦਿਖਾਈ ਅਤੇ ਦੱਸਿਆ ਕਿ ਅਸੀਂ ਲੋਕਾਂ ਨਾਲ ਮੁਫ਼ਤ ਬਾਈਬਲ ਸਟੱਡੀ ਕਰਦੇ ਹਾਂ। ਫਿਰ ਮੈਂ ਉਸ ਨੂੰ ਕਿਹਾ ਕਿ ‘ਵਿਲਿਅਮ, ਤੂੰ ਕੱਲ੍ਹ ਨੂੰ ਆਣ ਕੇ ਮੇਰੇ ਨਾਲ ਸਟੱਡੀ ਕਿਉਂ ਨਹੀਂ ਸ਼ੁਰੂ ਕਰ ਲੈਂਦਾ?’ ਉਸ ਨੇ ਇਸੇ ਤਰ੍ਹਾਂ ਹੀ ਕੀਤਾ!
“ਉਹ ਇਕ ਐਤਵਾਰ ਨੂੰ ਪਹਿਲੀ ਵਾਰ ਸਭਾ ਵਿਚ ਆਇਆ। ਉਸ ਦਿਨ ਮੈਂ ਪਬਲਿਕ ਭਾਸ਼ਣ ਦੇ ਰਿਹਾ ਸੀ। ਜਦੋਂ ਵਿਲਿਅਮ ਹਾਲ ਦੇ ਅੰਦਰ ਵੜਿਆ ਉਸ ਨੇ ਆਲਾ-ਦੁਆਲਾ ਦੇਖਿਆ, ਉਸ ਨੇ ਮੈਨੂੰ ਪਲੇਟਫਾਰਮ ਤੇ ਦੇਖਿਆ, ਫਿਰ ਉਹ ਬਾਹਰ ਨੱਠ ਗਿਆ। ਮੈਂ ਉਸ ਨੂੰ ਬਾਅਦ ਵਿਚ ਪੁੱਛਿਆ ਕਿ ਉਹ ਬਾਹਰ ਕਿਉਂ ਨੱਠ ਗਿਆ ਸੀ। ਉਸ ਨੇ ਸ਼ਰਮਾ ਕੇ ਕਿਹਾ ਕਿ ‘ਉੱਥੇ ਲੋਕ ਬੜੇ ਸਾਫ਼-ਸੁਥਰੇ ਸਨ, ਇਸ ਲਈ ਮੈਂ ਘਬਰਾ ਗਿਆ ਸੀ।’
“ਜਿੱਦਾਂ-ਜਿੱਦਾਂ ਵਿਲਿਅਮ ਆਪਣੀ ਸਟੱਡੀ ਕਰਦਾ ਗਿਆ, ਬਾਈਬਲ ਦੀਆਂ ਸੱਚਾਈਆਂ ਨੇ ਉਸ ਦੇ ਜੀਵਨ ਨੂੰ ਬਦਲ ਦਿੱਤਾ। ਉਹ ਨਹਾਉਣ ਲੱਗ ਪਿਆ, ਉਸ ਨੇ ਆਪਣੇ ਵਾਲ ਕਟਵਾ ਲਏ, ਉਹ ਸਾਫ਼-ਸੁਥਰੇ ਕੱਪੜੇ ਪਾਉਣ ਲੱਗ ਪਿਆ, ਅਤੇ ਜਲਦੀ ਹੀ ਸਭਾਵਾਂ ਵਿਚ ਸ਼ਾਮਲ ਹੋਣ ਲੱਗ ਪਿਆ। ਜਦੋਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਰਿਲੀਸ ਹੋਈ, ਤਾਂ ਮੈਂ ਵਿਲਿਅਮ ਨਾਲ ਇਹ ਪੁਸਤਕ ਸਟੱਡੀ ਕਰਨ ਲੱਗ ਪਿਆ। ਤਦ ਤਾਈਂ ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦੋ ਭਾਸ਼ਣ ਦੇ ਚੁੱਕਾ ਸੀ ਅਤੇ ਪ੍ਰਕਾਸ਼ਕ ਬਣ ਚੁੱਕਾ ਸੀ। ਮੈਨੂੰ ਹੱਦੋਂ ਵੱਧ ਖ਼ੁਸ਼ੀ ਹੋਈ ਜਦੋਂ ਵਿਸ਼ੇਸ਼ ਸੰਮੇਲਨ ਦਿਨ ਤੇ ਉਸ ਨੇ ਬਪਤਿਸਮਾ ਲੈ ਲਿਆ। ਉਹ ਹੁਣ ਮੇਰਾ ਧਰਮ ਭਰਾ ਹੈ।”
ਵਿਲਿਅਮ ਨੂੰ ਪਹਿਰਾਬੁਰਜ ਰਸਾਲੇ ਬਾਰੇ ਕਿੱਥੋਂ ਪਤਾ ਲੱਗਾ ਸੀ? “ਮੈਂ ਕੂੜੇ ਵਿਚ ਰੱਦੀ ਅਖ਼ਬਾਰਾਂ ਵਿਚਕਾਰ ਪੁਰਾਣੀਆਂ ਕਾਪੀਆਂ ਦੇਖੀਆਂ ਸਨ।” ਜੀ ਹਾਂ, ਉਸ ਨੂੰ ਬੜੀ ਅਨੋਖੀ ਜਗ੍ਹਾ ਵਿਚ ਇਕ ਖ਼ਜ਼ਾਨਾ ਲੱਭਿਆ!
