Skip to content

Skip to table of contents

ਯਹੋਵਾਹ ਦੇ ਮੁੜ-ਬਹਾਲ ਕੀਤੇ ਗਏ ਲੋਕ ਦੁਨੀਆਂ ਭਰ ਵਿਚ ਉਸ ਦੀ ਵਡਿਆਈ ਕਰਦੇ ਹਨ

ਯਹੋਵਾਹ ਦੇ ਮੁੜ-ਬਹਾਲ ਕੀਤੇ ਗਏ ਲੋਕ ਦੁਨੀਆਂ ਭਰ ਵਿਚ ਉਸ ਦੀ ਵਡਿਆਈ ਕਰਦੇ ਹਨ

ਯਹੋਵਾਹ ਦੇ ਮੁੜ-ਬਹਾਲ ਕੀਤੇ ਗਏ ਲੋਕ ਦੁਨੀਆਂ ਭਰ ਵਿਚ ਉਸ ਦੀ ਵਡਿਆਈ ਕਰਦੇ ਹਨ

“ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ।”​—ਸਫ਼ਨਯਾਹ 3:9.

1. ਯਹੂਦਾਹ ਅਤੇ ਹੋਰ ਦੇਸ਼ਾਂ ਉੱਤੇ ਤਬਾਹੀ ਦੇ ਸੁਨੇਹੇ ਕਿਉਂ ਪੂਰੇ ਹੋਏ ਸਨ?

ਯਹੋਵਾਹ ਨੇ ਸਫ਼ਨਯਾਹ ਕੋਲੋਂ ਨਿਆਂ ਦੇ ਕਿੰਨੇ ਜ਼ਬਰਦਸਤ ਐਲਾਨ ਕਰਵਾਏ! ਤਬਾਹੀ ਦੇ ਇਹ ਸੁਨੇਹੇ ਯਹੂਦਾਹ ਅਤੇ ਉਸ ਦੀ ਰਾਜਧਾਨੀ ਯਰੂਸ਼ਲਮ ਉੱਤੇ ਪੂਰੇ ਹੋਏ ਸਨ, ਕਿਉਂਕਿ ਉੱਥੇ ਦੇ ਆਗੂ ਅਤੇ ਲੋਕ ਯਹੋਵਾਹ ਦੀ ਇੱਛਾ ਪੂਰੀ ਨਹੀਂ ਕਰ ਰਹੇ ਸਨ। ਪਰ ਫਲਿਸਤੀਨ, ਮੋਆਬ ਅਤੇ ਅੰਮੋਨ ਵਰਗੇ ਉਨ੍ਹਾਂ ਦੇ ਗੁਆਂਢ ਦੇ ਦੇਸ਼ਾਂ ਉੱਤੇ ਵੀ ਯਹੋਵਾਹ ਦਾ ਕ੍ਰੋਧ ਭੜਕਿਆ ਸੀ। ਕਿਉਂ? ਕਿਉਂਕਿ ਉਹ ਸਦੀਆਂ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਉਂਦੇ ਆਏ ਸਨ। ਇਸੇ ਕਾਰਨ ਪਰਮੇਸ਼ੁਰ ਨੇ ਉਸ ਸਮੇਂ ਦੀ ਸਭ ਤੋਂ ਵੱਡੀ ਤਾਕਤ ਅੱਸ਼ੂਰ ਦਾ ਵੀ ਨਾਮੋ-ਨਿਸ਼ਾਨ ਮਿਟਾ ਦਿੱਤਾ ਅਤੇ ਇਹ ਕਦੀ ਵੀ ਮੁੜ-ਉਸਾਰਿਆ ਨਹੀਂ ਜਾਣਾ ਸੀ।

2. ਸਫ਼ਨਯਾਹ 3:8 ਵਿਚ ਕਿਨ੍ਹਾਂ ਲੋਕਾਂ ਨਾਲ ਗੱਲ ਕੀਤੀ ਗਈ ਸੀ?

2 ਪਰ ਉਦੋਂ ਯਹੂਦਾਹ ਵਿਚ ਸਹੀ ਮਨੋਬਿਰਤੀ ਰੱਖਣ ਵਾਲੇ ਕੁਝ ਲੋਕ ਵੀ ਸਨ। ਇਨ੍ਹਾਂ ਲੋਕਾਂ ਨੇ ਬੁਰੇ ਲੋਕਾਂ ਉੱਤੇ ਪਰਮੇਸ਼ੁਰੀ ਨਿਆਂ ਆਉਣ ਦੀ ਉਡੀਕ ਕੀਤੀ ਸੀ। ਇਵੇਂ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਇਹ ਸ਼ਬਦ ਕਹੇ ਗਏ ਸਨ: “ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।”​—ਸਫ਼ਨਯਾਹ 3:8.

‘ਸਾਫ਼ ਬੁੱਲ੍ਹ’ ਕਿਨ੍ਹਾਂ ਲਈ?

3. ਸਫ਼ਨਯਾਹ ਉਮੀਦ ਦਾ ਕਿਹੜਾ ਸੁਨੇਹਾ ਦੇਣ ਲਈ ਪ੍ਰੇਰਿਆ ਗਿਆ ਸੀ?

3 ਸਫ਼ਨਯਾਹ ਨੇ ਯਹੋਵਾਹ ਵੱਲੋਂ ਆਉਣ ਵਾਲੀ ਤਬਾਹੀ ਦੇ ਸੁਨੇਹੇ ਸੁਣਾਏ ਸਨ। ਪਰ ਇਸ ਦੇ ਨਾਲ-ਨਾਲ ਪਰਮੇਸ਼ੁਰ ਨੇ ਉਸ ਨੂੰ ਇਕ ਸ਼ਾਨਦਾਰ ਉਮੀਦ ਦਾ ਸੁਨੇਹਾ ਦੇਣ ਲਈ ਵੀ ਪ੍ਰੇਰਿਆ ਸੀ। ਇਸ ਤੋਂ ਉਨ੍ਹਾਂ ਲੋਕਾਂ ਨੂੰ ਬਹੁਤ ਹੌਸਲਾ ਮਿਲਿਆ ਹੋਵੇਗਾ ਜਿਹੜੇ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਲਗਾਤਾਰ ਕਰਦੇ ਰਹੇ ਸਨ। ਜਿਵੇਂ ਸਫ਼ਨਯਾਹ 3:9 ਵਿਚ ਦਰਜ ਹੈ ਯਹੋਵਾਹ ਨੇ ਕਿਹਾ ਸੀ: “ਤਦ ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ,” ਜਾਂ ਜਿਵੇਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਕਹਿੰਦਾ ਹੈ “ਉਸ ਸਮੇਂ ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ ਕਿ ਉਹ ਪਵਿੱਤਰ ਬੋਲ ਬੋਲਣ,” ਅਤੇ “ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।”

4, 5. (ੳ) ਯਹੋਵਾਹ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਕੀ ਹੋਇਆ ਸੀ? (ਅ) ਯਹੋਵਾਹ ਦੀ ਦਇਆ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਇਆ ਸੀ ਅਤੇ ਕਿਉਂ?

