Skip to content

Skip to table of contents

ਕੀ ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ?

ਕੀ ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ?

ਕੀ ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ?

ਐਨਟੋਨਿਓ ਬੜਾ ਪਰੇਸ਼ਾਨ ਸੀ। ਉਸ ਦਾ ਜਿਗਰੀ ਦੋਸਤ ਲਿਓਨਾਰਡੋ ਅਚਾਨਕ ਹੀ ਬਿਨਾਂ ਕਿਸੇ ਕਾਰਨ ਉਸ ਨਾਲ ਰੁੱਖਾ ਸਲੂਕ ਕਰਨ ਲੱਗ ਪਿਆ। * ਜਦੋਂ ਵੀ ਐਨਟੋਨਿਓ ਆਪਣੇ ਦੋਸਤ ਨੂੰ ਹੈਲੋ ਕਰਦਾ ਸੀ, ਅੱਗੋਂ ਉਸ ਦਾ ਦੋਸਤ ਕੋਈ ਜਵਾਬ ਨਹੀਂ ਦਿੰਦਾ ਸੀ। ਇਕ-ਦੂਜੇ ਨੂੰ ਮਿਲਣ ਤੇ ਇੰਜ ਲੱਗਦਾ ਸੀ ਜਿਵੇਂ ਉਨ੍ਹਾਂ ਵਿਚਕਾਰ ਕੋਈ ਦੀਵਾਰ ਖੜ੍ਹੀ ਹੋ ਗਈ ਹੋਵੇ। ਐਨਟੋਨਿਓ ਨੂੰ ਡਰ ਸੀ ਕਿ ਉਸ ਨੇ ਜ਼ਰੂਰ ਕੁਝ ਅਜਿਹਾ ਕੀਤਾ ਹੋਣਾ ਜਾਂ ਕਿਹਾ ਹੋਣਾ ਜਿਸ ਕਰਕੇ ਉਸ ਦੇ ਦੋਸਤ ਨੂੰ ਗ਼ਲਤਫ਼ਹਿਮੀ ਹੋ ਗਈ ਹੈ। ਪਰ ਕਿਹੜੀ ਗ਼ਲਤਫ਼ਹਿਮੀ?

ਗ਼ਲਤਫ਼ਹਿਮੀ ਕਿਸੇ ਨੂੰ ਵੀ ਹੋ ਸਕਦੀ ਹੈ। ਕਈ ਗ਼ਲਤਫ਼ਹਿਮੀਆਂ ਛੋਟੀਆਂ-ਛੋਟੀਆਂ ਹੁੰਦੀਆਂ ਹਨ ਜੋ ਆਸਾਨੀ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ। ਪਰ ਜਦੋਂ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਦੇ ਸਾਰੇ ਜਤਨ ਬੇਕਾਰ ਸਾਬਤ ਹੁੰਦੇ ਹਨ, ਤਾਂ ਇਹ ਨਿਰਾਸ਼ਾ ਦਾ ਕਾਰਨ ਬਣ ਸਕਦੀਆਂ ਹਨ। ਗ਼ਲਤਫ਼ਹਿਮੀਆਂ ਕਿਉਂ ਹੁੰਦੀਆਂ ਹਨ? ਗ਼ਲਤਫ਼ਹਿਮੀਆਂ ਦੇ ਸ਼ਿਕਾਰ ਲੋਕਾਂ ਉੱਤੇ ਇਨ੍ਹਾਂ ਦਾ ਕੀ ਅਸਰ ਪੈਂਦਾ ਹੈ? ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਦੂਜਿਆਂ ਨੂੰ ਤੁਹਾਡੇ ਬਾਰੇ ਕੋਈ ਗ਼ਲਤਫ਼ਹਿਮੀ ਹੋ ਜਾਂਦੀ ਹੈ? ਅਸਲ ਵਿਚ, ਕੀ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ?

ਗ਼ਲਤਫ਼ਹਿਮੀ ਤੋਂ ਬਚਣਾ ਮੁਸ਼ਕਲ ਹੈ

ਕਿਉਂਕਿ ਦੂਜੇ ਲੋਕ ਸਾਡੇ ਖ਼ਿਆਲਾਂ ਤੇ ਇਰਾਦਿਆਂ ਨੂੰ ਨਹੀਂ ਜਾਣ ਸਕਦੇ, ਇਸ ਲਈ ਕਦੀ ਨਾ ਕਦੀ ਕੋਈ ਵੀ ਇਨਸਾਨ ਸਾਡੀਆਂ ਗੱਲਾਂ ਜਾਂ ਸਾਡੇ ਕੰਮਾਂ ਦਾ ਗ਼ਲਤ ਮਤਲਬ ਕੱਢ ਸਕਦਾ ਹੈ। ਕਈ ਕਾਰਨਾਂ ਕਰਕੇ ਗ਼ਲਤਫ਼ਹਿਮੀਆਂ ਹੋ ਸਕਦੀਆਂ ਹਨ। ਕਈ ਵਾਰ ਅਸੀਂ ਆਪਣੇ ਵਿਚਾਰ ਸਹੀ-ਸਹੀ ਤੇ ਚੰਗੇ ਤਰੀਕੇ ਨਾਲ ਨਹੀਂ ਕਹਿ ਪਾਉਂਦੇ। ਸ਼ੋਰ-ਸ਼ਰਾਬਾ ਤੇ ਦੂਜੀਆਂ ਧਿਆਨ ਭੰਗ ਕਰਨ ਵਾਲੀਆਂ ਗੱਲਾਂ ਦੂਜਿਆਂ ਨੂੰ ਸਾਡੀ ਗੱਲ ਚੰਗੀ ਤਰ੍ਹਾਂ ਸੁਣਨ ਵਿਚ ਮੁਸ਼ਕਲ ਪੈਦਾ ਕਰ ਸਕਦੀਆਂ ਹਨ।

