Skip to content

Skip to table of contents

ਯਹੋਵਾਹ ਨੇ ਮੈਨੂੰ ਹਰ ਵੇਲੇ ਸੰਭਾਲਿਆ

ਯਹੋਵਾਹ ਨੇ ਮੈਨੂੰ ਹਰ ਵੇਲੇ ਸੰਭਾਲਿਆ

ਜੀਵਨੀ

ਯਹੋਵਾਹ ਨੇ ਮੈਨੂੰ ਹਰ ਵੇਲੇ ਸੰਭਾਲਿਆ

ਫੋਰੈੱਸਟ ਲੀ ਦੀ ਜ਼ਬਾਨੀ

ਗੱਲ 4 ਜੁਲਾਈ 1940 ਦੀ ਹੈ। ਪੁਲਸ ਨੇ ਸਾਡਾ ਫੋਨੋਗ੍ਰਾਫ ਅਤੇ ਬਾਈਬਲ ਸਾਹਿੱਤ ਜ਼ਬਤ ਕਰ ਲਿਆ। ਉਸ ਵੇਲੇ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਸੋ ਸਾਡੇ ਵਿਰੋਧੀਆਂ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਕੈਨੇਡਾ ਦੇ ਇਕ ਨਵੇਂ ਗਵਰਨਰ-ਜਨਰਲ ਨੂੰ ਭੜਕਾਇਆ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦੇਵੇ।

ਇਸ ਗੱਲ ਤੋਂ ਅਸੀਂ ਘਬਰਾਏ ਨਹੀਂ ਸਗੋਂ ਸਾਹਿੱਤ ਲੈ ਕੇ ਅਸੀਂ ਪ੍ਰਚਾਰ ਕਰਨਾ ਜਾਰੀ ਰੱਖਿਆ। ਇਸ ਮੌਕੇ ਤੇ ਡੈਡੀ ਜੀ ਦੇ ਕਹੇ ਇਨ੍ਹਾਂ ਲਫ਼ਜ਼ਾਂ ਨੂੰ ਮੈਂ ਹਮੇਸ਼ਾ ਚੇਤੇ ਰੱਖਾਂਗਾ: “ਅਸੀਂ ਐਨੀ ਆਸਾਨੀ ਨਾਲ ਪ੍ਰਚਾਰ ਕਰਨਾ ਨਹੀਂ ਛੱਡ ਸਕਦੇ ਕਿਉਂਕਿ ਇਹ ਹੁਕਮ ਸਾਨੂੰ ਯਹੋਵਾਹ ਨੇ ਦਿੱਤਾ ਹੈ।” ਉਸ ਸਮੇਂ ਮੈਂ ਦਸਾਂ ਸਾਲਾਂ ਦਾ ਇਕ ਜੋਸ਼ੀਲਾ ਮੁੰਡਾ ਸਾਂ। ਡੈਡੀ ਜੀ ਦਾ ਸੇਵਕਾਈ ਲਈ ਪੱਕਾ ਇਰਾਦਾ ਤੇ ਜੋਸ਼ ਮੈਨੂੰ ਅੱਜ ਵੀ ਲਗਾਤਾਰ ਇਹ ਯਾਦ ਦਿਵਾਉਂਦਾ ਰਹਿੰਦਾ ਹੈ ਕਿ ਸਾਡਾ ਪਰਮੇਸ਼ੁਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਵੇਂ ਸੰਭਾਲਦਾ ਹੈ।

ਅਗਲੀ ਵਾਰ ਪੁਲਸ ਨੇ ਨਾ ਸਿਰਫ਼ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਸਗੋਂ ਸਾਡਾ ਸਾਹਿੱਤ ਵੀ ਖੋਹ ਲਿਆ ਤੇ ਡੈਡੀ ਜੀ ਨੂੰ ਜੇਲ੍ਹ ਲੈ ਗਏ। ਪਿੱਛੇ ਮੰਮੀ ਜੀ ਚਾਰ ਬੱਚਿਆਂ ਨਾਲ ਇਕੱਲੇ ਰਹਿ ਗਏ। ਇਹ ਸਭ ਕੁਝ ਸਤੰਬਰ 1940 ਵਿਚ ਸਸਕੈਚਵਾਨ ਵਿਖੇ ਵਾਪਰਿਆ। ਇਸ ਤੋਂ ਛੇਤੀ ਹੀ ਬਾਅਦ ਮੈਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਬਾਈਬਲ ਮੁਤਾਬਕ ਢਲ਼ੀ ਹੋਈ ਆਪਣੀ ਜ਼ਮੀਰ ਕਰਕੇ ਨਾ ਤਾਂ ਮੈਂ ਝੰਡੇ ਨੂੰ ਸਲਾਮੀ ਦਿੱਤੀ ਤੇ ਨਾ ਹੀ ਰਾਸ਼ਟਰੀ ਗੀਤ ਗਾਇਆ। ਮੈਂ ਆਪਣੀ ਸਕੂਲ ਦੀ ਪੜ੍ਹਾਈ ਡਾਕ ਰਾਹੀਂ ਕਰਨੀ ਜਾਰੀ ਰੱਖੀ ਜਿਸ ਨਾਲ ਮੈਂ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਜ਼ਿਆਦਾ ਸਮਾਂ ਪ੍ਰਚਾਰ ਕੀਤਾ।

ਸਾਲ 1948 ਵਿਚ ਯਹੋਵਾਹ ਦੇ ਗਵਾਹਾਂ ਦੇ ਪੂਰਣ-ਕਾਲੀ ਸੇਵਕਾਂ ਯਾਨੀ ਪਾਇਨੀਅਰਾਂ ਨੂੰ ਕੈਨੇਡਾ ਦੇ ਪੂਰਬੀ ਕੰਢੇ ਦੇ ਇਲਾਕਿਆਂ ਵਿਚ ਪ੍ਰਚਾਰ ਲਈ ਜਾਣ ਦਾ ਸੱਦਾ ਦਿੱਤਾ ਗਿਆ। ਸੋ ਮੈਂ ਪਾਇਨੀਅਰੀ ਕਰਨ ਲਈ ਹੈਲੀਫੈਕਸ, ਨੋਵਾ ਸਕੌਸ਼ਾ ਅਤੇ ਕੇਪ ਵੁਲਫ, ਪ੍ਰਿੰਸ ਐਡਵਰਡ ਟਾਪੂ ਵਿਖੇ ਗਿਆ। ਅਗਲੇ ਸਾਲ, ਮੈਨੂੰ ਟੋਰੌਂਟੋ ਵਿਖੇ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਦੋ ਹਫ਼ਤੇ ਕੰਮ ਕਰਨ ਲਈ ਬੁਲਾਇਆ ਗਿਆ। ਹਾਲਾਂਕਿ ਮੈਂ ਗਿਆ ਤਾਂ ਦੋ ਹਫ਼ਤਿਆਂ ਲਈ ਸੀ ਪਰ ਉੱਥੇ ਮੈਂ ਛੇ ਸਾਲਾਂ ਤਕ ਕੰਮ ਕੀਤਾ। ਇਹ ਮੇਰੀ ਜ਼ਿੰਦਗੀ ਦੇ ਸੁਨਹਿਰੀ ਪਲ ਸਨ। ਉੱਥੇ ਮੇਰੀ ਮੁਲਾਕਾਤ ਮਰਨਾ ਨਾਲ ਹੋਈ ਜੋ ਮੇਰੇ ਵਾਂਗ ਯਹੋਵਾਹ ਨੂੰ ਪਿਆਰ ਕਰਦੀ ਸੀ ਤੇ ਦਸੰਬਰ 1955 ਵਿਚ ਸਾਡਾ ਵਿਆਹ ਹੋ ਗਿਆ। ਅਸੀਂ ਮਿਲਟਨ, ਆਂਟੇਰੀਓ ਵਿਚ ਜਾ ਕੇ ਵੱਸ ਗਏ ਅਤੇ ਛੇਤੀ ਹੀ ਇੱਥੇ ਇਕ ਨਵੀਂ ਕਲੀਸਿਯਾ ਬਣ ਗਈ। ਅਸੀਂ ਆਪਣੇ ਘਰ ਦੇ ਤਹਿਖ਼ਾਨੇ ਨੂੰ ਹੀ ਕਿੰਗਡਮ ਹਾਲ ਬਣਾ ਦਿੱਤਾ।

ਸੇਵਕਾਈ ਹੋਰ ਵਧਾਉਣ ਦੀ ਇੱਛਾ

ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਸਾਡੇ ਇਕ ਤੋਂ ਬਾਅਦ ਇਕ ਛੇ ਬੱਚੇ ਪੈਦਾ ਹੋਏ। ਸਭ ਤੋਂ ਪਹਿਲਾਂ ਮੀਰੀਅਮ ਪੈਦਾ ਹੋਈ। ਫਿਰ ਸ਼ਾਰਮੇਨ, ਮਾਰਕ, ਐਨਟ, ਗ੍ਰਾਂਟ ਤੇ ਗਲੈੱਨ ਪੈਦਾ ਹੋਏ। ਅਕਸਰ ਜਦੋਂ ਮੈਂ ਕੰਮ ਤੋਂ ਵਾਪਸ ਆਉਂਦਾ, ਤਾਂ ਬੱਚੇ ਮਰਨਾ ਨਾਲ ਅੰਗੀਠੀ ਦੇ ਆਲੇ-ਦੁਆਲੇ ਬੈਠੇ ਹੁੰਦੇ ਸਨ। ਉਹ ਉਨ੍ਹਾਂ ਨੂੰ ਬਾਈਬਲ ਪੜ੍ਹ ਕੇ ਸੁਣਾਉਂਦੀ, ਬਾਈਬਲ ਬਿਰਤਾਂਤ ਸਮਝਾਉਂਦੀ ਤੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਸੱਚਾ ਪਿਆਰ ਬਿਠਾਉਂਦੀ। ਇਸ ਪ੍ਰੇਮਮਈ ਮਦਦ ਲਈ ਮੈਂ ਉਸ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਬਚਪਨ ਤੋਂ ਹੀ ਸਾਡੇ ਸਾਰੇ ਬੱਚਿਆਂ ਨੇ ਬਾਈਬਲ ਦਾ ਸਹੀ ਗਿਆਨ ਹਾਸਲ ਕੀਤਾ।

ਸੇਵਕਾਈ ਲਈ ਮੇਰੇ ਡੈਡੀ ਜੀ ਦਾ ਜੋਸ਼ ਮੇਰੇ ਦਿਲੋ-ਦਿਮਾਗ਼ ਤੇ ਗਹਿਰੀ ਛਾਪ ਛੱਡ ਗਿਆ ਸੀ। (ਕਹਾਉਤਾਂ 22:6) ਇਸ ਲਈ, 1968 ਵਿਚ ਜਦੋਂ ਯਹੋਵਾਹ ਦੇ ਗਵਾਹਾਂ ਦੇ ਪਰਿਵਾਰਾਂ ਨੂੰ ਕੇਂਦਰੀ ਤੇ ਦੱਖਣੀ ਅਮਰੀਕਾ ਵਿਚ ਜਾ ਕੇ ਪ੍ਰਚਾਰ ਕੰਮ ਵਿਚ ਮਦਦ ਦੇਣ ਲਈ ਕਿਹਾ ਗਿਆ, ਤਾਂ ਸਾਡੇ ਪਰਿਵਾਰ ਨੇ ਉੱਥੇ ਜਾਣ ਦੀ ਇੱਛਾ ਪ੍ਰਗਟਾਈ। ਉਦੋਂ ਸਾਡੇ ਬੱਚਿਆਂ ਦੀ ਉਮਰ 5 ਤੋਂ 13 ਸਾਲਾਂ ਤਕ ਦੀ ਸੀ ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਸਪੈਨਿਸ਼ ਭਾਸ਼ਾ ਦਾ ਇੱਲ ਤੇ ਕੁੱਕੜ ਨਹੀਂ ਸੀ ਆਉਂਦਾ। ਦਿੱਤੀਆਂ ਗਈਆਂ ਹਿਦਾਇਤਾਂ ਮੁਤਾਬਕ ਮੈਂ ਵੱਖ-ਵੱਖ ਦੇਸ਼ਾਂ ਦਾ ਮਾਹੌਲ ਦੇਖਣ-ਪਾਖਣ ਗਿਆ। ਵਾਪਸ ਪਰਤਣ ਤੇ ਅਸੀਂ ਸਾਰਿਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ ਤੇ ਫਿਰ ਆਪਣੇ ਹਾਲਾਤਾਂ ਤੇ ਵਿਚਾਰ ਕਰ ਕੇ ਅਖ਼ੀਰ ਨਿਕਾਰਾਗੁਆ ਵੱਸ ਜਾਣ ਦਾ ਫ਼ੈਸਲਾ ਕੀਤਾ।

ਨਿਕਾਰਾਗੁਆ ਵਿਚ ਸੇਵਾ

ਅਕਤੂਬਰ 1970 ਵਿਚ ਅਸੀਂ ਆਪਣੇ ਨਵੇਂ ਘਰ ਪਹੁੰਚ ਗਏ। ਸਾਨੂੰ ਆਇਆਂ ਨੂੰ ਅਜੇ ਤਿੰਨ ਹਫ਼ਤੇ ਵੀ ਨਹੀਂ ਹੋਏ ਸਨ ਕਿ ਮੈਨੂੰ ਕਲੀਸਿਯਾ ਸਭਾ ਵਿਚ ਇਕ ਛੋਟਾ ਜਿਹਾ ਭਾਸ਼ਣ ਦੇਣ ਲਈ ਕਿਹਾ ਗਿਆ। ਮੈਂ ਆਪਣੀ ਟੁੱਟੀ-ਫੁੱਟੀ ਸਪੈਨਿਸ਼ ਭਾਸ਼ਾ ਵਿਚ ਭਾਸ਼ਣ ਦੇਣ ਲਈ ਜੀ-ਤੋੜ ਮਿਹਨਤ ਕੀਤੀ। ਭਾਸ਼ਣ ਦੇ ਅੰਤ ਵਿਚ ਮੈਂ ਸਾਰੀ ਕਲੀਸਿਯਾ ਨੂੰ ਆਪਣੇ ਘਰ ਸ਼ਨੀਵਾਰ ਸਵੇਰੇ ਸਾਢੇ ਨੌਂ ਵਜੇ ਸਰਵੇਸਾ ਲਈ ਆਉਣ ਦਾ ਸੱਦਾ ਦਿੱਤਾ। ਦਰਅਸਲ ਮੈਂ ਕਹਿਣਾ ਚਾਹੁੰਦਾ ਸੀ ਸਰਵੀਸਿਓ ਜਿਸ ਦਾ ਮਤਲਬ ਸੀ ਖੇਤਰ ਸੇਵਕਾਈ। ਪਰ ਅਸਲ ਵਿਚ ਮੈਂ ਗ਼ਲਤ ਸ਼ਬਦ ਸਰਵੇਸਾ ਬੋਲ ਕੇ ਸਾਰਿਆਂ ਨੂੰ ਆਪਣੇ ਘਰ ਬੀਅਰ ਪੀਣ ਲਈ ਬੁਲਾ ਰਿਹਾ ਸੀ। ਵਾਕਈ, ਭਾਸ਼ਾ ਸਿੱਖਣੀ ਕੋਈ ਖ਼ਾਲ਼ਾ ਜੀ ਦਾ ਵਾੜਾ ਨਹੀਂ ਹੈ!

