Skip to content

Skip to table of contents

ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?

ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?

ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?

ਜੇਕਰ ਤੁਹਾਡਾ ਬਪਤਿਸਮਾ ਹੋ ਚੁੱਕਾ ਹੈ, ਤਾਂ ਬਿਨਾਂ ਸ਼ੱਕ ਪਰਮੇਸ਼ੁਰ ਲਈ ਤੁਹਾਡਾ ਪ੍ਰੇਮ ਤੁਹਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਜ਼ਰੂਰ ਪ੍ਰੇਰਿਤ ਕਰਦਾ ਹੋਵੇਗਾ। ਅਤੇ ਤੁਸੀਂ ਖ਼ਾਸ ਕਰਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਜ਼ਰੂਰ ਲੈਂਦੇ ਹੋਵੋਗੇ। ਆਖ਼ਰਕਾਰ, ਯਿਸੂ ਮਸੀਹ ਨੇ ਆਪਣਿਆਂ ਸਾਰਿਆਂ ਪੈਰੋਕਾਰਾਂ ਨੂੰ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਇਹ ਸੱਚ ਹੈ ਤੁਸੀਂ ਸ਼ਾਇਦ ਆਪਣਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਦੇ ਹੋਵੋ। ਪਰ ਯਿਸੂ ਦੇ ਇਕ ਚੇਲੇ ਵਜੋਂ ਅਤੇ ਯਹੋਵਾਹ ਦੇ ਇਕ ਗਵਾਹ ਵਜੋਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਇਕ ਸੇਵਕ ਹੋ—ਅਜਿਹਾ ਸੇਵਕ ਜੋ ਜ਼ਿੰਦਗੀ ਵਿਚ ਰਾਜ ਦੇ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੰਦਾ ਹੈ।​—ਮੱਤੀ 24:14.

ਹੋ ਸਕਦਾ ਹੈ ਕਿ ਤੁਸੀਂ ਵੀਹਾਂ ਕੁ ਸਾਲਾਂ ਦੇ ਹੋ ਅਤੇ ਇਸ ਬਾਰੇ ਬਹੁਤ ਸੋਚਿਆ ਹੋਵੇ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ। ਆਪਣੇ ਸਾਮ੍ਹਣੇ ਪੇਸ਼ ਕੀਤੀਆਂ ਗਈਆਂ ਚੋਣਾਂ ਬਾਰੇ ਸੋਚਦੇ ਹੋਏ, ਸੰਭਵ ਹੈ ਕਿ ਤੁਹਾਡੇ ਲਈ ਨਿੱਜੀ ਸੰਤੁਸ਼ਟੀ ਹਾਸਲ ਕਰਨੀ ਇਕ ਮਹੱਤਵਪੂਰਣ ਗੱਲ ਹੋਵੇਗੀ।

ਜ਼ਰਾ ਧਿਆਨ ਦਿਓ ਕਿ ਡੈਨਮਾਰਕ ਤੋਂ ਯੂਰਨ ਨਾਂ ਦੇ ਇਕ ਭਰਾ ਨੇ ਆਪਣੇ ਫ਼ੈਸਲੇ ਬਾਰੇ ਕੀ ਕਿਹਾ ਸੀ। ਯੂਰਨ ਦੱਸਦਾ ਹੈ ਕਿ “ਇਹ ਜੀਉਣ ਦਾ ਸਭ ਤੋਂ ਵਧੀਆ ਰਾਹ ਹੈ, ਜਿਸ ਵਿਚ ਤੁਸੀਂ ਸਭ ਤੋਂ ਮਹੱਤਵਪੂਰਣ ਕੰਮ ਉੱਤੇ ਧਿਆਨ ਦੇ ਸਕਦੇ ਹੋ।” ਯੂਨਾਨ ਤੋਂ 31 ਸਾਲਾਂ ਦੀ ਈਵਾ ਨੇ ਕਿਹਾ: “ਜਦੋਂ ਮੈਂ ਆਪਣੀ ਜ਼ਿੰਦਗੀ ਦੀ ਤੁਲਨਾ ਆਪਣੇ ਹਾਣ ਦਿਆਂ ਲੋਕਾਂ ਨਾਲ ਕਰਦੀ ਹਾਂ, ਮੈਂ ਹਮੇਸ਼ਾ ਇਸ ਨਤੀਜੇ ਤੇ ਪਹੁੰਚਦੀ ਹਾਂ ਕਿ ਮੇਰੀ ਜ਼ਿੰਦਗੀ ਜ਼ਿਆਦਾ ਅਰਥਪੂਰਣ ਤੇ ਦਿਲਚਸਪ ਹੈ, ਅਤੇ ਮੈਂ ਹਮੇਸ਼ਾ ਕਿਸੇ-ਨ-ਕਿਸੇ ਕੰਮ ਵਿਚ ਰੁੱਝੀ ਰਹਿੰਦੀ ਹਾਂ।” ਜੀਵਨ ਦਾ ਕਿਹੜਾ ਰਾਹ ਹੈ ਜੋ ਅਜਿਹੀ ਸੰਤੁਸ਼ਟੀ ਲਿਆਉਂਦਾ ਹੈ? ਅਤੇ ਤੁਸੀਂ ਜ਼ਿੰਦਗੀ ਦੇ ਅਜਿਹੇ ਰਾਹ ਉੱਤੇ ਕਿਸ ਤਰ੍ਹਾਂ ਚੱਲ ਸਕਦੇ ਹੋ?

ਕੀ ਪਰਮੇਸ਼ੁਰ ਤੁਹਾਨੂੰ ਰਾਹ ਦਿਖਾਉਂਦਾ ਹੈ?

ਇਹ ਫ਼ੈਸਲਾ ਕਰਨਾ ਸ਼ਾਇਦ ਬਹੁਤ ਔਖਾ ਹੋਵੇ ਕਿ ਤੁਸੀਂ ਜ਼ਿੰਦਗੀ ਵਿਚ ਕੀ ਕਰੋਗੇ। ਦਰਅਸਲ, ਕਈ ਤਾਂ ਇਹ ਚਾਹੁੰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਠੀਕ-ਠੀਕ ਦੱਸੇ ਕਿ ਉਹ ਉਨ੍ਹਾਂ ਤੋਂ ਕੀ-ਕੀ ਕਰਵਾਉਣਾ ਚਾਹੁੰਦਾ ਹੈ।

ਜਦੋਂ ਮੂਸਾ ਮਿਦਯਾਨ ਵਿਚ ਸੀ, ਯਹੋਵਾਹ ਨੇ ਉਸ ਨੂੰ ਮਿਸਰ ਵਾਪਸ ਜਾ ਕੇ ਇਸਰਾਏਲੀਆਂ ਨੂੰ ਗ਼ੁਲਾਮੀ ਵਿੱਚੋਂ ਕੱਢਣ ਲਈ ਕਿਹਾ ਸੀ। (ਕੂਚ 3:1-10) ਪਰਮੇਸ਼ੁਰ ਦੇ ਇਕ ਦੂਤ ਨੇ ਗਿਦਾਊਨ ਨੂੰ ਦਰਸ਼ਣ ਦਿੱਤਾ, ਜੋ ਕਿ ਇਸਰਾਏਲ ਨੂੰ ਅਤਿਆਚਾਰ ਤੋਂ ਬਚਾਉਣ ਲਈ ਨਿਯੁਕਤ ਕੀਤਾ ਗਿਆ ਸੀ। (ਨਿਆਈਆਂ 6:11-14) ਦਾਊਦ ਭੇਡਾਂ ਚਾਰ ਰਿਹਾ ਸੀ ਜਦੋਂ ਪਰਮੇਸ਼ੁਰ ਨੇ ਸਮੂਏਲ ਨੂੰ ਕਿਹਾ ਕਿ ਉਹ ਉਸ ਨੂੰ ਇਸਰਾਏਲ ਦੇ ਅਗਲੇ ਰਾਜੇ ਵਜੋਂ ਮਸਹ ਕਰੇ। (1 ਸਮੂਏਲ 16:1-13) ਅੱਜ ਅਸੀਂ ਅਜਿਹੇ ਤਰੀਕੇ ਵਿਚ ਨਿਰਦੇਸ਼ਿਤ ਨਹੀਂ ਕੀਤੇ ਜਾਂਦੇ। ਇਸ ਦੀ ਬਜਾਇ, ਸਾਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਆਪਣੀਆਂ ਯੋਗਤਾਵਾਂ ਨੂੰ ਕਿਸ ਤਰ੍ਹਾਂ ਵਰਤਾਂਗੇ।

