Skip to content

Skip to table of contents

ਮ੍ਰਿਤ ਸਾਗਰ ਪੋਥੀਆਂ ਬਾਰੇ ਸੱਚਾਈ ਕੀ ਹੈ?

ਮ੍ਰਿਤ ਸਾਗਰ ਪੋਥੀਆਂ ਬਾਰੇ ਸੱਚਾਈ ਕੀ ਹੈ?

ਮ੍ਰਿਤ ਸਾਗਰ ਪੋਥੀਆਂ ਬਾਰੇ ਸੱਚਾਈ ਕੀ ਹੈ?

ਕੁਝ 50 ਸਾਲ ਪਹਿਲਾਂ ਇਕ ਟੱਪਰੀਵਾਸੀ ਚਰਵਾਹੇ ਨੇ ਗੁਫ਼ਾ ਵਿਚ ਇਕ ਪੱਥਰ ਵਗਾਹ ਕੇ ਸੁੱਟਿਆ। ਉਸ ਨੂੰ ਪੱਥਰ ਦੀ ਆਵਾਜ਼ ਇੰਜ ਆਈ ਜਿਵੇਂ ਉਹ ਪੱਥਰ ਮਿੱਟੀ ਦੇ ਕਿਸੇ ਵੱਡੇ ਮਰਤਬਾਨ ਵਿਚ ਜਾ ਕੇ ਵੱਜਾ ਹੋਵੇ। ਜਦੋਂ ਉਸ ਨੇ ਗੁਫ਼ਾ ਅੰਦਰ ਜਾ ਕੇ ਦੇਖਿਆ, ਤਾਂ ਉਸ ਨੂੰ ਮ੍ਰਿਤ ਸਾਗਰ ਪੋਥੀਆਂ ਦੀਆਂ ਕੁਝ ਪਹਿਲੀਆਂ ਪੋਥੀਆਂ ਮਿਲੀਆਂ। ਕਈ ਵਿਦਵਾਨ ਇਨ੍ਹਾਂ ਪੋਥੀਆਂ ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਪੁਰਾਤੱਤਵੀ ਖੋਜ ਕਹਿੰਦੇ ਹਨ।

ਇਹ ਪੋਥੀਆਂ ਵਿਦਵਾਨਾਂ ਤੇ ਆਮ ਮੀਡੀਆ ਲਈ ਗਹਿਰੀ ਦਿਲਚਸਪੀ ਦੇ ਨਾਲ-ਨਾਲ ਵਾਦ-ਵਿਵਾਦ ਦਾ ਵਿਸ਼ਾ ਵੀ ਰਹੀਆਂ ਹਨ। ਆਮ ਜਨਤਾ ਇਨ੍ਹਾਂ ਪੋਥੀਆਂ ਕਾਰਨ ਬੜੀ ਉਲਝਣ ਵਿਚ ਪਈ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਬਾਰੇ ਬੜੀ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਇਹ ਝੂਠੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਕਿ ਇਨ੍ਹਾਂ ਪੋਥੀਆਂ ਵਿਚਲੀ ਸੱਚਾਈ ਨੂੰ ਇਸ ਡਰ ਕਰਕੇ ਲੁਕੋਇਆ ਗਿਆ ਹੈ ਕਿਉਂਕਿ ਇਸ ਨਾਲ ਮਸੀਹੀਆਂ ਅਤੇ ਯਹੂਦੀਆਂ ਦੋਵਾਂ ਦੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਪਰ ਅਸਲ ਵਿਚ ਇਨ੍ਹਾਂ ਪੋਥੀਆਂ ਦੀ ਕੀ ਅਹਿਮੀਅਤ ਹੈ? ਕੀ 50 ਤੋਂ ਵੀ ਜ਼ਿਆਦਾ ਸਾਲਾਂ ਬਾਅਦ ਅਸੀਂ ਇਨ੍ਹਾਂ ਪੋਥੀਆਂ ਦੀ ਸੱਚਾਈ ਜਾਣ ਸਕਦੇ ਹਾਂ?

ਇਹ ਮ੍ਰਿਤ ਸਾਗਰ ਪੋਥੀਆਂ ਕੀ ਹਨ?

ਮ੍ਰਿਤ ਸਾਗਰ ਪੋਥੀਆਂ ਪੁਰਾਣੀਆਂ ਯਹੂਦੀ ਹੱਥ-ਲਿਖਤਾਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਬਰਾਨੀ, ਕੁਝ ਆਰਾਮੀ ਤੇ ਕੁਝ ਯੂਨਾਨੀ ਭਾਸ਼ਾ ਵਿਚ ਲਿਖੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਈ ਪੋਥੀਆਂ ਅਤੇ ਟੁਕੜੇ 2,000 ਸਾਲ ਤੋਂ ਵੀ ਪੁਰਾਣੇ ਯਾਨੀ ਯਿਸੂ ਦੇ ਜਨਮ ਤੋਂ ਪਹਿਲਾਂ ਦੇ ਹਨ। ਟੱਪਰੀਵਾਸਾਂ ਕੋਲੋਂ ਹਾਸਲ ਕੀਤੀਆਂ ਪਹਿਲੀਆਂ ਸੱਤ ਲੰਮੀਆਂ-ਚੌੜੀਆਂ ਹੱਥ-ਲਿਖਤਾਂ ਗਲੀ-ਸੜੀ ਹਾਲਤ ਵਿਚ ਮਿਲੀਆਂ ਸਨ। ਜਦੋਂ ਦੂਜੀਆਂ ਗੁਫ਼ਾਵਾਂ ਦੀ ਖੋਜ ਕੀਤੀ ਗਈ, ਤਾਂ ਹੋਰ ਪੋਥੀਆਂ ਤੇ ਇਨ੍ਹਾਂ ਦੇ ਹਜ਼ਾਰਾਂ ਹੀ ਟੁਕੜੇ ਮਿਲੇ। ਸਾਲ 1947 ਅਤੇ 1956 ਦੇ ਵਿਚਕਾਰ ਮ੍ਰਿਤ ਸਾਗਰ ਦੇ ਕੋਲ ਕੂਮਰਾਨ ਨੇੜੇ ਕੁੱਲ 11 ਗੁਫ਼ਾਵਾਂ ਵਿੱਚੋਂ ਪੋਥੀਆਂ ਮਿਲੀਆਂ ਹਨ।

