Skip to content

Skip to table of contents

ਯਹੋਵਾਹ ਦੇ ਕ੍ਰੋਧ ਦੇ ਦਿਨ ਦੇ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ

ਯਹੋਵਾਹ ਦੇ ਕ੍ਰੋਧ ਦੇ ਦਿਨ ਦੇ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ

ਯਹੋਵਾਹ ਦੇ ਕ੍ਰੋਧ ਦੇ ਦਿਨ ਦੇ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ

“ਯਹੋਵਾਹ ਨੂੰ ਭਾਲੋ, . . . ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋਗੇ!”​—ਸਫ਼ਨਯਾਹ 2:3.

1. ਜਦੋਂ ਸਫ਼ਨਯਾਹ ਨੇ ਨਬੀ ਵਜੋਂ ਕੰਮ ਸ਼ੁਰੂ ਕੀਤਾ ਸੀ ਤਾਂ ਯਹੂਦਾਹ ਦੀ ਹਾਲਤ ਕਿਸ ਤਰ੍ਹਾਂ ਦੀ ਸੀ?

ਜਦੋਂ ਸਫ਼ਨਯਾਹ ਨੇ ਨਬੀ ਵਜੋਂ ਕੰਮ ਸ਼ੁਰੂ ਕੀਤਾ ਸੀ, ਤਾਂ ਯਹੂਦਾਹ ਦੀ ਹਾਲਤ ਬੜੀ ਨਾਜ਼ੁਕ ਸੀ। ਯਹੂਦਾਹ ਦੇ ਵਾਸੀਆਂ ਦੀ ਰੂਹਾਨੀ ਹਾਲਤ ਬਹੁਤ ਹੀ ਖ਼ਰਾਬ ਸੀ। ਲੋਕ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦੀ ਬਜਾਇ, ਝੂਠੇ ਦੇਵੀ-ਦੇਵਤਿਆਂ ਦੇ ਪੰਡਤਾਂ ਅਤੇ ਜੋਤਸ਼ੀਆਂ ਕੋਲੋਂ ਸਲਾਹਾਂ ਲੈਂਦੇ ਸਨ। ਲੋਕ ਬਆਲ ਦੀ ਪੂਜਾ ਵਿਚ ਧਰਮ ਦੇ ਨਾਂ ਤੇ ਵਿਭਚਾਰ ਕਰਦੇ ਸਨ। ਯਹੂਦਾਹ ਦੇ ਸਰਕਾਰੀ ਸਰਦਾਰ, ਰਾਜਕੁਮਾਰ, ਅਤੇ ਨਿਆਂਕਾਰ, ਲੋਕਾਂ ਦੀ ਰੱਖਿਆ ਕਰਨ ਦੀ ਬਜਾਇ ਉਨ੍ਹਾਂ ਉੱਤੇ ਜ਼ੁਲਮ ਕਰ ਰਹੇ ਸਨ। (ਸਫ਼ਨਯਾਹ 1:9; 3:3) ਇਸੇ ਕਰਕੇ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਦਾ ਨਾਸ਼ ਕਰਨ ਲਈ ‘ਆਪਣਾ ਹੱਥ ਚੁੱਕਿਆ’ ਸੀ!​—ਸਫ਼ਨਯਾਹ 1:4.

2. ਯਹੂਦਾਹ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਲਈ ਕਿਹੜੀ ਉਮੀਦ ਸੀ?

2 ਐਨੀ ਬੁਰੀ ਹਾਲਤ ਹੋਣ ਦੇ ਬਾਵਜੂਦ ਵੀ ਆਸ਼ਾ ਦੀ ਇਕ ਕਿਰਨ ਸੀ। ਉਸ ਵੇਲੇ ਅਮੋਨ ਦੇ ਪੁੱਤਰ ਯੋਸੀਯਾਹ ਨੇ ਰਾਜ ਕਰਨਾ ਸ਼ੁਰੂ ਕੀਤਾ ਸੀ। ਉਹ ਉਮਰ ਵਿਚ ਬਹੁਤ ਛੋਟਾ ਸੀ, ਪਰ ਉਹ ਯਹੋਵਾਹ ਨਾਲ ਸੱਚਾ ਪਿਆਰ ਕਰਦਾ ਸੀ। ਇਸ ਨਵੇਂ ਰਾਜੇ ਨੇ ਯਹੂਦਾਹ ਵਿਚ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ। ਜ਼ਰਾ ਸੋਚੋ ਕਿ ਉਨ੍ਹਾਂ ਕੁਝ ਲੋਕਾਂ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ ਸੀ ਜੋ ਸੱਚੇ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਸਨ! ਯੋਸੀਯਾਹ ਦੀ ਵਫ਼ਾਦਾਰ ਮਿਸਾਲ ਦੇਖ ਕੇ ਸ਼ਾਇਦ ਦੂਸਰਿਆਂ ਲੋਕਾਂ ਨੇ ਵੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੋਵੇ ਅਤੇ ਉਹ ਵੀ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚੋਂ ਬਚੇ ਹੋਣ।

ਬਚਾਅ ਦੀਆਂ ਮੰਗਾਂ

3, 4. “ਯਹੋਵਾਹ ਦੇ ਕ੍ਰੋਧ ਦੇ ਦਿਨ” ਵਿੱਚੋਂ ਬਚ ਨਿਕਲਣ ਲਈ ਇਕ ਵਿਅਕਤੀ ਨੂੰ ਕਿਹੜੀਆਂ ਤਿੰਨ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ?

3 ਕੀ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚੋਂ ਕੁਝ ਲੋਕ ਸੱਚ-ਮੁੱਚ ਬਚ ਸਕਦੇ ਸਨ? ਜੀ ਹਾਂ, ਪਰ ਤਾਂ ਹੀ ਜੇ ਉਹ ਸਫ਼ਨਯਾਹ 2:2, 3 ਵਿਚ ਦਿੱਤੀਆਂ ਗਈਆਂ ਤਿੰਨ ਮੰਗਾਂ ਪੂਰੀਆਂ ਕਰਦੇ। ਆਓ ਆਪਾਂ ਇਨ੍ਹਾਂ ਆਇਤਾਂ ਨੂੰ ਪੜ੍ਹੀਏ ਅਤੇ ਉਨ੍ਹਾਂ ਤਿੰਨ ਮੰਗਾਂ ਵੱਲ ਖ਼ਾਸ ਧਿਆਨ ਦੇਈਏ। ਸਫ਼ਨਯਾਹ ਨੇ ਲਿਖਿਆ: “ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ, ਅਤੇ ਦਿਨ ਤੂੜੀ ਵਾਂਙੁ ਲੰਘ ਜਾਵੇ,—ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ ਉੱਤੇ ਆਵੇ, ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, [ਧਾਰਮਿਕਤਾ] ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋਗੇ!”

