Skip to content

Skip to table of contents

ਆਗਿਆਕਾਰਤਾ—ਕੀ ਇਹ ਬਚਪਨ ਦਾ ਇਕ ਅਹਿਮ ਸਬਕ ਹੈ?

ਆਗਿਆਕਾਰਤਾ—ਕੀ ਇਹ ਬਚਪਨ ਦਾ ਇਕ ਅਹਿਮ ਸਬਕ ਹੈ?

ਆਗਿਆਕਾਰਤਾਕੀ ਇਹ ਬਚਪਨ ਦਾ ਇਕ ਅਹਿਮ ਸਬਕ ਹੈ?

ਮਾਪੇ ਆਗਿਆਕਾਰ ਬੱਚੇ ਨਹੀਂ ਸਗੋਂ ਜ਼ਿੰਮੇਵਾਰ ਵਿਅਕਤੀ ਚਾਹੁੰਦੇ ਹਨ।” ਅਖ਼ਬਾਰ ਦੀ ਇਕ ਸੁਰਖੀ ਇੰਜ ਕਹਿੰਦੀ ਹੈ। ਇਹ ਛੋਟੀ ਜਿਹੀ ਖ਼ਬਰ ਨਿਊਜ਼ੀਲੈਂਡ ਵਿਚ ਕੀਤੇ ਗਏ ਇਕ ਸਰਵੇਖਣ ਤੇ ਆਧਾਰਿਤ ਸੀ। ਇਸ ਸਰਵੇਖਣ ਤੋਂ ਇਹ ਪਤਾ ਚੱਲਿਆ ਕਿ ਸਿਰਫ਼ “22 ਪ੍ਰਤਿਸ਼ਤ ਲੋਕ ਸੋਚਦੇ ਹਨ ਕਿ ਬੱਚਿਆਂ ਨੂੰ ਆਗਿਆਕਾਰਤਾ ਘਰ ਤੋਂ ਸਿਖਾਈ ਜਾਣੀ ਚਾਹੀਦੀ ਹੈ।” ਸਰਵੇਖਣ ਤੋਂ ਇਹ ਵੀ ਪਤਾ ਲੱਗਾ ਕਿ ਅੱਜ ਮਾਪੇ ਇਹ ਮੰਨਦੇ ਹਨ ਕਿ ਬੱਚਿਆਂ ਨੂੰ ਅਜਿਹੀਆਂ ਗੱਲਾਂ ਜਿਵੇਂ ਚੰਗੀਆਂ ਆਦਤਾਂ, ਆਪਣੇ ਪੈਰਾਂ ਤੇ ਖੜ੍ਹੇ ਹੋਣਾ ਤੇ ਜ਼ਿੰਮੇਵਾਰ ਬਣਨਾ ਸਿਖਾਉਣਾ ਬਾਕੀ ਗੱਲਾਂ ਨਾਲੋਂ ਬੇਹੱਦ ਜ਼ਰੂਰੀ ਹੈ।

ਅੱਜ ਦੁਨੀਆਂ ਵਿਚ ਸੁਆਰਥ ਦੀ ਭਾਵਨਾ ਆਮ ਦੇਖੀ ਜਾ ਸਕਦੀ ਹੈ। ਫੇਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਜ਼ਿਆਦਾਤਰ ਲੋਕ ਨਾ ਤਾਂ ਖ਼ੁਦ ਆਗਿਆ ਮੰਨਣੀ ਜ਼ਰੂਰੀ ਸਮਝਦੇ ਹਨ ਤੇ ਨਾ ਹੀ ਆਪਣੇ ਬੱਚਿਆਂ ਨੂੰ ਮੰਨਣੀ ਸਿਖਾਉਣੀ ਜ਼ਰੂਰੀ ਸਮਝਦੇ ਹਨ। ਪਰ ਕੀ ਬਚਪਨ ਵਿਚ ਆਗਿਆਕਾਰਤਾ ਦਾ ਗੁਣ ਸਿਖਾਉਣਾ ਕੋਈ ਪੁਰਾਣੇ ਜ਼ਮਾਨੇ ਦੀ ਗੱਲ ਸਮਝਣੀ ਚਾਹੀਦੀ ਹੈ? ਜਾਂ ਕੀ ਇਹ ਇਕ ਅਹਿਮ ਸਬਕ ਹੈ ਜਿਸ ਨੂੰ ਸਿੱਖ ਕੇ ਬੱਚੇ ਫ਼ਾਇਦਾ ਉਠਾ ਸਕਦੇ ਹਨ? ਨਾਲੇ ਇਹ ਜਾਣਨਾ ਸਭ ਤੋਂ ਜ਼ਰੂਰੀ ਹੈ ਕਿ ਮਾਪਿਆਂ ਦੀ ਆਗਿਆ ਮੰਨਣ ਬਾਰੇ, ਪਰਿਵਾਰ ਦੀ ਸ਼ੁਰੂਆਤ ਕਰਨ ਵਾਲੇ ਯਹੋਵਾਹ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? ਇਸ ਤੋਂ ਇਲਾਵਾ, ਮਾਪਿਆਂ ਦੀ ਆਗਿਆ ਮੰਨਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?​—ਰਸੂਲਾਂ ਦੇ ਕਰਤੱਬ 17:28; ਅਫ਼ਸੀਆਂ 3:14, 15.

