Skip to content

Skip to table of contents

ਚਰਚ ਦੇ ਧਰਮ-ਪਿਤਾ ਕੀ ਉਨ੍ਹਾਂ ਨੇ ਬਾਈਬਲ ਦੀ ਸੱਚਾਈ ਅੱਗੇ ਵਧਾਈ?

ਚਰਚ ਦੇ ਧਰਮ-ਪਿਤਾ ਕੀ ਉਨ੍ਹਾਂ ਨੇ ਬਾਈਬਲ ਦੀ ਸੱਚਾਈ ਅੱਗੇ ਵਧਾਈ?

ਚਰਚ ਦੇ ਧਰਮ-ਪਿਤਾ ਕੀ ਉਨ੍ਹਾਂ ਨੇ ਬਾਈਬਲ ਦੀ ਸੱਚਾਈ ਅੱਗੇ ਵਧਾਈ?

ਭਾਵੇਂ ਤੁਸੀਂ ਆਪਣੇ ਆਪ ਨੂੰ ਮਸੀਹੀ ਸਮਝਦੇ ਹੋ ਜਾਂ ਨਹੀਂ, ਬਾਈਬਲ ਦੇ ਪਰਮੇਸ਼ੁਰ ਬਾਰੇ, ਯਿਸੂ ਬਾਰੇ, ਅਤੇ ਮਸੀਹੀਅਤ ਬਾਰੇ ਤੁਹਾਡੇ ਵਿਚਾਰ ਸ਼ਾਇਦ ਇਨ੍ਹਾਂ ਦੀਆਂ ਸਿੱਖਿਆਵਾਂ ਦੁਆਰਾ ਢਲੇ ਹੋਣ। ਇਨ੍ਹਾਂ ਵਿੱਚੋਂ ਇਕ ਜਣੇ ਨੂੰ ਸੁਨਹਿਰੇ ਮੁਖ ਵਾਲਾ ਅਤੇ ਹੋਰ ਨੂੰ ਮਹਾਨ ਸੱਦਿਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ “ਮਸੀਹ ਦੇ ਜੀਵਨ ਦੀਆਂ ਉੱਤਮ ਮਿਸਾਲਾਂ” ਕਿਹਾ ਗਿਆ ਹੈ। ਇਹ ਕੌਣ ਹਨ? ਇਹ ਪੁਰਾਣੇ ਜ਼ਮਾਨੇ ਦੇ ਵਿਚਾਰਵਾਨ, ਲੇਖਕ, ਸ਼ਾਸਤਰੀ, ਅਤੇ ਫ਼ਿਲਾਸਫ਼ਰ ਹਨ ਜਿਨ੍ਹਾਂ ਨੇ “ਮਸੀਹੀ” ਧਰਮ-ਸੰਬੰਧੀ ਸੋਚਣੀ ਨੂੰ ਢਾਲ਼ਿਆ ਹੈ। ਇਨ੍ਹਾਂ ਨੂੰ ਚਰਚ ਦੇ ਪਿਤਾ ਸੱਦਿਆ ਜਾਂਦਾ ਹੈ।

ਧਰਮ-ਸੰਬੰਧੀ ਅਧਿਐਨਾਂ ਦਾ ਗ੍ਰੀਕ ਆਰਥੋਡਾਕਸ ਪ੍ਰੋਫ਼ੈਸਰ ਡਮੀਟ੍ਰੀਓਸ ਜੇ. ਕਾਂਸਟੈਂਟੇਲੋਸ ਦਾਅਵਾ ਕਰਦਾ ਹੈ ਕਿ “ਸਿਰਫ਼ ਬਾਈਬਲ ਵਿਚ ਹੀ ਪਰਮੇਸ਼ੁਰ ਦਾ ਬਚਨ ਨਹੀਂ ਪਾਇਆ ਜਾਂਦਾ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਜੋ ਉਸ ਦੇ ਬਚਨ ਨੂੰ ਪ੍ਰਗਟ ਕਰਦੀ ਹੈ ਕਿਸੇ ਕਿਤਾਬ ਵਿਚ ਨਹੀਂ ਸਮਾਈ ਜਾ ਸਕਦੀ।” ਪਰ ਕੀ ਸਾਨੂੰ ਹੋਰ ਕਿਤਿਓਂ ਪਰਮੇਸ਼ੁਰ ਦਾ ਬਚਨ ਮਿਲ ਸਕਦਾ ਹੈ ਅਤੇ ਕੀ ਇਸ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ? ਗ੍ਰੀਕ ਆਰਥੋਡਾਕਸ ਚਰਚ ਨੂੰ ਸਮਝਣਾ (ਅੰਗ੍ਰੇਜ਼ੀ) ਨਾਂ ਦੀ ਆਪਣੀ ਪੁਸਤਕ ਵਿਚ ਕਾਂਸਟੈਂਟੇਲੋਸ ਕਹਿੰਦਾ ਹੈ: “ਪਰਮੇਸ਼ੁਰ ਦਾ ਇੱਕੋ ਹੀ ਸੰਦੇਸ਼ ਹੈ ਪਰ ਇਸ ਦੇ ਦੋ ਪਹਿਲੂ ਹਨ: ਪਵਿੱਤਰ ਰੀਤਾਂ ਅਤੇ ਪਵਿੱਤਰ ਬਾਈਬਲ।”

ਇਨ੍ਹਾਂ “ਪਵਿੱਤਰ ਰੀਤਾਂ” ਦੇ ਆਧਾਰ ਵਿਚ ਚਰਚ ਦਿਆਂ ਪਿਤਾਵਾਂ ਦੀਆਂ ਸਿੱਖਿਆਵਾਂ ਅਤੇ ਲਿਖਤਾਂ ਸ਼ਾਮਲ ਹਨ। ਇਹ ਧਰਮ-ਪਿਤਾ ਦੂਜੀ ਅਤੇ ਪੰਜਵੀਂ ਸਦੀ ਵਿਚ ਰਹਿਣ ਵਾਲੇ ਮਸ਼ਹੂਰ ਸ਼ਾਸਤਰੀ ਅਤੇ “ਮਸੀਹੀ” ਫ਼ਿਲਾਸਫ਼ਰ ਸਨ। ਇਨ੍ਹਾਂ ਨੇ ਅੱਜ-ਕੱਲ੍ਹ ਦੇ “ਮਸੀਹੀ” ਵਿਚਾਰਾਂ ਉੱਤੇ ਕਿੰਨਾ ਕੁ ਅਸਰ ਪਾਇਆ ਹੈ? ਕੀ ਉਹ ਬਾਈਬਲ ਦੀਆਂ ਸਿੱਖਿਆਵਾਂ ਤੇ ਪੱਕੇ ਰਹੇ ਸਨ? ਯਿਸੂ ਮਸੀਹ ਦੇ ਕਿਸੇ ਵੀ ਚੇਲੇ ਵਾਸਤੇ ਸੱਚਾਈ ਦੀ ਕੀ ਬੁਨਿਆਦ ਹੋਣੀ ਚਾਹੀਦੀ ਹੈ?