ਸਾਰੀਆਂ ਪੋਥੀਆਂ ਅਤੇ ਟੁਕੜਿਆਂ ਦੀ ਜਾਂਚ ਕਰਨ ਤੇ ਉਨ੍ਹਾਂ ਵਿੱਚੋਂ ਤਕਰੀਬਨ 800 ਹੱਥ-ਲਿਖਤਾਂ ਨਿਕਲੀਆਂ। ਇਨ੍ਹਾਂ ਵਿੱਚੋਂ ਇਕ-ਚੌਥਾਈ ਜਾਂ ਲਗਭਗ 200 ਹੱਥ-ਲਿਖਤਾਂ, ਬਾਈਬਲ ਦੇ ਇਬਰਾਨੀ ਸ਼ਾਸਤਰ ਦੇ ਕੁਝ ਹਿੱਸਿਆਂ ਦੀਆਂ ਕਾਪੀਆਂ ਹਨ। ਬਾਕੀ ਹੱਥ-ਲਿਖਤਾਂ ਪ੍ਰਾਚੀਨ ਗ਼ੈਰ-ਬਾਈਬਲੀ ਲਿਖਤਾਂ ਯਾਨੀ ਅਪੌਕ੍ਰਿਫ਼ਾ ਤੇ ਸੂਡਿਪਿਗ੍ਰਫ਼ਾ ਹਨ। *

ਪਰ ਜਿਨ੍ਹਾਂ ਪੋਥੀਆਂ ਬਾਰੇ ਵਿਦਵਾਨ ਪਹਿਲਾਂ ਨਹੀਂ ਜਾਣਦੇ ਸਨ, ਉਨ੍ਹਾਂ ਪੋਥੀਆਂ ਨੂੰ ਪਾ ਕੇ ਉਹ ਸਭ ਤੋਂ ਜ਼ਿਆਦਾ ਖ਼ੁਸ਼ ਹੋਏ। ਇਨ੍ਹਾਂ ਵਿਚ ਯਹੂਦੀ ਸ਼ਰਾ ਦੀਆਂ ਵਿਆਖਿਆਵਾਂ, ਕੂਮਰਾਨ ਵਿਚ ਰਹਿੰਦੇ ਧਾਰਮਿਕ ਸਮਾਜ ਲਈ ਖ਼ਾਸ ਨਿਯਮਾਂ, ਪੂਜਾ ਸੰਬੰਧੀ ਕਵਿਤਾਵਾਂ ਤੇ ਪ੍ਰਾਰਥਨਾਵਾਂ ਅਤੇ ਬਾਈਬਲ ਭਵਿੱਖਬਾਣੀ ਦੀ ਪੂਰਤੀ ਅਤੇ ਅੰਤ ਦੇ ਦਿਨਾਂ ਬਾਰੇ ਵੱਖੋ-ਵੱਖਰੇ ਵਿਚਾਰਾਂ ਦੀਆਂ ਪੋਥੀਆਂ ਸ਼ਾਮਲ ਹਨ। ਕੁਝ ਪੋਥੀਆਂ ਵਿਚ ਤਾਂ ਬਾਈਬਲ ਦੀਆਂ ਬੇਮਿਸਾਲ ਵਿਆਖਿਆਵਾਂ ਪਾਈਆਂ ਜਾਂਦੀਆਂ ਹਨ। ਬਾਈਬਲ ਦੀ ਇਕ-ਇਕ ਆਇਤ ਦੀ ਵਿਆਖਿਆ ਕਰਨ ਵਾਲੀਆਂ ਆਧੁਨਿਕ ਕਿਤਾਬਾਂ ਦੀਆਂ ਇਹ ਸਭ ਤੋਂ ਪੁਰਾਣੀਆਂ ਮਿਸਾਲਾਂ ਹਨ।

ਮ੍ਰਿਤ ਸਾਗਰ ਪੋਥੀਆਂ ਕਿਸ ਨੇ ਲਿਖੀਆਂ?

