Skip to content

Skip to table of contents

ਮਨੁੱਖੀ ਕਮਜ਼ੋਰੀ ਉੱਤੇ ਜਿੱਤ ਪ੍ਰਾਪਤ ਕਰਨੀ

ਮਨੁੱਖੀ ਕਮਜ਼ੋਰੀ ਉੱਤੇ ਜਿੱਤ ਪ੍ਰਾਪਤ ਕਰਨੀ

ਮਨੁੱਖੀ ਕਮਜ਼ੋਰੀ ਉੱਤੇ ਜਿੱਤ ਪ੍ਰਾਪਤ ਕਰਨੀ

“ਸਰੀਰਕ ਮਨਸ਼ਾ ਮੌਤ ਹੈ।”​—ਰੋਮੀਆਂ 8:6.

1. ਕੁਝ ਲੋਕ ਮਨੁੱਖੀ ਸਰੀਰ ਬਾਰੇ ਕੀ ਕਹਿੰਦੇ ਹਨ, ਅਤੇ ਸਾਨੂੰ ਕਿਸ ਸਵਾਲ ਬਾਰੇ ਸੋਚਣਾ ਚਾਹੀਦਾ ਹੈ?

“ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ।” (ਜ਼ਬੂਰ 139:14) ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਇਸ ਤਰ੍ਹਾਂ ਗਾਇਆ ਜਦੋਂ ਉਹ ਯਹੋਵਾਹ ਦੁਆਰਾ ਸ੍ਰਿਸ਼ਟ ਕੀਤੇ ਗਏ ਮਨੁੱਖੀ ਸਰੀਰ ਵੱਲ ਧਿਆਨ ਦੇ ਰਿਹਾ ਸੀ। ਲੇਕਿਨ, ਸਰੀਰ ਦੀ ਪ੍ਰਸ਼ੰਸਾ ਕਰਨ ਦੀ ਬਜਾਇ ਕੁਝ ਪਾਦਰੀ ਸਮਝਦੇ ਹਨ ਕਿ ਸਰੀਰ ਪਾਪ ਅਤੇ ਬੁਰਾਈ ਕਰਨ ਦੀ ਜਗ੍ਹਾ ਹੈ। ਸਰੀਰ ਨੂੰ “ਅਣਜਾਣਪੁਣੇ ਨੂੰ ਛੁਪਾਉਣ ਵਾਲੀ ਜਗ੍ਹਾ, ਬੁਰਾਈ ਦੀ ਜੜ੍ਹ, ਭ੍ਰਿਸ਼ਟਾਚਾਰ ਦੀ ਬੇੜੀ, ਹਨੇਰੀ ਕੋਠੜੀ, ਜੀਉਂਦੀ-ਜਾਗਦੀ ਲਾਸ਼, ਤੁਰਦੀ-ਫਿਰਦੀ ਕਬਰ” ਵੀ ਸੱਦਿਆ ਗਿਆ ਹੈ। ਹਾਂ ਇਹ ਸੱਚ ਹੈ ਕਿ ਪੌਲੁਸ ਰਸੂਲ ਨੇ ਕਿਹਾ ਸੀ ਕਿ “ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ।” (ਰੋਮੀਆਂ 7:18) ਪਰ ਕੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਇਕ ਪਾਪੀ ਸਰੀਰ ਵਿਚ ਕੈਦ ਹਾਂ ਅਤੇ ਸਾਡੇ ਕੋਲ ਕੋਈ ਉਮੀਦ ਨਹੀਂ?

2. (ੳ) “ਸਰੀਰਕ ਮਨਸ਼ਾ” ਦਾ ਕੀ ਮਤਲਬ ਹੈ? (ਅ) ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੇ ਅੰਦਰ “ਸਰੀਰ” ਅਤੇ “ਆਤਮਾ” ਵਿਚਕਾਰ ਕਿਹੜੀ ਲੜਾਈ ਜਾਰੀ ਰਹਿੰਦੀ ਹੈ?

2 ਅਪੂਰਣ ਇਨਸਾਨਾਂ ਦੀ ਹਾਲਤ ਬਾਰੇ ਗੱਲ ਕਰਦੇ ਹੋਏ, ਬਾਈਬਲ ਦੇ ਕੁਝ ਹਵਾਲਿਆਂ ਵਿਚ ਬਾਗ਼ੀ ਆਦਮ ਦੀ ਪਾਪੀ ਸੰਤਾਨ ਨੂੰ ਦਰਸਾਉਣ ਲਈ ਸ਼ਬਦ “ਸਰੀਰ” ਇਸਤੇਮਾਲ ਕੀਤਾ ਜਾਂਦਾ ਹੈ। (ਅਫ਼ਸੀਆਂ 2:3; ਜ਼ਬੂਰ 51:5; ਰੋਮੀਆਂ 5:12) ਵਿਰਸੇ ਵਿਚ ਅਸੀਂ ਆਦਮ ਤੋਂ ‘ਸਰੀਰ ਦੀ ਦੁਰਬਲਤਾ,’ ਜਾਂ ਕਮਜ਼ੋਰੀ ਪਾਈ ਹੈ। (ਰੋਮੀਆਂ 6:19) ਅਤੇ ਪੌਲੁਸ ਨੇ ਚੇਤਾਵਨੀ ਦਿੱਤੀ ਕਿ “ਸਰੀਰਕ ਮਨਸ਼ਾ ਮੌਤ ਹੈ।” (ਰੋਮੀਆਂ 8:6) ਅਜਿਹੀ “ਸਰੀਰਕ ਮਨਸ਼ਾ” ਦਾ ਮਤਲਬ ਹੈ, ਸਰੀਰ ਦੀ ਕਾਮਨਾ ਦੁਆਰਾ ਪ੍ਰੇਰਿਤ ਹੋਣਾ ਅਤੇ ਉਸ ਦੇ ਅਨੁਸਾਰ ਚੱਲਣਾ। (1 ਯੂਹੰਨਾ 2:16) ਇਸ ਲਈ ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਡੀ ਅਧਿਆਤਮਿਕਤਾ ਅਤੇ ਸਾਡੇ ਪਾਪੀ ਝੁਕਾਅ ਵਿਚਕਾਰ ਇਕ ਲਗਾਤਾਰ ਲੜਾਈ ਲੱਗੀ ਰਹੇਗੀ। ਸਾਡਾ ਪਾਪੀ ਝੁਕਾਅ ਸਾਡੇ ਉੱਤੇ “ਸਰੀਰ ਦੇ ਕੰਮ” ਕਰਨ ਲਈ ਬਹੁਤ ਦਬਾਅ ਪਾਉਂਦਾ ਹੈ। (ਗਲਾਤੀਆਂ 5:17-23; 1 ਪਤਰਸ 2:11) ਪੌਲੁਸ ਨੇ ਆਪਣੇ ਅੰਦਰ ਹੋ ਰਹੀ ਇਸ ਦੁੱਖ-ਭਰੀ ਲੜਾਈ ਦੀ ਗੱਲ ਕਰਨ ਤੋਂ ਬਾਅਦ ਕਿਹਾ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?” (ਰੋਮੀਆਂ 7:24) ਕੀ ਪੌਲੁਸ ਪਰਤਾਵਿਆਂ ਦਾ ਇਕ ਬੇਬੱਸ ਸ਼ਿਕਾਰ ਸੀ? ਬਾਈਬਲ ਇਸ ਦੇ ਜਵਾਬ ਵਿਚ “ਨਹੀਂ” ਕਹਿੰਦੀ ਹੈ!

