ਨਾਜ਼ੀ ਅਤਿਆਚਾਰ ਉੱਤੇ ਖਰਿਆਈ ਰੱਖਣ ਵਾਲਿਆਂ ਨੇ ਜਿੱਤ ਪ੍ਰਾਪਤ ਕੀਤੀ
ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ
ਨਾਜ਼ੀ ਅਤਿਆਚਾਰ ਉੱਤੇ ਖਰਿਆਈ ਰੱਖਣ ਵਾਲਿਆਂ ਨੇ ਜਿੱਤ ਪ੍ਰਾਪਤ ਕੀਤੀ
“ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਇਸ ਪ੍ਰੇਮਪੂਰਣ ਬੇਨਤੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਮਝਦਾਰ ਇਨਸਾਨ ਪਰਮੇਸ਼ੁਰ ਦੇ ਪ੍ਰਤੀ ਦ੍ਰਿੜ੍ਹ ਰਹਿ ਕੇ ਅਤੇ ਵਫ਼ਾਦਾਰੀ ਦਿਖਾ ਕੇ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹਨ। (ਸਫ਼ਨਯਾਹ 3:17) ਫਿਰ ਵੀ, ਸ਼ਤਾਨ ਪਰਮੇਸ਼ੁਰ ਨੂੰ ਮੇਹਣੇ ਮਾਰਦਾ ਹੈ ਅਤੇ ਉਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਦੀ ਖਰਿਆਈ ਤੋੜਨ ਦੀ ਠਾਣ ਲਈ ਹੈ।—ਅੱਯੂਬ 1:10, 11.
ਸ਼ਤਾਨ ਨੇ ਖ਼ਾਸ ਕਰਕੇ 20ਵੀਂ ਸਦੀ ਦੇ ਸ਼ੁਰੂ ਤੋਂ ਯਹੋਵਾਹ ਦੇ ਲੋਕਾਂ ਉੱਤੇ ਵੱਡਾ ਕ੍ਰੋਧ ਭੜਕਿਆ ਹੈ, ਕਿਉਂਕਿ ਉਸ ਸਮੇਂ ਉਸ ਨੂੰ ਸਵਰਗੋਂ ਧਰਤੀ ਉੱਤੇ ਸੁੱਟਿਆ ਗਿਆ ਸੀ। (ਪਰਕਾਸ਼ ਦੀ ਪੋਥੀ 12:10, 12) ਫਿਰ ਵੀ, ਸੱਚੇ ਮਸੀਹੀ “ਸਿੱਧ ਅਤੇ ਪੱਕੇ ਹੋ ਕੇ ਟਿਕੇ” ਰਹੇ ਹਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਕਾਇਮ ਰੱਖੀ ਹੈ। (ਕੁਲੁੱਸੀਆਂ 4:12) ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੀ ਖਰਿਆਈ ਕਾਇਮ ਰੱਖਣ ਦੀ ਵਧੀਆ ਮਿਸਾਲ ਪੇਸ਼ ਕੀਤੀ। ਆਓ ਆਪਾਂ ਇਸ ਉੱਤੇ ਗੌਰ ਕਰੀਏ।
ਜੋਸ਼ੀਲੀ ਕਾਰਵਾਈ ਕਾਰਨ ਖਰਿਆਈ ਦੀਆਂ ਅਜ਼ਮਾਇਸ਼ਾਂ
ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਬੀਬਲਫੋਰਸ਼ਰ ਸੱਦਿਆ ਜਾਂਦਾ ਸੀ। ਉੱਨੀ ਸੌ ਵੀਹ ਦੇ ਦਹਾਕੇ ਅਤੇ 1930 ਦੇ ਦਹਾਕੇ ਦੇ ਮੁਢਲਿਆਂ ਸਾਲਾਂ ਦੌਰਾਨ, ਉਨ੍ਹਾਂ ਨੇ ਬਾਈਬਲ ਦੇ ਬਹੁਤ ਸਾਰੇ ਪ੍ਰਕਾਸ਼ਨ ਵੰਡੇ। ਸੰਨ 1919 ਤੋਂ 1933 ਦੇ ਸਮੇਂ ਦੌਰਾਨ ਉਨ੍ਹਾਂ ਨੇ ਜਰਮਨੀ ਵਿਚ ਹਰੇਕ ਪਰਿਵਾਰ ਨਾਲ ਤਕਰੀਬਨ ਅੱਠ ਕਿਤਾਬਾਂ, ਛੋਟੀਆਂ ਪੁਸਤਿਕਾਵਾਂ, ਜਾਂ ਰਸਾਲੇ ਛੱਡੇ ਸਨ।
ਉਸ ਸਮੇਂ ਯਿਸੂ ਮਸੀਹ ਦੇ ਮਸਹ ਕੀਤੇ ਹੋਏ ਚੇਲਿਆਂ ਦੀ ਵੱਡੀ ਗਿਣਤੀ ਜਰਮਨੀ ਵਿਚ ਰਹਿੰਦੀ ਸੀ। ਦਰਅਸਲ, 1933 ਵਿਚ ਦੁਨੀਆਂ ਭਰ ਵਿਚ 83,941 ਭੈਣਾਂ-ਭਰਾਵਾਂ ਨੇ ਪ੍ਰਭੂ ਦਾ ਸੰਧਿਆ ਭੋਜਨ ਖਾਧਾ ਸੀ, ਜਿਨ੍ਹਾਂ ਵਿੱਚੋਂ 30 ਫੀ ਸਦੀ ਜਰਮਨੀ ਵਿਚ ਰਹਿੰਦੇ ਸਨ। ਪਰ ਜਲਦੀ ਹੀ, ਜਰਮਨੀ ਵਿਚ ਗਵਾਹਾਂ ਉੱਤੇ ਸਖ਼ਤ ਅਜ਼ਮਾਇਸ਼ਾਂ ਆਈਆਂ ਜਿਨ੍ਹਾਂ ਨੇ ਉਨ੍ਹਾਂ ਦੀ ਖਰਿਆਈ ਨੂੰ ਪਰਖਿਆ। (ਪਰਕਾਸ਼ ਦੀ ਪੋਥੀ 12:17; 14:12) ਉਨ੍ਹਾਂ ਦੀਆਂ ਨੌਕਰੀਆਂ ਛੁੱਟੀਆਂ, ਉਨ੍ਹਾਂ ਦੇ ਘਰਾਂ ਉੱਤੇ ਛਾਪੇ ਮਾਰੇ ਗਏ, ਅਤੇ ਉਨ੍ਹਾਂ ਨੂੰ ਸਕੂਲਾਂ ਵਿੱਚੋਂ ਕੱਢਿਆ ਗਿਆ, ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮਾਰਿਆ-ਕੁੱਟਿਆ, ਗਿਰਫ਼ਤਾਰ, ਅਤੇ ਕੈਦ ਕੀਤਾ ਗਿਆ। (ਤਸਵੀਰ 1) ਨਤੀਜੇ ਵਜੋਂ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਕੁਝ ਸਾਲਾਂ ਵਿਚ, ਨਜ਼ਰਬੰਦੀ-ਕੈਂਪਾਂ ਵਿਚ ਕੈਦ ਕੀਤੇ ਗਏ ਲੋਕਾਂ ਵਿੱਚੋਂ 5 ਤੋਂ 10 ਫੀ ਸਦੀ ਯਹੋਵਾਹ ਦੇ ਗਵਾਹ ਸਨ।
ਨਾਜ਼ੀਆਂ ਨੇ ਗਵਾਹਾਂ ਉੱਤੇ ਅਤਿਆਚਾਰ ਕਿਉਂ ਕੀਤੇ