ਇਤਿਹਾਸ ਤੋਂ ਕੁਝ ਜਾਣਕਾਰੀ

ਦੂਜੀ ਸਦੀ ਦੇ ਅੱਧ ਵਿਚ ਜਿਹੜੇ ਆਪਣੇ ਆਪ ਨੂੰ ਮਸੀਹੀ ਕਹਿਲਾਉਂਦੇ ਸਨ ਉਹ ਰੋਮੀ ਜ਼ਾਲਮਾਂ ਅਤੇ ਧਰਮ-ਵਿਰੋਧੀਆਂ ਦੇ ਸਾਮ੍ਹਣੇ ਆਪਣੀ ਨਿਹਚਾ ਦੀ ਸਫ਼ਾਈ ਪੇਸ਼ ਕਰ ਰਹੇ ਸਨ। ਲੇਕਿਨ, ਇਹ ਇਕ ਅਜਿਹਾ ਸਮਾਂ ਸੀ ਜਦੋਂ ਬਹੁਤ ਸਾਰੇ ਲੋਕ ਧਰਮ ਦੇ ਸੰਬੰਧ ਵਿਚ ਆਪਣੇ-ਆਪਣੇ ਖ਼ਿਆਲ ਪੇਸ਼ ਕਰ ਰਹੇ ਸਨ। ਯਿਸੂ ਦੀ “ਈਸ਼ਵਰਤਾ” ਬਾਰੇ ਬਹਿਸ ਕੀਤੀ ਜਾ ਰਹੀ ਸੀ, ਅਤੇ ਇਸ ਬਾਰੇ ਵੀ ਕਿ ਪਵਿੱਤਰ ਆਤਮਾ ਕੀ ਚੀਜ਼ ਹੈ ਅਤੇ ਇਹ ਕਿਹੋ ਜਿਹੇ ਕੰਮ ਕਰਦੀ ਹੈ। ਪਰ ਬਹਿਸ ਕਰਦਿਆਂ ਇਨ੍ਹਾਂ ਲੋਕਾਂ ਵਿਚ ਅਜਿਹੇ ਫੁੱਟ ਪਏ ਜੋ ਸਿਰਫ਼ ਉਨ੍ਹਾਂ ਦੇ ਵਿਚਾਰਾਂ ਬਾਰੇ ਨਹੀਂ ਸਨ। “ਮਸੀਹੀ” ਸਿੱਖਿਆ ਦੇ ਸੰਬੰਧ ਵਿਚ ਇਹ ਲੋਕ ਇਕ ਦੂਜੇ ਦਾ ਸਖ਼ਤ ਵਿਰੋਧ ਕਰਨ ਲੱਗੇ ਅਤੇ ਇਨ੍ਹਾਂ ਵਿਚਕਾਰ ਦਰਾੜਾਂ ਬੰਦ ਨਾ ਹੋ ਸਕੀਆਂ। ਇਨ੍ਹਾਂ ਗੱਲਾਂ ਨੇ ਰਾਜਨੀਤਿਕ ਅਤੇ ਸਭਿਆਚਾਰਕ ਜ਼ਿੰਦਗੀ ਤੇ ਅਸਰ ਪਾਇਆ, ਅਤੇ ਨਤੀਜੇ ਵਜੋਂ ਕਦੀ-ਕਦੀ ਫ਼ਸਾਦ, ਬਗਾਵਤ, ਸਮਾਜਕ ਝਗੜੇ, ਅਤੇ ਯੁੱਧ ਵੀ ਸ਼ੁਰੂ ਹੋਏ। ਇਤਿਹਾਸਕਾਰ ਪੌਲ ਜੌਨਸਨ ਨੇ ਲਿਖਿਆ: “[ਧਰਮ-ਤਿਆਗੀ] ਮਸੀਹੀਅਤ ਝਮੇਲੇ, ਬਹਿਸ, ਅਤੇ ਫੁੱਟ ਨਾਲ ਸ਼ੁਰੂ ਹੋਈ ਅਤੇ ਇਹ ਇਵੇਂ ਹੀ ਜਾਰੀ ਰਹੀ। . . . ਪਹਿਲੀ ਅਤੇ ਦੂਜੀ ਸਦੀ ਵਿਚ ਭੂਮੱਧ ਸਾਗਰ ਦੇ ਮੱਧ ਅਤੇ ਪੂਰਬੀ ਇਲਾਕਿਆਂ ਵਿਚ ਅਣਗਿਣਤ ਧਾਰਮਿਕ ਵਿਚਾਰ ਮੌਜੂਦ ਸਨ, ਅਤੇ ਇਨ੍ਹਾਂ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। . . . ਤਾਂ ਫਿਰ, ਸ਼ੁਰੂ ਤੋਂ ਹੀ ਮਸੀਹੀਅਤ ਦੇ ਕਈ ਰੂਪ ਸਨ ਹਾਲਾਂਕਿ ਇਨ੍ਹਾਂ ਦੇ ਆਪਸ ਵਿਚ ਕੋਈ ਸੁਮੇਲ ਨਹੀਂ ਸੀ।”

ਇਸ ਸਮੇਂ ਦੌਰਾਨ, ਅਜਿਹੇ ਬਹੁਤ ਸਾਰੇ ਲੇਖਕ ਅਤੇ ਵਿਚਾਰਵਾਨ ਨਜ਼ਰ ਆਉਣ ਲੱਗੇ ਜੋ ਸੋਚਦੇ ਸਨ ਕਿ “ਮਸੀਹੀ” ਸਿੱਖਿਆ ਨੂੰ ਫ਼ਿਲਾਸਫ਼ੀ ਦੀ ਭਾਸ਼ਾ ਵਿਚ ਸਮਝਾਉਣਾ ਜ਼ਰੂਰੀ ਸੀ। ਅਜਿਹੇ ਲੇਖਕਾਂ ਨੇ ਪੁਰਾਣੀ ਯੂਨਾਨੀ ਅਤੇ ਯਹੂਦੀ ਸਾਹਿੱਤ ਦਾ ਸਹਾਰਾ ਲਿਆ। ਕਿਉਂ? ਕਿਉਂਕਿ ਉਹ ਪੜ੍ਹੇ-ਲਿਖੇ ਗ਼ੈਰ-ਯਹੂਦੀਆਂ ਨੂੰ ਖ਼ੁਸ਼ ਰੱਖਣਾ ਚਾਹੁੰਦੇ ਸਨ ਜੋ ਕਿ ਹੁਣੇ-ਹੁਣੇ “ਮਸੀਹੀ” ਬਣੇ ਸਨ। ਯੂਨਾਨੀ ਲੇਖਕ ਜਸਟਿਨ ਮਾਰਟਰ (ਲਗਭਗ 100-165 ਸਾ.ਯੁ.) ਤੋਂ ਸ਼ੁਰੂ ਹੁੰਦਿਆਂ ਆਪਣੇ ਆਪ ਨੂੰ ਮਸੀਹੀ ਕਹਿਲਾਉਣ ਵਾਲੇ ਲੋਕ ਯੂਨਾਨੀ ਸਭਿਆਚਾਰ ਦੀਆਂ ਫ਼ਿਲਾਸਫ਼ੀਆਂ ਸਵੀਕਾਰ ਕਰਨ ਵਿਚ ਜ਼ਿਆਦਾ ਮਾਹਰ ਬਣਨ ਲੱਗੇ।

