Skip to content

Skip to table of contents

ਕੀ ਤੁਸੀਂ ਵਾਕਈ ਖ਼ੁਸ਼ ਹੋ ਸਕਦੇ ਹੋ?

ਕੀ ਤੁਸੀਂ ਵਾਕਈ ਖ਼ੁਸ਼ ਹੋ ਸਕਦੇ ਹੋ?

ਕੀ ਤੁਸੀਂ ਵਾਕਈ ਖ਼ੁਸ਼ ਹੋ ਸਕਦੇ ਹੋ?

ਜੋਰਜ ਸਾਰਿਆਂ ਨੂੰ ਖਿੜੇ ਮੱਥੇ ਮਿਲਦਾ ਸੀ। ਉਹ ਜ਼ਿੰਦਗੀ ਨੂੰ ਇਕ ਬਹੁਮੁੱਲਾ ਤੋਹਫ਼ਾ ਸਮਝਦਾ ਸੀ ਜਿਸ ਦਾ ਮਜ਼ਾ ਲਿਆ ਜਾਣਾ ਚਾਹੀਦਾ ਹੈ। ਖ਼ੁਸ਼ ਰਹਿਣਾ ਤੇ ਉਮੀਦ ਰੱਖਣੀ ਉਸ ਦੀ ਸ਼ਖ਼ਸੀਅਤ ਦੀ ਖ਼ਾਸੀਅਤ ਸਨ। ਇੱਥੋਂ ਤਕ ਕਿ ਬੁਢਾਪੇ ਵਿਚ ਵੀ ਉਸ ਦੀ ਖ਼ੁਸ਼ੀ ਨਹੀਂ ਘਟੀ। ਆਪਣੀ ਮੌਤ ਤਕ ਉਹ ਇਕ ਖ਼ੁਸ਼-ਮਿਜ਼ਾਜ ਸ਼ਖ਼ਸ ਵਜੋਂ ਜਾਣਿਆ ਜਾਂਦਾ ਸੀ। ਕੀ ਤੁਸੀਂ ਵੀ ਜੋਰਜ ਵਾਂਗ ਖ਼ੁਸ਼ ਰਹਿੰਦੇ ਹੋ? ਕੀ ਤੁਸੀਂ ਹਰ ਨਵੇਂ ਦਿਨ ਨੂੰ ਇਕ ਤੋਹਫ਼ਾ ਸਮਝਦੇ ਹੋ ਜਿਸ ਦਾ ਮਜ਼ਾ ਲਿਆ ਜਾਣਾ ਚਾਹੀਦਾ ਹੈ? ਜਾਂ ਕੀ ਨਵਾਂ ਦਿਨ ਸ਼ੁਰੂ ਹੁੰਦੇ ਹੀ ਤੁਸੀਂ ਉਦਾਸ ਜਾਂ ਫ਼ਿਕਰਮੰਦ ਹੋ ਜਾਂਦੇ ਹੋ? ਕੀ ਕੋਈ ਗੱਲ ਤੁਹਾਨੂੰ ਖ਼ੁਸ਼ ਰਹਿਣ ਤੋਂ ਰੋਕ ਰਹੀ ਹੈ?

ਖ਼ੁਸ਼ੀ ਦੀ ਪਰਿਭਾਸ਼ਾ ਇੰਜ ਦਿੱਤੀ ਗਈ ਹੈ: ਅਜਿਹੀ ਸੁੱਖ-ਸ਼ਾਂਤੀ ਦੀ ਹਾਲਤ ਜੋ ਆਮ ਤੌਰ ਤੇ ਹਮੇਸ਼ਾ ਕਾਇਮ ਰਹਿੰਦੀ ਹੈ। ਖ਼ੁਸ਼ ਰਹਿਣ ਵਾਲਾ ਇਨਸਾਨ ਹਮੇਸ਼ਾ ਸੰਤੁਸ਼ਟ ਹੁੰਦਾ ਹੈ ਤੇ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦਾ ਹੈ। ਉਸ ਦੀ ਇਹ ਕੁਦਰਤੀ ਇੱਛਾ ਹੁੰਦੀ ਹੈ ਕਿ ਉਸ ਦੀ ਸੁੱਖ-ਸ਼ਾਂਤੀ ਹਮੇਸ਼ਾ ਕਾਇਮ ਰਹੇ। ਕੀ ਇਸ ਤਰ੍ਹਾਂ ਦੀ ਖ਼ੁਸ਼ੀ ਮਿਲ ਸਕਦੀ ਹੈ?

