ਸਿਰਲ ਅਤੇ ਮਿਥੋਡੀਅਸ—ਵਰਣਮਾਲਾ ਦੀ ਕਾਢ ਕੱਢਣ ਵਾਲੇ ਬਾਈਬਲ ਅਨੁਵਾਦਕ
ਸਿਰਲ ਅਤੇ ਮਿਥੋਡੀਅਸ—ਵਰਣਮਾਲਾ ਦੀ ਕਾਢ ਕੱਢਣ ਵਾਲੇ ਬਾਈਬਲ ਅਨੁਵਾਦਕ
“ਸਾਡੀ ਕੌਮ ਬਪਤਿਸਮਾ-ਪ੍ਰਾਪਤ ਹੈ ਤੇ ਅਜੇ ਤਕ ਸਾਡਾ ਕੋਈ ਅਧਿਆਪਕ ਨਹੀਂ ਹੈ। ਸਾਨੂੰ ਨਾ ਤਾਂ ਯੂਨਾਨੀ ਭਾਸ਼ਾ ਸਮਝ ਆਉਂਦੀ ਹੈ ਤੇ ਨਾ ਹੀ ਲਾਤੀਨੀ। . . . ਨਾ ਹੀ ਅਸੀਂ ਲਿਖੇ ਹੋਏ ਸ਼ਬਦਾਂ ਨੂੰ ਤੇ ਨਾ ਹੀ ਉਨ੍ਹਾਂ ਦੇ ਅਰਥਾਂ ਨੂੰ ਸਮਝਦੇ ਹਾਂ। ਇਸ ਲਈ ਸਾਡੇ ਕੋਲ ਅਜਿਹੇ ਅਧਿਆਪਕਾਂ ਨੂੰ ਘੱਲੋ ਜੋ ਸਾਨੂੰ ਬਾਈਬਲ ਦੇ ਸ਼ਬਦਾਂ ਦੀ ਪਛਾਣ ਕਰਾ ਸਕਣ ਅਤੇ ਉਨ੍ਹਾਂ ਦੇ ਅਰਥਾਂ ਨੂੰ ਸਮਝਾ ਸਕਣ।” —ਮੋਰਾਵੀਆ ਦਾ ਰਾਜਕੁਮਾਰ ਰਾਸਤੀਸਲਾਫ਼, 862 ਸਾ.ਯੁ.
ਸਲਾਵੀ ਭਾਸ਼ਾਵਾਂ ਬੋਲਣ ਵਾਲੇ ਸਾਢੇ ਤਰਤਾਲੀ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੂੰ ਅੱਜ ਆਪਣੀ ਭਾਸ਼ਾ ਵਿਚ ਬਾਈਬਲ ਮਿਲ ਸਕਦੀ ਹੈ। * ਉਨ੍ਹਾਂ ਵਿੱਚੋਂ ਲਗਭਗ 36 ਕਰੋੜ ਲੋਕ ਸਿਰਿਲਿਕ ਵਰਣਮਾਲਾ ਵਰਤਦੇ ਹਨ। ਪਰ ਅੱਜ ਤੋਂ 12 ਸਦੀਆਂ ਪਹਿਲਾਂ ਉਨ੍ਹਾਂ ਦੇ ਪੂਰਵਜਾਂ ਦੀਆਂ ਉਪਭਾਸ਼ਾਵਾਂ ਦੀ ਨਾ ਤਾਂ ਕੋਈ ਲਿਪੀ ਸੀ ਤੇ ਨਾ ਹੀ ਕੋਈ ਵਰਣਮਾਲਾ ਸੀ। ਇਸ ਮੁਸ਼ਕਲ ਨੂੰ ਹੱਲ ਕਰਨ ਵਿਚ ਜਿਨ੍ਹਾਂ ਆਦਮੀਆਂ ਨੇ ਮਦਦ ਕੀਤੀ ਉਹ ਸਨ ਸਿਰਲ ਤੇ ਮਿਥੋਡੀਅਸ ਨਾਮਕ ਦੋ ਸਕੇ ਭਰਾ। ਪਰਮੇਸ਼ੁਰ ਦੇ ਬਚਨ ਨੂੰ ਪਿਆਰ ਕਰਨ ਵਾਲੇ ਲੋਕ ਪਾਉਣਗੇ ਕਿ ਇਨ੍ਹਾਂ ਦੋ ਭਰਾਵਾਂ ਨੇ ਬਾਈਬਲ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣ ਲਈ ਬੜੇ ਦਲੇਰ ਤੇ ਵੱਡੇ ਜਤਨ ਕਰ ਕੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਂਦਾ। ਇਹ ਆਦਮੀ ਕੌਣ ਸਨ ਤੇ ਇਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?