ਯਹੋਵਾਹ ਨੇ ਨੌਜਵਾਨਾਂ ਲਈ ‘ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ ਖੋਲ੍ਹਿਆ ਹੈ।’ (1 ਕੁਰਿੰਥੀਆਂ 16:9) ਕਿਸ ਤਰ੍ਹਾਂ? ਪਿਛਲੇ ਦਹਾਕੇ ਵਿਚ, ਰਾਜ ਪ੍ਰਚਾਰਕਾਂ ਦੀ ਗਿਣਤੀ ਵਿਚ 21,25,000 ਤੋਂ ਜ਼ਿਆਦਾ ਵਾਧਾ ਹੋਇਆ ਸੀ ਅਤੇ ਹੁਣ ਉਨ੍ਹਾਂ ਦੀ ਗਿਣਤੀ ਸੰਸਾਰ ਭਰ ਵਿਚ 60,00,000 ਤੋਂ ਜ਼ਿਆਦਾ ਹੈ। ਰੂਹਾਨੀ ਤੌਰ ਤੇ ਤਕੜੇ ਰਹਿਣ ਲਈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦੁਨੀਆਂ ਭਰ ਵਿਚ ਪੂਰਾ ਕਰਨ ਲਈ ਲੱਖਾਂ ਹੀ ਲੋੜੀਂਦੀਆਂ ਬਾਈਬਲਾਂ, ਕਿਤਾਬਾਂ, ਬ੍ਰੋਸ਼ਰਾਂ, ਰਸਾਲਿਆਂ, ਅਤੇ ਟ੍ਰੈਕਟਾਂ ਦਾ ਪ੍ਰਬੰਧ ਕਰਨ ਵਿਚ ਕੌਣ ਮਦਦ ਕਰਦੇ ਹਨ? ਇਹ ਵਧੀਆ ਸਨਮਾਨ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜੋ ਸੰਸਾਰ ਭਰ ਦੇ ਬੈਥਲ ਪਰਿਵਾਰ ਦੇ ਮੈਂਬਰ ਹਨ।

ਬਰਕਤਾਂ ਨਾਲ ਭਰੀ ਹੋਈ ਜ਼ਿੰਦਗੀ

ਬੈਥਲ ਦਾ ਮਤਲਬ ਹੈ “ਪਰਮੇਸ਼ੁਰ ਦਾ ਘਰ,” ਅਤੇ ਬੈਥਲ ਘਰਾਂ ਵਿਚ ਉਹ ਮਸੀਹੀ ਰਹਿੰਦੇ ਹਨ ਜੋ ਆਪਣੀ ਇੱਛਾ ਅਨੁਸਾਰ ਵਾਚ ਟਾਵਰ ਸੋਸਾਇਟੀ ਦੇ ਹੈੱਡ-ਕੁਆਰਟਰ ਅਤੇ ਬ੍ਰਾਂਚਾਂ ਵਿਚ ਸੇਵਾ ਕਰਦੇ ਹਨ। (ਉਤਪਤ 28:19, ਫੁਟਨੋਟ, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ-ਕੱਲ੍ਹ ਦੇ ਬੈਥਲ ਪਰਿਵਾਰਾਂ ਦੀ ਤੁਲਨਾ ‘ਬੁੱਧ ਨਾਲ ਬਣਾਏ ਹੋਏ ਘਰਾਂ’ ਨਾਲ ਕੀਤੀ ਜਾ ਸਕਦੀ ਹੈ, ਜੋ ਬਹੁਤ ਹੀ ਵਧੀਆ ਤਰੀਕੇ ਵਿਚ ਚਲਾਏ ਜਾਂਦੇ ਹਨ ਅਤੇ ਜੋ ਯਹੋਵਾਹ ਲਈ ਪਿਆਰ ਉੱਤੇ ਆਧਾਰਿਤ ਹਨ।​—ਕਹਾਉਤਾਂ 24:3.

ਬੈਥਲ ਵਿਚ ਪਰਿਵਾਰ ਵਰਗਾ ਮਾਹੌਲ ਹੈ। ਇਸ ਬਾਰੇ ਕੀ ਕਿਹਾ ਜਾ ਸਕਦਾ ਹੈ? ਏਸਟੋਨੀਆ ਦੇ ਬੈਥਲ ਪਰਿਵਾਰ ਤੋਂ 25 ਸਾਲਾਂ ਦੀ ਇਕ ਭੈਣ ਨੇ ਕਿਹਾ: “ਮੈਂ ਖ਼ੁਸ਼ ਹਾਂ ਕਿ ਮੈਂ ਹਮੇਸ਼ਾ ਯਹੋਵਾਹ ਦੇ ਦੋਸਤਾਂ ਦੇ ਨਾਲ ਹੁੰਦੀ ਹਾਂ। ਬੈਥਲ ਵਿਚ ਮੇਰੇ ਲਈ ਇਹ ਹੁਣ ਵੀ ਸਭ ਤੋਂ ਮਹੱਤਵਪੂਰਣ ਗੱਲ ਹੈ।”​—ਜ਼ਬੂਰ 15:1, 2.

ਸੰਸਾਰ ਭਰ ਵਿਚ ਤਕਰੀਬਨ 19,500 ਭੈਣਾਂ-ਭਰਾਵਾਂ ਕੋਲ ਬੈਥਲ ਵਿਚ ਕੰਮ ਕਰਨ ਦਾ ਸਨਮਾਨ ਹੈ। (ਜ਼ਬੂਰ 110:3) ਅਮਰੀਕਾ ਵਿਚ, ਬੈਥਲ ਵਿਚ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਵਿੱਚੋਂ 46 ਫੀ ਸਦੀ 19 ਤੋਂ 29 ਸਾਲਾਂ ਦੀ ਉਮਰ ਵਿਚਕਾਰ ਹਨ। ਯਸਾਯਾਹ ਵਾਂਗ ਉਨ੍ਹਾਂ ਨੇ ਵੀ ਕਿਹਾ ਹੈ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਯਸਾਯਾਹ ਪਹਿਲਾਂ ਹੀ ਯਹੋਵਾਹ ਨੂੰ ਸਮਰਪਿਤ ਸੀ, ਲੇਕਿਨ ਉਹ ਹੁਣ ਵਧੀਕ ਸੇਵਾ ਕਰਨ ਲਈ ਰਾਜ਼ੀ ਹੋ ਰਿਹਾ ਸੀ। ਜ਼ਾਹਰ ਹੈ ਕਿ ਇਸ ਦਾ ਮਤਲਬ ਸੀ ਕਿ ਉਸ ਨੂੰ ਕੁਝ ਨਿੱਜੀ ਲਾਭ ਕੁਰਬਾਨ ਕਰਨੇ ਪਏ ਸਨ। ਜਿਹੜੇ ਭੈਣ-ਭਰਾ ਬੈਥਲ ਵਿਚ ਸੇਵਾ ਕਰਦੇ ਹਨ ਉਹ ਆਪਣਿਆਂ ਮਾਪਿਆਂ, ਭੈਣਾਂ-ਭਰਾਵਾਂ, ਅਤੇ ਦੋਸਤਾਂ ਦੇ ਨਾਲ-ਨਾਲ ਆਪਣੇ ਘਰ ਅਤੇ ਜਾਣੇ-ਪਛਾਣੇ ਆਂਢ-ਗੁਆਂਢ ਨੂੰ ਵੀ ਛੱਡ ਕੇ ਆਉਂਦੇ ਹਨ। ਖ਼ੁਸ਼ ਖ਼ਬਰੀ ਲਈ ਉਹ ਇਹ ਕੁਰਬਾਨੀਆਂ ਕਰਨ ਲਈ ਰਾਜ਼ੀ ਹੁੰਦੇ ਹਨ।​—ਮਰਕੁਸ 10:29, 30.