ਵੱਖ-ਵੱਖ ਤਰੀਕਿਆਂ ਨਾਲ ਪੁਰਾਣੀਆਂ ਹੱਥ-ਲਿਖਤਾਂ ਦੀ ਤਾਰੀਖ਼ ਲੱਭਣ ਤੋਂ ਪਤਾ ਲੱਗਦਾ ਹੈ ਕਿ ਇਹ ਪੋਥੀਆਂ ਤੀਜੀ ਸਦੀ ਸਾ.ਯੁ.ਪੂ. ਤੇ ਪਹਿਲੀ ਸਦੀ ਸਾ.ਯੁ. ਦੇ ਵਿਚਕਾਰ ਜਾਂ ਤਾਂ ਕਾਪੀ ਕੀਤੀਆਂ ਗਈਆਂ ਸਨ ਜਾਂ ਲਿਖੀਆਂ ਗਈਆਂ ਸਨ। ਕੁਝ ਵਿਦਵਾਨ ਮੰਨਦੇ ਹਨ ਕਿ ਇਹ ਪੋਥੀਆਂ ਯਰੂਸ਼ਲਮ ਦੇ ਯਹੂਦੀਆਂ ਨੇ 70 ਸਾ.ਯੁ. ਵਿਚ ਹੈਕਲ ਦੇ ਨਾਸ਼ ਤੋਂ ਪਹਿਲਾਂ ਗੁਫ਼ਾਵਾਂ ਵਿਚ ਲੁਕੋਈਆਂ ਸਨ। ਪਰ ਇਨ੍ਹਾਂ ਪੋਥੀਆਂ ਦੀ ਖੋਜ ਕਰਨ ਵਾਲੇ ਜ਼ਿਆਦਾਤਰ ਵਿਦਵਾਨਾਂ ਮੁਤਾਬਕ ਇਹ ਵਿਚਾਰ ਇਨ੍ਹਾਂ ਪੋਥੀਆਂ ਨਾਲ ਮੇਲ ਨਹੀਂ ਖਾਂਦਾ। ਕਈ ਪੋਥੀਆਂ ਵਿਚ ਅਜਿਹੇ ਵਿਚਾਰ ਤੇ ਰੀਤੀ-ਰਿਵਾਜ ਪਾਏ ਜਾਂਦੇ ਹਨ ਜੋ ਯਰੂਸ਼ਲਮ ਦੇ ਧਾਰਮਿਕ ਆਗੂਆਂ ਦੇ ਵਿਚਾਰਾਂ ਤੋਂ ਬਿਲਕੁਲ ਉਲਟੇ ਸਨ। ਇਹ ਪੋਥੀਆਂ ਇਕ ਅਜਿਹੇ ਪੰਥ ਬਾਰੇ ਦੱਸਦੀਆਂ ਹਨ ਜੋ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ੁਰ ਨੇ ਯਰੂਸ਼ਲਮ ਵਿਚ ਜਾਜਕਾਂ ਤੇ ਹੈਕਲ ਵਿਚਲੀ ਸੇਵਕਾਈ ਨੂੰ ਠੁਕਰਾ ਦਿੱਤਾ ਸੀ। ਇਸ ਦੀ ਬਜਾਇ ਹੁਣ ਪਰਮੇਸ਼ੁਰ ਇਸ ਪੰਥ ਵੱਲੋਂ ਉਜਾੜ ਵਿਚ ਕੀਤੀ ਜਾਂਦੀ ਭਗਤੀ ਨੂੰ ਹੈਕਲ ਸੇਵਕਾਈ ਵਜੋਂ ਵਿਚਾਰਦਾ ਸੀ। ਇਸ ਲਈ ਇਹ ਬੇਤੁਕੀ ਜਿਹੀ ਗੱਲ ਲੱਗਦੀ ਹੈ ਕਿ ਯਰੂਸ਼ਲਮ ਦੀ ਹੈਕਲ ਦੇ ਆਗੂਆਂ ਨੇ ਇਨ੍ਹਾਂ ਪੋਥੀਆਂ ਨੂੰ ਸੁਰੱਖਿਅਤ ਰੱਖਣ ਲਈ ਲੁਕੋਇਆ ਹੋਵੇਗਾ।

ਹਾਲਾਂਕਿ ਕੂਮਰਾਨ ਵਿਚ ਸ਼ਾਇਦ ਨਕਲਨਵੀਸਾਂ ਦਾ ਇਕ ਗਰੁੱਪ ਸੀ ਜਿਸ ਨੇ ਕੁਝ ਪੋਥੀਆਂ ਲਿਖੀਆਂ ਹੋਣਗੀਆਂ, ਪਰ ਹੋ ਸਕਦਾ ਹੈ ਕਿ ਜ਼ਿਆਦਾਤਰ ਪੋਥੀਆਂ ਕਿਸੇ ਹੋਰ ਥਾਂ ਤੇ ਲਿਖੀਆਂ ਗਈਆਂ ਸਨ ਤੇ ਭਗਤਾਂ ਦੁਆਰਾ ਇਕੱਠੀਆਂ ਕਰ ਕੇ ਇੱਥੇ ਲਿਆਂਦੀਆਂ ਗਈਆਂ ਸਨ। ਇਕ ਤਰ੍ਹਾਂ ਨਾਲ ਇਹ ਮ੍ਰਿਤ ਸਾਗਰ ਪੋਥੀਆਂ ਇਕ ਵਿਸ਼ਾਲ ਲਾਇਬ੍ਰੇਰੀ ਵਾਂਗ ਹਨ। ਇਕ ਲਾਇਬ੍ਰੇਰੀ ਵਾਂਗ ਇਨ੍ਹਾਂ ਪੋਥੀਆਂ ਵਿਚ ਵੀ ਵੱਖੋ-ਵੱਖਰੇ ਵਿਚਾਰ ਪਾਏ ਜਾਂਦੇ ਹਨ ਤੇ ਇਹ ਜ਼ਰੂਰੀ ਨਹੀਂ ਕਿ ਇਹ ਸਾਰੇ ਵਿਚਾਰ ਉਸ ਸਮੇਂ ਦੇ ਲੋਕਾਂ ਦੇ ਧਾਰਮਿਕ ਵਿਚਾਰ ਹੋਣ। ਪਰ ਇਹ ਮੁਮਕਿਨ ਹੈ ਕਿ ਜਿਨ੍ਹਾਂ ਲਿਖਤਾਂ ਦੀਆਂ ਕਈ ਕਾਪੀਆਂ ਮਿਲੀਆਂ ਹਨ, ਉਹ ਕੂਮਰਾਨ ਦੇ ਪੰਥ ਦੀਆਂ ਖ਼ਾਸ ਰੁਚੀਆਂ ਅਤੇ ਵਿਸ਼ਵਾਸਾਂ ਬਾਰੇ ਦੱਸਦੀਆਂ ਹਨ।

