Skip to content

Skip to table of contents

ਆਤਮਿਕ ਮਨਸ਼ਾ ਕਰੋ ਅਤੇ ਜੀਓ!

ਆਤਮਿਕ ਮਨਸ਼ਾ ਕਰੋ ਅਤੇ ਜੀਓ!

ਆਤਮਿਕ ਮਨਸ਼ਾ ਕਰੋ ਅਤੇ ਜੀਓ!

‘ਆਤਮਕ ਮਨਸ਼ਾ ਜੀਵਨ ਹੈ।’​—ਰੋਮੀਆਂ 8:6.

1, 2. ਬਾਈਬਲ “ਸਰੀਰ” ਅਤੇ “ਆਤਮਾ” ਵਿਚਕਾਰ ਕਿਹੜਾ ਫ਼ਰਕ ਜ਼ਾਹਰ ਕਰਦੀ ਹੈ?

ਇਸ ਬਦਚਲਣ ਸਮਾਜ ਵਿਚ ਲੋਕ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਬਾਰੇ ਹੀ ਸੋਚਦੇ ਹਨ। ਇਸ ਕਰਕੇ ਪਰਮੇਸ਼ੁਰ ਸਾਮ੍ਹਣੇ ਨੇਕ ਅਤੇ ਸ਼ੁੱਧ ਚਾਲ-ਚੱਲਣ ਕਾਇਮ ਰੱਖਣਾ ਕੋਈ ਸੌਖੀ ਗੱਲ ਨਹੀਂ। ਲੇਕਿਨ, ਬਾਈਬਲ ਦਿਖਾਉਂਦੀ ਹੈ ਕਿ “ਸਰੀਰ” ਅਤੇ “ਆਤਮਾ” ਵਿਚਕਾਰ ਬਹੁਤ ਵੱਡਾ ਫ਼ਰਕ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਾਪੀ ਸਰੀਰ ਦੇ ਵੱਸ ਵਿਚ ਆਉਣ ਦੇ ਭਿਆਨਕ ਨਤੀਜੇ ਕੀ ਹੋ ਸਕਦੇ ਹਨ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਪ੍ਰਭਾਵ ਅਧੀਨ ਰਹਿਣ ਦੁਆਰਾ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ।

2 ਮਿਸਾਲ ਲਈ, ਯਿਸੂ ਮਸੀਹ ਨੇ ਕਿਹਾ ਸੀ: “ਜੀਉਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ ਅਤੇ ਜੀਉਣ ਹਨ।” (ਯੂਹੰਨਾ 6:63) ਗਲਾਤਿਯਾ ਦੇ ਮਸੀਹੀਆਂ ਨੂੰ ਪੌਲੁਸ ਨੇ ਇਹ ਲਿਖਿਆ: “ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਕਿਉਂ ਜੋ ਏਹ ਇੱਕ ਦੂਏ ਦੇ ਵਿਰੁੱਧ ਹਨ।” (ਗਲਾਤੀਆਂ 5:17) ਪੌਲੁਸ ਨੇ ਇਹ ਵੀ ਕਿਹਾ ਕਿ “ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।”​—ਗਲਾਤੀਆਂ 6:8.

3. ਗ਼ਲਤ ਇੱਛਾਵਾਂ ਅਤੇ ਝੁਕਾਵਾਂ ਤੋਂ ਆਜ਼ਾਦ ਹੋਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?

3 ਯਹੋਵਾਹ ਦੀ ਪਵਿੱਤਰ ਆਤਮਾ, ਯਾਨੀ ਉਸ ਦੀ ਸ਼ਕਤੀ, ਇਕ ਵਧੀਆ ਤਰੀਕੇ ਵਿਚ ਸਾਡੀ ਮਦਦ ਕਰਦੀ ਹੈ। ਹਾਂ, ਇਹ ਸਾਡੇ ਅੰਦਰੋਂ ਅਸ਼ੁੱਧ “ਸਰੀਰਕ ਕਾਮਨਾਂ” ਅਤੇ ਪਾਪੀ ਸਰੀਰ ਦੇ ਵਿਨਾਸ਼ਕਾਰੀ ਝੁਕਾਵਾਂ ਨੂੰ ਜੜ੍ਹੋਂ ਪੁੱਟ ਸਕਦੀ ਹੈ। (1 ਪਤਰਸ 2:11) ਗ਼ਲਤ ਝੁਕਾਵਾਂ ਤੋਂ ਆਜ਼ਾਦ ਹੋਣ ਲਈ ਪਰਮੇਸ਼ੁਰ ਦੀ ਆਤਮਾ ਦੀ ਮਦਦ ਜ਼ਰੂਰੀ ਹੈ। ਪੌਲੁਸ ਨੇ ਲਿਖਿਆ ਕਿ “ਸਰੀਰਕ ਮਨਸ਼ਾ ਮੌਤ ਹੈ ਪਰ ਆਤਮਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ।” (ਰੋਮੀਆਂ 8:6) ਆਤਮਿਕ ਮਨਸ਼ਾ ਕਰਨ ਦਾ ਕੀ ਮਤਲਬ ਹੈ?

“ਆਤਮਕ ਮਨਸ਼ਾ”

4. “ਆਤਮਕ ਮਨਸ਼ਾ” ਕਰਨ ਦਾ ਕੀ ਮਤਲਬ ਹੈ?

4 ਜਦੋਂ ਪੌਲੁਸ ਨੇ “ਆਤਮਕ ਮਨਸ਼ਾ” ਬਾਰੇ ਲਿਖਿਆ ਸੀ ਤਾਂ ਉਸ ਨੇ ਇਕ ਅਜਿਹਾ ਯੂਨਾਨੀ ਸ਼ਬਦ ਵਰਤਿਆ ਸੀ ਜਿਸ ਦਾ ਅਰਥ ਹੈ “ਸੋਚਣ ਦਾ ਢੰਗ, (ਪੱਕਾ) ਇਰਾਦਾ ਕਰਨਾ, . . . ਟੀਚਾ, ਚਾਹ, ਸਖ਼ਤ ਕੋਸ਼ਿਸ਼ ਕਰਨੀ।” ਇਸ ਨਾਲ ਸੰਬੰਧਿਤ ਇਕ ਕ੍ਰਿਆ ਦਾ ਮਤਲਬ ਹੈ “ਕਿਸੇ ਖ਼ਾਸ ਤਰੀਕੇ ਵਿਚ ਸੋਚਣਾ, ਜਾਂ ਕਿਸੇ ਚੀਜ਼ ਉੱਤੇ ਮਨ ਲਾਉਣਾ।” ਤਾਂ ਫਿਰ, ਆਤਮਿਕ ਮਨਸ਼ਾ ਕਰਨ ਦਾ ਮਤਲਬ ਹੈ ਯਹੋਵਾਹ ਦੀ ਪਵਿੱਤਰ ਸ਼ਕਤੀ ਦੇ ਵੱਸ ਵਿਚ ਆਉਣਾ ਅਤੇ ਉਸ ਦੁਆਰਾ ਪ੍ਰੇਰਿਤ ਹੋਣਾ। ਇਹ ਦਿਖਾਉਂਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਆਪਣੀ ਸੋਚਣੀ, ਆਪਣੇ ਝੁਕਾਅ, ਅਤੇ ਆਪਣੀਆਂ ਚਾਹਾਂ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਅਧੀਨ ਕਰਾਂਗੇ।

5. ਸਾਨੂੰ ਕਿਸ ਹੱਦ ਤਕ ਪਵਿੱਤਰ ਸ਼ਕਤੀ ਦੇ ਪ੍ਰਭਾਵ ਅਧੀਨ ਹੋਣਾ ਚਾਹੀਦਾ ਹੈ?