“ਫ਼ਿਲਾਸਫ਼ਰ” ਤੇ ਰਾਜਪਾਲ
ਸਿਰਲ (827-869 ਸਾ.ਯੁ., ਜਿਸ ਨੂੰ ਪਹਿਲਾਂ ਕਾਂਸਟੰਟਾਈਨ ਕਿਹਾ ਜਾਂਦਾ ਸੀ) ਤੇ ਮਿਥੋਡੀਅਸ (825-885 ਸਾ.ਯੁ.) ਦਾ ਜਨਮ ਯੂਨਾਨ ਦੇ ਥੈਸਾਲਾਨੀਕੀ ਸ਼ਹਿਰ ਵਿਚ ਰਹਿੰਦੇ ਇਕ ਉੱਚੇ ਘਰਾਣੇ ਵਿਚ ਹੋਇਆ। ਉਦੋਂ ਥੈਸਾਲਾਨੀਕੀ ਇਕ ਬਹੁ-ਭਾਸ਼ਾਈ ਸ਼ਹਿਰ ਸੀ ਤੇ ਇਸ ਦੇ ਵਾਸੀ ਯੂਨਾਨੀ ਅਤੇ ਇਕ ਤਰ੍ਹਾਂ ਦੀ ਸਲਾਵੀ ਭਾਸ਼ਾ ਬੋਲਦੇ ਸਨ। ਉੱਥੇ ਬਹੁਤ ਸਾਰੇ ਸਲਾਵੀ ਲੋਕ ਸਨ। ਇਸ ਤੋਂ ਇਲਾਵਾ, ਥੈਸਾਲਾਨੀਕੀ ਦੇ ਵਸਨੀਕ ਆਲੇ-ਦੁਆਲੇ ਰਹਿੰਦੇ ਸਲਾਵੀ ਸਮਾਜਾਂ ਨਾਲ ਵੀ ਅਕਸਰ ਮਿਲਦੇ-ਜੁਲਦੇ ਰਹਿੰਦੇ ਸਨ ਜਿਸ ਕਰਕੇ ਸ਼ਾਇਦ ਸਿਰਲ ਤੇ ਮਿਥੋਡੀਅਸ ਨੂੰ ਦੱਖਣੀ ਸਲਾਵੀਆਂ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦਾ ਮੌਕਾ ਮਿਲਿਆ ਹੋਵੇਗਾ। ਮਿਥੋਡੀਅਸ ਦੀ ਜੀਵਨੀ ਲਿਖਣ ਵਾਲੇ ਇਕ ਲੇਖਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮਾਂ ਸਲਾਵੀ ਮੂਲ ਦੀ ਸੀ।
ਸਿਰਲ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਿਜ਼ੰਤੀਨੀ ਸਾਮਰਾਜ ਦੀ ਰਾਜਧਾਨੀ ਕਾਂਸਟੈਂਟੀਨੋਪਲ ਚਲਾ ਗਿਆ। ਉੱਥੇ ਉਸ ਨੇ ਸ਼ਾਹੀ ਯੂਨੀਵਰਸਿਟੀ ਤੋਂ ਸਿੱਖਿਆ ਲਈ ਤੇ ਉੱਘੇ ਅਧਿਆਪਕਾਂ ਨਾਲ ਮਿਲਿਆ-ਗਿਲਿਆ। ਉਹ ਪੂਰਬ ਦੇ ਸਭ ਤੋਂ ਮਸ਼ਹੂਰ ਚਰਚ ਔਯੀਆ ਸੋਫ਼ੀਆ ਦਾ ਲਾਇਬ੍ਰੇਰੀਅਨ ਬਣਿਆ ਤੇ ਬਾਅਦ ਵਿਚ ਫ਼ਲਸਫ਼ੇ ਦਾ ਪ੍ਰੋਫ਼ੈਸਰ ਬਣ ਗਿਆ। ਅਸਲ ਵਿਚ ਸਿਰਲ ਨੇ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਕਰਕੇ ਇਹ ਉਪਨਾਮ “ਫ਼ਿਲਾਸਫ਼ਰ” ਕਮਾਇਆ।
ਪਰ ਇਸ ਸਮੇਂ ਦੌਰਾਨ, ਮਿਥੋਡੀਅਸ ਆਪਣੇ ਪਿਤਾ ਵਾਂਗ ਰਾਜਨੀਤਿਕ ਪ੍ਰਸ਼ਾਸਨ ਦਾ ਕੰਮ ਕਰਨ ਲੱਗ ਪਿਆ ਸੀ। ਉਹ ਇਕ
ਸਰਹੱਦੀ ਬਿਜ਼ੰਤੀਨੀ ਜ਼ਿਲ੍ਹੇ ਦਾ ਰਾਜਪਾਲ ਬਣ ਗਿਆ ਜਿੱਥੇ ਕਈ ਸਲਾਵੀ ਲੋਕ ਰਹਿੰਦੇ ਸਨ। ਪਰ ਬਾਅਦ ਵਿਚ ਉਹ ਏਸ਼ੀਆ ਮਾਈਨਰ ਦੇ ਬਿਥੁਨਿਯਾ ਦੇਸ਼ ਵਿਚ ਇਕ ਈਸਾਈ ਮੱਠ ਦਾ ਮੈਂਬਰ ਬਣ ਗਿਆ। ਸਾਲ 855 ਸਾ.ਯੁ. ਵਿਚ ਸਿਰਲ ਵੀ ਉਸ ਕੋਲ ਚਲਾ ਗਿਆ।ਸਾਲ 860 ਸਾ.ਯੁ. ਵਿਚ ਕਾਂਸਟੈਂਟੀਨੋਪਲ ਦੇ ਮੁੱਖ ਬਿਸ਼ਪ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਵਿਦੇਸ਼ੀ ਦੌਰੇ ਤੇ ਭੇਜਿਆ। ਉਨ੍ਹਾਂ ਨੂੰ ਕਾਲੇ ਸਾਗਰ ਦੇ ਉੱਤਰ-ਪੂਰਬ ਵਿਚ ਰਹਿੰਦੇ ਕਜ਼ਾਰ ਲੋਕਾਂ ਕੋਲ ਭੇਜਿਆ ਗਿਆ ਜਿਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਇਸਲਾਮ, ਯਹੂਦੀ ਮੱਤ ਤੇ ਮਸੀਹੀਅਤ ਵਿੱਚੋਂ ਕਿਹੜੇ ਧਰਮ ਨੂੰ ਅਪਣਾਉਣ। ਰਸਤੇ ਵਿਚ ਸਿਰਲ ਕੁਝ ਸਮਾਂ ਕ੍ਰੀਮੀਆ ਦੇ ਕਰਸਨੀਸ ਵਿਚ ਰਿਹਾ। ਕੁਝ ਵਿਦਵਾਨ ਮੰਨਦੇ ਹਨ ਕਿ ਉੱਥੇ ਉਸ ਨੇ ਇਬਰਾਨੀ ਤੇ ਸਾਮਰੀ ਭਾਸ਼ਾਵਾਂ ਸਿੱਖੀਆਂ ਤੇ ਉਸ ਨੇ ਕਜ਼ਾਰ ਲੋਕਾਂ ਦੀ ਭਾਸ਼ਾ ਵਿਚ ਇਬਰਾਨੀ ਵਿਆਕਰਣ ਦਾ ਤਰਜਮਾ ਕੀਤਾ।
ਮੋਰਾਵੀਆ ਤੋਂ ਸੱਦਾ
ਜਿਵੇਂ ਕਿ ਅਸੀਂ ਸ਼ੁਰੂ ਦੇ ਪੈਰੇ ਵਿਚ ਪੜ੍ਹ ਚੁੱਕੇ ਹਾਂ, 862 ਸਾ.ਯੁ. ਵਿਚ ਮੋਰਾਵੀਆ (ਜਿਸ ਨੂੰ ਅੱਜ ਪੂਰਬੀ ਚੇਚੀਆ, ਪੱਛਮੀ ਸਲੋਵਾਕੀਆ ਤੇ ਪੱਛਮੀ ਹੰਗਰੀ ਕਿਹਾ ਜਾਂਦਾ ਹੈ) ਦੇ ਰਾਜਕੁਮਾਰ ਰਾਸਤੀਸਲਾਫ਼ ਨੇ ਬਿਜ਼ੰਤੀਨੀ ਸਮਰਾਟ ਮਾਈਕਲ ਤੀਜੇ ਨੂੰ ਬੇਨਤੀ ਕੀਤੀ ਸੀ ਕਿ ਉਹ ਮੋਰਾਵੀਆ ਵਿਚ ਬਾਈਬਲ ਅਧਿਆਪਕ ਭੇਜੇ। ਮੋਰਾਵੀਆ ਦੇ ਸਲਾਵੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਪੂਰਬੀ ਫ਼ਰਾਂਕੀ ਰਾਜ (ਜਿਸ ਨੂੰ ਹੁਣ ਜਰਮਨੀ ਤੇ ਆਸਟ੍ਰੀਆ ਕਿਹਾ ਜਾਂਦਾ ਹੈ) ਦੇ ਮਿਸ਼ਨਰੀਆਂ ਨੇ ਚਰਚ ਦੀਆਂ ਸਿੱਖਿਆਵਾਂ ਸਿਖਾ ਦਿੱਤੀਆਂ ਸਨ। ਪਰ ਰਾਸਤੀਸਲਾਫ਼ ਜਰਮੈਨਿਕ ਕਬੀਲਿਆਂ ਦੇ ਰਾਜਨੀਤਿਕ ਅਤੇ ਧਾਰਮਿਕ ਪ੍ਰਭਾਵ ਬਾਰੇ ਫ਼ਿਕਰਮੰਦ ਸੀ। ਉਹ ਉਮੀਦ ਰੱਖਦਾ ਸੀ ਕਿ ਕਾਂਸਟੈਂਟੀਨੋਪਲ ਨਾਲ ਧਾਰਮਿਕ ਸੰਬੰਧ ਉਸ ਦੀ ਕੌਮ ਨੂੰ ਇਨ੍ਹਾਂ ਪ੍ਰਭਾਵਾਂ ਤੋਂ ਬਚਾਈ ਰੱਖੇਗਾ।
ਬਿਜ਼ੰਤੀਨ ਦੇ ਸਮਰਾਟ ਨੇ ਮਿਥੋਡੀਅਸ ਤੇ ਸਿਰਲ ਨੂੰ ਮੋਰਾਵੀਆ ਭੇਜਣ ਦਾ ਫ਼ੈਸਲਾ ਕੀਤਾ। ਦੋਵੇਂ ਭਰਾ ਇਸ ਕੰਮ ਵਿਚ ਅਗਵਾਈ ਲੈਣ ਦੇ ਯੋਗ ਸਨ ਕਿਉਂਕਿ ਉਹ ਕਾਫ਼ੀ ਪੜ੍ਹੇ-ਲਿਖੇ ਸਨ, ਅਧਿਆਪਕਾਂ ਵਜੋਂ ਕਾਬਲ ਸਨ ਤੇ ਭਾਸ਼ਾਵਾਂ ਦਾ ਚੰਗਾ ਗਿਆਨ ਰੱਖਦੇ ਸਨ। ਨੌਵੀਂ ਸਦੀ ਦੇ ਇਕ ਲੇਖਕ ਮੁਤਾਬਕ ਦੋਵਾਂ ਭਰਾਵਾਂ ਨੂੰ ਮੋਰਾਵੀਆ ਭੇਜਣ ਵੇਲੇ ਸਮਰਾਟ ਨੇ ਕਿਹਾ: “ਤੁਸੀਂ ਦੋਵੇਂ ਥੈਸਾਲਾਨੀਕੀ ਦੇ ਜੰਮਪਲ ਹੋ ਤੇ ਨਾਲੇ ਸਾਰੇ ਥੈਸਾਲਾਨੀਕੀ ਸ਼ੁੱਧ ਸਲਾਵੀ ਭਾਸ਼ਾ ਬੋਲਦੇ ਹਨ।”
ਵਰਣਮਾਲਾ ਤੇ ਬਾਈਬਲ ਤਰਜਮੇ ਦਾ ਜਨਮ
ਮੋਰਾਵੀਆ ਜਾਣ ਤੋਂ ਕਈ ਮਹੀਨੇ ਪਹਿਲਾਂ, ਇਸ ਕੰਮ ਦੀ ਤਿਆਰੀ ਵਿਚ ਸਿਰਲ ਨੇ ਸਲਾਵੀ ਲੋਕਾਂ ਲਈ ਇਕ ਲਿਪੀ ਤਿਆਰ ਕੀਤੀ। ਕਿਹਾ ਜਾਂਦਾ ਹੈ ਕਿ ਉਹ ਭਾਸ਼ਾ ਦੀਆਂ ਵੱਖੋ-ਵੱਖਰੀਆਂ ਧੁਨੀਆਂ ਨੂੰ ਪਛਾਣਨ ਵਿਚ ਬੜਾ ਹੀ ਮਾਹਰ ਸੀ। ਇੰਜ ਯੂਨਾਨੀ ਤੇ ਇਬਰਾਨੀ ਅੱਖਰਾਂ ਦੀ ਵਰਤੋਂ ਕਰਦੇ ਹੋਏ, ਉਸ ਨੇ ਸਲਾਵੋਨੀ ਭਾਸ਼ਾ ਦੀ ਹਰੇਕ ਧੁਨੀ ਲਈ ਇਕ-ਇਕ ਅੱਖਰ ਘੜਨ ਦੀ ਕੋਸ਼ਿਸ਼ ਕੀਤੀ। * ਕੁਝ ਖੋਜੀ ਵਿਸ਼ਵਾਸ ਕਰਦੇ ਹਨ ਕਿ ਉਸ ਨੇ ਕਈ ਸਾਲ ਪਹਿਲਾਂ ਹੀ ਅਜਿਹੀ ਵਰਣਮਾਲਾ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅਤੇ ਇਹ ਅਜੇ ਵੀ ਪੱਕਾ ਨਹੀਂ ਹੈ ਕਿ ਸਿਰਲ ਨੇ ਅਸਲ ਵਿਚ ਕਿਹੜੀ ਵਰਣਮਾਲਾ ਬਣਾਈ ਸੀ।—“ਸਿਰਿਲਿਕ ਜਾਂ ਗਲੈਗਲੀਡਿਕ?” ਨਾਮਕ ਡੱਬੀ ਦੇਖੋ।