ਕੁਝ ਤੌਰ-ਤਰੀਕੇ ਵੀ ਗ਼ਲਤਫ਼ਹਿਮੀ ਦਾ ਕਾਰਨ ਹੋ ਸਕਦੇ ਹਨ। ਮਿਸਾਲ ਵਜੋਂ, ਇਕ ਸ਼ਰਮੀਲੇ ਵਿਅਕਤੀ ਨੂੰ ਉਸ ਦੇ ਰਵੱਈਏ ਤੋਂ ਗ਼ਲਤ ਸਮਝਿਆ ਜਾ ਸਕਦਾ ਹੈ ਕਿ ਉਹ ਰੁੱਖਾ ਹੈ, ਪਰੇ-ਪਰੇ ਰਹਿੰਦਾ ਹੈ ਜਾਂ ਘਮੰਡੀ ਹੈ। ਕੁਝ ਹਾਲਾਤਾਂ ਵਿਚ ਲੋਕ ਸ਼ਾਇਦ ਆਪਣੇ ਪੁਰਾਣੇ ਤਜਰਬਿਆਂ ਕਾਰਨ ਸੋਚ-ਸਮਝ ਕੇ ਕੰਮ ਕਰਨ ਦੀ ਬਜਾਇ ਜਜ਼ਬਾਤੀ ਹੋ ਜਾਂਦੇ ਹਨ। ਸਭਿਆਚਾਰ ਤੇ ਭਾਸ਼ਾ ਵੱਖਰੀ ਹੋਣ ਕਰਕੇ ਵੀ ਲੋਕਾਂ ਨੂੰ ਗ਼ਲਤਫ਼ਹਿਮੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਗ਼ਲਤ ਰਿਪੋਰਟਾਂ ਤੇ ਗੱਪਸ਼ੱਪ ਕਾਰਨ ਵੀ ਗ਼ਲਤਫ਼ਹਿਮੀ ਹੋ ਸਕਦੀ ਹੈ। ਇਸ ਲਈ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਜੋ ਗੱਲਾਂ ਕਹੀਆਂ ਸਨ ਜਾਂ ਜੋ ਕੰਮ ਕੀਤੇ ਸਨ, ਉਨ੍ਹਾਂ ਦਾ ਹੁਣ ਕੁਝ ਹੋਰ ਦਾ ਹੋਰ ਹੀ ਬਣ ਕੇ ਸਾਡੇ ਕੋਲ ਆ ਪਹੁੰਚਿਆ ਹੈ। ਯਕੀਨਨ, ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ ਜੋ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਇਰਾਦਿਆਂ ਨੂੰ ਗ਼ਲਤ ਸਮਝਿਆ ਗਿਆ ਹੈ।

ਮਿਸਾਲ ਵਜੋਂ, ਜਦੋਂ ਆਨਾ ਦੀ ਸਹੇਲੀ ਗ਼ੈਰ-ਹਾਜ਼ਰ ਸੀ, ਤਾਂ ਆਨਾ ਨੇ ਭੋਲੇਪਨ ਵਿਚ ਆਪਣੀ ਸਹੇਲੀ ਬਾਰੇ ਕਹਿ ਦਿੱਤਾ ਕਿ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ। ਦੂਜਿਆਂ ਨੇ ਉਸ ਦੀ ਇਸ ਗੱਲ ਨੂੰ ਮਿਰਚ-ਮਸਾਲਾ ਲਾ ਕੇ ਪੇਸ਼ ਕੀਤਾ। ਆਨਾ ਉਦੋਂ ਹੱਕੀ-ਬੱਕੀ ਰਹਿ ਗਈ ਜਦੋਂ ਉਸ ਦੀ ਸਹੇਲੀ ਨੇ ਕਈ ਲੋਕਾਂ ਸਾਮ੍ਹਣੇ ਗੁੱਸੇ ਵਿਚ ਆ ਕੇ ਉਸ ਉੱਤੇ ਦੋਸ਼ ਲਾਇਆ ਕਿ ਉਹ ਉਸ ਨਾਲ ਖਾਰ ਖਾਂਦੀ ਹੈ ਕਿਉਂਕਿ ਫਲਾਨਾ ਆਦਮੀ ਉਸ ਨੂੰ ਬੜਾ ਪਸੰਦ ਕਰਦਾ ਹੈ। ਆਨਾ ਦੀ ਗੱਲ ਨੂੰ ਚੰਗੀ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ ਤੇ ਉਸ ਨੇ ਆਪਣੀ ਸਹੇਲੀ ਨੂੰ ਇਹ ਯਕੀਨ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਇਸ ਨਾਲ ਆਨਾ ਬਹੁਤ ਦੁਖੀ ਹੋਈ। ਇਸ ਗ਼ਲਤਫ਼ਹਿਮੀ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ ਆਨਾ ਨੂੰ ਬਹੁਤ ਸਮਾਂ ਲੱਗਾ।

ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਤੁਹਾਡੀਆਂ ਗੱਲਾਂ ਦਾ ਕੀ ਮਤਲਬ ਕੱਢਦੇ ਹਨ। ਇਸ ਲਈ, ਜਦੋਂ ਲੋਕ ਤੁਹਾਡੀਆਂ ਗੱਲਾਂ ਦਾ ਗ਼ਲਤ ਮਤਲਬ ਕੱਢਦੇ ਹਨ, ਤਾਂ ਤੁਹਾਡੇ ਲਈ ਬੁਰਾ ਮਨਾਉਣਾ ਸੁਭਾਵਕ ਹੈ। ਤੁਸੀਂ ਸ਼ਾਇਦ ਗੁੱਸੇ ਨਾਲ ਭਰ ਜਾਓ ਤੇ ਸੋਚੋ ਕਿ ਪਤਾ ਨਹੀਂ ਕਿਉਂ ਕਿਸੇ ਨੇ ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ। ਅਜਿਹੀਆਂ ਗੱਲਾਂ ਤੁਹਾਨੂੰ ਪੱਖਪਾਤੀ, ਆਲੋਚਨਾਤਮਕ ਜਾਂ ਸਰਾਸਰ ਗ਼ਲਤ ਲੱਗਦੀਆਂ ਹਨ। ਇਹ ਤੁਹਾਨੂੰ ਡੂੰਘੀ ਚੋਟ ਪਹੁੰਚਾ ਸਕਦੀਆਂ ਹਨ—ਖ਼ਾਸਕਰ ਉਦੋਂ ਜਦੋਂ ਉਹ ਲੋਕ ਤੁਹਾਨੂੰ ਗ਼ਲਤ ਸਮਝਦੇ ਹਨ ਜਿਨ੍ਹਾਂ ਦੇ ਵਿਚਾਰਾਂ ਦੀ ਤੁਸੀਂ ਕਦਰ ਕਰਦੇ ਹੋ।

ਤੁਹਾਨੂੰ ਸ਼ਾਇਦ ਲੋਕਾਂ ਉੱਤੇ ਖਿਝ ਆਵੇ ਕਿ ਉਹ ਤੁਹਾਡੇ ਬਾਰੇ ਗ਼ਲਤ ਰਾਇ ਕਾਇਮ ਕਰਦੇ ਹਨ, ਪਰ ਚੰਗੀ ਗੱਲ ਹੈ ਜੇ ਤਾਂ ਵੀ ਤੁਸੀਂ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰੋ। ਇਕ ਮਸੀਹੀ ਲਈ ਇਹ ਚੰਗੀ ਗੱਲ ਨਹੀਂ ਹੈ ਕਿ ਉਹ ਦੂਜਿਆਂ ਦੇ ਵਿਚਾਰਾਂ ਦਾ ਅਨਾਦਰ ਕਰੇ, ਕਿਉਂਕਿ ਅਸੀਂ ਕਦੀ ਨਹੀਂ ਚਾਹਾਂਗੇ ਕਿ ਸਾਡੀਆਂ ਗੱਲਾਂ ਅਤੇ ਕੰਮਾਂ ਦਾ ਦੂਜੇ ਲੋਕਾਂ ਉੱਤੇ ਬੁਰਾ ਅਸਰ ਪਵੇ। (ਮੱਤੀ 7:12; 1 ਕੁਰਿੰਥੀਆਂ 8:12) ਇਸ ਲਈ, ਸਮੇਂ-ਸਮੇਂ ਤੇ ਸ਼ਾਇਦ ਤੁਹਾਨੂੰ ਲੋੜ ਪਵੇ ਕਿ ਤੁਸੀਂ ਆਪਣੇ ਬਾਰੇ ਕਿਸੇ ਦੀ ਗ਼ਲਤ ਰਾਇ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਪਰ ਹਰ ਵੇਲੇ ਇਹੀ ਸੋਚੀ ਜਾਣਾ ਨੁਕਸਾਨਦੇਹ ਹੋ ਸਕਦਾ ਹੈ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ ਕਿਉਂਕਿ ਇਸ ਨਾਲ ਤੁਸੀਂ ਆਪਣਾ ਆਤਮ-ਸਨਮਾਨ ਗੁਆ ਸਕਦੇ ਹੋ ਜਾਂ ਤੁਹਾਡੇ ਅੰਦਰ ਹੀਣ-ਭਾਵਨਾ ਆ ਸਕਦੀ ਹੈ। ਆਖ਼ਰ, ਤੁਹਾਡੀ ਅਸਲੀ ਅਹਿਮੀਅਤ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ।

ਦੂਜੇ ਪਾਸੇ, ਤੁਹਾਨੂੰ ਸ਼ਾਇਦ ਪਤਾ ਲੱਗੇ ਕਿ ਤੁਹਾਡੇ ਬਾਰੇ ਕੀਤੀ ਗਈ ਆਲੋਚਨਾ ਬਿਲਕੁਲ ਸਹੀ ਹੈ। ਇਹ ਵੀ ਗੱਲ ਤੁਹਾਨੂੰ ਠੇਸ ਪਹੁੰਚਾ ਸਕਦੀ ਹੈ, ਪਰ ਜੇ ਤੁਸੀਂ ਖ਼ੁਸ਼ੀ ਤੇ ਈਮਾਨਦਾਰੀ ਨਾਲ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰ ਲੈਂਦੇ ਹੋ, ਤਾਂ ਅਜਿਹੇ ਤਜਰਬੇ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੇ ਹਨ ਤੇ ਤੁਹਾਨੂੰ ਆਪਣੇ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਉਕਸਾ ਸਕਦੇ ਹਨ।

ਬੁਰੇ ਨਤੀਜੇ

ਗ਼ਲਤਫ਼ਹਿਮੀਆਂ ਦੇ ਜਾਂ ਤਾਂ ਗੰਭੀਰ ਨਤੀਜੇ ਨਿਕਲ ਸਕਦੇ ਹਨ ਜਾਂ ਨਹੀਂ ਵੀ ਨਿਕਲ ਸਕਦੇ। ਮਿਸਾਲ ਵਜੋਂ, ਜੇ ਤੁਸੀਂ ਹੋਟਲ ਵਿਚ ਕਿਸੇ ਆਦਮੀ ਨੂੰ ਉੱਚੀ-ਉੱਚੀ ਗੱਲਾਂ ਕਰਦੇ ਸੁਣਦੇ ਹੋ, ਤਾਂ ਸ਼ਾਇਦ ਤੁਸੀਂ ਇਹ ਸਿੱਟਾ ਕੱਢੋ ਕਿ ਉਹ ਬੰਦਾ ਜਾਂ ਤਾਂ ਮਿਲਣਸਾਰ ਹੈ ਜਾਂ ਫਿਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇੰਜ ਕਰ ਰਿਹਾ ਹੈ। ਤੁਸੀਂ ਸ਼ਾਇਦ ਗ਼ਲਤ ਸੋਚਿਆ ਹੋਵੋ। ਕਿਉਂਕਿ ਹੋ ਸਕਦਾ ਕਿ ਜਿਸ ਆਦਮੀ ਨਾਲ ਉਹ ਗੱਲ ਕਰ ਰਿਹਾ ਹੈ ਉਸ ਨੂੰ ਉੱਚਾ ਸੁਣਦਾ ਹੋਵੇ। ਜਾਂ ਸ਼ਾਇਦ ਕਿਸੇ ਦੁਕਾਨ ਵਿਚ ਕੰਮ ਕਰਨ ਵਾਲੀ ਤੀਵੀਂ ਤੁਹਾਡੇ ਨਾਲ ਬੜੇ ਰੁੱਖੇ ਤਰੀਕੇ ਨਾਲ ਪੇਸ਼ ਆਉਂਦੀ ਹੈ, ਪਰ ਹੋ ਸਕਦਾ ਹੈ ਉਸ ਦੀ ਤਬੀਅਤ ਠੀਕ ਨਾ ਹੋਵੇ ਜਿਸ ਕਰਕੇ ਉਹ ਇੰਜ ਕਰ ਰਹੀ ਹੈ। ਹਾਲਾਂਕਿ ਅਜਿਹੀਆਂ ਗ਼ਲਤਫ਼ਹਿਮੀਆਂ ਦਾ ਬੁਰਾ ਅਸਰ ਪੈ ਸਕਦਾ ਹੈ, ਪਰ ਇਨ੍ਹਾਂ ਦੇ ਨਤੀਜੇ ਗੰਭੀਰ ਨਹੀਂ ਨਿਕਲਦੇ ਜਾਂ ਉਨ੍ਹਾਂ ਦਾ ਅਸਰ ਹਮੇਸ਼ਾ ਤਕ ਕਾਇਮ ਨਹੀਂ ਰਹਿੰਦਾ। ਪਰ ਕਈ ਵਾਰੀ ਗ਼ਲਤਫ਼ਹਿਮੀਆਂ ਤਬਾਹੀ ਵੀ ਲਿਆ ਸਕਦੀਆਂ ਹਨ। ਪੁਰਾਣੇ ਇਸਰਾਏਲੀ ਇਤਿਹਾਸ ਵਿਚ ਵਾਪਰੀਆਂ ਇਨ੍ਹਾਂ ਦੋ ਘਟਨਾਵਾਂ ਤੇ ਗੌਰ ਕਰੋ।

ਜਦੋਂ ਅੰਮੋਨ ਦਾ ਰਾਜਾ, ਨਾਹਾਸ਼ ਮਰ ਗਿਆ, ਤਾਂ ਦਾਊਦ ਨੇ ਉਸ ਦੇ ਪੁੱਤਰ ਹਾਨੂਨ, ਜੋ ਆਪਣੇ ਪਿਤਾ ਦੀ ਥਾਂ ਸਿੰਘਾਸਣ ਉੱਤੇ ਬੈਠਾ ਸੀ, ਨੂੰ ਹੌਸਲਾ ਦੇਣ ਲਈ ਆਪਣੇ ਹਲਕਾਰੇ ਘੱਲੇ। ਪਰ ਹਲਕਾਰਿਆਂ ਦੇ ਉੱਥੇ ਜਾਣ ਤੇ ਅੰਮੋਨ ਦੇ ਲੋਕਾਂ ਨੂੰ ਗ਼ਲਤਫ਼ਹਿਮੀ ਹੋ ਗਈ ਕਿ ਉਹ ਦੁਸ਼ਮਣ ਹਨ ਤੇ ਅੰਮੋਨ ਦੇਸ਼ ਦਾ ਭੇਤ ਲੈਣ ਆਏ ਹਨ। ਇਸ ਕਰਕੇ ਹਾਨੂਨ ਨੇ ਪਹਿਲਾਂ ਤਾਂ ਉਨ੍ਹਾਂ ਹਲਕਾਰਿਆਂ ਨੂੰ ਬੇਇੱਜ਼ਤ ਕੀਤਾ ਤੇ ਫਿਰ ਇਸਰਾਏਲ ਨਾਲ ਲੜਾਈ ਕੀਤੀ। ਨਤੀਜੇ ਵਜੋਂ, ਘੱਟੋ-ਘੱਟ 47,000 ਲੋਕ ਮਾਰੇ ਗਏ। ਇਹ ਸਭ ਕੁਝ ਇਕ ਗ਼ਲਤਫ਼ਹਿਮੀ ਕਰਕੇ ਹੋਇਆ ਜਦ ਕਿ ਹਲਕਾਰਿਆਂ ਦੇ ਇਰਾਦੇ ਨੇਕ ਸਨ।​—1 ਇਤਹਾਸ 19:1-19.