5 ਪੌਲੁਸ ਨੇ ਇਹ ਸਮਝਾਉਣ ਲਈ ਕਿ ਸਾਨੂੰ ਕਿਸ ਹੱਦ ਤਕ ਪਵਿੱਤਰ ਸ਼ਕਤੀ ਦੇ ਪ੍ਰਭਾਵ ਅਧੀਨ ਹੋਣ ਦੀ ਲੋੜ ਹੈ, ‘ਆਤਮਾ ਦੀ ਸੇਵਾ ਕਰਨ’ ਬਾਰੇ ਗੱਲ ਕੀਤੀ। (ਰੋਮੀਆਂ 7:6) ਯਿਸੂ ਮਸੀਹ ਦੇ ਬਲੀਦਾਨ ਵਿਚ ਨਿਹਚਾ ਕਰਨ ਨਾਲ ਮਸੀਹੀ ਲਾਖਣਿਕ ਤੌਰ ਤੇ ਪਾਪ ਦੇ ਲਈ ‘ਮਰ’ ਚੁੱਕੇ ਹਨ, ਯਾਨੀ ਉਹ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕੀਤੇ ਗਏ ਹਨ। (ਰੋਮੀਆਂ 6:2, 11) ਹੁਣ ਉਹ “ਧਰਮ ਦੇ ਦਾਸ ਬਣ” ਕੇ ਮਸੀਹ ਦੇ ਮਾਰਗਾਂ ਉੱਤੇ ਚੱਲਣ ਲਈ ਆਜ਼ਾਦ ਹਨ।​—ਰੋਮੀਆਂ 6:18-20.

ਇਕ ਵੱਡੀ ਤਬਦੀਲੀ

6. “ਧਰਮ ਦੇ ਦਾਸ” ਬਣਨ ਵਾਲਿਆਂ ਨੇ ਕਿਹੜੀ ਤਬਦੀਲੀ ਕੀਤੀ ਹੈ?

6 “ਪਾਪ ਦੇ ਦਾਸ” ਹੋਣ ਦੀ ਬਜਾਇ “ਧਰਮ ਦੇ ਦਾਸ” ਬਣ ਕੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਸੱਚ-ਮੁੱਚ ਬਹੁਤ ਵੱਡੀ ਤਬਦੀਲੀ ਕਰਨੀ ਪੈਂਦੀ ਹੈ। ਕੁਝ ਮਸੀਹੀਆਂ ਬਾਰੇ ਪੌਲੁਸ ਨੇ ਇਸ ਤਰ੍ਹਾਂ ਲਿਖਿਆ ਸੀ ਜਿਨ੍ਹਾਂ ਨੇ ਅਜਿਹੀ ਤਬਦੀਲੀ ਕੀਤੀ ਸੀ: “ਪ੍ਰਭੁ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤਸੀਂ ਧੋਤੇ ਗਏ ਅਰ ਤੁਸੀਂ ਪਵਿੱਤਰ ਕੀਤੇ ਗਏ ਅਰ ਤੁਸੀਂ ਧਰਮੀ ਠਹਿਰਾਏ ਗਏ।”​—ਰੋਮੀਆਂ 6:17, 18; 1 ਕੁਰਿੰਥੀਆਂ 6:11.

7. ਯਹੋਵਾਹ ਦਾ ਨਜ਼ਰੀਆ ਰੱਖਣਾ ਮਹੱਤਵਪੂਰਣ ਕਿਉਂ ਹੈ?

7 ਅਜਿਹੀ ਅਨੋਖੀ ਤਬਦੀਲੀ ਕਰਨ ਲਈ ਸਾਨੂੰ ਪਹਿਲਾਂ ਯਹੋਵਾਹ ਦੇ ਨਜ਼ਰੀਏ ਬਾਰੇ ਸਿੱਖਣ ਦੀ ਲੋੜ ਹੈ। ਕਈ ਸਦੀਆਂ ਪਹਿਲਾਂ, ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਦਿਲੋਂ ਪਰਮੇਸ਼ੁਰ ਅੱਗੇ ਇਹ ਬੇਨਤੀ ਕੀਤੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, . . . ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ।” (ਜ਼ਬੂਰ 25:4, 5) ਯਹੋਵਾਹ ਨੇ ਦਾਊਦ ਦੀ ਬੇਨਤੀ ਸੁਣੀ, ਅਤੇ ਉਹ ਅੱਜ ਵੀ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣ ਸਕਦਾ ਹੈ। ਪਰਮੇਸ਼ੁਰ ਦੇ ਰਾਹ ਅਤੇ ਉਸ ਦੀ ਸੱਚਾਈ ਸ਼ੁੱਧ ਅਤੇ ਪਵਿੱਤਰ ਹੈ, ਇਸ ਲਈ ਇਨ੍ਹਾਂ ਉੱਤੇ ਮਨਨ ਕਰਨ ਵਿਚ ਸਾਡੀ ਮਦਦ ਹੋ ਸਕਦੀ ਹੈ ਜਦੋਂ ਅਸੀਂ ਬੁਰੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਪਰਤਾਏ ਜਾਂਦੇ ਹਾਂ।

ਪਰਮੇਸ਼ੁਰ ਦੇ ਬਚਨ ਦੀ ਮਹੱਤਵਪੂਰਣ ਭੂਮਿਕਾ

8. ਬਾਈਬਲ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ?

8 ਪਰਮੇਸ਼ੁਰ ਦਾ ਬਚਨ, ਬਾਈਬਲ, ਉਸ ਦੀ ਆਤਮਾ ਤੋਂ ਹੈ। ਇਸ ਲਈ, ਬਾਈਬਲ ਨੂੰ ਪੜ੍ਹਨਾ ਅਤੇ ਉਸ ਦਾ ਅਧਿਐਨ ਕਰਨਾ, ਇਕ ਮਹੱਤਵਪੂਰਣ ਤਰੀਕਾ ਹੈ ਜਿਸ ਰਾਹੀਂ ਅਸੀਂ ਉਸ ਆਤਮਾ ਨੂੰ ਆਪਣੇ ਉੱਤੇ ਚੱਲਣ ਦੇ ਸਕਦੇ ਹਾਂ। ਜੇ ਹੋ ਸਕੇ ਤਾਂ ਸਾਨੂੰ ਬਾਈਬਲ ਨੂੰ ਹਰ ਰੋਜ਼ ਪੜ੍ਹਨਾ ਚਾਹੀਦਾ ਹੈ। (1 ਕੁਰਿੰਥੀਆਂ 2:10, 11; ਅਫ਼ਸੀਆਂ 5:18) ਆਪਣਿਆਂ ਮਨਾਂ ਅਤੇ ਦਿਲਾਂ ਨੂੰ ਬਾਈਬਲ ਦੀਆਂ ਸੱਚਾਈਆਂ ਅਤੇ ਸਿਧਾਂਤਾਂ ਨਾਲ ਭਰ ਕੇ ਸਾਨੂੰ ਆਪਣੀ ਅਧਿਆਤਮਿਕਤਾ ਉੱਤੇ ਕੀਤੇ ਗਏ ਹਮਲਿਆਂ ਨੂੰ ਸਹਾਰਨ ਵਿਚ ਮਦਦ ਮਿਲੇਗੀ। ਜੀ ਹਾਂ, ਜਦੋਂ ਅਨੈਤਿਕ ਪਰਤਾਵੇ ਸਾਡੇ ਸਾਮ੍ਹਣੇ ਆਉਂਦੇ ਹਨ, ਤਾਂ ਪਰਮੇਸ਼ੁਰ ਦੀ ਆਤਮਾ ਸਾਨੂੰ ਬਾਈਬਲ ਦੀਆਂ ਗੱਲਾਂ ਅਤੇ ਸਿਧਾਂਤਾਂ ਨੂੰ ਯਾਦ ਕਰਨ ਵਿਚ ਮਦਦ ਦੇ ਸਕਦੀ ਹੈ। ਅਤੇ ਇਹ ਸਿਧਾਂਤ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਣ ਦੇ ਸਾਡੇ ਇਰਾਦੇ ਨੂੰ ਹੋਰ ਵੀ ਪੱਕਾ ਕਰ ਸਕਦੇ ਹਨ। (ਜ਼ਬੂਰ 119:1, 2, 99; ਯੂਹੰਨਾ 14:26) ਇਸ ਤਰ੍ਹਾਂ ਅਸੀਂ ਗ਼ਲਤ ਰਾਹ ਉੱਤੇ ਚੱਲਣ ਦੇ ਫੰਦੇ ਵਿਚ ਨਹੀਂ ਫਸਾਂਗੇ।​—2 ਕੁਰਿੰਥੀਆਂ 11:3.

9. ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਬਾਈਬਲ ਦਾ ਅਧਿਐਨ ਸਾਡੇ ਇਰਾਦੇ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾਉਂਦਾ ਹੈ?

9 ਜਿਉਂ-ਜਿਉਂ ਅਸੀਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ ਦਿੱਲੋਂ ਬਾਈਬਲ ਦਾ ਡੂੰਘਾ ਅਧਿਐਨ ਕਰਦੇ ਹਾਂ, ਪਰਮੇਸ਼ੁਰ ਦੀ ਆਤਮਾ ਸਾਡੇ ਮਨ ਅਤੇ ਦਿਲ ਉੱਤੇ ਅਸਰ ਪਾਉਂਦੀ ਹੈ ਅਤੇ ਇਸ ਨਾਲ ਯਹੋਵਾਹ ਦੇ ਸਿਧਾਂਤਾਂ ਲਈ ਸਾਡਾ ਆਦਰ ਵਧਦਾ ਹੈ। ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਜਾਂਦਾ ਹੈ। ਜਦੋਂ ਸਾਡੇ ਸਾਮ੍ਹਣੇ ਪਰਤਾਵੇ ਆਉਂਦੇ ਹਨ, ਤਾਂ ਅਸੀਂ ਇਹ ਨਹੀਂ ਸੋਚਦੇ ਕਿ ਗ਼ਲਤ ਕੰਮ ਕਰਨ ਵਿਚ ਕਿੰਨਾ ਮਜ਼ਾ ਆਵੇਗਾ। ਇਸ ਦੀ ਬਜਾਇ, ਅਸੀਂ ਪਹਿਲਾਂ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖਣ ਬਾਰੇ ਸੋਚਦੇ ਹਾਂ। ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਲਈ ਸਾਡੀ ਗਹਿਰੀ ਕਦਰ ਸਾਨੂੰ ਕਿਸੇ ਵੀ ਝੁਕਾਅ ਨਾਲ ਲੜਨ ਦੀ ਤਾਕਤ ਦਿੰਦੀ ਹੈ ਜੋ ਸ਼ਾਇਦ ਉਸ ਰਿਸ਼ਤੇ ਨੂੰ ਖ਼ਰਾਬ ਜਾਂ ਖ਼ਤਮ ਕਰ ਸਕੇ।

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”!

10. ਆਤਮਾ ਦੀ ਮਨਸ਼ਾ ਕਰਨ ਲਈ ਯਹੋਵਾਹ ਦੇ ਨਿਯਮ ਮੰਨਣੇ ਜ਼ਰੂਰੀ ਕਿਉਂ ਹਨ?

10 ਆਤਮਾ ਦੀ ਮਨਸ਼ਾ ਕਰਨ ਲਈ ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈਣਾ ਕਾਫ਼ੀ ਨਹੀਂ ਹੈ। ਰਾਜਾ ਸੁਲੇਮਾਨ ਨੂੰ ਯਹੋਵਾਹ ਦੇ ਮਿਆਰਾਂ ਬਾਰੇ ਚੰਗੀ ਤਰ੍ਹਾਂ ਪਤਾ ਸੀ ਪਰ ਫਿਰ ਵੀ ਉਹ ਉਨ੍ਹਾਂ ਅਨੁਸਾਰ ਚੱਲਣ ਤੋਂ ਅਸਫ਼ਲ ਹੋ ਗਿਆ ਸੀ। (1 ਰਾਜਿਆਂ 4:29, 30; 11:1-6) ਜੇਕਰ ਅਸੀਂ ਰੂਹਾਨੀ ਗੱਲਾਂ ਵਿਚ ਦਿਲਚਸਪੀ ਲੈਂਦੇ ਹਾਂ ਤਾਂ ਅਸੀਂ ਸਮਝ ਲਵਾਂਗੇ ਕਿ ਸਿਰਫ਼ ਬਾਈਬਲ ਦੀਆਂ ਗੱਲਾਂ ਜਾਣਨ ਦੀ ਹੀ ਲੋੜ ਨਹੀਂ ਪਰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਆਗਿਆ ਮੰਨਣ ਦੀ ਵੀ ਲੋੜ ਹੈ। ਇਸ ਦਾ ਮਤਲਬ ਹੈ ਯਹੋਵਾਹ ਦੇ ਮਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਅਤੇ ਉਨ੍ਹਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨੀ। ਜ਼ਬੂਰਾਂ ਦੇ ਲਿਖਾਰੀ ਨੇ ਇਸ ਤਰ੍ਹਾਂ ਕੀਤਾ ਸੀ। ਉਸ ਨੇ ਗਾਇਆ ਕਿ “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰ 119:97) ਜਦੋਂ ਅਸੀਂ ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਅਸੀਂ ਪਰਮੇਸ਼ੁਰੀ ਗੁਣ ਪ੍ਰਗਟ ਕਰਨ ਲਈ ਪ੍ਰੇਰਿਤ ਹੁੰਦੇ ਹਾਂ। (ਅਫ਼ਸੀਆਂ 5:1, 2) ਗ਼ਲਤ ਕੰਮਾਂ ਵੱਲ ਜਾਣ ਲਈ ਮਜਬੂਰ ਹੋਣ ਦੀ ਬਜਾਇ, ਅਸੀਂ ਆਤਮਾ ਦਾ ਫਲ ਪੈਦਾ ਕਰਦੇ ਹਾਂ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਸਾਨੂੰ ‘ਸਰੀਰ ਦੇ ਭੈੜੇ ਕੰਮਾਂ’ ਤੋਂ ਮੋੜ ਲੈਂਦੀ ਹੈ।​—ਗਲਾਤੀਆਂ 5:16, 19-23; ਜ਼ਬੂਰ 15:1, 2.