ਕੀ ਕੂਮਰਾਨ ਦੇ ਵਾਸੀ ਐਸੀਨ ਸਨ?

ਜੇ ਇਹ ਪੋਥੀਆਂ ਕੂਮਰਾਨ ਦੀ ਲਾਇਬ੍ਰੇਰੀ ਸੀ, ਤਾਂ ਕੂਮਰਾਨ ਦੇ ਵਾਸੀ ਕੌਣ ਸਨ? 1947 ਵਿਚ ਯਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ ਲਈ ਤਿੰਨ ਪੋਥੀਆਂ ਹਾਸਲ ਕਰਨ ਵਾਲਾ ਪ੍ਰੋਫ਼ੈਸਰ ਐਲੀਏਜ਼ਰ ਸੂਕੈਨਿਕ ਅਜਿਹਾ ਪਹਿਲਾ ਵਿਅਕਤੀ ਸੀ ਜਿਸ ਨੇ ਕਿਹਾ ਸੀ ਕਿ ਇਹ ਪੋਥੀਆਂ ਐਸੀਨ ਸਮਾਜ ਦੇ ਲੋਕਾਂ ਦੀਆਂ ਸਨ।

ਐਸੀਨ ਦੇ ਲੋਕ ਯਹੂਦੀ ਪੰਥ ਦੇ ਸਨ ਜਿਨ੍ਹਾਂ ਦਾ ਜ਼ਿਕਰ ਪਹਿਲੀ ਸਦੀ ਦੇ ਲੇਖਕ ਜੋਸੀਫ਼ਸ, ਸਿਕੰਦਰੀਆ ਦੇ ਫ਼ਾਇਲੋ ਅਤੇ ਪਲੀਨੀ ਵੱਡੇ ਨੇ ਅੱਗੇ ਜਾ ਕੇ ਕੀਤਾ। ਐਸੀਨ ਲੋਕਾਂ ਦੇ ਅਸਲੀ ਵੰਸ਼ ਦਾ ਸਿਰਫ਼ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ, ਪਰ ਲੱਗਦਾ ਹੈ ਕਿ ਇਹ ਲੋਕ ਦੂਜੀ ਸਦੀ ਸਾ.ਯੁ.ਪੂ. ਵਿਚ ਮੈਕਾਬੀਆਂ ਦੀ ਬਗਾਵਤ ਤੋਂ ਬਾਅਦ ਦੇ ਗੜਬੜੀ ਭਰੇ ਸਮੇਂ ਦੌਰਾਨ ਉੱਭਰ ਕੇ ਸਾਮ੍ਹਣੇ ਆਏ ਸਨ। * ਜੋਸੀਫ਼ਸ ਨੇ ਉਸ ਸਮੇਂ ਦੌਰਾਨ ਹੋਈ ਉਨ੍ਹਾਂ ਦੀ ਹੋਂਦ ਬਾਰੇ ਲਿਖਦੇ ਹੋਏ ਕਿਹਾ ਕਿ ਉਨ੍ਹਾਂ ਦੇ ਧਾਰਮਿਕ ਵਿਚਾਰ ਫ਼ਰੀਸੀਆਂ ਅਤੇ ਸਦੂਕੀਆਂ ਦੇ ਵਿਚਾਰਾਂ ਤੋਂ ਬਿਲਕੁਲ ਵੱਖਰੇ ਸਨ। ਪਲੀਨੀ ਨੇ ਲਿਖਿਆ ਸੀ ਕਿ ਐਸੀਨੀ ਲੋਕਾਂ ਦਾ ਇਕ ਸਮਾਜ ਯਰੀਹੋ ਤੇ ਏਨ-ਗਦੀ ਵਿਚਕਾਰ ਮ੍ਰਿਤ ਸਾਗਰ ਦੇ ਨੇੜੇ ਰਹਿੰਦਾ ਸੀ।