4 ਪਰ ਕੁਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਪਵਿੱਤਰ ਬੋਲ ਜਾਂ ਸ਼ੁੱਧ ਬੋਲੀ ਨਹੀਂ ਦਿੱਤੀ ਗਈ ਸੀ। ਭਵਿੱਖਬਾਣੀ ਵਿਚ ਇਨ੍ਹਾਂ ਲੋਕਾਂ ਨੂੰ ਕਿਹਾ ਗਿਆ ਹੈ: “ਮੈਂ ਉਸ ਵੇਲੇ ਤੇਰੇ ਵਿੱਚੋਂ ਤੇਰੇ ਹੰਕਾਰੀ ਅਭਮਾਨੀਆਂ ਨੂੰ ਕੱਢਾਂਗਾ।” (ਸਫ਼ਨਯਾਹ 3:11) ਇਸ ਲਈ ਯਹੋਵਾਹ ਨੇ ਉਸ ਵੇਲੇ ਆਪਣੇ ਨਿਯਮਾਂ ਨੂੰ ਤੋੜਨ ਵਾਲੇ ਘਮੰਡੀ ਲੋਕਾਂ ਨੂੰ ਅਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਖ਼ਤਮ ਕਰ ਦਿੱਤਾ ਸੀ। ਪਰ ਕੁਝ ਲੋਕ ਬੱਚ ਗਏ ਸਨ। ਸਫ਼ਨਯਾਹ 3:12, 13 ਕਹਿੰਦਾ ਹੈ: “ਮੈਂ [ਯਹੋਵਾਹ] ਤੇਰੇ ਵਿੱਚ ਕੰਗਾਲ ਅਤੇ ਗਰੀਬ [ਜਾਂ ਦੀਨ ਅਤੇ ਨਿਮਰ] ਲੋਕ ਛੱਡਾਂਗਾ, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ। ਇਸਰਾਏਲ ਦਾ ਬਕੀਆ ਬਦੀ ਨਾ ਕਰੇਗਾ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।”

5 ਪੁਰਾਣੇ ਜ਼ਮਾਨੇ ਦੇ ਯਹੂਦਾਹ ਵਿਚ ਬਾਕੀ ਬਚੇ ਵਫ਼ਾਦਾਰ ਲੋਕਾਂ ਨੂੰ ਯਹੋਵਾਹ ਦੀ ਦਇਆ ਤੋਂ ਫ਼ਾਇਦਾ ਹੋਇਆ ਸੀ। ਪਰ ਕਿਉਂ? ਕਿਉਂਕਿ ਉਨ੍ਹਾਂ ਨੇ ਇਹ ਗੱਲ ਪੂਰੀ ਕੀਤੀ ਸੀ ਕਿ “ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!”​—ਸਫ਼ਨਯਾਹ 2:3.

6. ਸਫ਼ਨਯਾਹ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਕੀ ਹੋਇਆ ਸੀ?

6 ਸਫ਼ਨਯਾਹ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਪਰਮੇਸ਼ੁਰ ਨੇ ਬੇਵਫ਼ਾ ਯਹੂਦਾਹ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਬਾਬਲ ਦੁਆਰਾ ਸਜ਼ਾ ਦਿੱਤੀ। ਉਸ ਵੇਲੇ 607 ਸਾ.ਯੁ.ਪੂ. ਵਿਚ ਬਾਬਲ ਯਹੂਦਾਹ ਦੇ ਲੋਕਾਂ ਨੂੰ ਕੈਦ ਕਰ ਕੇ ਲੈ ਗਿਆ। ਪਰ ਕੁਝ ਲੋਕ ਬਚ ਗਏ ਜਿਨ੍ਹਾਂ ਵਿਚ ਯਿਰਮਿਯਾਹ ਵੀ ਸ਼ਾਮਲ ਸੀ ਅਤੇ ਕੁਝ ਲੋਕ ਕੈਦ ਵਿਚ ਰਹਿ ਕੇ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਬਣੇ ਰਹੇ। ਫਿਰ 539 ਸਾ.ਯੁ.ਪੂ. ਵਿਚ ਰਾਜਾ ਖੋਰਸ ਦੀ ਹਕੂਮਤ ਹੇਠ ਮਾਦੀ-ਫ਼ਾਰਸੀਆਂ ਨੇ ਬਾਬਲ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਉਸ ਤੋਂ ਦੋ ਕੁ ਸਾਲ ਬਾਅਦ, ਖੋਰਸ ਨੇ ਇਕ ਫ਼ਰਮਾਨ ਜਾਰੀ ਕੀਤਾ ਜਿਸ ਵਿਚ ਉਸ ਨੇ ਬਾਬਲ ਵਿਚ ਕੈਦ ਇਸਰਾਏਲੀਆਂ ਨੂੰ ਆਪਣੇ ਦੇਸ਼ ਮੁੜਨ ਦੀ ਇਜਾਜ਼ਤ ਦਿੱਤੀ। ਯਰੂਸ਼ਲਮ ਦੀ ਹੈਕਲ ਮੁੜ ਬਣਾਈ ਗਈ ਅਤੇ ਲੋਕਾਂ ਨੂੰ ਬਿਵਸਥਾ ਸਿਖਾਉਣ ਵਾਸਤੇ ਜਾਜਕ ਫਿਰ ਨਿਯੁਕਤ ਕੀਤੇ ਗਏ। (ਮਲਾਕੀ 2:7) ਇਸ ਤਰ੍ਹਾਂ, ਯਹੋਵਾਹ ਉਦੋਂ ਤਕ ਮੁੜ ਵੱਸੇ ਲੋਕਾਂ ਨੂੰ ਬਰਕਤਾਂ ਦਿੰਦਾ ਰਿਹਾ ਜਦੋਂ ਤਕ ਉਹ ਵਫ਼ਾਦਾਰ ਬਣੇ ਰਹੇ।

7, 8. ਸਫ਼ਨਯਾਹ 3:14-17 ਦੀ ਭਵਿੱਖਬਾਣੀ ਕਿਨ੍ਹਾਂ ਉੱਤੇ ਲਾਗੂ ਹੋਈ ਸੀ, ਅਤੇ ਤੁਸੀਂ ਇਸ ਤਰ੍ਹਾਂ ਜਵਾਬ ਕਿਉਂ ਦਿੰਦੇ ਹੋ?