ਇਸਰਾਏਲ ਦੇ ਮੁਢਲੇ ਇਤਿਹਾਸ ਵਿਚ ਇਕ ਹੋਰ ਗ਼ਲਤਫ਼ਹਿਮੀ ਨੂੰ ਵੱਖਰੇ ਹੀ ਢੰਗ ਨਾਲ ਦੂਰ ਕੀਤਾ ਗਿਆ। ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਯਰਦਨ ਨਦੀ ਕੋਲ ਇਕ ਬਹੁਤ ਵੱਡੀ ਜਗਵੇਦੀ ਬਣਾਈ। ਬਾਕੀ ਇਸਰਾਏਲੀਆਂ ਨੇ ਸਮਝਿਆ ਕਿ ਉਨ੍ਹਾਂ ਨੇ ਯਹੋਵਾਹ ਨਾਲ ਬੇਵਫ਼ਾਈ ਕਰ ਕੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਇਸ ਲਈ ਉਹ ਲੜਾਈ ਕਰਨ ਲਈ ਇਕੱਠੇ ਹੋਏ। ਪਰ ਕੋਈ ਵੀ ਸਖ਼ਤ ਕਦਮ ਚੁੱਕਣ ਤੋਂ ਪਹਿਲਾਂ, ਦੂਜੇ ਇਸਰਾਏਲੀਆਂ ਨੇ ਉਨ੍ਹਾਂ ਤਿੰਨਾਂ ਗੋਤਾਂ ਦੀ ਬਗਾਵਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਉਣ ਲਈ ਦੂਤ ਭੇਜੇ। ਦੂਤ ਭੇਜ ਕੇ ਉਨ੍ਹਾਂ ਨੇ ਬੜੀ ਸਮਝਦਾਰੀ ਦਿਖਾਈ ਕਿਉਂਕਿ ਜਗਵੇਦੀ ਬਣਾਉਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਜਗਵੇਦੀ ਸ਼ੁੱਧ ਭਗਤੀ ਤੋਂ ਮੁੜਨ ਦੇ ਇਰਾਦੇ ਨਾਲ ਨਹੀਂ ਬਣਾਈ। ਇਸ ਦੀ ਬਜਾਇ, ਉਨ੍ਹਾਂ ਨੇ ਇਹ ਵੇਦੀ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਦੀ ਯਾਦਗਾਰ ਵਜੋਂ ਬਣਾਈ ਸੀ। ਜੇ ਇਸ ਗ਼ਲਤਫ਼ਹਿਮੀ ਨੂੰ ਦੂਰ ਨਾ ਕੀਤਾ ਜਾਂਦਾ, ਤਾਂ ਖ਼ੂਨ ਦੀਆਂ ਨਦੀਆਂ ਵਹਿ ਸਕਦੀਆਂ ਸਨ, ਪਰ ਅਕਲ ਤੋਂ ਕੰਮ ਲੈਣ ਨਾਲ ਅਜਿਹੇ ਦੁਖਦਾਈ ਸਿੱਟੇ ਨਿਕਲਣ ਤੋਂ ਟਲ ਗਏ।​—ਯਹੋਸ਼ੁਆ 22:10-34.

ਮਸਲਿਆਂ ਨੂੰ ਪਿਆਰ ਨਾਲ ਨਜਿੱਠੋ

ਇਨ੍ਹਾਂ ਦੋਹਾਂ ਬਿਰਤਾਂਤਾਂ ਦੀ ਤੁਲਨਾ ਕਰਨ ਤੇ ਸਾਨੂੰ ਸਬਕ ਮਿਲਦਾ ਹੈ। ਇਹ ਗੱਲ ਸਾਫ਼ ਹੈ ਕਿ ਮਸਲੇ ਨੂੰ ਹੱਲ ਕਰ ਲੈਣਾ ਹੀ ਅਕਲਮੰਦੀ ਦੀ ਗੱਲ ਹੈ। ਕੌਣ ਜਾਣਦਾ ਹੈ ਕਿ ਦੂਜੀ ਘਟਨਾ ਵਿਚ ਕਿੰਨੀਆਂ ਜਾਨਾਂ ਬਚ ਗਈਆਂ ਸਨ, ਸਿਰਫ਼ ਇਸ ਕਰਕੇ ਕਿਉਂਕਿ ਦੋਹਾਂ ਧਿਰਾਂ ਨੇ ਆਪਸ ਵਿਚ ਗੱਲਬਾਤ ਕੀਤੀ ਸੀ? ਕਈ ਵਾਰੀ ਜਾਨਾਂ ਤਾਂ ਖ਼ਤਰੇ ਵਿਚ ਨਹੀਂ ਹੁੰਦੀਆਂ ਜਦੋਂ ਤੁਸੀਂ ਕਿਸੇ ਦੇ ਅਸਲੀ ਮਨੋਰਥਾਂ ਨੂੰ ਨਹੀਂ ਸਮਝ ਪਾਉਂਦੇ, ਪਰ ਉਸ ਵੇਲੇ ਸ਼ਾਇਦ ਤੁਹਾਡੀ ਦੋਸਤੀ ਖ਼ਤਰੇ ਵਿਚ ਹੋਵੇ। ਇਸ ਲਈ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਇਆ ਹੈ, ਤਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਉਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਹੋ ਜਾਂ ਕੀ ਤੁਹਾਨੂੰ ਹੀ ਸਮਝਣ ਵਿਚ ਕੋਈ ਗ਼ਲਤੀ ਲੱਗੀ ਹੈ? ਦੂਜੇ ਵਿਅਕਤੀ ਦੇ ਕੀ ਮਨੋਰਥ ਸਨ? ਉਸੇ ਨੂੰ ਪੁੱਛੋ। ਕੀ ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ? ਇਸ ਬਾਰੇ ਉਸ ਨਾਲ ਗੱਲ ਕਰੋ। ਘਮੰਡ ਨੂੰ ਇਸ ਵਿਚ ਅੜਿੱਕਾ ਨਾ ਬਣਨ ਦਿਓ।

