ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੰਪਿਊਟਰ ਪ੍ਰੋਗ੍ਰਾਮਾਂ ਦੀਆਂ ਕਾਪੀਆਂ ਬਣਾ-ਬਣਾ ਕੇ ਦੂਸਰਿਆਂ ਨੂੰ ਦੇਣੀਆਂ ਕਾਫ਼ੀ ਆਮ ਗੱਲ ਬਣ ਗਈ ਹੈ। ਇਸ ਬਾਰੇ ਸੱਚੇ ਮਸੀਹੀਆਂ ਦਾ ਕੀ ਵਿਚਾਰ ਹੋਣਾ ਚਾਹੀਦਾ ਹੈ?
ਕੁਝ ਮਸੀਹੀ ਇਸ ਕੰਮ ਨੂੰ ਠੀਕ ਸਮਝਦੇ ਹਨ ਅਤੇ ਸ਼ਾਇਦ ਕਹਿਣ ਕਿ ਯਿਸੂ ਨੇ ਕਿਹਾ ਸੀ ਕਿ “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।” ਪਰ ਇੱਥੇ ਯਿਸੂ ਕਾਪੀਰਾਈਟ ਵਾਲੇ ਸਾਹਿੱਤ ਜਾਂ ਕੰਪਿਊਟਰ ਪ੍ਰੋਗ੍ਰਾਮਾਂ (ਸਾਫਟਵੇਅਰ) ਦੀਆਂ ਕਾਪੀਆਂ ਨੂੰ ਮੁਫ਼ਤ ਵਿਚ ਦੇਣ ਬਾਰੇ ਗੱਲ ਨਹੀਂ ਕਰ ਰਿਹਾ ਸੀ, ਜਿਨ੍ਹਾਂ ਦੀ ਵਰਤੋਂ ਲਈ ਕਾਨੂੰਨ ਬਣਾਏ ਗਏ ਹਨ। ਯਿਸੂ ਇੱਥੇ ਪ੍ਰਚਾਰ ਸੇਵਕਾਈ ਵਿਚ ਦੂਜਿਆਂ ਨੂੰ ਦੇਣ ਬਾਰੇ ਗੱਲ ਕਰ ਰਿਹਾ ਸੀ। ਜਦੋਂ ਯਿਸੂ ਨੇ ਆਪਣੇ ਰਸੂਲਾਂ ਨੂੰ ਵੱਖੋ-ਵੱਖਰਿਆਂ ਸ਼ਹਿਰਾਂ ਅਤੇ ਪਿੰਡਾਂ ਵਿਚ ਘੱਲਿਆ, ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦਾ ਪ੍ਰਚਾਰ ਕਰਨਾ ਸੀ, ਰੋਗੀਆਂ ਨੂੰ ਚੰਗਾ ਕਰਨਾ ਸੀ, ਅਤੇ ਭੂਤਾਂ ਨੂੰ ਕੱਢਣਾ ਸੀ। ਇਨ੍ਹਾਂ ਕੰਮਾਂ ਲਈ ਪੈਸੇ ਲੈਣ ਦੀ ਬਜਾਇ ਉਨ੍ਹਾਂ ਨੇ ਇਹ ਕੰਮ ‘ਮੁਫ਼ਤ ਵਿਚ ਕਰਨਾ’ ਸੀ।—ਮੱਤੀ 10:7, 8.
ਨਿੱਜੀ ਕੰਮਾਂ ਲਈ ਅਤੇ ਕਾਰੋਬਾਰਾਂ ਲਈ ਕੰਪਿਊਟਰਾਂ ਦੀ ਵਰਤੋਂ ਵਧਣ ਕਾਰਨ ਕਈਆਂ ਨੂੰ ਕੰਪਿਊਟਰ ਪ੍ਰੋਗ੍ਰਾਮਾਂ ਦੀ ਜ਼ਰੂਰਤ ਪਈ ਹੈ। ਅਕਸਰ ਇਨ੍ਹਾਂ ਨੂੰ ਖ਼ਰੀਦਣਾ ਪੈਂਦਾ ਹੈ। ਇਹ ਸੱਚ ਹੈ ਕਿ ਕੁਝ ਲੋਕ ਅਜਿਹੇ ਪ੍ਰੋਗ੍ਰਾਮ ਲਿਖਦੇ ਹਨ ਜੋ ਉਹ ਮੁਫ਼ਤ ਵਿਚ ਲੋਕਾਂ ਨੂੰ ਦਿੰਦੇ ਹਨ। ਕਦੀ-ਕਦੀ ਉਹ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਦੀਆਂ ਕਾਪੀਆਂ ਬਣਾ ਕੇ ਦੂਸਰਿਆਂ ਨੂੰ ਦਿੱਤੀਆਂ ਜਾਂ ਸਕਦੀਆਂ ਹਨ। ਲੇਕਿਨ, ਆਮ ਤੌਰ ਤੇ ਕੰਪਿਊਟਰ ਸਾਫਟਵੇਅਰ ਨੂੰ ਵੇਚਿਆ ਜਾਂਦਾ ਹੈ। ਚਾਹੇ ਇਹ ਆਪਣੇ ਘਰ ਵਰਤਣ ਲਈ ਹੋਵੇ ਜਾਂ ਕਾਰੋਬਾਰੀ ਕੰਮਾਂ ਲਈ ਹੋਵੇ, ਸਾਫਟਵੇਅਰ ਵਰਤਣ ਵਾਲਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੈਸੇ ਦੇ ਕੇ ਇਸ ਨੂੰ ਖ਼ਰੀਦਣ। ਜੇਕਰ ਕੋਈ ਵਿਅਕਤੀ ਸਾਫਟਵੇਅਰ ਨੂੰ ਖ਼ਰੀਦਣ ਤੋਂ ਬਗੈਰ ਲੈ ਲਵੇ ਜਾਂ ਉਸ ਦੀਆਂ ਕਾਪੀਆਂ ਬਣਾਵੇ ਤਾਂ ਇਹ ਗ਼ੈਰ-ਕਾਨੂੰਨੀ ਹੋਵੇਗਾ। ਇਹ ਵੱਡੇ ਪੈਮਾਨੇ ਤੇ ਕਿਤਾਬਾਂ ਦੀਆਂ ਕਾਪੀਆਂ ਬਣਾਉਣ ਬਾਰੇ ਵੀ ਸੱਚ ਹੈ, ਭਾਵੇਂ ਕਿ ਉਹ ਮੁਫ਼ਤ ਵਿਚ ਦਿੱਤੀਆਂ ਜਾਣ।
ਜ਼ਿਆਦਾਤਰ ਕੰਪਿਊਟਰ ਪ੍ਰੋਗ੍ਰਾਮਾਂ (ਜਿਨ੍ਹਾਂ ਵਿਚ ਗੇਮਾਂ ਵੀ ਹਨ) ਦਾ ਲਸੰਸ ਹੁੰਦਾ ਹੈ, ਜਿਸ ਕਾਰਨ ਸਿਰਫ਼ ਖ਼ਰੀਦਣ ਵਾਲੇ ਕੋਲ ਉਨ੍ਹਾਂ ਨੂੰ ਵਰਤਣ ਦਾ ਕਾਨੂੰਨੀ ਹੱਕ ਹੁੰਦਾ ਹੈ। ਉਸ ਵਿਅਕਤੀ ਨੂੰ ਲਸੰਸ ਦੀਆਂ ਹਿਦਾਇਤਾਂ ਅਨੁਸਾਰ ਹੀ ਪ੍ਰੋਗ੍ਰਾਮ ਨੂੰ ਵਰਤਣਾ ਚਾਹੀਦਾ ਹੈ। ਕਈ ਲਸੰਸ ਕਹਿੰਦੇ ਹਨ ਕਿ ਸਿਰਫ਼ ਇਕ ਵਿਅਕਤੀ ਇਸ ਪ੍ਰੋਗ੍ਰਾਮ ਨੂੰ ਆਪਣੇ ਕੰਪਿਊਟਰ ਵਿਚ ਵਰਤ ਸਕਦਾ ਹੈ। ਇਹ ਸਿਰਫ਼ ਇੱਕੋ ਕੰਪਿਊਟਰ ਤੇ ਲਗਾਇਆ ਜਾ ਸਕਦਾ ਹੈ, ਚਾਹੇ ਉਹ ਘਰ ਹੋਵੇ, ਕੰਮ ਤੇ, ਜਾਂ ਸਕੂਲੇ। ਕੁਝ ਲਸੰਸ ਕਹਿੰਦੇ ਹਨ ਕਿ ਖ਼ਰੀਦਣ ਵਾਲਾ ਆਪਣੇ ਆਪ ਲਈ ਇਸ ਦੀ ਇਕ ਕਾਪੀ ਬਣਾ ਸਕਦਾ ਹੈ, ਪਰ ਉਹ ਦੂਸਰਿਆਂ ਨੂੰ ਵੰਡਣ ਲਈ ਕਾਪੀਆਂ ਨਹੀਂ ਬਣਾ ਸਕਦਾ। ਜੇਕਰ ਉਹ ਪੂਰਾ ਪ੍ਰੋਗ੍ਰਾਮ (ਲਸੰਸ ਅਤੇ ਕਾਗਜ਼) ਕਿਸੇ ਹੋਰ ਵਿਅਕਤੀ ਨੂੰ ਦੇਣਾ ਚਾਹੇ ਤਾਂ ਉਹ ਦੇ ਸਕਦਾ ਹੈ। ਲੇਕਿਨ, ਇਸ ਤਰ੍ਹਾਂ ਕਰਨ ਨਾਲ ਉਹ ਇਸ ਪ੍ਰੋਗ੍ਰਾਮ ਨੂੰ ਵਰਤਣ ਦੇ ਆਪਣੇ ਹੱਕ ਵੀ ਦੇ ਦਿੰਦਾ ਹੈ। ਵੱਖਰੇ-ਵੱਖਰੇ ਪ੍ਰੋਗ੍ਰਾਮਾਂ ਦੇ ਲਸੰਸ ਵੀ ਵੱਖਰੇ-ਵੱਖਰੇ ਹੁੰਦੇ ਹਨ, ਇਸ ਲਈ ਪ੍ਰੋਗ੍ਰਾਮ ਖ਼ਰੀਦਣ ਵਾਲੇ ਨੂੰ ਜਾਂ ਜਿਸ ਨੂੰ ਪ੍ਰੋਗ੍ਰਾਮ ਦਿੱਤਾ ਜਾ ਰਿਹਾ ਹੈ, ਉਸ ਨੂੰ ਪਹਿਲਾਂ ਪਤਾ ਕਰਨਾ ਚਾਹੀਦਾ ਹੈ ਕਿ ਲਸੰਸ ਵਿਚ ਕੀ ਦੱਸਿਆ ਗਿਆ ਹੈ।
ਕਈ ਦੇਸ਼ ਕਾਪੀਰਾਈਟ ਇਕਰਾਰਨਾਮਿਆਂ ਵਿਚ ਸ਼ਰੀਕ ਹੁੰਦੇ ਹਨ ਜੋ ਕੰਪਿਊਟਰ ਪ੍ਰੋਗ੍ਰਾਮਾਂ ਵਰਗੀਆਂ ਚੀਜ਼ਾਂ ਦੀ ਰੱਖਿਆ ਕਰਦੇ ਹਨ ਅਤੇ ਕਾਪੀਰਾਈਟ ਦੇ ਕਾਨੂੰਨ ਅਮਲ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, 14 ਜਨਵਰੀ 2000 ਦਾ ਨਿਊਯਾਰਕ ਟਾਈਮਜ਼ ਅਖ਼ਬਾਰ ਰਿਪੋਰਟ ਕਰਦਾ ਹੈ ਕਿ “ਜਰਮਨ ਅਤੇ ਡੈਨਿਸ਼ ਪੁਲਸ ਅਫ਼ਸਰਾਂ ਨੇ ਕੁਝ ਲੋਕਾਂ ਨੂੰ ਗਿਰਫ਼ਤਾਰ ਕੀਤਾ ਜਿਨ੍ਹਾਂ ਨੂੰ ਸਾਫਟਵੇਅਰ-ਚੋਰਾਂ ਦੀ ਵੱਡੀ ਟੋਲੀ ਦੇ ਮੈਂਬਰ ਸੱਦਿਆ ਗਿਆ।” ਇਹ ਲੋਕ ਕੰਪਿਊਟਰ ਦੇ ਪ੍ਰੋਗ੍ਰਾਮ ਅਤੇ ਗੇਮਾਂ ਦੀਆਂ ਕਾਪੀਆਂ ਬਣਾ-ਬਣਾ ਕੇ ਵੰਡ ਰਹੇ ਸਨ, ਅਤੇ ਇੰਟਰਨੈੱਟ ਤੇ ਵੀ ਇਨ੍ਹਾਂ ਦੀਆਂ ਕਾਪੀਆਂ ਵੇਚ ਰਹੇ ਸਨ।
ਮਸੀਹੀ ਕਲੀਸਿਯਾ ਦਾ ਇਸ ਮਾਮਲੇ ਬਾਰੇ ਕੀ ਖ਼ਿਆਲ ਹੋਣਾ ਚਾਹੀਦਾ ਹੈ? ਯਿਸੂ ਨੇ ਕਿਹਾ ਸੀ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਇਸ ਦਾ ਮਤਲਬ ਹੈ ਕਿ ਮਸੀਹੀਆਂ ਨੂੰ ਦੇਸ਼ ਦੇ ਉਨ੍ਹਾਂ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਕਾਨੂੰਨਾਂ ਨਾਲ ਨਹੀਂ ਟਕਰਾਉਂਦੇ। ਸਰਕਾਰਾਂ ਦੇ ਸੰਬੰਧ ਵਿਚ, ਪੌਲੁਸ ਰਸੂਲ ਨੇ ਲਿਖਿਆ ਸੀ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ . . . ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹ ਦੰਡ ਭੋਗਣਗੇ।”—ਰੋਮੀਆਂ 13:1, 2.