7 ਉਨ੍ਹਾਂ ਲੋਕਾਂ ਦੇ ਸੰਬੰਧ ਵਿਚ ਜਿਨ੍ਹਾਂ ਨੇ ਮੁੜ-ਬਹਾਲੀ ਦੀ ਖ਼ੁਸ਼ੀ ਮਨਾਈ ਸੀ, ਸਫ਼ਨਯਾਹ ਨੇ ਭਵਿੱਖਬਾਣੀ ਕੀਤੀ ਕਿ “ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ, ਹੇ ਇਸਰਾਏਲ, ਨਾਰਾ ਮਾਰ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਬਾਗ ਬਾਗ ਹੋ! ਯਹੋਵਾਹ ਨੇ ਤੇਰੇ ਨਿਆਵਾਂ ਨੂੰ ਦੂਰ ਕੀਤਾ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ, ਇਸਰਾਏਲ ਦਾ ਪਾਤਸ਼ਾਹ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੀਂ। ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ, ਨਾ ਡਰੀਂ! ਹੇ ਸੀਯੋਨ, ਤੇਰੇ ਹੱਥ ਢਿੱਲੇ ਨਾ ਪੈ ਜਾਣ! ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ, ਉਹ ਆਪਣਾ ਪ੍ਰੇਮ ਤਾਜ਼ਾ ਕਰੇਗਾ, ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ।”​—ਸਫ਼ਨਯਾਹ 3:14-17.

8 ਇਨ੍ਹਾਂ ਆਇਤਾਂ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਜਾ ਰਹੀ ਸੀ ਜੋ ਬਾਬਲ ਦੀ ਕੈਦ ਵਿੱਚੋਂ ਆਜ਼ਾਦ ਹੋ ਕੇ ਆਪਣੇ ਵਤਨ ਵਾਪਸ ਪਰਤੇ ਸਨ। ਇਹ ਗੱਲ ਸਫ਼ਨਯਾਹ 3:18-20 ਨੂੰ ਪੜ੍ਹ ਕੇ ਸਪੱਸ਼ਟ ਹੁੰਦੀ ਹੈ: “ਮੈਂ ਓਹਨਾਂ ਨੂੰ ਜੋ ਮਿਥੇ ਹੋਏ ਪਰਬਾਂ ਲਈ ਤਾਂਘ ਕਰਦੇ ਹਨ, ਜੋ ਤੇਰੇ ਵਿੱਚੋਂ ਸਨ ਇਕੱਠਾ ਕਰਾਂਗਾ, ਜਿਸ ਦੇ ਉੱਤੇ ਓਲਾਹਮਾ ਇੱਕ ਭਾਰ ਸੀ। ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁਖ ਦੇਣ ਵਾਲਿਆਂ ਨਾਲ ਨਜਿੱਠਾਂਗਾ, ਮੈਂ ਲੰਙਿਆਂ ਨੂੰ ਬਚਾਵਾਂਗਾ, ਅਤੇ ਹੱਕੇ ਹੋਇਆਂ ਨੂੰ ਇਕੱਠਾ ਕਰਾਂਗਾ, ਅਤੇ ਮੈਂ ਸਾਰੀ ਧਰਤੀ ਵਿੱਚ ਓਹਨਾਂ ਦੀ ਸ਼ਰਮ ਨੂੰ ਉਸਤਤ ਅਤੇ ਜਸ ਬਣਾਵਾਂਗਾ। ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ, ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ, ਕਿਉਂ ਜੋ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ, ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ ਦੇ ਸਾਹਮਣੇ ਮੋੜ ਲਿਆਵਾਂਗਾ, ਯਹੋਵਾਹ ਕਹਿੰਦਾ ਹੈ।”

9. ਯਹੂਦਾਹ ਦੇ ਸੰਬੰਧ ਵਿਚ ਯਹੋਵਾਹ ਨੇ ਆਪਣੇ ਆਪ ਲਈ ਨਾਂ ਕਿਵੇਂ ਕਮਾਇਆ ਸੀ?

9 ਆਲੇ-ਦੁਆਲੇ ਦੀਆਂ ਕੌਮਾਂ ਦੀ ਹੈਰਾਨੀ ਦੀ ਕਲਪਨਾ ਕਰੋ ਜੋ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਸਨ! ਇਹ ਗੱਲਾਂ ਸੁਣ ਕੇ ਉਨ੍ਹਾਂ ਨੂੰ ਕਿੰਨਾ ਵੱਡਾ ਝਟਕਾ ਲੱਗਾ ਹੋਵੇਗਾ! ਸ਼ਕਤੀਸ਼ਾਲੀ ਬਾਬਲ ਨੇ ਯਹੂਦਾਹ ਦੇ ਲੋਕਾਂ ਨੂੰ ਆਪਣੇ ਗ਼ੁਲਾਮ ਬਣਾ ਲਿਆ ਸੀ। ਉਸ ਵੇਲੇ ਲੋਕਾਂ ਨੂੰ ਵਾਪਸ ਆਉਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ ਅਤੇ ਉਨ੍ਹਾਂ ਦਾ ਦੇਸ਼ ਵੀ ਉਜੜ ਚੁੱਕਾ ਸੀ। ਪਰ 70 ਸਾਲਾਂ ਬਾਅਦ ਯਹੋਵਾਹ ਦੀ ਤਾਕਤ ਨਾਲ ਇਹ ਲੋਕ ਮੁੜ ਆਪਣੇ ਦੇਸ਼ ਪਰਤ ਆਏ, ਜਦ ਕਿ ਦੁਸ਼ਮਣ ਕੌਮਾਂ ਦਾ ਅੰਤ ਨੇੜੇ ਆ ਰਿਹਾ ਸੀ। ਯਹੋਵਾਹ ਨੇ ਉਸ ਵੇਲੇ ਆਪਣੇ ਵਫ਼ਾਦਾਰ ਲੋਕਾਂ ਨੂੰ ਵਾਪਸ ਲਿਆ ਕੇ ਕਿੰਨਾ ਵੱਡਾ ਨਾਂ ਕਮਾਇਆ! ਉਸ ਨੇ ਉਨ੍ਹਾਂ ਨੂੰ ‘ਸਾਰੀਆਂ ਉੱਮਤਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਇਆ।’ ਇਹ ਮੁੜ-ਬਹਾਲੀ ਯਹੋਵਾਹ ਅਤੇ ਉਨ੍ਹਾਂ ਲੋਕਾਂ ਲਈ ਕਿੰਨੀ ਵਡਿਆਈ ਦੀ ਗੱਲ ਸੀ ਜਿਹੜੇ ਉਸ ਦੇ ਨਾਂ ਤੋਂ ਜਾਣੇ ਜਾਂਦੇ ਸਨ!

ਯਹੋਵਾਹ ਦੀ ਉਪਾਸਨਾ ਉੱਚੀ ਕੀਤੀ ਜਾਂਦੀ ਹੈ

10, 11. ਸਫ਼ਨਯਾਹ ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਕਦੋਂ ਹੋਣੀ ਸੀ, ਅਤੇ ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ?

