ਭਾਰਤ—“ਅਨੇਕਤਾ ਵਿਚ ਏਕਤਾ।”
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਭਾਰਤ—“ਅਨੇਕਤਾ ਵਿਚ ਏਕਤਾ।”
“ਭਾਰਤ ਦੀ ਰਾਸ਼ਟਰੀ ਏਕਤਾ ਨੂੰ ਦਰਸਾਉਣ ਲਈ “ਅਨੇਕਤਾ ਵਿਚ ਏਕਤਾ” ਨਾਂ ਦਾ ਮਸ਼ਹੂਰ ਨਾਅਰਾ ਲਾਇਆ ਜਾਂਦਾ ਹੈ। ਇਸ ਵੱਡੇ ਦੇਸ਼ ਵਿਚ ਜਿੱਥੇ ਲੋਕਾਂ ਦਾ ਸਭਿਆਚਾਰ, ਭਾਸ਼ਾ, ਧਰਮ, ਜਾਤਾਂ-ਪਾਤਾਂ, ਪਹਿਰਾਵਾ ਤੇ ਖਾਣ-ਪੀਣ ਵੱਖੋ-ਵੱਖਰਾ ਹੈ ਉੱਥੇ ਏਕਤਾ ਕਾਇਮ ਕਰਨੀ ਕੋਈ ਸੌਖੀ ਗੱਲ ਨਹੀਂ। ਪਰ ਅਜਿਹੀ ਏਕਤਾ ਭਾਰਤ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕੀ ਦਫ਼ਤਰ ਵਿਚ ਦੇਖੀ ਜਾ ਸਕਦੀ ਹੈ ਕਿਉਂਕਿ ਇੱਥੇ ਕੰਮ ਕਰਨ ਅਤੇ ਰਹਿਣ ਵਾਲੇ ਸਵੈ-ਸੇਵਕ ਕਈ ਰਾਜਾਂ ਤੇ ਸੰਘੀ ਖੇਤਰਾਂ ਤੋਂ ਆਏ ਹਨ ਤੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹਨ।
• ਆਓ ਰਾਜ ਰਾਣੀ ਨਾਂ ਦੀ ਮੁਟਿਆਰ ਨੂੰ ਮਿਲੀਏ ਜੋ ਭਾਰਤ ਦੇ ਉੱਤਰ-ਪੱਛਮੀ ਸਿਰੇ ਤੇ ਵੱਸੇ ਪੰਜਾਬ ਰਾਜ ਦੀ ਰਹਿਣ ਵਾਲੀ ਹੈ। ਰਾਜ ਰਾਣੀ ਜਦੋਂ ਸਕੂਲ ਵਿਚ ਪੜ੍ਹਦੀ ਸੀ, ਤਾਂ ਉਸ ਦੇ ਨਾਲ ਪੜ੍ਹਨ ਵਾਲੀ ਇਕ ਕੁੜੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਇਸ ਕੁੜੀ ਨੇ ਰਾਜ ਰਾਣੀ ਦੀ ਬਾਈਬਲ ਵਿਚ ਦਿਲਚਸਪੀ ਵਧਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਸ ਕੁੜੀ ਨੂੰ ਅੰਗ੍ਰੇਜ਼ੀ ਘੱਟ ਆਉਂਦੀ ਸੀ ਤੇ ਉਸ ਵੇਲੇ ਪਹਿਰਾਬੁਰਜ ਵੀ ਪੰਜਾਬੀ ਵਿਚ ਨਹੀਂ ਛਪਦਾ ਸੀ। ਸੋ ਉਸ ਨੇ ਰਾਜ ਰਾਣੀ ਕੋਲੋਂ ਮਦਦ ਮੰਗੀ ਕਿ ਉਹ ਉਸ ਨੂੰ ਪਹਿਰਾਬੁਰਜ ਦੇ ਲੇਖ ਦਾ ਪੰਜਾਬੀ ਵਿਚ ਤਰਜਮਾ ਕਰ ਕੇ ਦੇਵੇ। ਪਹਿਰਾਬੁਰਜ ਦੀਆਂ ਗੱਲਾਂ ਰਾਜ ਰਾਣੀ ਦੇ ਦਿਲ ਨੂੰ ਐਨੀਆਂ ਛੂਹ ਗਈਆਂ ਕਿ ਉਸ ਨੇ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਇਸ ਹੱਦ ਤਕ ਤਰੱਕੀ ਕੀਤੀ ਕਿ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤੀ। ਅੱਜ ਉਹ ਭਾਰਤ ਦੇ ਬੈਥਲ ਵਿਚ ਉਹੀ ਕੰਮ ਕਰਦੀ ਹੈ ਜਿਸ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ। ਜੀ ਹਾਂ, ਉਹ ਮਸੀਹੀ ਪ੍ਰਕਾਸ਼ਨਾਂ ਦਾ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਤਰਜਮਾ ਕਰਦੀ ਹੈ!