ਇਸ ਦੇ ਬਦਲੇ, ਬੈਥਲ ਵਿਚ ਉਨ੍ਹਾਂ ਨੂੰ ਬਹੁਤ ਸਾਰੀਆਂ ਰੂਹਾਨੀ ਬਰਕਤਾਂ ਮਿਲਦੀਆਂ ਹਨ! ਰੂਸ ਦੇ ਬੈਥਲ ਤੋਂ ਇਕ ਜਵਾਨ ਭੈਣ ਨੇ ਸਮਝਾਇਆ: “ਕੁਰਬਾਨੀਆਂ ਦੇਣ ਦੁਆਰਾ ਅਸੀਂ ਅਜਿਹਾ ਬਹੁਤ ਕੁਝ ਸਿੱਖ ਸਕਦੇ ਹਾਂ ਜੋ ਸਾਨੂੰ ਨਵੀਂ ਦੁਨੀਆਂ ਵਿਚ ਜੀਉਣ ਦੀ ਮਦਦ ਕਰੇਗਾ। ਮੈਂ ਆਪਣੇ ਅਨੁਭਵ ਤੋਂ ਇਹ ਕਹਿ ਸਕਦੀ ਹਾਂ ਕਿ ਯਹੋਵਾਹ ਦੀਆਂ ਬਰਕਤਾਂ ਮੇਰੀਆਂ ਕੁਰਬਾਨੀਆਂ ਨਾਲੋਂ ਬਹੁਤ ਜ਼ਿਆਦਾ ਹਨ।”​—ਮਲਾਕੀ 3:10.

ਬੈਥਲ ਦਾ ਜੀਵਨ

ਬੈਥਲ ਵਿਚ ਕਿੱਦਾਂ ਦੀ ਰਹਿਣੀ-ਬਹਿਣੀ ਹੈ? ਬੈਥਲ ਪਰਿਵਾਰ ਦੇ ਮੈਂਬਰ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਗੁਣਕਾਰੀ, ਸੰਤੁਸ਼ਟ, ਅਤੇ ਦਿਲਚਸਪ ਵੀ ਹੈ। ਯੈਨਜ਼ ਨਾਂ ਦਾ ਇਕ ਭਰਾ ਜੋ 43 ਸਾਲਾਂ ਦਾ ਹੈ, ਬੈਥਲ ਵਿਚ ਆਪਣੀ ਸੇਵਾ ਬਹੁਤ ਪਸੰਦ ਕਰਦਾ ਹੈ। ਕਿਉਂ? ਉਹ ਕਹਿੰਦਾ ਹੈ: “ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਕ ਬਹੁਤ ਹੀ ਮਹੱਤਵਪੂਰਣ ਕੰਮ ਨੂੰ ਪੂਰਾ ਕਰਨ ਵਿਚ ਹਿੱਸਾ ਲੈ ਰਹੇ ਹਾਂ। ਮੈਂ ਦੇਖ ਸਕਦਾ ਹਾਂ ਕਿ ਯਹੋਵਾਹ ਦਾ ਕੰਮ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਫੈਲ ਰਿਹਾ ਹੈ।”

ਸੋਮਵਾਰ ਤੋਂ ਲੈ ਕੇ ਸਿਨੱਚਰਵਾਰ ਤਕ, ਬੈਥਲ ਦਾ ਦਿਨ ਉਪਾਸਨਾ ਨਾਲ ਸ਼ੁਰੂ ਹੁੰਦਾ ਹੈ। ਇਸ ਵਿਚ ਬਾਈਬਲ ਦੇ ਕਿਸੇ ਹਵਾਲੇ ਤੋਂ ਚਰਚਾ ਕੀਤੀ ਜਾਂਦੀ ਹੈ ਜਿਸ ਦੀ ਪ੍ਰਧਾਨਗੀ ਇਕ ਤਜਰਬੇਕਾਰ ਬਜ਼ੁਰਗ ਕਰਦਾ ਹੈ। ਸੋਮਵਾਰ ਸ਼ਾਮ ਨੂੰ ਬੈਥਲ ਪਰਿਵਾਰ ਇਕ ਘੰਟੇ ਲਈ ਪਹਿਰਾਬੁਰਜ ਵਰਤ ਕੇ ਬਾਈਬਲ ਦਾ ਅਧਿਐਨ ਕਰਦਾ ਹੈ। ਕਦੀ-ਕਦੀ ਬਾਈਬਲ ਤੋਂ ਅਜਿਹੇ ਵਿਸ਼ਿਆਂ ਉੱਤੇ ਭਾਸ਼ਣ ਵੀ ਦਿੱਤੇ ਜਾਂਦੇ ਹਨ ਜੋ ਖ਼ਾਸ ਕਰਕੇ ਬੈਥਲ ਪਰਿਵਾਰ ਉੱਤੇ ਲਾਗੂ ਹੁੰਦੇ ਹਨ।

ਉਦੋਂ ਕੀ ਹੁੰਦਾ ਹੈ ਜਦੋਂ ਕੋਈ ਜਣਾ ਬੈਥਲ ਵਿਚ ਕੰਮ ਕਰਨ ਆਉਂਦਾ ਹੈ? ਨਵੇਂ ਮੈਂਬਰਾਂ ਨੂੰ ਬੈਥਲ ਦੇ ਜੀਵਨ ਬਾਰੇ ਸਿਖਾਉਣ ਲਈ, ਪਰਿਵਾਰ ਦੇ ਜ਼ਿੰਮੇਵਾਰ ਭਰਾ ਬੈਥਲ ਦੀ ਸੇਵਾ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਭਾਸ਼ਣ ਦਿੰਦੇ ਹਨ। ਪਹਿਲੇ ਸਾਲ ਦੌਰਾਨ ਕੁਝ ਹਫ਼ਤਿਆਂ ਲਈ, ਬੈਥਲ ਦਾ ਨਵਾਂ ਮੈਂਬਰ ਇਕ ਵਧੀਆ ਸਕੂਲ ਵਿਚ ਹਾਜ਼ਰ ਹੁੰਦਾ ਹੈ ਜੋ ਉਸ ਦੀ ਬਾਈਬਲੀ ਸਮਝ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਨਵੇਂ ਮੈਂਬਰ ਬਾਈਬਲ ਪੜ੍ਹਾਈ ਦੇ ਇਕ ਖ਼ਾਸ ਪ੍ਰੋਗ੍ਰਾਮ ਦਾ ਵੀ ਆਨੰਦ ਮਾਣਦੇ ਹਨ। ਬੈਥਲ ਸੇਵਾ ਦੇ ਪਹਿਲੇ ਸਾਲ ਦੌਰਾਨ, ਪਰਿਵਾਰ ਦੇ ਨਵੇਂ ਮੈਂਬਰ ਪੂਰੀ ਬਾਈਬਲ ਪੜ੍ਹਦੇ ਹਨ।