ਨੌਕਰੀ ਤੇ ਗਵਾਹੀ ਦੇਣੀ
ਕੀ ਅਸੀਂ ਆਪਣੀ ਨੌਕਰੀ ਦੀ ਥਾਂ ਤੇ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਉਂਦੇ ਹਾਂ? ਜੇਮਜ਼ ਨੇ ਇਸੇ ਤਰੀਕੇ ਵਿਚ ਸੱਚਾਈ ਸਿੱਖੀ ਸੀ। ਉਹ ਹੁਣ ਨੈਰੋਬੀ ਦੀ ਇਕ ਕਲੀਸਿਯਾ ਵਿਚ ਇਕ ਬਜ਼ੁਰਗ ਹੈ ਅਤੇ ਉਹ ਵੀ ਹੁਣ ਦੂਜਿਆਂ ਨਾਲ ਇਹੀ ਵਧੀਆ ਤਰੀਕਾ ਵਰਤਦਾ ਹੈ। ਮਿਸਾਲ ਲਈ, ਇਕ ਵਾਰ ਉਹ ਆਪਣੇ ਕੰਮ ਤੇ ਇਕ ਬੰਦੇ ਨੂੰ ਮਿਲਿਆ ਜਿਸ ਨੇ ਇਕ ਬੈਜ ਲਗਾਇਆ ਹੋਇਆ ਸੀ। ਬੈਜ ਉੱਤੇ ਲਿਖਿਆ ਸੀ “ਜੀਸਸ ਮੁਕਤੀ ਦਿੰਦਾ ਹੈ।” ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੀ ਰੀਸ ਕਰਦਿਆਂ ਜੇਮਜ਼ ਨੇ ਉਸ ਆਦਮੀ ਨੂੰ ਪੁੱਛਿਆ ਕਿ “ਕੀ ਤੁਸੀਂ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝਦੇ ਹੋ?” (ਰਸੂਲਾਂ ਦੇ ਕਰਤੱਬ 8:30) ਇਸ ਸਵਾਲ ਤੋਂ ਬਾਅਦ ਬੜੀ ਵਧੀਆ ਚਰਚਾ ਸ਼ੁਰੂ ਹੋਈ। ਇਸ ਆਦਮੀ ਨੇ ਬਾਈਬਲ ਸਟੱਡੀ ਸ਼ੁਰੂ ਕਰ ਲਈ ਅਤੇ ਫਿਰ ਬਪਤਿਸਮਾ ਵੀ ਲੈ ਲਿਆ। ਕੀ ਜੇਮਜ਼ ਹੋਰਨਾਂ ਨਾਲ ਸਫ਼ਲ ਹੋਇਆ ਹੈ? ਉਹ ਖ਼ੁਦ ਦੱਸਦਾ ਹੈ:
“ਟੌਮ ਅਤੇ ਮੈਂ ਇੱਕੋ ਕੰਪਨੀ ਲਈ ਕੰਮ ਕਰਦੇ ਸੀ। ਅਸੀਂ ਕੰਪਨੀ ਦੀ ਬੱਸ ਵਿਚ ਆਉਂਦੇ-ਜਾਂਦੇ ਸੀ ਅਤੇ ਇਕ ਸਵੇਰ ਅਸੀਂ ਦੋਨੋਂ ਇਕੱਠੇ ਬੈਠੇ ਸੀ। ਮੈਂ ਸੋਸਾਇਟੀ ਦੀ ਇਕ ਪੁਸਤਕ ਪੜ੍ਹ ਰਿਹਾ ਸੀ ਪਰ ਮੈਂ ਉਹ ਇਵੇਂ ਹੱਥ ਵਿਚ ਫੜੀ ਕਿ ਟੌਮ ਵੀ ਉਸ ਨੂੰ ਚੰਗੀ ਤਰ੍ਹਾਂ ਦੇਖ ਸਕੇ। ਜਿਵੇਂ ਮੈਂ ਉਮੀਦ ਰੱਖਦਾ ਸੀ, ਉਸ ਦਾ ਧਿਆਨ ਖਿੱਚਿਆ ਗਿਆ, ਅਤੇ ਮੈਂ ਉਸ ਨੂੰ ਆਪਣੀ ਪੁਸਤਕ ਥੋੜ੍ਹੇ ਸਮੇਂ ਲਈ ਰੱਖ ਲੈਣ ਦਿੱਤੀ। ਉਸ ਨੂੰ ਉਹ ਬਹੁਤ ਹੀ ਪਸੰਦ ਆਈ ਅਤੇ ਉਹ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ। ਹੁਣ ਉਹ ਅਤੇ ਉਸ ਦੀ ਪਤਨੀ ਦੋਵੇਂ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ।”
ਜੇਮਜ਼ ਅੱਗੇ ਦੱਸਦਾ ਹੈ ਕਿ “ਸਾਡੇ ਕੰਮ ਤੇ ਅਕਸਰ ਦੁਪਹਿਰ ਦੇ ਖਾਣੇ ਵੇਲੇ, ਬੜੀਆਂ ਦਿਲਚਸਪ ਗੱਲਾਂ ਸ਼ੁਰੂ ਹੋ ਜਾਂਦੀਆਂ ਸਨ। ਇਨ੍ਹੀਂ ਦਿਨੀਂ ਮੈਂ ਦੋ ਵੱਖਰਿਆਂ-ਵੱਖਰਿਆਂ ਮੌਕਿਆਂ ਤੇ ਈਫਰਾਏਮ ਅਤੇ ਵਾਲਟਰ ਨੂੰ ਮਿਲਿਆ। ਇਹ ਦੋਨੋਂ ਆਦਮੀ ਜਾਣਦੇ ਸੀ ਕਿ ਮੈਂ ਇਕ ਗਵਾਹ ਹਾਂ। ਈਫਰਾਏਮ ਇਹ ਜਾਣਨਾ ਚਾਹੁੰਦਾ ਸੀ ਕਿ ਲੋਕ ਯਹੋਵਾਹ ਦੇ ਗਵਾਹਾਂ ਵਿਰੁੱਧ ਇੰਨਾ ਬੁਰਾ-ਭਲਾ ਕਿਉਂ ਕਹਿੰਦੇ ਹਨ। ਵਾਲਟਰ ਜਾਣਨਾ ਚਾਹੁੰਦਾ ਸੀ ਕਿ ਗਵਾਹਾਂ ਅਤੇ ਦੂਜਿਆਂ ਧਰਮਾਂ ਵਿਚ ਕੀ ਫ਼ਰਕ ਹੈ। ਉਹ ਦੋਨੋਂ ਬੰਦੇ ਆਪਣੇ ਸਵਾਲਾਂ ਦੇ ਜਵਾਬ ਸੁਣ ਕੇ ਬਹੁਤ ਖ਼ੁਸ਼ ਹੋਏ ਅਤੇ ਸਟੱਡੀ ਕਰਨ ਲਈ ਮੰਨ ਗਏ। ਈਫਰਾਏਮ ਬਹੁਤ ਜਲਦੀ ਤਰੱਕੀ ਕਰ ਗਿਆ। ਥੋੜ੍ਹੇ ਸਮੇਂ ਵਿਚ ਹੀ ਉਹ ਅਤੇ ਉਸ ਦੀ ਪਤਨੀ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕਰ ਦਿੱਤੀਆਂ। ਉਹ ਹੁਣ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ ਅਤੇ ਉਸ ਦੀ ਪਤਨੀ ਇਕ ਪਾਇਨੀਅਰ ਹੈ। ਪਰ ਵਾਲਟਰ ਨੂੰ ਇੰਨੀਆਂ ਸਖ਼ਤੀਆਂ ਆਈਆਂ ਕਿ ਉਸ ਨੇ ਆਪਣੀ ਪੁਸਤਕ ਬਾਹਰ ਸੁੱਟ ਦਿੱਤੀ। ਪਰ ਮੈਂ ਉਸ ਨੂੰ ਦ੍ਰਿੜ੍ਹ ਰਹਿਣ ਲਈ ਹੌਸਲਾ ਦਿੰਦਾ ਰਿਹਾ ਅਤੇ ਉਸ ਨੇ ਫਿਰ ਆਪਣੀ ਸਟੱਡੀ ਸ਼ੁਰੂ ਕਰ ਲਈ। ਉਹ ਵੀ ਹੁਣ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ।” ਆਪਣੀ ਨੌਕਰੀ ਤੇ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਉਣ ਕਰਕੇ, ਜੇਮਜ਼ ਨੇ ਸੱਚੇ ਮਸੀਹੀ ਬਣਨ ਵਿਚ ਕੁੱਲ 11 ਬੰਦਿਆਂ ਦੀ ਮਦਦ ਕੀਤੀ ਹੈ।
ਕਿੰਨੀ ਹੈਰਾਨੀ ਦੀ ਗੱਲ!
ਵਿਕਟੋਰੀਆ ਝੀਲ ਦੇ ਕੰਢੇ ਤੇ ਇਕ ਛੋਟੇ ਜਿਹੇ ਪਿੰਡ ਦੀ ਇਹ ਗੱਲ ਹੈ। ਉੱਥੇ ਕਿਸੇ ਬੰਦੇ ਦੀ ਮੌਤ ਹੋਣ ਤੋਂ ਬਾਅਦ ਸਾਕ-ਸੰਬੰਧੀ ਦਫ਼ਨ ਲਈ ਇਕੱਠੇ ਹੋਏ ਹੋਏ ਸਨ। ਉੱਥੇ ਇਕ ਸਿਆਣਾ ਗਵਾਹ ਵੀ ਅਫ਼ਸੋਸ ਕਰਨ ਆਇਆ ਹੋਇਆ ਸੀ। ਉਸ ਨੇ ਡੌਲੀ ਨਾਂ ਦੀ ਸਕੂਲ ਦੀ ਅਧਿਆਪਕਾ ਨਾਲ ਮੁਰਦਿਆਂ ਦੀ ਸਥਿਤੀ ਬਾਰੇ ਗੱਲ ਕਰ ਕੇ ਦੱਸਿਆ ਕਿ ਯਹੋਵਾਹ ਨੇ ਹਮੇਸ਼ਾ ਲਈ ਮੌਤ ਖ਼ਤਮ ਕਰ ਦੇਣੀ ਹੈ। ਡੌਲੀ ਦੀ ਦਿਲਚਸਪੀ ਦੇਖ ਕੇ ਭਰਾ ਨੇ ਉਸ ਨੂੰ ਭਰੋਸਾ ਦਿੱਤਾ ਕਿ “ਜਦੋਂ ਤੂੰ ਘਰ ਵਾਪਸ
ਜਾਵੇਂਗੀ, ਤਾਂ ਤੈਨੂੰ ਬਾਈਬਲ ਸਿੱਖਿਆ ਦੇਣ ਲਈ ਇਕ ਮਿਸ਼ਨਰੀ ਆਵੇਗਾ।”ਕੀਨੀਆ ਵਿਚ ਡੌਲੀ ਦੇ ਜੱਦੀ ਸ਼ਹਿਰ ਨਾਲੋਂ ਸਿਰਫ਼ ਦੋ ਹੀ ਹੋਰ ਸ਼ਹਿਰ ਵੱਡੇ ਹਨ। ਉਦੋਂ ਉੱਥੇ ਕੇਵਲ ਚਾਰ ਗਵਾਹ ਹੀ ਸੇਵਾ ਕਰ ਰਹੇ ਸਨ। ਅਸਲ ਵਿਚ ਸਾਡੇ ਸਿਆਣੇ ਭਰਾ ਨੇ ਡੌਲੀ ਦੇ ਘਰ ਜਾਣ ਬਾਰੇ ਕਿਸੇ ਮਿਸ਼ਨਰੀ ਨੂੰ ਕੁਝ ਨਹੀਂ ਕਿਹਾ। ਉਸ ਨੂੰ ਪੂਰਾ ਭਰੋਸਾ ਸੀ ਕਿ ਆਪੇ ਹੀ ਕੋਈ ਚਲਾ ਜਾਵੇਗਾ। ਅਤੇ ਇਵੇਂ ਹੀ ਹੋਇਆ! ਥੋੜ੍ਹੀ ਦੇਰ ਬਾਅਦ ਡੌਲੀ ਨੂੰ ਇਕ ਮਿਸ਼ਨਰੀ ਭੈਣ ਮਿਲੀ ਅਤੇ ਉਸ ਨੇ ਸਟੱਡੀ ਸ਼ੁਰੂ ਕਰ ਲਈ। ਹੁਣ ਡੌਲੀ ਅਤੇ ਉਸ ਦੇ ਦੋ ਲੜਕਿਆਂ ਨੇ ਵੀ ਬਪਤਿਸਮਾ ਲੈ ਲਿਆ ਹੈ ਅਤੇ ਉਸ ਦੀ ਛੋਟੀ ਲੜਕੀ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਹਿੱਸਾ ਲੈਂਦੀ ਹੈ। ਡੌਲੀ ਪਾਇਨੀਅਰ ਸੇਵਾ ਸਕੂਲ ਦਾ ਆਨੰਦ ਵੀ ਮਾਣ ਚੁੱਕੀ ਹੈ।
ਨਵੇਂ ਭੈਣਾਂ-ਭਰਾਵਾਂ ਦੀ ਦੇਖ-ਭਾਲ
ਇੱਥੇ ਦੇ ਭੈਣਾਂ-ਭਰਾਵਾਂ ਨੇ ਹਰ ਮੌਕੇ ਤੇ ਗਵਾਹੀ ਦੇਣ ਦਾ ਫ਼ਾਇਦਾ ਉਠਾਇਆ ਹੈ, ਜਿਸ ਕਰਕੇ ਕੀਨੀਆ ਦੇ ਹਜ਼ਾਰਾਂ ਹੀ ਹੋਰ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣੀ ਹੈ। ਕੁਝ 15,000 ਤੋਂ ਜ਼ਿਆਦਾ ਪ੍ਰਕਾਸ਼ਕ ਇਸ ਵੱਡੇ ਕੰਮ ਵਿਚ ਹੱਥ ਵਟਾ ਰਹੇ ਹਨ ਅਤੇ ਪਿਛਲੇ ਸਾਲ 41,000 ਤੋਂ ਜ਼ਿਆਦਾ ਲੋਕ ਮਸੀਹ ਦੀ ਮੌਤ ਦੀ ਯਾਦਗੀਰੀ ਤੇ ਹਾਜ਼ਰ ਹੋਏ ਸਨ। ਆਮ ਤੌਰ ਤੇ ਕੀਨੀਆ ਵਿਚ ਸਭਾਵਾਂ ਵਿਚ ਰਾਜ ਪ੍ਰਕਾਸ਼ਕਾਂ ਨਾਲੋਂ ਦੁਗਣੀ ਹਾਜ਼ਰੀ ਹੁੰਦੀ ਹੈ। ਇਸ ਕਰਕੇ ਹੋਰ ਕਿੰਗਡਮ ਹਾਲਾਂ ਦੀ ਜ਼ਰੂਰਤ ਪਈ ਹੈ।
ਕਿੰਗਡਮ ਹਾਲ ਵੱਡਿਆਂ ਸ਼ਹਿਰਾਂ ਵਿਚ ਅਤੇ ਬਾਹਰਲਿਆਂ ਇਲਾਕਿਆਂ ਵਿਚ ਵੀ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਸਾਂਮਬੁਰੂ ਨਗਰ ਵਿਚ ਹੈ, ਜੋ ਨੈਰੋਬੀ ਤੋਂ ਉੱਤਰ-ਪੂਰਬ ਦਸ਼ਾ ਵੱਲ 320 ਕਿਲੋਮੀਟਰ ਦੂਰ ਹੈ। ਸਾਲ 1934 ਵਿਚ ਇਸ ਨਗਰ ਦਾ ਨਾਂ “ਮਾਰਾਲਾਲ” ਸੱਦਿਆ ਗਿਆ, ਜਿਸ ਦਾ ਸਾਂਮਬੁਰੂ ਭਾਸ਼ਾ ਵਿਚ ਅਰਥ ਹੈ “ਲਿਸ਼ਕਾਰਾ” ਕਿਉਂਕਿ ਉਸ ਦੀ ਪਹਿਲੀ ਛੱਤ ਵੱਟਦਾਰ ਲੋਹੇ ਦੀਆਂ ਚਾਦਰਾਂ ਦੀ ਬਣੀ ਹੋਈ ਸੀ ਅਤੇ ਧੁੱਪ ਵਿਚ ਚਮਕਦੀ ਹੁੰਦੀ ਸੀ। ਬਾਹਠ ਸਾਲਾਂ ਬਾਅਦ ਮਾਰਾਲਾਲ ਵਿਚ ਇਕ ਹੋਰ ਹਾਲ ਬਣਾਇਆ ਗਿਆ ਸੀ। ਇਸ ਦੀ ਛੱਤ ਵੀ ਲੋਹੇ ਦੀਆਂ ਵੱਟਦਾਰ ਚਾਦਰਾਂ ਦੀ ਬਣੀ ਹੋਈ ਸੀ। ਇਹ ਵੀ “ਚਮਕਦਾ” ਅਤੇ “ਲਿਸ਼ਕਦਾ” ਹੈ ਕਿਉਂਕਿ ਇਹ ਸੱਚੀ ਭਗਤੀ ਦੀ ਜਗ੍ਹਾ ਹੈ।
ਪੰਦਰਾਂ ਪ੍ਰਕਾਸ਼ਕਾਂ ਨੇ ਕੀਨੀਆ ਦੇ ਇਸ ਦੂਰ-ਦੁਰੇਡੇ ਇਲਾਕੇ ਵਿਚ ਸਭ ਤੋਂ ਪਹਿਲਾ ਕਿੰਗਡਮ ਹਾਲ ਬਣਾਉਣ ਵਿਚ ਬਹੁਤ ਹੀ ਮਿਹਨਤ ਕੀਤੀ। ਉਨ੍ਹਾਂ ਕੋਲ ਬਹੁਤਾ ਪੈਸਾ ਨਹੀਂ ਸੀ, ਇਸ ਲਈ ਭਰਾਵਾਂ ਕੋਲ ਜੋ ਵੀ ਸੀ ਉਨ੍ਹਾਂ ਨੇ ਵਰਤਿਆ। ਉਨ੍ਹਾਂ ਨੇ ਕੰਧਾਂ ਲਈ ਲਾਲ ਮਿੱਟੀ ਵਿਚ ਪਾਣੀ ਰਲਾ ਕੇ ਗਾਰਾ ਬਣਾਇਆ ਅਤੇ ਇਸ ਨੂੰ ਸਿੱਧਿਆਂ ਖੜ੍ਹਿਆਂ ਖੰਭਿਆਂ ਵਿਚਕਾਰ ਭਰਿਆ। ਫਿਰ ਉਨ੍ਹਾਂ ਨੇ ਕੰਧਾਂ ਮੁਲਾਇਮ ਕਰਨ ਲਈ ਉਨ੍ਹਾਂ ਉੱਤੇ ਗੋਹੇ ਅਤੇ ਸੁਆਹ ਦਾ ਪਲਾਸਤਰ ਥਾਪਿਆ। ਇਸ ਤਰ੍ਹਾਂ ਕੰਧਾਂ ਬਹੁਤ ਸਾਲਾਂ ਲਈ ਮਜ਼ਬੂਤ ਰਹਿੰਦੀਆਂ ਹਨ।
ਕਿੰਗਡਮ ਹਾਲ ਦੇ ਖੰਭਿਆਂ ਵਾਸਤੇ ਉਨ੍ਹਾਂ ਨੇ ਦਰਖ਼ਤ ਕੱਟਣ ਲਈ ਪਰਮਿਟ ਪ੍ਰਾਪਤ ਕੀਤਾ। ਪਰ ਸਭ ਤੋਂ ਨੇੜਲਾ ਜੰਗਲ ਤਕਰੀਬਨ 10 ਕਿਲੋਮੀਟਰ ਦੂਰ ਸੀ। ਪਹਿਲਾਂ ਭੈਣਾਂ-ਭਰਾਵਾਂ ਨੂੰ ਦਰਖ਼ਤ ਕੱਟਣ ਲਈ ਜੰਗਲ ਤਕ ਤੁਰਨਾ ਪਿਆ। ਫਿਰ ਉਨ੍ਹਾਂ ਨੇ ਦਰਖ਼ਤ ਕੱਟ ਕੇ ਲਕੜੀ ਨੂੰ ਸੁਆਰਿਆ ਅਤੇ ਉਸ ਤੋਂ ਖੰਭੇ ਬਣਾਏ। ਫਿਰ ਉਹ ਇਨ੍ਹਾਂ ਨੂੰ ਚੁੱਕ ਕੇ ਹਾਲ ਬਣਾਉਣ ਵਾਲੀ ਜਗ੍ਹਾ ਤੇ ਲੈ ਕੇ ਗਏ। ਇਕ ਵਾਰ ਉਨ੍ਹਾਂ ਨੂੰ ਪੁਲਸ ਨੇ ਰੋਕਿਆ ਅਤੇ ਕਿਹਾ ਕਿ ਉਹ ਗ਼ੈਰ-ਕਾਨੂੰਨੀ ਤੌਰ ਤੇ ਦਰਖ਼ਤ ਕੱਟ ਰਹੇ ਸਨ ਕਿਉਂਕਿ ਉਨ੍ਹਾਂ ਦੀ ਪਰਮਿਟ ਜਾਇਜ਼ ਨਹੀਂ ਸੀ। ਪੁਲਸ ਨੇ ਇਕ ਵਿਸ਼ੇਸ਼ ਪਾਇਨੀਅਰ ਭਰਾ ਨੂੰ ਕਿਹਾ ਕਿ ਦਰਖ਼ਤ ਕੱਟਣ ਦੇ ਜੁਰਮ ਲਈ ਉਹ ਗਿਰਫ਼ਤਾਰ ਕੀਤਾ ਜਾ ਰਿਹਾ ਸੀ। ਉਸ ਇਲਾਕੇ ਦੀ ਇਕ ਕਾਫ਼ੀ ਜਾਣੀ-ਪਛਾਣੀ ਭੈਣ ਨੇ, ਜਿਸ ਨੂੰ ਪੁਲਸ ਵੀ ਜਾਣਦੀ ਸੀ, ਮੋਹਰੇ ਹੋ ਕੇ ਕਿਹਾ “ਜੇ ਤੁਸੀਂ ਸਾਡੇ ਭਰਾ ਨੂੰ ਗਿਰਫ਼ਤਾਰ ਕਰੋਗੇ, ਤਾਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਗਿਰਫ਼ਤਾਰ ਕਰਨਾ ਪਵੇਗਾ ਕਿਉਂਕਿ ਅਸੀਂ ਸਾਰਿਆਂ ਨੇ ਦਰਖ਼ਤ ਕੱਟੇ ਸਨ!” ਇਹ ਸੁਣ ਕੇ ਪੁਲਸ ਅਫ਼ਸਰ ਨੇ ਸਾਰਿਆਂ ਨੂੰ ਛੱਡ ਦਿੱਤਾ।
ਜੰਗਲੀ ਜਾਨਵਰਾਂ ਕਰਕੇ ਜੰਗਲ ਵਿਚ ਜਾਣਾ ਖ਼ਤਰਨਾਕ ਵੀ ਸੀ। ਇਕ ਦਿਨ ਇਕ ਭੈਣ ਨੇ ਇਕ ਦਰਖ਼ਤ ਕੱਟਿਆ। ਜਿਉਂ ਹੀ ਇਹ ਜ਼ਮੀਨ ਤੇ ਡਿਗਿਆ, ਤਾਂ ਉਸ ਨੇ ਇਕ ਜਾਨਵਰ ਨੂੰ ਇਕਦਮ ਕੁੱਦਦਾ ਅਤੇ ਭੱਜਦਾ ਦੇਖਿਆ। ਉਸ ਨੂੰ ਜਾਨਵਰ ਦੇ ਭੂਰੇ ਜਿਹੇ ਰੰਗ ਤੋਂ ਲੱਗਾ ਕਿ ਉਹ ਇਕ ਹਿਰਨ ਹੀ ਸੀ, ਪਰ ਬਾਅਦ ਵਿਚ ਉਸ ਨੇ ਜ਼ਮੀਨ ਤੇ ਪੈਰਾਂ ਦੇ ਛਾਪ ਤੋਂ ਦੇਖਿਆ ਕਿ ਉਹ ਇਕ ਸ਼ੇਰ ਸੀ! ਇਨ੍ਹਾਂ ਖ਼ਤਰਿਆਂ ਦੇ ਬਾਵਜੂਦ, ਭਰਾਵਾਂ ਨੇ ਹਾਲ ਬਣਾ ਲਿਆ ਅਤੇ ਹੁਣ ਉਹ ਯਹੋਵਾਹ ਦੀ ਪ੍ਰਸ਼ੰਸਾ ਲਈ “ਲਿਸ਼ਕਦਾ” ਹੈ।