ਪਹਿਲਾਂ-ਪਹਿਲ ਮੈਂ ਆਪਣੇ ਹੱਥ ਤੇ ਪੇਸ਼ਕਾਰੀ ਲਿਖ ਲੈਂਦਾ ਸੀ ਤੇ ਦਰਵਾਜ਼ੇ ਤਕ ਇਸ ਨੂੰ ਦੁਹਰਾਉਂਦਾ ਜਾਂਦਾ ਸੀ। ਮੈਂ ਇਹ ਕਹਿਣਾ ਹੁੰਦਾ ਸੀ: “ਇਸ ਕਿਤਾਬ ਨਾਲ ਅਸੀਂ ਮੁਫ਼ਤ ਬਾਈਬਲ ਸਟੱਡੀ ਕਰਾਉਂਦੇ ਹਾਂ।” ਇਕ ਕਿਤਾਬ ਲੈਣ ਵਾਲੇ ਵਿਅਕਤੀ ਨੇ ਬਾਅਦ ਵਿਚ ਮੈਨੂੰ ਦੱਸਿਆ ਕਿ ਉਸ ਨੂੰ ਸਾਡੀ ਸਭਾ ਵਿਚ ਇਸ ਲਈ ਆਉਣਾ ਪਿਆ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਆਖ਼ਰ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਬਾਅਦ ਵਿਚ ਇਹ ਆਦਮੀ ਯਹੋਵਾਹ ਦਾ ਗਵਾਹ ਬਣ ਗਿਆ। ਇਸ ਤੋਂ ਇਹ ਗੱਲ ਸਾਫ਼ ਜ਼ਾਹਰ ਹੋ ਜਾਂਦੀ ਹੈ ਕਿ ਨਿਮਰ ਦਿਲ ਦੇ ਲੋਕਾਂ ਵਿਚ ਸੱਚਾਈ ਦੇ ਬੀ ਵਧਾਉਣ-ਫੁਲਾਉਣ ਵਾਲਾ ਸਿਰਫ਼ ਪਰਮੇਸ਼ੁਰ ਹੀ ਹੈ, ਇੱਥੋਂ ਤਕ ਕਿ ਪੌਲੁਸ ਰਸੂਲ ਨੇ ਵੀ ਇਹ ਗੱਲ ਮੰਨੀ ਸੀ!—1 ਕੁਰਿੰਥੀਆਂ 3:7.

ਤਕਰੀਬਨ ਦੋ ਸਾਲਾਂ ਬਾਅਦ ਸਾਨੂੰ ਰਾਜਧਾਨੀ ਮਨਗਾਵਾ ਤੋਂ ਨਿਕਾਰਾਗੁਆ ਦੇ ਦੱਖਣੀ ਹਿੱਸੇ ਵੱਲ ਜਾਣ ਲਈ ਕਿਹਾ ਗਿਆ। ਇੱਥੇ ਅਸੀਂ ਰਿਵੌਸ ਨਾਮਕ ਕਲੀਸਿਯਾ ਅਤੇ ਇਸ ਦੇ ਨੇੜੇ-ਤੇੜੇ ਦੇ ਖਿੰਡੇ-ਪੁੰਡੇ ਦਿਲਚਸਪੀ ਰੱਖਣ ਵਾਲੇ ਗਰੁੱਪਾਂ ਨਾਲ ਕੰਮ ਕੀਤਾ। ਇਨ੍ਹਾਂ ਗਰੁੱਪਾਂ ਨੂੰ ਮਿਲਣ ਜਾਣ ਸਮੇਂ ਪੇਦਰੌ ਪੇਨਯਾ ਨਾਂ ਦੇ ਇਕ ਵਫ਼ਾਦਾਰ ਬਜ਼ੁਰਗ ਗਵਾਹ ਨੇ ਮੇਰਾ ਸਾਥ ਦਿੱਤਾ। ਇਕ ਗਰੁੱਪ ਨਿਕਾਰਾਗੁਆ ਝੀਲ ਦੇ ਜੁਆਲਾਮੁਖੀ ਟਾਪੂ ਤੇ ਸੀ ਜਿੱਥੇ ਯਹੋਵਾਹ ਦੇ ਗਵਾਹਾਂ ਦਾ ਸਿਰਫ਼ ਇੱਕੋ ਹੀ ਪਰਿਵਾਰ ਰਹਿੰਦਾ ਸੀ।

ਹਾਲਾਂਕਿ ਇਹ ਪਰਿਵਾਰ ਬਹੁਤ ਗ਼ਰੀਬ ਸੀ, ਪਰ ਫਿਰ ਵੀ ਉਸ ਨੇ ਸਾਡੇ ਆਉਣ ਤੇ ਸਾਡੀ ਦਿਲੋਂ-ਜਾਨ ਨਾਲ ਖ਼ਾਤਰਦਾਰੀ ਕੀਤੀ। ਜਿਸ ਸ਼ਾਮ ਅਸੀਂ ਪਹੁੰਚੇ ਸਾਡੇ ਲਈ ਪਹਿਲਾਂ ਤੋਂ ਹੀ ਰੋਟੀ-ਪਾਣੀ ਤਿਆਰ ਰੱਖਿਆ ਹੋਇਆ ਸੀ। ਅਸੀਂ ਉੱਥੇ ਇਕ ਹਫ਼ਤਾ ਰਹੇ। ਉਨ੍ਹਾਂ ਨੇ ਸਾਨੂੰ ਖਾਣ ਨੂੰ ਭੋਜਨ ਦਿੱਤਾ ਤੇ ਇਹ ਲੋਕ ਬਾਈਬਲ ਲਈ ਬੜੀ ਸ਼ਰਧਾ ਰੱਖਦੇ ਸਨ। ਸਾਡੀ ਖ਼ੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦੋਂ ਐਤਵਾਰ ਨੂੰ 101 ਲੋਕ ਜਨਤਕ ਭਾਸ਼ਣ ਸੁਣਨ ਲਈ ਆਏ।

ਮੈਂ ਯਹੋਵਾਹ ਦੀ ਸੰਭਾਲਣ ਵਾਲੀ ਤਾਕਤ ਨੂੰ ਇਕ ਹੋਰ ਮੌਕੇ ਤੇ ਵੀ ਮਹਿਸੂਸ ਕੀਤਾ। ਉਦੋਂ ਅਸੀਂ ਕਾਸਟਾ ਰੀਕਾ ਦੇ ਬਾਰਡਰ ਨੇੜੇ ਜਾਣਾ ਸੀ ਜਿੱਥੇ ਦਿਲਚਸਪੀ ਰੱਖਣ ਵਾਲੇ ਕੁਝ ਲੋਕ ਪਹਾੜੀ ਇਲਾਕੇ ਵਿਚ ਰਹਿੰਦੇ ਸਨ। ਜਿਸ ਦਿਨ ਅਸੀਂ ਜਾਣਾ ਸੀ ਉਸ ਦਿਨ ਪੇਦਰੌ ਮੈਨੂੰ ਲੈਣ ਆਇਆ, ਪਰ ਮੈਂ ਮਲੇਰੀਆ ਹੋਣ ਕਰਕੇ ਮੰਜੇ ਤੇ ਪਿਆ ਸੀ। ਮੈਂ ਕਿਹਾ: “ਪੇਦਰੌ ਮੈਂ ਨਹੀਂ ਜਾ ਸਕਦਾ।” ਆਪਣਾ ਹੱਥ ਮੇਰੇ ਮੱਥੇ ਤੇ ਰੱਖ ਕੇ ਉਸ ਨੇ ਕਿਹਾ: “ਤੈਨੂੰ ਤੇ ਬੜਾ ਹੀ ਤੇਜ਼ ਬੁਖ਼ਾਰ ਹੈ, ਪਰ ਤੈਨੂੰ ਜਾਣਾ ਹੀ ਪੈਣਾ ਹੈ! ਕਿਉਂਕਿ ਭਰਾ ਉਡੀਕ ਕਰ ਰਹੇ ਹਨ।” ਫਿਰ ਉਸ ਨੇ ਮੇਰੇ ਲਈ ਐਨੀ ਰੂਹ ਨਾਲ ਪ੍ਰਾਰਥਨਾ ਕੀਤੀ ਜੋ ਮੈਂ ਪਹਿਲਾਂ ਕਦੇ ਨਹੀਂ ਸੁਣੀ ਸੀ।