ਅੱਜ ਸਮਾਜ ਇਸ ਗੱਲ ਨੂੰ ਹੱਲਾ-ਸ਼ੇਰੀ ਦਿੰਦਾ ਹੈ ਕਿ ਲੋਕ ਤਾਂ ਹੀ ਖ਼ੁਸ਼ ਰਹਿ ਸਕਦੇ ਹਨ ਜੇ ਉਨ੍ਹਾਂ ਕੋਲ ਕਾਫ਼ੀ ਧਨ-ਦੌਲਤ ਹੋਵੇ। ਕਰੋੜਾਂ ਲੋਕ ਫਟਾਫਟ ਅਮੀਰ ਬਣਨ ਲਈ ਲਗਾਤਾਰ ਹੱਥ-ਪੈਰ ਮਾਰਦੇ ਰਹਿੰਦੇ ਹਨ। ਧਨ-ਦੌਲਤ ਲਈ ਕਈ ਲੋਕ ਆਪਣੇ ਰਿਸ਼ਤੇ-ਨਾਤੇ ਤੇ ਜ਼ਿੰਦਗੀ ਦੀਆਂ ਹੋਰ ਕਈ ਅਹਿਮ ਚੀਜ਼ਾਂ ਨੂੰ ਕੁਰਬਾਨ ਕਰ ਦਿੰਦੇ ਹਨ। ਭੌਣ ਉੱਤੇ ਕੀੜੀਆਂ ਵਾਂਗ ਉਹ ਬਸ ਇੱਧਰ-ਉੱਧਰ ਭੱਜਦੇ-ਫਿਰਦੇ ਰਹਿੰਦੇ ਹਨ ਜਿਸ ਕਰਕੇ ਨਾ ਤਾਂ ਉਨ੍ਹਾਂ ਕੋਲ ਇਹ ਸੋਚਣ ਲਈ ਸਮਾਂ ਹੈ ਕਿ ਉਹ ਕੀ ਕਰ ਰਹੇ ਹਨ ਤੇ ਨਾ ਹੀ ਉਨ੍ਹਾਂ ਕੋਲ ਇਕ-ਦੂਜੇ ਨਾਲ ਗੱਲ ਕਰਨ ਦਾ ਵਿਹਲ ਹੈ। ਇਸ ਲਈ, ਲਾਸ ਏਂਜਲਜ਼ ਰਿਪੋਰਟ ਕਹਿੰਦੀ ਹੈ: “ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਤੇ ਲੋਕ ਛੋਟੀ ਉਮਰੇ ਹੀ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ। . . . ਇਸੇ ਕਰਕੇ ਡਿਪਰੈਸ਼ਨ ਘਟਾਉਣ ਵਾਲੀਆਂ ਦਵਾਈਆਂ ਧੜਾਧੜ ਵਿੱਕ ਰਹੀਆਂ ਹਨ।” ਕਰੋੜਾਂ ਲੋਕ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਖਾਂਦੇ ਹਨ ਜਾਂ ਸ਼ਰਾਬ ਦੀ ਬੋਤਲ ਵਿਚ ਆਪਣੀਆਂ ਸਮੱਸਿਆਵਾਂ ਦਾ ਹੱਲ ਭਾਲਦੇ ਹਨ। ਕੁਝ ਲੋਕ ਨਿਰਾਸ਼ ਹੋਣ ਤੇ ਐਵੇਂ ਹੀ ਚੀਜ਼ਾਂ ਖ਼ਰੀਦਣ ਤੇ ਕਾਫ਼ੀ ਪੈਸਾ ਖ਼ਰਚ ਕਰਦੇ ਹਨ। ਇਕ ਸਰਵੇਖਣ ਮੁਤਾਬਕ ਬ੍ਰਿਟਿਸ਼ ਅਖ਼ਬਾਰ ਦ ਗਾਰਡੀਅਨ ਕਹਿੰਦੀ ਹੈ ਕਿ “ਜਦੋਂ ਤੀਵੀਆਂ ਨਿਰਾਸ਼ ਹੋ ਜਾਂਦੀਆਂ ਹਨ, ਤਾਂ ਉਹ ਆਪਣੀ ਇਸ ਨਿਰਾਸ਼ਾ ਨੂੰ ਘਟਾਉਣ ਲਈ ਖ਼ਰੀਦਦਾਰੀ ਕਰਨ ਚਲੀਆਂ ਜਾਂਦੀਆਂ ਹਨ। . . . ਨਿਰਾਸ਼ਾ ਦੀ ਹਾਲਤ ਵਿਚ ਉਹ ਆਦਮੀਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਖ਼ਰੀਦਦਾਰੀ ਕਰਦੀਆਂ ਹਨ।”

ਪਰ ਸੱਚੀ ਖ਼ੁਸ਼ੀ ਦੁਕਾਨਾਂ ਤੇ ਨਹੀਂ ਵਿਕਦੀ ਅਤੇ ਨਾ ਹੀ ਇਹ ਸ਼ਰਾਬ ਦੀ ਬੋਤਲ ਵਿੱਚੋਂ, ਗੋਲੀ ਖਾਣ, ਟੀਕਾ ਲਾਉਣ ਜਾਂ ਧਨ-ਦੌਲਤ ਤੋਂ ਮਿਲਦੀ ਹੈ। ਕਿਉਂਕਿ ਖ਼ੁਸ਼ੀ ਕਿਤੇ ਵੀ ਨਹੀਂ ਵਿਕਦੀ, ਇਹ ਮੁਫ਼ਤ ਮਿਲਦੀ ਹੈ। ਫਿਰ ਸਾਨੂੰ ਇਹ ਬਹੁਮੁੱਲਾ ਤੋਹਫ਼ਾ ਕਿੱਥੋਂ ਮਿਲ ਸਕਦਾ ਹੈ? ਇਹ ਅਸੀਂ ਅਗਲੇ ਲੇਖ ਵਿਚ ਦੇਖਾਂਗੇ।