ਯਿਸੂ ਨੇ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਲਈ ਇਹ ਸ਼ਾਨਦਾਰ ਪ੍ਰੇਰਣਾ ਦਿੱਤੀ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” (ਮੱਤੀ 5:23, 24) ਇਸ ਲਈ, ਚੰਗਾ ਇਹੀ ਹੈ ਕਿ ਤੁਸੀਂ ਇਕੱਲੇ ਹੀ ਉਸ ਵਿਅਕਤੀ ਨਾਲ ਗੱਲ ਕਰੋ ਤੇ ਦੂਜਿਆਂ ਨੂੰ ਇਸ ਗੱਲ ਵਿਚ ਪਾਓ ਹੀ ਨਾ। ਜੇ ਤੁਹਾਡੇ ਪੁੱਛਣ ਤੋਂ ਪਹਿਲਾਂ ਠੇਸ ਪਹੁੰਚਾਉਣ ਵਾਲਾ ਵਿਅਕਤੀ ਤੁਹਾਡੇ ਗਿਲੇ-ਸ਼ਿਕਵਿਆਂ ਬਾਰੇ ਕਿਸੇ ਹੋਰ ਕੋਲੋਂ ਸੁਣਦਾ ਹੈ, ਤਾਂ ਗੱਲ ਹੋਰ ਵਿਗੜ ਜਾਵੇਗੀ। (ਕਹਾਉਤਾਂ 17:9) ਤੁਹਾਡਾ ਮਕਸਦ ਪਿਆਰ ਨਾਲ ਸ਼ਾਂਤੀ ਕਾਇਮ ਕਰਨਾ ਹੋਣਾ ਚਾਹੀਦਾ ਹੈ। ਦੋਸ਼ ਲਗਾਉਣ ਦੀ ਬਜਾਇ ਆਪਣੇ ਇਨ੍ਹਾਂ ਗਿਲੇ-ਸ਼ਿਕਵਿਆਂ ਨੂੰ ਸ਼ਾਂਤੀ ਨਾਲ ਸਾਫ਼-ਸਾਫ਼ ਤੇ ਸੌਖੇ ਸ਼ਬਦਾਂ ਵਿਚ ਬਿਆਨ ਕਰੋ। ਉਸ ਨੂੰ ਦੱਸੋ ਕਿ ਤੁਹਾਡੇ ਉੱਤੇ ਕੀ ਬੀਤ ਰਹੀ ਹੈ। ਫਿਰ ਸਾਫ਼ ਮਨ ਨਾਲ ਉਸ ਵਿਅਕਤੀ ਦੀ ਗੱਲ ਸੁਣੋ। ਜਲਦਬਾਜ਼ੀ ਵਿਚ ਉਸ ਵਿਅਕਤੀ ਦੇ ਇਰਾਦਿਆਂ ਦਾ ਗ਼ਲਤ ਮਤਲਬ ਨਾ ਕੱਢੋ। ਇਹ ਭਰੋਸਾ ਕਰਨ ਲਈ ਤਿਆਰ ਰਹੋ ਕਿ ਤੁਹਾਡੇ ਬਾਰੇ ਦੂਜੇ ਵਿਅਕਤੀ ਦੇ ਇਰਾਦੇ ਨੇਕ ਹਨ। ਯਾਦ ਰੱਖੋ ਕਿ ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ।​—1 ਕੁਰਿੰਥੀਆਂ 13:7.

ਹਾਲਾਂਕਿ ਕਈ ਵਾਰ ਗ਼ਲਤਫ਼ਹਿਮੀਆਂ ਤਾਂ ਦੂਰ ਹੋ ਜਾਂਦੀਆਂ ਹਨ, ਪਰ ਠੇਸ ਲੱਗਣ ਨਾਲ ਹੋਏ ਜ਼ਖ਼ਮ ਆਸਾਨੀ ਨਾਲ ਨਹੀਂ ਭਰਦੇ ਅਤੇ ਉਨ੍ਹਾਂ ਦੇ ਦਰਦ ਨੂੰ ਸਹਿਣਾ ਹੀ ਪੈਂਦਾ ਹੈ। ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਜਿੱਥੇ ਵੀ ਜ਼ਰੂਰੀ ਹੋਵੇ, ਦਿਲੋਂ ਮਾਫ਼ੀ ਮੰਗ ਲੈਣੀ ਹੀ ਠੀਕ ਹੈ ਤੇ ਨਾਲ ਹੀ ਕੋਈ ਢੁਕਵਾਂ ਕਦਮ ਵੀ ਚੁੱਕਣਾ ਚਾਹੀਦਾ ਹੈ ਜਿਸ ਨਾਲ ਮਸਲੇ ਨੂੰ ਹੱਲ ਕੀਤਾ ਜਾ ਸਕੇ। ਅਜਿਹੀਆਂ ਸਾਰੀਆਂ ਹਾਲਤਾਂ ਵਿਚ, ਗ਼ਲਤਫ਼ਹਿਮੀ ਦੇ ਸ਼ਿਕਾਰ ਵਿਅਕਤੀ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਪ੍ਰੇਰਿਤ ਸਲਾਹ ਨੂੰ ਮੰਨੇ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”​—ਕੁਲੁੱਸੀਆਂ 3:13, 14; 1 ਪਤਰਸ 4:8.