ਇਹ ਰੁਝਾਨ ਖ਼ਾਸ ਕਰਕੇ ਔਰਿਜੇਨ (ਲਗਭਗ 185-254 ਸਾ.ਯੁ.) ਦੀਆਂ ਲਿਖਤਾਂ ਵਿਚ ਦੇਖਿਆ ਗਿਆ ਸੀ। ਐਲੇਕਜ਼ਾਨਡ੍ਰਿਆ ਤੋਂ ਆਏ ਇਸ ਯੂਨਾਨੀ ਲੇਖਕ ਨੇ ਪਹਿਲਿਆਂ ਸਿਧਾਂਤਾਂ ਪੱਖੋਂ ਨਾਂ ਦੀ ਆਪਣੀ ਪੁਸਤਕ ਵਿਚ “ਮਸੀਹੀ” ਧਰਮ ਨੂੰ ਯੂਨਾਨੀ ਫ਼ਿਲਾਸਫ਼ੀ ਦੇ ਪੱਖੋਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਔਰਿਜੇਨ ਤੋਂ ਪਹਿਲਾਂ ਹੋਰ ਕਿਸੇ ਨੇ ਅਜਿਹੇ ਸਿਲਸਿਲੇਵਾਰ ਤਰੀਕੇ ਵਿਚ ਮੁੱਖ ਸਿੱਖਿਆਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਨਾਈਸੀਆ ਦੀ ਸਭਾ (325 ਸਾ.ਯੁ.), ਜਿੱਥੇ ਯਿਸੂ ਦੀ “ਈਸ਼ਵਰਤਾ” ਨੂੰ ਸਮਝਾਉਣ ਅਤੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅਜਿਹਾ ਮੋੜ ਸੀ ਜਿਸ ਨੇ “ਮਸੀਹੀ” ਧਰਮ-ਸਿਧਾਂਤਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਨੂੰ ਨਵੇਂ ਸਿਰਿਓਂ ਚਾਲੂ ਕੀਤਾ। ਇਸ ਸਭਾ ਤੋਂ ਇਕ ਨਵਾਂ ਯੁਗ ਸ਼ੁਰੂ ਹੋਇਆ ਜਿਸ ਵਿਚ ਚਰਚ ਦੀਆਂ ਸਭਾਵਾਂ ਨੇ ਧਰਮ-ਸਿਧਾਂਤਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਹੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ।

ਲੇਖਕ ਅਤੇ ਭਾਸ਼ਣਕਾਰ

ਕੈਸਰਿਯਾ ਤੋਂ ਯੂਸੀਬੀਅਸ ਨਾ ਦਾ ਲੇਖਕ, ਜਿਸ ਨੇ ਨਾਈਸੀਆ ਦੀ ਪਹਿਲੀ ਸਭਾ ਦੇ ਸਮੇਂ ਵਿਚ ਲਿਖਿਆ ਸੀ, ਕਾਂਸਟੰਟੀਨ ਸਮਰਾਟ ਨਾਲ ਸਹਿਮਤ ਸੀ। ਨਾਈਸੀਆ ਦੀ ਸਭਾ ਤੋਂ ਲਗਭਗ 100 ਸਾਲ ਬਾਅਦ, ਧਰਮ-ਸ਼ਾਸਤਰੀਆਂ ਨੇ, ਜਿਨ੍ਹਾਂ ਵਿੱਚੋਂ ਅਨੇਕ ਯੂਨਾਨੀ ਭਾਸ਼ਾ ਵਿਚ ਲਿਖਦੇ ਸਨ, ਇਕ ਲੰਬੀ-ਚੌੜੀ ਅਤੇ ਜ਼ਬਰਦਸਤ ਬਹਿਸ ਵਿਚ ਈਸਾਈ-ਜਗਤ ਦਾ ਸਭ ਤੋਂ ਮੁਖ ਸਿਧਾਂਤ ਘੜਿਆ—ਤ੍ਰਿਏਕ ਦਾ ਸਿਧਾਂਤ। ਇਸ ਬਹਿਸ ਵਿਚ ਪ੍ਰਮੁੱਖ ਆਦਮੀ ਇਹ ਸਨ: ਐਲੇਕਜ਼ਾਨਡ੍ਰਿਆ ਦਾ ਕੱਟੜ ਬਿਸ਼ਪ ਐਥਨੇਸੀਅਸ, ਅਤੇ ਏਸ਼ੀਆ ਮਾਈਨਰ ਵਿਚ ਕੱਪਦੋਕਿਯਾ ਤੋਂ ਚਰਚ ਦੇ ਤਿੰਨ ਹੋਰ ਆਗੂ—ਬਾਜ਼ਲ ਮਹਾਨ, ਉਸ ਦਾ ਭਰਾ ਿਨੱਸਾ ਦਾ ਗ੍ਰੈਗੋਰੀ, ਅਤੇ ਉਨ੍ਹਾਂ ਦਾ ਦੋਸਤ ਨਾਜ਼ੀਆਨਜ਼ਸ ਦਾ ਗ੍ਰੈਗੋਰੀ।