4 ਸੋ ਬਚਣ ਲਈ ਇਕ ਵਿਅਕਤੀ ਨੂੰ (1) ਯਹੋਵਾਹ ਨੂੰ ਭਾਲਣ, (2) ਧਾਰਮਿਕਤਾ ਨੂੰ ਭਾਲਣ, ਅਤੇ (3) ਮਸਕੀਨੀ ਨੂੰ ਭਾਲਣ ਦੀ ਲੋੜ ਸੀ। ਇਹ ਮੰਗਾਂ ਸਾਡੇ ਲਈ ਅੱਜ ਵੀ ਮਤਲਬ ਰੱਖਦੀਆਂ ਹਨ। ਕਿਉਂ? ਕਿਉਂਕਿ ਜਿਵੇਂ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਸੱਤਵੀਂ ਸਦੀ ਸਾ.ਯੁ.ਪੂ. ਵਿਚ ਯਹੋਵਾਹ ਦੇ ਲੇਖਾ ਲੈਣ ਦੇ ਦਿਨ ਦਾ ਸਾਮ੍ਹਣਾ ਕਰਨਾ ਪਿਆ ਸੀ, ਉਸੇ ਤਰ੍ਹਾਂ ਅੱਜ ਈਸਾਈ-ਜਗਤ ਦੀਆਂ ਕੌਮਾਂ ਅਤੇ ਦੂਸਰੇ ਸਾਰੇ ਦੁਸ਼ਟ ਲੋਕਾਂ ਨੂੰ, ਆ ਰਹੇ ‘ਵੱਡੇ ਕਸ਼ਟ’ ਵਿਚ ਯਹੋਵਾਹ ਪਰਮੇਸ਼ੁਰ ਦਾ ਸਾਮ੍ਹਣਾ ਕਰਨਾ ਪਵੇਗਾ। (ਮੱਤੀ 24:21) ਜੇ ਕੋਈ ਉਸ ਕਸ਼ਟ ਵਿੱਚੋਂ ਬਚਣਾ ਚਾਹੁੰਦਾ ਹੈ, ਤਾਂ ਉਸ ਨੂੰ ਹੁਣ ਤੋਂ ਹੀ ਸਹੀ ਕਦਮ ਚੁੱਕਣੇ ਚਾਹੀਦੇ ਹਨ। ਕਿਵੇਂ? ਬਿਨਾਂ ਦੇਰ ਕੀਤੇ ਯਹੋਵਾਹ, ਧਾਰਮਿਕਤਾ, ਅਤੇ ਮਸਕੀਨੀ ਨੂੰ ਭਾਲਣ ਦੁਆਰਾ!

5. ‘ਯਹੋਵਾਹ ਨੂੰ ਭਾਲਣ’ ਦਾ ਅੱਜ ਕੀ ਮਤਲਬ ਹੈ?

5 ਪਰ ਸ਼ਾਇਦ ਤੁਸੀਂ ਕਹੋ: ‘ਮੈਂ ਤਾਂ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਵੀ ਲੈ ਲਿਆ ਹੈ ਅਤੇ ਹੁਣ ਮੈਂ ਯਹੋਵਾਹ ਦਾ ਇਕ ਗਵਾਹ ਹਾਂ। ਕੀ ਮੈਂ ਇਹ ਤਿੰਨ ਮੰਗਾਂ ਪਹਿਲਾਂ ਹੀ ਪੂਰੀਆਂ ਨਹੀਂ ਕਰ ਚੁੱਕਾ?’ ਸੱਚੀ ਗੱਲ ਤਾਂ ਇਹ ਹੈ ਕਿ ਯਹੋਵਾਹ ਨੂੰ ਆਪਣਾ ਸਿਰਫ਼ ਸਮਰਪਣ ਕਰਨਾ ਹੀ ਕਾਫ਼ੀ ਨਹੀਂ ਹੈ। ਇਸਰਾਏਲ ਇਕ ਸਮਰਪਿਤ ਕੌਮ ਸੀ। ਪਰ ਸਫ਼ਨਯਾਹ ਨਬੀ ਦੇ ਦਿਨਾਂ ਵਿਚ ਯਹੂਦਾਹ ਦੇ ਲੋਕ ਉਸ ਸਮਰਪਣ ਅਨੁਸਾਰ ਆਪਣੀਆਂ ਜ਼ਿੰਦਗੀਆਂ ਜੀ ਨਹੀਂ ਰਹੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪਰਮੇਸ਼ੁਰ ਨੇ ਉਸ ਕੌਮ ਨੂੰ ਛੱਡ ਦਿੱਤਾ। ਅੱਜ ‘ਯਹੋਵਾਹ ਨੂੰ ਭਾਲਣ’ ਦਾ ਮਤਲਬ ਹੈ ਕਿ ਅਸੀਂ ਉਸ ਨਾਲ ਇਕ ਨਿੱਘਾ ਤੇ ਨਜ਼ਦੀਕੀ ਰਿਸ਼ਤਾ ਬਣਾਈ ਰੱਖੀਏ। ਇਸ ਦੇ ਲਈ ਸਾਨੂੰ ਉਸ ਦੇ ਸੰਗਠਨ ਨਾਲ ਮੇਲ-ਜੋਲ ਰੱਖਣ ਦੀ ਲੋੜ ਹੈ। ਸਾਨੂੰ ਉਸ ਦੇ ਸੋਚਣ ਦੇ ਤਰੀਕੇ ਅਤੇ ਉਸ ਦੀਆਂ ਭਾਵਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਅਸੀਂ ਯਹੋਵਾਹ ਦੇ ਬਚਨ ਬਾਈਬਲ ਨੂੰ ਪੜ੍ਹ ਕੇ, ਉਸ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ, ਅਤੇ ਉਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਉਸ ਨੂੰ ਭਾਲਦੇ ਹਾਂ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਾਂਗੇ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਾਂਗੇ, ਉੱਦਾਂ-ਉੱਦਾਂ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਜਾਵੇਗਾ ਅਤੇ ਅਸੀਂ ‘ਆਪਣੇ ਸਾਰੇ ਮਨ, ਜ਼ੋਰ, ਅਤੇ ਆਪਣੀ ਸਾਰੀ ਜਾਨ ਨਾਲ’ ਪਰਮੇਸ਼ੁਰ ਦੀ ਸੇਵਾ ਕਰਨੀ ਚਾਹਾਂਗੇ।​—ਬਿਵਸਥਾ ਸਾਰ 6:5; ਗਲਾਤੀਆਂ 5:22-25; ਫ਼ਿਲਿੱਪੀਆਂ 4:6, 7; ਪਰਕਾਸ਼ ਦੀ ਪੋਥੀ 4:11.

6. ਅਸੀਂ ਕਿਸ ਤਰ੍ਹਾਂ ‘ਧਾਰਮਿਕਤਾ ਨੂੰ ਭਾਲ’ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਅੱਜ ਦੀ ਦੁਨੀਆਂ ਵਿਚ ਮੁਮਕਿਨ ਕਿਉਂ ਹੈ?

6ਸਫ਼ਨਯਾਹ 2:3 ਵਿਚ ਦੱਸੀ ਗਈ ਦੂਜੀ ਮੰਗ ਹੈ ‘ਧਾਰਮਿਕਤਾ ਨੂੰ ਭਾਲਣਾ।’ ਸਾਡੇ ਵਿੱਚੋਂ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਬਪਤਿਸਮੇ ਦੇ ਯੋਗ ਹੋਣ ਲਈ ਆਪਣੀਆਂ ਜ਼ਿੰਦਗੀਆਂ ਨੂੰ ਕਾਫ਼ੀ ਬਦਲਿਆ ਹੈ। ਪਰ ਸਾਨੂੰ ਆਪਣੀ ਪੂਰੀ ਜ਼ਿੰਦਗੀ ਦੌਰਾਨ ਯਹੋਵਾਹ ਦੇ ਧਰਮੀ ਨੈਤਿਕ ਮਿਆਰਾਂ ਉੱਤੇ ਚੱਲਦੇ ਰਹਿਣਾ ਚਾਹੀਦਾ ਹੈ। ਲੇਕਿਨ ਦੁੱਖ ਦੀ ਗੱਲ ਹੈ ਕਿ ਕੁਝ ਭੈਣ-ਭਰਾ ਜਿਹੜੇ ਪਹਿਲਾਂ ਇਨ੍ਹਾਂ ਧਰਮੀ ਨੈਤਿਕ ਮਿਆਰਾਂ ਉੱਤੇ ਚੱਲਦੇ ਸਨ, ਹੁਣ ਦੁਨਿਆਵੀ ਰੰਗ-ਢੰਗ ਵਿਚ ਰੰਗੇ ਗਏ ਹਨ। ਅਸੀਂ ਮੰਨਦੇ ਹਾਂ ਕਿ ਧਾਰਮਿਕਤਾ ਨੂੰ ਭਾਲਣਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਅਸੀਂ ਅਜਿਹਿਆਂ ਲੋਕਾਂ ਨਾਲ ਘਿਰੇ ਹੋਏ ਹਾਂ ਜਿਹੜੇ ਬਦਚਲਣੀ, ਝੂਠ ਬੋਲਣ, ਅਤੇ ਧੋਖਾ ਦੇਣ ਨੂੰ ਮਾਮੂਲੀ ਜਿਹੀ ਗੱਲ ਸਮਝਦੇ ਹਨ। ਪਰ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਰੱਖਣ ਦੀ ਦ੍ਰਿੜ੍ਹ ਇੱਛਾ ਰੱਖਦੇ ਹਾਂ, ਤਾਂ ਅਸੀਂ ਦੁਨੀਆਂ ਦੇ ਪਿੱਛੇ ਜਾਣ ਤੋਂ ਬਚਾਂਗੇ ਅਤੇ ਦੁਨਿਆਵੀ ਲੋਕਾਂ ਨਾਲ ਜ਼ਿਆਦਾ ਰਲਣ-ਮਿਲਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਯਹੂਦਾਹ ਦੇ ਲੋਕਾਂ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਆਪਣੇ ਗੁਆਂਢੀਆਂ ਨਾਲ ਰਲਣ-ਮਿਲਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਛੱਡ ਦਿੱਤਾ। ਆਓ ਆਪਾਂ ਦੁਨੀਆਂ ਦੇ ਰੰਗ-ਢੰਗ ਵਿਚ ਰੰਗੇ ਜਾਣ ਦੀ ਬਜਾਇ, “ਪਰਮੇਸ਼ੁਰ ਦੀ ਰੀਸ” ਕਰ ਕੇ ‘ਨਵੀਂ ਇਨਸਾਨੀਅਤ ਨੂੰ ਪਹਿਨ ਰੱਖੀਏ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’​—ਅਫ਼ਸੀਆਂ 4:24; 5:1.

7. ਅਸੀਂ ਮਸਕੀਨੀ ਨੂੰ ਕਿਸ ਤਰ੍ਹਾਂ ਭਾਲ ਸਕਦੇ ਹਾਂ?

7ਸਫ਼ਨਯਾਹ 2:3 ਵਿਚ ਤੀਜੀ ਗੱਲ ਇਹ ਸੀ ਕਿ ਜੇ ਅਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਲੁਕੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ‘ਮਸਕੀਨੀ ਨੂੰ ਭਾਲਣਾ’ ਚਾਹੀਦਾ ਹੈ। ਹਰ ਰੋਜ਼ ਅਸੀਂ ਅਜਿਹਿਆਂ ਆਦਮੀਆਂ, ਔਰਤਾਂ, ਅਤੇ ਨੌਜਵਾਨਾਂ ਨੂੰ ਮਿਲਦੇ ਹਾਂ ਜੋ ਬਿਲਕੁਲ ਮਸਕੀਨ ਜਾਂ ਹਲੀਮ ਨਹੀਂ ਹਨ। ਉਹ ਲੋਕ ਹਲੀਮੀ ਨੂੰ ਇਕ ਕਮਜ਼ੋਰੀ ਸਮਝਦੇ ਹਨ। ਅਧੀਨਗੀ ਨੂੰ ਤਾਂ ਉਹ ਸਭ ਤੋਂ ਵੱਡੀ ਕਮਜ਼ੋਰੀ ਸਮਝਦੇ ਹਨ। ਅਜਿਹੇ ਲੋਕ ਮਤਲਬੀ ਹੁੰਦੇ ਹਨ ਤੇ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਲਈ ਸਭ ਕੁਝ ਕਰਨ। ਉਹ ਆਪਣੇ ਹੀ ਵਿਚਾਰਾਂ ਉੱਤੇ ਅੜੇ ਰਹਿੰਦੇ ਹਨ। ਇਸ ਤਰ੍ਹਾਂ ਦੇ ਲੋਕ ਸੋਚਦੇ ਹਨ ਕਿ ਉਨ੍ਹਾਂ ਕੋਲ ਦੂਜਿਆਂ ਨਾਲੋਂ ਜ਼ਿਆਦਾ “ਹੱਕ” ਹਨ ਤੇ ਹਰ ਹਾਲ ਵਿਚ ਉਨ੍ਹਾਂ ਦੀ ਗੱਲ ਮੰਨੀ ਜਾਣੀ ਚਾਹੀਦੀ ਹੈ। ਕਿੰਨੀ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਵੀ ਆਪਣੇ ਵਿਚ ਅਜਿਹੀਆਂ ਮਾੜੀਆਂ ਆਦਤਾਂ ਪੈਦਾ ਹੋਣ ਦੇਈਏ! ‘ਮਸਕੀਨੀ ਨੂੰ ਭਾਲਣ’ ਦਾ ਹੁਣ ਸਮਾਂ ਹੈ। ਪਰ ਕਿਸ ਤਰ੍ਹਾਂ? ਪਰਮੇਸ਼ੁਰ ਪ੍ਰਤੀ ਅਧੀਨ ਹੋਣ, ਨਿਮਰਤਾ ਨਾਲ ਅਨੁਸ਼ਾਸਨ ਸਵੀਕਾਰ ਕਰਨ, ਅਤੇ ਉਸ ਦੀ ਇੱਛਾ ਅਨੁਸਾਰ ਚੱਲਣ ਦੁਆਰਾ।

“ਸ਼ਾਇਤ” ਲੁਕੇ ਰਹੋਗੇ—ਪਰ “ਸ਼ਾਇਤ” ਕਿਉਂ?

8. ਸਫ਼ਨਯਾਹ 2:3 ਤੇ ਲਫ਼ਜ਼ “ਸ਼ਾਇਤ” ਕਿਉਂ ਵਰਤਿਆ ਗਿਆ ਹੈ?

8 ਧਿਆਨ ਦਿਓ ਕਿ ਸਫ਼ਨਯਾਹ 2:3 ਕਹਿੰਦਾ ਹੈ: “ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋਗੇ!” ਇੱਥੇ ‘ਧਰਤੀ ਦੇ ਮਸਕੀਨ ਲੋਕਾਂ’ ਨਾਲ ਗੱਲ ਕਰਦੇ ਹੋਏ, ਲਫ਼ਜ਼ “ਸ਼ਾਇਤ” ਕਿਉਂ ਵਰਤਿਆ ਗਿਆ ਹੈ? ਕਿਉਂਕਿ ਸਫ਼ਨਯਾਹ ਦੇ ਜ਼ਮਾਨੇ ਵਿਚ ਚਾਹੇ ਮਸਕੀਨ ਲੋਕਾਂ ਨੇ ਸਹੀ ਕਦਮ ਚੁੱਕੇ ਸਨ, ਬਚਣ ਲਈ ਉਨ੍ਹਾਂ ਨੂੰ ਆਪਣੇ ਉੱਤੇ ਭਰੋਸਾ ਨਹੀਂ ਰੱਖਣਾ ਚਾਹੀਦਾ ਸੀ। ਉਨ੍ਹਾਂ ਨੂੰ ਆਪਣੀ ਸਾਰੀ ਜ਼ਿੰਦਗੀ ਵਫ਼ਾਦਾਰੀ ਨਾਲ ਗੁਜ਼ਾਰਨੀ ਪੈਣੀ ਸੀ। ਹੋ ਸਕਦਾ ਸੀ ਕਿ ਉਨ੍ਹਾਂ ਵਿੱਚੋਂ ਕੁਝ ਲੋਕ ਪਾਪ ਕਰਨ ਲੱਗ ਪੈਣ। ਇਹ ਗੱਲ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਯਿਸੂ ਨੇ ਕਿਹਾ ਸੀ ਕਿ “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਜੀ ਹਾਂ, ਜੇ ਅਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਲਗਾਤਾਰ ਸਹੀ ਕੰਮ ਕਰਨੇ ਚਾਹੀਦੇ ਹਨ। ਕੀ ਤੁਸੀਂ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

9. ਜਵਾਨ ਰਾਜੇ ਯੋਸੀਯਾਹ ਨੇ ਕਿਹੜੇ ਚੰਗੇ ਕਦਮ ਚੁੱਕੇ ਸਨ?