ਜਦੋਂ ਤਕ ਅਸੀਂ ਨਾਮੁਕੰਮਲ ਹਾਂ, ਤਦ ਤਕ ਗ਼ਲਤਫ਼ਹਿਮੀਆਂ ਹੁੰਦੀਆਂ ਰਹਿਣਗੀਆਂ ਤੇ ਸਾਡੇ ਜਜ਼ਬਾਤਾਂ ਨੂੰ ਠੇਸ ਲੱਗਦੀ ਰਹੇਗੀ। ਕੋਈ ਵੀ ਇਨਸਾਨ ਗ਼ਲਤੀ ਕਰ ਸਕਦਾ ਹੈ ਜਾਂ ਇੱਦਾਂ ਦੀ ਗੱਲ ਕਹਿ ਸਕਦਾ ਹੈ ਜੋ ਕਠੋਰ ਜਾਂ ਰੁੱਖੀ ਲੱਗੇ। ਬਾਈਬਲ ਕਹਿੰਦੀ ਹੈ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” (ਯਾਕੂਬ 3:2) ਯਹੋਵਾਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ, ਇਸੇ ਕਰਕੇ ਤਾਂ ਉਸ ਨੇ ਸਾਨੂੰ ਇਹ ਹਿਦਾਇਤਾਂ ਦਿੱਤੀਆਂ ਹਨ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ। ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ, ਮਤੇ ਤੂੰ ਆਪਣੇ ਟਹਿਲੀਏ ਨੂੰ ਤੈਨੂੰ ਫਿਟਕਾਰਦਿਆਂ ਸੁਣੇਂ! ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈਂ, ਜੋ ਮੈਂ ਕਈ ਵਾਰੀ ਇਸੇ ਤਰਾਂ ਹੋਰਨਾਂ ਨੂੰ ਫਿਟਕਾਰਿਆ ਹੈ!”​—ਉਪਦੇਸ਼ਕ ਦੀ ਪੋਥੀ 7:9, 21, 22.

“ਯਹੋਵਾਹ ਘਟ ਘਟ ਨੂੰ ਜਾਚਦਾ ਹੈ”

ਉਦੋਂ ਕੀ ਜਦੋਂ ਤੁਹਾਡੇ ਬਾਰੇ ਕਿਸੇ ਵੱਲੋਂ ਕਾਇਮ ਕੀਤੀ ਕੋਈ ਗ਼ਲਤ ਰਾਇ ਸੁਧਾਰਨੀ ਮੁਸ਼ਕਲ ਲੱਗੇ? ਹਿੰਮਤ ਨਾ ਹਾਰੋ। ਆਪਣੇ ਵਿਚ ਮਸੀਹੀ ਗੁਣ ਪੈਦਾ ਕਰਨ ਤੇ ਉਨ੍ਹਾਂ ਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੋ। ਜਿੱਥੇ ਕਿਤੇ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ, ਉਸ ਦੇ ਲਈ ਯਹੋਵਾਹ ਕੋਲੋਂ ਮਦਦ ਮੰਗੋ। ਇਕ ਇਨਸਾਨ ਦੇ ਤੌਰ ਤੇ ਤੁਹਾਡੀ ਅਸਲੀ ਅਹਿਮੀਅਤ ਦੂਜੇ ਲੋਕਾਂ ਦੁਆਰਾ ਤੈਅ ਨਹੀਂ ਕੀਤੀ ਜਾਂਦੀ। ਸਿਰਫ਼ ਯਹੋਵਾਹ ਹੀ ਚੰਗੀ ਤਰ੍ਹਾਂ ‘ਘਟ ਘਟ ਨੂੰ ਜਾਚ’ ਸਕਦਾ ਹੈ। (ਕਹਾਉਤਾਂ 21:2) ਇਨਸਾਨਾਂ ਨੇ ਤਾਂ ਯਿਸੂ ਨੂੰ ਵੀ ਕੋਈ ਇੱਜ਼ਤ-ਮਾਣ ਨਹੀਂ ਬਖ਼ਸ਼ਿਆ ਸੀ ਤੇ ਉਹ ਉਸ ਨੂੰ ਨਫ਼ਰਤ ਕਰਦੇ ਸਨ, ਪਰ ਇਨ੍ਹਾਂ ਗੱਲਾਂ ਕਰਕੇ ਯਹੋਵਾਹ ਦੀ ਨਜ਼ਰ ਵਿਚ ਯਿਸੂ ਦੀ ਅਹਿਮੀਅਤ ਨਹੀਂ ਘਟੀ। (ਯਸਾਯਾਹ 53:3) ਭਾਵੇਂ ਕੁਝ ਲੋਕ ਤੁਹਾਨੂੰ ਗ਼ਲਤ ਸਮਝਣ, ਪਰ ਤੁਸੀਂ ਇਹ ਵਿਸ਼ਵਾਸ ਰੱਖਦੇ ਹੋਏ ਆਪਣਾ ਦਿਲ ਯਹੋਵਾਹ “ਅੱਗੇ ਖੋਲ ਦਿਓ” ਕਿ ਉਹ ਤੁਹਾਨੂੰ ਸਮਝਦਾ ਹੈ ਕਿਉਂਕਿ “ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (ਜ਼ਬੂਰ 62:8; 1 ਸਮੂਏਲ 16:7) ਜੇ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੇ ਰਹਿੰਦੇ ਹੋ, ਤਾਂ ਜਿਨ੍ਹਾਂ ਲੋਕਾਂ ਨੇ ਤੁਹਾਡੇ ਬਾਰੇ ਗ਼ਲਤ ਰਾਇ ਕਾਇਮ ਕੀਤੀ ਹੈ, ਸਮਾਂ ਆਉਣ ਤੇ ਸ਼ਾਇਦ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ ਤੇ ਉਹ ਤੁਹਾਡੇ ਬਾਰੇ ਆਪਣੀ ਰਾਇ ਬਦਲ ਲੈਣ।​—ਗਲਾਤੀਆਂ 6:9; 2 ਤਿਮੋਥਿਉਸ 2:15.