ਪਰ, ਯਹੋਵਾਹ ਦੇ ਗਵਾਹਾਂ ਨੇ ਨਾਜ਼ੀ ਹਕੂਮਤ ਦਾ ਕ੍ਰੋਧ ਕਿਵੇਂ ਭੜਕਾਇਆ ਸੀ? ਇਤਿਹਾਸ ਦੇ ਇਕ ਪ੍ਰੋਫ਼ੈਸਰ, ਈਅਨ ਕਰਸ਼ੌ ਨੇ ਆਪਣੀ ਅੰਗ੍ਰੇਜ਼ੀ ਕਿਤਾਬ ਹਿਟਲਰ—1889-1936: ਹੰਕਾਰ ਵਿਚ ਕਿਹਾ ਕਿ ਯਹੋਵਾਹ ਦੇ ਗਵਾਹ ਇਸ ਲਈ ਅਤਿਆਚਾਰ ਦੇ ਸ਼ਿਕਾਰ ਬਣੇ ਕਿਉਂਕਿ ਉਨ੍ਹਾਂ ਨੇ “ਨਾਜ਼ੀ ਸਰਕਾਰ ਦੇ ਅਧਿਕਾਰ ਨੂੰ ਸਵੀਕਾਰ ਕਰਨ” ਤੋਂ ਇਨਕਾਰ ਕੀਤਾ ਸੀ।
ਇਤਿਹਾਸ ਦੇ ਪ੍ਰੋਫ਼ੈਸਰ ਰੌਬਰਟ ਏਰੀਕਸਨ ਅਤੇ ਯਹੂਦੀ ਨਸਲ ਦੇ ਅਧਿਐਨ ਦੀ ਪ੍ਰੋਫ਼ੈਸਰਾਣੀ ਸੂਜ਼ਾਨਾ ਹੇਸ਼ੇਲ ਨੇ ਵਿਸ਼ਵਾਸਘਾਤ—ਜਰਮਨੀ ਦੇ ਚਰਚ ਅਤੇ ਸਰਬਨਾਸ਼ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਸੰਪਾਦਨ ਕੀਤੀ। ਇਸ ਕਿਤਾਬ ਵਿਚ ਸਮਝਾਇਆ ਗਿਆ ਸੀ ਕਿ
ਗਵਾਹਾਂ ਨੇ “ਹਿੰਸਾ ਜਾਂ ਮਿਲਟਰੀ ਦੇ ਕੰਮਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। . . . ਗਵਾਹ ਰਾਜਨੀਤਿਕ ਗੱਲਾਂ ਵਿਚ ਨਿਰਪੱਖ ਸਨ, ਜਿਸ ਦਾ ਮਤਲਬ ਸੀ ਕਿ ਉਹ ਹਿਟਲਰ ਲਈ ਨਾ ਹੀ ਵੋਟਾਂ ਪਾਉਂਦੇ ਸਨ ਅਤੇ ਨਾ ਹੀ ਉਸ ਨੂੰ ਸਲੂਟ ਮਾਰਦੇ ਸਨ।” ਇਹੀ ਕਿਤਾਬ ਕਹਿੰਦੀ ਹੈ ਕਿ ਇਸ ਗੱਲ ਨੇ ਨਾਜ਼ੀਆਂ ਦਾ ਕ੍ਰੋਧ ਭੜਕਾਇਆ ਅਤੇ ਗਵਾਹਾਂ ਨੂੰ ਖ਼ਤਰੇ ਵਿਚ ਪਾ ਦਿੱਤਾ, ਕਿਉਂਕਿ “ਰਾਸ਼ਟਰੀ ਸਮਾਜਵਾਦ [ਯਾਨੀ ਨਾਜ਼ੀਵਾਦ] ਇਨਕਾਰ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦਾ ਸੀ।”ਸੰਸਾਰ ਭਰ ਤੋਂ ਵਿਰੋਧ-ਪੱਤਰ ਅਤੇ ਇਕ ਸਿਰ-ਤੋੜ ਹਮਲਾ