11. ਤੁਸੀਂ ਕਿਸ ਤਰ੍ਹਾਂ ਸਮਝਾਓਗੇ ਕਿ ਵਿਭਚਾਰ ਬਾਰੇ ਯਹੋਵਾਹ ਦਾ ਨਿਯਮ ਸਾਡੇ ਬਚਾਅ ਲਈ ਹੈ?

11 ਯਹੋਵਾਹ ਦੇ ਨਿਯਮਾਂ ਲਈ ਸਾਡਾ ਆਦਰ ਅਤੇ ਪ੍ਰੇਮ ਹੋਰ ਗਹਿਰਾ ਕਿਸ ਤਰ੍ਹਾਂ ਹੋ ਸਕਦਾ ਹੈ? ਇਕ ਤਰੀਕਾ ਹੈ ਉਨ੍ਹਾਂ ਨਿਯਮਾਂ ਦੀ ਮਹੱਤਤਾ ਦੀ ਚੰਗੀ ਤਰ੍ਹਾਂ ਜਾਂਚ ਕਰਨੀ। ਜ਼ਰਾ ਪਰਮੇਸ਼ੁਰ ਦੇ ਉਸ ਨਿਯਮ ਬਾਰੇ ਸੋਚੋ ਜੋ ਵਿਭਚਾਰ ਅਤੇ ਜ਼ਨਾਹ ਨੂੰ ਮਨ੍ਹਾ ਕਰਦਾ ਹੈ ਅਤੇ ਜਿਸ ਅਨੁਸਾਰ ਜਿਨਸੀ ਸੰਬੰਧ ਵਿਆਹ ਦੇ ਰਿਸ਼ਤੇ ਵਿਚ ਹੀ ਰੱਖੇ ਜਾਣੇ ਚਾਹੀਦੇ ਹਨ। (ਇਬਰਾਨੀਆਂ 13:4) ਕੀ ਇਸ ਨਿਯਮ ਉੱਤੇ ਚੱਲਣ ਦੁਆਰਾ ਸਾਨੂੰ ਕਿਸੇ ਚੀਜ਼ ਦਾ ਘਾਟਾ ਹੁੰਦਾ ਹੈ? ਕੀ ਇਕ ਪ੍ਰੇਮਪੂਰਣ ਸਵਰਗੀ ਪਿਤਾ ਅਜਿਹਾ ਨਿਯਮ ਬਣਾਵੇਗਾ ਜਿਸ ਕਾਰਨ ਸਾਨੂੰ ਕੋਈ ਫ਼ਾਇਦੇਮੰਦ ਚੀਜ਼ ਪ੍ਰਾਪਤ ਨਾ ਹੋਵੇ? ਬਿਲਕੁਲ ਨਹੀਂ! ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵੱਲ ਦੇਖੋ ਜੋ ਯਹੋਵਾਹ ਦੇ ਨੈਤਿਕ ਮਿਆਰਾਂ ਅਨੁਸਾਰ ਨਹੀਂ ਚੱਲਦੇ। ਅਣਚਾਹੇ ਗਰਭ ਕਾਰਨ ਜਾਂ ਤਾਂ ਗਰਭਪਾਤ ਕੀਤੇ ਜਾਂਦੇ ਹਨ ਜਾਂ ਛੋਟੀ ਉਮਰ ਵਿਚ ਵਿਆਹ ਕਰਵਾਏ ਜਾਂਦੇ ਹਨ ਜੋ ਦੁੱਖ ਲਿਆਉਂਦੇ ਹਨ। ਕਈਆਂ ਨੂੰ ਪਤੀ ਜਾਂ ਪਤਨੀ ਤੋਂ ਬਗੈਰ ਬੱਚੇ ਦੀ ਪਰਵਰਿਸ਼ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ, ਜੋ ਵਿਭਚਾਰ ਕਰਦੇ ਹਨ ਉਨ੍ਹਾਂ ਨੂੰ ਲਿੰਗੀ ਰੋਗ ਲੱਗ ਸਕਦੇ ਹਨ। (1 ਕੁਰਿੰਥੀਆਂ 6:18) ਅਤੇ ਜੇਕਰ ਯਹੋਵਾਹ ਦਾ ਇਕ ਗਵਾਹ ਵਿਭਚਾਰ ਕਰਦਾ ਹੈ ਇਸ ਦੇ ਭਾਵਾਤਮਕ ਅਸਰ ਉਸ ਨੂੰ ਦੁਖੀ ਕਰ ਸਕਦੇ ਹਨ। ਇਕ ਦੋਸ਼ੀ ਜ਼ਮੀਰ ਦੀਆਂ ਲਾਅਨਤਾਂ ਸਾਡੀ ਨੀਂਦ ਖ਼ਰਾਬ ਕਰ ਸਕਦੀਆਂ ਹਨ ਅਤੇ ਮਾਨਸਿਕ ਤੌਰ ਤੇ ਸਾਨੂੰ ਬੇਚੈਨ ਕਰ ਸਕਦੀਆਂ ਹਨ। (ਜ਼ਬੂਰ 32:3, 4; 51:3) ਤਾਂ ਫਿਰ ਕੀ ਇਹ ਸਪੱਸ਼ਟ ਨਹੀਂ ਹੈ ਕਿ ਵਿਭਚਾਰ ਨੂੰ ਮਨ੍ਹਾ ਕਰਨ ਵਾਲਾ ਯਹੋਵਾਹ ਦਾ ਨਿਯਮ ਸਾਡੇ ਬਚਾਅ ਲਈ ਹੈ? ਜੀ ਹਾਂ, ਨੈਤਿਕ ਤੌਰ ਤੇ ਸ਼ੁੱਧ ਰਹਿਣ ਵਿਚ ਸੱਚ-ਮੁੱਚ ਬਹੁਤ ਫ਼ਾਇਦਾ ਹੈ!

ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰੋ

12, 13. ਉਦੋਂ ਪ੍ਰਾਰਥਨਾ ਕਰਨੀ ਕਿਉਂ ਉਚਿਤ ਹੈ ਜਦੋਂ ਅਸੀਂ ਪਾਪੀ ਇੱਛਾਵਾਂ ਦੁਆਰਾ ਪਰਤਾਏ ਜਾਂਦੇ ਹਾਂ?

