Skip to content

Skip to table of contents

“ਪ੍ਰਭੁ ਸੱਚੀ ਮੁੱਚੀ ਜੀ ਉੱਠਿਆ!”

“ਪ੍ਰਭੁ ਸੱਚੀ ਮੁੱਚੀ ਜੀ ਉੱਠਿਆ!”

“ਪ੍ਰਭੁ ਸੱਚੀ ਮੁੱਚੀ ਜੀ ਉੱਠਿਆ!”

ਜਦ ਯਿਸੂ ਨੂੰ ਮਾਰਿਆ ਗਿਆ ਸੀ ਤਾਂ ਉਸ ਦੇ ਚੇਲੇ ਕਿੰਨੇ ਦੁਖੀ ਹੋਏ ਹੋਣੇ। ਯਿਸੂ ਦੀ ਲਾਸ਼ ਅਰਿਮਥੈਆ ਸ਼ਹਿਰ ਦੇ ਯੂਸਫ਼ ਦੀ ਇਕ ਕਬਰ ਵਿਚ ਰੱਖੀ ਹੋਈ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਚੇਲਿਆਂ ਦੀ ਉਮੀਦ ਤੇ ਪਾਣੀ ਫਿਰ ਗਿਆ ਸੀ। ਇਸ ਦੇ ਨਾਲ-ਨਾਲ ਯਿਸੂ ਰਾਹੀਂ ਰੋਮੀਆਂ ਦੇ ਰਾਜ ਤੋਂ ਛੁਟਕਾਰਾ ਪਾਉਣ ਦੀ ਉਮੀਦ ਵੀ ਖ਼ਤਮ ਹੋ ਗਈ।

ਜੇਕਰ ਇਹ ਸੱਚ-ਮੁੱਚ ਯਿਸੂ ਦਾ ਅੰਤ ਹੁੰਦਾ ਤਾਂ ਉਸ ਦੇ ਚੇਲੇ ਹੋਰਨਾਂ ਝੂਠੇ ਮਸੀਹਿਆਂ ਦੇ ਚੇਲਿਆਂ ਵਾਂਗ ਜਲਦੀ ਗੁਮਰਾਹ ਹੋ ਜਾਂਦੇ। ਪਰ ਯਿਸੂ ਤਾਂ ਜੀਉਂਦਾ ਸੀ! ਬਾਈਬਲ ਅਨੁਸਾਰ ਯਿਸੂ ਆਪਣੀ ਮੌਤ ਤੋਂ ਬਾਅਦ ਕਈ ਵਾਰ ਆਪਣੇ ਚੇਲਿਆਂ ਨੂੰ ਦਿਖਾਈ ਦਿੱਤਾ। ਇਸ ਲਈ ਉਨ੍ਹਾਂ ਵਿੱਚੋਂ ਕਈ ਬੋਲ ਉੱਠੇ ਕਿ “ਪ੍ਰਭੁ ਸੱਚੀ ਮੁੱਚੀ ਜੀ ਉੱਠਿਆ।”—ਲੂਕਾ 24:34.

ਚੇਲਿਆਂ ਨੂੰ ਕਈ ਵਾਰ ਆਪਣੀ ਨਿਹਚਾ ਦੇ ਪੱਖ ਵਿਚ ਸਫ਼ਾਈ ਦੇਣੀ ਪਈ ਕਿ ਯਿਸੂ ਮਸੀਹਾ ਸੀ। ਇਸ ਤਰ੍ਹਾਂ ਕਰਨ ਵਿਚ ਉਨ੍ਹਾਂ ਨੇ ਉਸ ਦੇ ਜੀ ਉਠਾਏ ਜਾਣ ਵੱਲ ਧਿਆਨ ਖਿੱਚਿਆ ਕਿਉਂਕਿ ਇਹ ਠੋਸ ਸਬੂਤ ਸੀ ਕਿ ਉਹ ਮਸੀਹਾ ਸੀ। ਸੱਚ-ਮੁੱਚ ਹੀ ‘ਰਸੂਲ ਵੱਡੀ ਸ਼ਕਤੀ ਨਾਲ ਪ੍ਰਭੁ ਯਿਸੂ ਦੇ ਜੀ ਉੱਠਣ ਦੀ ਸਾਖੀ ਦਿੰਦੇ ਰਹੇ।’—ਰਸੂਲਾਂ ਦੇ ਕਰਤੱਬ 4:33.

ਜੇਕਰ ਕੋਈ ਯਿਸੂ ਦਾ ਜੀ ਉਠਾਏ ਜਾਣਾ ਝੂਠਾ ਸਾਬਤ ਕਰਦਾ—ਜਿਵੇਂ ਕਿ ਕਿਸੇ ਚੇਲੇ ਤੇ ਜ਼ੋਰ ਪਾ ਕੇ ਉਸ ਤੋਂ ਸਵੀਕਾਰ ਕਰਾਉਣਾ ਕਿ ਇਹ ਸਿਰਫ਼ ਝੂਠ ਸੀ ਜਾਂ ਕਬਰ ਵਿਚ ਯਿਸੂ ਦੀ ਲਾਸ਼ ਦਿਖਾਉਣੀ—ਤਾਂ ਮਸੀਹੀਅਤ ਸ਼ੁਰੂ ਤੋਂ ਹੀ ਅਸਫ਼ਲ ਹੁੰਦੀ। ਪਰ ਇਸ ਤਰ੍ਹਾਂ ਨਹੀਂ ਹੋਇਆ ਅਤੇ ਮਸੀਹੀਅਤ ਸਫ਼ਲ ਹੋਈ। ਇਹ ਜਾਣਦੇ ਹੋਏ ਕਿ ਯਿਸੂ ਜੀਉਂਦਾ ਹੈ, ਉਸ ਦੇ ਚੇਲਿਆਂ ਨੇ ਸਾਰੇ ਪਾਸੀਂ ਇਹ ਖ਼ਬਰ ਸੁਣਾਈ ਅਤੇ ਬਹੁਤ ਸਾਰੇ ਲੋਕ ਜੀ ਉਠਾਏ ਯਿਸੂ ਵਿਚ ਨਿਹਚਾ ਰੱਖਣ ਲੱਗੇ।