ਬਾਅਦ ਵਿਚ ਮੈਂ ਕਿਹਾ: “ਤੁਸੀਂ ਆਪਣੇ ਲਈ ਜੂਸ ਲੈ ਆਓ। ਮੈਂ ਦਸਾਂ ਮਿੰਟਾਂ ਵਿਚ ਫਟਾਫਟ ਤਿਆਰ ਹੋ ਕੇ ਆਉਂਦਾ ਹਾਂ।” ਜਿਸ ਇਲਾਕੇ ਵਿਚ ਅਸੀਂ ਗਏ ਉੱਥੇ ਦੋ ਗਵਾਹ ਪਰਿਵਾਰ ਰਹਿੰਦੇ ਸਨ ਜਿਨ੍ਹਾਂ ਨੇ ਸਾਡੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਹਾਲਾਂਕਿ ਮੈਂ ਬੁਖ਼ਾਰ ਕਰਕੇ ਅਜੇ ਵੀ ਬੜਾ ਕਮਜ਼ੋਰ ਸਾਂ, ਪਰ ਫਿਰ ਵੀ ਅਸੀਂ ਅਗਲੇ ਦਿਨ ਉਨ੍ਹਾਂ ਨਾਲ ਪ੍ਰਚਾਰ ਤੇ ਗਏ। ਐਤਵਾਰ ਦੀ ਸਭਾ ਵਿਚ ਤਕਰੀਬਨ ਸੌ ਤੋਂ ਵੀ ਜ਼ਿਆਦਾ ਲੋਕਾਂ ਨੂੰ ਦੇਖ ਕੇ ਸਾਡਾ ਹੌਸਲਾ ਕਿੰਨਾ ਜ਼ਿਆਦਾ ਮਜ਼ਬੂਤ ਹੋਇਆ!

ਇਕ ਹੋਰ ਸਫ਼ਰ

ਸਾਲ 1975 ਵਿਚ ਸਾਡਾ ਸੱਤਵਾਂ ਬੱਚਾ ਵੋਨ ਪੈਦਾ ਹੋਇਆ। ਅਗਲੇ ਸਾਲ ਰੁਪਏ-ਪੈਸੇ ਦੀ ਤੰਗੀ ਕਰਕੇ ਸਾਨੂੰ ਕੈਨੇਡਾ ਵਾਪਸ ਜਾਣਾ ਪਿਆ। ਨਿਕਾਰਾਗੁਆ ਛੱਡਣਾ ਕੋਈ ਸੌਖੀ ਗੱਲ ਨਹੀਂ ਸੀ ਕਿਉਂਕਿ ਅਸੀਂ ਜਿੰਨੀ ਦੇਰ ਉੱਥੇ ਰਹੇ ਅਸੀਂ ਵਾਕਈ ਯਹੋਵਾਹ ਦੀ ਸੰਭਾਲਣ ਵਾਲੀ ਤਾਕਤ ਨੂੰ ਮਹਿਸੂਸ ਕੀਤਾ ਸੀ। ਜਦੋਂ ਅਸੀਂ ਨਿਕਾਰਾਗੁਆ ਛੱਡਣ ਵਾਲੇ ਸਾਂ ਉਦੋਂ ਸਾਡੀ ਕਲੀਸਿਯਾ ਦੇ ਇਲਾਕੇ ਦੇ 500 ਤੋਂ ਵੀ ਜ਼ਿਆਦਾ ਲੋਕ ਸਭਾਵਾਂ ਵਿਚ ਆ ਰਹੇ ਸਨ।

ਸ਼ੁਰੂ-ਸ਼ੁਰੂ ਵਿਚ ਜਦੋਂ ਮੈਨੂੰ ਤੇ ਮੇਰੀ ਕੁੜੀ ਮੀਰੀਅਮ ਨੂੰ ਨਿਕਾਰਾਗੁਆ ਵਿਚ ਵਿਸ਼ੇਸ਼ ਪਾਇਨੀਅਰਾਂ ਵਜੋਂ ਭੇਜਿਆ ਗਿਆ, ਤਾਂ ਮੀਰੀਅਮ ਨੇ ਮੈਨੂੰ ਪੁੱਛਿਆ: “ਡੈਡੀ ਜੀ, ਜੇ ਤੁਹਾਨੂੰ ਕਦੇ ਕੈਨੇਡਾ ਵਾਪਸ ਜਾਣਾ ਪਿਆ, ਤਾਂ ਕੀ ਤੁਸੀਂ ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਦਿਓਗੇ?” ਮੈਂ ਤਾਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਂ ਕਦੇ ਨਿਕਾਰਾਗੁਆ ਛੱਡ ਕੇ ਵਾਪਸ ਜਾਵਾਂਗਾ, ਸੋ ਮੈਂ ਕਿਹਾ: “ਬਿਲਕੁਲ ਕਿਉਂ ਨਹੀਂ!” ਇਸ ਲਈ ਜਦੋਂ ਮੈਂ ਵਾਪਸ ਚਲਾ ਗਿਆ, ਤਾਂ ਮੀਰੀਅਮ ਉੱਥੇ ਹੀ ਰਹਿ ਕੇ ਆਪਣੀ ਪੂਰਣ ਕਾਲੀ ਸੇਵਕਾਈ ਕਰਦੀ ਰਹੀ। ਬਾਅਦ ਵਿਚ ਉਸ ਦਾ ਵਿਆਹ ਐਂਡਰੂ ਰੀਡ ਨਾਲ ਹੋ ਗਿਆ। ਸਾਲ 1984 ਵਿਚ ਉਹ ਦੋਵੇਂ ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀ ਸਕੂਲ ਯਾਨੀ ਗਿਲਿਅਡ ਦੀ 77ਵੀਂ ਕਲਾਸ ਲਈ ਗਏ ਤੇ ਇਹ ਸਕੂਲ ਉਸ ਵੇਲੇ ਨਿਊਯਾਰਕ ਦੇ ਬਰੁਕਲਿਨ ਸ਼ਹਿਰ ਵਿਚ ਸੀ। ਮੀਰੀਅਮ ਅਜੇ ਵੀ ਆਪਣੇ ਪਤੀ ਨਾਲ ਡਮਿਨੀਕਨ ਗਣਰਾਜ ਵਿਚ ਸੇਵਾ ਕਰਦੀ ਹੈ। ਜੋ ਇੱਛਾ ਨਿਕਾਰਾਗੁਆ ਦੇ ਜੋਸ਼ੀਲੇ ਮਿਸ਼ਨਰੀਆਂ ਨੇ ਉਸ ਦੇ ਦਿਲ ਵਿਚ ਪਾਈ ਸੀ ਉਹ ਉਸ ਨੂੰ ਅੱਜ ਵੀ ਪੂਰਾ ਕਰ ਰਹੀ ਹੈ।