12 ਆਤਮਾ ਦੀ ਮਨਸ਼ਾ ਲਈ ਦਿਲੋਂ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਪਰਮੇਸ਼ੁਰ ਦੀ ਆਤਮਾ ਦੀ ਮਦਦ ਮੰਗਣੀ ਉਚਿਤ ਹੈ, ਕਿਉਂਕਿ ਯਿਸੂ ਨੇ ਕਿਹਾ ਸੀ: “ਜੇ ਤੁਸੀਂ . . . ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:13) ਪ੍ਰਾਰਥਨਾ ਵਿਚ ਅਸੀਂ ਪਰਮੇਸ਼ੁਰ ਨੂੰ ਦੱਸ ਸਕਦੇ ਹਾਂ ਕਿ ਆਪਣੀਆਂ ਕਮਜ਼ੋਰੀਆਂ ਉੱਤੇ ਜੇਤੂ ਹੋਣ ਲਈ ਅਸੀਂ ਆਤਮਾ ਦੀ ਮਦਦ ਉੱਤੇ ਨਿਰਭਰ ਹਾਂ। (ਰੋਮੀਆਂ 8:26, 27) ਜੇਕਰ ਅਸੀਂ ਆਪ ਮਹਿਸੂਸ ਕਰਦੇ ਹਾਂ, ਜਾਂ ਕੋਈ ਪਿਆਰਾ ਸੰਗੀ ਮਸੀਹੀ ਸਾਨੂੰ ਦੱਸਦਾ ਹੈ ਕਿ ਪਾਪੀ ਇੱਛਾਵਾਂ ਜਾਂ ਰਵੱਈਏ ਸਾਡੇ ਉੱਤੇ ਅਸਰ ਕਰ ਰਹੇ ਹਨ, ਤਾਂ ਪ੍ਰਾਰਥਨਾ ਵਿਚ ਇਸ ਸਮੱਸਿਆ ਬਾਰੇ ਸਾਫ਼-ਸਾਫ਼ ਗੱਲ ਕਰਨੀ ਅਤੇ ਇਨ੍ਹਾਂ ਝੁਕਾਵਾਂ ਉੱਤੇ ਜੇਤੂ ਹੋਣ ਲਈ ਪਰਮੇਸ਼ੁਰ ਤੋਂ ਮਦਦ ਮੰਗਣੀ ਅਕਲਮੰਦੀ ਦੀ ਗੱਲ ਹੋਵੇਗੀ।

13 ਯਹੋਵਾਹ ਸਾਨੂੰ ਧਰਮੀ, ਸ਼ੁੱਧ, ਸੁਹਾਉਣੀਆਂ, ਅਤੇ ਨੇਕ ਨਾਮੀ ਦੀਆਂ ਗੱਲਾਂ ਵੱਲ ਧਿਆਨ ਦੇਣ ਲਈ ਮਦਦ ਦੇ ਸਕਦਾ ਹੈ। ਸੱਚੇ ਦਿਲੋਂ ਉਸ ਦੀ ਬੇਨਤੀ ਕਰਨੀ ਕਿੰਨੀ ਉਚਿਤ ਹੈ ਤਾਂ ਜੋ “ਪਰਮੇਸ਼ੁਰ ਦੀ ਸ਼ਾਂਤੀ” ਸਾਡੇ ਦਿਲ ਅਤੇ ਦਿਮਾਗ਼ ਦੀ ਰਾਖੀ ਕਰੇ! (ਫ਼ਿਲਿੱਪੀਆਂ 4:6-8) ਤਾਂ ਫਿਰ ਆਓ ਆਪਾਂ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰੀਏ ਤਾਂਕਿ ਅਸੀਂ “ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ” ਲੱਗੇ ਰਹਿ ਸਕੀਏ। (1 ਤਿਮੋਥਿਉਸ 6:11-14) ਆਪਣੇ ਸਵਰਗੀ ਪਿਤਾ ਦੀ ਮਦਦ ਨਾਲ, ਸਾਡੀਆਂ ਚਿੰਤਾਵਾਂ ਅਤੇ ਪਰਤਾਵੇ ਇਸ ਹੱਦ ਤਕ ਕਦੀ ਨਹੀਂ ਵਧਣਗੇ ਕਿ ਅਸੀਂ ਉਨ੍ਹਾਂ ਦਾ ਸਾਮ੍ਹਣਾ ਸਫ਼ਲਤਾ ਨਾਲ ਨਾ ਕਰ ਸਕੀਏ। ਇਸ ਦੀ ਬਜਾਇ, ਸਾਡੇ ਜੀਵਨ ਪਰਮੇਸ਼ੁਰ ਦੀ ਸ਼ਾਂਤੀ ਨਾਲ ਭਰ ਜਾਣਗੇ।

ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ

14. ਪਰਮੇਸ਼ੁਰ ਦੀ ਆਤਮਾ ਸ਼ੁੱਧ ਰਹਿਣ ਵਿਚ ਤਾਕਤ ਕਿਵੇਂ ਦਿੰਦੀ ਹੈ?

14 ਯਹੋਵਾਹ ਦੇ ਸੇਵਕ ਜੋ ਰੂਹਾਨੀ ਤੌਰ ਤੇ ਸਿਆਣੇ ਹਨ, ਆਪਣੇ ਆਪ ਉੱਤੇ ਪੌਲੁਸ ਰਸੂਲ ਦੀ ਸਲਾਹ ਲਾਗੂ ਕਰਦੇ ਹਨ: “ਆਤਮਾ ਨੂੰ ਨਾ ਬੁਝਾਓ।” (1 ਥੱਸਲੁਨੀਕੀਆਂ 5:19) ਪਰਮੇਸ਼ੁਰ ਦੀ ਆਤਮਾ ‘ਪਵਿੱਤਰਤਾਈ ਦੀ ਆਤਮਾ’ ਹੈ, ਯਾਨੀ ਉਹ ਸ਼ੁੱਧ ਅਤੇ ਪਾਕ ਹੈ। (ਰੋਮੀਆਂ 1:4) ਜਦੋਂ ਪਰਮੇਸ਼ੁਰ ਦੀ ਆਤਮਾ ਸਾਡੇ ਉੱਤੇ ਅਸਰ ਕਰਦੀ ਹੈ ਤਾਂ ਇਹ ਸਾਨੂੰ ਪਵਿੱਤਰ ਰਹਿਣ ਅਤੇ ਪਰਮੇਸ਼ੁਰ ਪ੍ਰਤੀ ਆਗਿਆਕਾਰ ਹੋਣ ਦੁਆਰਾ ਇਕ ਸ਼ੁੱਧ ਜੀਵਨ ਬਿਤਾਉਣ ਲਈ ਤਾਕਤ ਦਿੰਦੀ ਹੈ। (1 ਪਤਰਸ 1:2) ਕੋਈ ਵੀ ਅਸ਼ੁੱਧ ਕੰਮ ਕਰ ਕੇ ਅਸੀਂ ਆਤਮਾ ਦੀ ਉਲੰਘਣਾ ਕਰਦੇ ਹਾਂ, ਅਤੇ ਇਸ ਦੇ ਬਹੁਤ ਬੁਰੇ ਨਤੀਜੇ ਹੋ ਸਕਦੇ ਹਨ। ਕਿਸ ਤਰ੍ਹਾਂ?