ਕੀ ਤੁਹਾਨੂੰ ਐਨਟੋਨਿਓ ਬਾਰੇ ਯਾਦ ਹੈ ਜਿਸ ਦਾ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ? ਉਸ ਨੇ ਬਾਈਬਲ ਦੀ ਸਲਾਹ ਤੇ ਚੱਲਣ ਦੀ ਹਿੰਮਤ ਜੁਟਾਈ ਤੇ ਆਪਣੇ ਦੋਸਤ ਲਿਓਨਾਰਡੋ ਨੂੰ ਪੁੱਛਿਆ ਕਿ ਉਸ ਨੇ ਇੱਦਾਂ ਦਾ ਕਿਹੜਾ ਕੰਮ ਕੀਤਾ ਹੈ ਜਿਸ ਕਰਕੇ ਉਹ ਉਸ ਨਾਲ ਨਾਰਾਜ਼ ਹੈ। ਨਤੀਜਾ ਕੀ ਨਿਕਲਿਆ? ਲਿਓਨਾਰਡੋ ਹੱਕਾ-ਬੱਕਾ ਰਹਿ ਗਿਆ। ਉਸ ਨੇ ਕਿਹਾ ਕਿ ਐਨਟੋਨਿਓ ਨੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਉਹ ਉਸ ਨਾਲ ਨਾਰਾਜ਼ ਹੈ ਤੇ ਉਸ ਨੇ ਐਨਟੋਨਿਓ ਨੂੰ ਇਹ ਵੀ ਯਕੀਨ ਦਿਲਾਇਆ ਕਿ ਉਸ ਨਾਲ ਬੁਰਾ ਸਲੂਕ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਜੇ ਐਨਟੋਨਿਓ ਨੂੰ ਲੱਗਾ ਕਿ ਲਿਓਨਾਰਡੋ ਉਸ ਨਾਲ ਨਾਰਾਜ਼ ਸੀ, ਤਾਂ ਹੋ ਸਕਦਾ ਉਸ ਵੇਲੇ ਲਿਓਨਾਰਡੋ ਆਪਣੇ ਹੀ ਖ਼ਿਆਲਾਂ ਵਿਚ ਗੁਆਚਿਆ ਹੋਇਆ ਹੋਵੇ। ਲਿਓਨਾਰਡੋ ਨੇ ਮਾਫ਼ੀ ਮੰਗੀ ਕਿ ਉਸ ਨੇ ਅਣਜਾਣੇ ਵਿਚ ਹੀ ਆਪਣੇ ਦੋਸਤ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾ ਦਿੱਤੀ ਤੇ ਉਸ ਨੇ ਇਹ ਮਸਲਾ ਉਸ ਦੇ ਸਾਮ੍ਹਣੇ ਲਿਆਉਣ ਲਈ ਐਨਟੋਨਿਓ ਦਾ ਸ਼ੁਕਰੀਆ ਅਦਾ ਕੀਤਾ। ਉਸ ਨੇ ਕਿਹਾ ਕਿ ਅੱਗੇ ਤੋਂ ਉਹ ਇਸ ਗੱਲ ਦਾ ਹੋਰ ਧਿਆਨ ਰੱਖੇਗਾ ਤਾਂਕਿ ਦੂਜੇ ਲੋਕ ਉਸ ਨੂੰ ਗ਼ਲਤ ਨਾ ਸਮਝਣ। ਉਨ੍ਹਾਂ ਦੋਹਾਂ ਦੀ ਗ਼ਲਤਫ਼ਹਿਮੀ ਦੂਰ ਹੋ ਗਈ ਤੇ ਦੋਵੇਂ ਪਹਿਲਾਂ ਦੀ ਤਰ੍ਹਾਂ ਪੱਕੇ ਦੋਸਤ ਬਣ ਗਏ।

ਜੇ ਕੋਈ ਕਿਸੇ ਦੀ ਗੱਲ ਦਾ ਗ਼ਲਤ ਮਤਲਬ ਕੱਢਦਾ ਹੈ, ਤਾਂ ਇਸ ਨਾਲ ਬੜਾ ਦੁੱਖ ਹੁੰਦਾ ਹੈ। ਪਰ ਜੇ ਤੁਸੀਂ ਸਮੱਸਿਆ ਨੂੰ ਸੁਧਾਰਨ ਲਈ ਹਰ ਸੰਭਵ ਕਦਮ ਚੁੱਕਦੇ ਹੋ ਅਤੇ ਪਿਆਰ ਤੇ ਮਾਫ਼ ਕਰਨ ਬਾਰੇ ਬਾਈਬਲ ਅਸੂਲਾਂ ਤੇ ਚੱਲਦੇ ਹੋ, ਤਾਂ ਤੁਹਾਡੇ ਲਈ ਵੀ ਇਹੋ ਜਿਹੇ ਚੰਗੇ ਨਤੀਜੇ ਨਿਕਲ ਸਕਦੇ ਹਨ।

[ਫੁਟਨੋਟ]

^ ਪੈਰਾ 2 ਇਸ ਲੇਖ ਵਿਚ ਕੁਝ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 23 ਉੱਤੇ ਤਸਵੀਰਾਂ]

ਪਿਆਰ ਤੇ ਮਾਫ਼ ਕਰਨ ਦੀ ਭਾਵਨਾ ਨਾਲ ਸਮੱਸਿਆ ਹੱਲ ਕਰਨ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