ਮਸੀਹੀ ਕਲੀਸਿਯਾ ਵਿਚ ਬਜ਼ੁਰਗਾਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਦੂਸਰਿਆਂ ਦਿਆਂ ਕੰਪਿਊਟਰਾਂ ਦੀ ਜਾਂਚ ਕਰਨ, ਜਿਵੇਂ ਕਿ ਉਨ੍ਹਾਂ ਨੂੰ ਕਾਪੀਰਾਈਟ ਦੇ ਕਾਨੂੰਨਾਂ ਨੂੰ ਸਮਝਾਉਣ ਅਤੇ ਲਾਗੂ ਕਰਨ ਦਾ ਅਧਿਕਾਰ ਦਿੱਤਾ ਗਿਆ ਹੋਵੇ। ਪਰ ਉਹ ਵਿਸ਼ਵਾਸ ਕਰਦੇ ਹਨ ਅਤੇ ਸਿਖਾਉਂਦੇ ਹਨ ਕਿ ਮਸੀਹੀਆਂ ਨੂੰ ਅਜਿਹੀਆਂ ਚੀਜ਼ਾਂ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੀਆਂ ਨਹੀਂ ਹਨ ਅਤੇ ਕਿ ਉਨ੍ਹਾਂ ਨੂੰ ਕਾਨੂੰਨ-ਪਾਲਕ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਮਸੀਹੀ ਕਾਨੂੰਨ ਤੋੜਨ ਵਾਲਿਆਂ ਦੀ ਸਜ਼ਾ ਤੋਂ ਬਚਦੇ ਹਨ ਅਤੇ ਉਹ ਪਰਮੇਸ਼ੁਰ ਸਾਮ੍ਹਣੇ ਇਕ ਸ਼ੁੱਧ ਜ਼ਮੀਰ ਰੱਖ ਸਕਦੇ ਹਨ। ਪੌਲੁਸ ਨੇ ਲਿਖਿਆ: “ਇਸ ਲਈ ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਅਧੀਨ ਹੋਣਾ ਲੋੜੀਦਾ ਹੈ।” (ਰੋਮੀਆਂ 13:5) ਇਸੇ ਤਰ੍ਹਾਂ ਪੌਲੁਸ ਨੇ ਇਨ੍ਹਾਂ ਸ਼ਬਦਾਂ ਰਾਹੀਂ ਸੱਚੇ ਮਸੀਹੀਆਂ ਦੀ ਇੱਛਾ ਪ੍ਰਗਟ ਕੀਤੀ ਸੀ: “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”—ਇਬਰਾਨੀਆਂ 13:18.
[ਸਫ਼ੇ 29 ਉੱਤੇ ਡੱਬੀ]
ਕੁਝ ਕਾਰੋਬਾਰ ਅਤੇ ਸਕੂਲ ਅਜਿਹੇ ਲਸੰਸ ਪ੍ਰਾਪਤ ਕਰਦੇ ਹਨ ਜਿਨ੍ਹਾਂ ਰਾਹੀਂ ਕਈ ਲੋਕ ਪ੍ਰੋਗ੍ਰਾਮ ਨੂੰ ਵਰਤ ਸਕਦੇ ਹਨ, ਪਰ ਫਿਰ ਵੀ ਇਨ੍ਹਾਂ ਵਿਚ ਦੱਸਿਆ ਜਾਂਦਾ ਹੈ ਕਿ ਕਿੰਨੇ ਕੁ ਜਣਿਆਂ ਨੂੰ ਪ੍ਰੋਗ੍ਰਾਮ ਵਰਤਣ ਦੀ ਇਜਾਜ਼ਤ ਹੈ। ਸਾਲ 1995 ਵਿਚ, ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਨੇ ਇਕ ਲੇਖ ਉੱਤੇ ਚਰਚਾ ਕੀਤੀ ਸੀ ਜਿਸ ਵਿਚ ਇਹ ਸਲਾਹ ਦਿੱਤੀ ਗਈ ਸੀ:
