Skip to content

Skip to table of contents

ਮ੍ਰਿਤ ਸਾਗਰ ਪੋਥੀਆਂ—ਤੁਹਾਨੂੰ ਇਨ੍ਹਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਮ੍ਰਿਤ ਸਾਗਰ ਪੋਥੀਆਂ—ਤੁਹਾਨੂੰ ਇਨ੍ਹਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਮ੍ਰਿਤ ਸਾਗਰ ਪੋਥੀਆਂ​—ਤੁਹਾਨੂੰ ਇਨ੍ਹਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਮ੍ਰਿਤ ਸਾਗਰ ਪੋਥੀਆਂ ਦੀ ਖੋਜ ਤੋਂ ਪਹਿਲਾਂ, ਇਬਰਾਨੀ ਸ਼ਾਸਤਰ ਦੀਆਂ ਨੌਵੀਂ ਤੇ ਦਸਵੀਂ ਸਦੀ ਸਾ.ਯ. ਵਿਚ ਲਿਖੀਆਂ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਮੌਜੂਦ ਸਨ। ਕੀ ਇਨ੍ਹਾਂ ਲਿਖਤਾਂ ਉੱਤੇ ਪਰਮੇਸ਼ੁਰ ਦੇ ਬਚਨ ਦੀ ਸਹੀ-ਸਹੀ ਨਕਲ ਹੋਣ ਦਾ ਭਰੋਸਾ ਕੀਤਾ ਜਾ ਸਕਦਾ ਹੈ, ਜਦ ਕਿ ਇਬਰਾਨੀ ਸ਼ਾਸਤਰ ਦੀ ਲਿਖਤ ਤਾਂ ਕੋਈ ਇਕ ਹਜ਼ਾਰ ਸਾਲ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ? ਮ੍ਰਿਤ ਸਾਗਰ ਪੋਥੀਆਂ ਦੇ ਐਡੀਟਰਾਂ ਦੀ ਅੰਤਰਰਾਸ਼ਟਰੀ ਟੀਮ ਦਾ ਮੈਂਬਰ, ਪ੍ਰੋਫ਼ੈਸਰ ਹੂਲਯੋ ਟ੍ਰੈਬੋਯੇ ਬੌਰੇਰੋ ਕਹਿੰਦਾ ਹੈ: “[ਕੂਮਰਾਨ ਤੋਂ ਮਿਲੀ] ਯਸਾਯਾਹ ਦੀ ਪੋਥੀ ਇਸ ਗੱਲ ਦਾ ਠੋਸ ਸਬੂਤ ਦਿੰਦੀ ਹੈ ਕਿ ਇਕ ਹਜ਼ਾਰ ਤੋਂ ਜ਼ਿਆਦਾ ਸਾਲਾਂ ਦੌਰਾਨ ਯਹੂਦੀ ਨਕਲਨਵੀਸਾਂ ਨੇ ਬੜੇ ਹੀ ਧਿਆਨ ਤੇ ਵਫ਼ਾਦਾਰੀ ਨਾਲ ਬਾਈਬਲ ਮੂਲ-ਪਾਠ ਦੀ ਨਕਲ ਕੀਤੀ ਹੈ।”

ਬੌਰੇਰੋ ਇੱਥੇ ਜਿਸ ਪੋਥੀ ਦੀ ਗੱਲ ਕਰ ਰਿਹਾ ਹੈ ਉਹ ਸੀ ਯਸਾਯਾਹ ਦੀ ਪੂਰੀ ਕਿਤਾਬ। ਹੁਣ ਤਕ ਕੂਮਰਾਨ ਤੋਂ ਮਿਲੀਆਂ 200 ਤੋਂ ਜ਼ਿਆਦਾ ਬਾਈਬਲੀ ਲਿਖਤਾਂ ਵਿਚ ਅਸਤਰ ਦੀ ਕਿਤਾਬ ਨੂੰ ਛੱਡ ਇਬਰਾਨੀ ਸ਼ਾਸਤਰ ਦੀਆਂ ਬਾਕੀ ਸਾਰੀਆਂ ਕਿਤਾਬਾਂ ਦੇ ਟੁਕੜੇ ਮਿਲੇ ਹਨ। ਯਸਾਯਾਹ ਦੀ ਪੋਥੀ ਤੋਂ ਉਲਟ, ਜ਼ਿਆਦਾਤਰ ਕਿਤਾਬਾਂ ਦੇ ਸਿਰਫ਼ 10ਵੇਂ ਹਿੱਸੇ ਨਾਲੋਂ ਵੀ ਘੱਟ ਟੁਕੜੇ ਮਿਲੇ ਹਨ। ਕੂਮਰਾਨ ਵਿਚ ਜਿਹੜੀਆਂ ਸਭ ਤੋਂ ਜ਼ਿਆਦਾ ਮਸ਼ਹੂਰ ਕਿਤਾਬਾਂ ਸਨ, ਉਹ ਸਨ ਜ਼ਬੂਰਾਂ ਦੀ ਪੋਥੀ (36 ਕਾਪੀਆਂ), ਬਿਵਸਥਾ ਸਾਰ (29 ਕਾਪੀਆਂ) ਅਤੇ ਯਸਾਯਾਹ (21 ਕਾਪੀਆਂ)। ਬਾਈਬਲ ਦੇ ਯੂਨਾਨੀ ਸ਼ਾਸਤਰ ਵਿਚ ਵੀ ਇਨ੍ਹਾਂ ਕਿਤਾਬਾਂ ਦੇ ਸਭ ਤੋਂ ਜ਼ਿਆਦਾ ਹਵਾਲੇ ਦਿੱਤੇ ਗਏ ਹਨ।