ਮ੍ਰਿਤ ਸਾਗਰ ਪੋਥੀਆਂ ਦਾ ਵਿਦਵਾਨ, ਪ੍ਰੋਫ਼ੈਸਰ ਜੇਮਸ ਵੈਂਡਰਕਮ ਮੰਨਦਾ ਹੈ ਕਿ “ਜੋ ਐਸੀਨੀ ਲੋਕ ਕੂਮਰਾਨ ਵਿਚ ਰਹਿੰਦੇ ਸਨ, ਉਹ ਐਸੀਨੀ ਲੋਕਾਂ ਦੇ ਵੱਡੇ ਸਮਾਜ ਦਾ ਸਿਰਫ਼ ਇਕ ਛੋਟਾ ਜਿਹਾ ਹਿੱਸਾ ਹੀ ਸਨ।” ਜੋਸੀਫ਼ਸ, ਐਸੀਨੀ ਲੋਕਾਂ ਦੀ ਗਿਣਤੀ ਚਾਰ ਹਜ਼ਾਰ ਦੇ ਕਰੀਬ ਦੱਸਦਾ ਹੈ। ਹਾਲਾਂਕਿ ਕੂਮਰਾਨ ਦੇ ਪੰਥ ਦੀਆਂ ਸਾਰੀਆਂ ਗੱਲਾਂ ਐਸੀਨ ਲੋਕਾਂ ਉੱਤੇ ਪੂਰੀ ਤਰ੍ਹਾਂ ਨਹੀਂ ਢੁਕਦੀਆਂ, ਪਰ ਕੂਮਰਾਨ ਦੀਆਂ ਲਿਖਤਾਂ ਵਿੱਚੋਂ ਜੋ ਤਸਵੀਰ ਉੱਭਰ ਕੇ ਸਾਮ੍ਹਣੇ ਆਉਂਦੀ ਹੈ, ਉਹ ਉਸ ਸਮੇਂ ਦੇ ਕਿਸੇ ਹੋਰ ਜਾਣੇ-ਮਾਣੇ ਯਹੂਦੀ ਸਮੂਹ ਦੀ ਬਜਾਇ ਐਸੀਨ ਲੋਕਾਂ ਨਾਲ ਜ਼ਿਆਦਾ ਮਿਲਦੀ-ਜੁਲਦੀ ਜਾਪਦੀ ਹੈ।

ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ ਮਸੀਹੀਅਤ ਦੀ ਸ਼ੁਰੂਆਤ ਕੂਮਰਾਨ ਵਿਚ ਹੋਈ ਸੀ। ਪਰ ਕੂਮਰਾਨ ਪੰਥ ਦੇ ਧਾਰਮਿਕ ਵਿਚਾਰਾਂ ਅਤੇ ਮੁਢਲੇ ਮਸੀਹੀਆਂ ਦੇ ਵਿਚਾਰਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਕੂਮਰਾਨ ਦੀਆਂ ਲਿਖਤਾਂ ਦਿਖਾਉਂਦੀਆਂ ਹਨ ਕਿ ਇਹ ਪੰਥ ਸਬਤ ਅਤੇ ਰਸਮੀ ਸ਼ੁੱਧਤਾ ਰੱਖਣ ਦੇ ਨਿਯਮਾਂ ਨੂੰ ਕੱਟੜਤਾ ਨਾਲ ਮੰਨਦਾ ਸੀ। (ਮੱਤੀ 15:1-20; ਲੂਕਾ 6:1-11) ਇਹੀ ਗੱਲ ਐਸੀਨੀ ਲੋਕਾਂ ਬਾਰੇ ਵੀ ਕਹੀ ਜਾ ਸਕਦੀ ਹੈ ਜੋ ਆਪਣੇ ਆਪ ਨੂੰ ਸਮਾਜ ਤੋਂ ਵੱਖ ਰੱਖਦੇ ਸਨ। ਉਹ ਕਿਸਮਤ ਅਤੇ ਆਤਮਾ ਦੀ ਅਮਰਤਾ ਵਿਚ ਵਿਸ਼ਵਾਸ ਕਰਦੇ ਸਨ। ਉਹ ਬ੍ਰਹਮਚਰਜ ਉੱਤੇ ਅਤੇ ਆਪਣੀ ਭਗਤੀ ਵਿਚ ਦੂਤਾਂ ਨੂੰ ਸ਼ਾਮਲ ਕਰਨ ਦੇ ਰਹੱਸਵਾਦੀ ਵਿਚਾਰਾਂ ਉੱਤੇ ਬੜਾ ਜ਼ੋਰ ਦਿੰਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਵਿਚਾਰ ਯਿਸੂ ਅਤੇ ਮੁਢਲੇ ਮਸੀਹੀਆਂ ਦੀਆਂ ਸਿੱਖਿਆਵਾਂ ਤੋਂ ਬਿਲਕੁਲ ਵੱਖਰੇ ਸਨ।​—ਮੱਤੀ 5:14-16; ਯੂਹੰਨਾ 11:23, 24; ਕੁਲੁੱਸੀਆਂ 2:18; 1 ਤਿਮੋਥਿਉਸ 4:1-3.