9 ਲੱਗਦਾ ਹੈ ਕਿ ਰਾਜਾ ਯੋਸੀਯਾਹ ਉੱਤੇ ਸਫ਼ਨਯਾਹ ਦੇ ਇਨ੍ਹਾਂ ਲਫ਼ਜ਼ਾਂ ਦਾ ਬੜਾ ਅਸਰ ਪਿਆ ਸੀ, ਕਿਉਂਕਿ ਉਨ੍ਹਾਂ ਕਾਰਨ ਉਸ ਨੇ ‘ਯਹੋਵਾਹ ਨੂੰ ਭਾਲਿਆ।’ ਬਾਈਬਲ ਕਹਿੰਦੀ ਹੈ: “ਆਪਣੇ ਰਾਜ ਦੇ ਅੱਠਵੇਂ ਵਰਹੇ ਜਦ [ਯੋਸੀਯਾਹ] ਮੁੰਡਾ ਹੀ ਸੀ ਉਹ ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ [‘ਉਸ ਨੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ’ ਪਵਿੱਤਰ ਬਾਈਬਲ ਨਵਾਂ ਅਨੁਵਾਦ]।” (2 ਇਤਹਾਸ 34:3) ਉਸ ਸਮੇਂ ਯੋਸੀਯਾਹ ਤਕਰੀਬਨ 16 ਸਾਲਾਂ ਦਾ ਸੀ। ਪਰਮੇਸ਼ੁਰ ਨੂੰ ਭਾਲਣ ਦੇ ਨਾਲ-ਨਾਲ ਉਹ ‘ਧਾਰਮਿਕਤਾ ਨੂੰ ਵੀ ਭਾਲਦਾ’ ਰਿਹਾ, ਕਿਉਂਕਿ ਅਸੀਂ ਅੱਗੇ ਪੜ੍ਹਦੇ ਹਾਂ ਕਿ “ਬਾਰਵੇਂ ਵਰਹੇ ਵਿੱਚ [ਜਦੋਂ ਯੋਸੀਯਾਹ ਵੀਹਾਂ ਸਾਲਾਂ ਦਾ ਸੀ, ਉਹ] ਯਹੂਦਾਹ ਅਤੇ ਯਰੂਸ਼ਲਮ ਨੂੰ ਉੱਚੇ ਅਸਥਾਨਾਂ ਅਰ ਟੁੰਡਾਂ ਦੇ ਦੇਵਤਿਆਂ ਤੋਂ ਅਰ ਘੜੀਆਂ ਹੋਈਆਂ ਅਰ ਢਾਲੀਆਂ ਹੋਈਆਂ ਮੂਰਤਾਂ ਤੋਂ ਸਾਫ਼ ਕਰਨ ਲੱਗਾ। ਅਤੇ ਉਨ੍ਹਾਂ ਨੇ ਉਸ ਦੇ ਸਾਹਮਣੇ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ।” (2 ਇਤਹਾਸ 34:3, 4) ਯੋਸੀਯਾਹ ਨੇ ‘ਮਸਕੀਨੀ ਨੂੰ ਵੀ ਭਾਲਿਆ,’ ਜਿਸ ਕਾਰਨ ਉਸ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਅਤੇ ਗ਼ਲਤ ਧਾਰਮਿਕ ਰਸਮਾਂ ਨੂੰ ਖ਼ਤਮ ਕਰ ਕੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਨੀਵਾਂ ਕੀਤਾ। ਜ਼ਰਾ ਸੋਚੋ, ਇਨ੍ਹਾਂ ਗੱਲਾਂ ਨੂੰ ਦੇਖ ਕੇ ਦੂਜੇ ਮਸਕੀਨ ਲੋਕ ਕਿੰਨੇ ਖ਼ੁਸ਼ ਹੋਏ ਹੋਣਗੇ!

10. ਸਾਲ 607 ਸਾ.ਯੁ.ਪੂ. ਵਿਚ ਯਹੂਦਾਹ ਵਿਚ ਕੀ ਹੋਇਆ ਸੀ ਅਤੇ ਕੌਣ ਬਚੇ ਸਨ?

10 ਯੋਸੀਯਾਹ ਦੇ ਰਾਜ ਦੌਰਾਨ, ਬਹੁਤ ਸਾਰੇ ਯਹੂਦੀ ਲੋਕ ਫਿਰ ਤੋਂ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਸਨ। ਪਰ ਰਾਜੇ ਦੀ ਮੌਤ ਤੋਂ ਬਾਅਦ, ਜ਼ਿਆਦਾਤਰ ਲੋਕ ਮੁੜ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ ਸਨ। ਅਖ਼ੀਰ ਵਿਚ ਜਿਵੇਂ ਯਹੋਵਾਹ ਨੇ ਫ਼ੈਸਲਾ ਕੀਤਾ ਸੀ, 607 ਸਾ.ਯੁ.ਪੂ. ਵਿਚ ਬਾਬਲੀਆਂ ਨੇ ਯਹੂਦਾਹ ਨੂੰ ਉਜਾੜ ਦਿੱਤਾ ਤੇ ਉਸ ਦੀ ਰਾਜਧਾਨੀ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ। ਪਰ ਸਭ ਕੁਝ ਖ਼ਤਮ ਨਹੀਂ ਹੋਇਆ ਸੀ। ਉਸ ਵੇਲੇ ਯਿਰਮਿਯਾਹ ਨਬੀ, ਅਬਦ-ਮਲਕ ਕੂਸ਼ੀ, ਯੋਨਾਦਾਬ ਦਾ ਘਰਾਣਾ, ਅਤੇ ਹੋਰ ਕਈ ਲੋਕ ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਲੁਕੋ ਕੇ ਰੱਖੇ ਗਏ ਸਨ।​—ਯਿਰਮਿਯਾਹ 35:18, 19; 39:11, 12, 15-18.

ਪਰਮੇਸ਼ੁਰ ਦੇ ਦੁਸ਼ਮਣੋ, ਧਿਆਨ ਦਿਓ!

11. ਅੱਜ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਔਖਾ ਕਿਉਂ ਹੈ, ਪਰ ਯਹੋਵਾਹ ਦੇ ਸੇਵਕਾਂ ਦੇ ਦੁਸ਼ਮਣਾਂ ਨੂੰ ਕਿਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?