15, 16. (ੳ) ਅਸੀਂ ਪਰਮੇਸ਼ੁਰ ਦੀ ਆਤਮਾ ਨੂੰ ਕਿਸ ਤਰ੍ਹਾਂ ਉਦਾਸ ਕਰ ਸਕਦੇ ਹਾਂ? (ਅ) ਅਸੀਂ ਯਹੋਵਾਹ ਦੀ ਆਤਮਾ ਨੂੰ ਉਦਾਸ ਕਰਨ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ?

15 ਪੌਲੁਸ ਨੇ ਲਿਖਿਆ ਸੀ: “ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਜਿਹ ਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ।” (ਅਫ਼ਸੀਆਂ 4:30) ਬਾਈਬਲ ਵਿਚ ਯਹੋਵਾਹ ਦੀ ਆਤਮਾ ਨੂੰ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਲਈ ਮੋਹਰ, ਜਾਂ ਭਵਿੱਖ ਲਈ ਬਿਆਨਾ ਸੱਦਿਆ ਗਿਆ ਹੈ। ਅਤੇ ਉਨ੍ਹਾਂ ਦਾ ਭਵਿੱਖ ਸਵਰਗ ਵਿਚ ਅਮਰ ਜੀਵਨ ਹੈ। (2 ਕੁਰਿੰਥੀਆਂ 1:22; 1 ਕੁਰਿੰਥੀਆਂ 15:50-57; ਪਰਕਾਸ਼ ਦੀ ਪੋਥੀ 2:10) ਪਰਮੇਸ਼ੁਰ ਦੀ ਆਤਮਾ ਮਸਹ ਕੀਤੇ ਹੋਇਆਂ ਨੂੰ ਅਤੇ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਉਨ੍ਹਾਂ ਦਿਆਂ ਸਾਥੀਆਂ ਨੂੰ ਵਫ਼ਾਦਾਰੀ ਦਾ ਜੀਵਨ ਕਾਇਮ ਰੱਖਣ ਵਿਚ ਅਗਵਾਈ ਦੇ ਸਕਦੀ ਹੈ ਅਤੇ ਪਾਪੀ ਕੰਮਾਂ ਤੋਂ ਬਚਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ।

16 ਪੌਲੁਸ ਰਸੂਲ ਨੇ ਝੂਠ ਬੋਲਣ, ਚੋਰੀ ਕਰਨ, ਅਤੇ ਬੇਸ਼ਰਮ ਚਾਲ-ਚਲਣ ਵਿਰੁੱਧ ਚੇਤਾਵਨੀ ਦਿੱਤੀ ਸੀ। ਜੇਕਰ ਅਸੀਂ ਅਜਿਹੀਆਂ ਗੱਲਾਂ ਵੱਲ ਆਪਣਾ ਧਿਆਨ ਲੱਗਣ ਦੇਈਏ ਤਾਂ ਅਸੀਂ ਪਰਮੇਸ਼ੁਰ ਦੇ ਬਚਨ ਦੀ ਆਤਮਾ ਦੁਆਰਾ ਪ੍ਰੇਰਿਤ ਸਲਾਹ ਦਾ ਵਿਰੋਧ ਕਰ ਰਹੇ ਹੋਵਾਂਗੇ। (ਅਫ਼ਸੀਆਂ 4:17-29; 5:1-5) ਲੇਕਿਨ, ਇਸ ਤਰ੍ਹਾਂ ਕਰਨ ਨਾਲ ਅਸੀਂ ਕੁਝ ਹੱਦ ਤਕ ਪਰਮੇਸ਼ੁਰ ਦੀ ਆਤਮਾ ਨੂੰ ਉਦਾਸ ਕਰ ਸਕਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਕਰਨ ਤੋਂ ਸੱਚ-ਮੁੱਚ ਬਚਣਾ ਚਾਹੀਦਾ ਹੈ। ਅਸਲ ਵਿਚ ਜੇ ਅਸੀਂ ਯਹੋਵਾਹ ਦੇ ਬਚਨ ਦੀ ਸਲਾਹ ਨੂੰ ਅਣਡਿੱਠ ਕਰੀਏ ਤਾਂ ਅਸੀਂ ਬੁਰੇ ਰਵੱਈਏ ਜਾਂ ਗੁਣ ਵਿਕਸਿਤ ਕਰਨ ਲੱਗ ਸਕਦੇ ਹਾਂ। ਨਤੀਜੇ ਵਜੋਂ ਅਸੀਂ ਸ਼ਾਇਦ ਜਾਣ-ਬੁੱਝ ਕੇ ਪਾਪ ਕਰਨ ਲੱਗ ਪਈਏ ਅਤੇ ਪਰਮੇਸ਼ੁਰ ਦੀ ਕਿਰਪਾ ਨੂੰ ਬਿਲਕੁਲ ਗੁਆ ਬੈਠੀਏ। (ਇਬਰਾਨੀਆਂ 6:4-6) ਭਾਵੇਂ ਕਿ ਅਸੀਂ ਇਸ ਸਮੇਂ ਤੇ ਪਾਪ ਨਾ ਕਰਦੇ ਹੋਈਏ, ਹੋ ਸਕਦਾ ਹੈ ਕਿ ਅਸੀਂ ਉਸ ਰਸਤੇ ਤੇ ਚੱਲ ਰਹੇ ਹਾਂ ਜੋ ਪਾਪ ਵੱਲ ਲੈ ਜਾਂਦਾ ਹੈ। ਆਤਮਾ ਦੇ ਉਲਟ ਜਾਣ ਦੁਆਰਾ ਅਸੀਂ ਆਤਮਾ ਨੂੰ ਉਦਾਸ ਕਰ ਰਹੇ ਹੋਵਾਂਗੇ। ਇਸ ਦੇ ਨਾਲ-ਨਾਲ ਅਸੀਂ ਯਹੋਵਾਹ ਦਾ ਵਿਰੋਧ ਕਰ ਕੇ ਉਸ ਨੂੰ ਵੀ ਉਦਾਸ ਕਰ ਰਹੇ ਹੋਵਾਂਗੇ ਜੋ ਕਿ ਪਵਿੱਤਰ ਆਤਮਾ ਦਾ ਸ੍ਰੋਤ ਹੈ। ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਵਜੋਂ ਸਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ, ਆਓ ਆਪਾਂ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰੀਏ ਤਾਂਕਿ ਅਸੀਂ ਉਸ ਦੀ ਆਤਮਾ ਨੂੰ ਉਦਾਸ ਨਾ ਕਰੀਏ ਅਤੇ ਅਸੀਂ ਆਤਮਾ ਦੀ ਮਨਸ਼ਾ ਕਰ ਕੇ ਉਸ ਦੇ ਪਵਿੱਤਰ ਨਾਂ ਦੀ ਵਡਿਆਈ ਕਰ ਸਕਦੇ ਹਾਂ।

ਆਤਮਾ ਦੀ ਮਨਸ਼ਾ ਕਰਦੇ ਰਹੋ

17. ਅਸੀਂ ਕਿਹੜੇ ਕੁਝ ਰੂਹਾਨੀ ਟੀਚੇ ਮਿਥ ਸਕਦੇ ਹਾਂ, ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਜਤਨ ਕਰਨਾ ਬੁੱਧੀਮਤਾ ਕਿਉਂ ਹੈ?