ਫਰਵਰੀ 9, 1934 ਨੂੰ ਕਿਸੇ ਖ਼ਾਸ ਸੰਦੇਸ਼ਵਾਹਕ ਰਾਹੀਂ, ਭਰਾ ਰਦਰਫ਼ਰਡ ਨੇ, ਜੋ ਕਿ ਉਸ ਸਮੇਂ ਤੇ ਇਸ ਕੰਮ ਵਿਚ ਪਹਿਲ ਕਰ ਰਿਹਾ ਸੀ, ਨਾਜ਼ੀਆਂ ਦੀ ਸਖ਼ਤੀ ਦੇ ਜਵਾਬ ਵਿਚ ਹਿਟਲਰ ਨੂੰ ਵਿਰੋਧ-ਪੱਤਰ ਭੇਜਿਆ। (ਤਸਵੀਰ 2) ਰਦਰਫ਼ਰਡ ਦੀ ਚਿੱਠੀ ਤੋਂ ਬਾਅਦ, ਅਕਤੂਬਰ 7, 1934 ਨੂੰ ਕੁਝ 20,000 ਵਿਰੋਧ-ਪੱਤਰ ਅਤੇ ਟੈਲੀਗ੍ਰਾਮ ਹਿਟਲਰ ਨੂੰ ਭੇਜੇ ਗਏ। ਇਹ 50 ਵੱਖੋ-ਵੱਖਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਤੋਂ ਸਨ, ਅਤੇ ਇਨ੍ਹਾਂ ਵਿਚ ਜਰਮਨੀ ਦੇ ਭੈਣਾਂ-ਭਰਾਵਾਂ ਦੇ ਪੱਤਰ ਵੀ ਸਨ।
ਇਸ ਦੇ ਜਵਾਬ ਵਿਚ ਨਾਜ਼ੀਆਂ ਨੇ ਅਤਿਆਚਾਰ ਵਧਾ ਦਿੱਤੇ। ਅਪ੍ਰੈਲ 1, 1935 ਨੂੰ ਦੇਸ਼ ਭਰ ਵਿਚ ਗਵਾਹਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ। ਅਤੇ ਅਗਸਤ 28, 1936 ਨੂੰ ਜਰਮਨੀ ਦੀ ਪੁਲਸ ਨੇ ਉਨ੍ਹਾਂ ਵਿਰੁੱਧ ਸਿਰ-ਤੋੜ ਹਮਲਾ ਸ਼ੁਰੂ ਕਰ ਦਿੱਤਾ। ਫਿਰ ਵੀ, ਕਿਤਾਬ ਵਿਸ਼ਵਾਸਘਾਤ—ਜਰਮਨੀ ਦੇ ਚਰਚ ਅਤੇ ਸਰਬਨਾਸ਼ ਕਹਿੰਦੀ ਹੈ ਕਿ ਯਹੋਵਾਹ ਦੇ ਗਵਾਹ “ਛੋਟੀਆਂ ਪੁਸਤਿਕਾਵਾਂ ਵੰਡਦੇ ਰਹੇ ਅਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰਦੇ ਰਹੇ।”
ਮਿਸਾਲ ਲਈ, ਦਸੰਬਰ 12, 1936 ਨੂੰ ਜਰਮਨ ਪੁਲਸ ਦੀਆਂ ਅੱਖਾਂ ਸਾਮ੍ਹਣੇ ਹੀ ਕੁਝ 3,500 ਗਵਾਹਾਂ ਨੇ ਆਪਣੇ ਨਾਲ ਹੋ ਰਹੇ ਬੁਰੇ ਸਲੂਕ ਦੇ ਸੰਬੰਧ ਵਿਚ ਇਕ ਮਤੇ ਦੀਆਂ ਹਜ਼ਾਰਾਂ ਹੀ ਕਾਪੀਆਂ ਵੰਡੀਆਂ। ਇਸ ਕੰਮ ਬਾਰੇ ਪਹਿਰਾਬੁਰਜ ਨੇ ਕਿਹਾ ਕਿ ਗਵਾਹਾਂ ਲਈ “ਇਹ ਇਕ ਬਹੁਤ ਹੀ ਵੱਡੀ ਜਿੱਤ ਸੀ ਅਤੇ ਦੁਸ਼ਮਣਾਂ ਲਈ ਇਕ ਵੱਡੀ ਹਾਰ। ਵਫ਼ਾਦਾਰੀ ਨਾਲ ਕੰਮ ਕਰਨ ਵਾਲਿਆਂ ਲਈ ਇਹ ਬਿਆਨੋਂ ਬਾਹਰ ਖ਼ੁਸ਼ੀ ਸੀ।”—ਰੋਮੀਆਂ 9:17.
ਅਤਿਆਚਾਰ ਅਸਫ਼ਲ ਹੁੰਦੇ ਹਨ!