ਕੋਈ ਸਾਜ਼ਸ਼ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਪੋਥੀ ਲੁਕੋਈ ਗਈ

ਮ੍ਰਿਤ ਸਾਗਰ ਪੋਥੀਆਂ ਦੀ ਖੋਜ ਤੋਂ ਬਾਅਦ ਦੇ ਸਾਲਾਂ ਦੌਰਾਨ ਕਈ ਵੱਖ-ਵੱਖ ਪ੍ਰਕਾਸ਼ਨ ਛਾਪੇ ਗਏ ਜਿਨ੍ਹਾਂ ਰਾਹੀਂ ਹੁਣ ਦੁਨੀਆਂ ਭਰ ਦੇ ਵਿਦਵਾਨ ਇਨ੍ਹਾਂ ਪੋਥੀਆਂ ਦੀ ਜਾਂਚ ਕਰ ਸਕਦੇ ਸਨ। ਪਰ ਇਕ ਗੁਫ਼ਾ ਜਿਸ ਨੂੰ ਗੁਫ਼ਾ 4 ਕਿਹਾ ਜਾਂਦਾ ਹੈ, ਵਿੱਚੋਂ ਮਿਲੇ ਪੋਥੀਆਂ ਦੇ ਹਜ਼ਾਰਾਂ ਟੁਕੜੇ ਸਭ ਤੋਂ ਵੱਡੀ ਮੁਸ਼ਕਲ ਪੇਸ਼ ਕਰ ਰਹੇ ਸਨ। ਇਹ ਟੁਕੜੇ ਪੂਰਬੀ ਯਰੂਸ਼ਲਮ (ਜੋ ਉਦੋਂ ਜਾਰਡਨ ਦਾ ਹਿੱਸਾ ਸੀ) ਵਿਚ ਫਲਸਤੀਨ ਦੇ ਪੁਰਾਤੱਤਵੀ ਮਿਊਜ਼ੀਅਮ ਦੀ ਇਕ ਛੋਟੀ ਜਿਹੀ ਅੰਤਰਰਾਸ਼ਟਰੀ ਟੀਮ ਦੇ ਵਿਦਵਾਨਾਂ ਦੇ ਕਬਜ਼ੇ ਵਿਚ ਸਨ। ਇਸ ਟੀਮ ਵਿਚ ਕੋਈ ਵੀ ਯਹੂਦੀ ਜਾਂ ਇਸਰਾਈਲੀ ਵਿਦਵਾਨ ਸ਼ਾਮਲ ਨਹੀਂ ਕੀਤਾ ਗਿਆ ਸੀ।

ਇਸ ਟੀਮ ਦੀ ਇਹ ਪਾਲਸੀ ਸੀ ਕਿ ਜਦੋਂ ਤਕ ਉਨ੍ਹਾਂ ਦੁਆਰਾ ਕੀਤੀ ਖੋਜ ਦੇ ਸਾਬਤ ਕੀਤੇ ਸਿੱਟਿਆਂ ਨੂੰ ਛਾਪਿਆ ਨਹੀਂ ਜਾਂਦਾ, ਤਦ ਤਕ ਕਿਸੇ ਨੂੰ ਵੀ ਇਹ ਪੋਥੀਆਂ ਨਹੀਂ ਦਿਖਾਈਆਂ ਜਾਣਗੀਆਂ। ਇਸ ਟੀਮ ਦੇ ਮੈਂਬਰਾਂ ਦੀ ਗਿਣਤੀ ਸੀਮਿਤ ਰੱਖੀ ਗਈ ਸੀ। ਸਿਰਫ਼ ਉਦੋਂ ਹੀ ਟੀਮ ਵਿਚ ਕੋਈ ਨਵਾਂ ਮੈਂਬਰ ਸ਼ਾਮਲ ਕੀਤਾ ਜਾਂਦਾ ਸੀ ਜਦੋਂ ਟੀਮ ਦਾ ਕੋਈ ਮੈਂਬਰ ਮਰ ਜਾਂਦਾ ਸੀ। ਕੰਮ ਇੰਨਾ ਜ਼ਿਆਦਾ ਸੀ ਕਿ ਇਸ ਵਾਸਤੇ ਜ਼ਿਆਦਾ ਮੈਂਬਰਾਂ ਦੀ ਲੋੜ ਸੀ ਤੇ ਉਹ ਵੀ ਅਜਿਹੇ ਵਿਦਵਾਨਾਂ ਦੀ ਜੋ ਪੁਰਾਣੀ ਇਬਰਾਨੀ ਤੇ ਆਰਾਮੀ ਭਾਸ਼ਾ ਵਿਚ ਚੰਗੀ ਤਰ੍ਹਾਂ ਮਾਹਰ ਹੋਣ। ਜੇਮਸ ਵੈਂਡਰਕਮ ਨੇ ਕਿਹਾ: “ਭਾਵੇਂ ਕਿ ਇਹ ਅੱਠ ਵਿਦਵਾਨ ਕਾਫ਼ੀ ਮਾਹਰ ਸਨ, ਪਰ ਪੋਥੀਆਂ ਦੇ ਹਜ਼ਾਰਾਂ ਟੁਕੜਿਆਂ ਲਈ ਅੱਠਾਂ ਨਾਲੋਂ ਜ਼ਿਆਦਾ ਮਾਹਰਾਂ ਦੀ ਲੋੜ ਸੀ।”