ਉਸ ਸਮੇਂ ਦੇ ਲੇਖਕ ਅਤੇ ਪ੍ਰਚਾਰਕ ਭਾਸ਼ਣ-ਕਲਾ ਵਿਚ ਬਹੁਤ ਮਾਹਰ ਬਣੇ। ਯੂਨਾਨੀ ਭਾਸ਼ਾ ਵਿਚ ਨਾਜ਼ੀਆਨਜ਼ਸ ਤੋਂ ਗ੍ਰੈਗੋਰੀ ਅਤੇ ਜੌਨ ਕ੍ਰਿਸੋਸਟੋਮ (ਭਾਵ “ਸੁਨਹਿਰੇ ਮੁਖ ਵਾਲਾ”) ਅਤੇ ਲਾਤੀਨੀ ਭਾਸ਼ਾ ਵਿਚ ਮਿਲਾਨ ਤੋਂ ਐਮਭਰੋਜ਼ ਅਤੇ ਹਿੱਪੋ ਤੋਂ ਆਗਸਤੀਨ ਮਾਹਰ ਭਾਸ਼ਣਕਾਰ ਸਨ, ਯਾਨੀ ਉਸ ਸਮੇਂ ਦੇ ਸਭ ਤੋਂ ਇੱਜ਼ਤਦਾਰ ਅਤੇ ਮਸ਼ਹੂਰ ਕਲਾਕਾਰ ਸਨ। ਉਸ ਸਮੇਂ ਵਿਚ ਆਗਸਤੀਨ ਦੀਆਂ ਲਿਖਤਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ। ਉਸ ਦੀਆਂ ਧਰਮ-ਖੋਜਾਂ ਨੇ ਅੱਜ-ਕੱਲ੍ਹ ਦੀ “ਮਸੀਹੀ” ਸੋਚਣੀ ਨੂੰ ਬਿਲਕੁਲ ਢਾਲ਼ ਦਿੱਤਾ ਹੈ। ਜਰੋਮ, ਜੋ ਕਿ ਉਸ ਸਮੇਂ ਦਾ ਸਭ ਤੋਂ ਮਸ਼ਹੂਰ ਵਿਦਵਾਨ ਸੀ, ਨੇ ਖ਼ਾਸ ਕਰਕੇ ਮੁਢਲੀਆਂ ਭਾਸ਼ਾਵਾਂ ਤੋਂ ਬਾਈਬਲ ਦਾ ਲੈਟਿਨ ਵਲਗੇਟ ਤਰਜਮਾ ਤਿਆਰ ਕੀਤਾ ਸੀ।

ਲੇਕਿਨ ਕੁਝ ਸਵਾਲ ਪੁੱਛਣੇ ਜ਼ਰੂਰੀ ਹਨ। ਕੀ ਚਰਚ ਦੇ ਉਹ ਪਿਤਾ ਬਾਈਬਲ ਦੀ ਸਿੱਖਿਆ ਤੇ ਪੱਕੇ ਰਹੇ ਸਨ? ਕੀ ਉਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਸ਼ਾਸਤਰ ਦੇ ਅਨੁਸਾਰ ਸਿਖਾਉਂਦੇ ਸਨ? ਕੀ ਉਨ੍ਹਾਂ ਦੀਆਂ ਲਿਖਤਾਂ ਪਰਮੇਸ਼ੁਰ ਦਾ ਸਹੀ ਗਿਆਨ ਹਾਸਲ ਕਰਨ ਵਿਚ ਮਦਦ ਦੇ ਸਕਦੀਆਂ ਹਨ?

ਪਰਮੇਸ਼ੁਰ ਦੀ ਸਿੱਖਿਆ ਜਾਂ ਇਨਸਾਨਾਂ ਦੀ ਸਿੱਖਿਆ?

ਹਾਲ ਹੀ ਵਿਚ ਪਿਸਿਦਿਯਾ ਤੋਂ ਗ੍ਰੀਕ ਆਰਥੋਡਾਕਸ ਦੇ ਇਕ ਮੁੱਖ ਪਾਦਰੀ ਮਿਥੋਡੀਅਸ ਨੇ ਈਸਾਈਅਤ ਦੀ ਯੂਨਾਨੀ ਨੀਂਹ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਲਿਖੀ। ਉਹ ਇਹ ਦਿਖਾਉਣਾ ਚਾਹੁੰਦਾ ਸੀ ਕਿ ਆਧੁਨਿਕ “ਮਸੀਹੀ” ਸੋਚਣੀ ਦਾ ਆਧਾਰ ਯੂਨਾਨੀ ਸਭਿਆਚਾਰ ਅਤੇ ਫ਼ਿਲਾਸਫ਼ੀ ਹੈ। ਇਸ ਪੁਸਤਕ ਵਿਚ ਉਹ ਬਿਨਾਂ ਝਿਜਕੇ ਕਹਿੰਦਾ ਹੈ ਕਿ “ਚਰਚ ਦੇ ਤਕਰੀਬਨ ਸਾਰਿਆਂ ਪਿਤਾਵਾਂ ਨੇ ਯੂਨਾਨੀਆਂ ਦੇ ਮੂਲ ਸਿਧਾਂਤਾਂ ਨੂੰ ਬਹੁਤ ਫ਼ਾਇਦੇਮੰਦ ਸਮਝਿਆ, ਅਤੇ ਉਨ੍ਹਾਂ ਨੇ ਪੁਰਾਣੇ ਯੂਨਾਨੀ ਮਾਮਲਿਆਂ ਤੋਂ ਇਨ੍ਹਾਂ ਗੱਲਾਂ ਨੂੰ ਇਸਤੇਮਾਲ ਕਰ ਕੇ ਮਸੀਹੀ ਸੱਚਾਈਆਂ ਨੂੰ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ।”

