Skip to content

Skip to table of contents

ਵਿਸ਼ਵ-ਵਿਆਪੀ ਭਾਈਚਾਰਾ ਇਕ ਦੂਜੇ ਦੀ ਮਦਦ ਕਰਦਾ ਹੈ

ਵਿਸ਼ਵ-ਵਿਆਪੀ ਭਾਈਚਾਰਾ ਇਕ ਦੂਜੇ ਦੀ ਮਦਦ ਕਰਦਾ ਹੈ

ਵਿਸ਼ਵ-ਵਿਆਪੀ ਭਾਈਚਾਰਾ ਇਕ ਦੂਜੇ ਦੀ ਮਦਦ ਕਰਦਾ ਹੈ

ਜਿਥੇ ਤਕ ਦੇਖਿਆ ਜਾ ਸਕਦਾ ਹੈ ਬਸ ਲੋਕ ਹੀ ਲੋਕ ਦਿਖਾਈ ਦਿੰਦੇ ਹਨ। ਅਨੇਕ ਸਿਆਣੇ ਹਨ, ਜਿਨ੍ਹਾਂ ਵਿੱਚੋਂ ਕਈ ਇੰਨੇ ਅਪਾਹਜ ਹਨ ਕਿ ਉਨ੍ਹਾਂ ਕੋਲੋਂ ਮਸਾਂ ਹੀ ਤੁਰ ਹੁੰਦਾ ਹੈ। ਗਰਭਵਤੀ ਔਰਤਾਂ ਵੀ ਹਨ ਅਤੇ ਜਵਾਨ ਜੋੜੇ ਜੋ ਛੋਟੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ। ਇਹ ਸਾਰੇ ਆਦਮੀ, ਔਰਤਾਂ, ਅਤੇ ਬੱਚੇ ਰਫਿਊਜੀ ਹਨ, ਜਿਨ੍ਹਾਂ ਨੂੰ ਘਰੇਲੂ ਯੁੱਧ, ਕੁਦਰਤੀ ਆਫ਼ਤਾਂ, ਜਾਂ ਹੋਰ ਮੁਸ਼ਕਲਾਂ ਕਰਕੇ ਆਪਣਿਆਂ ਘਰਾਂ ਨੂੰ ਛੱਡ ਕੇ ਗੁਆਂਢ ਦੇ ਦੇਸ਼ ਵਿਚ ਭੱਜਣਾ ਪਿਆ ਹੈ। ਕਈਆਂ ਨੂੰ ਵਾਰ-ਵਾਰ ਇਸ ਤਰ੍ਹਾਂ ਕਰਨਾ ਪਿਆ ਹੈ। ਘਰੇਲੂ ਗੜਬੜ ਜਾਂ ਕੁਦਰਤੀ ਆਫ਼ਤ ਦੇ ਸ਼ੁਰੂ ਹੋਣ ਤੇ ਹੀ ਉਹ ਕੁਝ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਕੇ ਆਪਣੇ ਨਿਆਣਿਆਂ ਨਾਲ ਕਿਸੇ ਸੁਰੱਖਿਅਤ ਜਗ੍ਹਾ ਨੂੰ ਭੱਜਦੇ ਹਨ। ਫਿਰ ਜਦੋਂ ਹਾਲਾਤ ਠੀਕ ਹੋ ਜਾਂਦੇ ਹਨ, ਕਈ ਰਫਿਊਜੀ ਆਪਣੇ ਘਰ ਦੁਬਾਰਾ ਬਣਾਉਣ ਲਈ ਵਾਪਸ ਮੁੜ ਜਾਂਦੇ ਹਨ।

ਸਾਲਾਂ ਦੌਰਾਨ ਮੱਧ ਅਫ਼ਰੀਕਨ ਗਣਰਾਜ ਨੇ ਕਈਆਂ ਦੇਸ਼ਾਂ ਤੋਂ ਆਏ ਰਫਿਊਜੀਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਹਾਲ ਹੀ ਵਿਚ, ਹਜ਼ਾਰਾਂ ਹੀ ਲੋਕਾਂ ਸਮੇਤ ਯਹੋਵਾਹ ਦੇ ਗਵਾਹਾਂ ਨੂੰ ਯੁੱਧ ਕਰਕੇ ਕਾਂਗੋ ਲੋਕਤੰਤਰੀ ਗਣਰਾਜ ਤੋਂ ਭੱਜ ਕੇ ਮੱਧ ਅਫ਼ਰੀਕਨ ਗਣਰਾਜ ਨੂੰ ਜਾਣਾ ਪਿਆ ਹੈ, ਜਿੱਥੇ ਕੁਝ ਹੱਦ ਤਕ ਸ਼ਾਂਤੀ ਸੀ।