ਸਾਲ 1967 ਵਿਚ ਛੇ ਦਿਨਾਂ ਦੇ ਯੁੱਧ ਕਾਰਨ, ਪੂਰਬੀ ਯਰੂਸ਼ਲਮ ਅਤੇ ਇਸ ਦੀਆਂ ਪੋਥੀਆਂ ਇਸਰਾਈਲ ਦੀ ਮਲਕੀਅਤ ਬਣ ਗਈਆਂ, ਪਰ ਇਨ੍ਹਾਂ ਪੋਥੀਆਂ ਦੀ ਰਿਸਰਚ ਕਰ ਰਹੀ ਟੀਮ ਦੀ ਪਾਲਸੀ ਨਹੀਂ ਬਦਲੀ। ਜਦੋਂ ਗੁਫ਼ਾ 4 ਵਿੱਚੋਂ ਮਿਲੀਆਂ ਪੋਥੀਆਂ ਬਾਰੇ ਕਈ ਸਾਲਾਂ ਤਕ, ਇੱਥੋਂ ਤਕ ਕਿ ਕਈ ਦਹਾਕਿਆਂ ਤਕ ਕੋਈ ਪ੍ਰਕਾਸ਼ਨ ਨਾ ਛਪਿਆ, ਤਾਂ ਕਈ ਵਿਦਵਾਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਲ 1977 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਗੇਜ਼ੋ ਵਰਮੇਸ਼ ਨੇ ਇਸ ਨੂੰ ਵਿਦਵਾਨਾਂ ਦੁਆਰਾ ਕੀਤਾ 20ਵੀਂ ਸਦੀ ਦਾ ਸਭ ਤੋਂ ਵੱਡਾ ਘੋਟਾਲਾ ਕਿਹਾ। ਇਹ ਗੱਲਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਕੈਥੋਲਿਕ ਚਰਚ ਪੋਥੀਆਂ ਵਿਚ ਦਿੱਤੀ ਅਜਿਹੀ ਜਾਣਕਾਰੀ ਨੂੰ ਜਾਣ-ਬੁੱਝ ਕੇ ਲੁਕੋਣ ਕੀ ਕੋਸ਼ਿਸ਼ ਕਰ ਰਿਹਾ ਸੀ ਜੋ ਮਸੀਹੀਅਤ ਨੂੰ ਤਬਾਹ ਕਰ ਸਕਦੀ ਹੈ।

ਆਖ਼ਰਕਾਰ 1980 ਦੇ ਦਹਾਕੇ ਵਿਚ ਟੀਮ ਦੇ ਵਿਦਵਾਨਾਂ ਦੀ ਗਿਣਤੀ ਵਧਾ ਕੇ 20 ਕਰ ਦਿੱਤੀ ਗਈ। ਫਿਰ 1990 ਵਿਚ ਯਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ ਦੇ ਇਕ ਵਿਦਵਾਨ ਇਮਾਨਵਲ ਟੋਵ ਨੂੰ ਟੀਮ ਦਾ ਨਵਾਂ ਮੁੱਖ ਐਡੀਟਰ ਚੁਣਿਆ ਗਿਆ ਜਿਸ ਦੀ ਅਗਵਾਈ ਹੇਠ ਟੀਮ ਦੇ ਵਿਦਵਾਨਾਂ ਦੀ ਗਿਣਤੀ ਵਧਾ ਕੇ 50 ਤੋਂ ਵੀ ਜ਼ਿਆਦਾ ਕਰ ਦਿੱਤੀ ਗਈ। ਫਿਰ ਬਾਕੀ ਰਹਿੰਦੀਆਂ ਪੋਥੀਆਂ ਉੱਤੇ ਵਿਦਵਾਨਾਂ ਵੱਲੋਂ ਕੀਤੀ ਰਿਸਰਚ ਦੇ ਸਿੱਟਿਆਂ ਨੂੰ ਛਾਪਣ ਲਈ ਇਕ ਨਿਸ਼ਚਿਤ ਸਮਾਂ-ਸਾਰਣੀ ਬਣਾਈ ਗਈ।

ਸਾਲ 1991 ਵਿਚ ਅਚਾਨਕ ਇਕ ਨਵਾਂ ਮੋੜ ਆਇਆ। ਕਿਉਂਕਿ ਪਹਿਲੀ ਵਾਰ ਕੰਪਿਊਟਰ ਦੀ ਮਦਦ ਨਾਲ ਅਪ੍ਰਕਾਸ਼ਿਤ ਮ੍ਰਿਤ ਸਾਗਰ ਪੋਥੀਆਂ ਦਾ ਪਹਿਲਾ ਐਡੀਸ਼ਨ ਤਿਆਰ ਕਰ ਕੇ ਛਾਪਿਆ ਗਿਆ। ਇਹ ਐਡੀਸ਼ਨ ਟੀਮ ਦੁਆਰਾ ਤਿਆਰ ਕੀਤੀ ਸ਼ਬਦ-ਅਨੁਕ੍ਰਮਣਿਕਾ (concordance) ਦੀ ਇਕ ਕਾਪੀ ਉੱਤੇ ਆਧਾਰਿਤ ਸੀ। ਇਸ ਤੋਂ ਬਾਅਦ ਸਾਨ ਮੈਰੀਨੋ, ਕੈਲੇਫ਼ੋਰਨੀਆ ਦੀ ਹਨਟਿੰਗਟਨ ਲਾਇਬ੍ਰੇਰੀ ਨੇ ਘੋਸ਼ਣਾ ਕੀਤੀ ਕਿ ਜੇ ਕੋਈ ਵਿਦਵਾਨ ਚਾਹੇ ਤਾਂ ਉਹ ਇਨ੍ਹਾਂ ਪੋਥੀਆਂ ਦੀਆਂ ਸਾਰੀਆਂ ਫ਼ੋਟੋਆਂ ਦੇਖ ਸਕਦਾ ਹੈ। ਉਸ ਤੋਂ ਬਾਅਦ ਜਲਦੀ ਹੀ ਮ੍ਰਿਤ ਸਾਗਰ ਪੋਥੀਆਂ ਦੀਆਂ ਤਸਵੀਰਾਂ ਦਾ ਐਡੀਸ਼ਨ ਛਾਪਿਆ ਗਿਆ ਜਿਸ ਰਾਹੀਂ ਕੋਈ ਵੀ ਵਿਦਵਾਨ ਇਨ੍ਹਾਂ ਪੋਥੀਆਂ ਦੀ ਆਸਾਨੀ ਨਾਲ ਜਾਂਚ ਕਰ ਸਕਦਾ ਸੀ।