ਇਸ ਦੌਰਾਨ ਡੈਡੀ ਜੀ ਦੇ ਇਹ ਲਫ਼ਜ਼ “ਅਸੀਂ ਐਨੀ ਆਸਾਨੀ ਨਾਲ ਪ੍ਰਚਾਰ ਕਰਨਾ ਨਹੀਂ ਛੱਡ ਸਕਦੇ” ਵਾਰ-ਵਾਰ ਮੇਰੇ ਕੰਨਾਂ ਵਿਚ ਗੂੰਜਦੇ ਰਹੇ। ਇਸ ਲਈ, ਜਦੋਂ ਅਸੀਂ 1981 ਵਿਚ ਦੱਖਣੀ ਅਮਰੀਕਾ ਵਾਪਸ ਪਰਤਣ ਲਈ ਕਾਫ਼ੀ ਪੈਸਾ ਜਮ੍ਹਾ ਕਰ ਲਿਆ, ਤਾਂ ਅਸੀਂ ਇਕ ਹੋਰ ਸਫ਼ਰ ਕੀਤਾ, ਯਾਨੀ ਇਸ ਵਾਰ ਅਸੀਂ ਕਾਸਟਾ ਰੀਕਾ ਚਲੇ ਗਏ। ਇੱਥੇ ਸੇਵਾ ਕਰਦਿਆਂ ਸਾਨੂੰ ਨਵੇਂ ਸ਼ਾਖ਼ਾ ਦਫ਼ਤਰ ਦੀ ਉਸਾਰੀ ਵਿਚ ਮਦਦ ਦੇਣ ਲਈ ਬੁਲਾਇਆ ਗਿਆ। ਸਾਲ 1985 ਵਿਚ ਸਾਡੇ ਮੁੰਡੇ ਗ੍ਰਾਂਟ ਨੂੰ ਡਾਕਟਰੀ ਇਲਾਜ ਦੀ ਲੋੜ ਪਈ ਜਿਸ ਕਾਰਨ ਸਾਨੂੰ ਕੈਨੇਡਾ ਵਾਪਸ ਪਰਤਣਾ ਪਿਆ। ਗਲੈੱਨ ਕਾਸਟਾ ਰੀਕਾ ਹੀ ਰਿਹਾ ਕਿਉਂਕਿ ਉਹ ਸ਼ਾਖ਼ਾ ਦਫ਼ਤਰ ਦੇ ਪ੍ਰਾਜੈਕਟ ਉੱਤੇ ਕੰਮ ਕਰ ਰਿਹਾ ਸੀ ਜਦ ਕਿ ਐਨਟ ਤੇ ਸ਼ਾਰਮੇਨ ਵਿਸ਼ੇਸ਼ ਪਾਇਨੀਅਰਾਂ ਵਜੋਂ ਸੇਵਾ ਕਰ ਰਹੀਆਂ ਸਨ। ਸਾਡੇ ਵਿੱਚੋਂ ਜਿਨ੍ਹਾਂ ਨੇ ਕਾਸਟਾ ਰੀਕਾ ਛੱਡਿਆ ਉਨ੍ਹਾਂ ਨੇ ਕਦੇ ਆਪਣੀ ਜ਼ਿੰਦਗੀ ਵਿਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਕਦੇ ਵਾਪਸ ਨਹੀਂ ਆਵਾਂਗੇ।

ਔਖੀ ਘੜੀ ਨਾਲ ਸਿੱਝਣਾ

ਗੱਲ 17 ਸਤੰਬਰ 1993 ਦੀ ਹੈ। ਖਿੜੀ ਦੁਪਹਿਰ ਵੇਲੇ ਮੈਂ ਤੇ ਮੇਰਾ ਵੱਡਾ ਮੁੰਡਾ ਮਾਰਕ ਛੱਤ ਤੇ ਪੱਤਰੇ ਪਾ ਰਹੇ ਸਾਂ। ਅਸੀਂ ਨਾਲੋ-ਨਾਲ ਕੰਮ ਕਰ ਰਹੇ ਸਾਂ ਤੇ ਆਦਤ ਅਨੁਸਾਰ ਆਪੋ ਵਿਚ ਅਧਿਆਤਮਿਕ ਗੱਲਾਂ ਵੀ ਕਰ ਰਹੇ ਸਾਂ। ਪਰ ਅਚਾਨਕ ਮੈਂ ਆਪਣਾ ਸੰਤੁਲਨ ਗੁਆ ਬੈਠਾ ਤੇ ਛੱਤ ਤੋਂ ਡਿੱਗ ਗਿਆ। ਜਦੋਂ ਮੈਨੂੰ ਹੋਸ਼ ਆਈ, ਤਾਂ ਮੈਂ ਤੇਜ਼ ਰੌਸ਼ਨੀਆਂ ਤੇ ਲੋਕਾਂ ਨੂੰ ਚਿੱਟੇ ਕੱਪੜੇ ਪਾਈ ਦੇਖਿਆ। ਇਹ ਹਸਪਤਾਲ ਦਾ ਐਮਰਜੈਂਸੀ ਕਮਰਾ ਸੀ।

ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਕਰਕੇ ਮੈਂ ਹੋਸ਼ ਆਉਣ ਤੇ ਸਾਰਿਆਂ ਨਾਲੋਂ ਪਹਿਲਾਂ ਇਹੀ ਕਿਹਾ: “ਮੈਂ ਖ਼ੂਨ ਨਹੀਂ ਲੈਣਾ, ਮੈਂ ਖ਼ੂਨ ਨਹੀਂ ਲੈਣਾ!” (ਰਸੂਲਾਂ ਦੇ ਕਰਤੱਬ 15:28, 29) ਪਰ ਸ਼ਾਰਮੇਨ ਦੇ ਇਹ ਲਫ਼ਜ਼ ਸੁਣ ਕੇ ਮੇਰੇ ਦਿਲ ਨੂੰ ਕਿੰਨਾ ਸਕੂਨ ਮਿਲਿਆ ਜਦੋਂ ਉਸ ਨੇ ਕਿਹਾ: “ਚਿੰਤਾ ਨਾ ਕਰੋ ਡੈਡੀ ਜੀ। ਅਸੀਂ ਸਾਰੇ ਇੱਥੇ ਹੀ ਹਾਂ।” ਮਗਰੋਂ ਮੈਨੂੰ ਪਤਾ ਲੱਗਾ ਕਿ ਡਾਕਟਰਾਂ ਨੇ ਮੇਰਾ ਡਾਕਟਰੀ ਕਾਰਡ ਦੇਖਿਆ ਸੀ, ਇਸ ਲਈ ਖ਼ੂਨ ਚੜ੍ਹਾਉਣ ਬਾਰੇ ਕੋਈ ਰਗੜਾ-ਝਗੜਾ ਨਹੀਂ ਹੋਇਆ ਸੀ। ਮੇਰੀ ਗਰਦਨ ਟੁੱਟ ਗਈ ਸੀ ਤੇ ਮੈਨੂੰ ਪੂਰੀ ਤਰ੍ਹਾਂ ਲਕਵਾ ਹੋ ਗਿਆ ਸੀ, ਇੱਥੋਂ ਤਕ ਕੇ ਮੈਂ ਆਪ ਸਾਹ ਵੀ ਨਹੀਂ ਲੈ ਸਕਦਾ ਸੀ।

ਹੁਣ ਮੈਂ ਹਿਲ-ਜੁਲ ਨਹੀਂ ਸਕਦਾ ਸੀ ਜਿਸ ਕਰਕੇ ਇਸ ਨਾਜ਼ੁਕ ਹਾਲਤ ਵਿਚ ਮੈਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੀ ਮਦਦ ਦੀ ਲੋੜ ਸੀ। ਸਾਹ ਲੈਣ ਲਈ ਮੇਰੇ ਗਲੇ ਵਿਚ ਛੇਕ ਕਰ ਕੇ ਇਕ ਰੈਸਪੀਰੇਟਰ ਮਸ਼ੀਨ ਲਾਈ ਗਈ ਜਿਸ ਕਰਕੇ ਮੇਰੀ ਆਵਾਜ਼ ਬੰਦ ਹੋ ਗਈ। ਲੋਕਾਂ ਨੂੰ ਮੇਰੇ ਹਿਲਦੇ ਬੁੱਲ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸਾਂ।