10 ਪਹਿਲੀ ਸਦੀ ਵਿਚ ਵੀ ਇਕ ਹੋਰ ਬਹਾਲੀ ਹੋਈ ਜਦੋਂ ਯਿਸੂ ਨੇ ਸੱਚੀ ਭਗਤੀ ਲਈ ਇਸਰਾਏਲ ਦੇ ਕੁਝ ਲੋਕਾਂ ਨੂੰ ਇਕੱਠਾ ਕੀਤਾ। ਇਹ ਭਵਿੱਖ ਵਿਚ ਹੋਣ ਵਾਲੀ ਵੱਡੀ ਬਹਾਲੀ ਦੀ ਇਕ ਝਲਕ ਸੀ। ਮੀਕਾਹ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ।”​—ਮੀਕਾਹ 4:1.

11 ਇਹ ਭਵਿੱਖਬਾਣੀ ਕਦੋਂ ਪੂਰੀ ਹੋਵੇਗੀ? ਜਿਵੇਂ ਭਵਿੱਖਬਾਣੀ ਨੇ ਕਿਹਾ, “ਆਖਰੀ ਦਿਨਾਂ ਵਿਚ”—ਜੀ ਹਾਂ, “ਅੰਤ ਦਿਆਂ ਦਿਨਾਂ” ਦੌਰਾਨ। (2 ਤਿਮੋਥਿਉਸ 3:1) ਇਹ ਗੱਲ ਇਸ ਦੁਨੀਆਂ ਦੇ ਅੰਤ ਤੋਂ ਪਹਿਲਾਂ ਪੂਰੀ ਹੋਵੇਗੀ ਜਦੋਂ ਕੌਮਾਂ ਝੂਠੇ ਦੇਵਤਿਆਂ ਦੀ ਪੂਜਾ ਕਰ ਰਹੀਆਂ ਹੋਣਗੀਆਂ। ਮੀਕਾਹ 4:5 ਕਹਿੰਦਾ ਹੈ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ।” ਪਰ ਸੱਚੇ ਉਪਾਸਕਾਂ ਬਾਰੇ ਕੀ? ਮੀਕਾਹ ਦੀ ਭਵਿੱਖਬਾਣੀ ਅੱਗੇ ਕਹਿੰਦੀ ਹੈ: “ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”

12. ਇਨ੍ਹਾਂ ਆਖ਼ਰੀ ਦਿਨਾਂ ਵਿਚ ਸੱਚੀ ਭਗਤੀ ਕਿਸ ਤਰ੍ਹਾਂ ਉੱਚੀ ਕੀਤੀ ਗਈ ਹੈ?

12 ਇਨ੍ਹਾਂ ਆਖ਼ਰੀ ਦਿਨਾਂ ਵਿਚ “ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ” ਹੋ ਗਿਆ ਹੈ। ਯਹੋਵਾਹ ਦੀ ਉੱਚੀ ਭਗਤੀ ਬਹਾਲ ਅਤੇ ਪੱਕੀ ਤਰ੍ਹਾਂ ਸਥਾਪਿਤ ਕੀਤੀ ਗਈ ਹੈ ਅਤੇ ਉਹ ਹੋਰ ਸਾਰਿਆਂ ਧਰਮਾਂ ਤੋਂ ਉੱਚੀ ਕੀਤੀ ਗਈ ਹੈ। ਮੀਕਾਹ ਨਬੀ ਨੇ ਇਹ ਵੀ ਕਿਹਾ ਸੀ ਕਿ “ਉੱਮਤਾਂ ਉਸ ਦੀ ਵੱਲ ਵਗਣਗੀਆਂ।” ਅਤੇ ਸੱਚੀ ਭਗਤੀ ਕਰਨ ਵਾਲੇ ਲੋਕ “ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ” ਚੱਲਣਗੇ।

13, 14. ਇਸ ਦੁਨੀਆਂ ਨੇ “ਆਖ਼ਰੀ ਦਿਨਾਂ” ਵਿਚ ਕਦੋਂ ਕਦਮ ਰੱਖਿਆ ਸੀ, ਅਤੇ ਉਸ ਸਮੇਂ ਤੋਂ ਲੈ ਕੇ ਸੱਚੀ ਭਗਤੀ ਦੇ ਸੰਬੰਧ ਵਿਚ ਕੀ ਹੁੰਦਾ ਆਇਆ ਹੈ?

13 ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਹੋ ਰਹੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਇਹ ਦੁਨੀਆਂ 1914 ਤੋਂ ਅੰਤ ਦੇ ਦਿਨਾਂ, ਜਾਂ “ਆਖ਼ਰੀ ਦਿਨਾਂ” ਵਿਚ ਕਦਮ ਰੱਖ ਚੁੱਕੀ ਹੈ। (ਮਰਕੁਸ 13:4-10) ਇਤਿਹਾਸ ਦਿਖਾਉਂਦਾ ਹੈ ਕਿ ਯਹੋਵਾਹ ਨੇ ਸੱਚੀ ਭਗਤੀ ਕਰਨ ਲਈ ਇਕ ਬਕੀਏ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਮਸਹ ਕੀਤੇ ਹੋਏ ਵਫ਼ਾਦਾਰ ਲੋਕ ਸਵਰਗ ਨੂੰ ਜਾਣ ਦੀ ਉਮੀਦ ਰੱਖਦੇ ਹਨ। ਇਸ ਤੋਂ ਬਾਅਦ, “ਇੱਕ ਵੱਡੀ ਭੀੜ” ਇਕੱਠੀ ਹੋਣੀ ਸ਼ੁਰੂ ਹੋਈ ਜੋ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਈ ਹੈ। ਇਹ ਲੋਕ ਧਰਤੀ ਉੱਤੇ ਹਮੇਸ਼ਾ ਲਈ ਜੀਉਂਦੇ ਰਹਿਣਗੇ।​—ਪਰਕਾਸ਼ ਦੀ ਪੋਥੀ 7:9.

