Skip to content

Skip to table of contents

ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ—“ਇਕ ਵੱਧਦਾ ਹੋਇਆ ਡਾਕਟਰੀ ਰੁਝਾਨ”

ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ—“ਇਕ ਵੱਧਦਾ ਹੋਇਆ ਡਾਕਟਰੀ ਰੁਝਾਨ”

ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ​—“ਇਕ ਵੱਧਦਾ ਹੋਇਆ ਡਾਕਟਰੀ ਰੁਝਾਨ”

ਮੈਕਲੇਨਸ ਰਸਾਲੇ ਵਿਚ ਇਕ ਲੇਖ ਛਪਿਆ ਜਿਸ ਦਾ ਸਿਰਲੇਖ ਸੀ: “‘ਬਿਨਾਂ ਖ਼ੂਨ ਚੜ੍ਹਾਏ’ ਓਪਰੇਸ਼ਨ।” ਇਸ ਵਿਚ ਦੱਸਿਆ ਗਿਆ ਸੀ ਕਿ ਕੈਨੇਡਾ ਦੇ ਸਾਰੇ ਡਾਕਟਰ “ਨਵੀਆਂ-ਨਵੀਆਂ ਤਕਨੀਕਾਂ ਈਜਾਦ ਕਰ ਰਹੇ ਹਨ ਜਿਸ ਨਾਲ ਪਿਛਲੇ ਪੰਜਾਂ ਸਾਲਾਂ ਦੇ ਅੰਦਰ-ਅੰਦਰ ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ ਕਰਨ ਦਾ ਤਰੀਕਾ ਡਾਕਟਰਾਂ ਵਿਚ ਮਸ਼ਹੂਰ ਹੁੰਦਾ ਜਾ ਰਿਹਾ ਹੈ।” ਉਨ੍ਹਾਂ ਵਿੱਚੋਂ ਇਕ ਡਾਕਟਰ ਦਾ ਨਾਂ ਹੈ ਬਰਾਇਨ ਮਯੁਰਹੈੱਡ ਜੋ ਵਿਨੀਪੈੱਗ ਹੈਲਥ ਸਾਇੰਸ ਸੈਂਟਰ ਦਾ ਐਨਸਥੀਸੀਓਲੋਜਿਸਟ ਹੈ। ਕਿਹੜੀ ਗੱਲ ਨੇ ਉਸ ਨੂੰ ਬਿਨਾਂ ਖ਼ੂਨ ਚੜ੍ਹਾਏ ਇਲਾਜ ਕਰਨ ਦਾ ਤਰੀਕਾ ਲੱਭਣ ਲਈ ਉਕਸਾਇਆ?

ਸਾਲ 1986 ਦੀ ਗੱਲ ਹੈ। ਇਕ 70 ਸਾਲਾਂ ਦਾ ਵਿਅਕਤੀ ਯਹੋਵਾਹ ਦਾ ਗਵਾਹ ਸੀ ਜਿਸ ਦਾ ਅਲਸਰ ਫੱਟਣ ਕਰਕੇ ਖ਼ੂਨ ਵਹਿੰਦਾ ਰਹਿੰਦਾ ਸੀ। ਬਾਈਬਲ ਆਧਾਰਿਤ ਵਿਸ਼ਵਾਸਾਂ ਕਰਕੇ ਉਸ ਨੇ ਡਾਕਟਰ ਮਯੁਰਹੈੱਡ ਨੂੰ ਕਿਹਾ ਕਿ ਉਹ ਉਸ ਦਾ ਬਿਨਾਂ ਖ਼ੂਨ ਚੜ੍ਹਾਏ ਇਲਾਜ ਕਰੇ। (ਰਸੂਲਾਂ ਦੇ ਕਰਤੱਬ 15:28, 29) ਡਾਕਟਰ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ। ਮੈਕਲੇਨਸ ਰਸਾਲਾ ਅੱਗੇ ਦੱਸਦਾ ਹੈ ਕਿ ਡਾਕਟਰ ਮਯੁਰਹੈੱਡ ਨੇ “ਰੋਗੀ ਦੇ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣ ਲਈ ਖ਼ੂਨ ਦੀ ਥਾਂ ਉਸ ਨੂੰ ਲੂਣ ਦਾ ਘੋਲ [saline solution] ਚੜ੍ਹਾਇਆ। ਇਹ ਤਰੀਕਾ ਪਹਿਲਾਂ ਬਹੁਤ ਹੀ ਘੱਟ ਅਜ਼ਮਾਇਆ ਜਾਂਦਾ ਸੀ। ਓਪਰੇਸ਼ਨ ਕਾਮਯਾਬ ਰਿਹਾ ਤੇ ਮਯੁਰਹੈੱਡ ਨੂੰ ਹੋਰ ਵੀ ਪੱਕਾ ਵਿਸ਼ਵਾਸ ਹੋ ਗਿਆ ਕਿ ‘ਅਸੀਂ ਲੋਕਾਂ ਨੂੰ ਅੰਨ੍ਹੇਵਾਹ ਖ਼ੂਨ ਚੜ੍ਹਾਈ ਜਾ ਰਹੇ ਹਾਂ। ਮੈਂ ਸੋਚਦਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬਿਨਾਂ ਖ਼ੂਨ ਚੜ੍ਹਾਏ ਇਲਾਜ ਕਰਨ ਦੇ ਤਰੀਕੇ ਲੱਭੀਏ।’”

ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ ਦੀ ਖੋਜ ਦੇ ਦੋ ਕਾਰਨ ਸਨ। “ਪਹਿਲਾ ਤਾਂ ਇਹ ਕਿ ਲੋਕ ਇਸ ਚਿੰਤਾ ਵਿਚ ਪਏ ਹੋਏ ਸਨ ਕਿ ਦਾਨ ਕੀਤੇ ਗਏ ਖ਼ੂਨ ਦੀ ਸਪਲਾਈ ਭਵਿੱਖ ਵਿਚ ਹੋਵੇਗੀ ਜਾਂ ਨਹੀਂ, ਤੇ ਦੂਜਾ ਕਈ ਰੋਗੀ ਇਸ ਗੱਲੋਂ ਡਰਦੇ ਸਨ ਕਿ ਚੜ੍ਹਾਏ ਗਏ ਖ਼ੂਨ ਤੋਂ ਉਨ੍ਹਾਂ ਨੂੰ ਕੋਈ ਛੂਤ ਦੀ ਬੀਮਾਰੀ ਲੱਗ ਜਾਵੇਗੀ।” ਅਸੀਂ ਇਨ੍ਹਾਂ ਨਵੀਆਂ ਕਾਢਾਂ ਕੱਢਣ ਵਾਲੇ ਡਾਕਟਰਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਤੋਂ ਸਿਰਫ਼ ਯਹੋਵਾਹ ਦੇ ਗਵਾਹਾਂ ਨੂੰ ਹੀ ਨਹੀਂ ਸਗੋਂ ਦੂਜੇ ਲੋਕਾਂ ਨੂੰ ਵੀ ਫ਼ਾਇਦਾ ਹੋਇਆ ਹੈ। ਮੈਕਲੇਨਸ ਰਸਾਲਾ ਅੱਗੋਂ ਕਹਿੰਦਾ ਹੈ: “ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ ਕਰਨ ਨਾਲ ਇਕ ਤਾਂ ਰੋਗੀ ਨੂੰ ਖ਼ੂਨ ਚੜ੍ਹਾਉਣ ਦੀ ਲੋੜ ਨਹੀਂ ਪੈਂਦੀ ਤੇ ਦੂਜਾ ਇਸ ਨਾਲ ਗੰਦੇ ਖ਼ੂਨ ਤੋਂ ਛੂਤ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਵੀ ਨਹੀਂ ਹੁੰਦਾ।” ਪਰ “ਸਾਫ਼” ਖ਼ੂਨ ਲੈਣ ਨਾਲ ਵੀ ਕਈ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਇਸ ਨਾਲ ਰੋਗੀ ਦੀ ਥੋੜ੍ਹੇ ਸਮੇਂ ਲਈ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਜਾਂਦੀ ਹੈ।

ਬਿਨਾਂ ਖ਼ੂਨ ਲਏ ਇਲਾਜ ਕਰਵਾਉਣ ਦੇ ਪਿੱਛੇ ਯਹੋਵਾਹ ਦੇ ਗਵਾਹਾਂ ਦੇ ਪੱਕੇ ਵਿਸ਼ਵਾਸ ਦਾ ਕਿਹੜਾ ਕਾਰਨ ਹੈ? ਇਹ ਜਾਣਨ ਲਈ ਸ਼ਾਇਦ ਤੁਹਾਨੂੰ ਬਰੋਸ਼ਰ ਲਹੂ ਕਿਵੇਂ ਤੁਹਾਡੀ ਜਾਨ ਬਚਾ ਸਕਦਾ ਹੈ? (ਅੰਗ੍ਰੇਜ਼ੀ) ਪੜ੍ਹਨ ਵਿਚ ਦਿਲਚਸਪੀ ਹੋਵੇਗੀ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਕੇ ਬੜੀ ਖ਼ੁਸ਼ੀ ਹੋਵੇਗੀ।