ਇੰਨੀ ਸਾਰੀ ਸਿਖਲਾਈ ਦਾ ਕੀ ਅਸਰ ਹੁੰਦਾ ਹੈ? ਹਾਂਗ ਕਾਂਗ ਦੇ ਬੈਥਲ ਤੋਂ ਜੋਸ਼ੁਆ ਨਾਂ ਦਾ ਇਕ 33 ਸਾਲਾਂ ਦਾ ਭਰਾ ਕਹਿੰਦਾ ਹੈ: “ਬੈਥਲ ਨੇ ਯਹੋਵਾਹ ਲਈ ਮੇਰੀ ਕਦਰ ਸੱਚ-ਮੁੱਚ ਵਧਾਈ ਹੈ। ਮੈਂ ਕਈ ਤਜਰਬੇਕਾਰ ਭਰਾਵਾਂ ਨਾਲ ਸੰਗਤ ਰੱਖ ਸਕਦਾ ਹਾਂ ਜਿਨ੍ਹਾਂ ਨੇ ਤਕਰੀਬਨ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਗੁਜ਼ਾਰੀ ਹੈ। ਮੈਂ ਖ਼ਾਸ ਕਰਕੇ ਰੂਹਾਨੀ ਇੰਤਜ਼ਾਮਾਂ ਦਾ ਆਨੰਦ ਮਾਣਦਾ ਹਾਂ, ਜਿਵੇਂ ਕਿ ਸਵੇਰ ਦੀ ਉਪਾਸਨਾ ਅਤੇ ਪਰਿਵਾਰ ਵਜੋਂ ਪਹਿਰਾਬੁਰਜ ਦਾ ਅਧਿਐਨ। ਅਤੇ ਮੈਂ ਇਸ ਸੰਜਮੀ ਅਤੇ ਸਾਦੇ ਜੀਉਣ ਦੇ ਤਰੀਕੇ ਨੂੰ ਪਸੰਦ ਕਰਦਾ ਹਾਂ। ਇਸ ਤਰ੍ਹਾਂ ਮੈਂ ਵਾਧੂ ਦੀ ਚਿੰਤਾ ਤੋਂ ਬਚਦਾ ਹਾਂ। ਮੈਂ ਇਹ ਵੀ ਸਿੱਖਿਆ ਹੈ ਕਿ ਇਕ ਮਸੀਹੀ ਵਜੋਂ ਮੈਨੂੰ ਮਾਮਲਿਆਂ ਨਾਲ ਕਿਸ ਤਰ੍ਹਾਂ ਨਿਪਟਣਾ ਚਾਹੀਦਾ ਹੈ, ਅਤੇ ਇਹ ਸਿੱਖਿਆ ਹਮੇਸ਼ਾ ਲਾਭਦਾਇਕ ਸਾਬਤ ਹੋਈ ਹੈ।”

ਬੈਥਲ ਪਰਿਵਾਰ ਦੇ ਮੈਂਬਰ ਆਪਣਾ ਜ਼ਿਆਦਾਤਰ ਸਮਾਂ ਅਤੇ ਜਤਨ ਉਹ ਕੰਮ ਕਰਨ ਵਿਚ ਗੁਜ਼ਾਰਦੇ ਹਨ ਜੋ ਉਹ ਕਰਨ ਲਈ ਰਾਜ਼ੀ ਹੋਏ ਸਨ। ਹਾਂ, ਉਹ ਆਪਣੀਆਂ ਸਰੀਰਕ ਅਤੇ ਦਿਮਾਗ਼ੀ ਯੋਗਤਾਵਾਂ ਮੁੱਖ ਤੌਰ ਤੇ ਉਹ ਕੰਮ ਪੂਰਾ ਕਰਨ ਲਈ ਇਸਤੇਮਾਲ ਕਰਦੇ ਹਨ ਜੋ ਉਨ੍ਹਾਂ ਨੂੰ ਬੈਥਲ ਵਿਚ ਦਿੱਤਾ ਜਾਂਦਾ ਹੈ। ਵੱਖ-ਵੱਖ ਕਿਸਮ ਦੇ ਕੰਮ ਕਰਨੇ ਪੈਂਦੇ ਹਨ। ਕਈ ਛਪਾਈ ਦੀਆਂ ਮਸ਼ੀਨਾਂ ਚਲਾਉਂਦੇ ਹਨ ਜਾਂ ਕਿਤਾਬਾਂ ਬਣਾਉਣ ਦਾ ਕੰਮ ਕਰਦੇ ਹਨ, ਤਾਂਕਿ ਉਹ ਕਲੀਸਿਯਾਵਾਂ ਦੀ ਵਰਤੋਂ ਲਈ ਭੇਜੀਆਂ ਜਾ ਸਕਣ। ਦੂਸਰੇ ਰਸੋਈ, ਰੋਟੀ ਖਾਣ ਵਾਲੇ ਹਾਲ, ਜਾਂ ਲਾਂਡਰੀ ਵਿਚ ਕੰਮ ਕਰਦੇ ਹਨ। ਇਨ੍ਹਾਂ ਕੰਮਾਂ ਤੋਂ ਇਲਾਵਾ ਸਫ਼ਾਈ, ਖੇਤੀਬਾੜੀ, ਉਸਾਰੀ ਦਾ ਕੰਮ, ਅਤੇ ਕਈ ਹੋਰ ਕੰਮ ਵੀ ਕੀਤੇ ਜਾਂਦੇ ਹਨ। ਕਈਆਂ ਭਰਾਵਾਂ ਕੋਲ ਇਨ੍ਹਾਂ ਸਾਰਿਆਂ ਵਿਭਾਗਾਂ ਦੇ ਸਾਜ਼-ਸਾਮਾਨ ਸੰਭਾਲਣ ਦੀ ਜ਼ਿੰਮੇਵਾਰੀ ਹੈ। ਅਤੇ ਹੋਰ ਭਰਾ ਸਿਹਤ-ਸੰਭਾਲ ਦਾ ਪ੍ਰਬੰਧ ਕਰਦੇ ਹਨ ਜਾਂ ਦਫ਼ਤਰਾਂ ਵਿਚ ਕੰਮ ਕਰਦੇ ਹਨ। ਬੈਥਲ ਦਿਆਂ ਸਾਰਿਆਂ ਕੰਮਾਂ ਵਿਚ ਦਿਲਚਸਪ ਚੁਣੌਤੀਆਂ ਪੇਸ਼ ਹੁੰਦੀਆਂ ਹਨ ਅਤੇ ਬਹੁਤ ਦੀ ਬਰਕਤਾਂ ਮਿਲਦੀਆਂ ਹਨ। ਬੈਥਲ ਵਿਚ ਕੀਤੇ ਗਏ ਕੰਮ ਤੋਂ ਖ਼ਾਸ ਕਰਕੇ ਇਸ ਲਈ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਇਹ ਰਾਜ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਤੇ ਪਰਮੇਸ਼ੁਰ ਲਈ ਪ੍ਰੇਮ ਕਾਰਨ ਕੀਤਾ ਜਾਂਦਾ ਹੈ।