14 ਯਹੋਵਾਹ ਦੇ ਨਾਂ ਦੀ ਗਵਾਹੀ ਦੇਣ ਵਾਲਿਆਂ ਇਨ੍ਹਾਂ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤਕ ਉਸ ਦੀ ਭਗਤੀ ਨੂੰ ਕਾਫ਼ੀ ਅੱਗੇ ਵਧਾਇਆ ਹੈ। ਇਹ ਸਭ ਉਨ੍ਹਾਂ ਨੇ ਪਰਮੇਸ਼ੁਰ ਦੀ ਛਤਰ-ਛਾਇਆ ਹੇਠ ਕੀਤਾ ਹੈ। ਦੇਖਿਆ ਜਾਵੇ ਤਾਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਭਗਤਾਂ ਦੀ ਗਿਣਤੀ ਕੁਝ ਕੁ ਹਜ਼ਾਰ ਹੀ ਸੀ। ਪਰ ਹੁਣ ਇਹ ਗਿਣਤੀ ਵੱਧ ਕੇ 60 ਲੱਖ ਤਕ ਪਹੁੰਚ ਚੁੱਕੀ ਹੈ। ਇਹ ਲੋਕ 235 ਦੇਸ਼ਾਂ ਵਿਚ 91,000 ਕਲੀਸਿਯਾਵਾਂ ਵਿਚ ਇਕੱਠੇ ਹੁੰਦੇ ਹਨ। ਹਰ ਸਾਲ ਇਹ ਲੋਕ ਯਹੋਵਾਹ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਇਕ ਅਰਬ ਤੋਂ ਵੀ ਜ਼ਿਆਦਾ ਘੰਟੇ ਬਿਤਾਉਂਦੇ ਹਨ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦੇ ਗਵਾਹ ਹੀ ਯਿਸੂ ਦੀ ਭਵਿੱਖਬਾਣੀ ਪੂਰੀ ਕਰ ਰਹੇ ਹਨ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”​—ਮੱਤੀ 24:14.

15. ਸਫ਼ਨਯਾਹ 2:3 ਹੁਣ ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ?

15ਸਫ਼ਨਯਾਹ 3:17 ਦੱਸਦਾ ਹੈ: “ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ।” ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦੇ ਸੇਵਕ ਅਧਿਆਤਮਿਕ ਬਰਕਤਾਂ ਦਾ ਆਨੰਦ ਮਾਣ ਰਹੇ ਹਨ। ਇਸ ਦਾ ਕਾਰਨ ਹੈ ਕਿ ਯਹੋਵਾਹ ਉਨ੍ਹਾਂ ਦੇ ਸ਼ਕਤੀਸ਼ਾਲੀ ਪਰਮੇਸ਼ੁਰ ਵਜੋਂ ‘ਉਨ੍ਹਾਂ ਦੇ ਵਿਚ ਹੈ’ ਜਿੱਦਾਂ ਉਹ 537 ਸਾ.ਯੁ.ਪੂ. ਵਿਚ ਪੁਰਾਣੇ ਯਹੂਦਾਹ ਦੀ ਮੁੜ-ਬਹਾਲੀ ਦੇ ਸਮੇਂ ਸੀ। ਇਸ ਲਈ ਅਸੀਂ ਹੁਣ ਦੇਖ ਸਕਦੇ ਹਾਂ ਕਿ ਸਾਡੇ ਸਮੇਂ ਵਿਚ ਸਫ਼ਨਯਾਹ 2:3 ਦੀ ਭਵਿੱਖਬਾਣੀ ਵੱਡੇ ਪੈਮਾਨੇ ਤੇ ਪੂਰੀ ਹੋ ਰਹੀ ਹੈ ਕਿ “ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ।” (ਟੇਢੇ ਟਾਈਪ ਸਾਡੇ।) ਇਸ ਆਇਤ ਵਿਚ ਸ਼ਬਦ “ਸਾਰੇ” ਉਨ੍ਹਾਂ ਯਹੂਦੀ ਲੋਕਾਂ ਲਈ ਵਰਤਿਆ ਗਿਆ ਸੀ ਜਿਹੜੇ 537 ਸਾ.ਯੁ.ਪੂ. ਵਿਚ ਬਾਬਲ ਦੀ ਗ਼ੁਲਾਮੀ ਵਿੱਚੋਂ ਨਿਕਲ ਕੇ ਆਏ ਸਨ। ਪਰ ਅੱਜ ਇਹ ਸ਼ਬਦ ਧਰਤੀ ਦੀਆਂ ਸਾਰੀਆਂ ਕੌਮਾਂ ਦੇ ਮਸਕੀਨ ਲੋਕਾਂ ਨੂੰ ਦਰਸਾਉਂਦਾ ਹੈ ਜੋ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਨੂੰ ਸੁਣਦੇ ਹਨ ਤੇ ‘ਯਹੋਵਾਹ ਦੇ ਭਵਨ ਦੇ ਪਰਬਤ’ ਤੇ ਚੜ੍ਹਦੇ ਹਨ।

ਸੱਚੀ ਉਪਾਸਨਾ ਵਧਦੀ ਹੈ

16. ਯਹੋਵਾਹ ਦੇ ਲੋਕਾਂ ਦੇ ਵਾਧੇ ਨੂੰ ਦੇਖ ਕੇ ਅੱਜ ਉਨ੍ਹਾਂ ਦੇ ਵਿਰੋਧੀ ਕੀ ਸੋਚਦੇ ਹਨ?

16 ਸਾਲ 537 ਸਾ.ਯੁ.ਪੂ. ਤੋਂ ਬਾਅਦ, ਜਦੋਂ ਪਰਮੇਸ਼ੁਰ ਦੇ ਲੋਕ ਆਪਣੇ ਦੇਸ਼ ਵਾਪਸ ਆ ਕੇ ਫਿਰ ਤੋਂ ਸੱਚੀ ਭਗਤੀ ਕਰਨ ਲੱਗ ਪਏ ਸਨ, ਤਾਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਬੜੀ ਹੈਰਾਨੀ ਹੋਈ। ਪਰ ਉਸ ਵੇਲੇ ਇਹ ਬਹਾਲੀ ਛੋਟੇ ਪੱਧਰ ਤੇ ਹੋਈ ਸੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅੱਜ ਵੀ ਯਹੋਵਾਹ ਦੇ ਲੋਕਾਂ ਦੇ ਵਿਰੋਧੀ ਕੀ ਕਹਿ ਰਹੇ ਹਨ? ਉਹ ਯਹੋਵਾਹ ਦੇ ਸੇਵਕਾਂ ਵਿਚ ਹੋ ਰਹੇ ਹੈਰਾਨੀਜਨਕ ਵਾਧੇ ਨੂੰ ਦੇਖ ਕੇ, ਉਨ੍ਹਾਂ ਨੂੰ ਬਰਕਤਾਂ ਦਾ ਆਨੰਦ ਲੈਂਦੇ ਦੇਖ ਕੇ, ਅਤੇ ਉਨ੍ਹਾਂ ਦੇ ਕੰਮ ਨੂੰ ਤੇਜ਼ੀ ਨਾਲ ਵਧਦਾ ਦੇਖ ਕੇ ਬੜੇ ਹੈਰਾਨ ਹੁੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਵਿਰੋਧੀ ਉਨ੍ਹਾਂ ਫ਼ਰੀਸੀਆਂ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਜਿਨ੍ਹਾਂ ਨੇ ਯਿਸੂ ਪਿੱਛੇ ਭੀੜਾਂ ਦੀਆਂ ਭੀੜਾਂ ਜਾਂਦੀਆਂ ਦੇਖ ਕੇ ਕਿਹਾ ਸੀ: “ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!”​—ਯੂਹੰਨਾ 12:19.