ਪਰਤਾਵੇ ਅਤੇ ਪਾਪ ਦੀ ਗੰਭੀਰਤਾ

3. ਕਈ ਲੋਕ ਪਾਪ ਅਤੇ ਪਰਤਾਵਿਆਂ ਬਾਰੇ ਕੀ ਸੋਚਦੇ ਹਨ, ਪਰ ਬਾਈਬਲ ਅਜਿਹੇ ਰਵੱਈਏ ਬਾਰੇ ਕਿਸ ਤਰ੍ਹਾਂ ਚੇਤਾਵਨੀ ਦਿੰਦੀ ਹੈ?

3 ਅੱਜ-ਕੱਲ੍ਹ ਕਈ ਲੋਕ ਪਾਪ ਦਾ ਸਹੀ ਮਤਲਬ ਨਹੀਂ ਸਮਝਦੇ। ਕੁਝ ਲੋਕ “ਪਾਪ” ਨੂੰ ਹਾਸੇ-ਮਜ਼ਾਕ ਦੀ ਗੱਲ ਸਮਝਦੇ ਹਨ ਅਤੇ ਸੋਚਦੇ ਹਨ ਕਿ ਇਹ ਇਕ ਪੁਰਾਣਾ ਸ਼ਬਦ ਹੈ ਜੋ ਇਨਸਾਨੀ ਕਮਜ਼ੋਰੀਆਂ ਦਾ ਵਰਣਨ ਕਰਦਾ ਹੈ। ਉਹ ਇਹ ਨਹੀਂ ਸਮਝਦੇ ਕਿ “ਅਸਾਂ ਸਭਨਾਂ ਨੇ ਮਸੀਹ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਪਰਗਟ ਹੋਣਾ ਹੈ ਭਈ ਹਰੇਕ ਜੋ ਕੁਝ ਉਸ ਨੇ ਦੇਹੀ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹ ਦਾ ਫਲ ਭੋਗੇ।” (2 ਕੁਰਿੰਥੀਆਂ 5:10) ਦੂਸਰੇ ਲੋਕ ਸ਼ਾਇਦ ਇਹ ਕਹਿਣ ਕਿ “ਪਰਤਾਵਿਆਂ ਦਾ ਵਿਰੋਧ ਕਰਨਾ ਇੰਨਾ ਜ਼ਰੂਰੀ ਨਹੀਂ ਹੈ।” ਕੁਝ ਸਭਿਆਚਾਰ ਸਿਰਫ਼ ਮਜ਼ੇ ਲੁੱਟਣ ਉੱਤੇ ਜ਼ੋਰ ਪਾਉਂਦੇ ਹਨ, ਚਾਹੇ ਇਹ ਖਾਣ-ਪੀਣ ਵਿਚ, ਜਿਨਸੀ ਸੰਬੰਧਾਂ ਵਿਚ, ਮੌਜ-ਮਸਤੀਆਂ ਵਿਚ, ਜਾਂ ਕਾਮਯਾਬੀਆਂ ਹਾਸਲ ਕਰਨ ਵਿਚ ਹੋਵੇ। ਉਹ ਸਭ ਕੁਝ ਇਕਦਮ ਹਾਸਲ ਕਰਨਾ ਚਾਹੁੰਦੇ ਹਨ ਅਤੇ ਉਹ ਸਬਰ ਕਰਨਾ ਨਹੀਂ ਜਾਣਦੇ! (ਲੂਕਾ 15:12) ਉਹ ਸਿਰਫ਼ ਮਜ਼ਾ ਲੈਣ ਬਾਰੇ ਹੀ ਸੋਚਦੇ ਹਨ, ਉਹ ਭਵਿੱਖ ਵਿਚ “ਅਸਲ ਜੀਵਨ” ਦੀ ਖ਼ੁਸ਼ੀ ਬਾਰੇ ਕੋਈ ਵਿਚਾਰ ਨਹੀਂ ਕਰਦੇ। (1 ਤਿਮੋਥਿਉਸ 6:19) ਲੇਕਿਨ, ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਭਵਿੱਖ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ। ਅਤੇ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਰੂਹਾਨੀ ਤੌਰ ਤੇ ਜਾਂ ਹੋਰ ਤਰੀਕੇ ਵਿਚ ਨੁਕਸਾਨ ਪਹੁੰਚਾ ਸਕਦੀਆਂ ਹਨ। ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਕਹਾਉਤਾਂ ਦੇ ਲਿਖਾਰੀ ਨੇ ਇਹ ਕਿਹਾ: “ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅੱਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ।”​—ਕਹਾਉਤਾਂ 27:12.

4. ਪੌਲੁਸ ਨੇ 1 ਕੁਰਿੰਥੀਆਂ 10:12, 13 ਵਿਚ ਕਿਹੜੀ ਚੇਤਾਵਨੀ ਦਿੱਤੀ ਸੀ?

4 ਕੁਰਿੰਥੁਸ ਇਕ ਅਜਿਹਾ ਸ਼ਹਿਰ ਸੀ ਜੋ ਨੈਤਿਕ ਭ੍ਰਿਸ਼ਟਤਾ ਲਈ ਮਸ਼ਹੂਰ ਸੀ। ਜਦੋਂ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਚਿੱਠੀ ਲਿਖੀ, ਉਸ ਨੇ ਉਨ੍ਹਾਂ ਨੂੰ ਪਰਤਾਵਿਆਂ ਅਤੇ ਪਾਪ ਦੀ ਸ਼ਕਤੀ ਬਾਰੇ ਵਧੀਆ ਚੇਤਾਵਨੀ ਦਿੱਤੀ। ਉਸ ਨੇ ਕਿਹਾ: “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” (1 ਕੁਰਿੰਥੀਆਂ 10:12, 13) ਸਾਨੂੰ ਸਾਰਿਆਂ ਨੂੰ, ਯਾਨੀ ਜਵਾਨਾਂ, ਸਿਆਣਿਆਂ, ਆਦਮੀਆਂ ਅਤੇ ਔਰਤਾਂ ਨੂੰ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਚਾਹੇ ਇਹ ਸਕੂਲੇ, ਕੰਮ ਤੇ, ਜਾਂ ਹੋਰ ਕਿਤੇ ਹੋਵੇ। ਤਾਂ ਫਿਰ ਆਓ ਆਪਾਂ ਪੌਲੁਸ ਦੇ ਸ਼ਬਦਾਂ ਦੀ ਜਾਂਚ ਕਰੀਏ ਅਤੇ ਦੇਖੀਏ ਕਿ ਇਨ੍ਹਾਂ ਦਾ ਸਾਡੇ ਲਈ ਕੀ ਅਰਥ ਹੈ।

ਘਮੰਡ ਨਾ ਕਰੋ

5. ਘਮੰਡ ਕਰਨਾ ਖ਼ਤਰਨਾਕ ਕਿਉਂ ਹੈ?