ਬੈਥਲ ਦੇ ਮੈਂਬਰਾਂ ਨੂੰ ਵੱਖ-ਵੱਖ ਕਲੀਸਿਯਾਵਾਂ ਵਿਚ ਭੇਜਿਆ ਜਾਂਦਾ ਹੈ, ਅਤੇ ਉੱਥੇ ਉਹ ਆਪਣੇ ਕੰਮ ਦੇ ਨਤੀਜੇ ਸਾਫ਼-ਸਾਫ਼ ਦੇਖਦੇ ਹਨ। ਉਹ ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਤੋਂ ਆਨੰਦ ਮਾਣਦੇ ਹਨ। ਨਤੀਜੇ ਵਜੋਂ, ਬੈਥਲ ਪਰਿਵਾਰ ਦੇ ਮੈਂਬਰਾਂ ਨੇ ਆਪਣੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨਾਲ ਗਹਿਰੀ ਮਿੱਤਰਤਾ ਜੋੜੀ ਹੈ।​—ਮਰਕੁਸ 10:29, 30.

ਬਰਤਾਨੀਆ ਬੈਥਲ ਤੋਂ ਰੀਟਾ ਨਾਂ ਦੀ ਇਕ ਭੈਣ ਕਹਿੰਦੀ ਹੈ: “ਮੈਂ ਆਪਣੀ ਕਲੀਸਿਯਾ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ! ਜਦੋਂ ਮੈਂ ਸਭਾਵਾਂ ਤੇ ਹੁੰਦੀ ਹਾਂ ਅਤੇ ਪ੍ਰਚਾਰ ਸੇਵਾ ਵਿਚ ਜਾਂਦੀ ਹਾਂ, ਤਾਂ ਆਪਣੇ ਪਿਆਰੇ ਭੈਣਾਂ, ਭਰਾਵਾਂ, ਬੱਚਿਆਂ, ਅਤੇ ਸਿਆਣਿਆਂ ਨੂੰ ਦੇਖ ਕੇ ਮੇਰੀ ਨਿਹਚਾ ਬਹੁਤ ਮਜ਼ਬੂਤ ਹੁੰਦੀ ਹੈ! ਜੋ ਮਰਜ਼ੀ ਹੋਵੇ ਉਹ ਹਮੇਸ਼ਾ ਹਾਜ਼ਰ ਹੁੰਦੇ ਹਨ। ਇਹ ਗੱਲਾਂ ਮੈਨੂੰ ਆਪਣੀ ਬੈਥਲ ਸੇਵਾ ਵਿਚ ਜੋਸ਼ੀਲੀ ਹੋਣ ਵਿਚ ਮਦਦ ਕਰਦੀਆਂ ਹਨ।”

ਬੈਥਲ ਦਾ ਜੀਵਨ ਸਿਰਫ਼ ਕੰਮ ਕਰਨ, ਸਭਾਵਾਂ ਨੂੰ ਜਾਣ, ਪ੍ਰਚਾਰ ਸੇਵਾ ਕਰਨ, ਅਤੇ ਅਧਿਐਨ ਕਰਨ ਬਾਰੇ ਹੀ ਨਹੀਂ ਹੈ। ਪਰਿਵਾਰ ਆਰਾਮ ਕਰਨ ਵਿਚ ਵੀ ਸਮਾਂ ਗੁਜ਼ਾਰਦਾ ਹੈ। ਕਦੀ-ਕਦੀ, ਪਰਿਵਾਰ ਲਈ ਮਨੋਰੰਜਕ ਅਤੇ ਰੂਹਾਨੀ ਤੌਰ ਤੇ ਲਾਭਦਾਇਕ ਪ੍ਰੋਗ੍ਰਾਮ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ “ਫੈਮਲੀ ਨਾਈਟ” ਸੱਦਿਆ ਜਾਂਦਾ ਹੈ। ਇਸ ਪ੍ਰੋਗ੍ਰਾਮ ਦੌਰਾਨ ਬੈਥਲ ਦੇ ਕਲਾਕਾਰਾਂ ਦੀਆਂ ਯੋਗਤਾਵਾਂ ਦਾ ਆਨੰਦ ਮਾਣਨ ਦਾ ਅਤੇ ਭੈਣਾਂ-ਭਰਾਵਾਂ ਦੀਆਂ ਜ਼ਿੰਦਗੀਆਂ ਬਾਰੇ ਦਿਲਚਸਪ ਗੱਲਾਂ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ-ਨਾਲ, ਦੂਸਰਿਆਂ ਨਾਲ ਮਿਲਣਾ-ਜੁਲਣਾ ਵੀ ਬਹੁਤ ਆਨੰਦਮਈ ਹੁੰਦਾ ਹੈ। ਹੋ ਸਕਦਾ ਹੈ ਕਿ ਮਨੋਰੰਜਨ ਲਈ ਹੋਰ ਵੀ ਕੁਝ ਪ੍ਰਬੰਧ ਕੀਤੇ ਜਾਣ। ਕੁਝ ਬ੍ਰਾਂਚਾਂ ਵਿਚ ਲਾਇਬ੍ਰੇਰੀਆਂ ਦਾ ਪ੍ਰਬੰਧ ਵੀ ਹੁੰਦਾ ਹੈ, ਜਿੱਥੇ ਭੈਣ-ਭਰਾ ਨਿੱਜੀ ਪੜ੍ਹਾਈ ਅਤੇ ਰਿਸਰਚ ਕਰ ਸਕਦੇ ਹਨ। ਅਤੇ ਇਹ ਨਾ ਭੁੱਲੋ ਕਿ ਉਨ੍ਹਾਂ ਨੂੰ ਖਾਣਾ ਖਾਂਦੇ ਸਮੇਂ ਵੀ ਇਕ-ਦੂਸਰੇ ਨਾਲ ਸੰਗਤ ਕਰਨ ਦੇ ਵਧੀਆ ਮੌਕੇ ਮਿਲਦੇ ਹਨ।

ਏਸਟੋਨੀਆ ਦੇ ਬੈਥਲ ਤੋਂ ਟਾਮ ਨਾਂ ਦਾ ਇਕ ਭਰਾ ਕਹਿੰਦਾ ਹੈ ਕਿ “ਬੈਥਲ ਦੇ ਨਜ਼ਦੀਕ ਹੀ ਸਮੁੰਦਰ ਹੈ ਅਤੇ ਲਾਗੇ ਹੀ ਇਕ ਵਧੀਆ ਜੰਗਲੀ ਇਲਾਕਾ ਹੈ ਜਿੱਥੇ ਮੈਂ ਆਪਣੀ ਪਤਨੀ ਨਾਲ ਤੁਰਨ-ਫਿਰਨ ਜਾਂਦਾ ਹਾਂ। ਕਦੀ-ਕਦੀ ਮੈਂ ਬੈਥਲ ਅਤੇ ਕਲੀਸਿਯਾ ਤੋਂ ਆਪਣੇ ਮਿੱਤਰਾਂ ਨਾਲ ਗੌਲਫ, ਹਾਕੀ, ਅਤੇ ਟੈਨਿਸ ਖੇਡਣ ਜਾਂਦਾ ਹਾਂ। ਅਤੇ ਜਦੋਂ ਮੌਸਮ ਚੰਗਾ ਹੁੰਦਾ ਹੈ ਤਾਂ ਅਸੀਂ ਆਪਣੇ ਸਾਈਕਲਾਂ ਤੇ ਘੁੰਮਣ ਚੱਲੇ ਜਾਂਦੇ ਹਾਂ।”

ਇਸ ਸੇਵਾ ਦੇ ਯੋਗ ਹੋਣ ਲਈ ਤੁਸੀਂ ਕੀ ਕਰ ਸਕਦੇ ਹੋ?