17. ਇਕ ਲੇਖਕ ਨੇ ਯਹੋਵਾਹ ਦੇ ਗਵਾਹਾਂ ਬਾਰੇ ਕੀ ਕਿਹਾ ਸੀ, ਅਤੇ ਉਨ੍ਹਾਂ ਦੇ ਕੰਮ ਵਿਚ ਕਿਸ ਤਰ੍ਹਾਂ ਦਾ ਵਾਧਾ ਹੋਇਆ ਹੈ?

17 ਪ੍ਰੋਫ਼ੈਸਰ ਚਾਰਲਸ ਐੱਸ. ਬ੍ਰੇਡਨ ਨੇ ਵੀ ਆਪਣੀ ਕਿਤਾਬ ਇਹ ਵੀ ਵਿਸ਼ਵਾਸ ਕਰਦੇ ਹਨ (ਅੰਗ੍ਰੇਜ਼ੀ) ਵਿਚ ਕਿਹਾ ਸੀ: ‘ਯਹੋਵਾਹ ਦੇ ਗਵਾਹਾਂ ਨੇ ਸੱਚੀ-ਮੁੱਚੀ ਸਾਰੀ ਧਰਤੀ ਉੱਤੇ ਪ੍ਰਚਾਰ ਕੀਤਾ ਹੈ। ਸੱਚ-ਮੁੱਚ, ਇਹ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਦੇ ਹੋਰ ਕਿਸੇ ਵੀ ਧਾਰਮਿਕ ਗਰੁੱਪ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਐਨਾ ਜੋਸ਼ ਤੇ ਉਤਸ਼ਾਹ ਨਹੀਂ ਦਿਖਾਇਆ ਜਿੰਨਾ ਯਹੋਵਾਹ ਦੇ ਗਵਾਹਾਂ ਨੇ ਦਿਖਾਇਆ ਹੈ। ਉਨ੍ਹਾਂ ਦਾ ਇਹ ਕੰਮ ਹੋਰ ਵੀ ਤੇਜ਼ੀ ਨਾਲ ਅੱਗੇ ਵਧਦਾ ਜਾਵੇਗਾ।’ ਉਸ ਨੇ ਬਿਲਕੁਲ ਠੀਕ ਕਿਹਾ ਸੀ! ਇਹ ਲਫ਼ਜ਼ ਉਸ ਨੇ ਕੁਝ 50 ਸਾਲ ਪਹਿਲਾਂ ਲਿਖੇ ਸਨ ਜਦੋਂ ਦੁਨੀਆਂ ਭਰ ਵਿਚ ਯਹੋਵਾਹ ਦੇ ਸਿਰਫ਼ ਕੁਝ 3,00,000 ਗਵਾਹ ਹੀ ਪ੍ਰਚਾਰ ਕਰ ਰਹੇ ਸਨ। ਪਰ ਅੱਜ ਉਹ ਸਾਡੇ ਕੰਮ ਨੂੰ ਦੇਖ ਕੇ ਕੀ ਕਹੇਗਾ ਜਦੋਂ ਕਿ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ 20 ਗੁਣਾ ਵੱਧ ਕੇ, ਯਾਨੀ 60 ਲੱਖ ਤਕ ਪਹੁੰਚ ਚੁੱਕੀ ਹੈ?

18. ਸ਼ੁੱਧ ਬੋਲੀ ਕੀ ਹੈ ਅਤੇ ਪਰਮੇਸ਼ੁਰ ਨੇ ਇਹ ਕਿਨ੍ਹਾਂ ਨੂੰ ਦਿੱਤੀ ਹੈ?

18 ਆਪਣੇ ਨਬੀ ਰਾਹੀਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ: “ਤਦ ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ,” ਜਾਂ ਜਿਵੇਂ ਨਵਾਂ ਅਨੁਵਾਦ ਕਹਿੰਦਾ ਹੈ “ਉਸ ਸਮੇਂ ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ ਕਿ ਉਹ ਪਵਿੱਤਰ ਬੋਲ ਬੋਲਣ,” ਅਤੇ “ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।” (ਸਫ਼ਨਯਾਹ 3:9) ਇਨ੍ਹਾਂ ਅੰਤਿਮ ਦਿਨਾਂ ਵਿਚ ਯਹੋਵਾਹ ਦੇ ਗਵਾਹ ਹੀ ਯਹੋਵਾਹ ਦੇ ਨਾਮ ਨੂੰ ਪੁਕਾਰਦੇ ਹਨ ਤੇ ਪਿਆਰ ਦੇ ਰਿਸ਼ਤੇ ਵਿਚ ਬੱਜ ਕੇ ਇਕੱਠੇ ਉਸ ਦੀ ਸੇਵਾ ਕਰਦੇ ਹਨ। ਜੀ ਹਾਂ, ਉਹ “ਇਕ ਮਨ ਹੋ ਕੇ ਉਹ ਦੀ ਉਪਾਸਨਾ ਕਰਦੇ ਹਨ।” ਇਹੀ ਉਹ ਲੋਕ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਪਵਿੱਤਰ ਜਾਂ ਸ਼ੁੱਧ ਬੋਲੀ ਦਿੱਤੀ ਹੈ। ਸ਼ੁੱਧ ਬੋਲੀ ਬੋਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਸਮਝੀਏ। ਸਿਰਫ਼ ਯਹੋਵਾਹ ਹੀ ਸਾਨੂੰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਇਹ ਸਮਝ ਦਿੰਦਾ ਹੈ। (1 ਕੁਰਿੰਥੀਆਂ 2:10) ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਕਿਨ੍ਹਾਂ ਨੂੰ ਦਿੱਤੀ ਹੈ? ਉਸ ਨੇ ਸਿਰਫ਼ “ਆਪਣੇ ਮੰਨਣ ਵਾਲਿਆਂ ਨੂੰ” ਆਪਣੀ ਪਵਿੱਤਰ ਆਤਮਾ ਦਿੱਤੀ ਹੈ। (ਰਸੂਲਾਂ ਦੇ ਕਰਤੱਬ 5:32) ਸਿਰਫ਼ ਯਹੋਵਾਹ ਦੇ ਗਵਾਹ ਹੀ ਹਰ ਗੱਲ ਵਿਚ ਪਰਮੇਸ਼ੁਰ ਨੂੰ ਆਪਣੇ ਹਾਕਮ ਵਜੋਂ ਸਵੀਕਾਰ ਕਰ ਕੇ ਉਸ ਦਾ ਕਹਿਣਾ ਮੰਨਣ ਲਈ ਤਿਆਰ ਹਨ। ਇਸੇ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਅਤੇ ਸ਼ੁੱਧ ਬੋਲੀ ਅਰਥਾਤ ਯਹੋਵਾਹ ਅਤੇ ਉਸ ਦੇ ਸ਼ਾਨਦਾਰ ਮਕਸਦਾਂ ਦੀ ਸੱਚਾਈ ਹਾਸਲ ਹੋਈ ਹੈ। ਉਹ ਆਪਣੀ ਇਸ ਸ਼ੁੱਧ ਬੋਲੀ ਨੂੰ ਦੁਨੀਆਂ ਭਰ ਵਿਚ ਯਹੋਵਾਹ ਦੀ ਵਡਿਆਈ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਵਰਤਦੇ ਹਨ।