ਹਾਲਾਂਕਿ ਪੋਥੀਆਂ ਦਿਖਾਉਂਦੀਆਂ ਹਨ ਕਿ ਬਾਈਬਲ ਵਿਚ ਕੋਈ ਵੱਡੀਆਂ ਤਬਦੀਲੀਆਂ ਨਹੀਂ ਕੀਤੀਆਂ ਗਈਆਂ, ਪਰ ਇਹ ਪੋਥੀਆਂ ਕੁਝ ਹੱਦ ਤਕ ਇਹ ਵੀ ਦਿਖਾਉਂਦੀਆਂ ਹਨ ਕਿ ਯਰੂਸ਼ਲਮ ਦੇ ਦੂਜੇ ਮੰਦਰ ਦੇ ਸਮੇਂ ਦੌਰਾਨ ਯਹੂਦੀ ਲੋਕ ਬਾਈਬਲ ਦੇ ਇਬਰਾਨੀ ਮੂਲ-ਪਾਠ ਦੇ ਵੱਖ-ਵੱਖ ਤਰਜਮਿਆਂ ਨੂੰ ਵਰਤਦੇ ਸਨ। ਸਾਰੀਆਂ ਪੋਥੀਆਂ ਦੇ ਸ਼ਬਦ-ਜੋੜ ਅਤੇ ਭਾਸ਼ਾ ਮਸੌਰਾ ਮੂਲ-ਪਾਠ ਨਾਲ ਨਹੀਂ ਮਿਲਦੇ-ਜੁਲਦੇ। ਪਰ ਇਹ ਥੋੜ੍ਹੇ-ਬਹੁਤੇ ਯੂਨਾਨੀ ਸੈਪਟੁਜਿੰਟ ਨਾਲ ਮਿਲਦੇ-ਜੁਲਦੇ ਹਨ। ਪਹਿਲਾਂ ਵਿਦਵਾਨ ਸੋਚਦੇ ਸਨ ਕਿ ਸੈਪਟੁਜਿੰਟ ਵਿਚ ਇਹ ਫ਼ਰਕ ਸ਼ਾਇਦ ਅਨੁਵਾਦਕ ਦੀਆਂ ਗ਼ਲਤੀਆਂ ਕਰਕੇ ਜਾਂ ਉਸ ਵੱਲੋਂ ਜਾਣ-ਬੁੱਝ ਕੇ ਨਵੇਂ ਵਿਚਾਰ ਸ਼ਾਮਲ ਕਰਨ ਕਰਕੇ ਪਾਏ ਜਾਂਦੇ ਹਨ। ਪਰ ਹੁਣ ਮ੍ਰਿਤ ਸਾਗਰ ਪੋਥੀਆਂ ਦਿਖਾਉਂਦੀਆਂ ਹਨ ਕਿ ਅਸਲ ਵਿਚ ਇਹ ਫ਼ਰਕ ਇਬਰਾਨੀ ਮੂਲ-ਪਾਠ ਦੇ ਵੱਖੋ-ਵੱਖਰੇ ਤਰਜਮਿਆਂ ਦੀ ਵਰਤੋਂ ਕਰਕੇ ਪਾਏ ਜਾਂਦੇ ਹਨ। ਇਹੋ ਕਾਰਨ ਹੋ ਸਕਦਾ ਹੈ ਕਿ ਕਿਉਂ ਪਹਿਲੀ ਸਦੀ ਦੇ ਮਸੀਹੀਆਂ ਨੇ ਇਬਰਾਨੀ ਸ਼ਾਸਤਰ ਦਾ ਹਵਾਲਾ ਦਿੰਦੇ ਸਮੇਂ ਕਦੀ-ਕਦੀ ਮਸੌਰਾ ਮੂਲ-ਪਾਠ ਤੋਂ ਅਲੱਗ ਸ਼ਬਦਾਂ ਦੀ ਵਰਤੋਂ ਕੀਤੀ ਸੀ।​—ਕੂਚ 1:5; ਰਸੂਲਾਂ ਦੇ ਕਰਤੱਬ 7:14.