ਪਰ ਕੀ ਅਸੀਂ ਵੀ ਯਿਸੂ ਦੇ ਜੀ ਉਠਾਏ ਜਾਣ ਦੀ ਗੱਲ ਵਿਚ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ? ਸਾਡੇ ਕੋਲ ਕੀ ਸਬੂਤ ਹੈ ਕਿ ਇਹ ਘਟਨਾ ਸੱਚੀਂ ਵਾਪਰੀ ਸੀ?

ਸਬੂਤ ਦੇਖਣਾ ਕਿਉਂ ਜ਼ਰੂਰੀ ਹੈ?

ਇੰਜੀਲ ਦੇ ਚਾਰੋ ਲਿਖਾਰੀ ਯਿਸੂ ਦੇ ਮੁੜ ਜੀਉਂਦਾ ਕੀਤੇ ਜਾਣ ਦੀ ਗੱਲ ਕਰਦੇ ਹਨ। (ਮੱਤੀ 28:1-10; ਮਰਕੁਸ 16:1-8; ਲੂਕਾ 24:1-12; ਯੂਹੰਨਾ 20:1-29) * ਯੂਨਾਨੀ ਸ਼ਾਸਤਰ ਦੇ ਕਈ ਹੋਰ ਹਿੱਸੇ ਵੀ ਇਸ ਘਟਨਾ ਨੂੰ ਅਸਲੀਅਤ ਵਜੋਂ ਪੇਸ਼ ਕਰਦੇ ਹਨ।

ਤਾਹੀਓਂ ਯਿਸੂ ਦੇ ਚੇਲਿਆਂ ਨੇ ਉਸ ਦੇ ਜੀ ਉਠਾਏ ਜਾਣ ਬਾਰੇ ਪ੍ਰਚਾਰ ਕੀਤਾ ਸੀ! ਕਿਉਂਕਿ ਜੇ ਉਹ ਪਰਮੇਸ਼ੁਰ ਦੁਆਰਾ ਸੱਚੀ-ਮੁੱਚੀ ਮੁੜ ਜੀਉਂਦਾ ਕੀਤਾ ਗਿਆ ਸੀ ਤਾਂ ਇਹ ਸਭ ਤੋਂ ਵੱਡੀ ਖ਼ਬਰ ਸੀ ਜੋ ਦੁਨੀਆਂ ਨੇ ਕਦੇ ਵੀ ਸੁਣੀ ਹੋਵੇ। ਇਸ ਦਾ ਇਹ ਵੀ ਮਤਲਬ ਹੈ ਕਿ ਪਰਮੇਸ਼ੁਰ ਵੀ ਅਸਲੀ ਹੈ। ਇਸ ਦੇ ਇਲਾਵਾ ਇਸ ਦਾ ਮਤਲਬ ਹੈ ਕਿ ਯਿਸੂ ਇਸੇ ਵਕਤ ਵੀ ਜੀਉਂਦਾ ਹੈ।

ਇਸ ਦਾ ਸਾਡੇ ਲਈ ਕੀ ਮਤਲਬ ਹੈ? ਯਿਸੂ ਨੇ ਇਕ ਵਾਰ ਇਹ ਪ੍ਰਾਰਥਨਾ ਕੀਤੀ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਹਾਂ, ਅਸੀਂ ਯਿਸੂ ਅਤੇ ਉਸ ਦੇ ਪਿਤਾ ਬਾਰੇ ਉਹ ਜਾਣਕਾਰੀ ਹਾਸਲ ਕਰ ਸਕਦੇ ਹਾਂ ਜੋ ਸਦਾ ਦੇ ਜੀਵਨ ਵੱਲ ਲੈ ਜਾਂਦੀ ਹੈ। ਜੇਕਰ ਅਸੀਂ ਇਹ ਜਾਣਕਾਰੀ ਅਪਣਾਵਾਂਗੇ ਭਾਵੇਂ ਅਸੀਂ ਮਰ ਵੀ ਜਾਈਏ ਤਾਂ ਸਾਡੇ ਕੋਲ ਫਿਰ ਤੋਂ ਜੀਉਣ ਦੀ ਆਸ ਹੋਵੇਗੀ, ਕਿਉਂ ਜੋ ਯਿਸੂ ਵੀ ਤਾਂ ਜੀ ਉਠਾਇਆ ਗਿਆ ਸੀ। (ਯੂਹੰਨਾ 5:28, 29) ਪਰਮੇਸ਼ੁਰ ਦੇ ਸਵਰਗੀ ਰਾਜ ਅਧੀਨ ਸਾਡੇ ਕੋਲ ਸਦਾ ਲਈ ਫਿਰਦੌਸ ਵਿਚ ਜੀਉਣ ਦੀ ਆਸ ਹੋਵੇਗੀ। ਉਹ ਰਾਜ ਰਾਜਿਆਂ ਦੇ ਰਾਜੇ, ਯਾਨੀ ਕਿ ਵਡਿਆਏ ਗਏ ਯਿਸੂ ਦੇ ਹੱਥਾਂ ਵਿਚ ਹੈ।—ਯਸਾਯਾਹ 9:6, 7; ਲੂਕਾ 23:43, ਨਿ ਵ; ਪਰਕਾਸ਼ ਦੀ ਪੋਥੀ 17:14.