“ਇਹ ਧਰਮ ਦੀ ਗੱਲ ਹੈ”

ਪਹਿਲੀ ਸਦੀ ਵਿਚ ਅਫ਼ਸੁਸ ਸ਼ਹਿਰ ਦੀ ਮਸੀਹੀ ਕਲੀਸਿਯਾ ਨੂੰ ਪੌਲੁਸ ਰਸੂਲ ਨੇ ਲਿਖਿਆ: “ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ।” (ਅਫ਼ਸੀਆਂ 6:1) ਇਸ ਲਈ, ਮਾਪਿਆਂ ਦੀ ਆਗਿਆ ਮੰਨਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਸਹੀ ਹੈ। ਇਸੇ ਲਈ ਪੌਲੁਸ ਨੇ ਲਿਖਿਆ ਕਿ “ਇਹ ਧਰਮ ਦੀ ਗੱਲ ਹੈ।”

ਇਸ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਮਾਪਿਆਂ ਵੱਲੋਂ ਪਿਆਰ ਨਾਲ ਦਿੱਤੇ ਜਾਂਦੇ ਅਨੁਸ਼ਾਸਨ ਦੀ ਤੁਲਨਾ ਸੋਨੇ ਦੇ ਗਹਿਣੇ ਨਾਲ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਇਹ “ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾਂ” ਹੈ ਅਤੇ ‘ਪ੍ਰਭੁ ਨੂੰ ਇਹ ਗੱਲ ਮਨ ਭਾਉਣੀ’ ਲੱਗਦੀ ਹੈ। (ਕਹਾਉਤਾਂ 1:8, 9; ਕੁਲੁੱਸੀਆਂ 3:20) ਇਸ ਤੋਂ ਉਲਟ, ਮਾਪਿਆਂ ਦਾ ਕਹਿਣਾ ਨਾ ਮੰਨਣ ਵਾਲੇ ਬੱਚਿਆਂ ਨੂੰ ਪਰਮੇਸ਼ੁਰ ਮਨਜ਼ੂਰ ਨਹੀਂ ਕਰਦਾ।​—ਰੋਮੀਆਂ 1:30, 32.

“ਤੇਰਾ ਭਲਾ ਹੋਵੇ”

ਪੌਲੁਸ ਨੇ ਆਗਿਆ ਮੰਨਣ ਦੇ ਇਕ ਹੋਰ ਫ਼ਾਇਦੇ ਬਾਰੇ ਦੱਸਦੇ ਹੋਏ ਲਿਖਿਆ: “ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਇਹ ਵਾਇਦੇ ਨਾਲ ਪਹਿਲਾ ਹੁਕਮ ਹੈ।” (ਅਫ਼ਸੀਆਂ 6:2, 3; ਕੂਚ 20:12) ਜੇ ਇਕ ਬੱਚਾ ਆਪਣੇ ਮਾਪਿਆਂ ਦੀ ਆਗਿਆ ਮੰਨਦਾ ਹੈ, ਤਾਂ ਕਿਨ੍ਹਾਂ ਤਰੀਕਿਆਂ ਨਾਲ ਉਸ ਦਾ ਭਲਾ ਹੋ ਸਕਦਾ ਹੈ?