ਮਿਸਾਲ ਲਈ ਇਸ ਵਿਚਾਰ ਉੱਤੇ ਧਿਆਨ ਦਿਓ ਕਿ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਤ੍ਰਿਏਕ ਬਣਦੇ ਹਨ। ਨਾਈਸੀਆ ਦੀ ਸਭਾ ਤੋਂ ਬਾਅਦ ਚਰਚ ਦੇ ਕਈ ਪਿਤਾ ਪੱਕੇ ਤ੍ਰਿਏਕਵਾਦੀ ਬਣ ਗਏ। ਉਨ੍ਹਾਂ ਦੀਆਂ ਲਿਖਤਾਂ ਅਤੇ ਟਿੱਪਣੀਆਂ ਦੇ ਕਾਰਨ ਹੀ ਤ੍ਰਿਏਕ ਦੀ ਸਿੱਖਿਆ ਈਸਾਈ-ਜਗਤ ਦੀ ਮੂਲ ਸਿੱਖਿਆ ਬਣੀ। ਪਰ ਕੀ ਤ੍ਰਿਏਕ ਦੀ ਸਿੱਖਿਆ ਬਾਈਬਲ ਵਿਚ ਪਾਈ ਜਾਂਦੀ ਹੈ? ਨਹੀਂ। ਤਾਂ ਫਿਰ ਚਰਚ ਦਿਆਂ ਪਿਤਾਵਾਂ ਨੇ ਇਸ ਨੂੰ ਕਿੱਥੋਂ ਲਿਆ ਸੀ? ਧਾਰਮਿਕ ਗਿਆਨ ਦਾ ਕੋਸ਼ (ਅੰਗ੍ਰੇਜ਼ੀ) ਨੋਟ ਕਰਦਾ ਹੈ ਕਿ ਕਈ ਕਹਿੰਦੇ ਹਨ ਕਿ ਤ੍ਰਿਏਕ ਦੀ ਸਿੱਖਿਆ “ਗ਼ੈਰ-ਮਸੀਹੀ ਧਰਮਾਂ ਤੋਂ ਲਈ ਗਈ ਇਕ ਗ਼ਲਤ ਸਿੱਖਿਆ ਹੈ, ਅਤੇ ਇਸ ਨੂੰ ਮਸੀਹੀ ਧਰਮ ਦੇ ਨਾਲ ਜੋੜਿਆ ਗਿਆ ਹੈ।” ਅਤੇ ਸਾਡੀ ਈਸਾਈਅਤ ਵਿਚ ਝੂਠੀ ਪੂਜਾ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਸਹਿਮਤ ਹੁੰਦੀ ਹੈ ਕਿ “[ਤ੍ਰਿਏਕ] ਦੀ ਜੜ੍ਹ ਬਿਲਕੁਲ ਝੂਠੀ ਪੂਜਾ ਤੋਂ ਹੈ।” *​—ਯੂਹੰਨਾ 3:16; 14:28.

ਇਕ ਹੋਰ ਮਿਸਾਲ ਹੈ ਅਮਰ ਆਤਮਾ ਦੀ ਸਿੱਖਿਆ। ਇਸ ਵਿਚ ਇਹ ਦੱਸਿਆ ਜਾਂਦਾ ਹੈ ਕਿ ਮਰਨ ਤੋਂ ਬਾਅਦ ਇਨਸਾਨ ਵਿੱਚੋਂ ਕੋਈ ਚੀਜ਼ ਜੀਉਂਦੀ ਰਹਿੰਦੀ ਹੈ। ਇਸ ਗੱਲ ਵਿਚ ਵੀ ਚਰਚ ਦੇ ਪਿਤਾ ਮੋਹਰੀ ਸਨ। ਉਨ੍ਹਾਂ ਨੇ ਅਮਰ ਆਤਮਾ ਦੀ ਸਿੱਖਿਆ ਇਕ ਅਜਿਹੇ ਧਰਮ ਵਿਚ ਲਿਆਂਦੀ ਜੋ ਇਸ ਬਾਰੇ ਪਹਿਲਾਂ ਕੁਝ ਨਹੀਂ ਜਾਣਦਾ ਸੀ। ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਮੌਤ ਹੋਣ ਤੇ ਕੋਈ ਚੀਜ਼ ਨਹੀਂ ਬਚਦੀ: “ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।” (ਹਿਜ਼ਕੀਏਲ 18:4) ਚਰਚ ਦਿਆਂ ਪਿਤਾਵਾਂ ਨੇ ਅਮਰ ਆਤਮਾ ਬਾਰੇ ਆਪਣੇ ਵਿਚਾਰ ਕਿਸ ਉੱਤੇ ਆਧਾਰਿਤ ਕੀਤੇ? ਦ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਈਸਾਈਆਂ ਦਾ ਇਹ ਵਿਚਾਰ ਕਿ ਪਰਮੇਸ਼ੁਰ ਗਰਭ-ਧਾਰਣ ਸਮੇਂ ਸਰੀਰ ਵਿਚ ਇਕ ਆਤਮਾ ਪਾਉਂਦਾ ਹੈ ਤਾਂਕਿ ਇਨਸਾਨ ਪੂਰਾ ਬਣ ਸਕੇ, ਈਸਾਈਆਂ ਦੀ ਫ਼ਿਲਾਸਫ਼ੀ ਵਿਚ ਲੰਬੇ ਚਿਰ ਤੋਂ ਹੁੰਦੀ ਉਪਜ ਦਾ ਫਲ ਹੈ। ਪੂਰਬ ਵਿਚ ਔਰਿਜੇਨ ਅਤੇ ਪੱਛਮ ਵਿਚ ਸੰਤ ਆਗਸਤੀਨ ਦੇ ਜਤਨਾਂ ਦੇ ਨਾਲ ਹੀ ਆਤਮਾ ਦੀ ਸਿੱਖਿਆ ਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਨੂੰ ਫ਼ਿਲਾਸਫ਼ੀ ਦਾ ਰੂਪ ਦਿੱਤਾ ਗਿਆ ਸੀ। . . . [ਆਗਸਤੀਨ ਦਾ ਸਿਧਾਂਤ] . . . (ਅਤੇ ਕੁਝ ਗ਼ਲਤੀਆਂ ਵੀ) ਖ਼ਾਸ ਕਰਕੇ ਨਵ-ਅਫਲਾਤੂਨਵਾਦ ਤੋਂ ਆਈਆਂ ਸਨ।” ਅਤੇ ਪ੍ਰੈਸਬੀਟਰੀ ਜੀਵਨ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਨੇ ਕਿਹਾ: “ਅਮਰ ਆਤਮਾ ਦੀ ਸਿੱਖਿਆ ਇਕ ਯੂਨਾਨੀ ਵਿਚਾਰ ਹੈ ਜੋ ਪੁਰਾਣੇ ਜ਼ਮਾਨੇ ਦੇ ਰਹੱਸਮਈ ਸੰਪ੍ਰਦਾਵਾਂ ਵਿਚ ਸ਼ੁਰੂ ਹੋਇਆ ਅਤੇ ਅਫਲਾਤੂਨ ਦੁਆਰਾ ਵਧਾਇਆ ਗਿਆ ਸੀ।” *

ਮਸੀਹੀ ਸੱਚਾਈ ਦਾ ਠੋਸ ਆਧਾਰ

ਇਸ ਲੇਖ ਵਿਚ ਅਸੀਂ ਚਰਚ ਦਿਆਂ ਪਿਤਾਵਾਂ ਦੇ ਇਤਿਹਾਸ ਬਾਰੇ ਪੜ੍ਹਿਆ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਮੁੱਢ ਬਾਰੇ ਕੁਝ ਪਤਾ ਲਗਾਇਆ ਹੈ। ਇਸ ਲਈ ਇਹ ਪੁੱਛਣਾ ਢੁਕਵਾਂ ਹੈ: ਕੀ ਕਿਸੇ ਸੁਹਿਰਦ ਮਸੀਹੀ ਨੂੰ ਆਪਣੀ ਨਿਹਚਾ ਚਰਚ ਦਿਆਂ ਪਿਤਾਵਾਂ ਦੀਆਂ ਸਿੱਖਿਆਵਾਂ ਉੱਤੇ ਰੱਖਣੀ ਚਾਹੀਦੀ ਹੈ? ਚਲੋ ਅਸੀਂ ਬਾਈਬਲ ਵਿੱਚੋਂ ਇਸ ਦਾ ਜਵਾਬ ਦੇਖੀਏ।