11 ਇਸ ਦੁਸ਼ਟ ਦੁਨੀਆਂ ਉੱਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਦੀ ਉਡੀਕ ਕਰਦੇ ਹੋਏ, ਅਸੀਂ “ਭਾਂਤ ਭਾਂਤ ਦੇ ਪਰਤਾਵਿਆਂ” ਦਾ ਸਾਮ੍ਹਣਾ ਕਰਦੇ ਹਾਂ। (ਯਾਕੂਬ 1:2) ਕੁਝ ਦੇਸ਼ਾਂ ਵਿਚ ਸਰਕਾਰਾਂ ਦਾ ਦਾਅਵਾ ਹੈ ਕਿ ਉਹ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਭਗਤੀ ਕਰਨ ਦੀ ਆਜ਼ਾਦੀ ਦਿੰਦੀਆਂ ਹਨ। ਪਰ ਉੱਥੋਂ ਦੇ ਚਾਲਬਾਜ਼ ਪਾਦਰੀਆਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਯਹੋਵਾਹ ਦੇ ਸੇਵਕਾਂ ਨੂੰ ਬੁਰੀ ਤਰ੍ਹਾਂ ਸਤਾਇਆ ਹੈ। ਬੇਈਮਾਨ ਲੋਕ ਯਹੋਵਾਹ ਦੇ ਸੇਵਕਾਂ ਤੇ ਤੁਹਮਤ ਲਾਉਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਇਕ “ਖ਼ਤਰਨਾਕ ਪੰਥ” ਹਨ। ਯਹੋਵਾਹ ਇਨ੍ਹਾਂ ਬੇਈਮਾਨ ਲੋਕਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਇਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ। ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਸਜ਼ਾ ਤੋਂ ਨਹੀਂ ਬਚ ਪਾਏ। ਮਿਸਾਲ ਲਈ ਉਹ ਫਲਿਸਤੀਆਂ ਦੀ ਤਬਾਹੀ ਉੱਤੇ ਗੌਰ ਕਰ ਸਕਦੇ ਹਨ। ਭਵਿੱਖਬਾਣੀ ਕਹਿੰਦੀ ਹੈ: “ਅੱਜ਼ਾਹ ਤਾਂ ਤਿਆਗਿਆ ਜਾਵੇਗਾ, ਅਤੇ ਅਸ਼ਕਲੋਨ ਵਿਰਾਨ ਹੋ ਜਾਵੇਗਾ, ਓਹ ਦੁਪਹਿਰੇ ਅਸ਼ਦੋਦ ਨੂੰ ਧੱਕ ਦੇਣਗੇ, ਅਤੇ ਅਕਰੋਨ ਪੁੱਟਿਆ ਜਾਵੇਗਾ।” ਉਸ ਵੇਲੇ ਫਲਿਸਤੀਨ ਦੇ ਸ਼ਹਿਰ ਅੱਜ਼ਾਹ, ਅਸ਼ਕਲੋਨ, ਅਸ਼ਦੋਦ, ਤੇ ਅਕਰੋਨ ਪੂਰੀ ਤਰ੍ਹਾਂ ਉਜਾੜੇ ਗਏ ਸਨ।​—ਸਫ਼ਨਯਾਹ 2:4-7.

12. ਫਲਿਸਤੀਨ, ਮੋਆਬ, ਅਤੇ ਅੰਮੋਨ ਨੂੰ ਕੀ ਹੋਇਆ ਸੀ?

12 ਭਵਿੱਖਬਾਣੀ ਅੱਗੇ ਕਹਿੰਦੀ ਹੈ: “ਮੈਂ ਮੋਆਬ ਦਾ ਉਲਾਹਮਾ, ਅਤੇ ਅੰਮੋਨੀਆਂ ਦਾ ਕੁਫ਼ਰ ਸੁਣਿਆ, ਕਿ ਓਹ ਮੇਰੀ ਪਰਜਾ ਨੂੰ ਕਿਵੇਂ ਉਲਾਹਮੇ ਦਿੰਦੇ ਸਨ, ਅਤੇ ਓਹਨਾਂ ਦੀਆਂ ਹੱਦਾਂ ਉੱਤੇ ਸ਼ੇਖੀ ਮਾਰਦੇ ਸਨ।” (ਸਫ਼ਨਯਾਹ 2:8) ਇਹ ਤਾਂ ਸੱਚ ਹੈ ਕਿ ਮਿਸਰ ਅਤੇ ਕੂਸ਼ ਨੂੰ ਬਾਬਲੀ ਹਮਲਾਵਰਾਂ ਦੇ ਹੱਥੀਂ ਦੁੱਖ ਸਹਿਣੇ ਪਏ ਸਨ, ਪਰ ਇੱਥੇ ਮੋਆਬੀ ਅਤੇ ਅੰਮੋਨੀ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਅਬਰਾਹਾਮ ਦੇ ਭਤੀਜੇ, ਲੂਤ ਦੇ ਖ਼ਾਨਦਾਨ ਵਿੱਚੋਂ ਸਨ। ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਕੀ ਸਜ਼ਾ ਦਿੱਤੀ ਸੀ? ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ “ਮੋਆਬ ਜ਼ਰੂਰ ਸਦੋਮ ਵਾਂਙੁ ਹੋ ਜਾਵੇਗਾ, ਅਤੇ ਅੰਮੋਨੀ ਅਮੂਰਾਹ ਵਾਂਙੁ।” ਮੋਆਬ ਅਤੇ ਅੰਮੋਨ ਲੂਤ ਦੀਆਂ ਧੀਆਂ ਤੋਂ ਸਨ ਜੋ ਸਦੂਮ ਅਤੇ ਅਮੂਰਾਹ ਦੀ ਤਬਾਹੀ ਵਿੱਚੋਂ ਬਚ ਗਈਆਂ ਸਨ। ਪਰ ਘਮੰਡੀ ਮੋਆਬ ਅਤੇ ਅੰਮੋਨ ਪਰਮੇਸ਼ੁਰ ਵੱਲੋਂ ਆਈ ਤਬਾਹੀ ਤੋਂ ਨਹੀਂ ਬਚ ਸਕੇ। (ਸਫ਼ਨਯਾਹ 2:9-12; ਉਤਪਤ 19:16, 23-26, 36-38) ਫਲਿਸਤੀਨ ਅਤੇ ਉਸ ਦੇ ਸ਼ਹਿਰ ਅੱਜ ਕਿੱਥੇ ਹਨ? ਮੋਆਬ ਅਤੇ ਅੰਮੋਨ ਬਾਰੇ ਕੀ ਜੋ ਕਦੀ ਆਪਣੇ ਆਪ ਉੱਤੇ ਘਮੰਡ ਕਰਿਆ ਕਰਦੇ ਸਨ? ਜੇ ਤੁਸੀਂ ਉਨ੍ਹਾਂ ਦੀ ਖੋਜ ਕਰੋਗੇ, ਤਾਂ ਉਹ ਤੁਹਾਨੂੰ ਕਿਤੇ ਵੀ ਨਹੀਂ ਲੱਭਣਗੇ।

13. ਪੁਰਾਣੀਆਂ ਲੱਭਤਾਂ ਦੇ ਇਕ ਵਿਗਿਆਨੀ ਨੇ ਨੀਨਵਾਹ ਵਿਚ ਕਿਹੜੀ ਚੀਜ਼ ਲੱਭੀ ਸੀ?

13 ਸਫ਼ਨਯਾਹ ਦੇ ਦਿਨਾਂ ਵਿਚ, ਅੱਸ਼ੂਰ ਸਾਮਰਾਜ ਆਪਣੀ ਤਾਕਤ ਦੀ ਸਿਖਰ ਤੇ ਸੀ। ਪੁਰਾਣੀਆਂ ਲੱਭਤਾਂ ਦੇ ਇਕ ਵਿਗਿਆਨੀ, ਔਸਟਿਨ ਲੇਅਰਡ ਨੇ ਅੱਸ਼ੂਰ ਦੀ ਰਾਜਧਾਨੀ ਨੀਨਵਾਹ ਵਿਚ ਇਕ ਸ਼ਾਹੀ ਮਹੱਲ ਨੂੰ ਖੋਜ ਕੱਢਿਆ। ਇਸ ਦੇ ਇਕ ਹਿੱਸੇ ਦਾ ਵਰਣਨ ਕਰਦੇ ਹੋਏ ਉਸ ਨੇ ਲਿਖਿਆ: “ਇਸ ਦੀਆਂ ਛੱਤਾਂ . . . ਚੌਰਸ ਖ਼ਾਨਿਆਂ ਵਿਚ ਵੰਡੀਆਂ ਹੋਈਆਂ ਸਨ ਜਿਨ੍ਹਾਂ ਉੱਪਰ ਫੁੱਲਾਂ ਅਤੇ ਜਾਨਵਰਾਂ ਦੀਆਂ ਰੰਗੀਲੀਆਂ ਤਸਵੀਰਾਂ ਸਨ। ਕੁਝ ਤਸਵੀਰਾਂ ਹਾਥੀ-ਦੰਦਾਂ ਨਾਲ ਸਜਾਈਆਂ ਹੋਈਆਂ ਸਨ। ਹਰ ਖ਼ਾਨੇ ਦੇ ਆਲੇ-ਦੁਆਲੇ ਬਹੁਤ ਹੀ ਸ਼ਾਨਦਾਰ ਕਿਨਾਰੀਆਂ ਲਾਈਆਂ ਹੋਈਆਂ ਸਨ ਅਤੇ ਵਧੀਆ ਨਕਾਸ਼ੀ ਕੀਤੀ ਹੋਈ ਸੀ। ਕਮਰਿਆਂ ਦੇ ਥੰਮ੍ਹ ਅਤੇ ਕੰਧਾਂ ਸੋਨੇ-ਚਾਂਦੀ ਨਾਲ ਮੜ੍ਹੇ ਹੋਏ ਸਨ ਅਤੇ ਉਨ੍ਹਾਂ ਉੱਤੇ ਕੀਮਤੀ ਲੱਕੜ ਵਰਤੀ ਗਈ ਸੀ, ਖ਼ਾਸ ਕਰਕੇ ਦਿਆਰ ਦੀ ਲੱਕੜ ਵਰਤੀ ਗਈ ਸੀ।” ਪਰ ਜਿਸ ਤਰ੍ਹਾਂ ਸਫ਼ਨਯਾਹ ਦੀ ਭਵਿੱਖਬਾਣੀ ਵਿਚ ਕਿਹਾ ਗਿਆ ਸੀ, ਅੱਸ਼ੂਰ ਨਾਸ਼ ਕੀਤਾ ਜਾਣਾ ਸੀ ਅਤੇ ਉਸ ਦੀ ਰਾਜਧਾਨੀ ਨੀਨਵਾਹ “ਉਜਾੜ ਵਾਂਙੁ” ਵਿਰਾਨ ਹੋ ਜਾਣੀ ਸੀ।​—ਸਫ਼ਨਯਾਹ 2:13.