ਇਸ ਲਈ ਇਹ ਸਵਾਲ ਕਿ ਕੀ ਯਿਸੂ ਸੱਚ-ਮੁੱਚ ਜੀਉਂਦਾ ਕੀਤਾ ਗਿਆ ਸੀ ਇਕ ਮਹੱਤਵਪੂਰਣ ਸਵਾਲ ਹੈ। ਇਹ ਸਾਡੇ ਹੁਣ ਦੇ ਅਤੇ ਭਵਿੱਖ ਦੇ ਜੀਵਨ ਉੱਤੇ ਪ੍ਰਭਾਵ ਪਾਉਂਦਾ ਹੈ। ਤਾਹੀਓਂ ਅਸੀਂ ਤੁਹਾਨੂੰ ਯਿਸੂ ਦੀ ਮੌਤ ਅਤੇ ਜੀ ਉਠਾਏ ਜਾਣ ਬਾਰੇ ਸਬੂਤ ਦੀਆਂ ਚਾਰ ਲੜੀਆਂ ਉੱਤੇ ਗੌਰ ਕਰਨ ਲਈ ਕਹਿ ਰਹੇ ਹਾਂ।

ਯਿਸੂ ਸੂਲੀ ਤੇ ਜ਼ਰੂਰ ਮਰਿਆ ਸੀ

ਕਈ ਸਨਕੀ ਲੋਕ ਦਾਅਵਾ ਕਰਦੇ ਹਨ ਕਿ ਭਾਵੇਂ ਯਿਸੂ ਸੂਲੀ ਉੱਤੇ ਟੰਗਿਆ ਗਿਆ ਸੀ ਉਹ ਸੂਲੀ ਉੱਤੇ ਮਰਿਆ ਨਹੀਂ। ਉਹ ਕਹਿੰਦੇ ਹਨ ਕਿ ਉਹ ਮਰਨ ਵਾਲਾ ਹੀ ਸੀ ਜਦ ਉਸ ਨੂੰ ਸੂਲੀ ਤੋਂ ਲਾਹਿਆ ਗਿਆ ਪਰ ਕਬਰ ਠੰਢੀ-ਠੰਢੀ ਹੋਣ ਕਰਕੇ ਉਸ ਨੂੰ ਸੁਰਤ ਆ ਗਈ। ਲੇਕਿਨ ਉਪਲਬਧ ਜਾਣਕਾਰੀ ਤੋਂ ਇਹ ਸਬੂਤ ਮਿਲਦਾ ਹੈ ਕਿ ਯਿਸੂ ਕਬਰ ਵਿਚ ਰੱਖੇ ਜਾਣ ਤੋਂ ਪਹਿਲਾਂ ਮਰਿਆ ਹੋਇਆ ਸੀ।

ਕਿਉਂਕਿ ਯਿਸੂ ਸਾਰਿਆਂ ਸਾਮ੍ਹਣੇ ਮਾਰਿਆ ਗਿਆ ਸੀ ਉਸ ਦੀ ਮੌਤ ਦੇ ਕਈ ਗਵਾਹ ਸਨ। ਫ਼ੌਜ ਦੇ ਇਕ ਸੂਬੇਦਾਰ ਨੇ ਉਸ ਦੀ ਮੌਤ ਪ੍ਰਮਾਣਿਤ ਕੀਤੀ। ਇਹ ਸੂਬੇਦਾਰ ਇਕ ਮਾਹਰ ਸੀ ਅਤੇ ਉਸ ਦਾ ਕੰਮ ਹੀ ਇਹੀ ਸੀ ਯਾਨੀ ਇਹ ਦੇਖਣਾ ਕਿ ਬੰਦਾ ਮਰ ਗਿਆ ਹੈ ਜਾਂ ਨਹੀਂ। ਇਸ ਤੋਂ ਛੁੱਟ, ਜਦ ਅਰਿਮਥੈਆ ਸ਼ਹਿਰ ਦੇ ਯੂਸੁਫ਼ ਨੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਤੋਂ ਦਫ਼ਨਾਉਣ ਲਈ ਯਿਸੂ ਦੀ ਲਾਸ਼ ਮੰਗੀ ਸੀ ਤਾਂ ਪਿਲਾਤੁਸ ਨੇ ਸਿਰਫ਼ ਉਦੋਂ ਹੀ ਹਾਂ ਕੀਤੀ ਜਦ ਇਹ ਪੱਕਾ ਕੀਤਾ ਗਿਆ ਕਿ ਯਿਸੂ ਮਰ ਚੁੱਕਾ ਸੀ।—ਮਰਕੁਸ 15:39-46.