ਪਹਿਲੀ ਗੱਲ ਇਹ ਹੈ ਕਿ ਯਿਸੂ ਨੇ ਕਿਹਾ ਸੀ ਕਿ ਕਿਸੇ ਨੂੰ “ਪਿਤਾ” ਸੱਦਣਾ ਮਨ੍ਹਾ ਹੈ। ਉਸ ਨੇ ਕਿਹਾ: “ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ।” (ਮੱਤੀ 23:9) ਕਿਸੇ ਧਾਰਮਿਕ ਹਸਤੀ ਨੂੰ “ਪਿਤਾ” ਸੱਦਣਾ ਗ਼ੈਰ-ਮਸੀਹੀ ਅਤੇ ਬਾਈਬਲ ਦੇ ਵਿਰੁੱਧ ਹੈ। ਪਰਮੇਸ਼ੁਰ ਦੇ ਬਚਨ ਦਾ ਆਖ਼ਰੀ ਹਿੱਸਾ ਤਕਰੀਬਨ 98 ਸਾ.ਯੁ. ਵਿਚ ਲਿਖਿਆ ਗਿਆ ਸੀ ਜਦੋਂ ਯੂਹੰਨਾ ਰਸੂਲ ਦੀਆਂ ਲਿਖਤਾਂ ਪੂਰੀਆਂ ਹੋਈਆਂ। ਇਸ ਕਰਕੇ ਸੱਚੇ ਮਸੀਹੀਆਂ ਨੂੰ ਪਰਮੇਸ਼ੁਰੀ ਸੰਦੇਸ਼ ਲਈ ਕਿਸੇ ਇਨਸਾਨ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਉਹ ਖ਼ਿਆਲ ਰੱਖਦੇ ਹਨ ਕਿ ਉਹ ਮਨੁੱਖੀ ਰੀਤਾਂ ਨਾਲ ‘ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਨਾ ਕਰ ਦੇਣ।’ ਸਾਡਾ ਰੂਹਾਨੀ ਤੌਰ ਤੇ ਬਹੁਤ ਨੁਕਸਾਨ ਹੋ ਸਕਦਾ ਹੈ ਜੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਥਾਂ ਮਨੁੱਖੀ ਰੀਤਾਂ ਰੱਖੀਏ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।”—ਮੱਤੀ 15:6, 14.

ਕੀ ਕਿਸੇ ਮਸੀਹੀ ਨੂੰ ਬਾਈਬਲ ਵਿਚ ਪਰਮੇਸ਼ੁਰ ਦੀਆਂ ਗੱਲਾਂ ਤੋਂ ਇਲਾਵਾ ਹੋਰ ਕਿਤਿਓਂ ਸੰਦੇਸ਼ ਲੈਣ ਦੀ ਜ਼ਰੂਰਤ ਹੈ? ਨਹੀਂ। ਪਰਕਾਸ਼ ਦੀ ਪੋਥੀ ਪਰਮੇਸ਼ੁਰ ਵੱਲੋਂ ਮਿਲੇ ਬਚਨ ਵਿਚ ਆਪਣੇ ਕੋਲੋਂ ਗੱਲਾਂ ਲਾਉਣ ਦੇ ਵਿਰੁੱਧ ਚੇਤਾਵਨੀ ਦਿੰਦੀ ਹੈ: “ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਓਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ੁਰ ਉਸ ਉੱਤੇ ਵਧਾਵੇਗਾ।”​—ਪਰਕਾਸ਼ ਦੀ ਪੋਥੀ 22:18.

ਮਸੀਹੀ ਸੱਚਾਈ ਪਰਮੇਸ਼ੁਰ ਦੇ ਲਿਖਿਤ ਬਚਨ, ਯਾਨੀ ਬਾਈਬਲ ਵਿਚ ਸਮਾਈ ਹੋਈ ਹੈ। (ਯੂਹੰਨਾ 17:17; 2 ਤਿਮੋਥਿਉਸ 3:16; 2 ਯੂਹੰਨਾ 1-4) ਇਸ ਸੱਚਾਈ ਦੀ ਸਹੀ ਸਮਝ ਹਾਸਲ ਕਰਨ ਲਈ ਦੁਨਿਆਵੀ ਫ਼ਿਲਾਸਫ਼ੀ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਬੰਦਿਆਂ ਦੇ ਸੰਬੰਧ ਵਿਚ ਜਿਨ੍ਹਾਂ ਨੇ ਪਰਮੇਸ਼ੁਰੀ ਸੰਦੇਸ਼ ਨੂੰ ਮਨੁੱਖੀ ਬੁੱਧ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਪੌਲੁਸ ਰਸੂਲ ਦੇ ਸਵਾਲਾਂ ਨੂੰ ਦੁਹਰਾ ਸਕਦੇ ਹਾਂ: “ਕਿੱਥੇ ਬੁੱਧਵਾਨ? ਕਿੱਥੇ ਗ੍ਰੰਥੀ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?”​—1 ਕੁਰਿੰਥੀਆਂ 1:20.

ਇਸ ਤੋਂ ਇਲਾਵਾ, ਸੱਚੀ ਮਸੀਹੀ ਕਲੀਸਿਯਾ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” (1 ਤਿਮੋਥਿਉਸ 3:15) ਕਲੀਸਿਯਾ ਦੇ ਬਜ਼ੁਰਗ ਨਿਗਰਾਨੀ ਕਰਦੇ ਹੋਏ ਆਪਣੀ ਸਿੱਖਿਆ ਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਕਿਸੇ ਵੀ ਵਿਗਾੜ ਨੂੰ ਰੋਕਦੇ ਹਨ। (2 ਤਿਮੋਥਿਉਸ 2:15-18, 25) ਉਹ ਕਲੀਸਿਯਾ ਤੋਂ ‘ਝੂਠੇ ਨਬੀ, ਝੂਠੇ ਗੁਰੂ, ਅਤੇ ਨਾਸ ਕਰਨ ਵਾਲੀਆਂ ਬਿੱਦਤਾਂ’ ਬਾਹਰ ਰੱਖਦੇ ਹਨ। (2 ਪਤਰਸ 2:1) ਰਸੂਲਾਂ ਦੀ ਮੌਤ ਤੋਂ ਬਾਅਦ, ਚਰਚ ਦਿਆਂ ਪਿਤਾਵਾਂ ਨੇ “ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ” ਨੂੰ ਮਸੀਹੀ ਕਲੀਸਿਯਾ ਵਿਚ ਜੜ੍ਹ ਫੜ ਲੈਣ ਦਿੱਤਾ।​—1 ਤਿਮੋਥਿਉਸ 4:1.