ਬੈਥਲ ਮੁੱਖ ਤੌਰ ਤੇ ਅਜਿਹੀ ਜਗ੍ਹਾ ਹੈ ਜਿੱਥੇ ਰੂਹਾਨੀ ਤੌਰ ਤੇ ਸਿਆਣੇ ਮਸੀਹੀ ਯਹੋਵਾਹ ਨੂੰ ਪਵਿੱਤਰ ਸੇਵਾ ਪੇਸ਼ ਕਰਦੇ ਹਨ ਅਤੇ ਸੰਸਾਰ ਭਰ ਦੇ ਭਾਈਚਾਰੇ ਦੀ ਖ਼ਾਤਰ ਕੰਮ ਕਰਦੇ ਹਨ। ਜਿਹੜੇ ਵਿਅਕਤੀ ਬੈਥਲ ਪਰਿਵਾਰ ਦੇ ਮੈਂਬਰ ਬਣਦੇ ਹਨ ਉਨ੍ਹਾਂ ਨੂੰ ਖ਼ਾਸ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਤੁਸੀਂ ਬੈਥਲ ਸੇਵਾ ਦੇ ਯੋਗ ਬਣਨ ਲਈ ਕੀ ਕਰ ਸਕਦੇ ਹੋ?

ਤਿਮੋਥਿਉਸ ਵਾਂਗ, ਜਿਸ ਨੇ ਪੌਲੁਸ ਰਸੂਲ ਨਾਲ ਸੇਵਾ ਕੀਤੀ ਸੀ, ਬੈਥਲ ਦੀ ਸੇਵਾ ਲਈ ਕਬੂਲ ਕੀਤੇ ਜਾਣ ਲਈ ਕਲੀਸਿਯਾ ਵਿਚ ਤੁਹਾਡਾ ਨੇਕਨਾਮ ਹੋਣਾ ਚਾਹੀਦਾ ਹੈ। (1 ਤਿਮੋਥਿਉਸ 1:1) ਤਿਮੋਥਿਉਸ “ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ।” (ਰਸੂਲਾਂ ਦੇ ਕਰਤੱਬ 16:2) ਭਾਵੇਂ ਕਿ ਉਹ ਜਵਾਨ ਸੀ, ਤਿਮੋਥਿਉਸ ਬਾਈਬਲ ਨੂੰ ਜਾਣਦਾ ਸੀ ਅਤੇ ਸੱਚਾਈ ਵਿਚ ਪੱਕਾ ਸੀ। (2 ਤਿਮੋਥਿਉਸ 3:14, 15) ਇਸੇ ਤਰ੍ਹਾਂ, ਬੈਥਲ ਦੀ ਸੇਵਾ ਲਈ ਕਬੂਲ ਕੀਤੇ ਜਾਣ ਵਾਲਿਆਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਨ੍ਹਾਂ ਕੋਲ ਬਾਈਬਲ ਦਾ ਗਿਆਨ ਹੋਵੇ।

ਬੈਥਲ ਪਰਿਵਾਰ ਦੇ ਮੈਂਬਰਾਂ ਲਈ ਆਤਮ-ਬਲੀਦਾਨੀ ਰਵੱਈਏ ਦੀ ਜ਼ਰੂਰਤ ਹੈ। ਤਿਮੋਥਿਉਸ ਨੇ ਕੁਰਬਾਨੀਆਂ ਕਰਨ ਦੀ ਭਾਵਨਾ ਅਤੇ ਆਪਣੇ ਆਪ ਨਾਲੋਂ ਰਾਜ ਹਿੱਤਾਂ ਨੂੰ ਪਹਿਲ ਦੇਣ ਦੀ ਇੰਨੀ ਰਜ਼ਾਮੰਦੀ ਦਿਖਾਈ ਸੀ ਕਿ ਪੌਲੁਸ ਨੇ ਉਸ ਬਾਰੇ ਕਿਹਾ: “ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ। ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ। ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।”​—ਫ਼ਿਲਿੱਪੀਆਂ 2:20-22.

ਬੈਥਲ ਸੇਵਾ ਲਈ ਰੂਹਾਨੀ ਤੌਰ ਤੇ ਤਕੜੇ ਆਦਮੀਆਂ-ਔਰਤਾਂ ਦੀ ਜ਼ਰੂਰਤ ਹੈ। ਬੈਥਲ ਪਰਿਵਾਰ ਦੇ ਮੈਂਬਰਾਂ ਲਈ ਜੋ ਪ੍ਰਬੰਧ ਕੀਤੇ ਜਾਂਦੇ ਹਨ, ਉਹ ਉਨ੍ਹਾਂ ਨੂੰ ਬਾਈਬਲ ਅਧਿਐਨ, ਮਸੀਹੀ ਸਭਾਵਾਂ ਅਤੇ ਪ੍ਰਚਾਰ ਸੇਵਾ ਵਿਚ ਨਿਯਮਿਤ ਹਿੱਸਾ ਲੈਣ, ਅਤੇ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਰੱਖਣ ਦੁਆਰਾ ਰੂਹਾਨੀ ਤੌਰ ਤੇ ਵਧਣ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ, ਬੈਥਲ ਵਿਚ ਕੰਮ ਕਰ ਰਹੇ ਭੈਣ-ਭਰਾ ਪੌਲੁਸ ਦੀ ਸਲਾਹ ਉੱਤੇ ਚੱਲ ਸਕਦੇ ਹਨ ਕਿ “ਤੁਸੀਂ [ਮਸੀਹ ਯਿਸੂ] ਦੇ ਵਿੱਚ ਚੱਲਦੇ ਜਾਓ। ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਾਹਲਾ ਕਰਦੇ ਜਾਓ।”​—ਕੁਲੁੱਸੀਆਂ 2:6, 7.

ਇਹ ਜ਼ਰੂਰੀ ਹੈ ਕਿ ਜੋ ਇਸ ਸੇਵਾ ਲਈ ਬੁਲਾਏ ਜਾਂਦੇ ਹਨ ਉਹ ਸਰੀਰਕ ਤੌਰ ਤੇ ਤਕੜੇ ਅਤੇ ਸਿਹਤਮੰਦ ਹੋਣ ਕਿਉਂਕਿ ਬੈਥਲ ਵਿਚ ਕੰਮ ਕਰਨਾ ਸੌਖਾ ਨਹੀਂ ਹੈ। ਜੇਕਰ ਤੁਸੀਂ ਇਨ੍ਹਾਂ ਜ਼ਿਕਰ ਕੀਤੀਆਂ ਗਈਆਂ ਯੋਗਤਾਵਾਂ ਤੇ ਪੂਰੇ ਉਤਰਦੇ ਹੋ, 19 ਸਾਲਾਂ ਦੀ ਉਮਰ ਦੇ ਜਾਂ ਇਸ ਤੋਂ ਵੱਡੇ ਹੋ, ਅਤੇ ਤੁਹਾਨੂੰ ਬਪਤਿਸਮਾ ਲਏ ਨੂੰ ਇਕ ਸਾਲ ਤੋਂ ਜ਼ਿਆਦਾ ਹੋ ਚੁਕਾ ਹੈ, ਤਾਂ ਅਸੀਂ ਤੁਹਾਨੂੰ ਬੈਥਲ ਵਿਚ ਸੇਵਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਅਸੀਂ ਸਾਰੇ ਮਦਦ ਕਰ ਸਕਦੇ ਹਾਂ