ਵਰਣਮਾਲਾ ਬਣਾਉਣ ਦੇ ਨਾਲ-ਨਾਲ ਸਿਰਲ ਨੇ ਛੇਤੀ ਹੀ ਬਾਈਬਲ ਦਾ ਤਰਜਮਾ ਵੀ ਕਰਨਾ ਸ਼ੁਰੂ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਉਸ ਨੇ ਨਵੀਂ ਤਿਆਰ ਕੀਤੀ ਵਰਣਮਾਲਾ ਨੂੰ ਵਰਤਦੇ ਹੋਏ ਯੂਹੰਨਾ ਦੀ ਇੰਜੀਲ ਦੇ ਪਹਿਲੇ ਵਾਕ ਨੂੰ ਯੂਨਾਨੀ ਤੋਂ ਸਲਾਵੋਨੀ ਭਾਸ਼ਾ ਵਿਚ ਅਨੁਵਾਦ ਕੀਤਾ: “ਆਦ ਵਿਚ ਸ਼ਬਦ ਸੀ . . . ।” ਸਿਰਲ ਨੇ ਚਾਰ ਇੰਜੀਲਾਂ, ਪੌਲੁਸ ਦੀਆਂ ਚਿੱਠੀਆਂ ਅਤੇ ਜ਼ਬੂਰਾਂ ਦੀ ਪੋਥੀ ਦਾ ਤਰਜਮਾ ਕੀਤਾ।
ਕੀ ਇਹ ਕੰਮ ਉਸ ਨੇ ਇਕੱਲੇ ਨੇ ਕੀਤਾ ਸੀ? ਮਿਥੋਡੀਅਸ ਨੇ ਸ਼ਾਇਦ ਇਸ ਕੰਮ ਵਿਚ ਉਸ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ, ਕੇਮਬ੍ਰਿਜ ਮੀਡੀਵਲ ਹਿਸਟਰੀ ਨਾਮਕ ਕਿਤਾਬ ਦੱਸਦੀ ਹੈ: “ਇਹ ਸਮਝਣਾ ਆਸਾਨ ਹੈ ਕਿ [ਸਿਰਲ] ਦੀ ਉਨ੍ਹਾਂ ਲੋਕਾਂ ਨੇ ਵੀ ਮਦਦ ਕੀਤੀ ਹੋਵੇਗੀ ਜਿਹੜੇ ਸਲਾਵੀ ਮੂਲ ਦੇ ਹੋਣ ਦੇ ਨਾਲ-ਨਾਲ ਯੂਨਾਨੀ ਭਾਸ਼ਾ ਵੀ ਜਾਣਦੇ ਸਨ। ਜੇ ਅਸੀਂ ਸਭ ਤੋਂ ਪੁਰਾਣੇ ਤਰਜਮਿਆਂ ਦੀ ਜਾਂਚ ਕਰੀਏ, . . . ਤਾਂ ਸਾਨੂੰ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ ਕਿ ਸਿਰਲ ਦੀ ਮਦਦ ਸਲਾਵੀ ਲੋਕਾਂ ਨੇ ਕੀਤੀ ਸੀ ਜਿਨ੍ਹਾਂ ਨੂੰ ਸਲਾਵੀ ਭਾਸ਼ਾ ਦੀ ਡੂੰਘੀ ਜਾਣਕਾਰੀ ਸੀ।” ਬਾਅਦ ਵਿਚ ਬਾਕੀ ਅਧੂਰੀ ਰਹਿੰਦੀ ਬਾਈਬਲ ਦਾ ਤਰਜਮਾ ਮਿਥੋਡੀਅਸ ਨੇ ਪੂਰਾ ਕੀਤਾ ਸੀ ਜਿਵੇਂ ਅਸੀਂ ਅੱਗੇ ਜਾ ਕੇ ਦੇਖਾਂਗੇ।
“ਭੁੱਖੇ ਸ਼ੇਰਾਂ ਵਾਂਗ”
ਮੋਰਾਵੀਆ ਵਿਚ ਸਿਰਲ ਤੇ ਮਿਥੋਡੀਅਸ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ 863 ਸਾ.ਯੁ. ਵਿਚ ਉਨ੍ਹਾਂ ਨੇ ਉੱਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਗਿਰਜਿਆਂ ਦੀਆਂ ਰਸਮਾਂ ਦੀਆਂ ਕਿਤਾਬਾਂ ਤੇ ਬਾਈਬਲ ਦਾ ਤਰਜਮਾ ਕਰਨ ਤੋਂ ਇਲਾਵਾ, ਉੱਥੋਂ ਦੇ ਲੋਕਾਂ ਨੂੰ ਨਵੀਂ ਸਲਾਵੋਨੀ ਲਿਪੀ ਵੀ ਸਿਖਾਈ।
ਪਰ ਇਹ ਸਭ ਕੁਝ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਮੋਰਾਵੀਆ ਦੇ ਫ਼ਰਾਂਕੀ ਪਾਦਰੀਆਂ ਨੇ ਸਲਾਵੋਨੀ ਭਾਸ਼ਾ ਵਰਤਣ ਦਾ ਸਖ਼ਤ ਵਿਰੋਧ ਕੀਤਾ। ਉਹ ਤ੍ਰੈਭਾਸ਼ੀ ਥਿਊਰੀ ਨੂੰ ਮੰਨਦੇ ਸਨ ਕਿ ਭਗਤੀ ਵਿਚ ਸਿਰਫ਼ ਲਾਤੀਨੀ, ਯੂਨਾਨੀ ਤੇ ਇਬਰਾਨੀ ਭਾਸ਼ਾਵਾਂ ਨੂੰ ਹੀ ਵਰਤਿਆ ਜਾਣਾ ਚਾਹੀਦਾ ਹੈ। ਆਪਣੀ ਨਵੀਂ ਲਿਖਤੀ ਭਾਸ਼ਾ ਨੂੰ ਵਰਤਣ ਲਈ ਪੋਪ ਦੀ ਹਿਮਾਇਤ ਹਾਸਲ ਕਰਨ ਦੀ ਉਮੀਦ ਵਿਚ, ਦੋਵੇਂ ਭਰਾ 867 ਸਾ.ਯੁ. ਵਿਚ ਰੋਮ ਨੂੰ ਰਵਾਨਾ ਹੋ ਗਏ।
ਰਸਤੇ ਵਿਚ ਪੈਂਦੇ ਵੈਨਿਸ ਸ਼ਹਿਰ ਵਿਚ ਸਿਰਲ ਤੇ ਮਿਥੋਡੀਅਸ ਨੂੰ ਤ੍ਰੈਭਾਸ਼ੀ ਥਿਊਰੀ ਦੀ ਹਿਮਾਇਤ ਕਰਨ ਵਾਲੇ ਲਾਤੀਨੀ ਪਾਦਰੀਆਂ ਦੇ ਇਕ ਹੋਰ ਸਮੂਹ ਦਾ ਸਾਮ੍ਹਣਾ ਕਰਨਾ ਪਿਆ। ਸਿਰਲ ਦੀ ਜੀਵਨੀ ਲਿਖਣ ਵਾਲਾ ਇਕ ਮੱਧ ਯੁਗ ਦਾ ਲੇਖਕ ਕਹਿੰਦਾ ਹੈ ਕਿ ਉੱਥੋਂ ਦੇ ਬਿਸ਼ਪ, ਪਾਦਰੀ ਅਤੇ ਮੱਠਵਾਸੀ ਸਿਰਲ ਉੱਤੇ “ਭੁੱਖੇ ਸ਼ੇਰਾਂ ਵਾਂਗ ਆ ਝਪਟੇ।” ਇਸ ਬਿਰਤਾਂਤ ਅਨੁਸਾਰ, ਸਿਰਲ ਨੇ 1 ਕੁਰਿੰਥੀਆਂ 14:8, 9 ਦਾ ਹਵਾਲਾ ਦਿੰਦੇ ਹੋਏ ਕਿਹਾ: “ਜੇ ਤੁਰ੍ਹੀ ਬੇ ਠਿਕਾਣੇ ਅਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨ੍ਹੇਗਾ? ਇਸੇ ਤਰਾਂ ਤੁਸੀਂ ਵੀ ਜੇ ਸਿੱਧੀ ਗੱਲ ਆਪਣੀ ਜ਼ਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇ ਜੋ ਕੀ ਬੋਲਿਆ ਜਾਂਦਾ ਹੈ? ਤੁਸੀਂ ਪੌਣ ਨਾਲ ਗੱਲਾਂ ਕਰਨ ਵਾਲੇ ਹੋਵੋਗੇ।”
ਆਖ਼ਰਕਾਰ ਜਦੋਂ ਇਹ ਦੋਵੇਂ ਭਰਾ ਰੋਮ ਪਹੁੰਚੇ, ਤਾਂ ਉੱਥੋਂ ਦੇ ਪੋਪ ਏਡਰੀਅਨ ਦੂਜੇ ਨੇ ਸਲਾਵੋਨੀ ਭਾਸ਼ਾ ਵਰਤਣ ਦੀ ਪੂਰੀ ਖੁੱਲ੍ਹ ਦੇ ਦਿੱਤੀ। ਸਿਰਲ ਨੂੰ ਜਦੋਂ ਰੋਮ ਵਿਚ ਅਜੇ ਕੁਝ ਹੀ ਮਹੀਨੇ ਹੋਏ ਸਨ, ਤਾਂ ਉਹ ਬੁਰੀ ਤਰ੍ਹਾਂ ਬੀਮਾਰ ਪੈ ਗਿਆ। ਕੁਝ ਦੋ ਮਹੀਨਿਆਂ ਬਾਅਦ, 42 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ।
ਪੋਪ ਏਡਰੀਅਨ ਦੂਜੇ ਨੇ ਮਿਥੋਡੀਅਸ ਨੂੰ ਮੋਰਾਵੀਆ ਤੇ ਨੀਟਰੌ ਸ਼ਹਿਰ, ਜਿਸ ਨੂੰ ਹੁਣ ਸਲੋਵਾਕੀਆ ਕਿਹਾ ਜਾਂਦਾ ਹੈ, ਵਿਚ ਜਾ ਕੇ ਫਿਰ ਤੋਂ ਕੰਮ ਸ਼ੁਰੂ ਕਰਨ ਦੀ ਹੱਲਾ-ਸ਼ੇਰੀ ਦਿੱਤੀ। ਪੋਪ ਨੇ ਉਸ ਇਲਾਕੇ ਉੱਤੇ ਆਪਣਾ ਪ੍ਰਭਾਵ ਵਧਾਉਣ ਲਈ ਮਿਥੋਡੀਅਸ ਨੂੰ ਸਲਾਵੋਨੀ ਭਾਸ਼ਾ ਵਰਤਣ ਲਈ ਪ੍ਰਵਾਨਗੀ ਪੱਤਰ ਦਿੱਤੇ ਤੇ ਉਸ ਨੂੰ ਮੁੱਖ ਬਿਸ਼ਪ ਨਿਯੁਕਤ ਕਰ ਦਿੱਤਾ। ਪਰ 870 ਸਾ.