19. ਸ਼ੁੱਧ ਬੋਲੀ ਬੋਲਣ ਵਿਚ ਕੀ-ਕੀ ਸ਼ਾਮਲ ਹੈ?

19 ਸ਼ੁੱਧ ਬੋਲੀ ਬੋਲਣ ਵਿਚ ਸਿਰਫ਼ ਸੱਚਾਈ ਉੱਤੇ ਵਿਸ਼ਵਾਸ ਕਰ ਕੇ ਦੂਜਿਆਂ ਨੂੰ ਸਿਖਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਆਪਣੇ ਚਾਲ-ਚੱਲਣ ਨੂੰ ਪਰਮੇਸ਼ੁਰ ਦੇ ਕਾਇਦੇ-ਕਾਨੂੰਨਾਂ ਮੁਤਾਬਕ ਲਿਆਉਣ ਦੀ ਵੀ ਲੋੜ ਹੈ। ਮਸਹ ਕੀਤੇ ਹੋਏ ਮਸੀਹੀਆਂ ਨੇ ਯਹੋਵਾਹ ਨੂੰ ਭਾਲਣ ਅਤੇ ਸ਼ੁੱਧ ਬੋਲੀ ਬੋਲਣ ਵਿਚ ਸਾਡੇ ਲਈ ਇਕ ਮਿਸਾਲ ਕਾਇਮ ਕੀਤੀ ਹੈ। ਜ਼ਰਾ ਸੋਚੋ, ਉਨ੍ਹਾਂ ਨੇ ਕਿੰਨਾ ਕੁਝ ਕੀਤਾ ਹੈ! ਭਾਵੇਂ ਕਿ ਉਨ੍ਹਾਂ ਦੀ ਗਿਣਤੀ 8,700 ਤੋਂ ਵੀ ਘੱਟ ਗਈ ਹੈ, ਅੱਜ ਤਕਰੀਬਨ 60 ਲੱਖ ਦੂਸਰੇ ਲੋਕ ਯਹੋਵਾਹ ਨੂੰ ਭਾਲਣ ਅਤੇ ਸ਼ੁੱਧ ਬੋਲੀ ਬੋਲਣ ਵਿਚ ਉਨ੍ਹਾਂ ਦੀ ਨਕਲ ਕਰ ਰਹੇ ਹਨ। ਇਹ ਵੱਡੀ ਭੀੜ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਕੀਤੇ ਗਏ ਉਹ ਲੋਕ ਹਨ ਜੋ ਯਿਸੂ ਦੇ ਬਲੀਦਾਨ ਵਿਚ ਨਿਹਚਾ ਦਿਖਾਉਂਦੇ ਹਨ, ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਦੇ ਜ਼ਮੀਨੀ ਵਿਹੜੇ ਵਿਚ ਉਪਾਸਨਾ ਕਰਦੇ ਹਨ, ਅਤੇ ਉਹ ਇਸ ਕੁਧਰਮੀ ਦੁਨੀਆਂ ਉੱਤੇ ਜਲਦੀ ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚ ਜਾਣਗੇ।​—ਪਰਕਾਸ਼ ਦੀ ਪੋਥੀ 7:9, 14, 15.

20. ਵਫ਼ਾਦਾਰ ਮਸਹ ਕੀਤੇ ਹੋਇਆਂ ਲਈ ਅਤੇ ਵੱਡੀ ਭੀੜ ਦਿਆਂ ਲੋਕਾਂ ਲਈ ਕਿਹੜੀ ਉਮੀਦ ਹੈ?

20 ਵੱਡੀ ਭੀੜ ਨੂੰ ਪਰਮੇਸ਼ੁਰ ਦੀ ਧਰਮੀ ਨਵੀਂ ਦੁਨੀਆਂ ਵਿਚ ਲਿਜਾਇਆ ਜਾਵੇਗਾ। (2 ਪਤਰਸ 3:13) ਯਿਸੂ ਮਸੀਹ ਅਤੇ ਸਵਰਗੀ ਜੀਵਨ ਲਈ ਜੀ ਉਠਾਏ ਗਏ 1,44,000 ਮਸਹ ਕੀਤੇ ਹੋਏ ਮਸੀਹੀ, ਰਾਜਿਆਂ ਅਤੇ ਜਾਜਕਾਂ ਵਜੋਂ ਉਸ ਨਵੀਂ ਦੁਨੀਆਂ ਉੱਤੇ ਰਾਜ ਕਰਨਗੇ। (ਰੋਮੀਆਂ 8:16, 17; ਪਰਕਾਸ਼ ਦੀ ਪੋਥੀ 7:4; 20:6) ਵੱਡੀ ਬਿਪਤਾ ਤੋਂ ਬਚੇ ਹੋਏ ਲੋਕ ਧਰਤੀ ਨੂੰ ਫਿਰਦੌਸ ਬਣਾਉਣਾ ਸ਼ੁਰੂ ਕਰਨਗੇ ਤੇ ਪਰਮੇਸ਼ੁਰ ਵੱਲੋਂ ਸ਼ੁੱਧ ਬੋਲੀ ਬੋਲਦੇ ਰਹਿਣਗੇ। ਉਨ੍ਹਾਂ ਉੱਤੇ ਇਹ ਸ਼ਬਦ ਲਾਗੂ ਹੁੰਦੇ ਹਨ: “ਤੇਰੇ ਸਾਰੇ ਪੁੱਤ੍ਰ [ਅਤੇ ਧੀਆਂ ਵੀ] ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ। ਤੂੰ ਧਰਮ ਵਿੱਚ ਕਾਇਮ ਰਹੇਂਗੀ।”​—ਯਸਾਯਾਹ 54:13, 14.