ਯਹੋਵਾਹ ਦੇ ਗਵਾਹਾਂ ਲਈ ਨਾਜ਼ੀਆਂ ਦੀ ਖੋਜ ਜਾਰੀ ਰਹੀ। ਸੰਨ 1939 ਤਕ, ਉਨ੍ਹਾਂ ਵਿੱਚੋਂ ਛੇ ਹਜ਼ਾਰ ਨੂੰ ਕੈਦ ਕੀਤਾ ਜਾ ਚੁੱਕਾ ਸੀ ਅਤੇ ਹਜ਼ਾਰਾਂ ਹੋਰਨਾਂ ਨੂੰ ਨਜ਼ਰਬੰਦੀ-ਕੈਂਪਾਂ ਨੂੰ ਭੇਜਿਆ ਗਿਆ ਸੀ। (ਤਸਵੀਰ 3) ਦੂਜੇ ਵਿਸ਼ਵ ਯੁੱਧ ਦੇ ਅੰਤ ਤੇ ਹਾਲਾਤ ਕਿਸ ਤਰ੍ਹਾਂ ਦੇ ਸਨ? ਕੈਦ ਕੀਤੇ ਗਏ ਕੁਝ 2,000 ਗਵਾਹ ਮਰ ਚੁੱਕੇ ਸਨ, ਇਨ੍ਹਾਂ ਵਿੱਚੋਂ 250 ਤੋਂ ਜ਼ਿਆਦਾ ਜਣਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਫਿਰ ਵੀ, ਏਰੀਕਸਨ ਅਤੇ ਹੇਸ਼ੇਲ ਕਹਿੰਦੇ ਹਨ ਕਿ “ਯਹੋਵਾਹ ਦੇ ਗਵਾਹਾਂ ਨੇ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹੋਏ ਆਪਣੀ ਨਿਹਚਾ ਕਾਇਮ ਰੱਖੀ।” ਇਸ ਦੇ ਨਤੀਜੇ ਵਜੋਂ, ਜਦੋਂ ਹਿਟਲਰ ਦੀ ਹਕੂਮਤ ਡਿਗੀ, ਇਕ ਹਜ਼ਾਰ ਤੋਂ ਜ਼ਿਆਦਾ ਗਵਾਹ ਕੈਂਪਾਂ ਤੋਂ ਨਿਕਲੇ। ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ।—ਤਸਵੀਰ 4; ਰਸੂਲਾਂ ਦੇ ਕਰਤੱਬ 5:38, 39; ਰੋਮੀਆਂ 8:35-37.
ਯਹੋਵਾਹ ਦੇ ਲੋਕਾਂ ਨੂੰ ਅਤਿਆਚਾਰ ਸਹਿਣ ਦੀ ਤਾਕਤ ਕਿੱਥੋਂ ਮਿਲੀ? ਨਜ਼ਰਬੰਦੀ-ਕੈਂਪ ਤੋਂ ਬਚਣ ਵਾਲੇ ਆਡੋਲਫ ਆਰਨਲਡ ਨੇ ਸਮਝਾਇਆ ਕਿ “ਜਦੋਂ ਤੁਸੀਂ ਬਹੁਤ ਹੀ ਨਿਰਾਸ਼ ਵੀ ਹੋਵੋ ਤਾਂ ਯਹੋਵਾਹ ਤੁਹਾਨੂੰ ਦੇਖ ਸਕਦਾ ਹੈ ਅਤੇ ਜਾਣਦਾ ਹੈ ਕਿ ਤੁਹਾਡੇ ਉੱਤੇ ਕੀ ਬੀਤ ਰਹੀ ਹੈ। ਉਹ ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਤੇ ਵਫ਼ਾਦਾਰ ਰਹਿਣ ਲਈ ਲੋੜੀਂਦੀ ਤਾਕਤ ਬਖ਼ਸ਼ਦਾ ਹੈ। ਉਹ ਹਮੇਸ਼ਾ ਸਹਾਰਾ ਦਿੰਦਾ ਹੈ।”
ਸਫ਼ਨਯਾਹ ਨਬੀ ਦੇ ਸ਼ਬਦ ਕਿੰਨੀ ਚੰਗੀ ਤਰ੍ਹਾਂ ਵਫ਼ਾਦਾਰ ਮਸੀਹੀਆਂ ਉੱਤੇ ਲਾਗੂ ਹੁੰਦੇ ਹਨ। ਉਸ ਨੇ ਕਿਹਾ: “ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ।” (ਸਫ਼ਨਯਾਹ 3:17) ਤਾਂ ਫਿਰ ਆਓ ਆਪਾਂ ਸਾਰੇ ਸੱਚੇ ਪਰਮੇਸ਼ੁਰ ਦੇ ਸੇਵਕਾਂ ਵਜੋਂ ਉਨ੍ਹਾਂ ਵਫ਼ਾਦਾਰ ਗਵਾਹਾਂ ਦੀ ਨਿਹਚਾ ਦੀ ਰੀਸ ਕਰੀਏ ਜਿਨ੍ਹਾਂ ਨੇ ਨਾਜ਼ੀ ਅਤਿਆਚਾਰ ਦੌਰਾਨ ਖਰਿਆਈ ਕਾਇਮ ਰੱਖੀ ਸੀ, ਅਤੇ ਆਓ ਆਪਾਂ ਵੀ ਉਨ੍ਹਾਂ ਵਾਂਗ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੀਏ।—ਫ਼ਿਲਿੱਪੀਆਂ 1:12-14.
[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Państwowe Muzeum Oświȩcim-Brzezinka, courtesy of the USHMM Photo Archives