5 ਪੌਲੁਸ ਨੇ ਕਿਹਾ ਸੀ ਕਿ “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” ਆਪਣੀ ਨੈਤਿਕ ਤਾਕਤ ਬਾਰੇ ਘਮੰਡ ਕਰਨਾ ਖ਼ਤਰਨਾਕ ਹੈ। ਘਮੰਡੀ ਹੋਣ ਦੁਆਰਾ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਪਾਪ ਦੇ ਝੁਕਾਅ ਅਤੇ ਤਾਕਤ ਨੂੰ ਨਹੀਂ ਸਮਝਦੇ। ਜਦ ਮੂਸਾ, ਦਾਊਦ, ਸੁਲੇਮਾਨ, ਅਤੇ ਪੌਲੁਸ ਰਸੂਲ ਵਰਗੇ ਵਫ਼ਾਦਾਰ ਲੋਕ ਪਾਪ ਦੇ ਫੰਦੇ ਵਿਚ ਫਸ ਸਕਦੇ ਸਨ, ਤਾਂ ਫਿਰ ਅਸੀਂ ਕਿੱਦਾਂ ਸੋਚ ਸਕਦੇ ਹਾਂ ਕਿ ਅਸੀਂ ਕਦੀ ਪਾਪ ਨਹੀਂ ਕਰਾਂਗੇ? (ਗਿਣਤੀ 20:2-13; 2 ਸਮੂਏਲ 11:1-27; 1 ਰਾਜਿਆਂ 11:1-6; ਮੱਤੀ 26:69-75) ਕਹਾਉਤਾਂ 14:16 ਵਿਚ ਕਿਹਾ ਗਿਆ ਹੈ ਕਿ “ਬੁੱਧਵਾਨ ਤਾਂ ਭੈ ਕਰ ਕੇ ਬੁਰਿਆਈ ਤੋਂ ਲਾਂਭੇ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ।” ਇਸ ਤੋਂ ਇਲਾਵਾ, ਯਿਸੂ ਨੇ ਕਿਹਾ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” (ਮੱਤੀ 26:41) ਅਸੀਂ ਸਾਰੇ ਅਪੂਰਣ ਹਾਂ, ਇਸ ਲਈ ਕਦੇ-ਨ-ਕਦੇ ਸਾਡੀਆਂ ਇੱਛਾਵਾਂ ਗ਼ਲਤ ਹੋਣਗੀਆਂ। ਇਸ ਲਈ ਸਾਨੂੰ ਪੌਲੁਸ ਦੀ ਚੇਤਾਵਨੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਪਰਤਾਵਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਪਾਪ ਦੇ ਫੰਦੇ ਵਿਚ ਫਸਣ ਦਾ ਖ਼ਤਰਾ ਮੁੱਲ ਲੈ ਸਕਦੇ ਹਾਂ।​—ਯਿਰਮਿਯਾਹ 17:9.

6. ਸਾਨੂੰ ਪਰਤਾਵਿਆਂ ਲਈ ਤਿਆਰੀ ਕਦੋਂ ਅਤੇ ਕਿੱਦਾਂ ਕਰਨੀ ਚਾਹੀਦੀ ਹੈ?

6 ਅਚਾਨਕ ਆਉਣ ਵਾਲੀਆਂ ਮੁਸੀਬਤਾਂ ਲਈ ਪਹਿਲਾਂ ਹੀ ਤਿਆਰੀ ਕਰਨੀ ਅਕਲਮੰਦੀ ਦੀ ਗੱਲ ਹੋਵੇਗੀ। ਮਿਸਾਲ ਲਈ, ਆਸਾ ਨਾਂ ਦੇ ਰਾਜੇ ਨੇ ਸ਼ਾਂਤੀ ਦੇ ਸਮੇਂ ਦਾ ਫ਼ਾਇਦਾ ਉਠਾ ਕੇ ਆਪਣੇ ਰਾਜ ਵਿਚ ਸੁਰੱਖਿਆ ਦੇ ਪ੍ਰਬੰਧ ਕੀਤੇ। (2 ਇਤਹਾਸ 14:2, 6, 7) ਉਹ ਜਾਣਦਾ ਸੀ ਕਿ ਅਜਿਹੇ ਪ੍ਰਬੰਧ ਹਮਲੇ ਦੇ ਸਮੇਂ ਨਹੀਂ ਕੀਤੇ ਜਾ ਸਕਦੇ ਸਨ। ਇਸੇ ਤਰ੍ਹਾਂ, ਸਾਨੂੰ ਠੰਡੇ ਦਿਮਾਗ਼ ਨਾਲ ਅਤੇ ਸ਼ਾਂਤ ਸਮਿਆਂ ਦੌਰਾਨ ਫ਼ੈਸਲੇ ਕਰਨੇ ਚਾਹੀਦੇ ਹਨ ਕਿ ਪਰਤਾਵੇ ਦੇ ਸਮੇਂ ਅਸੀਂ ਕੀ ਕਰਾਂਗੇ। (ਜ਼ਬੂਰ 63:6) ਦਾਨੀਏਲ ਅਤੇ ਉਸ ਦੇ ਮਿੱਤਰਾਂ ਨੇ ਇਸੇ ਤਰ੍ਹਾਂ ਕੀਤਾ ਸੀ। ਉਹ ਪਰਮੇਸ਼ੁਰ ਦਾ ਭੈ ਰੱਖਦੇ ਸਨ, ਇਸ ਲਈ ਜਦੋਂ ਉਨ੍ਹਾਂ ਉੱਤੇ ਦਬਾਅ ਪਾਇਆ ਗਿਆ ਸੀ ਕਿ ਉਹ ਰਾਜੇ ਦੇ ਭੋਜਨ ਤੋਂ ਖਾਣ, ਉਹ ਯਹੋਵਾਹ ਦੀ ਬਿਵਸਥਾ ਪ੍ਰਤੀ ਵਫ਼ਾਦਾਰ ਰਹਿਣ ਦੇ ਆਪਣੇ ਫ਼ੈਸਲੇ ਤੇ ਕਾਇਮ ਰਹਿ ਸਕੇ। ਉਨ੍ਹਾਂ ਨੇ ਹਿਚਕਿਚਾਉਣ ਤੋਂ ਬਿਨਾਂ ਉਸ ਨਪਾਕ ਭੋਜਨ ਨੂੰ ਖਾਣ ਤੋਂ ਇਨਕਾਰ ਕੀਤਾ। (ਦਾਨੀਏਲ 1:8) ਇਸ ਤੋਂ ਪਹਿਲਾਂ ਕਿ ਪਰਤਾਵੇ ਖੜ੍ਹੇ ਹੋਣ, ਆਓ ਆਪਾਂ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੇ ਆਪਣੇ ਇਰਾਦੇ ਨੂੰ ਪੱਕਾ ਕਰੀਏ। ਫਿਰ ਅਸੀਂ ਪਾਪ ਦਾ ਵਿਰੋਧ ਕਰ ਸਕਾਂਗੇ।

7. ਸਾਨੂੰ ਇਹ ਜਾਣ ਕੇ ਤਸੱਲੀ ਕਿਉਂ ਮਿਲਦੀ ਹੈ ਕਿ ਦੂਸਰਿਆਂ ਨੇ ਕਾਮਯਾਬੀ ਨਾਲ ਪਰਤਾਵਿਆਂ ਦਾ ਸਾਮ੍ਹਣਾ ਕੀਤਾ ਹੈ?