ਮੇਰੀ ਬੀਮਾਰੀ ਦਾ ਖ਼ਰਚਾ ਵੱਧਦਾ ਹੀ ਜਾ ਰਿਹਾ ਸੀ। ਮੇਰੀ ਪਤਨੀ ਤੇ ਮੇਰੇ ਜ਼ਿਆਦਾਤਰ ਬੱਚੇ ਪੂਰੇ ਸਮੇਂ ਦੀ ਸੇਵਾ ਕਰਦੇ ਸਨ। ਇਸ ਲਈ ਮੈਂ ਸੋਚਾਂ ਵਿਚ ਪੈ ਗਿਆ ਕਿ ਕਿਤੇ ਉਨ੍ਹਾਂ ਨੂੰ ਇਹ ਖ਼ਰਚੇ ਪੂਰੇ ਕਰਨ ਲਈ ਪੂਰਣ-ਕਾਲੀ ਸੇਵਾ ਤਾਂ ਨਹੀਂ ਛੱਡਣੀ ਪਵੇਗੀ। ਖ਼ੈਰ, ਮਾਰਕ ਨੂੰ ਨੌਕਰੀ ਮਿਲ ਗਈ ਤੇ ਤਿੰਨਾਂ ਮਹੀਨਿਆਂ ਦੀ ਆਮਦਨ ਵਿੱਚੋਂ ਹੀ ਹਸਪਤਾਲ ਦਾ ਕਾਫ਼ੀ ਸਾਰਾ ਖ਼ਰਚਾ ਚੁੱਕਾ ਦਿੱਤਾ ਗਿਆ। ਸਿੱਟੇ ਵਜੋਂ, ਮੈਂ ਤੇ ਮੇਰੀ ਪਤਨੀ ਤੋਂ ਛੁੱਟ ਸਾਰੇ ਬੱਚੇ ਪੂਰਣ-ਕਾਲੀ ਸੇਵਾ ਵਿਚ ਲੱਗੇ ਰਹੇ।

ਮੈਨੂੰ ਵੱਖੋ-ਵੱਖਰੇ ਛੇ ਦੇਸ਼ਾਂ ਤੋਂ ਸ਼ੁਭ ਕਾਮਨਾਵਾਂ ਦੇ ਸੈਂਕੜੇ ਕਾਰਡ ਤੇ ਪੱਤਰ ਮਿਲੇ ਜਿਨ੍ਹਾਂ ਨਾਲ ਮੇਰੇ ਹਸਪਤਾਲ ਦੇ ਕਮਰੇ ਦੀਆਂ ਕੰਧਾਂ ਭਰ ਗਈਆਂ। ਯਹੋਵਾਹ ਸੱਚੀ-ਮੁੱਚੀ ਮੈਨੂੰ ਸੰਭਾਲ ਰਿਹਾ ਸੀ। ਮੈਂ ਇਨਟੈਨਸਿਵ ਕੇਅਰ ਯੂਨਿਟ (ਆਈ.ਸੀ.ਯੂ) ਵਿਚ ਸਾਢੇ ਪੰਜ ਮਹੀਨੇ ਰਿਹਾ ਤੇ ਇਸ ਦੌਰਾਨ ਕਾਫ਼ੀ ਸਮੇਂ ਤਕ ਕਲੀਸਿਯਾ ਦੇ ਭੈਣ-ਭਰਾਵਾਂ ਨੇ ਮੇਰੇ ਪਰਿਵਾਰ ਲਈ ਰੋਟੀ-ਪਾਣੀ ਦਾ ਪ੍ਰਬੰਧ ਕੀਤਾ। ਰੋਜ਼ ਦੁਪਹਿਰ ਨੂੰ ਇਕ ਮਸੀਹੀ ਬਜ਼ੁਰਗ ਮੇਰੇ ਨਾਲ ਰਹਿੰਦਾ ਸੀ ਜੋ ਮੇਰੇ ਲਈ ਬਾਈਬਲ ਤੇ ਬਾਈਬਲ ਆਧਾਰਿਤ ਪ੍ਰਕਾਸ਼ਨ ਪੜ੍ਹਦਾ ਤੇ ਉਤਸ਼ਾਹਜਨਕ ਤਜਰਬੇ ਸੁਣਾਉਂਦਾ ਹੁੰਦਾ ਸੀ। ਮੇਰੇ ਪਰਿਵਾਰ ਦੇ ਦੋ ਮੈਂਬਰ ਮੇਰੇ ਨਾਲ ਕਲੀਸਿਯਾ ਸਭਾ ਦੀ ਤਿਆਰੀ ਕਰਦੇ ਸਨ ਜਿਸ ਸਦਕਾ ਮੈਂ ਕਦੇ ਵੀ ਅਹਿਮ ਅਧਿਆਤਮਿਕ ਖਾਣੇ ਤੋਂ ਨਹੀਂ ਖੁੰਝਿਆ।

ਜਦੋਂ ਮੈਂ ਅਜੇ ਹਸਪਤਾਲ ਵਿਚ ਹੀ ਸਾਂ, ਤਾਂ ਮੇਰੇ ਲਈ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਵਿਚ ਜਾਣ ਦਾ ਇੰਤਜ਼ਾਮ ਕੀਤਾ ਗਿਆ। ਹਸਪਤਾਲ ਦੇ ਸਟਾਫ਼ ਨੇ ਮੇਰੀ ਪੂਰਾ ਦਿਨ ਦੇਖ-ਭਾਲ ਕਰਨ ਲਈ ਇਕ ਨਰਸ ਤੇ ਰੈਸਪੀਰੇਟਰ ਮਸ਼ੀਨ ਦੇ ਇਕ ਤਕਨੀਕੀ ਮਾਹਰ ਦਾ ਪ੍ਰਬੰਧ ਕੀਤਾ। ਆਪਣੇ ਮਸੀਹੀ ਭੈਣ-ਭਰਾਵਾਂ ਨਾਲ ਮੁੜ ਰਲਣਾ ਮੇਰੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਸੀ! ਸੰਮੇਲਨ ਦਾ ਉਹ ਦਿਨ ਮੈਂ ਕਦੇ ਨਹੀਂ ਭੁੱਲਾਂਗਾਂ ਜਦੋਂ ਮੈਨੂੰ ਮਿਲਣ ਲਈ ਸੈਂਕੜੇ ਭੈਣ-ਭਰਾ ਆਪਣੀ-ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਲਾਈਨ ਵਿਚ ਖੜ੍ਹੇ ਹੋਏ ਸਨ।

ਅਧਿਆਤਮਿਕਤਾ ਬਣਾਈ ਰੱਖਣੀ

ਇਸ ਹਾਦਸੇ ਦੇ ਵਾਪਰਨ ਤੋਂ ਕਰੀਬ ਇਕ ਸਾਲ ਬਾਅਦ ਮੈਂ ਆਪਣੇ ਘਰ ਵਾਪਸ ਆ ਸਕਿਆ ਚਾਹੇ ਕਿ ਮੈਨੂੰ ਅਜੇ ਵੀ 24 ਘੰਟੇ ਨਰਸ ਦੀ ਲੋੜ ਪੈਂਦੀ ਹੈ। ਮੈਨੂੰ ਇਕ ਖ਼ਾਸ ਵੈਨ ਰਾਹੀਂ ਸਭਾਵਾਂ ਵਿਚ ਲਿਜਾਇਆ ਜਾਂਦਾ ਹੈ, ਇਸ ਲਈ ਮੈਂ ਜ਼ਿਆਦਾਤਰ ਸਭਾਵਾਂ ਵਿਚ ਹਾਜ਼ਰ ਹੋ ਪਾਉਂਦਾ ਹਾਂ। ਪਰ ਮੈਨੂੰ ਮੰਨਣਾ ਪਵੇਗਾ ਕਿ ਇਸ ਦੇ ਲਈ ਪੱਕੇ ਇਰਾਦੇ ਦੀ ਲੋੜ ਪੈਂਦੀ ਹੈ। ਘਰ ਆਉਣ ਤੋਂ ਬਾਅਦ ਮੈਂ ਸਾਰੇ ਜ਼ਿਲ੍ਹਾ ਸੰਮੇਲਨਾਂ ਵਿਚ ਹਾਜ਼ਰ ਹੋਇਆ ਹਾਂ।

ਆਖ਼ਰਕਾਰ, ਫਰਵਰੀ 1997 ਵਿਚ ਮੈਂ ਕੁਝ ਹੱਦ ਤਕ ਬੋਲਣ ਦੇ ਕਾਬਲ ਹੋ ਗਿਆ। ਜਦੋਂ ਮੈਂ ਆਪਣੀਆਂ ਕੁਝ ਨਰਸਾਂ ਨੂੰ ਆਪਣੀ ਬਾਈਬਲ ਵਿਚਲੀ ਉਮੀਦ ਬਾਰੇ ਦੱਸਦਾ ਹਾਂ, ਤਾਂ ਉਹ ਮੇਰੀ ਗੱਲ ਬੜੇ ਧਿਆਨ ਨਾਲ ਸੁਣਦੀਆਂ ਹਨ। ਇਕ ਨਰਸ ਨੇ ਮੈਨੂੰ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਕਿਤਾਬ ਦੇ ਨਾਲ-ਨਾਲ ਕਈ ਹੋਰ ਵਾਚਟਾਵਰ ਪ੍ਰਕਾਸ਼ਨ ਪੜ੍ਹ ਕੇ ਸੁਣਾਏ ਹਨ। ਮੈਂ ਇਕ ਸੋਟੀ ਦੀ ਮਦਦ ਨਾਲ ਕੰਪਿਊਟਰ ਤੇ ਲੋਕਾਂ ਨੂੰ ਚਿੱਠੀਆਂ ਲਿਖਦਾ ਹਾਂ। ਹਾਲਾਂਕਿ ਇਸ ਤਰ੍ਹਾਂ ਟਾਈਪ ਕਰਨ ਨਾਲ ਮੈਂ ਬੇਹੱਦ ਥੱਕ ਜਾਂਦਾ ਹਾਂ, ਪਰ ਸੇਵਕਾਈ ਵਿਚ ਹਮੇਸ਼ਾ ਲੱਗੇ ਰਹਿਣ ਨਾਲ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ।

ਮੈਨੂੰ ਨਸਾਂ ਦੀ ਬਹੁਤ ਜ਼ਿਆਦਾ ਦਰਦ ਝੱਲਣੀ ਪੈਂਦੀ ਹੈ। ਪਰ ਲੱਗਦਾ ਹੈ ਕਿ ਜਦੋਂ ਮੈਂ ਦੂਜਿਆਂ ਨੂੰ ਬਾਈਬਲ ਸੱਚਾਈਆਂ ਦੱਸਦਾ ਹਾਂ ਜਾਂ ਜੇ ਕੋਈ ਮੈਨੂੰ ਬਾਈਬਲ ਜਾਂ ਬਾਈਬਲ ਆਧਾਰਿਤ ਪ੍ਰਕਾਸ਼ਨ ਪੜ੍ਹ ਕੇ ਸੁਣਾਉਂਦਾ ਹੈ, ਤਾਂ ਮੈਨੂੰ ਕੁਝ ਹੱਦ ਇਹ ਦਰਦ ਘੱਟ ਮਹਿਸੂਸ ਹੁੰਦੀ ਹੈ। ਮੇਰੀ ਪਤਨੀ ਮੇਰੀ ਬੜੀ ਮਦਦ ਕਰਦੀ ਹੈ। ਕਦੇ-ਕਦੇ ਮੈਂ ਉਸ ਨਾਲ ਸੜਕ ਗਵਾਹੀ ਕਰਨ ਜਾਂਦਾ ਹਾਂ ਅਤੇ ਲੋੜ ਪੈਣ ਤੇ ਉਹ ਮੇਰੀਆਂ ਕਹੀਆਂ ਗੱਲਾਂ ਲੋਕਾਂ ਨੂੰ ਸਮਝਾਉਂਦੀ ਹੈ। ਕਈ ਮੌਕਿਆਂ ਤੇ ਮੈਂ ਸਹਾਇਕ ਪਾਇਨੀਅਰ ਵਜੋਂ ਕੰਮ ਕੀਤਾ ਹੈ। ਮਸੀਹੀ ਬਜ਼ੁਰਗ ਵਜੋਂ ਸੇਵਾ ਕਰਨ ਨਾਲ ਮੈਨੂੰ ਖ਼ੁਸ਼ੀ ਮਿਲਦੀ ਹੈ, ਖ਼ਾਸ ਕਰਕੇ ਉਦੋਂ ਜਦੋਂ ਭੈਣ-ਭਰਾ ਮੈਨੂੰ ਸਭਾਵਾਂ ਵਿਚ ਜਾਂ ਘਰ ਮਿਲਣ ਲਈ ਆਉਂਦੇ ਹਨ ਅਤੇ ਲੋੜ ਪੈਣ ਤੇ ਮੈਂ ਉਨ੍ਹਾਂ ਦਾ ਹੌਸਲਾ ਮਜ਼ਬੂਤ ਕਰਦਾ ਹਾਂ ਅਤੇ ਉਨ੍ਹਾਂ ਦੀ ਮਦਦ ਕਰਦਾ ਹਾਂ।

ਮੈਂ ਕਬੂਲ ਕਰਦਾ ਹਾਂ ਕਿ ਇਨਸਾਨ ਛੇਤੀ ਹੀ ਨਿਰਾਸ਼ ਹੋ ਜਾਂਦਾ ਹੈ। ਸੋ ਜਦੋਂ ਕਦੇ ਮੈਂ ਵੀ ਨਿਰਾਸ਼ ਹੋ ਜਾਂਦਾ ਹਾਂ, ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੇਰੀ ਖ਼ੁਸ਼ੀ ਬਰਕਰਾਰ ਰਹੇ। ਮੈਂ ਦਿਨ-ਰਾਤ ਦੁਆ ਕਰਦਾ ਹਾਂ ਕਿ ਯਹੋਵਾਹ ਮੈਨੂੰ ਇੰਜ ਹੀ ਸੰਭਾਲਦਾ ਰਹੇ। ਮੈਂ ਖ਼ੁਸ਼ੀ ਨਾਲ ਉਦੋਂ ਖਿੜ ਉੱਠਦਾ ਹਾਂ ਜਦੋਂ ਕਿਸੇ ਦੀ ਚਿੱਠੀ ਆਉਂਦੀ ਹੈ ਜਾਂ ਕੋਈ ਮੈਨੂੰ ਆ ਕੇ ਮਿਲਦਾ ਹੈ। ਪਹਿਰਾਬੁਰਜ ਜਾਂ ਜਾਗਰੂਕ ਬਣੋ! ਪੜ੍ਹਨ ਨਾਲ ਵੀ ਮੇਰਾ ਦਿਲੋ-ਦਿਮਾਗ਼ ਅਧਿਆਤਮਿਕ ਗੱਲਾਂ ਨਾਲ ਭਰ ਜਾਂਦਾ ਹੈ। ਵੱਖੋ-ਵੱਖ ਨਰਸਾਂ ਮੈਨੂੰ ਇਹ ਰਸਾਲੇ ਪੜ੍ਹ ਕੇ ਸੁਣਾਉਂਦੀਆਂ ਹਨ। ਜਦੋਂ ਤੋਂ ਮੇਰਾ ਐਕਸੀਡੈਂਟ ਹੋਇਆ ਹੈ, ਮੈਂ ਪੂਰੀ ਬਾਈਬਲ ਨੂੰ ਟੇਪ ਤੇ ਸੱਤ ਵਾਰ ਸੁਣ ਚੁੱਕਾ ਹਾਂ। ਇੰਜ ਇਨ੍ਹਾਂ ਵੱਖੋ-ਵੱਖਰੇ ਤਰੀਕਿਆਂ ਨਾਲ ਯਹੋਵਾਹ ਨੇ ਮੈਨੂੰ ਸੰਭਾਲਿਆ ਹੈ।—ਜ਼ਬੂਰ 41:3.