ਯੁ. ਵਿਚ ਫ਼ਰਾਂਕੀ ਬਿਸ਼ਪ, ਹਰਮੌਨਰਿਖ਼ ਨੇ ਨੀਟਰੌ ਦੇ ਰਾਜਕੁਮਾਰ ਸਵੌਤੋਪਲੁਕ ਦੀ ਮਦਦ ਨਾਲ ਮਿਥੋਡੀਅਸ ਨੂੰ ਗਿਰਫ਼ਤਾਰ ਕਰ ਲਿਆ। ਮਿਥੋਡੀਅਸ ਨੂੰ ਦੱਖਣੀ-ਪੂਰਬੀ ਜਰਮਨੀ ਦੇ ਇਕ ਈਸਾਈ ਮੱਠ ਵਿਚ ਢਾਈ ਸਾਲ ਕੈਦ ਕਰ ਕੇ ਰੱਖਿਆ ਗਿਆ। ਆਖ਼ਰਕਾਰ ਏਡਰੀਅਨ ਦੂਜੇ ਦੇ ਉਤਰਾਧਿਕਾਰੀ, ਪੋਪ ਜੌਨ ਅੱਠਵੇਂ ਨੇ ਮਿਥੋਡੀਅਸ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਤੇ ਉਸ ਨੂੰ ਫਿਰ ਮੁੱਖ ਬਿਸ਼ਪ ਨਿਯੁਕਤ ਕਰ ਦਿੱਤਾ ਅਤੇ ਨਾਲੇ ਪਹਿਲੇ ਪੋਪ ਦੇ ਫ਼ੈਸਲੇ ਦੀ ਹਿਮਾਇਤ ਕੀਤੀ ਕਿ ਭਗਤੀ ਵਿਚ ਸਲਾਵੋਨੀ ਭਾਸ਼ਾ ਵਰਤੀ ਜਾ ਸਕਦੀ ਸੀ।
ਪਰ ਫ਼ਰਾਂਕੀ ਪਾਦਰੀਆਂ ਨੇ ਵਿਰੋਧ ਕਰਨਾ ਜਾਰੀ ਰੱਖਿਆ। ਮਿਥੋਡੀਅਸ ਨੇ ਆਪਣੇ ਉੱਤੇ ਲਾਏ ਧਰਮ-ਵਿਰੋਧੀ ਦੋਸ਼ਾਂ ਤੋਂ ਆਪਣਾ ਸਫ਼ਲਤਾਪੂਰਵਕ ਬਚਾਅ ਕੀਤਾ ਤੇ ਆਖ਼ਰਕਾਰ ਉਸ ਨੇ ਚਰਚ ਵਿਚ ਸਲਾਵੋਨੀ ਭਾਸ਼ਾ ਵਰਤਣ ਲਈ ਪੋਪ ਜੌਨ ਅੱਠਵੇਂ ਦਾ ਹੁਕਮਨਾਮਾ ਹਾਸਲ ਕਰ ਲਿਆ। ਮੌਜੂਦਾ ਪੋਪ ਜੌਨ ਪੌਲ ਦੂਜੇ ਨੇ ਮੰਨਿਆ ਹੈ ਕਿ ਮਿਥੋਡੀਅਸ ਦੀ ਜ਼ਿੰਦਗੀ “ਸਫ਼ਰਾਂ, ਤੰਗੀਆਂ, ਦੁੱਖਾਂ, ਦੁਸ਼ਮਣੀਆਂ ਅਤੇ ਸਤਾਹਟਾਂ, . . . ਇੱਥੋਂ ਤਕ ਕਿ ਕੁਝ ਸਮੇਂ ਲਈ ਦੁਖਦਾਈ ਕੈਦਾਂ ਵਿਚ ਵੀ” ਗੁਜ਼ਰੀ। ਹੈਰਾਨੀ ਦੀ ਗੱਲ ਹੈ ਕਿ ਮਿਥੋਡੀਅਸ ਨੂੰ ਇਹ ਸਭ ਕੁਝ ਉਨ੍ਹਾਂ ਬਿਸ਼ਪਾਂ ਅਤੇ ਰਾਜਕੁਮਾਰਾਂ ਹੱਥੋਂ ਸਹਿਣਾ ਪਿਆ ਜਿਨ੍ਹਾਂ ਦੇ ਰੋਮ ਨਾਲ ਬੜੇ ਚੰਗੇ ਸੰਬੰਧ ਸਨ।
ਪੂਰੀ ਬਾਈਬਲ ਦਾ ਤਰਜਮਾ
ਸਖ਼ਤ ਵਿਰੋਧ ਦੇ ਬਾਵਜੂਦ, ਮਿਥੋਡੀਅਸ ਨੇ ਸ਼ਾਰਟਹੈਂਡ ਲੇਖਕਾਂ ਦੀ ਮਦਦ ਨਾਲ ਬਾਕੀ ਰਹਿੰਦੀ ਬਾਈਬਲ ਦਾ ਸਲਾਵੋਨੀ ਭਾਸ਼ਾ ਵਿਚ ਤਰਜਮਾ ਪੂਰਾ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਨੇ ਇਹ ਵੱਡਾ ਕੰਮ ਸਿਰਫ਼ ਅੱਠਾਂ ਮਹੀਨਿਆਂ ਵਿਚ ਹੀ ਪੂਰਾ ਕਰ ਦਿੱਤਾ ਸੀ। ਪਰ ਉਸ ਨੇ ਮੈਕਾਬੀਆਂ ਦੀਆਂ ਅਪੌਕ੍ਰਿਫ਼ਾ ਨਾਮਕ ਕਿਤਾਬਾਂ ਦਾ ਤਰਜਮਾ ਨਹੀਂ ਕੀਤਾ।
ਅੱਜ ਇਹ ਪਤਾ ਲਾਉਣਾ ਮੁਸ਼ਕਲ ਹੈ ਕਿ ਸਿਰਲ ਤੇ ਮਿਥੋਡੀਅਸ ਨੇ ਕਿੰਨਾ ਸਹੀ-ਸਹੀ ਤਰਜਮਾ ਕੀਤਾ ਸੀ। ਕਿਉਂਕਿ ਉਨ੍ਹਾਂ ਦੇ ਤਰਜਮੇ ਦੀਆਂ ਅੱਜ ਸਿਰਫ਼ ਕੁਝ ਕੁ ਹੱਥ-ਲਿਖਤਾਂ ਹੀ ਮੌਜੂਦ ਹਨ ਜੋ ਉਨ੍ਹਾਂ ਦੇ ਸਮੇਂ ਦੇ ਨੇੜੇ-ਤੇੜੇ ਦੀਆਂ ਹਨ। ਇਨ੍ਹਾਂ ਪੁਰਾਣੀਆਂ ਲਿਖਤਾਂ ਦੀ ਜਾਂਚ ਕਰਨ ਤੇ ਭਾਸ਼ਾ-ਵਿਗਿਆਨੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਕੁਦਰਤੀ ਲਹਿਜੇ ਵਿਚ ਸਹੀ-ਸਹੀ ਤਰਜਮਾ ਕੀਤਾ ਸੀ। ਕਿਤਾਬ ਸਾਡੀ ਸਲਾਵਿਕ ਬਾਈਬਲ (ਅੰਗ੍ਰੇਜ਼ੀ) ਦੱਸਦੀ ਹੈ ਕਿ ਦੋਵਾਂ ਭਰਾਵਾਂ ਨੂੰ “ਕਈ ਨਵੇਂ ਸ਼ਬਦ ਤੇ ਵਾਕਾਂਸ਼ ਘੜਨੇ ਪਏ . . . ਅਤੇ ਉਨ੍ਹਾਂ ਨੇ ਇਹ ਸਭ ਕੁਝ ਬਿਲਕੁਲ ਸਹੀ-ਸਹੀ ਕੀਤਾ [ਅਤੇ] ਸਲਾਵੀ ਭਾਸ਼ਾ ਨੂੰ ਇਕ ਉੱਚ-ਕੋਟੀ ਦੀ ਬੇਮਿਸਾਲ ਸ਼ਬਦਾਵਲੀ ਪ੍ਰਦਾਨ ਕੀਤੀ।”