ਇਸ ਧਰਮ-ਤਿਆਗ ਦੇ ਨਤੀਜੇ ਅੱਜ ਈਸਾਈ-ਜਗਤ ਵਿਚ ਸਾਫ਼ ਦੇਖੇ ਜਾਂਦੇ ਹਨ। ਇਸ ਦੇ ਵਿਸ਼ਵਾਸਾਂ ਤੇ ਰੀਤ-ਰਿਵਾਜਾਂ ਅਤੇ ਬਾਈਬਲ ਦੀ ਸੱਚਾਈ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਹੈ।

[ਫੁਟਨੋਟ]

^ ਪੈਰਾ 15 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ) ਨਾਂ ਦੇ ਬ੍ਰੋਸ਼ਰ ਵਿਚ ਤ੍ਰਿਏਕ ਦੀ ਸਿੱਖਿਆ ਬਾਰੇ ਚੰਗੀ ਤਰ੍ਹਾਂ ਚਰਚਾ ਕੀਤੀ ਗਈ ਹੈ।

^ ਪੈਰਾ 16 ਆਤਮਾ ਬਾਰੇ ਬਾਈਬਲੀ ਸਿੱਖਿਆ ਦੀ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਵਿੱਚੋਂ ਤਰਕ ਕਰਨਾ (ਅੰਗ੍ਰੇਜ਼ੀ) ਸਫ਼ੇ 98-104 ਅਤੇ 375-80 ਦੇਖੋ।

[ਸਫ਼ੇ 18 ਉੱਤੇ ਡੱਬੀ/​ਤਸਵੀਰ]

ਕੱਪਦੋਕਿਯਾਈ ਪਿਤਾ

ਕਲਿਸਟੋਸ ਨਾਂ ਦੇ ਲੇਖਕ, ਜੋ ਕਿ ਮੱਠਵਾਸੀ ਹੈ, ਨੇ ਲਿਖਿਆ ਕਿ “ਆਰਥੋਡਾਕਸ ਚਰਚ . . . ਚੌਥੀ ਸਦੀ ਦੇ ਲੇਖਕਾਂ ਦਾ ਖ਼ਾਸ ਸਤਿਕਾਰ ਕਰਦਾ ਹੈ, ਅਤੇ ਖ਼ਾਸ ਕਰਕੇ ‘ਤਿੰਨ ਮਹਾਨ ਆਗੂ’ ਕਹਿਲਾਉਣ ਵਾਲਿਆਂ ਦਾ, ਯਾਨੀ ਨਾਜ਼ੀਆਨਜ਼ਸ ਤੋਂ ਗ੍ਰੈਗੋਰੀ, ਬਾਜ਼ਲ ਮਹਾਨ, ਅਤੇ ਜੌਨ ਕ੍ਰਿਸੋਸਟੋਮ।” ਕੀ ਚਰਚ ਦੇ ਇਨ੍ਹਾਂ ਪਿਤਾਵਾਂ ਨੇ ਬਾਈਬਲ ਉੱਤੇ ਆਪਣੀਆਂ ਸਿੱਖਿਆਵਾਂ ਆਧਾਰਿਤ ਕੀਤੀਆਂ ਸਨ? ਬਾਜ਼ਲ ਮਹਾਨ ਦੇ ਸੰਬੰਧ ਵਿਚ ਯੂਨਾਨੀ ਚਰਚ ਦੇ ਪਿਤਾ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਕਹਿੰਦੀ ਹੈ: “ਉਸ ਦੀਆਂ ਲਿਖਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਅਫਲਾਤੂਨ, ਹੋਮਰ, ਇਤਿਹਾਸਕਾਰਾਂ ਅਤੇ ਭਾਸ਼ਣਕਾਰਾਂ ਦਾ ਚੇਲਾ ਸੀ ਅਤੇ ਉਨ੍ਹਾਂ ਨੇ ਉਸ ਉੱਤੇ ਬਹੁਤ ਪ੍ਰਭਾਵ ਪਾਇਆ ਸੀ। . . . ਬਾਜ਼ਲ ‘ਯੂਨਾਨੀ’ ਹੀ ਰਿਹਾ।” ਨਾਜ਼ੀਆਨਜ਼ਸ ਤੋਂ ਗ੍ਰੈਗੋਰੀ ਬਾਰੇ ਵੀ ਇਹੀ ਸੱਚ ਹੈ। “ਉਸ ਦੇ ਭਾਣੇ ਚਰਚ ਦੀ ਜਿੱਤ ਅਤੇ ਉੱਤਮਤਾ ਉਦੋਂ ਹੀ ਸਾਬਤ ਹੋਵੇਗੀ ਜਦੋਂ ਉਹ [ਯੂਨਾਨੀ] ਸਭਿਆਚਾਰ ਦੀਆਂ ਰੀਤਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੇਗਾ।”

ਇਨ੍ਹਾਂ ਤਿੰਨਾਂ ਦੇ ਸੰਬੰਧ ਵਿਚ ਪ੍ਰੋਫ਼ੈਸਰ ਪਾਨਾਯੀਓਟੀਸ ਕੇ. ਕ੍ਰਿਸਟੂ ਨੇ ਕਿਹਾ: “ਜਦ ਕਿ ਉਨ੍ਹਾਂ ਨੇ ਨਵੇਂ ਨੇਮ ਦੇ ਹੁਕਮ ਅਨੁਸਾਰ ਚੱਲਣ ਲਈ ‘ਫ਼ੈਲਸੂਫ਼ੀ ਅਤੇ ਲਾਗ ਲਪੇਟ’ [ਕੁਲੁੱਸੀਆਂ 2:8] ਬਾਰੇ ਕਦੀ-ਕਦੀ ਚੇਤਾਵਨੀ ਦਿੱਤੀ ਸੀ, ਫਿਰ ਵੀ ਉਹ ਆਪ ਬੜੇ ਚਾਹ ਨਾਲ ਫ਼ਿਲਾਸਫ਼ੀਆਂ ਅਤੇ ਇਸ ਦੇ ਅਸੂਲਾਂ ਦੀ ਜਾਂਚ ਕਰਦੇ ਸਨ ਅਤੇ ਦੂਸਰਿਆਂ ਨੂੰ ਵੀ ਇਵੇਂ ਕਰਨ ਲਈ ਸਲਾਹ ਦਿੰਦੇ ਸਨ।” ਇਹ ਬਿਲਕੁਲ ਸਪੱਸ਼ਟ ਹੈ ਕਿ ਆਪਣੇ ਵਿਚਾਰਾਂ ਨੂੰ ਸਹਾਰਾ ਦੇਣ ਲਈ ਚਰਚ ਦੇ ਅਜਿਹੇ ਆਗੂਆਂ ਲਈ ਬਾਈਬਲ ਕਮ ਸੀ। ਕੀ ਇਹ ਹੋ ਸਕਦਾ ਹੈ ਕਿ ਦੂਸਰੀਆਂ ਚੀਜ਼ਾਂ ਤੋਂ ਸਹਾਰਾ ਲੈਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਬਾਈਬਲ ਵਿੱਚੋਂ ਨਹੀਂ ਸਨ? ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ “ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂ ਨਾਲ ਭਰਮਾਏ ਨਾ ਜਾਓ।”​—ਇਬਰਾਨੀਆਂ 13:9.