ਕਬਰ ਖਾਲੀ ਲੱਭੀ ਗਈ

ਯਿਸੂ ਦੇ ਚੇਲਿਆਂ ਲਈ ਉਸ ਦੇ ਜੀ ਉਠਾਏ ਜਾਣ ਦਾ ਪਹਿਲਾ ਸਬੂਤ ਇਹ ਸੀ ਕਿ ਉਸ ਦੀ ਕਬਰ ਖਾਲੀ ਲੱਭੀ ਗਈ, ਅਤੇ ਇਸ ਗੱਲ ਦਾ ਅੱਜ ਤਕ ਵੀ ਸਵਾਲ ਨਹੀਂ ਕੀਤਾ ਜਾਂਦਾ। ਯਿਸੂ ਨੂੰ ਇਕ ਨਵੀਂ ਕਬਰ ਵਿਚ ਦਫ਼ਨਾਇਆ ਗਿਆ ਜੋ ਅੱਗੇ ਕਦੇ ਨਹੀਂ ਵਰਤੀ ਗਈ ਸੀ। ਇਹ ਕਬਰ ਉਸ ਜਗ੍ਹਾ ਦੇ ਨੇੜੇ ਸੀ ਜਿੱਥੇ ਯਿਸੂ ਨੂੰ ਸੂਲੀ ਚੜ੍ਹਾਇਆ ਗਿਆ ਸੀ ਅਤੇ ਉਸ ਸਮੇਂ ਇਸ ਨੂੰ ਲੱਭਣਾ ਸੌਖਾ ਸੀ। (ਯੂਹੰਨਾ 19:41, 42) ਇੰਜੀਲਾਂ ਦੇ ਚਾਰੋ ਬਿਰਤਾਂਤ ਇਸ ਗੱਲ ਬਾਰੇ ਸਹਿਮਤ ਹਨ ਕਿ ਉਸ ਦੇ ਮਰਨ ਤੋਂ ਦੋ ਦਿਨ ਬਾਅਦ ਜਦ ਯਿਸੂ ਦੇ ਮਿੱਤਰ ਕਬਰ ਤੇ ਆਏ ਤਾਂ ਉਸ ਦੀ ਲਾਸ਼ ਉੱਥੇ ਹੈ ਹੀ ਨਹੀਂ ਸੀ।—ਮੱਤੀ 28:1-7; ਮਰਕੁਸ 16:1-7; ਲੂਕਾ 24:1-3; ਯੂਹੰਨਾ 20:1-10.

ਖਾਲੀ ਕਬਰ ਦੇਖ ਕੇ ਨਾ ਸਿਰਫ਼ ਯਿਸੂ ਦੇ ਮਿੱਤਰ ਪਰ ਉਸ ਦੇ ਦੁਸ਼ਮਣ ਵੀ ਹੈਰਾਨ ਹੋਏ। ਯਿਸੂ ਦੇ ਵੈਰੀ ਉਸ ਨੂੰ ਬਹੁਤ ਚਿਰ ਤੋਂ ਹੀ ਮਾਰ ਕੇ ਖ਼ਤਮ ਕਰਨਾ ਚਾਹੁੰਦੇ ਸਨ। ਇਸ ਵਿਚ ਸਫ਼ਲ ਹੋਣ ਤੋਂ ਬਾਅਦ ਉਨ੍ਹਾਂ ਨੇ ਕਬਰ ਉੱਤੇ ਮੋਹਰ ਲਾਈ ਅਤੇ ਬਾਹਰ ਰਾਖੇ ਖੜ੍ਹੇ ਕਰ ਦਿੱਤੇ। ਫਿਰ ਵੀ ਹਫ਼ਤੇ ਦੇ ਪਹਿਲੇ ਦਿਨ ਦੀ ਸਵੇਰ ਨੂੰ ਕਬਰ ਖਾਲੀ ਸੀ।

ਕੀ ਯਿਸੂ ਦੇ ਮਿੱਤਰ ਉਸ ਦੀ ਲਾਸ਼ ਚੁੱਕ ਕੇ ਲੈ ਗਏ ਸਨ? ਨਹੀਂ, ਕਿਉਂਕਿ ਇੰਜੀਲਾਂ ਵਿਚ ਲਿਖਿਆ ਹੈ ਕਿ ਉਹ ਤਾਂ ਉਸ ਦੀ ਮੌਤ ਹੋਣ ਤੋਂ ਬਾਅਦ ਬਹੁਤ ਹੀ ਦੁਖੀ ਸਨ। ਇਸ ਤੋਂ ਇਲਾਵਾ, ਯਿਸੂ ਦੇ ਜੀ ਉਠਾਏ ਜਾਣ ਬਾਰੇ ਪ੍ਰਚਾਰ ਕਰਨ ਕਰਕੇ ਚੇਲਿਆਂ ਨੂੰ ਸਤਾਇਆ ਅਤੇ ਮਾਰਿਆ ਵੀ ਗਿਆ ਸੀ। ਕੀ ਉਹ ਇਹ ਸਭ ਕੁਝ ਸਹਿੰਦੇ ਜੇਕਰ ਯਿਸੂ ਦੀ ਮੌਤ ਸਿਰਫ਼ ਝੂਠ ਸੀ?