ਉਨ੍ਹਾਂ ਦੀ ਮਿਹਨਤ ਰੰਗ ਲਿਆਈ
ਸਾਲ 885 ਸਾ.ਯੁ. ਵਿਚ ਮਿਥੋਡੀਅਸ ਦੇ ਮਰਨ ਤੋਂ ਬਾਅਦ, ਉਸ ਦੇ ਚੇਲਿਆਂ ਨੂੰ ਫ਼ਰਾਂਕੀ ਵਿਰੋਧੀਆਂ ਨੇ ਮੋਰਾਵੀਆ ਵਿੱਚੋਂ ਕੱਢ ਦਿੱਤਾ। ਉਨ੍ਹਾਂ ਚੇਲਿਆਂ ਨੇ ਬੋਹੀਮੀਆ, ਦੱਖਣੀ ਪੋਲੈਂਡ ਤੇ ਬਲਗੇਰੀਆ ਵਿਚ ਪਨਾਹ ਲੈ ਲਈ। ਇੰਜ ਉਨ੍ਹਾਂ ਨੇ ਸਿਰਲ ਤੇ ਮਿਥੋਡੀਅਸ ਦਾ ਕੰਮ ਜਾਰੀ ਰੱਖਿਆ ਤੇ ਇਸ ਨੂੰ ਅੱਗੋਂ ਫੈਲਾਇਆ। ਇਨ੍ਹਾਂ ਦੋਵਾਂ ਭਰਾਵਾਂ ਨੇ ਸਲਾਵੋਨੀ ਭਾਸ਼ਾ ਨੂੰ ਇਕ ਲਿਖਤੀ ਤੇ ਪੱਕਾ ਰੂਪ ਦਿੱਤਾ ਜਿਸ ਕਾਰਨ ਇਹ ਭਾਸ਼ਾ ਵਧੀ-ਫੁੱਲੀ। ਇਸ ਦਾ ਸ਼ਬਦ-ਭੰਡਾਰ ਵੀ ਵਧਦਾ ਗਿਆ ਤੇ ਬਾਅਦ ਵਿਚ ਇਸ ਤੋਂ ਬਹੁਤ ਸਾਰੀਆਂ ਉਪਭਾਸ਼ਾਵਾਂ ਬਣੀਆਂ। ਅੱਜ ਸਲਾਵੀ ਭਾਸ਼ਾਵਾਂ ਵਿਚ 13 ਮੁੱਖ ਭਾਸ਼ਾਵਾਂ ਤੇ ਕਈ ਉਪਭਾਸ਼ਾਵਾਂ ਸ਼ਾਮਲ ਹਨ।
ਇਸ ਤੋਂ ਇਲਾਵਾ, ਸਿਰਲ ਤੇ ਮਿਥੋਡੀਅਸ ਦੇ ਬਾਈਬਲ ਤਰਜਮੇ ਲਈ ਕੀਤੇ ਦਲੇਰ ਜਤਨਾਂ ਸਦਕਾ ਅੱਜ ਸਲਾਵੀ ਭਾਸ਼ਾਵਾਂ ਵਿਚ ਬਾਈਬਲ ਦੇ ਵੱਖੋ-ਵੱਖਰੇ ਤਰਜਮੇ ਉਪਲਬਧ ਹਨ। ਇਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਕਰੋੜਾਂ ਲੋਕ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਆਪਣੀ ਭਾਸ਼ਾ ਵਿਚ ਪਾ ਕੇ ਫ਼ਾਇਦਾ ਉਠਾਉਂਦੇ ਹਨ। ਐਨੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਇਹ ਸ਼ਬਦ ਕਿੰਨੇ ਸੱਚ ਸਾਬਤ ਹੋਏ ਹਨ: “ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ”!—ਯਸਾਯਾਹ 40:8.
[ਫੁਟਨੋਟ]
^ ਪੈਰਾ 3 ਸਲਾਵੀ ਭਾਸ਼ਾਵਾਂ ਪੂਰਬੀ ਤੇ ਕੇਂਦਰੀ ਯੂਰਪ ਵਿਚ ਬੋਲੀਆਂ ਜਾਂਦੀਆਂ ਹਨ ਤੇ ਇਨ੍ਹਾਂ ਵਿਚ ਰੂਸੀ, ਯੂਕਰੇਨੀ, ਸਰਬੀਆਈ, ਪੋਲਿਸ਼, ਚੈੱਕ, ਬਲਗੇਰੀਅਨ ਅਤੇ ਇਹੋ ਜਿਹੀਆਂ ਹੋਰ ਭਾਸ਼ਾਵਾਂ ਸ਼ਾਮਲ ਹਨ।
^ ਪੈਰਾ 13 ਇਸ ਲੇਖ ਵਿਚ “ਸਲਾਵੋਨੀ” ਉਸ ਸਲਾਵੀ ਉਪਭਾਸ਼ਾ ਨੂੰ ਦਰਸਾਉਂਦੀ ਹੈ ਜੋ ਸਿਰਲ ਤੇ ਮਿਥੋਡੀਅਸ ਨੇ ਲੋਕਾਂ ਨੂੰ ਬਾਈਬਲ ਸਿਖਾਉਣ ਤੇ ਆਪਣੀਆਂ ਸਾਹਿੱਤਕ ਰਚਨਾਵਾਂ ਲਈ ਵਰਤੀ ਸੀ। ਅੱਜ ਕੁਝ ਲੋਕ “ਪੁਰਾਣੀ ਸਲਾਵੋਨੀ” ਜਾਂ “ਪੁਰਾਣੀ ਚਰਚ ਸਲਾਵੋਨੀ” ਸ਼ਬਦਾਂ ਨੂੰ ਵਰਤਦੇ ਹਨ। ਭਾਸ਼ਾ-ਵਿਗਿਆਨੀ ਮੰਨਦੇ ਹਨ ਕਿ ਨੌਵੀਂ ਸਦੀ ਸਾ.ਯੁ. ਵਿਚ ਸਲਾਵੀ ਲੋਕ ਕਈ ਭਾਸ਼ਾਵਾਂ ਬੋਲਦੇ ਸਨ।
[ਸਫ਼ੇ 29 ਉੱਤੇ ਡੱਬੀ]
ਸਿਰਿਲਿਕ ਜਾਂ ਗਲੈਗਲੀਡਿਕ?