14. ਨੀਨਵਾਹ ਉੱਤੇ ਸਫ਼ਨਯਾਹ ਦੀ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋਈ ਸੀ?

14 ਸਫ਼ਨਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਬੋਲਣ ਤੋਂ ਸਿਰਫ਼ 15 ਸਾਲ ਬਾਅਦ, ਸ਼ਕਤੀਸ਼ਾਲੀ ਨੀਨਵਾਹ ਸ਼ਹਿਰ ਤਬਾਹ ਹੋ ਗਿਆ ਤੇ ਉਸ ਦਾ ਸ਼ਾਹੀ ਮਹੱਲ ਮਲਬੇ ਦਾ ਢੇਰ ਬਣ ਗਿਆ। ਜੀ ਹਾਂ, ਉਹ ਘਮੰਡੀ ਸ਼ਹਿਰ ਮਿੱਟੀ ਵਿਚ ਮਿਲਾ ਦਿੱਤਾ ਗਿਆ ਸੀ। ਇਸ ਤਬਾਹੀ ਬਾਰੇ ਸਪੱਸ਼ਟ ਤਰੀਕੇ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਲੰਮਢੀਂਗ ਅਤੇ ਕੰਡੈਲਾ ਉਸ ਦੇ ਥੰਮ੍ਹਾਂ ਦੇ ਗੋਲਿਆਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਤੋਂ ਉਨ੍ਹਾਂ ਦੀ ਅਵਾਜ਼ ਗਾਵੇਗੀ, ਤਬਾਹੀ ਸਰਦਲ ਉੱਤੇ ਹੋਵੇਗੀ।” (ਸਫ਼ਨਯਾਹ 2:14, 15) ਨੀਨਵਾਹ ਦੀਆਂ ਸ਼ਾਨਦਾਰ ਇਮਾਰਤਾਂ ਸਿਰਫ਼ ਲੰਮਢੀਂਗ ਅਤੇ ਕੰਡੈਲੇ ਵਰਗੇ ਜਾਨਵਰਾਂ ਦੇ ਰਹਿਣ ਦੀਆਂ ਥਾਵਾਂ ਬਣ ਗਈਆਂ ਸਨ। ਸ਼ਹਿਰ ਦੀਆਂ ਗਲੀਆਂ ਵਿੱਚੋਂ ਵਪਾਰੀਆਂ ਦੀਆਂ ਆਵਾਜ਼ਾਂ, ਯੋਧਿਆਂ ਦੇ ਨਾਅਰੇ, ਅਤੇ ਪੁਜਾਰੀਆਂ ਦੀਆਂ ਆਵਾਜ਼ਾਂ ਚੁੱਪ ਹੋ ਗਈਆਂ ਸਨ। ਜਿਨ੍ਹਾਂ ਗਲੀਆਂ ਵਿਚ ਪਹਿਲਾਂ ਇੰਨੀ ਰੌਣਕ ਹੁੰਦੀ ਸੀ, ਉੱਥੇ ਸਿਰਫ਼ ਖਿੜਕੀ ਤੋਂ ਕਿਸੇ ਪੰਛੀ ਦੇ ਮਾਤਮੀ ਗੀਤ ਗਾਉਣ ਦੀ ਆਵਾਜ਼ ਜਾਂ ਤੇਜ਼ ਹਵਾ ਦੀ ਆਵਾਜ਼ ਆ ਰਹੀ ਸੀ। ਇਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦਾ ਅੰਤ ਹੋਵੇਗਾ!

15. ਜੋ ਮੋਆਬ, ਅੰਮੋਨ, ਫਲਿਸਤੀਨ, ਅਤੇ ਅੱਸ਼ੂਰ ਨਾਲ ਹੋਇਆ ਸੀ, ਉਸ ਤੋਂ ਕੀ ਸਿੱਖਿਆ ਜਾ ਸਕਦਾ ਹੈ?

15 ਮੋਆਬ, ਅੰਮੋਨ, ਫਲਿਸਤੀਨ, ਅਤੇ ਅੱਸ਼ੂਰ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਅਸੀਂ ਇਹ ਸਿੱਖ ਸਕਦੇ ਹਾਂ ਕਿ ਯਹੋਵਾਹ ਦੇ ਸੇਵਕਾਂ ਵਜੋਂ ਸਾਨੂੰ ਆਪਣੇ ਵੈਰੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਯਹੋਵਾਹ ਆਪਣੇ ਲੋਕਾਂ ਦਾ ਵਿਰੋਧ ਕਰਨ ਵਾਲਿਆਂ ਦੇ ਸਾਰੇ ਬੁਰੇ ਕੰਮ ਦੇਖਦਾ ਹੈ। ਪੁਰਾਣੇ ਜ਼ਮਾਨੇ ਵਿਚ ਆਪਣੇ ਠਹਿਰਾਏ ਹੋਏ ਸਮੇਂ ਤੇ ਯਹੋਵਾਹ ਨੇ ਆਪਣੇ ਦੁਸ਼ਮਣਾਂ ਨੂੰ ਸਜ਼ਾ ਦਿੱਤੀ ਸੀ। ਇਸੇ ਤਰ੍ਹਾਂ, ਅੱਜ ਵੀ ਯਹੋਵਾਹ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਪਰ ਬਚਣ ਵਾਲੇ ਜ਼ਰੂਰ ਹੋਣਗੇ—‘ਹਰੇਕ ਕੌਮ ਵਿੱਚੋਂ ਇਕ ਵੱਡੀ ਭੀੜ।’ (ਪਰਕਾਸ਼ ਦੀ ਪੋਥੀ 7:9) ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਸਕਦੇ ਹੋ, ਪਰ ਸਿਰਫ਼ ਤਾਂ ਹੀ, ਜੇਕਰ ਤੁਸੀਂ ਯਹੋਵਾਹ, ਧਾਰਮਿਕਤਾ, ਅਤੇ ਮਸਕੀਨੀ ਨੂੰ ਭਾਲਦੇ ਰਹੋਗੇ।

ਗ਼ਲਤੀ ਕਰਨ ਵਾਲੇ ਬੇਈਮਾਨਾਂ ਉੱਤੇ ਲਾਨ੍ਹਤ!