[ਕ੍ਰੈਡਿਟ ਲਾਈਨ]

© Archivo Iconografico, S.A./​CORBIS

[ਸਫ਼ੇ 20 ਉੱਤੇ ਡੱਬੀ/ਤਸਵੀਰ]

ਐਲੇਕਜ਼ਾਨਡ੍ਰਿਆ ਤੋਂ ਸਿਰਲ ਇਹ ਕਿਹੋ ਜਿਹਾ ਪਾਦਰੀ ਸੀ?

ਚਰਚ ਦਿਆਂ ਪਿਤਾਵਾਂ ਵਿੱਚੋਂ ਐਲੇਕਜ਼ਾਨਡ੍ਰਿਆ ਤੋਂ ਸਿਰਲ (ਲਗਭਗ 375-444 ਸਾ.ਯੁ.) ਕਾਫ਼ੀ ਮਸ਼ਹੂਰ ਸੀ। ਚਰਚ ਦੇ ਇਕ ਇਤਿਹਾਸਕਾਰ ਹਾਨਸ ਵਾਨ ਕਾਂਪਨਹਾਉਜ਼ਨ ਨੇ ਉਸ ਨੂੰ “ਹਠਧਰਮੀ, ਹਿੰਸਕ, ਅਤੇ ਚਲਾਕ” ਸੱਦਿਆ ਕਿਉਂਕਿ “ਉਹ ਆਪਣੇ ਰੱਬੀ ਸੱਦੇ ਦੀ ਮਹਾਨਤਾ ਅਤੇ ਆਪਣੀ ਪਦਵੀ ਦੀ ਸ਼ਾਨ ਦੁਆਰਾ ਪ੍ਰੇਰਿਤ ਸੀ।” ਉਸ ਨੇ ਅੱਗੇ ਕਿਹਾ ਕਿ “ਉਹ ਕਿਸੇ ਵੀ ਚੀਜ਼ ਨੂੰ ਠੀਕ ਨਹੀਂ ਸਮਝਦਾ ਸੀ ਜੇ ਉਸ ਨੂੰ ਉਸ ਤੋਂ ਕੋਈ ਨਿੱਜੀ ਫ਼ਾਇਦਾ ਨਹੀਂ ਮਿਲਦਾ ਜਾਂ ਉਸ ਨੂੰ ਉਸ ਤੋਂ ਹੋਰ ਸ਼ਕਤੀ ਜਾਂ ਅਧਿਕਾਰ ਨਹੀਂ ਮਿਲਦਾ . . . ਉਸ ਦੇ ਕਠੋਰ ਅਤੇ ਬੇਈਮਾਨ ਤਰੀਕਿਆਂ ਨੇ ਉਸ ਦੀ ਜ਼ਮੀਰ ਉੱਤੇ ਕੋਈ ਫ਼ਰਕ ਨਹੀਂ ਪਾਇਆ।” ਜਦੋਂ ਸਿਰਲ ਐਲੇਕਜ਼ਾਨਡ੍ਰਿਆ ਦਾ ਬਿਸ਼ਪ ਸੀ ਤਾਂ ਉਸ ਨੇ ਕਾਂਸਟੈਂਟੀਨੋਪਲ ਦੇ ਬਿਸ਼ਪ ਨੂੰ ਪਦਵੀ ਤੋਂ ਲਾਹੁਣ ਲਈ ਰਿਸ਼ਵਤਖ਼ੋਰੀ ਅਤੇ ਤੁਹਮਤ ਲਗਾਉਣ ਦਾ ਸਹਾਰਾ ਲਿਆ। ਇਹ ਮੰਨਿਆ ਜਾਂਦਾ ਹੈ ਕਿ 415 ਸਾ.ਯੁ. ਵਿਚ ਮਸ਼ਹੂਰ ਫ਼ਿਲਾਸਫ਼ਰ ਹਾਈਪੇਸ਼ੀਆ ਦੇ ਕਤਲ ਲਈ ਉਹੀ ਜ਼ਿੰਮੇਵਾਰ ਸੀ। ਸਿਰਲ ਦੀਆਂ ਧਰਮ-ਸ਼ਾਸਤਰ ਸੰਬੰਧੀ ਲਿਖਤਾਂ ਬਾਰੇ ਕਾਂਪਨਹਾਉਜ਼ਨ ਨੇ ਕਿਹਾ: “ਉਸ ਨੇ ਧਰਮ-ਸੰਬੰਧੀ ਸਵਾਲਾਂ ਬਾਰੇ ਫ਼ੈਸਲੇ ਕਰਨ ਦਾ ਅਜਿਹਾ ਤਰੀਕਾ ਸ਼ੁਰੂ ਕੀਤਾ ਕਿ ਇਨ੍ਹਾਂ ਦੇ ਜਵਾਬ ਸਿਰਫ਼ ਬਾਈਬਲ ਦੇ ਆਧਾਰ ਤੇ ਨਹੀਂ ਪਰ ਹੋਰਨਾਂ ਹਵਾਲਿਆਂ ਅਤੇ ਮਸ਼ਹੂਰ ਮਾਹਰਾਂ ਦੁਆਰਾ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਤੇ ਲੱਭੇ ਜਾਣ।”

[ਸਫ਼ੇ 19 ਉੱਤੇ ਤਸਵੀਰ]

ਜਰੋਮ

[ਕ੍ਰੈਡਿਟ ਲਾਈਨ]

Garo Nalbandian