ਇੰਜ, ਪਿਛਲੇ ਦਹਾਕੇ ਤੋਂ ਸਾਰੀਆਂ ਮ੍ਰਿਤ ਸਾਗਰ ਪੋਥੀਆਂ ਵਿਦਵਾਨਾਂ ਲਈ ਜਾਂਚ-ਪੜਤਾਲ ਕਰਨ ਵਾਸਤੇ ਉਪਲਬਧ ਕਰਾਈਆਂ ਗਈਆਂ। ਜਾਂਚ ਕਰਨ ਤੋਂ ਪਤਾ ਲੱਗਾ ਹੈ ਕਿ ਕੋਈ ਸਾਜ਼ਸ਼ ਨਹੀਂ ਰਚੀ ਗਈ ਤੇ ਨਾ ਹੀ ਕੋਈ ਪੋਥੀ ਲੁਕੋਈ ਗਈ ਸੀ। ਹੁਣ ਪੋਥੀਆਂ ਦੇ ਆਖ਼ਰੀ ਪ੍ਰਮਾਣਿਤ ਐਡੀਸ਼ਨ ਛਾਪੇ ਜਾ ਰਹੇ ਹਨ ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਪੋਥੀਆਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਜਾ ਸਕਦੀ ਹੈ। ਮ੍ਰਿਤ ਸਾਗਰ ਪੋਥੀਆਂ ਦੀ ਜਾਂਚ ਕਰਨ ਲਈ ਹੁਣ ਨਵੇਂ ਵਿਦਵਾਨਾਂ ਦੀ ਟੀਮ ਸਾਮ੍ਹਣੇ ਆਈ ਹੈ। ਪਰ ਇਹ ਜਾਂਚ-ਪੜਤਾਲ ਬਾਈਬਲ ਵਿਦਿਆਰਥੀਆਂ ਲਈ ਕੀ ਅਹਿਮੀਅਤ ਰੱਖਦੀ ਹੈ?

[ਫੁਟਨੋਟ]

^ ਪੈਰਾ 6 ਅਪੌਕ੍ਰਿਫ਼ਾ (ਸ਼ਾਬਦਿਕ ਅਰਥ “ਗੁਪਤ”) ਅਤੇ ਸੂਡਿਪਿਗ੍ਰਫ਼ਾ (ਸ਼ਾਬਦਿਕ ਅਰਥ “ਨਕਲੀ ਬਾਣੀ”) ਤੀਜੀ ਸਦੀ ਸਾ.ਯੁ.ਪੂ. ਤੋਂ ਲੈ ਕੇ ਪਹਿਲੀ ਸਦੀ ਸਾ.ਯੁ. ਵਿਚ ਲਿਖੀਆਂ ਗਈਆਂ ਯਹੂਦੀ ਲਿਖਤਾਂ ਹਨ। ਰੋਮਨ ਕੈਥੋਲਿਕ ਚਰਚ, ਅਪੌਕ੍ਰਿਫ਼ਾ ਨੂੰ ਬਾਈਬਲ ਦੇ ਪ੍ਰਮਾਣਿਤ ਕਾਂਡ ਦਾ ਹਿੱਸਾ ਮੰਨਦਾ ਹੈ, ਪਰ ਯਹੂਦੀ ਤੇ ਪ੍ਰੋਟੈਸਟੈਂਟ ਲੋਕ ਇਨ੍ਹਾਂ ਕਿਤਾਬਾਂ ਵਿਚ ਵਿਸ਼ਵਾਸ ਨਹੀਂ ਕਰਦੇ। ਸੂਡਿਪਿਗ੍ਰਫ਼ਾ ਕਿਤਾਬ ਵਿਚ ਬਾਈਬਲ ਕਹਾਣੀਆਂ ਨੂੰ ਵਧਾ-ਚੜ੍ਹਾ ਕੇ ਦੱਸਿਆ ਗਿਆ ਹੈ। ਇਨ੍ਹਾਂ ਲਿਖਤਾਂ ਦਾ ਸਿਹਰਾ ਮੰਨੀਆਂ-ਪ੍ਰਮੰਨੀਆਂ ਬਾਈਬਲ ਹਸਤੀਆਂ ਨੂੰ ਦਿੱਤਾ ਗਿਆ ਹੈ।

^ ਪੈਰਾ 13 15 ਨਵੰਬਰ 1998 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਸਫ਼ੇ 21-4 ਉੱਤੇ “ਮੈਕਾਬੀ ਕੌਣ ਸਨ?” ਨਾਮਕ ਲੇਖ ਦੇਖੋ।

[ਸਫ਼ੇ 3 ਉੱਤੇ ਤਸਵੀਰ]

ਮ੍ਰਿਤ ਸਾਗਰ ਦੇ ਨੇੜੇ ਗੁਫ਼ਾਵਾਂ ਜਿਨ੍ਹਾਂ ਵਿੱਚੋਂ ਪੁਰਾਣੀਆਂ ਪੋਥੀਆਂ ਮਿਲੀਆਂ

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Scroll fragment: Pages 3, 4, and 6: Courtesy of Israel Antiquities Authority

[ਸਫ਼ੇ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Courtesy of Shrine of the Book, Israel Museum, Jerusalem