ਤਾਂ ਫਿਰ ਕਬਰ ਕਿਸ ਨੇ ਖਾਲੀ ਕੀਤੀ? ਯਿਸੂ ਦੇ ਦੁਸ਼ਮਣਾਂ ਲਈ ਕਬਰ ਵਿੱਚੋਂ ਲਾਸ਼ ਚੁੱਕਣੀ ਵਿਅਰਥ ਸੀ। ਅਤੇ ਜੇ ਉਨ੍ਹਾਂ ਨੇ ਚੁੱਕੀ ਵੀ ਹੁੰਦੀ, ਤਾਂ ਯਿਸੂ ਦੇ ਚੇਲਿਆਂ ਦੇ ਦਾਅਵੇ ਨੂੰ ਰੱਦ ਕਰਨ ਲਈ ਕੀ ਉਹ ਲਾਸ਼ ਨੂੰ ਪੇਸ਼ ਨਹੀਂ ਕਰਦੇ? ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵਾਪਰੀ ਕਿਉਂਕਿ ਇਹ ਪਰਮੇਸ਼ੁਰ ਦਾ ਕੰਮ ਸੀ।

ਕੁਝ ਹਫ਼ਤਿਆਂ ਬਾਅਦ, ਯਿਸੂ ਦੇ ਦੁਸ਼ਮਣਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜਦ ਪਤਰਸ ਨੇ ਗਵਾਹੀ ਦਿੱਤੀ ਕਿ “ਹੇ ਇਸਰਾਏਲੀਓ ਏਹ ਗੱਲਾਂ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਹ ਦੇ ਸਤ ਹੋਣ ਦਾ ਪ੍ਰਮਾਣ ਪਰਮੇਸ਼ੁਰ ਦੀ ਵੱਲੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ ਜੋ ਪਰਮੇਸ਼ੁਰ ਨੇ ਉਸ ਦੇ ਹੱਥੀਂ ਤੁਹਾਡੇ ਵਿੱਚ ਵਿਖਾਲੀਆਂ, ਜਿਹਾ ਤੁਸੀਂ ਆਪ ਜਾਣਦੇ ਹੋ। ਉਸੇ ਨੂੰ ਜਦ ਪਰਮੇਸ਼ੁਰ ਦੀ ਠਹਿਰਾਈ ਹੋਈ ਮੱਤ ਅਤੇ ਅਗੰਮ ਗਿਆਨ ਦੇ ਅਨੁਸਾਰ ਹਵਾਲੇ ਕੀਤਾ ਗਿਆ ਤੁਸਾਂ ਬੁਰਿਆਰਾਂ ਦੇ ਹੱਥੀਂ ਸਲੀਬ ਦੇ ਕੇ ਮਰਵਾ ਦਿੱਤਾ। ਉਸੇ ਨੂੰ ਪਰਮੇਸ਼ੁਰ ਨੇ ਕਾਲ ਦੇ ਬੰਧਨ ਖੋਲ੍ਹ ਕੇ ਜਿਵਾਲਿਆ ਕਿਉਂ ਜੋ ਇਹ ਅਣਹੋਣਾ ਸੀ ਕਿ ਉਹ ਉਸ ਦੇ ਵੱਸ ਵਿੱਚ ਰਹੇ। ਇਸ ਲਈ ਜੋ ਦਾਊਦ ਉਹ ਦੇ ਵਿਖੇ ਆਖਦਾ ਹੈ,—ਮੈਂ ਪ੍ਰਭੁ ਨੂੰ ਆਪਣੇ ਸਨਮੁਖ ਸਦਾ ਵੇਖਿਆ, . . . ਹਾਂ, ਮੇਰਾ ਸਰੀਰ ਭੀ ਆਸਾ ਵਿੱਚ ਵੱਸੇਗਾ, ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤ੍ਰ ਪੁਰਖ ਨੂੰ ਗਲਨ ਦੇਵੇਂਗਾ।”—ਰਸੂਲਾਂ ਦੇ ਕਰਤੱਬ 2:22-27.

ਕਈਆਂ ਨੇ ਜੀ ਉੱਠੇ ਯਿਸੂ ਨੂੰ ਦੇਖਿਆ

ਰਸੂਲਾਂ ਦੇ ਕਰਤੱਬ ਦੀ ਪੁਸਤਕ ਵਿਚ ਇੰਜੀਲ ਦੇ ਲਿਖਾਰੀ ਲੂਕਾ ਨੇ ਕਿਹਾ: “[ਯਿਸੂ] ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ [ਰਸੂਲਾਂ] ਉੱਤੇ ਬਹੁਤਿਆਂ ਪਰਮਾਣਾਂ ਨਾਲ ਜੀਉਂਦਾ ਪਰਗਟ ਕੀਤਾ ਕਿ ਉਹ ਚਾਹਲੀਆਂ ਦਿਨਾਂ ਤੀਕੁ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ।” (ਰਸੂਲਾਂ ਦੇ ਕਰਤੱਬ 1:2, 3) ਕਈਆਂ ਚੇਲਿਆਂ ਨੇ ਵੱਖੋ-ਵੱਖਰੇ ਸਮਿਆਂ ਤੇ ਮੁੜ ਜੀਉਂਦੇ ਯਿਸੂ ਨੂੰ ਦੇਖਿਆ ਸੀ, ਜਿਵੇਂ ਕਿ ਇਕ ਬਾਗ਼ ਵਿਚ, ਸੜਕ ਤੇ, ਰੋਟੀ ਖਾਣ ਵੇਲੇ, ਅਤੇ ਤਿਬਿਰਿਯਾਸ ਦੀ ਝੀਲ ਕੋਲ।—ਮੱਤੀ 28:8-10; ਲੂਕਾ 24:13-43; ਯੂਹੰਨਾ 21:1-23.