ਮਸੀਹੀਆਂ ਵਜੋਂ, ਸੰਭਵ ਹੈ ਕਿ ਅਸੀਂ ਸਾਰੇ ਰਾਜ ਹਿੱਤਾਂ ਨੂੰ ਜ਼ਿੰਦਗੀ ਵਿਚ ਪਹਿਲਾਂ ਰੱਖਣਾ ਚਾਹੁੰਦੇ ਹਾਂ ਅਤੇ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਨੀ ਚਾਹੁੰਦੇ ਹਾਂ। (ਮੱਤੀ 6:33; ਕੁਲੁੱਸੀਆਂ 3:23) ਅਸੀਂ ਬੈਥਲ ਵਿਚ ਸੇਵਾ ਕਰਨ ਵਾਲਿਆਂ ਭੈਣਾਂ-ਭਰਾਵਾਂ ਨੂੰ ਵੀ ਹੌਸਲਾ ਦੇ ਸਕਦੇ ਹਾਂ ਕਿ ਉਹ ਉੱਥੇ ਪਵਿੱਤਰ ਸੇਵਾ ਪੇਸ਼ ਕਰਨ ਵਿਚ ਲੱਗੇ ਰਹਿਣ। ਅਤੇ ਖ਼ਾਸ ਕਰਕੇ ਯੋਗ ਜਵਾਨ ਭਰਾਵਾਂ ਨੂੰ ਉਤੇਜਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬੈਥਲ ਦੀ ਸੇਵਾ ਦੇ ਸਨਮਾਨ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨ।

ਬੈਥਲ ਸੇਵਾ ਸਾਡੀ ਜ਼ਿੰਦਗੀ ਨੂੰ ਰੂਹਾਨੀ ਤੌਰ ਤੇ ਸੰਤੁਸ਼ਟ ਬਣਾਉਂਦੀ ਹੈ—ਅਜਿਹੀ ਸੇਵਾ ਜੋ ਸਭ ਤੋਂ ਵਧੀਆ ਹੈ। ਨਿਕ ਨਾਂ ਦਾ ਇਕ ਭਰਾ ਵੀਹਾਂ ਸਾਲਾਂ ਦਾ ਸੀ ਜਦੋਂ ਉਹ ਬੈਥਲ ਆਇਆ ਅਤੇ ਉਸ ਲਈ ਇਹ ਸੇਵਾ ਸਭ ਤੋਂ ਵਧੀਆ ਹੈ। ਬੈਥਲ ਵਿਚ ਦਸ ਸਾਲ ਸੇਵਾ ਕਰਨ ਤੋਂ ਬਾਅਦ ਉਹ ਕਹਿੰਦਾ ਹੈ: “ਮੈਂ ਅਕਸਰ ਪ੍ਰਾਰਥਨਾ ਵਿਚ ਯਹੋਵਾਹ ਦੀ ਕਿਰਪਾ ਲਈ ਸ਼ੁਕਰ ਕਰਦਾ ਹਾਂ। ਮੈਂ ਉਸ ਤੋਂ ਹੋਰ ਕੀ ਮੰਗ ਸਕਦਾ ਹਾਂ? ਇੱਥੇ, ਸਾਡੇ ਆਲੇ-ਦੁਆਲੇ ਬਹੁਤ ਸਾਰੇ ਵਫ਼ਾਦਾਰ ਮਸੀਹੀ ਹਨ ਜੋ ਯਹੋਵਾਹ ਦੀ ਸੇਵਾ ਵਿਚ ਆਪਣਾ ਸਭ ਕੁਝ ਦੇ ਰਹੇ ਹਨ।”

[ਸਫ਼ੇ 22 ਉੱਤੇ ਡੱਬੀ/​ਤਸਵੀਰ]

ਬਜ਼ੁਰਗ ਅਤੇ ਮਾਪੇ ਕੀ ਕਰ ਸਕਦੇ ਹਨ?

ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨਾਂ ਨੂੰ ਖ਼ਾਸ ਤੌਰ ਤੇ ਜਵਾਨ ਭਰਾਵਾਂ ਨੂੰ ਬੈਥਲ ਦੀ ਸੇਵਾ ਕਰਨ ਲਈ ਹੌਸਲਾ ਦੇਣਾ ਚਾਹੀਦਾ ਹੈ। ਹਾਲ ਹੀ ਵਿਚ ਬੈਥਲ ਪਰਿਵਾਰ ਦੇ ਜਵਾਨ ਮੈਂਬਰਾਂ ਨਾਲ ਕੀਤੇ ਗਏ ਸਰਵੇਖਣ ਤੋਂ ਜ਼ਾਹਰ ਹੋਇਆ ਕਿ ਉਨ੍ਹਾਂ ਵਿੱਚੋਂ 34 ਫੀ ਸਦੀ ਨੂੰ ਮੁੱਖ ਤੌਰ ਤੇ ਮਸੀਹੀ ਨਿਗਾਹਬਾਨਾਂ ਤੋਂ ਬੈਥਲ ਸੇਵਾ ਨੂੰ ਟੀਚਾ ਬਣਾਉਣ ਲਈ ਹੌਸਲਾ ਮਿਲਿਆ ਸੀ। ਇਹ ਸੱਚ ਹੈ ਕਿ ਕਲੀਸਿਯਾ ਵਿਚ ਅਜਿਹਿਆਂ ਨੌਜਵਾਨਾਂ ਦੀ ਕਮੀ ਬਹੁਤ ਮਹਿਸੂਸ ਹੋਵੇਗੀ। ਪਰ ਫਿਰ ਵੀ ਇਹ ਯਾਦ ਰੱਖਣਾ ਚੰਗਾ ਹੈ ਕਿ ਭਾਵੇਂ ਤਿਮੋਥਿਉਸ ਨੇ ਲੁਸਤ੍ਰਾ ਅਤੇ ਇਕੋਨਿਯੁਮ ਦੇ ਹੋਰਨਾਂ ਨੌਜਵਾਨਾਂ ਉੱਤੇ ਬਹੁਤ ਚੰਗਾ ਪ੍ਰਭਾਵ ਪਾਇਆ ਸੀ, ਉੱਥੇ ਦੇ ਬਜ਼ੁਰਗਾਂ ਨੇ ਉਸ ਨੂੰ ਪੌਲੁਸ ਨਾਲ ਸੇਵਾ ਕਰਨ ਤੋਂ ਨਹੀਂ ਰੋਕਿਆ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਜੇ ਉਹ ਤਿਮੋਥਿਉਸ ਨੂੰ ਪੌਲੁਸ ਨਾਲ ਜਾਣ ਦੇਣ ਤਾਂ ਉਨ੍ਹਾਂ ਦੀ ਕਲੀਸਿਯਾ ਨੂੰ ਬਹੁਤ ਜ਼ਿਆਦਾ ਕਮੀ ਮਹਿਸੂਸ ਹੋਵੇਗੀ।—1 ਤਿਮੋਥਿਉਸ 4:14.