ਪਹਿਲੀ ਗੱਲ, ਕੀ ਇਹ ਗੱਲ ਸੱਚ ਨਹੀਂ ਕਿ ਮਾਪਿਆਂ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ? ਹਾਲਾਂਕਿ ਸ਼ਾਇਦ ਉਨ੍ਹਾਂ ਨੂੰ ਕੰਪਿਊਟਰਾਂ ਦੀ ਨਵੀਂ-ਨਵੀਂ ਜਾਣਕਾਰੀ ਜਾਂ ਸਕੂਲ ਵਿਚ ਪੜ੍ਹਾਏ ਜਾਂਦੇ ਕੁਝ ਵਿਸ਼ਿਆਂ ਦਾ ਐਨਾ ਗਿਆਨ ਨਾ ਹੋਵੇ, ਪਰ ਉਨ੍ਹਾਂ ਨੂੰ ਜ਼ਿੰਦਗੀ ਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਬਾਰੇ ਕਾਫ਼ੀ ਕੁਝ ਪਤਾ ਹੁੰਦਾ ਹੈ। ਦੂਜੇ ਪਾਸੇ, ਨੌਜਵਾਨਾਂ ਵਿਚ ਸੰਤੁਲਿਤ ਸੋਚ ਦੀ ਘਾਟ ਹੁੰਦੀ ਹੈ ਜੋ ਉਮਰ ਦੇ ਵਧਣ ਨਾਲ ਹੀ ਆਉਂਦੀ ਹੈ। ਇਸ ਲਈ, ਉਹ ਅਕਸਰ ਹਾਣੀਆਂ ਦੇ ਨੁਕਸਾਨਦੇਹ ਦਬਾਅ ਹੇਠ ਆ ਕੇ ਜਲਦਬਾਜ਼ੀ ਨਾਲ ਅਜਿਹੇ ਫ਼ੈਸਲੇ ਕਰ ਲੈਂਦੇ ਹਨ ਜਿਸ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਬਾਈਬਲ ਠੀਕ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” ਤਾਂ ਫੇਰ ਇਸ ਦਾ ਹੱਲ ਕੀ ਹੈ? “ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।”​—ਕਹਾਉਤਾਂ 22:15.

ਆਗਿਆਕਾਰਤਾ ਦੇ ਫ਼ਾਇਦੇ ਸਿਰਫ਼ ਮਾਪਿਆਂ ਤੇ ਬੱਚਿਆਂ ਨੂੰ ਹੀ ਨਹੀਂ, ਸਗੋਂ ਸਮਾਜ ਨੂੰ ਵੀ ਹੁੰਦੇ ਹਨ। ਸਮਾਜ ਨੂੰ ਜੇ ਚੰਗੇ ਤਰੀਕੇ ਨਾਲ ਚਲਾਉਣਾ ਤੇ ਅੱਗੇ ਵਧਾਉਣਾ ਹੈ, ਤਾਂ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਇਸ ਦੇ ਲਈ ਕੁਝ ਹੱਦ ਤਕ ਆਗਿਆਕਾਰਤਾ ਲੋੜੀਂਦੀ ਹੈ। ਮਿਸਾਲ ਵਜੋਂ, ਜਦੋਂ ਪਤੀ-ਪਤਨੀ ਇਕ-ਦੂਜੇ ਦੇ ਅਧਿਕਾਰਾਂ ਤੇ ਭਾਵਨਾਵਾਂ ਨੂੰ ਅਣਗੌਲਿਆਂ ਕਰਨ ਦੀ ਬਜਾਇ ਧਿਆਨ ਨਾਲ ਇਕ-ਦੂਜੇ ਦੀ ਗੱਲ ਸੁਣਨ ਤੇ ਮੰਨਣ ਲਈ ਤਿਆਰ ਰਹਿੰਦੇ ਹਨ, ਤਾਂ ਸ਼ਾਂਤੀ, ਚੰਗਾ ਮੇਲ-ਮਿਲਾਪ ਤੇ ਖ਼ੁਸ਼ੀ ਬਣੀ ਰਹਿੰਦੀ ਹੈ। ਉਸੇ ਤਰ੍ਹਾਂ ਕੰਮ ਦੀ ਥਾਂ ਤੇ ਕਰਮਚਾਰੀਆਂ ਨੂੰ ਆਪਣੇ ਮਾਲਕ ਅਧੀਨ ਰਹਿਣਾ ਚਾਹੀਦਾ ਹੈ, ਤਾਂ ਹੀ ਬਿਜ਼ਨਿਸ ਵੱਧ-ਫੁਲ ਸਕੇਗਾ। ਜਿੱਥੇ ਸਰਕਾਰੀ ਨਿਯਮਾਂ ਤੇ ਕਾਨੂੰਨਾਂ ਨੂੰ ਮੰਨਣ ਦੀ ਗੱਲ ਆਉਂਦੀ ਹੈ, ਉੱਥੇ ਆਗਿਆ ਮੰਨਣ ਨਾਲ ਨਾ ਸਿਰਫ਼ ਇਕ ਇਨਸਾਨ ਸਜ਼ਾ ਤੋਂ ਬਚਦਾ ਹੈ ਸਗੋਂ ਉਸ ਨੂੰ ਕੁਝ ਹੱਦ ਤਕ ਸੁਰੱਖਿਆ ਵੀ ਮਿਲਦੀ ਹੈ।​—ਰੋਮੀਆਂ 13:1-7; ਅਫ਼ਸੀਆਂ 5:21-25; 6:5-8.