ਆਲੋਚਕ ਇਨ੍ਹਾਂ ਗੱਲਾਂ ਦਾ ਸ਼ੱਕ ਕਰਦੇ ਹਨ। ਉਹ ਕਹਿੰਦੇ ਹਨ ਕਿ ਇਹ ਲਿਖਾਰੀਆਂ ਦੀਆਂ ਬਣਾਈਆਂ ਗਈਆਂ ਗੱਲਾਂ ਹਨ, ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਇੰਜੀਲਾਂ ਵਿਚ ਫ਼ਰਕ ਹੈ ਅਤੇ ਇਸ ਕਰਕੇ ਵੀ ਉਹ ਇਨ੍ਹਾਂ ਦੀ ਸੱਚਾਈ ਉੱਤੇ ਸ਼ੱਕ ਕਰਦੇ ਹਨ। ਪਰ ਅਸਲ ਵਿਚ, ਛੋਟੇ-ਮੋਟੇ ਫ਼ਰਕ ਇਹ ਸਾਬਤ ਕਰਦੇ ਹਨ ਕਿ ਉਨ੍ਹਾਂ ਨੇ ਸਾਜ਼ਸ਼ ਘੜ ਕੇ ਇਹ ਇੰਜੀਲਾਂ ਨਹੀਂ ਲਿਖੀਆਂ ਸਨ। ਯਿਸੂ ਬਾਰੇ ਸਾਡਾ ਗਿਆਨ ਵਧਦਾ ਹੈ ਜਦੋਂ ਅਸੀਂ ਉਸ ਦੇ ਜੀਵਨ ਵਿਚ ਹੋਈਆਂ ਗੱਲਾਂ ਇਕ ਲਿਖਾਰੀ ਦੁਆਰਾ ਲਿਖੀਆਂ ਗਈਆਂ ਘਟਨਾਵਾਂ ਕਿਸੇ ਦੂਸਰੇ ਦਿਆਂ ਬਿਰਤਾਂਤਾਂ ਨਾਲ ਜੋੜਦੇ ਹਾਂ।

ਕੀ ਮੁੜ ਜੀਉਂਦਾ ਕੀਤੇ ਗਏ ਯਿਸੂ ਨੂੰ ਦੇਖਣਾ ਸਿਰਫ਼ ਸੁਪਨੇ ਤਾਂ ਨਹੀਂ ਸਨ? ਇਹ ਸੱਚ ਨਹੀਂ ਹੋ ਸਕਦਾ ਕਿਉਂਕਿ ਬਹੁਤਿਆਂ ਨੇ ਉਸ ਨੂੰ ਦੇਖਿਆ ਸੀ। ਦੇਖਣ ਵਾਲਿਆਂ ਵਿੱਚੋਂ ਕੁਝ ਮਛਿਆਰੇ ਅਤੇ ਔਰਤਾਂ ਸਨ, ਇਕ ਰਾਜ-ਅਧਿਕਾਰੀ ਸੀ, ਅਤੇ ਸ਼ੱਕ ਕਰਨ ਵਾਲਾ ਥੋਮਾ ਰਸੂਲ ਵੀ, ਜਿਸ ਨੇ ਸਿਰਫ਼ ਉਦੋਂ ਯਕੀਨ ਕੀਤਾ ਜਦ ਉਸ ਨੇ ਖ਼ੁਦ ਸਬੂਤ ਦੇਖਿਆ ਕਿ ਯਿਸੂ ਜੀ ਉੱਠਿਆ ਹੈ। (ਯੂਹੰਨਾ 20:24-29) ਕਈ ਵਾਰ ਯਿਸੂ ਦੇ ਚੇਲਿਆਂ ਨੇ ਆਪਣੇ ਜੀ ਉਠਾਏ ਗਏ ਪ੍ਰਭੂ ਨੂੰ ਨਹੀਂ ਸੀ ਪਛਾਣਿਆ। ਇਕ ਵਾਰ 500 ਤੋਂ ਜ਼ਿਆਦਾ ਲੋਕਾਂ ਨੇ ਯਿਸੂ ਨੂੰ ਦੇਖਿਆ, ਅਤੇ ਇਨ੍ਹਾਂ ਵਿੱਚੋਂ ਬਹੁਤੇ ਉਦੋਂ ਵੀ ਜੀਉਂਦੇ ਸਨ ਜਦ ਪੌਲੁਸ ਰਸੂਲ ਨੇ ਪੁਨਰ-ਉਥਾਨ ਦੀ ਸਫ਼ਾਈ ਵਿਚ ਇਸ ਘਟਨਾ ਬਾਰੇ ਗੱਲ ਕੀਤੀ ਸੀ।—1 ਕੁਰਿੰਥੀਆਂ 15:6.