17 ਆਤਮਾ ਦੀ ਮਨਸ਼ਾ ਕਰਦੇ ਰਹਿਣ ਦਾ ਇਕ ਵਿਸ਼ੇਸ਼ ਤਰੀਕਾ ਹੈ ਰੂਹਾਨੀ ਟੀਚੇ ਮਿਥਣੇ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਨੀ। ਸਾਡੀਆਂ ਜ਼ਰੂਰਤਾਂ ਅਤੇ ਹਾਲਤਾਂ ਅਨੁਸਾਰ, ਸਾਡਿਆਂ ਟੀਚਿਆਂ ਵਿਚ ਸ਼ਾਇਦ ਅਧਿਐਨ ਕਰਨ ਦੀਆਂ ਆਦਤਾਂ ਨੂੰ ਬਿਹਤਰ ਬਣਾਉਣਾ ਅਤੇ ਪ੍ਰਚਾਰ ਸੇਵਾ ਵਿਚ ਜ਼ਿਆਦਾ ਹਿੱਸਾ ਲੈਣਾ ਸ਼ਾਮਲ ਹੋਵੇ। ਜਾਂ ਅਸੀਂ ਪਾਇਨੀਅਰੀ, ਬੈਥਲ ਵਿਚ ਸੇਵਾ, ਜਾਂ ਮਿਸ਼ਨਰੀ ਵਜੋਂ ਕੰਮ ਕਰਨ ਦੇ ਖ਼ਾਸ ਸਨਮਾਨ ਬਾਰੇ ਵੀ ਸੋਚ ਸਕਦੇ ਹਾਂ। ਇਸ ਤਰ੍ਹਾਂ ਸਾਡੇ ਮਨ ਰੂਹਾਨੀ ਚੀਜ਼ਾਂ ਵਿਚ ਰੁੱਝੇ ਰਹਿਣਗੇ ਅਤੇ ਮਨੁੱਖੀ ਕਮਜ਼ੋਰੀਆਂ ਜਾਂ ਭੌਤਿਕ ਟੀਚਿਆਂ ਵੱਲ ਖਿੱਚੇ ਜਾਣ ਤੋਂ ਅਤੇ ਇਸ ਸੰਸਾਰ ਦੀਆਂ ਗ਼ੈਰ-ਬਾਈਬਲੀ ਇੱਛਾਵਾਂ ਤੋਂ ਦੂਰ ਰਹਿਣ ਵਿਚ ਸਾਡੀ ਮਦਦ ਹੋਵੇਗੀ। ਇਹ ਸੱਚ-ਮੁੱਚ ਸਭ ਤੋਂ ਬੁੱਧੀਮਾਨ ਰਾਹ ਹੈ, ਕਿਉਂਕਿ ਯਿਸੂ ਨੇ ਕਿਹਾ ਸੀ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ। ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ।”​—ਮੱਤੀ 6:19-21.

18. ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਆਤਮਾ ਦੀ ਮਨਸ਼ਾ ਕਰਦੇ ਰਹਿਣਾ ਕਿਉਂ ਇੰਨਾ ਜ਼ਰੂਰੀ ਹੈ?

18 ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਆਤਮਾ ਦੀ ਮਨਸ਼ਾ ਕਰਨੀ ਅਤੇ ਸੰਸਾਰ ਦੀਆਂ ਇੱਛਾਵਾਂ ਨੂੰ ਦਬਾ ਕੇ ਰੱਖਣਾ ਸੱਚ-ਮੁੱਚ ਸਭ ਤੋਂ ਬੁੱਧੀਮਾਨ ਗੱਲ ਹੈ। (2 ਤਿਮੋਥਿਉਸ 3:1-5) ਆਖ਼ਰਕਾਰ, “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਮਿਸਾਲ ਲਈ, ਜੇਕਰ ਇਕ ਨੌਜਵਾਨ ਮਸੀਹੀ ਪੂਰਣ-ਕਾਲੀ ਸੇਵਾ ਕਰਨ ਦਾ ਟੀਚਾ ਰੱਖਦਾ ਹੈ, ਤਾਂ ਹੋ ਸਕਦਾ ਹੈ ਕਿ ਜਵਾਨੀ ਦੇ ਔਖਿਆਂ ਸਾਲਾਂ ਦੌਰਾਨ ਇਹ ਟੀਚਾ ਉਸ ਦੀ ਮਦਦ ਕਰੇ। ਜਦੋਂ ਸਮਝੌਤਾ ਕਰਨ ਲਈ ਉਸ ਉੱਤੇ ਦਬਾਅ ਪਾਇਆ ਜਾਵੇ ਤਾਂ ਅਜਿਹੇ ਵਿਅਕਤੀ ਨੂੰ ਸਾਫ਼-ਸਾਫ਼ ਪਤਾ ਹੋਵੇਗਾ ਕਿ ਉਹ ਯਹੋਵਾਹ ਦੀ ਸੇਵਾ ਵਿਚ ਕੀ ਕਰਨਾ ਚਾਹੁੰਦਾ ਹੈ। ਰੂਹਾਨੀ ਤੌਰ ਤੇ ਮਜ਼ਬੂਤ ਵਿਅਕਤੀ ਭੌਤਿਕ ਚੀਜ਼ਾਂ ਜਾਂ ਪਾਪ ਦੇ ਹੋਰ ਕਿਸੇ ਮਜ਼ੇ ਦੀ ਖ਼ਾਤਰ ਆਪਣੇ ਰੂਹਾਨੀ ਟੀਚਿਆਂ ਨੂੰ ਗੁਆਉਣਾ ਮੂਰਖਤਾ ਸਮਝੇਗਾ। ਯਾਦ ਰੱਖੋ ਕਿ ਮੂਸਾ ਨੇ “ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ” ਸੀ ਕਿਉਂਕਿ ਉਹ ਰੂਹਾਨੀ ਗੱਲਾਂ ਪਸੰਦ ਕਰਦਾ ਸੀ। (ਇਬਰਾਨੀਆਂ 11:24, 25) ਚਾਹੇ ਅਸੀਂ ਜਵਾਨ ਜਾਂ ਸਿਆਣੇ ਹਾਂ, ਅਸੀਂ ਵੀ ਅਜਿਹੀ ਚੋਣ ਕਰ ਸਕਦੇ ਹਾਂ ਜੇਕਰ ਅਸੀਂ ਪਾਪੀ ਸਰੀਰ ਦੀ ਬਜਾਇ ਆਤਮਾ ਦੀ ਮਨਸ਼ਾ ਕਰੀਏ।

19. ਜੇ ਅਸੀਂ ਆਤਮਾ ਦੀ ਮਨਸ਼ਾ ਕਰਦੇ ਰਹਾਂਗੇ ਤਾਂ ਅਸੀਂ ਕਿਨ੍ਹਾਂ ਬਰਕਤਾਂ ਦਾ ਆਨੰਦ ਮਾਣਾਂਗੇ?