ਇਤਿਹਾਸ ਵਿਚ ਸਿਖਲਾਈ ਦੇਣ ਦਾ ਸਭ ਤੋਂ ਮਹਾਨ ਕੰਮ

21, 22. (ੳ) ਜਿਵੇਂ ਰਸੂਲਾਂ ਦੇ ਕਰਤੱਬ 24:15 ਵਿਚ ਕਿਹਾ ਗਿਆ ਹੈ, ਕਿਨ੍ਹਾਂ ਨੂੰ ਸ਼ੁੱਧ ਬੋਲੀ ਸਿਖਾਉਣ ਦੀ ਲੋੜ ਪਵੇਗੀ? (ਅ) ਯਿਸੂ ਮਸੀਹ ਦੀ ਹਕੂਮਤ ਹੇਠ ਸਿੱਖਿਆ ਦੇਣ ਦਾ ਕਿਹੜਾ ਵੱਡਾ ਕੰਮ ਕੀਤਾ ਜਾਵੇਗਾ?

21 ਉਸ ਨਵੀਂ ਦੁਨੀਆਂ ਵਿਚ ਹੋਰ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਸ਼ੁੱਧ ਬੋਲੀ ਸਿੱਖਣ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਲੋਕਾਂ ਬਾਰੇ ਰਸੂਲਾਂ ਦੇ ਕਰਤੱਬ 24:15 ਵਿਚ ਲਿਖਿਆ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” ਬੀਤੇ ਸਮੇਂ ਵਿਚ ਅਰਬਾਂ ਹੀ ਲੋਕ ਯਹੋਵਾਹ ਬਾਰੇ ਸੱਚਾ ਗਿਆਨ ਲੈਣ ਤੋਂ ਪਹਿਲਾਂ ਹੀ ਮਰ ਚੁੱਕੇ ਹਨ। ਯਹੋਵਾਹ ਉਨ੍ਹਾਂ ਨੂੰ ਵਾਰੋ-ਵਾਰੀ ਮੁੜ ਜ਼ਿੰਦਾ ਕਰੇਗਾ। ਅਤੇ ਉਨ੍ਹਾਂ ਸਾਰਿਆਂ ਨੂੰ ਸ਼ੁੱਧ ਬੋਲੀ ਸਿੱਖਣੀ ਪਵੇਗੀ।

22 ਸਿਖਾਉਣ ਦੇ ਉਸ ਵੱਡੇ ਕੰਮ ਵਿਚ ਹਿੱਸਾ ਲੈਣਾ ਕਿੰਨਾ ਹੀ ਵੱਡਾ ਸਨਮਾਨ ਹੋਵੇਗਾ! ਇਹ ਮਨੁੱਖੀ ਇਤਿਹਾਸ ਵਿਚ ਸਿੱਖਿਆ ਦੇਣ ਦਾ ਸਭ ਤੋਂ ਮਹਾਨ ਪ੍ਰੋਗ੍ਰਾਮ ਹੋਵੇਗਾ ਜਿਸ ਨੂੰ ਯਿਸੂ ਮਸੀਹ ਦੀ ਦਿਆਲੂ ਹਕੂਮਤ ਹੇਠ ਚਲਾਇਆ ਜਾਵੇਗਾ। ਸਮੇਂ ਦੇ ਬੀਤਣ ਨਾਲ ਸਾਰੇ ਇਨਸਾਨ ਯਸਾਯਾਹ 11:9 ਦੀ ਪੂਰਤੀ ਹੁੰਦੀ ਦੇਖਣਗੇ ਕਿ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”

23. ਯਹੋਵਾਹ ਦੇ ਲੋਕ ਹੋਣਾ ਇਕ ਵੱਡਾ ਸਨਮਾਨ ਕਿਉਂ ਹੈ?

23 ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਹੁਣ ਤੋਂ ਹੀ ਆਉਣ ਵਾਲੇ ਸ਼ਾਨਦਾਰ ਸਮੇਂ ਲਈ ਤਿਆਰ ਹੋ ਰਹੇ ਹਾਂ ਜਦੋਂ ਪੂਰੀ ਧਰਤੀ ਯਹੋਵਾਹ ਦੇ ਗਿਆਨ ਨਾਲ ਸੱਚ-ਮੁੱਚ ਭਰ ਜਾਵੇਗੀ! ਇਸ ਤੋਂ ਇਲਾਵਾ, ਸਾਡੇ ਕੋਲ ਇਹ ਵੀ ਇਕ ਵੱਡਾ ਸਨਮਾਨ ਹੈ ਕਿ ਅਸੀਂ ਹੁਣ ਯਹੋਵਾਹ ਦੇ ਲੋਕਾਂ ਵਿਚਕਾਰ ਹਾਂ, ਅਤੇ ਸਫ਼ਨਯਾਹ 3:20 ਦੀ ਪੂਰਤੀ ਹੁੰਦੀ ਦੇਖ ਰਹੇ ਹਾਂ। ਇਸ ਆਇਤ ਵਿਚ ਯਹੋਵਾਹ ਕਹਿੰਦਾ ਹੈ: “ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ।”

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਬਹਾਲੀ ਬਾਰੇ ਸਫ਼ਨਯਾਹ ਦੀ ਭਵਿੱਖਬਾਣੀ ਕਿਨ੍ਹਾਂ ਤਰੀਕਿਆਂ ਵਿਚ ਪੂਰੀ ਹੋਈ ਹੈ?

• ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸੱਚੀ ਭਗਤੀ ਵਿਚ ਕਿਸ ਤਰ੍ਹਾਂ ਵਾਧਾ ਹੋਇਆ ਹੈ?

• ਨਵੀਂ ਦੁਨੀਆਂ ਵਿਚ ਸਿਖਲਾਈ ਦਾ ਕਿਹੜਾ ਮਹਾਨ ਕੰਮ ਕੀਤਾ ਜਾਵੇਗਾ?

[ਸਵਾਲ]

[ਸਫ਼ੇ 25 ਉੱਤੇ ਤਸਵੀਰ]

ਯਹੋਵਾਹ ਦੇ ਲੋਕ ਸੱਚੀ ਭਗਤੀ ਨੂੰ ਮੁੜ ਸਥਾਪਿਤ ਕਰਨ ਲਈ ਆਪਣੇ ਦੇਸ਼ ਵਾਪਸ ਗਏ ਸਨ, ਕੀ ਤੁਹਾਨੂੰ ਸਾਡੇ ਦਿਨਾਂ ਵਿਚ ਇਸ ਦੀ ਮਹੱਤਤਾ ਬਾਰੇ ਪਤਾ ਹੈ?

[ਸਫ਼ੇ 26 ਉੱਤੇ ਤਸਵੀਰਾਂ]

ਯਹੋਵਾਹ ਦੇ ਗਵਾਹ ‘ਸ਼ੁੱਧ ਬੋਲੀ’ ਬੋਲ ਕੇ ਲੋਕਾਂ ਨੂੰ ਬਾਈਬਲ ਤੋਂ ਦਿਲਾਸਾ ਦਿੰਦੇ ਹਨ