ਭਰਾ ਮਦਦ ਕਰਦੇ ਹਨ

ਮੱਧ ਅਫ਼ਰੀਕਨ ਗਣਰਾਜ ਦੇ ਗਵਾਹ ਭਰਾਵਾਂ ਦੀ ਮਦਦ ਕਰਨੀ ਇਕ ਵਿਸ਼ੇਸ਼-ਸਨਮਾਨ ਸਮਝਦੇ ਹਨ। ਰਫਿਊਜੀ ਭਰਾਵਾਂ ਦੇ ਰਹਿਣ ਲਈ ਠਿਕਾਣਿਆਂ ਦਾ ਇੰਤਜ਼ਾਮ ਕੀਤਾ ਗਿਆ। ਪਹਿਲਾਂ ਤਾਂ ਭਰਾਵਾਂ ਦਿਆਂ ਘਰਾਂ ਵਿਚ ਕਮਰੇ ਮਿਲ ਗਏ ਸਨ, ਪਰ ਜਿਉਂ ਹੀ ਰਫਿਊਜੀਆਂ ਦੀ ਗਿਣਤੀ ਵਧਦੀ ਗਈ ਇਹ ਜ਼ਾਹਰ ਹੋਇਆ ਕਿ ਇਸ ਨਾਲੋਂ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਸੀ। ਕੁਝ ਕਿੰਗਡਮ ਹਾਲਾਂ ਵਿਚ ਥੋੜ੍ਹੇ ਚਿਰ ਲਈ ਰਹਿਣ ਵਾਸਤੇ ਇਨ੍ਹਾਂ ਭਰਾਵਾਂ ਲਈ ਜਗ੍ਹਾ ਬਣਾਈ ਗਈ ਸੀ। ਉੱਥੇ ਦੇ ਗਵਾਹਾਂ ਨੇ ਖ਼ੁਸ਼ੀ ਨਾਲ ਹੋਰ ਬੱਤੀਆਂ ਤੇ ਪਾਣੀ ਦੇ ਪਾਈਪ ਲਗਾਉਣ, ਅਤੇ ਫ਼ਰਸ਼ ਉੱਤੇ ਸੀਮਿੰਟ ਲਿੱਪਣ ਦਾ ਕੰਮ ਕੀਤਾ ਤਾਂਕਿ ਭਰਾ ਉੱਥੇ ਆਰਾਮ ਨਾਲ ਰਹਿ ਸਕਣ। ਭਰਾਵਾਂ ਨਾਲ ਇਸ ਕੰਮ ਵਿਚ ਰਫਿਊਜੀਆਂ ਨੇ ਵੀ ਹੱਥ ਵਟਾਇਆ। ਲਿੰਗਾਲਾ ਭਾਸ਼ਾ ਵਿਚ ਮਸੀਹੀ ਸਭਾਵਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਤਾਂਕਿ ਮਹਿਮਾਨਾਂ ਨੂੰ ਰੂਹਾਨੀ ਤੌਰ ਤੇ ਜ਼ਰੂਰੀ ਖ਼ੁਰਾਕ ਮਿਲਦੀ ਰਹੇ। ਸਥਾਨਕ ਗਵਾਹਾਂ ਨੇ ਰਫਿਊਜੀ ਭਰਾਵਾਂ ਨਾਲ ਮਿਲ ਕੇ ਕੰਮ ਕੀਤਾ, ਅਤੇ ਇਸ ਤੋਂ ਵਿਸ਼ਵ-ਵਿਆਪੀ ਭਾਈਚਾਰੇ ਦੀ ਅਸਲੀਅਤ ਜ਼ਾਹਰ ਹੋਈ।

ਕਈ ਰਫਿਊਜੀ ਆਪਣੇ ਪਰਿਵਾਰਾਂ ਤੋਂ ਜੁਦੇ ਹੋ ਗਏ ਸਨ। ਪਰ ਕਦੇ-ਕਦੇ ਉਹ ਆਪਣੀ ਮੰਜ਼ਲ ਤੇ ਪਹੁੰਚ ਕੇ ਦੁਬਾਰਾ ਮਿਲਦੇ ਸਨ। ਹਰ ਕਿੰਗਡਮ ਹਾਲ ਵਿਚ ਉਨ੍ਹਾਂ ਸਾਰਿਆਂ ਦੀ ਇਕ ਲਿਸਟ ਬਣਾਈ ਗਈ ਸੀ ਜੋ ਉੱਥੇ ਆ ਪਹੁੰਚੇ ਸਨ। ਜੋ ਲਾਪਤਾ ਸਨ ਉਨ੍ਹਾਂ ਨੂੰ ਲੱਭਣ ਲਈ ਪ੍ਰਬੰਧ ਕੀਤੇ ਗਏ ਸਨ। ਬ੍ਰਾਂਚ ਆਫਿਸ ਨੇ, ਜੋ ਦੇਸ਼ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ, ਰਸਤੇ ਵਿਚ ਆ ਰਹੇ ਗਵਾਹਾਂ ਦੀ ਮਦਦ ਕਰਨ ਲਈ ਅਤੇ ਦੂਸਰਿਆਂ ਨੂੰ ਲੱਭਣ ਲਈ ਹਰ ਦਿਨ ਤਿੰਨ ਗੱਡੀਆਂ ਘੱਲੀਆਂ। ਇਨ੍ਹਾਂ ਗੱਡੀਆਂ ਉੱਤੇ ਇਕ ਵੱਡਾ ਸਾਈਨ ਲਾਇਆ ਹੋਇਆ ਸੀ, “ਵਾਚਟਾਵਰ—ਯਹੋਵਾਹ ਦੇ ਗਵਾਹ।”