7 ਅਸੀਂ ਪੌਲੁਸ ਦੇ ਸ਼ਬਦਾਂ ਤੋਂ ਕਿੰਨਾ ਦਿਲਾਸਾ ਪਾ ਸਕਦੇ ਹਾਂ: “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ।” (1 ਕੁਰਿੰਥੀਆਂ 10:13) ਪਤਰਸ ਰਸੂਲ ਨੇ ਲਿਖਿਆ: “ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ [ਸ਼ਤਾਨ] ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।” (1 ਪਤਰਸ 5:9) ਜੀ ਹਾਂ, ਦੂਸਰਿਆਂ ਨੇ ਵੀ ਸਾਡੇ ਵਾਂਗ ਪਰਤਾਵਿਆਂ ਦਾ ਸਾਮ੍ਹਣਾ ਕੀਤਾ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਉਹ ਉਨ੍ਹਾਂ ਦਾ ਵਿਰੋਧ ਕਰਨ ਵਿਚ ਕਾਮਯਾਬ ਹੋਏ ਹਨ। ਉਸੇ ਤਰ੍ਹਾਂ ਅਸੀਂ ਵੀ ਕਾਮਯਾਬ ਹੋ ਸਕਦੇ ਹਾਂ। ਫਿਰ ਵੀ, ਇਸ ਭ੍ਰਿਸ਼ਟ ਸੰਸਾਰ ਵਿਚ ਸੱਚੇ ਮਸੀਹੀਆਂ ਵਜੋਂ ਰਹਿਣ ਕਾਰਨ ਅਸੀਂ ਸਾਰੇ ਕਦੀ-ਨ-ਕਦੀ ਪਰਤਾਵਿਆਂ ਦਾ ਸਾਮ੍ਹਣਾ ਕਰਾਂਗੇ। ਤਾਂ ਫਿਰ, ਅਸੀਂ ਮਨੁੱਖੀ ਕਮਜ਼ੋਰੀ ਅਤੇ ਪਾਪ ਕਰਨ ਦੇ ਪਰਤਾਵੇ ਉੱਤੇ ਜਿੱਤ ਪ੍ਰਾਪਤ ਕਰਨ ਦੀ ਉਮੀਦ ਕਿਸ ਤਰ੍ਹਾਂ ਰੱਖ ਸਕਦੇ ਹਾਂ?

ਅਸੀਂ ਪਰਤਾਵਿਆਂ ਦਾ ਸਾਮ੍ਹਣਾ ਕਰ ਸਕਦੇ ਹਾਂ!

8. ਪਰਤਾਵਿਆਂ ਤੋਂ ਬਚਣ ਦਾ ਮੁੱਖ ਤਰੀਕਾ ਕੀ ਹੈ?

8 “ਪਾਪ ਦੀ ਗੁਲਾਮੀ” ਤੋਂ ਬਚਣ ਦਾ ਇਕ ਮੁੱਖ ਤਰੀਕਾ ਹੈ ਪਰਤਾਵਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ। (ਰੋਮੀਆਂ 6:6) ਕਹਾਉਤਾਂ 4:14, 15 ਵਿਚ ਸਾਡੇ ਲਈ ਇਹ ਸਲਾਹ ਹੈ ਕਿ “ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ, ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ। ਉਸ ਤੋਂ ਲਾਂਭੇ ਰਹੁ, ਉਹ ਦੇ ਉੱਤੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ।” ਅਕਸਰ ਅਸੀਂ ਪਹਿਲਾਂ ਹੀ ਜਾਣ ਲੈਂਦੇ ਹਾਂ ਜੇ ਕੁਝ ਹਾਲਾਤ ਸਾਨੂੰ ਪਾਪ ਵੱਲ ਲੈ ਜਾਣਗੇ ਕਿ ਨਹੀਂ। ਇਸ ਲਈ, ਜੇ ਇਕ ਮਸੀਹੀ ਅਜਿਹੇ ਕਿਸੇ ਵੀ ਵਿਅਕਤੀ, ਚੀਜ਼, ਜਾਂ ਥਾਂ ਤੋਂ ‘ਅਗਾਹਾਂ ਲੰਘ ਜਾਵੇ’ ਜੋ ਗ਼ਲਤ ਇੱਛਾਵਾਂ ਨੂੰ ਜਗਾ ਕੇ ਉਸ ਦੇ ਅੰਦਰ ਅਸ਼ੁੱਧ ਭਾਵਨਾਵਾਂ ਭੜਕਾ ਸਕਦੇ ਹਨ, ਤਾਂ ਇਹ ਸਮਝਦਾਰੀ ਹੋਵੇਗੀ।

9. ਬਾਈਬਲ ਖ਼ਤਰੇ-ਭਰੇ ਮੌਕਿਆਂ ਤੋਂ ਭੱਜਣ ਉੱਤੇ ਕਿਸ ਤਰ੍ਹਾਂ ਜ਼ੋਰ ਪਾਉਂਦੀ ਹੈ?

9 ਪਰਤਾਵਿਆਂ ਉੱਤੇ ਜਿੱਤ ਹਾਸਲ ਕਰਨ ਦਾ ਇਕ ਹੋਰ ਤਰੀਕਾ ਹੈ ਬਹਿਕਾਉਣ ਵਾਲੇ ਮੌਕਿਆਂ ਤੋਂ ਭੱਜਣਾ। ਪੌਲੁਸ ਨੇ ਇਹ ਸਲਾਹ ਦਿੱਤੀ: “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਅਤੇ ਉਸ ਨੇ ਲਿਖਿਆ: “ਮੂਰਤੀ ਪੂਜਾ ਤੋਂ ਭੱਜੋ।” (1 ਕੁਰਿੰਥੀਆਂ 10:14) ਪੌਲੁਸ ਨੇ ਤਿਮੋਥਿਉਸ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਉਹ ਧੰਨ-ਦੌਲਤ ਇਕੱਠੀ ਕਰਨ ਦਾ ਲਾਲਚ ਕਰਨ ਤੋਂ ਬਚੇ, ਨਾਲੇ ‘ਜੁਆਨੀ ਦੀਆਂ ਕਾਮਨਾਂ ਤੋਂ ਭੱਜੇ।’​—2 ਤਿਮੋਥਿਉਸ 2:22; 1 ਤਿਮੋਥਿਉਸ 6:9-11.

10. ਕਿਹੜੀਆਂ ਦੋ ਵੱਖਰੀਆਂ ਮਿਸਾਲਾਂ ਪਰਤਾਵਿਆਂ ਤੋਂ ਭੱਜਣ ਦੀ ਮਹੱਤਤਾ ਬਾਰੇ ਸਮਝਾਉਂਦੀਆਂ ਹਨ?