“ਅਨੇਕ ਕੰਪਨੀਆਂ ਜੋ ਕੰਪਿਊਟਰ ਪ੍ਰੋਗ੍ਰਾਮ ਤਿਆਰ ਕਰਦੀਆਂ ਅਤੇ ਵੇਚਦੀਆਂ ਹਨ ਕਾਪੀਰਾਈਟ ਲੈਂਦੀਆਂ ਹਨ, ਅਤੇ ਉਹ ਇਕ ਲਸੰਸ ਦਿੰਦੀਆਂ ਹਨ ਜੋ ਦਿਖਾਉਂਦਾ ਹੈ ਕਿ ਪ੍ਰੋਗ੍ਰਾਮ ਨੂੰ ਕਾਨੂੰਨੀ ਤੌਰ ਤੇ ਕਿਸ ਤਰ੍ਹਾਂ ਵਰਤਿਆ ਜਾਣਾ ਚਾਹੀਦਾ ਹੈ। ਆਮ ਤੌਰ ਤੇ ਲਸੰਸ ਕਹਿੰਦਾ ਹੈ ਕਿ ਪ੍ਰੋਗ੍ਰਾਮ ਖ਼ਰੀਦਣ ਵਾਲਾ ਇਸ ਦੀਆਂ ਕਾਪੀਆਂ ਦੂਸਰਿਆਂ ਨੂੰ ਨਹੀਂ ਦੇ ਸਕਦਾ; ਦਰਅਸਲ, ਕਾਪੀਰਾਈਟ ਦੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਇਸ ਤਰ੍ਹਾਂ ਕਰਨਾ ਗ਼ੈਰ-ਕਾਨੂੰਨੀ ਹੈ। . . . ਕੁਝ ਵੱਡੀਆਂ ਕੰਪਨੀਆਂ ਅਜਿਹੇ ਕੰਪਿਊਟਰ ਵੇਚਦੀਆਂ ਹਨ ਜਿਨ੍ਹਾਂ ਵਿਚ ਪਹਿਲਾਂ ਹੀ ਲਸੰਸ ਅਨੁਸਾਰ ਪ੍ਰੋਗ੍ਰਾਮ ਲਗਾਏ ਗਏ ਹੁੰਦੇ ਹਨ। ਲੇਕਿਨ, ਕੰਪਿਊਟਰਾਂ ਦੀਆਂ ਕੁਝ ਦੁਕਾਨਾਂ ਲਸੰਸ ਨਹੀਂ ਦਿੰਦੀਆਂ ਕਿਉਂਕਿ ਜਿਹੜੇ ਪ੍ਰੋਗ੍ਰਾਮ ਉਹ ਪਹਿਲਾਂ ਕੰਪਿਊਟਰਾਂ ਵਿਚ ਲਗਾਉਂਦੇ ਹਨ ਉਹ ਗ਼ੈਰ-ਕਾਨੂੰਨੀ ਕਾਪੀਆਂ ਹੁੰਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਖ਼ਰੀਦਣ ਵਾਲਾ ਇਨ੍ਹਾਂ ਪ੍ਰੋਗ੍ਰਾਮਾਂ ਨੂੰ ਵਰਤਣ ਦੁਆਰਾ ਕਾਨੂੰਨ ਤੋੜ ਰਿਹਾ ਹੁੰਦਾ ਹੈ। ਇਸ ਦੇ ਸੰਬੰਧ ਵਿਚ, ਮਸੀਹੀਆਂ ਨੂੰ ਇਲੈਕਟ੍ਰਾਨਿਕ ਬੁਲੇਟਿਨ ਬੋਰਡ ਤੇ ਅਜਿਹੀ ਕੋਈ ਚੀਜ਼ ਲਗਾਉਣੀ ਨਹੀਂ ਚਾਹੀਦੀ ਅਤੇ ਉਸ ਤੋਂ ਕੁਝ ਕਾਪੀ ਨਹੀਂ ਕਰਨਾ ਚਾਹੀਦਾ ਹੈ ਜਿਸ ਦੀ ਕਾਪੀਰਾਈਟ ਹੋਵੇ (ਜਿਵੇਂ ਕਿ ਸੋਸਾਇਟੀ ਦੇ ਪ੍ਰਕਾਸ਼ਨ), ਅਤੇ ਜੋ ਪ੍ਰੋਗ੍ਰਾਮ ਬਣਾਉਣ ਵਾਲਿਆਂ ਦੀ ਕਾਨੂੰਨੀ ਇਜਾਜ਼ਤ ਤੋਂ ਬਗੈਰ ਕਾਪੀ ਕੀਤੀ ਜਾ ਰਹੀ ਹੈ।”