ਸਿਰਲ ਦੁਆਰਾ ਬਣਾਈ ਵਰਣਮਾਲਾ ਉੱਤੇ ਕਾਫ਼ੀ ਵਾਦ-ਵਿਵਾਦ ਹੁੰਦਾ ਰਿਹਾ ਹੈ ਕਿਉਂਕਿ ਭਾਸ਼ਾ-ਵਿਗਿਆਨੀ ਨਿਸ਼ਚਿਤ ਨਹੀਂ ਹਨ ਕਿ ਇਹ ਅਸਲ ਵਿਚ ਕਿਹੜੀ ਵਰਣਮਾਲਾ ਸੀ। ਸਿਰਿਲਿਕ ਵਰਣਮਾਲਾ ਕਾਫ਼ੀ ਹੱਦ ਤਕ ਯੂਨਾਨੀ ਵਰਣਮਾਲਾ ਉੱਤੇ ਆਧਾਰਿਤ ਹੈ। ਪਰ ਸਲਾਵੋਨੀ ਭਾਸ਼ਾ ਦੀਆਂ ਕਈ ਧੁਨੀਆਂ ਯੂਨਾਨੀ ਵਿਚ ਨਹੀਂ ਮਿਲਦੀਆਂ ਜਿਸ ਕਰਕੇ ਬਾਰਾਂ ਕੁ ਹੋਰ ਅੱਖਰ ਬਣਾਏ ਗਏ। ਪਰ ਕੁਝ ਸਭ ਤੋਂ ਪੁਰਾਣੀਆਂ ਸਲਾਵੋਨੀ ਲਿਖਤਾਂ ਵਿਚ ਬਿਲਕੁਲ ਵੱਖਰੀ ਲਿਪੀ ਵਰਤੀ ਗਈ ਹੈ ਜੋ ਗਲੈਗਲੀਡਿਕ ਲਿਪੀ ਵਜੋਂ ਜਾਣੀ ਜਾਂਦੀ ਹੈ। ਕਈ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਸਿਰਲ ਨੇ ਇਸ ਲਿਪੀ ਦੀ ਕਾਢ ਕੱਢੀ ਸੀ। ਲੱਗਦਾ ਹੈ ਕਿ ਗਲੈਗਲੀਡਿਕ ਲਿਪੀ ਦੇ ਕੁਝ ਅੱਖਰ ਪ੍ਰਵਾਹੀ ਲਿਖਤ ਵਿਚ ਲਿਖੇ ਯੂਨਾਨੀ ਜਾਂ ਇਬਰਾਨੀ ਅੱਖਰਾਂ ਤੋਂ ਲਏ ਗਏ ਸਨ। ਕੁਝ ਅੱਖਰ ਸ਼ਾਇਦ ਮੱਧਕਾਲੀ ਲਿਪੀ ਦੀਆਂ ਮਾਤਰਾਂ ਤੋਂ ਬਣਾਏ ਗਏ ਸਨ, ਪਰ ਜ਼ਿਆਦਾਤਰ ਅੱਖਰ ਬਿਲਕੁਲ ਨਵੇਂ ਅਤੇ ਅਨੋਖੇ ਹਨ। ਗਲੈਗਲੀਡਿਕ ਲਿਪੀ ਕਿਸੇ ਹੋਰ ਭਾਸ਼ਾ ਤੋਂ ਨਹੀਂ ਲਈ ਗਈ ਸੀ, ਬਲਕਿ ਇਹ ਦੂਸਰੀਆਂ ਲਿਪੀਆਂ ਤੋਂ ਬਿਲਕੁਲ ਵੱਖਰੀ ਜਾਪਦੀ ਹੈ। ਪਰ ਸਿਰਿਲਿਕ ਲਿਪੀ ਤੋਂ ਹੀ ਅੱਜ ਦੀਆਂ ਰੂਸੀ, ਯੂਕਰੇਨੀ, ਸਰਬੀਆਈ, ਬਲਗੇਰੀਅਨ ਤੇ ਮੈਸੇਡੋਨੀਅਨ ਲਿਪੀਆਂ ਅਤੇ 22 ਹੋਰ ਭਾਸ਼ਾਵਾਂ ਵਿਕਸਿਤ ਹੋਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਭਾਸ਼ਾਵਾਂ ਸਲਾਵੋਨੀ ਨਹੀਂ ਹਨ।
[ਸਿਰਿਲਿਕ ਤੇ ਗਲੈਗਲੀਡਿਕ ਅੱਖਰਾਂ]
[ਸਫ਼ੇ 31 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਬਾਲਟਿਕ ਸਾਗਰ
(ਪੋਲੈਂਡ)
ਬੋਹੀਮੀਆ (ਚੇਚੀਆ)
ਮੋਰਾਵੀਆ (ਪੂ. ਚੇਚੀਆ, ਪ. ਸਲੋਵਾਕੀਆ, ਪ. ਹੰਗਰੀ)
ਨੀਟਰੌ
ਪੂਰਬੀ ਫ਼ਰਾਂਕੀ ਰਾਜ (ਜਰਮਨੀ ਤੇ ਆਸਟ੍ਰੀਆ)
ਇਟਲੀ
ਵੈਨਿਸ
ਰੋਮ
ਭੂਮੱਧ ਸਾਗਰ
ਬਲਗੇਰੀਆ
ਯੂਨਾਨ
ਥੈਸਾਲਾਨੀਕੀ
(ਕ੍ਰੀਮੀਆ)
ਕਾਲਾ ਸਾਗਰ
ਬਿਥੁਨਿਯਾ
ਕਾਂਸਟੈਂਟੀਨੋਪਲ (ਇਸਤੰਬੁਲ)
[ਸਫ਼ੇ 31 ਉੱਤੇ ਤਸਵੀਰ]
1581 ਦੀ ਸਿਰਿਲਿਕ ਲਿਪੀ ਵਿਚ ਸਲਾਵੋਨੀ ਬਾਈਬਲ
[ਕ੍ਰੈਡਿਟ ਲਾਈਨ]
Bible: Narodna in univerzitetna knjiz̆nica-Slovenija-Ljubljana