10 ਇਸਰਾਏਲ ਦੇ ਰਾਜਾ ਦਾਊਦ ਵੱਲ ਧਿਆਨ ਦਿਓ। ਜਦੋਂ ਉਸ ਨੇ ਇਕ ਦਿਨ ਸ਼ਾਹੀ ਮਹਿਲ ਦੀ ਛੱਤ ਤੋਂ ਇਕ ਬਹੁਤ ਹੀ ਸੋਹਣੀ ਤੀਵੀਂ ਨਹਾਉਂਦੀ ਦੇਖੀ ਤਾਂ ਉਸ ਦਾ ਦਿਲ ਗ਼ਲਤ ਇੱਛਾਵਾਂ ਨਾਲ ਭਰ ਗਿਆ। ਉੱਥੇ ਖੜ੍ਹੇ ਰਹਿਣ ਦੀ ਬਜਾਇ ਉਸ ਨੂੰ ਅੰਦਰ ਚਲੇ ਜਾਣਾ ਚਾਹੀਦਾ ਸੀ, ਯਾਨੀ ਪਰਤਾਵੇ ਤੋਂ ਭੱਜ ਜਾਣਾ ਚਾਹੀਦਾ ਸੀ। ਪਰ, ਉਸ ਨੇ ਉਸ ਤੀਵੀਂ, ਬਥ-ਸ਼ਬਾ, ਬਾਰੇ ਪਤਾ ਲਗਾਇਆ ਅਤੇ ਇਸ ਦੇ ਨਤੀਜੇ ਬਹੁਤ ਹੀ ਭੈੜੇ ਨਿਕਲੇ। (2 ਸਮੂਏਲ 11:1–12:23) ਦੂਸਰੇ ਪਾਸੇ, ਯੂਸੁਫ਼ ਨੇ ਕੀ ਕੀਤਾ ਸੀ ਜਦੋਂ ਉਸ ਦੇ ਮਾਲਕ ਦੀ ਬਦਚਲਣ ਤੀਵੀਂ ਨੇ ਉਸ ਨੂੰ ਆਪਣੇ ਨਾਲ ਸੁਲਾਉਣ ਦੀ ਕੋਸ਼ਿਸ਼ ਕੀਤੀ ਸੀ? ਬਾਈਬਲ ਸਾਨੂੰ ਦੱਸਦੀ ਹੈ: “ਉਹ ਨਿੱਤ ਦਿਹਾੜੇ ਆਖਦੀ ਰਹੀ ਪਰ [ਯੂਸੁਫ਼] ਨੇ ਉਸ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਅਥਵਾ ਉਸ ਦੇ ਕੋਲ ਰਹੇ।” ਭਾਵੇਂ ਕਿ ਮੂਸਾ ਦੀ ਬਿਵਸਥਾ ਦੇ ਨਿਯਮ ਹਾਲੇ ਨਹੀਂ ਦਿੱਤੇ ਗਏ ਸਨ, ਫਿਰ ਵੀ ਯੂਸੁਫ਼ ਨੇ ਉਸ ਦੀ ਗੱਲ ਦਾ ਇਸ ਤਰ੍ਹਾਂ ਜਵਾਬ ਦਿੱਤਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” ਇਕ ਦਿਨ ਉਸ ਤੀਵੀਂ ਨੇ ਉਸ ਨੂੰ ਫੜ ਕੇ ਕਿਹਾ: “ਮੇਰੇ ਨਾਲ ਲੇਟ।” ਕੀ ਯੂਸੁਫ਼ ਨੇ ਉੱਥੇ ਰੁਕ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਕੰਮ ਕਿਉਂ ਗ਼ਲਤ ਸੀ? ਬਿਲਕੁਲ ਨਹੀਂ। ਉਹ ‘ਨੱਠ ਕੇ ਬਾਹਰ ਨਿੱਕਲ ਗਿਆ।’ ਯੂਸੁਫ਼ ਨੇ ਜਿਨਸੀ ਮਨਸ਼ਾ ਨੂੰ ਆਪਣੇ ਦਿਲ ਉੱਤੇ ਕਾਬੂ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਉਹ ਉੱਥੋਂ ਭੱਜ ਗਿਆ!​—ਉਤਪਤ 39:7-16.

11. ਜੇਕਰ ਸਾਨੂੰ ਮੁੜ-ਮੁੜ ਕੇ ਕਿਸੇ ਪਰਤਾਵੇ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ?

11 ਪਰਤਾਵਿਆਂ ਤੋਂ ਭੱਜਣ ਵਾਲਿਆਂ ਨੂੰ ਕਦੀ-ਕਦੀ ਡਰਪੋਕ ਜਾਂ ਬੁਜ਼ਦਿਲ ਸਮਝਿਆ ਜਾਂਦਾ ਹੈ। ਪਰ, ਆਪਣੇ ਆਪ ਨੂੰ ਅਜਿਹੀ ਕਿਸੇ ਸਥਿਤੀ ਤੋਂ ਦੂਰ ਕਰਨਾ ਸੱਚ-ਮੁੱਚ ਸਭ ਤੋਂ ਬੁੱਧੀਮਾਨ ਗੱਲ ਹੈ। ਹੋ ਸਕਦਾ ਹੈ ਕਿ ਅਸੀਂ ਕੰਮ ਤੇ ਮੁੜ-ਮੁੜ ਕੇ ਕਿਸੇ ਪਰਤਾਵੇ ਦਾ ਸਾਮ੍ਹਣਾ ਕਰਦੇ ਹੋਈਏ। ਭਾਵੇਂ ਕਿ ਅਸੀਂ ਆਪਣੀ ਨੌਕਰੀ ਨਹੀਂ ਬਦਲ ਸਕਦੇ, ਹੋਰ ਤਰੀਕੇ ਵੀ ਹੋ ਸਕਦੇ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਆਪ ਨੂੰ ਪਰਤਾਉਣ ਵਾਲੇ ਹਾਲਾਤਾਂ ਤੋਂ ਦੂਰ ਕਰ ਸਕਦੇ ਹਾਂ। ਜੇ ਸਾਨੂੰ ਪਤਾ ਹੋਵੇ ਕਿ ਕੋਈ ਕੰਮ ਗ਼ਲਤ ਹੈ ਤਾਂ ਸਾਨੂੰ ਇਸ ਤੋਂ ਦੂਰ ਰਹਿਣ ਦੀ ਲੋੜ ਹੈ, ਅਤੇ ਸਾਨੂੰ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। (ਆਮੋਸ 5:15) ਹੋ ਸਕਦਾ ਹੈ ਕਿ ਪਰਤਾਵਿਆਂ ਤੋਂ ਭੱਜਣ ਵਿਚ ਇੰਟਰਨੈੱਟ ਤੇ ਗੰਦੀਆਂ ਤਸਵੀਰਾਂ ਦੇਖਣ ਤੋਂ ਬਚਣਾ ਪਵੇ ਜਾਂ ਮਨੋਰੰਜਨ ਦੇ ਅਜਿਹੇ ਥਾਵਾਂ ਤੋਂ ਦੂਰ ਰਹਿਣਾ ਪਵੇ ਜੋ ਇਤਰਾਜ਼ਯੋਗ ਹੋਣ। ਹੋ ਸਕਦਾ ਹੈ ਕਿ ਸਾਨੂੰ ਕਿਸੇ ਰਸਾਲੇ ਨੂੰ ਬਾਹਰ ਸੁੱਟਣਾ ਪਵੇ ਜਾਂ ਨਵੇਂ ਦੋਸਤ-ਮਿੱਤਰ ਲੱਭਣੇ ਪੈਣ, ਅਜਿਹੇ ਦੋਸਤ-ਮਿੱਤਰ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਜੋ ਸਾਡੀ ਮਦਦ ਕਰ ਸਕਣ। (ਕਹਾਉਤਾਂ 13:20) ਪਾਪ ਕਰਨ ਲਈ ਚਾਹੇ ਜੋ ਮਰਜ਼ੀ ਚੀਜ਼ ਸਾਨੂੰ ਪਰਤਾਉਂਦੀ ਹੈ, ਅਸੀਂ ਉਸ ਨੂੰ ਰੱਦ ਕਰ ਕੇ ਅਕਲਮੰਦ ਬਣਾਂਗੇ।​—ਰੋਮੀਆਂ 12:9.

ਪ੍ਰਾਰਥਨਾ ਮਦਦ ਕਰ ਸਕਦੀ ਹੈ

12. ਅਸੀਂ ਪਰਮੇਸ਼ੁਰ ਤੋਂ ਕੀ ਚਾਹੁੰਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ “ਸਾਨੂੰ ਪਰਤਾਵੇ ਵਿਚ ਨਾ ਪੈਣ ਦੇ”?