ਮਸੀਹੀ ਮਾਪਿਆਂ ਨੂੰ ਖ਼ਾਸ ਕਰਕੇ ਇਸ ਮਾਮਲੇ ਵਿਚ ਆਪਣੇ ਬੱਚਿਆਂ ਉੱਤੇ ਚੰਗਾ ਪ੍ਰਭਾਵ ਪਾਉਣਾ ਚਾਹੀਦਾ ਹੈ। ਪਹਿਲਾਂ ਜ਼ਿਕਰ ਕੀਤੇ ਗਏ ਸਰਵੇਖਣ ਵਿੱਚੋਂ 40 ਫੀ ਸਦੀ ਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਬੈਥਲ ਵਿਚ ਸੇਵਾ ਕਰਨ ਲਈ ਬਹੁਤ ਉਤਸ਼ਾਹਿਤ ਕੀਤਾ ਸੀ। ਕੁਝ ਸਾਲਾਂ ਤੋਂ ਬੈਥਲ ਵਿਚ ਸੇਵਾ ਕਰਦੀ ਆਈ ਇਕ ਭੈਣ ਨੇ ਕਿਹਾ: “ਯਹੋਵਾਹ ਦੀ ਸੇਵਾ ਵਿਚ ਲੱਗੇ ਹੋਏ ਮੇਰੇ ਮਾਪਿਆਂ ਦੀ ਜ਼ਿੰਦਗੀ ਤੋਂ ਮੈਨੂੰ ਬੈਥਲ ਸੇਵਾ ਵਿਚ ਦਾਖ਼ਲ ਹੋਣ ਦੀ ਸਭ ਤੋਂ ਵੱਡੀ ਪ੍ਰੇਰਣਾ ਮਿਲੀ। ਪੂਰਣ-ਕਾਲੀ ਸੇਵਕਾਈ ਵਿਚ ਉਨ੍ਹਾਂ ਦੀ ਮਿਸਾਲ ਦੇਖ ਕੇ, ਮੈਨੂੰ ਪਤਾ ਲੱਗਾ ਕਿ ਮੇਰੇ ਲਈ ਇਸ ਤੋਂ ਵਧੀਆ ਅਤੇ ਖ਼ੁਸ਼ੀ-ਭਰਿਆ ਜੀਵਨ ਨਹੀਂ ਹੋ ਸਕਦਾ।”

[ਸਫ਼ੇ 24 ਉੱਤੇ ਡੱਬੀ]

ਉਹ ਬੈਥਲ ਸੇਵਾ ਦੀ ਕਦਰ ਕਰਦੇ ਹਨ

“ਬੈਥਲ ਵਿਚ ਮੈਂ ਸੇਵਾ ਕਰ ਕੇ ਬਹੁਤ ਹੀ ਖ਼ੁਸ਼ ਹਾਂ। ਇਸ ਗੱਲ ਬਾਰੇ ਸੋਚ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਪੂਰਾ ਦਿਨ ਯਹੋਵਾਹ ਦੀ ਸੇਵਾ ਵਿਚ ਗੁਜ਼ਾਰਿਆ ਹੈ ਅਤੇ ਕੱਲ੍ਹ ਨੂੰ ਵੀ ਮੈਂ ਇਸੇ ਤਰ੍ਹਾਂ ਕਰਾਂਗੀ, ਅਤੇ ਪਰਸੋਂ ਨੂੰ ਵੀ ਅਤੇ ਉਸ ਤੋਂ ਅਗਲਿਆਂ ਦਿਨਾਂ ਨੂੰ ਵੀ। ਇਸ ਤੋਂ ਮੇਰੀ ਜ਼ਮੀਰ ਸ਼ੁੱਧ ਰਹਿੰਦੀ ਹੈ ਅਤੇ ਮੇਰਾ ਮਨ ਚੰਗੀਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ।”

“ਬੈਥਲ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਆਪਣਾ ਸਾਰਾ ਸਮਾਂ ਅਤੇ ਬਲ ਬਿਨਾਂ ਕਿਸੇ ਰੁਕਾਵਟ ਤੋਂ ਯਹੋਵਾਹ ਦੀ ਸੇਵਾ ਵਿਚ ਲਗਾ ਸਕਦੇ ਹੋ। ਇਸ ਤੋਂ ਅਸੀਂ ਦਿਲੋਂ ਖ਼ੁਸ਼ ਹੁੰਦੇ ਹਾਂ। ਇਸ ਦੇ ਨਾਲ-ਨਾਲ ਤੁਸੀਂ ਯਹੋਵਾਹ ਦੇ ਸੰਗਠਨ ਨੂੰ ਹੋਰ ਨਜ਼ਰ ਤੋਂ ਵੀ ਦੇਖ ਸਕਦੇ ਹੋ। ਤੁਸੀਂ ਸੰਗਠਨ ਵਿਚ ਹੋ ਰਹੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਕੇ ਬਹੁਤ ਹੀ ਉਤੇਜਿਤ ਹੁੰਦੇ ਹੋ।”

“ਬੈਥਲ ਸੇਵਾ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਗੱਲ ਹੈ। ਇੱਥੇ ਸਿੱਖਿਆ ਕਦੀ ਨਹੀਂ ਖ਼ਤਮ ਹੁੰਦੀ। ਅਤੇ ਇੱਥੇ ਸਿੱਖਿਆ ਮੇਰੀ ਨਿੱਜੀ ਸਫ਼ਲਤਾ ਲਈ ਨਹੀਂ ਪਰ ਯਹੋਵਾਹ ਦੀ ਵਡਿਆਈ ਲਈ ਹੈ। ਇੱਥੇ ਕੀਤਾ ਗਿਆ ਮੇਰਾ ਕੰਮ ਕਦੀ ਵਿਅਰਥ ਨਹੀਂ ਹੋਵੇਗਾ।”

“ਬੈਥਲ ਵਿਚ ਆਪਣੀਆਂ ਯੋਗਤਾਵਾਂ ਵਰਤਣ ਤੋਂ ਮੈਨੂੰ ਸੰਤੁਸ਼ਟੀ ਅਤੇ ਸ਼ਾਂਤੀ ਮਿਲਦੀ ਹੈ ਕਿਉਂਕਿ ਮੈਂ ਯਹੋਵਾਹ ਅਤੇ ਭੈਣਾਂ-ਭਰਾਵਾਂ ਲਈ ਸੇਵਾ ਕਰ ਰਹੀ ਹਾਂ।”

“ਆਪਣੇ ਪਹਿਲੇ ਕੰਮ ਤੋਂ ਮੈਂ ਸੱਚੀ ਸੰਤੁਸ਼ਟੀ ਅਤੇ ਖ਼ੁਸ਼ੀ ਨਹੀਂ ਪਾ ਸਕਦਾ ਸੀ। ਮੈਂ ਕਈਆਂ ਸਾਲਾਂ ਤੋਂ ਆਪਣੇ ਭੈਣਾਂ-ਭਰਾਵਾਂ ਨਾਲ ਅਤੇ ਉਨ੍ਹਾਂ ਲਈ ਕੰਮ ਕਰਨ ਦੇ ਸੁਪਨੇ ਦੇਖਦਾ ਆਇਆ ਸੀ। ਇਸੇ ਲਈ ਮੈਂ ਬੈਥਲ ਆਇਆ। ਮੈਨੂੰ ਇਹ ਜਾਣ ਕੇ ਬਹੁਤ ਹੀ ਖ਼ੁਸ਼ੀ ਮਿਲਦੀ ਹੈ ਕਿ ਮੇਰਿਆਂ ਸਾਰਿਆਂ ਜਤਨਾਂ ਤੋਂ ਦੂਸਰਿਆਂ ਦੀ ਰੂਹਾਨੀ ਤੌਰ ਤੇ ਮਦਦ ਹੋਵੇਗੀ ਅਤੇ ਯਹੋਵਾਹ ਦੀ ਵਡਿਆਈ ਕੀਤੀ ਜਾਵੇਗੀ।”