ਜੋ ਨੌਜਵਾਨ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਉਹ ਅਕਸਰ ਸਮਾਜ ਦੀਆਂ ਨਜ਼ਰਾਂ ਵਿਚ ਡਿੱਗ ਜਾਂਦੇ ਹਨ। ਇਸ ਤੋਂ ਉਲਟ, ਬਚਪਨ ਵਿਚ ਆਗਿਆਕਾਰਤਾ ਦਾ ਸਬਕ ਸਿੱਖਣ ਨਾਲ ਇਕ ਵਿਅਕਤੀ ਨੂੰ ਸਾਰੀ ਜ਼ਿੰਦਗੀ ਫ਼ਾਇਦਾ ਹੋ ਸਕਦਾ ਹੈ। ਇਸ ਲਈ, ਬਚਪਨ ਵਿਚ ਇਹ ਸਬਕ ਸਿੱਖਣਾ ਕਿੰਨਾ ਫ਼ਾਇਦੇਮੰਦ ਹੈ!

ਆਗਿਆਕਾਰਤਾ ਦਾ ਸ਼ਾਨਦਾਰ ਇਨਾਮ

ਆਗਿਆਕਾਰਤਾ ਦੇ ਗੁਣ ਨਾਲ ਨਾ ਸਿਰਫ਼ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ, ਸਗੋਂ ਉਮਰ ਭਰ ਲਈ ਹੋਰ ਵੀ ਫ਼ਾਇਦੇ ਹੁੰਦੇ ਹਨ। ਇਸ ਨੀਂਹ ਉੱਤੇ ਹੀ ਸਭ ਤੋਂ ਜ਼ਰੂਰੀ ਰਿਸ਼ਤਾ, ਯਾਨੀ ਆਪਣੇ ਸਿਰਜਣਹਾਰ ਨਾਲ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ। ਕਿਉਂਕਿ ਯਹੋਵਾਹ ਪਰਮੇਸ਼ੁਰ “ਕਰਤਾਰ” ਹੋਣ ਦੇ ਨਾਲ-ਨਾਲ “ਜੀਉਣ ਦਾ ਚਸ਼ਮਾ” ਵੀ ਹੈ, ਇਸ ਲਈ ਉਹ ਸਾਡੀ ਆਗਿਆਕਾਰਤਾ ਦਾ ਹੱਕਦਾਰ ਹੈ।​—ਉਪਦੇਸ਼ਕ 12:1; ਜ਼ਬੂਰ 36:9.