ਜੀਉਂਦਾ ਯਿਸੂ ਲੋਕਾਂ ਉੱਤੇ ਅਸਰ ਪਾਉਂਦਾ ਹੈ

ਯਿਸੂ ਦਾ ਜੀ ਉੱਠਣਾ ਸਿਰਫ਼ ਅਨੋਖੀ ਚੀਜ਼ ਜਾਂ ਬਹਿਸ ਦੀ ਗੱਲ ਹੀ ਨਹੀਂ ਸਮਝੀ ਜਾਣੀ ਚਾਹੀਦੀ। ਯਿਸੂ ਜੀਉਂਦਾ ਹੈ, ਅਤੇ ਇਸ ਗੱਲ ਨੇ ਹਰ ਜਗ੍ਹਾ ਕਈਆਂ ਲੋਕਾਂ ਉੱਤੇ ਚੰਗਾ ਅਸਰ ਪਾਇਆ ਹੈ। ਪਹਿਲੀ ਸਦੀ ਤੋਂ ਲੈ ਕੇ, ਬਹੁਤ ਸਾਰੇ ਲੋਕ ਜੋ ਮਸੀਹੀਅਤ ਬਾਰੇ ਕੁਝ ਜਾਣਦੇ ਹੀ ਨਹੀਂ ਸਨ ਜਾਂ ਇਸ ਦਾ ਬਿਲਕੁਲ ਵਿਰੋਧ ਕਰਦੇ ਸਨ ਹੁਣ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਹਨ ਕਿ ਇਹ ਸੱਚਾ ਧਰਮ ਹੈ। ਕਿਸ ਚੀਜ਼ ਨੇ ਇਨ੍ਹਾਂ ਲੋਕਾਂ ਨੂੰ ਬਦਲਿਆ? ਬਾਈਬਲ ਦੀ ਸਟੱਡੀ ਕਰਨ ਨਾਲ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁੜ ਜੀਉਂਦਾ ਕਰ ਕੇ ਸਵਰਗ ਵਿਚ ਉਸ ਨੂੰ ਇਕ ਮਹਾਨ ਆਤਮਿਕ ਪ੍ਰਾਣੀ ਬਣਾਇਆ ਹੈ। (ਫ਼ਿਲਿੱਪੀਆਂ 2:8-11) ਇਨ੍ਹਾਂ ਨੇ ਯਿਸੂ ਵਿਚ ਅਤੇ ਪਰਮੇਸ਼ੁਰ ਵੱਲੋਂ ਮੁਕਤੀ ਦੇ ਪ੍ਰਬੰਧ ਵਿਚ, ਯਾਨੀ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਦਿਖਾਈ ਹੈ। (ਰੋਮੀਆਂ 5:8) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਅਤੇ ਯਿਸੂ ਦੀਆਂ ਸਿੱਖਿਆਵਾਂ ਨੂੰ ਲਾਗੂ ਕਰਨ ਨਾਲ ਇਸ ਤਰ੍ਹਾਂ ਦੇ ਲੋਕਾਂ ਨੇ ਸੱਚੀ ਖ਼ੁਸ਼ੀ ਹਾਸਲ ਕੀਤੀ ਹੈ।

ਜ਼ਰਾ ਕਲਪਨਾ ਕਰੋ ਕਿ ਪਹਿਲੀ ਸਦੀ ਵਿਚ ਮਸੀਹੀ ਹੋਣ ਦਾ ਕੀ ਮਤਲਬ ਸੀ। ਮਸੀਹੀ ਇੱਜ਼ਤ, ਸ਼ਕਤੀ, ਜਾਂ ਧਨ-ਦੌਲਤ ਹਾਸਲ ਨਹੀਂ ਕਰਦੇ ਸਨ। ਇਸ ਦੇ ਉਲਟ ਇਨ੍ਹਾਂ ਮਸੀਹੀਆਂ ਨੇ ਆਪਣੇ ਵਿਸ਼ਵਾਸ ਲਈ “ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ।” (ਇਬਰਾਨੀਆਂ 10:34) ਇਕ ਮਸੀਹੀ ਨੂੰ ਕੁਰਬਾਨੀਆਂ ਕਰਨੀਆਂ ਪੈਂਦੀਆਂ ਸਨ ਅਤੇ ਕਾਫ਼ੀ ਸਤਾਹਟ ਦਾ ਸਾਮ੍ਹਣਾ ਵੀ ਕਰਨਾ ਪੈਂਦਾ ਸੀ। ਕਈ ਮਸੀਹੀ ਸ਼ਹੀਦ ਵੀ ਹੋਏ ਸਨ।

ਮਸੀਹੀ ਬਣਨ ਤੋਂ ਪਹਿਲਾਂ ਕਈ ਇੱਜ਼ਤ ਅਤੇ ਧਨ-ਦੌਲਤ ਕਮਾ ਸਕਦੇ ਸਨ। ਤਰਸੁਸ ਦਾ ਸੌਲੁਸ ਯਹੂਦੀਆਂ ਦੇ ਮਤ ਵਿਚ ਮਸ਼ਹੂਰ ਗਮਲੀਏਲ ਤੋਂ ਸਿੱਖਿਆ ਲੈਂਦਾ ਸੀ ਅਤੇ ਇਸ ਵਿਚ ਚੰਗੀ ਤਰੱਕੀ ਕਰ ਰਿਹਾ ਸੀ। (ਰਸੂਲਾਂ ਦੇ ਕਰਤੱਬ 9:1, 2; 22:3; ਗਲਾਤੀਆਂ 1:14) ਲੇਕਿਨ ਸੌਲੁਸ, ਪੌਲੁਸ ਰਸੂਲ ਬਣਿਆ। ਉਸ ਨੇ ਅਤੇ ਹੋਰਨਾਂ ਨੇ ਇੱਜ਼ਤ ਅਤੇ ਧਨ-ਦੌਲਤ ਕਮਾਉਣ ਦੇ ਮੌਕਿਆਂ ਨੂੰ ਰੱਦ ਕੀਤਾ। ਕਿਉਂ? ਤਾਂਕਿ ਉਹ ਲੋਕਾਂ ਨੂੰ ਇਕ ਸੱਚੀ ਆਸ ਦਾ ਸੁਨੇਹਾ ਸੁਣਾ ਸਕਣ ਜੋ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਅਤੇ ਯਿਸੂ ਦੇ ਮੁੜ ਜੀ ਉੱਠਣ ਦੀ ਅਸਲੀਅਤ ਉੱਤੇ ਆਧਾਰਿਤ ਸੀ। (ਕੁਲੁੱਸੀਆਂ 1:28) ਉਹ ਜਾਣਦੇ ਸਨ ਕਿ ਇਹ ਗੱਲਾਂ ਸੱਚੀਆਂ ਸਨ ਇਸ ਲਈ ਉਹ ਸਤਾਏ ਜਾਣ ਲਈ ਵੀ ਰਾਜ਼ੀ ਸਨ।