ਮੇਰੀ ਜ਼ਿੰਦਗੀ ਵਿਚ ਆਈ ਇਸ ਤਬਦੀਲੀ ਕਾਰਨ ਮੈਨੂੰ ਇਸ ਗੱਲ ਤੇ ਮਨਨ ਕਰਨ ਲਈ ਜ਼ਿਆਦਾ ਸਮਾਂ ਮਿਲਿਆ ਹੈ ਕਿ ਕਿਵੇਂ ਸਾਡਾ ਮਹਾਨ ਸਿੱਖਿਅਕ ਯਹੋਵਾਹ ਸਾਨੂੰ ਜ਼ਿੰਦਗੀ ਜੀਉਣ ਦੀ ਤਾਲੀਮ ਦਿੰਦਾ ਹੈ। ਉਹ ਸਾਨੂੰ ਆਪਣੀ ਇੱਛਾ ਤੇ ਮਕਸਦ ਬਾਰੇ ਸਹੀ-ਸਹੀ ਗਿਆਨ ਦਿੰਦਾ ਹੈ, ਅਰਥ-ਭਰਪੂਰ ਪ੍ਰਚਾਰ ਕੰਮ ਦਿੰਦਾ ਹੈ, ਪਰਿਵਾਰ ਦੀ ਖ਼ੁਸ਼ੀ ਦਾ ਕੀ ਰਾਜ਼ ਹੈ ਇਸ ਬਾਰੇ ਸਲਾਹ ਦਿੰਦਾ ਹੈ ਅਤੇ ਮੁਸ਼ਕਲਾਂ ਨਾਲ ਸਿੱਝਣ ਦੀ ਸਮਝ ਦਿੰਦਾ ਹੈ। ਯਹੋਵਾਹ ਨੇ ਮੈਨੂੰ ਇਕ ਵਫ਼ਾਦਾਰ ਤੇ ਹੱਦੋਂ ਵੱਧ ਚੰਗੀ ਤੇ ਭਲੀ ਪਤਨੀ ਦੀ ਬਰਕਤ ਦਿੱਤੀ ਹੈ। ਮੇਰੇ ਬੱਚੇ ਵੀ ਮੇਰੇ ਵਾਂਗ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਪੂਰਣ-ਕਾਲੀ ਸੇਵਾ ਵਿਚ ਲੱਗਿਆਂ ਹੋਇਆ ਦੇਖ ਕੇ ਮੈਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। ਸਾਡੇ ਮੁੰਡੇ ਮਾਰਕ ਤੇ ਉਸ ਦੀ ਪਤਨੀ ਐਲੀਸਨ ਨੇ 11 ਮਾਰਚ 2000 ਨੂੰ ਗਿਲਿਅਡ ਸਕੂਲ ਦੀ 108ਵੀਂ ਕਲਾਸ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਨ੍ਹਾਂ ਨੂੰ ਨਿਕਾਰਾਗੁਆ ਵਿਚ ਸੇਵਾ ਕਰਨ ਦੀ ਨਿਯੁਕਤੀ ਮਿਲੀ। ਮੈਂ ਤੇ ਮੇਰੀ ਪਤਨੀ ਉਨ੍ਹਾਂ ਦੀ ਗ੍ਰੈਜੂਏਸ਼ਨ ਵਿਚ ਸ਼ਾਮਲ ਹੋਏ। ਮੈਂ ਸੱਚੀਂ ਕਹਿੰਦਾ ਹਾਂ ਕਿ ਭਾਵੇਂ ਬੀਮਾਰੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ, ਪਰ ਮੇਰਾ ਦਿਲ ਨਹੀਂ ਬਦਲਿਆ।—ਜ਼ਬੂਰ 127:3, 4.

ਮੈਂ ਯਹੋਵਾਹ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਸ ਨੇ ਮੈਨੂੰ ਬੁੱਧ ਤੇ ਸਮਝ ਬਖ਼ਸ਼ੀ ਕਿ ਮੈਂ ਆਪਣੀ ਅਧਿਆਤਮਿਕ ਵਿਰਾਸਤ ਆਪਣੇ ਪਰਿਵਾਰ ਨੂੰ ਦੇ ਸਕਿਆ। ਜਦੋਂ ਮੈਂ ਆਪਣੇ ਬੱਚਿਆਂ ਨੂੰ ਆਪਣੇ ਸਿਰਜਣਹਾਰ ਦੀ ਸੇਵਾ ਮੇਰੇ ਡੈਡੀ ਜੀ ਵਾਂਗ ਬੜੇ ਜੋਸ਼ ਨਾਲ ਕਰਦੇ ਹੋਏ ਦੇਖਦਾ ਹਾਂ, ਤਾਂ ਮੈਨੂੰ ਬੜਾ ਹੌਸਲਾ ਤੇ ਉਤਸ਼ਾਹ ਮਿਲਦਾ ਹੈ। ਕਿਉਂਕਿ ਡੈਡੀ ਜੀ ਨੇ ਕਿਹਾ ਸੀ: “ਅਸੀਂ ਐਨੀ ਆਸਾਨੀ ਨਾਲ ਪ੍ਰਚਾਰ ਕਰਨਾ ਨਹੀਂ ਛੱਡ ਸਕਦੇ ਕਿਉਂਕਿ ਇਹ ਹੁਕਮ ਸਾਨੂੰ ਯਹੋਵਾਹ ਨੇ ਦਿੱਤਾ ਹੈ।” ਯਕੀਨਨ, ਯਹੋਵਾਹ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਰ ਵੇਲੇ ਸੰਭਾਲਿਆ ਹੈ।

[ਸਫ਼ੇ 24 ਉੱਤੇ ਤਸਵੀਰ]

ਡੈਡੀ ਜੀ ਨਾਲ ਮੇਰੇ ਵੱਡੇ ਭਰਾ ਤੇ ਮੇਰੀ ਭੈਣ, ਸਾਡੀ ਘਰ-ਨੁਮਾ ਬੱਘੀ ਜਿਸ ਨੂੰ ਅਸੀਂ ਪਾਇਨੀਅਰੀ ਦੇ ਦਿਨਾਂ ਦੌਰਾਨ ਵਰਤਦੇ ਸਾਂ। ਮੈਂ ਸੱਜੇ ਪਾਸੇ ਖੜ੍ਹਾ ਹਾਂ

[ਸਫ਼ੇ 26 ਉੱਤੇ ਤਸਵੀਰ]

ਆਪਣੀ ਪਤਨੀ ਮਰਨਾ ਨਾਲ

[ਸਫ਼ੇ 26 ਉੱਤੇ ਤਸਵੀਰ]

ਹਾਲ ਹੀ ਵਿਚ ਲਈ ਗਈ ਸਾਡੇ ਪਰਿਵਾਰ ਦੀ ਫੋਟੋ

[ਸਫ਼ੇ 27 ਉੱਤੇ ਤਸਵੀਰ]

ਮੈਂ ਅਜੇ ਵੀ ਚਿੱਠੀਆਂ ਲਿਖ ਕੇ ਪ੍ਰਚਾਰ ਕਰਦਾ ਹਾਂ