12 ਪੌਲੁਸ ਨੇ ਇਹ ਤਸੱਲੀ ਦਿੱਤੀ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ [ਜਾਂ, “ਬਾਹਰ ਨਿਕਲਨ ਦਾ ਰਾਹ ਵੀ ਦੇਵੇਗਾ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਭਈ ਤੁਸੀਂ ਝੱਲ ਸੱਕੋ।” (1 ਕੁਰਿੰਥੀਆਂ 10:13) ਯਹੋਵਾਹ ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਸਾਡੀ ਮਦਦ ਕਰਦਾ ਹੈ। ਯਿਸੂ ਮਸੀਹ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ: “ਸਾਨੂੰ ਪਰਤਾਵੇ ਵਿਚ ਨਾ ਪੈਣ ਦੇ, ਸਗੋਂ ਬੁਰੇ ਤੋਂ ਬਚਾ।” (ਮੱਤੀ 6:13, ਨਵਾਂ ਅਨੁਵਾਦ) ਦਿੱਲੋਂ ਕੀਤੀ ਗਈ ਅਜਿਹੀ ਪ੍ਰਾਰਥਨਾ ਦੇ ਜਵਾਬ ਵਿਚ, ਯਹੋਵਾਹ ਸਾਨੂੰ ਪਰਤਾਵੇ ਦੇ ਸਮੇਂ ਵਿਚ ਛੱਡੇਗਾ ਨਹੀਂ; ਉਹ ਸਾਨੂੰ ਸ਼ਤਾਨ ਤੋਂ ਅਤੇ ਉਸ ਦੀਆਂ ਖ਼ਤਰਨਾਕ ਚਾਲਾਂ ਤੋਂ ਬਚਾਵੇਗਾ। (ਅਫ਼ਸੀਆਂ 6:11) ਸਾਨੂੰ ਪਰਮੇਸ਼ੁਰ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਪਰਤਾਵਿਆਂ ਨੂੰ ਪਛਾਣਨ ਵਿਚ ਸਾਡੀ ਮਦਦ ਕਰੇ ਅਤੇ ਉਨ੍ਹਾਂ ਦਾ ਵਿਰੋਧ ਕਰਨ ਦੀ ਸਾਨੂੰ ਤਾਕਤ ਦੇਵੇ। ਜੇਕਰ ਅਸੀਂ ਉਸ ਅੱਗੇ ਬੇਨਤੀ ਕਰੀਏ ਕਿ ਉਹ ਪਰਤਾਵਿਆਂ ਦਾ ਸਾਮ੍ਹਣਾ ਕਰਨ ਵਿਚ ਸਾਨੂੰ ਸਫ਼ਲ ਹੋਣ ਦੇਵੇ ਤਾਂ ਉਹ ਸ਼ਤਾਨ, ਯਾਨੀ “ਬੁਰੇ,” ਦੇ ਫੰਦੇ ਤੋਂ ਬਚਣ ਵਿਚ ਸਾਡੀ ਮਦਦ ਕਰੇਗਾ।

13. ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਵਾਰ-ਵਾਰ ਪਰਤਾਏ ਜਾਈਏ?

13 ਸਾਨੂੰ ਖ਼ਾਸ ਕਰਕੇ ਉਦੋਂ ਦਿਲੋਂ ਪ੍ਰਾਰਥਨਾ ਕਰਨ ਦੀ ਲੋੜ ਹੈ ਜਦੋਂ ਅਸੀਂ ਕਿਸੇ ਪਰਤਾਵੇ ਦਾ ਲਗਾਤਾਰ ਸਾਮ੍ਹਣਾ ਕਰਦੇ ਹਾਂ। ਕੁਝ ਪਰਤਾਵਿਆਂ ਕਾਰਨ ਸਾਡੇ ਅੰਦਰ ਹੀ ਅੰਦਰ ਬਹੁਤ ਵੱਡੇ ਸੰਘਰਸ਼ ਸ਼ੁਰੂ ਹੋ ਸਕਦੇ ਹਨ, ਯਾਨੀ ਸਾਨੂੰ ਆਪਣੀ ਸੋਚਣੀ ਅਤੇ ਆਪਣੇ ਰਵੱਈਏ ਨਾਲ ਲੜਨਾ ਪੈਂਦਾ ਹੈ। ਇਹ ਸਾਨੂੰ ਵਾਰ-ਵਾਰ ਯਾਦ ਦਿਲਾਉਂਦਾ ਹੈ ਕਿ ਅਸੀਂ ਕਿੰਨੇ ਕਮਜ਼ੋਰ ਹਾਂ। (ਜ਼ਬੂਰ 51:5) ਮਿਸਾਲ ਲਈ, ਜੇ ਕਿਸੇ ਪੁਰਾਣੀ ਬੁਰੀ ਆਦਤ ਦੀਆਂ ਯਾਦਾਂ ਸਾਨੂੰ ਸਤਾਉਣ ਤਾਂ ਅਸੀਂ ਕੀ ਕਰ ਸਕਦੇ ਹਾਂ? ਉਦੋਂ ਕੀ ਜੇ ਅਸੀਂ ਉਹੀ ਕੰਮ ਕਰਨ ਲਈ ਦੁਬਾਰਾ ਪਰਤਾਏ ਜਾਈਏ? ਅਜਿਹੀਆਂ ਭਾਵਨਾਵਾਂ ਨੂੰ ਸਿਰਫ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ, ਪਰ ਇਸ ਮਾਮਲੇ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਜੇਕਰ ਜ਼ਰੂਰਤ ਪਵੇ ਤਾਂ ਇਸ ਬਾਰੇ ਵਾਰ-ਵਾਰ ਪ੍ਰਾਰਥਨਾ ਕਰੋ। (ਜ਼ਬੂਰ 55:22) ਯਹੋਵਾਹ ਆਪਣੇ ਬਚਨ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਸਾਨੂੰ ਆਪਣੇ ਮਨ ਨੂੰ ਬੁਰੇ ਝੁਕਾਵਾਂ ਤੋਂ ਸ਼ੁੱਧ ਕਰਨ ਦੀ ਮਦਦ ਦੇ ਸਕਦਾ ਹੈ।​—ਜ਼ਬੂਰ 19:8, 9.

14. ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਪ੍ਰਾਰਥਨਾ ਕਿਉਂ ਜ਼ਰੂਰੀ ਹੈ?