• ਜ਼ਰਾ ਬੀਜੋ ਤੇ ਗੌਰ ਕਰੋ ਜੋ ਭਾਰਤ ਦੇ ਦੱਖਣ-ਪੱਛਮੀ ਰਾਜ ਕੇਰਲਾ ਦਾ ਰਹਿਣ ਵਾਲਾ ਹੈ। ਬੀਜੋ ਨੂੰ ਹਾਈ ਸਕੂਲ ਵਿੱਚੋਂ ਇਸ ਕਰਕੇ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਰਾਸ਼ਟਰੀ ਗੀਤ ਨਹੀਂ ਗਾਇਆ ਸੀ। ਅਦਾਲਤ ਵਿਚ ਉਸ ਦਾ ਲੰਮੇ ਸਮੇਂ ਤਕ ਮੁਕੱਦਮਾ ਚੱਲਦਾ ਰਿਹਾ, ਪਰ ਅਖ਼ੀਰ ਸੱਚੀ ਉਪਾਸਨਾ ਦੀ ਸ਼ਾਨਦਾਰ ਜਿੱਤ ਹੋਈ। ਬੀਜੋ ਦੁਬਾਰਾ ਤੋਂ ਸਕੂਲ ਗਿਆ। * ਫਿਰ ਉਸ ਨੇ ਕਾਲਜ ਵਿਚ ਵੀ ਦਾਖ਼ਲਾ ਲਿਆ। ਪਰ ਕਾਲਜ ਦੇ ਅਨੈਤਿਕ ਮਾਹੌਲ ਨੂੰ ਦੇਖ ਕੇ ਉਹ ਐਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਕੁਝ ਮਹੀਨਿਆਂ ਵਿਚ ਹੀ ਕਾਲਜ ਦੀ ਪੜ੍ਹਾਈ ਛੱਡ ਦਿੱਤੀ। ਬੈਥਲ ਵਿਚ ਦਸ ਸਾਲ ਬਿਤਾਉਣ ਤੋਂ ਬਾਅਦ, ਬੀਜੋ ਹੁਣ ਮਹਿਸੂਸ ਕਰਦਾ ਹੈ ਕਿ ਉਸ ਨੇ ਉੱਚ-ਸਿੱਖਿਆ ਲੈਣ ਨਾਲੋਂ ਇਕਜੁੱਟ ਬੈਥਲ ਪਰਿਵਾਰ ਦਾ ਮੈਂਬਰ ਬਣ ਕੇ ਜ਼ਿਆਦਾ ਫ਼ਾਇਦਾ ਉਠਾਇਆ ਹੈ।
• ਨੋਰਮਾ ਅਤੇ ਲਿੱਲੀ ਦੋਵਾਂ ਦੀ ਉਮਰ 70 ਸਾਲ ਤੋਂ ਉੱਪਰ ਹੈ ਅਤੇ ਦੋਵੇਂ ਕਈ ਸਾਲਾਂ ਤੋਂ ਵਿਧਵਾ ਹਨ। ਦੋਵਾਂ ਨੇ 40 ਸਾਲ ਤੋਂ ਜ਼ਿਆਦਾ ਪੂਰੇ ਸਮੇਂ ਦੀ ਸੇਵਕਾਈ ਕੀਤੀ ਹੈ। ਲਿੱਲੀ ਸ਼ਾਖ਼ਾ ਦਫ਼ਤਰ ਵਿਚ ਤਕਰੀਬਨ 20 ਸਾਲਾਂ ਤੋਂ ਤਾਮਿਲ ਭਾਸ਼ਾ ਵਿਚ ਅਨੁਵਾਦਕ ਦੇ ਤੌਰ ਤੇ ਕੰਮ ਕਰ ਰਹੀ ਹੈ। ਨੋਰਮਾ 13 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੈਥਲ ਵਿਚ ਆਈ। ਆਪਣਾ ਕੰਮ ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਦੇ ਨਾਲ-ਨਾਲ ਉਹ ਦੋਵੇਂ ਪੂਰੇ ਬੈਥਲ ਪਰਿਵਾਰ ਨੂੰ ਇਕਮੁੱਠ ਵੀ ਕਰਦੀਆਂ ਹਨ। ਉਹ ਪਰਾਹੁਣਿਆਂ ਦੀ ਆਉਭਗਤ ਕਰਦੀਆਂ ਹਨ ਅਤੇ ਪਰਿਵਾਰ ਦੇ ਨੌਜਵਾਨ ਮੈਂਬਰਾਂ ਦੀ ਸੰਗਤੀ ਦਾ ਵੀ ਆਨੰਦ ਮਾਣਦੀਆਂ ਹਨ ਤੇ ਉਨ੍ਹਾਂ ਨਾਲ ਆਪਣੀ ਲੰਬੀ ਮਸੀਹੀ ਜ਼ਿੰਦਗੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹਨ। ਅਤੇ ਨੌਜਵਾਨ ਮੈਂਬਰ ਵੀ ਉਨ੍ਹਾਂ ਨਾਲ ਸੰਗਤੀ ਕਰਨ ਲਈ ਉਨ੍ਹਾਂ ਨੂੰ ਆਪਣੇ ਕਮਰਿਆਂ ਵਿਚ ਬੁਲਾਉਂਦੇ ਹਨ ਅਤੇ ਲੋੜ ਪੈਣ ਤੇ ਉਨ੍ਹਾਂ ਦੀ ਮਦਦ ਕਰਦੇ ਹਨ। ਸੱਚ-ਮੁੱਚ ਕਿੰਨੀਆਂ ਵਧੀਆ ਮਿਸਾਲਾਂ!
ਇਨ੍ਹਾਂ ਸਵੈ-ਸੇਵਕਾਂ ਨੇ ਆਪਣੇ ਵਿੱਚੋਂ ਇੱਦਾਂ ਦੇ ਭੇਦ-ਭਾਵ ਦੂਰ ਕਰ ਦਿੱਤੇ ਹਨ ਜਿਨ੍ਹਾਂ ਕਾਰਨ ਅਕਸਰ ਲੜਾਈ-ਝਗੜੇ ਤੇ ਮਤਭੇਦ ਪੈਦਾ ਹੋ ਜਾਂਦੇ ਹਨ। ਹੁਣ ਇਹ ਸਵੈ-ਸੇਵਕ ਭਾਰਤ ਦੇ ਇਕਜੁੱਟ ਬੈਥਲ ਪਰਿਵਾਰ ਦੇ ਮੈਂਬਰਾਂ ਵਜੋਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਸੇਵਾ ਲਈ ਮਿਲ-ਜੁਲ ਕੇ ਕੰਮ ਕਰਦੇ ਹਨ।—ਜ਼ਬੂਰ 133:1.
[ਫੁਟਨੋਟ]
^ ਪੈਰਾ 5 1 ਨਵੰਬਰ 1987 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦਾ ਸਫ਼ਾ 21 ਦੇਖੋ।
[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Background: Mountain High Maps® Copyright © 1997 Digital Wisdom, Inc.