ਇੰਜ ਇਹ ਬਾਈਬਲ ਪੋਥੀਆਂ ਅਤੇ ਟੁਕੜਿਆਂ ਦਾ ਖ਼ਜ਼ਾਨਾ ਇਸ ਗੱਲ ਦੀ ਜਾਂਚ ਕਰਨ ਦਾ ਇਕ ਵਧੀਆ ਆਧਾਰ ਪੇਸ਼ ਕਰਦਾ ਹੈ ਕਿ ਸਦੀਆਂ ਦੌਰਾਨ ਨਕਲ ਕੀਤੇ ਜਾਣ ਤੇ ਬਾਈਬਲ ਦੇ ਇਬਰਾਨੀ ਮੂਲ-ਪਾਠ ਵਿਚ ਕੋਈ ਫ਼ਰਕ ਆਇਆ ਹੈ ਜਾਂ ਨਹੀਂ। ਮ੍ਰਿਤ ਸਾਗਰ ਪੋਥੀਆਂ ਨੇ ਪ੍ਰਮਾਣਿਤ ਕੀਤਾ ਹੈ ਕਿ ਬਾਈਬਲ ਦੇ ਮੂਲ-ਪਾਠ ਦੀ ਤੁਲਨਾ ਕਰਨ ਲਈ ਸੈਪਟੁਜਿੰਟ ਤੇ ਸਾਮਰੀ ਪੈਂਟਾਟਯੂਕ ਬੜੇ ਫ਼ਾਇਦੇਮੰਦ ਹਨ। ਇਹ ਪੋਥੀਆਂ ਬਾਈਬਲ ਅਨੁਵਾਦਕਾਂ ਦੀ ਇਹ ਦੇਖਣ ਵਿਚ ਮਦਦ ਕਰਦੀਆਂ ਹਨ ਕਿ ਮਸੌਰਾ ਦੇ ਮੂਲ-ਪਾਠ ਵਿਚ ਕਿਹੜੇ ਸੁਧਾਰ ਕੀਤੇ ਜਾ ਸਕਦੇ ਹਨ। ਕਈ ਵਾਰ ਇਨ੍ਹਾਂ ਨੇ ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਦੇ ਫ਼ੈਸਲਿਆਂ ਦੀ ਹਿਮਾਇਤ ਕੀਤੀ ਹੈ ਕਿ ਮਸੌਰਾ ਮੂਲ-ਪਾਠ ਵਿਚ ਜਿਨ੍ਹਾਂ ਥਾਵਾਂ ਤੋਂ ਯਹੋਵਾਹ ਦਾ ਨਾਂ ਕੱਢ ਦਿੱਤਾ ਗਿਆ ਸੀ, ਉੱਥੇ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਵਿਚ ਇਹ ਨਾਂ ਪਾਇਆ ਜਾਵੇ।