ਕੀਨੀਆ ਦੇ ਰੂਹਾਨੀ ਇਤਿਹਾਸ ਵਿਚ 1 ਫਰਵਰੀ 1963 ਇਕ ਮਹੱਤਵਪੂਰਣ ਦਿਨ ਸੀ। ਉਸ ਦਿਨ ਇਸ ਦੇਸ਼ ਦਾ ਪਹਿਲਾ ਸ਼ਾਖਾ ਦਫ਼ਤਰ ਖੋਲ੍ਹਿਆ ਗਿਆ, ਜੋ ਸਿਰਫ਼ 7.4 ਵਰਗ ਮੀਟਰ ਦਾ ਇੱਕੋ ਹੀ ਕਮਰਾ ਸੀ। ਕੀਨੀਆ ਦੇ ਰੂਹਾਨੀ ਇਤਿਹਾਸ ਵਿਚ 25 ਅਕਤੂਬਰ 1997 ਇਕ ਹੋਰ ਮੁੱਖ ਦਿਨ ਸੀ। ਉਹ ਸੀ 7,800 ਵਰਗ ਮੀਟਰ ਨਵੇਂ ਬੈਥਲ ਦਾ ਸਮਰਪਣ ਦਿਨ! ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਲਈ ਭੈਣਾਂ-ਭਰਾਵਾਂ ਨੇ ਤਿੰਨਾਂ ਸਾਲਾਂ ਲਈ ਬੜੀ ਮਿਹਨਤ ਕੀਤੀ। ਇੱਥੇ 25 ਵੱਖਰੇ-ਵੱਖਰੇ ਦੇਸ਼ਾਂ ਤੋਂ ਵਾਲੰਟੀਅਰ ਆਏ ਹੋਏ ਸਨ। ਉਨ੍ਹਾਂ ਨੇ ਗਾਰੇ ਅਤੇ ਝਾੜੀ-ਬੂਟਿਆਂ ਨਾਲ ਭਰੇ ਹੋਏ 7.8-ਏਕੜ ਖੇਤ ਨੂੰ ਸੁਆਰ ਕੇ ਇਕ ਬਾਗ਼ ਵਰਗਾ ਬਣਾ ਦਿੱਤਾ। ਇੱਥੇ ਹੁਣ ਨਵਾਂ ਸ਼ਾਖਾ ਦਫ਼ਤਰ ਹੈ ਜਿਸ ਵਿਚ ਬੈਥਲ ਪਰਿਵਾਰ ਦੇ 80 ਮੈਂਬਰ ਰਹਿੰਦੇ ਹਨ।
ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਇੰਨਾ ਕੁਝ ਕੀਤਾ ਹੈ। ਉਹ ਦਾ ਹੀ ਸਦਕਾ ਕਿ ਉਸ ਦੇ ਸੇਵਕ ਇੰਨੇ ਖੁੱਲ੍ਹੇ ਦਿਲਾਂ ਨਾਲ ਕੀਨੀਆ ਵਿਚ ਲਾਇਕ ਲੋਕਾਂ ਨੂੰ ਲੱਭ ਰਹੇ ਹਨ। ਇਹੀ ਚੀਜ਼ ਇਸ ਦੇਸ਼ ਨੂੰ ਰੂਹਾਨੀ ਭਾਵ ਵਿਚ ਸੁੰਦਰ ਬਣਾਉਂਦੀ ਹੈ।
[ਫੁਟਨੋਟ]
^ ਪੈਰਾ 13 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।