16. ਸਫ਼ਨਯਾਹ ਦੀ ਭਵਿੱਖਬਾਣੀ ਨੇ ਯਹੂਦਾਹ ਦੇ ਸਰਦਾਰਾਂ ਅਤੇ ਧਾਰਮਿਕ ਆਗੂਆਂ ਬਾਰੇ ਕੀ ਕਿਹਾ ਸੀ, ਅਤੇ ਇਹ ਲਫ਼ਜ਼ ਈਸਾਈ-ਜਗਤ ਉੱਤੇ ਕਿਉਂ ਲਾਗੂ ਹੁੰਦੇ ਹਨ?

16 ਸਫ਼ਨਯਾਹ ਦੀ ਭਵਿੱਖਬਾਣੀ ਇਕ ਵਾਰ ਫਿਰ ਯਹੂਦਾਹ ਅਤੇ ਯਰੂਸ਼ਲਮ ਦੀ ਗੱਲ ਕਰਦੀ ਹੈ। ਸਫ਼ਨਯਾਹ 3:1, 2 ਕਹਿੰਦਾ ਹੈ: “ਹਾਇ ਉਹ ਨੂੰ ਜੋ ਆਕੀ ਅਤੇ ਪਲੀਤ ਹੈ, ਉਸ ਅਨ੍ਹੇਰ ਕਰਨ ਵਾਲੇ ਸ਼ਹਿਰ ਨੂੰ! ਉਸ ਨੇ ਅਵਾਜ਼ ਨਹੀਂ ਸੁਣੀ, ਨਾ ਸਿੱਖਿਆ ਮੰਨੀ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਆਪਣੇ ਪਰਮੇਸ਼ੁਰ ਦੇ ਨੇੜੇ ਆਇਆ।” ਯਹੋਵਾਹ ਨੇ ਆਪਣੇ ਲੋਕਾਂ ਨੂੰ ਸੁਧਾਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ। ਪਰ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੱਤਾ! ਉਸ ਨੇ ਸਰਦਾਰਾਂ, ਪਤਵੰਤਿਆਂ, ਅਤੇ ਨਿਆਂਕਾਰਾਂ ਵੱਲੋਂ ਕੀਤੀ ਗਈ ਬੇਰਹਿਮੀ ਉੱਤੇ ਸੋਗ ਕੀਤਾ। ਨਾਲੇ ਸਫ਼ਨਯਾਹ ਨੇ ਧਾਰਮਿਕ ਆਗੂਆਂ ਦੀ ਬੇਸ਼ਰਮੀ ਦੀ ਵੀ ਇਸ ਤਰ੍ਹਾਂ ਨਿੰਦਿਆ ਕੀਤੀ: “ਉਸ ਦੇ ਨਬੀ ਛਲੀਏ ਅਰ ਬੇਈਮਾਨ ਹਨ, ਉਸ ਦੇ ਜਾਜਕਾਂ ਨੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਹੈ, ਅਤੇ ਬਿਵਸਥਾ ਨੂੰ ਮਰੋੜਿਆ ਹੈ!” (ਸਫ਼ਨਯਾਹ 3:3, 4) ਇਹ ਲਫ਼ਜ਼ ਅੱਜ ਈਸਾਈ-ਜਗਤ ਦੇ ਨਬੀਆਂ ਅਤੇ ਪਾਦਰੀਆਂ ਉੱਤੇ ਕਿੰਨੀ ਚੰਗੀ ਤਰ੍ਹਾਂ ਲਾਗੂ ਹੁੰਦੇ ਹਨ! ਗੁਸਤਾਖ਼ੀ ਨਾਲ ਉਨ੍ਹਾਂ ਨੇ ਆਪਣੇ ਬਾਈਬਲ ਦੇ ਤਰਜਮਿਆਂ ਵਿੱਚੋਂ ਪਰਮੇਸ਼ੁਰ ਦੇ ਨਾਂ ਨੂੰ ਹੀ ਮਿਟਾ ਦਿੱਤਾ ਹੈ। ਉਨ੍ਹਾਂ ਨੇ ਅਜਿਹੀਆਂ ਸਿੱਖਿਆਵਾਂ ਸਿਖਾਈਆਂ ਹਨ ਜੋ ਪਰਮੇਸ਼ੁਰ ਨੂੰ ਗ਼ਲਤ ਰੂਪ ਵਿਚ ਪੇਸ਼ ਕਰਦੀਆਂ ਹਨ ਜਿਸ ਦੀ ਉਹ ਸੇਵਾ ਕਰਨ ਦਾ ਦਾਅਵਾ ਕਰਦੇ ਹਨ।

17. ਲੋਕ ਭਾਵੇਂ ਸੁਣਨ ਜਾਂ ਨਾ ਸੁਣਨ, ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

17 ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਲੋਕਾਂ ਦਾ ਲਿਹਾਜ਼ ਕਰ ਕੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨੇ ਕੀ ਕਰਨਾ ਸੀ। ਉਸ ਨੇ ਆਪਣੇ ਨਬੀਆਂ, ਸਫ਼ਨਯਾਹ, ਯਿਰਮਿਯਾਹ, ਅਤੇ ਹੋਰ ਕਈਆਂ ਨੂੰ ਭੇਜਿਆ, ਤਾਂਕਿ ਲੋਕ ਆਪਣੇ ਪਾਪਾਂ ਤੋਂ ਤੋਬਾ ਕਰ ਸਕਣ। ਜੀ ਹਾਂ, “ਯਹੋਵਾਹ . . . ਬਦੀ ਨਹੀਂ ਕਰਦਾ, ਹਰ ਸਵੇਰ ਉਹ ਆਪਣਾ ਨਿਆਉਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ।” ਇਸ ਦਾ ਨਤੀਜਾ ਕੀ ਨਿਕਲਿਆ ਸੀ? ਸਫ਼ਨਯਾਹ ਕਹਿੰਦਾ ਹੈ: “ਪਰ ਬੁਰਿਆਰ ਸ਼ਰਮ ਨੂੰ ਨਹੀਂ ਜਾਣਦਾ।” (ਸਫ਼ਨਯਾਹ 3:5) ਅੱਜ ਵੀ ਇਸੇ ਤਰ੍ਹਾਂ ਦੀ ਇਕ ਚੇਤਾਵਨੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਜੇ ਤੁਸੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਹੋ, ਤਾਂ ਤੁਸੀਂ ਇਹ ਚੇਤਾਵਨੀ ਦੇਣ ਦੇ ਕੰਮ ਵਿਚ ਹਿੱਸਾ ਲੈ ਰਹੇ ਹੋ। ਇਸ ਲਈ ਤੁਸੀਂ ਬਿਨਾਂ ਰੁਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਜਾਓ! ਲੋਕ ਭਾਵੇਂ ਸੁਣਨ ਜਾਂ ਨਾ ਸੁਣਨ, ਜਦੋਂ ਤਕ ਤੁਸੀਂ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਰਹਿੰਦੇ ਹੋ, ਪਰਮੇਸ਼ੁਰ ਤੁਹਾਡੀ ਸੇਵਕਾਈ ਦੀ ਬਹੁਤ ਕਦਰ ਕਰਦਾ ਹੈ। ਜੋਸ਼ ਨਾਲ ਪਰਮੇਸ਼ੁਰ ਦਾ ਕੰਮ ਕਰਦੇ ਹੋਏ ਤੁਹਾਨੂੰ ਸ਼ਰਮਿੰਦੇ ਹੋਣ ਦੀ ਕੋਈ ਲੋੜ ਨਹੀਂ।

18. ਸਫ਼ਨਯਾਹ 3:6 ਕਿਸ ਤਰ੍ਹਾਂ ਪੂਰਾ ਹੋਵੇਗਾ?