19 “ਸਰੀਰਕ ਮਨਸ਼ਾ ਪਰਮੇਸ਼ੁਰ ਨਾਲ ਵੈਰ ਹੈ” ਜਦ ਕਿ “ਆਤਮਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ।” (ਰੋਮੀਆਂ 8:6, 7) ਜੇ ਅਸੀਂ ਆਤਮਿਕ ਮਨਸ਼ਾ ਕਰਦੇ ਰਹੀਏ ਤਾਂ ਅਸੀਂ ਸ਼ਾਂਤੀ ਅਨੁਭਵ ਕਰਾਂਗੇ। ਸਾਡੇ ਦਿਲ ਅਤੇ ਦਿਮਾਗ਼ ਸਾਡੇ ਪਾਪੀ ਝੁਕਾਅ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਹੋਣਗੇ। ਅਸੀਂ ਗ਼ਲਤ ਕੰਮ ਕਰਨ ਦੇ ਪਰਤਾਵਿਆਂ ਦਾ ਚੰਗੀ ਤਰ੍ਹਾਂ ਵਿਰੋਧ ਕਰ ਸਕਾਂਗੇ। ਅਤੇ ਸਾਨੂੰ ਸਰੀਰ ਅਤੇ ਆਤਮਾ ਵਿਚਕਾਰ ਇਸ ਲਗਾਤਾਰ ਲੜਾਈ ਦਾ ਮੁਕਾਬਲਾ ਕਰਨ ਲਈ ਪਰਮੇਸ਼ੁਰ ਤੋਂ ਮਦਦ ਮਿਲੇਗੀ।

20. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਰੀਰ ਅਤੇ ਆਤਮਾ ਦੀ ਲੜਾਈ ਵਿਚ ਅਸੀਂ ਜੇਤੂ ਹੋ ਸਕਦੇ ਹਾਂ?

20 ਆਤਮਾ ਦੀ ਮਨਸ਼ਾ ਕਰਦੇ ਰਹਿਣ ਦੁਆਰਾ ਅਸੀਂ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਕਾਇਮ ਰੱਖ ਸਕਦੇ ਹਾਂ, ਜੋ ਕਿ ਜੀਵਨ ਅਤੇ ਪਵਿੱਤਰ ਆਤਮਾ ਦਾ ਸ੍ਰੋਤ ਹੈ। (ਜ਼ਬੂਰ 36:9; 51:11) ਸ਼ਤਾਨ ਅਤੇ ਉਸ ਦੇ ਬੁਰੇ ਦੂਤ ਯਹੋਵਾਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਤਬਾਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਹ ਸਾਡੇ ਮਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੇ ਅਸੀਂ ਉਨ੍ਹਾਂ ਅੱਗੇ ਹਾਰ ਮੰਨਾਂਗੇ ਤਾਂ ਇਸ ਦਾ ਨਤੀਜਾ ਪਰਮੇਸ਼ੁਰ ਨਾਲ ਵੈਰ ਹੋਵੇਗਾ ਅਤੇ ਸਾਡੀ ਮੌਤ। ਪਰ ਅਸੀਂ ਸਰੀਰ ਅਤੇ ਆਤਮਾ ਦੀ ਇਸ ਲੜਾਈ ਵਿਚ ਜੇਤੂ ਹੋ ਸਕਦੇ ਹਾਂ। ਪੌਲੁਸ ਰਸੂਲ ਜੇਤੂ ਹੋਇਆ ਸੀ ਕਿਉਂਕਿ ਆਪਣੀ ਲੜਾਈ ਬਾਰੇ ਲਿਖਦੇ ਹੋਏ ਪਹਿਲਾਂ ਉਸ ਨੇ ਪੁੱਛਿਆ: “ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?” ਫਿਰ ਇਹ ਦਿਖਾਉਂਦੇ ਹੋਏ ਕਿ ਬਚਾਅ ਮੁਮਕਿਨ ਹੈ ਉਸ ਨੇ ਕਿਹਾ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:21-25) ਅਸੀਂ ਵੀ ਮਸੀਹ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕਰ ਸਕਦੇ ਹਾਂ ਕਿਉਂਕਿ ਉਸ ਨੇ ਮਨੁੱਖੀ ਕਮਜ਼ੋਰੀਆਂ ਦਾ ਸਾਮ੍ਹਣਾ ਕਰਨ ਵਿਚ ਅਤੇ ਆਤਮਾ ਦੀ ਮਨਸ਼ਾ ਕਰਦੇ ਰਹਿਣ ਲਈ ਮਦਦ ਪੇਸ਼ ਕੀਤੀ ਹੈ। ਇਸ ਦੇ ਨਾਲ-ਨਾਲ ਉਸ ਨੇ ਸਾਡੇ ਸਾਮ੍ਹਣੇ ਹਮੇਸ਼ਾ ਦੀ ਜ਼ਿੰਦਗੀ ਦੀ ਵਧੀਆ ਉਮੀਦ ਰੱਖੀ ਹੈ।​—ਰੋਮੀਆਂ 6:23.

ਕੀ ਤੁਹਾਨੂੰ ਯਾਦ ਹੈ?

• ਆਤਮਾ ਦੀ ਮਨਸ਼ਾ ਕਰਨ ਦਾ ਕੀ ਮਤਲਬ ਹੈ?

• ਅਸੀਂ ਯਹੋਵਾਹ ਦੀ ਆਤਮਾ ਨੂੰ ਆਪਣੇ ਉੱਤੇ ਕਿਸ ਤਰ੍ਹਾਂ ਚੱਲਣ ਦੇ ਸਕਦੇ ਹਾਂ?

• ਪਾਪ ਵਿਰੁੱਧ ਕਾਮਯਾਬੀ ਨਾਲ ਲੜਾਈ ਲੜਨ ਲਈ ਬਾਈਬਲ ਦਾ ਅਧਿਐਨ ਕਰਨਾ, ਯਹੋਵਾਹ ਦੇ ਨਿਯਮ ਮੰਨਣੇ, ਅਤੇ ਉਸ ਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਕਿਉਂ ਹਨ?

• ਜੀਵਨ ਦੇ ਰਾਹ ਤੇ ਚੱਲਣ ਵਿਚ ਰੂਹਾਨੀ ਟੀਚੇ ਮਿਥਣੇ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਬਾਈਬਲ ਦਾ ਅਧਿਐਨ ਕਰਨ ਦੁਆਰਾ ਸਾਨੂੰ ਆਪਣੀ ਅਧਿਆਤਮਿਕਤਾ ਉ ਤੇ ਆਏ ਹਮਲਿਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲਦੀ ਹੈ

[ਸਫ਼ੇ 17 ਉੱਤੇ ਤਸਵੀਰ]

ਪਾਪੀ ਇੱਛਾਵਾਂ ਉ ਤੇ ਜੇਤੂ ਹੋਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਉਚਿਤ ਹੈ

[ਸਫ਼ੇ 18 ਉੱਤੇ ਤਸਵੀਰਾਂ]

ਰੂਹਾਨੀ ਟੀਚੇ ਸਾਨੂੰ ਆਤਮਿਕ ਮਨਸ਼ਾ ਕਰਦੇ ਰਹਿਣ ਵਿਚ ਮਦਦ ਦੇ ਸਕਦੇ ਹਨ