ਲਫ਼ਜ਼ “ਆਗਿਆ” ਦਾ ਜ਼ਿਕਰ ਬਾਈਬਲ ਵਿਚ ਵੱਖੋ-ਵੱਖਰੇ ਰੂਪਾਂ ਵਿਚ ਕਈ ਵਾਰ ਆਉਂਦਾ ਹੈ। ਇਸ ਤੋਂ ਛੁੱਟ, ਪਰਮੇਸ਼ੁਰ ਦੇ ਬਚਨ ਵਿਚ ਸੈਂਕੜੇ ਕਾਨੂੰਨਾਂ, ਹੁਕਮਾਂ, ਆਦੇਸ਼ਾਂ, ਨਿਆਇਕ ਫ਼ੈਸਲਿਆਂ ਤੇ ਨਿਯਮਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਪਾਲਣਾ ਕਰਨ ਦੀ ਲੋੜ ਹੈ। ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਲਈ ਆਗਿਆਕਾਰ ਹੋਣਾ ਬੇਹੱਦ ਜ਼ਰੂਰੀ ਹੈ। ਜੀ ਹਾਂ, ਯਹੋਵਾਹ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਆਗਿਆਕਾਰਤਾ ਦਾ ਗੁਣ ਹੋਣਾ ਬੜਾ ਹੀ ਲਾਜ਼ਮੀ ਹੈ। (1 ਸਮੂਏਲ 15:22) ਪਰ ਦੁੱਖ ਦੀ ਗੱਲ ਹੈ ਕਿ ਇਨਸਾਨ ਆਪਣੇ ਸੁਭਾਅ ਕਰਕੇ ਆਗਿਆ ਮੰਨਣ ਵੱਲ ਨਹੀਂ, ਸਗੋਂ ਅਣਆਗਿਆਕਾਰੀ ਕਰਨ ਵੱਲ ਝੁੱਕਦਾ ਹੈ। ਬਾਈਬਲ ਕਹਿੰਦੀ ਹੈ: “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਇਸ ਲਈ, ਇਨਸਾਨ ਨੂੰ ਆਗਿਆਕਾਰਤਾ ਦਾ ਸਬਕ ਬਚਪਨ ਵਿਚ ਹੀ ਨਹੀਂ, ਸਗੋਂ ਉਮਰ ਭਰ ਸਿੱਖਣ ਦੀ ਲੋੜ ਹੈ। ਇੰਜ ਕਰਨ ਨਾਲ ਸ਼ਾਨਦਾਰ ਬਰਕਤਾਂ ਮਿਲਦੀਆਂ ਹਨ।

ਪੌਲੁਸ ਰਸੂਲ ਦੀ ਕਹੀ ਗੱਲ ਨੂੰ ਚੇਤੇ ਕਰੋ ਜਿਸ ਨੇ ਕਿਹਾ ਸੀ ਕਿ ਮਾਪਿਆਂ ਦੇ ਆਗਿਆਕਾਰੀ ਹੋਣ ਨਾਲ ਦੋ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਉਸ ਨੇ ਕਿਹਾ ਸੀ ਕਿ ਇੰਜ ਕਰਨ ਨਾਲ ‘ਤੇਰਾ ਭਲਾ ਹੋਵੇਗਾ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇਗੀ।’ ਇਸ ਵਾਅਦੇ ਦੀ ਪੁਸ਼ਟੀ ਕਹਾਉਤਾਂ 3:1, 2 ਵਿਚ ਪਾਈ ਜਾਂਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ।” ਇਸ ਤਰ੍ਹਾਂ, ਆਗਿਆਕਾਰੀ ਲੋਕਾਂ ਲਈ ਸ਼ਾਨਦਾਰ ਇਨਾਮ ਇਹ ਹੈ ਕਿ ਉਹ ਅੱਜ ਵੀ ਯਹੋਵਾਹ ਨਾਲ ਇਕ ਕਰੀਬੀ ਰਿਸ਼ਤਾ ਬਣਾ ਸਕਦੇ ਹਨ ਤੇ ਸ਼ਾਂਤਮਈ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕਦੇ ਹਨ।​—ਪਰਕਾਸ਼ ਦੀ ਪੋਥੀ 21:3, 4.

[ਸਫ਼ੇ 30, 31 ਉੱਤੇ ਤਸਵੀਰਾਂ]

ਆਗਿਆਕਾਰਤਾ ਨਾਲ ਪਰਿਵਾਰ ਵਿਚ, ਕੰਮ-ਕਾਰ ਦੀ ਥਾਂ ਤੇ ਅਤੇ ਯਹੋਵਾਹ ਨਾਲ ਇਕ ਵਧੀਆ ਰਿਸ਼ਤਾ ਬਣਦਾ ਹੈ