18 ਯਹੋਵਾਹ ਸਿਰਫ਼ ਈਸਾਈ-ਜਗਤ ਨੂੰ ਹੀ ਖ਼ਤਮ ਨਹੀਂ ਕਰੇਗਾ। ਯਹੋਵਾਹ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਚੇਤਾਵਨੀ ਦਿੰਦਾ ਹੈ: “ਮੈਂ ਕੌਮਾਂ ਨੂੰ ਕੱਟ ਸੁੱਟਿਆ, ਓਹਨਾਂ ਦੇ ਕੋਨਿਆਂ ਦੇ ਬੁਰਜ ਵਿਰਾਨ ਹਨ, ਮੈਂ ਓਹਨਾਂ ਦੀਆਂ ਗਲੀਆਂ ਨੂੰ ਬਰਬਾਦ ਕੀਤਾ, ਸੋ ਕੋਈ ਨਹੀਂ ਲੰਘਦਾ, ਓਹਨਾਂ ਦੇ ਸ਼ਹਿਰ ਨਾਸ ਹੋਏ।” (ਸਫ਼ਨਯਾਹ 3:6) ਤਬਾਹੀ ਬਾਰੇ ਯਹੋਵਾਹ ਦੇ ਕਹੇ ਗਏ ਇਹ ਸ਼ਬਦ ਇੰਨੇ ਭਰੋਸੇਯੋਗ ਹਨ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਕਿਹਾ ਗਿਆ ਹੈ ਜਿਵੇਂ ਤਬਾਹੀ ਪਹਿਲਾਂ ਹੀ ਹੋ ਚੁੱਕੀ ਹੋਵੇ। ਮੋਆਬ, ਅੰਮੋਨ, ਅਤੇ ਫਲਿਸਤੀਨ ਸ਼ਹਿਰਾਂ ਦਾ ਕੀ ਬਣਿਆ ਸੀ? ਅਤੇ ਅੱਸ਼ੂਰ ਦੀ ਰਾਜਧਾਨੀ, ਨੀਨਵਾਹ ਬਾਰੇ ਕੀ? ਉਨ੍ਹਾਂ ਦੀ ਤਬਾਹੀ ਅੱਜ ਕੌਮਾਂ ਲਈ ਇਕ ਚੇਤਾਵਨੀ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੂੰ ਕੋਈ ਵੀ ਮੂਰਖ ਨਹੀਂ ਬਣਾ ਸਕਦਾ।

ਯਹੋਵਾਹ ਦੀ ਭਾਲ ਕਰਦੇ ਰਹੋ

19. ਅਸੀਂ ਕਿਹੜੇ ਜ਼ਰੂਰੀ ਸਵਾਲ ਪੁੱਛ ਸਕਦੇ ਹਾਂ?

19 ਸਫ਼ਨਯਾਹ ਦੇ ਜ਼ਮਾਨੇ ਵਿਚ, ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਦੁਸ਼ਟ ਲੋਕਾਂ ਉੱਤੇ ਆਇਆ ਸੀ ਜੋ ‘ਆਪਣੇ ਸਾਰੇ ਕੰਮਾਂ ਨੂੰ ਵਿਗਾੜਦੇ ਸਨ।’ (ਸਫ਼ਨਯਾਹ 3:7) ਸਾਡੇ ਸਮੇਂ ਵਿਚ ਵੀ ਇਸੇ ਤਰ੍ਹਾਂ ਹੋਵੇਗਾ। ਕੀ ਤੁਸੀਂ ਸਬੂਤ ਦੇਖ ਸਕਦੇ ਹੋ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਨੇੜੇ ਹੈ? ਕੀ ਤੁਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ, ਬਾਈਬਲ ਨੂੰ ਪੜ੍ਹਨ ਦੁਆਰਾ ‘ਯਹੋਵਾਹ ਨੂੰ ਭਾਲ’ ਰਹੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਸਿਧਾਂਤਾਂ ਅਨੁਸਾਰ ਨੈਤਿਕ ਤੌਰ ਤੇ ਸਾਫ਼-ਸੁਥਰੀ ਜ਼ਿੰਦਗੀ ਜੀਉਣ ਦੁਆਰਾ ਸੱਚ-ਮੁੱਚ ‘ਧਾਰਮਿਕਤਾ ਨੂੰ ਭਾਲਦੇ’ ਹੋ? ਅਤੇ ਕੀ ਤੁਸੀਂ ਪਰਮੇਸ਼ੁਰ ਅਤੇ ਮੁਕਤੀ ਲਈ ਉਸ ਦੇ ਕੀਤੇ ਇੰਤਜ਼ਾਮਾਂ ਅਧੀਨ ਹਲੀਮੀ ਨਾਲ ਚੱਲ ਕੇ ‘ਮਸਕੀਨੀ ਨੂੰ ਭਾਲ’ ਰਹੇ ਹੋ?

20. ਸਫ਼ਨਯਾਹ ਦੀ ਭਵਿੱਖਬਾਣੀ ਦੇ ਆਖ਼ਰੀ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਉੱਤੇ ਧਿਆਨ ਦੇਵਾਂਗੇ?

20 ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ, ਧਾਰਮਿਕਤਾ, ਅਤੇ ਮਸਕੀਨੀ ਨੂੰ ਭਾਲਦੇ ਰਹੀਏ, ਤਾਂ ਹੁਣ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਵੀ ਅਸੀਂ ਨਿਹਚਾ ਦੀਆਂ ਪਰੀਖਿਆਵਾਂ ਸਹਾਰਦੇ ਹੋਏ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਾਂਗੇ। (2 ਤਿਮੋਥਿਉਸ 3:1-5; ਕਹਾਉਤਾਂ 10:22) ਪਰ ਅਸੀਂ ਸ਼ਾਇਦ ਪੁੱਛੀਏ ਕਿ ‘ਅੱਜ ਯਹੋਵਾਹ ਦੇ ਸੇਵਕਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ? ਅਤੇ ਸਫ਼ਨਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਉਨ੍ਹਾਂ ਨੂੰ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ ਜੋ ਯਹੋਵਾਹ ਦੇ ਆਉਣ ਵਾਲੇ ਕ੍ਰੋਧ ਦੇ ਦਿਨ ਵਿਚ ਲੁਕੋ ਕੇ ਰੱਖੇ ਜਾਣਗੇ?’

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਲੋਕ ਕਿਸ ਤਰ੍ਹਾਂ ‘ਯਹੋਵਾਹ ਨੂੰ ਭਾਲਦੇ’ ਹਨ?

• ‘ਧਾਰਮਿਕਤਾ ਨੂੰ ਭਾਲਣ’ ਵਿਚ ਕੀ-ਕੀ ਸ਼ਾਮਲ ਹੈ?

• ਅਸੀਂ ‘ਮਸਕੀਨੀ ਨੂੰ ਕਿਸ ਤਰ੍ਹਾਂ ਭਾਲ’ ਸਕਦੇ ਹਾਂ?

• ਸਾਨੂੰ ਯਹੋਵਾਹ, ਧਾਰਮਿਕਤਾ, ਅਤੇ ਮਸਕੀਨੀ ਨੂੰ ਕਿਉਂ ਭਾਲਦੇ ਰਹਿਣਾ ਚਾਹੀਦਾ ਹੈ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਕੀ ਤੁਸੀਂ ਬਾਈਬਲ ਸਟੱਡੀ ਅਤੇ ਦਿਲੋਂ ਪ੍ਰਾਰਥਨਾ ਕਰਨ ਦੁਆਰਾ ਯਹੋਵਾਹ ਨੂੰ ਭਾਲ ਰਹੇ ਹੋ?

[ਸਫ਼ੇ 21 ਉੱਤੇ ਤਸਵੀਰ]

ਲੋਕਾਂ ਦੀ ਵੱਡੀ ਭੀੜ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚੋਂ ਬਚ ਜਾਵੇਗੀ ਕਿਉਂਕਿ ਇਹ ਲੋਕ ਯਹੋਵਾਹ ਨੂੰ ਭਾਲਦੇ ਰਹਿੰਦੇ ਹਨ