14 ਗਥਸਮਨੀ ਦੇ ਬਾਗ਼ ਵਿਚ ਆਪਣੇ ਰਸੂਲਾਂ ਦੀ ਸੁਸਤੀ ਦੇਖ ਕੇ ਯਿਸੂ ਨੇ ਕਿਹਾ: “ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” (ਮੱਤੀ 26:41) ਪਰਤਾਵਿਆਂ ਦਾ ਸਾਮ੍ਹਣਾ ਕਰਨ ਦਾ ਇਕ ਤਰੀਕਾ ਹੈ ਉਸ ਦੇ ਵੱਖਰੇ-ਵੱਖਰੇ ਰੂਪਾਂ ਬਾਰੇ ਸਾਵਧਾਨ ਰਹਿਣਾ ਅਤੇ ਉਨ੍ਹਾਂ ਨੂੰ ਪਛਾਣਨ ਵਿਚ ਹੁਸ਼ਿਆਰ ਹੋਣਾ। ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਤਾਵਿਆਂ ਬਾਰੇ ਇਕਦਮ ਪ੍ਰਾਰਥਨਾ ਕਰੀਏ ਤਾਂਕਿ ਅਸੀਂ ਉਨ੍ਹਾਂ ਦੇ ਵਿਰੁੱਧ ਲੜਨ ਲਈ ਰੂਹਾਨੀ ਤੌਰ ਤੇ ਤਿਆਰ ਹੋ ਸਕੀਏ। ਪਰਤਾਵੇ ਸਾਡੀਆਂ ਕਮਜ਼ੋਰੀਆਂ ਉੱਤੇ ਹਮਲੇ ਕਰਦੇ ਹਨ, ਇਸ ਲਈ ਅਸੀਂ ਇਨ੍ਹਾਂ ਦਾ ਸਾਮ੍ਹਣਾ ਇਕੱਲੇ ਨਹੀਂ ਕਰ ਸਕਦੇ। ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਪਰਮੇਸ਼ੁਰ ਵੱਲੋਂ ਤਾਕਤ ਸਾਨੂੰ ਸ਼ਤਾਨ ਦੇ ਵਿਰੁੱਧ ਲੜਨ ਵਿਚ ਸਹਾਰਾ ਦੇ ਸਕਦੀ ਹੈ। (ਫ਼ਿਲਿੱਪੀਆਂ 4:6, 7) ਸਾਨੂੰ ਸ਼ਾਇਦ “ਕਲੀਸਿਯਾ ਦੇ ਬਜ਼ੁਰਗਾਂ” ਤੋਂ ਰੂਹਾਨੀ ਮਦਦ ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੀ ਜ਼ਰੂਰਤ ਵੀ ਪਵੇ।​—ਯਾਕੂਬ 5:13-18.

ਪਰਤਾਵਿਆਂ ਦਾ ਲਗਾਤਾਰ ਵਿਰੋਧ ਕਰੋ

15. ਪਰਤਾਵਿਆਂ ਦਾ ਵਿਰੋਧ ਕਰਨ ਵਿਚ ਕੀ-ਕੀ ਸ਼ਾਮਲ ਹੈ?

15 ਜਿੰਨਾ ਚਿਰ ਪਰਤਾਵੇ ਦੂਰ ਨਹੀਂ ਹੁੰਦੇ ਜਾਂ ਹਾਲਾਤ ਬਦਲ ਨਹੀਂ ਜਾਂਦੇ, ਸਾਨੂੰ ਪਰਤਾਵਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਉਨ੍ਹਾਂ ਦਾ ਲਗਾਤਾਰ ਵਿਰੋਧ ਵੀ ਕਰਨਾ ਚਾਹੀਦਾ ਹੈ। ਜਦੋਂ ਸ਼ਤਾਨ ਨੇ ਯਿਸੂ ਨੂੰ ਪਰਤਾਇਆ ਸੀ, ਤਾਂ ਉਹ ਸ਼ਤਾਨ ਦਾ ਉੱਨਾ ਚਿਰ ਵਿਰੋਧ ਕਰਦਾ ਰਿਹਾ ਜਿੰਨਾ ਚਿਰ ਉਹ ਉਸ ਨੂੰ ਛੱਡ ਕੇ ਚਲਾ ਨਾ ਗਿਆ। (ਮੱਤੀ 4:1-11) ਚੇਲੇ ਯਾਕੂਬ ਨੇ ਲਿਖਿਆ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” (ਯਾਕੂਬ 4:7) ਪਰਤਾਵਿਆਂ ਦਾ ਵਿਰੋਧ ਕਰਨ ਲਈ ਪਹਿਲਾਂ ਸਾਨੂੰ ਆਪਣੇ ਮਨ ਨੂੰ ਪਰਮੇਸ਼ੁਰ ਦੇ ਬਚਨ ਨਾਲ ਮਜ਼ਬੂਤ ਕਰ ਕੇ ਉਸ ਦੇ ਮਿਆਰਾਂ ਉੱਤੇ ਚੱਲਣ ਦਾ ਪੱਕਾ ਫ਼ੈਸਲਾ ਕਰਨਾ ਚਾਹੀਦਾ ਹੈ। ਬਾਈਬਲ ਦੇ ਉਨ੍ਹਾਂ ਮੁੱਖ ਹਵਾਲਿਆਂ ਨੂੰ ਮੂੰਹ-ਜ਼ਬਾਨੀ ਯਾਦ ਕਰਨਾ ਅਤੇ ਉਨ੍ਹਾਂ ਉੱਤੇ ਮਨਨ ਕਰਨਾ ਚੰਗਾ ਹੋਵੇਗਾ ਜੋ ਖ਼ਾਸ ਕਰਕੇ ਸਾਡੀਆਂ ਕਮਜ਼ੋਰੀਆਂ ਉੱਤੇ ਜੇਤੂ ਹੋਣ ਬਾਰੇ ਗੱਲ ਕਰਦੇ ਹਨ। ਇਕ ਸਿਆਣੇ ਮਸੀਹੀ, ਸ਼ਾਇਦ ਇਕ ਬਜ਼ੁਰਗ ਨਾਲ ਗੱਲ ਕਰਨੀ ਬੁੱਧੀਮਤਾ ਦੀ ਗੱਲ ਹੋਵੇਗੀ ਕਿਉਂਕਿ ਅਸੀਂ ਉਸ ਨੂੰ ਆਪਣੀਆਂ ਚਿੰਤਾਵਾਂ ਦੱਸ ਸਕਦੇ ਹਾਂ ਅਤੇ ਪਰਤਾਏ ਜਾਣ ਦੇ ਸਮੇਂ ਉਸ ਤੋਂ ਅਸੀਂ ਮਦਦ ਮੰਗ ਸਕਦੇ ਹਾਂ।​—ਕਹਾਉਤਾਂ 22:17.

16. ਅਸੀਂ ਨੈਤਿਕ ਤੌਰ ਤੇ ਈਮਾਨਦਾਰ ਕਿਸ ਤਰ੍ਹਾਂ ਰਹਿ ਸਕਦੇ ਹਾਂ?

16 ਬਾਈਬਲ ਸਾਨੂੰ ਨਵੀਂ ਇਨਸਾਨੀਅਤ ਪਹਿਨਣ ਦੀ ਸਲਾਹ ਦਿੰਦੀ ਹੈ। (ਅਫ਼ਸੀਆਂ 4:24) ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਨੂੰ ਮੌਕਾ ਦੇਈਏ ਕਿ ਉਹ ਸਾਨੂੰ ਢਾਲ਼ੇ ਅਤੇ ਬਦਲੇ। ਆਪਣੇ ਸਾਥੀ ਤਿਮੋਥਿਉਸ ਨੂੰ ਚਿੱਠੀ ਲਿਖਦੇ ਹੋਏ, ਪੌਲੁਸ ਨੇ ਕਿਹਾ: “ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ। ਨਿਹਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ ਜਿਹ ਦੇ ਲਈ ਤੂੰ ਸੱਦਿਆ ਗਿਆ।” (1 ਤਿਮੋਥਿਉਸ 6:11, 12) ਪਰਮੇਸ਼ੁਰ ਦੀ ਸ਼ਖ਼ਸੀਅਤ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਲਈ ਅਤੇ ਫਿਰ ਉਸ ਦੀਆਂ ਮੰਗਾਂ ਪੂਰੀਆਂ ਕਰਨ ਲਈ ਸਾਨੂੰ ਮਿਹਨਤ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਵੀ ‘ਧਰਮ ਦੇ ਮਗਰ ਲੱਗ’ ਸਕਦੇ ਹਾਂ। ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਸੀਹੀ ਕੰਮਾਂ ਵਿਚ ਰੁੱਝੇ ਰਹੀਏ, ਜਿਵੇਂ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਮਸੀਹੀ ਸਭਾਵਾਂ ਵਿਚ ਜਾਣਾ। ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰ ਕੇ ਅਤੇ ਉਸ ਦੇ ਰੂਹਾਨੀ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾ ਕੇ ਸਾਨੂੰ ਰੂਹਾਨੀ ਤੌਰ ਤੇ ਵਧਣ ਅਤੇ ਨੈਤਿਕ ਤੌਰ ਤੇ ਈਮਾਨਦਾਰ ਰਹਿਣ ਲਈ ਮਦਦ ਮਿਲੇਗੀ।​—ਯਾਕੂਬ 4:8.

17. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਸਾਨੂੰ ਪਰਤਾਵੇ ਦੇ ਸਮੇਂ ਛੱਡੇਗਾ ਨਹੀਂ?

17 ਪੌਲੁਸ ਭਰੋਸਾ ਦਿਵਾਉਂਦਾ ਹੈ ਕਿ ਅਸੀਂ ਕਦੀ ਵੀ ਅਜਿਹੇ ਪਰਤਾਵੇ ਦਾ ਸਾਮ੍ਹਣਾ ਨਹੀਂ ਕਰਾਂਗੇ ਜਿਸ ਨੂੰ ਅਸੀਂ ਜਿੱਤ ਨਹੀਂ ਸਕਦੇ। ਯਹੋਵਾਹ ਸਾਨੂੰ ਇਸ ਤੋਂ ‘ਬਾਹਰ ਨਿਕਲਣ ਦਾ ਰਾਹ ਵੀ ਦੇਵੇਗਾ ਭਈ ਅਸੀਂ ਝੱਲ ਸਕੀਏ।’ (1 ਕੁਰਿੰਥੀਆਂ 10:13) ਜੀ ਹਾਂ, ਪਰਮੇਸ਼ੁਰ ਕਦੀ ਵੀ ਪਰਤਾਵਿਆਂ ਨੂੰ ਇੰਨਾ ਸਖ਼ਤ ਨਹੀਂ ਹੋਣ ਦਿੰਦਾ ਕਿ ਸਾਡੇ ਵਿਚ ਖਰਿਆਈ ਕਾਇਮ ਰੱਖਣ ਲਈ ਲੋੜੀਂਦੀ ਰੂਹਾਨੀ ਤਾਕਤ ਨਾ ਰਹੇ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਨਜ਼ਰ ਵਿਚ ਗ਼ਲਤ ਕੰਮ ਕਰਨ ਦੇ ਪਰਤਾਵਿਆਂ ਦਾ ਲਗਾਤਾਰ ਵਿਰੋਧ ਕਰਨ ਵਿਚ ਸਫ਼ਲ ਹੋਈਏ। ਇਸ ਤੋਂ ਇਲਾਵਾ, ਅਸੀਂ ਉਸ ਦੇ ਵਾਅਦੇ ਵਿਚ ਨਿਹਚਾ ਰੱਖ ਸਕਦੇ ਹਾਂ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”​—ਇਬਰਾਨੀਆਂ 13:5.

18. ਅਸੀਂ ਕਿਉਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਅਸੀਂ ਮਨੁੱਖੀ ਕਮਜ਼ੋਰੀਆਂ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ?

18 ਪੌਲੁਸ ਨੂੰ ਪਤਾ ਸੀ ਕਿ ਮਨੁੱਖੀ ਕਮਜ਼ੋਰੀ ਵਿਰੁੱਧ ਉਸ ਦੇ ਨਿੱਜੀ ਸੰਘਰਸ਼ ਦਾ ਕੀ ਨਤੀਜਾ ਨਿਕਲਣਾ ਸੀ। ਉਸ ਨੇ ਆਪਣੇ ਆਪ ਨੂੰ ਆਪਣੀਆਂ ਸਰੀਰਕ ਇੱਛਾਵਾਂ ਦਾ ਬੇਬੱਸ ਸ਼ਿਕਾਰ ਨਹੀਂ ਸਮਝਿਆ ਸੀ। ਇਸ ਦੇ ਬਾਵਜੂਦ ਉਸ ਨੇ ਕਿਹਾ: “ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ। ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।” (1 ਕੁਰਿੰਥੀਆਂ 9:26, 27) ਅਸੀਂ ਵੀ ਅਪੂਰਣ ਸਰੀਰ ਦੇ ਵਿਰੁੱਧ ਸਫ਼ਲਤਾ ਨਾਲ ਲੜਾਈ ਲੜ ਸਕਦੇ ਹਾਂ। ਬਾਈਬਲ ਅਤੇ ਉਸ ਉੱਤੇ ਆਧਾਰਿਤ ਪ੍ਰਕਾਸ਼ਨਾਂ, ਮਸੀਹੀ ਸਭਾਵਾਂ, ਅਤੇ ਸੰਗੀ ਮਸੀਹੀਆਂ ਰਾਹੀਂ, ਸਾਡਾ ਪ੍ਰੇਮਪੂਰਣ ਸਵਰਗੀ ਪਿਤਾ ਸਾਨੂੰ ਲਗਾਤਾਰ ਯਾਦ-ਦਹਾਨੀਆਂ ਦਿੰਦਾ ਹੈ ਜੋ ਸਾਨੂੰ ਨੇਕ ਰਾਹ ਉੱਤੇ ਚੱਲਣ ਵਿਚ ਮਦਦ ਦੇ ਸਕਦੀਆਂ ਹਨ। ਉਸ ਦੀ ਮਦਦ ਨਾਲ ਅਸੀਂ ਮਨੁੱਖੀ ਕਮਜ਼ੋਰੀਆਂ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ!

ਕੀ ਤੁਹਾਨੂੰ ਯਾਦ ਹੈ?

• “ਸਰੀਰਕ ਮਨਸ਼ਾ” ਦਾ ਕੀ ਮਤਲਬ ਹੈ?

• ਅਸੀਂ ਪਰਤਾਵਿਆਂ ਲਈ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹਾਂ?

• ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

• ਪਰਤਾਵਿਆਂ ਸਾਮ੍ਹਣੇ ਸਫ਼ਲ ਹੋਣ ਲਈ ਪ੍ਰਾਰਥਨਾ ਕਿਉਂ ਜ਼ਰੂਰੀ ਹੈ?

• ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਮਨੁੱਖੀ ਕਮਜ਼ੋਰੀਆਂ ਉੱਤੇ ਜਿੱਤ ਪ੍ਰਾਪਤ ਕਰਨੀ ਮੁਮਕਿਨ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰਾਂ]

ਬਾਈਬਲ ਇਹ ਨਹੀਂ ਸਿਖਾਉਂਦੀ ਕਿ ਅਸੀਂ ਸਰੀਰਕ ਇੱਛਾਵਾਂ ਦੇ ਬੇਬੱਸ ਸ਼ਿਕਾਰ ਹਾਂ

[ਸਫ਼ੇ 12 ਉੱਤੇ ਤਸਵੀਰ]

ਪਰਤਾਵਿਆਂ ਤੋਂ ਭੱਜਣ ਦੁਆਰਾ ਅਸੀਂ ਪਾਪ ਤੋਂ ਬਚ ਸਕਦੇ ਹਾਂ