ਇਹ ਗੱਲ ਅੱਜ ਵੀ ਲੱਖਾਂ ਹੀ ਲੋਕਾਂ ਬਾਰੇ ਸੱਚ ਹੈ। ਇਹ ਲੋਕ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਪਾਏ ਜਾਂਦੇ ਹਨ। ਯਹੋਵਾਹ ਦੇ ਗਵਾਹ ਤੁਹਾਨੂੰ ਯਿਸੂ ਮਸੀਹ ਦੀ ਮੌਤ ਦੇ ਸਾਲਾਨਾ ਸਮਾਰਕ ਦਿਨ ਤੇ ਹਾਜ਼ਰ ਹੋਣ ਲਈ ਸੱਦਾ ਦਿੰਦੇ ਹਨ। ਇਹ ਐਤਵਾਰ 8 ਅਪ੍ਰੈਲ 2001 ਦੀ ਸੰਝ ਨੂੰ ਮਨਾਇਆ ਜਾਵੇਗਾ। ਇਹ ਬੜੀ ਖ਼ੁਸ਼ੀ ਦੀ ਗੱਲ ਹੋਵੇਗੀ ਜੇਕਰ ਤੁਸੀਂ ਇਸ ਖ਼ਾਸ ਮੌਕੇ ਤੇ ਅਤੇ ਬਾਈਬਲ ਦੀ ਸਟੱਡੀ ਕਰਨ ਲਈ ਉਨ੍ਹਾਂ ਦੀਆਂ ਸਾਰੀਆਂ ਮੀਟਿੰਗਾਂ ਤੇ ਹਾਜ਼ਰ ਹੋ ਸਕੋਗੇ ਜੋ ਕਿੰਗਡਮ ਹਾਲਾਂ ਵਿਚ ਹੁੰਦੀਆਂ ਹਨ।

ਕਿਉਂ ਨਾ ਯਿਸੂ ਬਾਰੇ ਹੋਰ ਸਿੱਖੋ, ਨਾ ਸਿਰਫ਼ ਉਸ ਦੀ ਮੌਤ ਅਤੇ ਜੀ ਉੱਠਣ ਬਾਰੇ ਪਰ ਉਸ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਬਾਰੇ ਵੀ? ਯਿਸੂ ਤੁਹਾਨੂੰ ਉਸ ਕੋਲ ਆਉਣ ਦਾ ਸੱਦਾ ਦੇ ਰਿਹਾ ਹੈ। (ਮੱਤੀ 11:28-30) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਸਹੀ ਗਿਆਨ ਪ੍ਰਾਪਤ ਕਰਨ ਲਈ ਹੁਣ ਤੋਂ ਕਦਮ ਚੁੱਕੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਪਰਮੇਸ਼ੁਰ ਦੇ ਰਾਜ ਅਧੀਨ, ਜਿਸ ਦਾ ਰਾਜਾ ਉਸ ਦਾ ਪਿਆਰਾ ਪੁੱਤਰ ਯਿਸੂ ਹੈ, ਸਦਾ ਦੇ ਜੀਵਨ ਦਾ ਆਨੰਦ ਮਾਣ ਸਕੋਗੇ।

[ਫੁਟਨੋਟ]

^ ਪੈਰਾ 8 ਇੰਜੀਲਾਂ ਦੀ ਅਸਲੀਅਤ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ ਦਾ 15 ਮਈ 2000 ਅੰਕ ਦੇਖੋ, ਜਿਸ ਦਾ ਵਿਸ਼ਾ ਹੈ “ਯਿਸੂ ਬਾਰੇ ਕਹਾਣੀਆਂ ਸੱਚੀਆਂ ਹਨ ਜਾਂ ਝੂਠੀਆਂ?

[ਸਫ਼ੇ 7 ਉੱਤੇ ਤਸਵੀਰ]

ਯਿਸੂ ਮਸੀਹ ਦੇ ਚੇਲੇ ਬਣਨ ਨਾਲ ਲੱਖਾਂ ਹੀ ਲੋਕਾਂ ਨੇ ਸੱਚੀ ਖ਼ੁਸ਼ੀ ਹਾਸਲ ਕੀਤੀ ਹੈ

[ਸਫ਼ੇ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the Self-Pronouncing Edition of the Holy Bible, containing the King James and the Revised versions