ਆਪਣਿਆਂ ਮਾਪਿਆਂ ਤੋਂ ਅੱਡ ਹੋਏ ਸੱਤ ਰਫਿਊਜੀ ਬੱਚਿਆਂ ਦੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੀ ਇਕ ਵੈਨ ਦੇਖੀ। ਉਹ ਛੇਤੀ ਨਾਲ ਵੈਨ ਵੱਲ ਦੌੜੇ ਅਤੇ ਉਨ੍ਹਾਂ ਨੇ ਭਰਾਵਾਂ ਨੂੰ ਦੱਸਿਆ ਕਿ ਉਹ ਗਵਾਹ ਸਨ। ਭਰਾਵਾਂ ਨੇ ਵੈਨ ਵਿਚ ਚੜ੍ਹਨ ਲਈ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਕਿੰਗਡਮ ਹਾਲ ਲੈ ਗਏ ਜਿੱਥੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਦੁਬਾਰਾ ਮਿਲਾਇਆ ਗਿਆ।

ਵਾਰ-ਵਾਰ ਅਜਿਹਿਆਂ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਇਨ੍ਹਾਂ ਨੇਕ ਮਸੀਹੀਆਂ ਦੀ ਕਿਸ ਗੱਲ ਨੇ ਮਦਦ ਕੀਤੀ ਹੈ? ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ।​—2 ਤਿਮੋਥਿਉਸ 3:1-5; ਪਰਕਾਸ਼ ਦੀ ਪੋਥੀ 6:3-8.

ਇਸ ਲਈ ਉਹ ਜਾਣਦੇ ਹਨ ਕਿ ਯਹੋਵਾਹ ਪਰਮੇਸ਼ੁਰ ਬਹੁਤ ਜਲਦੀ ਲੜਾਈਆਂ, ਨਫ਼ਰਤ, ਹਿੰਸਾ, ਅਤੇ ਝਗੜਿਆਂ ਨੂੰ ਖ਼ਤਮ ਕਰੇਗਾ। ਕੋਈ ਰਫਿਊਜੀ ਨਹੀਂ ਹੋਣਗੇ। ਉਸ ਸਮੇਂ ਦੀ ਉਡੀਕ ਕਰਦੇ ਹੋਏ, 1 ਕੁਰਿੰਥੀਆਂ 12:14-26 ਵਿਚ ਪਾਈ ਜਾਂਦੀ ਪੌਲੁਸ ਰਸੂਲ ਦੀ ਸਲਾਹ ਅਨੁਸਾਰ, ਯਹੋਵਾਹ ਦੇ ਗਵਾਹ ਇਕ ਦੂਜੇ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਭਾਵੇਂ ਕਿ ਉਹ ਦਰਿਆਵਾਂ, ਸਰਹੱਦਾਂ, ਭਾਸ਼ਾਵਾਂ, ਅਤੇ ਦੂਰੀ ਕਰਕੇ ਅੱਡ ਹਨ, ਉਹ ਫਿਰ ਵੀ ਇਕ ਦੂਜੇ ਦੀ ਚਿੰਤਾ ਕਰਦੇ ਹਨ ਅਤੇ ਜ਼ਰੂਰਤ ਪੈਣ ਤੇ ਜਲਦੀ ਮਦਦ ਕਰਨ ਲਈ ਹਾਜ਼ਰ ਹੁੰਦੇ ਹਨ।​—ਯਾਕੂਬ 1:22-27.

[ਸਫ਼ੇ 30 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅਫ਼ਰੀਕਾ

ਮੱਧ ਅਫ਼ਰੀਕਨ ਗਣਰਾਜ

ਕਾਂਗੋ ਲੋਕਤੰਤਰੀ ਗਣਰਾਜ

[ਕ੍ਰੈਡਿਟ ਲਾਈਨ]

Mountain High Maps® Copyright © 1997 Digital Wisdom, Inc.

[ਸਫ਼ੇ 30 ਉੱਤੇ ਤਸਵੀਰਾਂ]

ਤਿੰਨ ਕਿੰਗਡਮ ਹਾਲ ਮਹਿਮਾਨਾਂ ਦਾ ਸੁਆਗਤ ਕਰਨ ਲਈ ਵਰਤੇ ਗਏ ਸਨ

[ਸਫ਼ੇ 31 ਉੱਤੇ ਤਸਵੀਰ]

ਰਸੋਈ ਦੇ ਪ੍ਰਬੰਧ ਜਲਦੀ ਕੀਤੇ ਗਏ ਸਨ

[ਸਫ਼ੇ 31 ਉੱਤੇ ਤਸਵੀਰ]

ਰਫਿਊਜੀਆਂ ਦੀ ਗਿਣਤੀ ਵਧਦੀ ਗਈ

[ਸਫ਼ੇ 31 ਉੱਤੇ ਤਸਵੀਰਾਂ]

ਨਵੇਂ ਜੰਮੇ ਬੱਚੇ ਵੀ ਰਫਿਊਜੀ ਬਣੇ