ਕੁਝ ਮ੍ਰਿਤ ਸਾਗਰ ਪੋਥੀਆਂ ਕੂਮਰਾਨ ਪੰਥ ਦੇ ਅਸੂਲਾਂ ਤੇ ਵਿਸ਼ਵਾਸਾਂ ਬਾਰੇ ਦੱਸਦੀਆਂ ਹਨ ਜਿਨ੍ਹਾਂ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਸਮੇਂ ਵਿਚ ਸਿਰਫ਼ ਇੱਕੋ ਹੀ ਯਹੂਦੀ ਧਰਮ ਨਹੀਂ ਪਾਇਆ ਜਾਂਦਾ ਸੀ। ਕੂਮਰਾਨ ਪੰਥ ਦੀਆਂ ਪਰੰਪਰਾਵਾਂ ਫ਼ਰੀਸੀਆਂ ਤੇ ਸਦੂਕੀਆਂ ਤੋਂ ਵੱਖਰੀਆਂ ਸਨ। ਸ਼ਾਇਦ ਇਨ੍ਹਾਂ ਵੱਖਰੀਆਂ ਪਰੰਪਰਾਵਾਂ ਦੇ ਕਾਰਨ ਹੀ ਇਹ ਪੰਥ ਬਾਕੀ ਸਮਾਜ ਤੋਂ ਵੱਖਰਾ ਹੋ ਕੇ ਉਜਾੜ ਵਿਚ ਚਲਾ ਗਿਆ ਸੀ। ਇਹ ਪੰਥ ਗ਼ਲਤੀ ਨਾਲ ਇਹ ਸੋਚ ਬੈਠਾ ਕਿ ਯਸਾਯਾਹ 40:3 ਦੀ ਭਵਿੱਖਬਾਣੀ ਉਨ੍ਹਾਂ ਉੱਤੇ ਲਾਗੂ ਹੁੰਦੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਕ ਆਵਾਜ਼ ਕਹਿੰਦੀ ਹੈ ਕਿ ਉਜਾੜ ਵਿਚ ਯਹੋਵਾਹ ਦੇ ਰਾਹ ਨੂੰ ਸਿੱਧਾ ਬਣਾਓ। ਪੋਥੀਆਂ ਦੇ ਕਈ ਟੁਕੜਿਆਂ ਵਿਚ ਮਸੀਹਾ ਬਾਰੇ ਦੱਸਿਆ ਗਿਆ ਹੈ ਤੇ ਇਨ੍ਹਾਂ ਦੇ ਲਿਖਾਰੀਆਂ ਦਾ ਵਿਸ਼ਵਾਸ ਸੀ ਕਿ ਮਸੀਹਾ ਆਉਣ ਵਾਲਾ ਸੀ। ਇਹ ਧਿਆਨ ਦੇਣ ਯੋਗ ਗੱਲ ਹੈ ਕਿਉਂਕਿ ਲੂਕਾ ਨੇ ਕਿਹਾ ਸੀ ਕਿ ‘ਲੋਕ ਮਸੀਹਾ ਦੇ ਆਉਣ ਦੀ ਉਡੀਕ’ ਵਿਚ ਸਨ।​—ਲੂਕਾ 3:15.

ਮ੍ਰਿਤ ਸਾਗਰ ਪੋਥੀਆਂ ਕੁਝ ਹੱਦ ਤਕ ਸਾਡੀ ਇਹ ਸਮਝਣ ਵਿਚ ਮਦਦ ਕਰਦੀਆਂ ਹਨ ਕਿ ਯਿਸੂ ਦੇ ਪ੍ਰਚਾਰ ਕਰਨ ਸਮੇਂ ਦੌਰਾਨ ਯਹੂਦੀ ਲੋਕ ਕਿਹੋ ਜਿਹਾ ਜੀਵਨ ਬਿਤਾਉਂਦੇ ਸਨ। ਇਹ ਅਜਿਹੀ ਜਾਣਕਾਰੀ ਦਿੰਦੀਆਂ ਹਨ ਜੋ ਪੁਰਾਣੇ ਇਬਰਾਨੀ ਮੂਲ-ਪਾਠ ਤੇ ਬਾਈਬਲ ਦੇ ਮੂਲ-ਪਾਠ ਦੇ ਅਧਿਐਨ ਵਿਚ ਮਦਦਗਾਰ ਸਾਬਤ ਹੋਈ ਹੈ। ਪਰ ਅਜੇ ਵੀ ਕਈ ਮ੍ਰਿਤ ਸਾਗਰ ਪੋਥੀਆਂ ਦੀ ਹੋਰ ਧਿਆਨ ਨਾਲ ਜਾਂਚ-ਪੜਤਾਲ ਕਰਨ ਦੀ ਲੋੜ ਹੈ। ਇੰਜ ਕਰਨ ਨਾਲ ਸ਼ਾਇਦ ਹੋਰ ਜਾਣਕਾਰੀ ਮਿਲ ਜਾਵੇ। ਜੀ ਹਾਂ, 20ਵੀਂ ਸਦੀ ਦੀ ਇਸ ਸਭ ਤੋਂ ਮਹਾਨ ਪੁਰਾਤੱਤਵੀ ਖੋਜ ਅਜੇ ਵੀ 21ਵੀਂ ਸਦੀ ਦੇ ਵਿਦਵਾਨਾਂ ਤੇ ਬਾਈਬਲ ਵਿਦਿਆਰਥੀਆਂ ਦੀ ਗਹਿਰੀ ਦਿਲਚਸਪੀ ਦਾ ਕੇਂਦਰ ਬਣੀ ਹੋਈ ਹੈ।

[ਸਫ਼ੇ 7 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Qumran excavations: Pictorial Archive (Near Eastern History) Est.; manuscript: Courtesy of Shrine of the Book, Israel Museum, Jerusalem