ਕੀ ਤੁਸੀਂ “ਸਮੇਂ ਨੂੰ ਲਾਭਦਾਇਕ” ਬਣਾ ਰਹੇ ਹੋ?
ਕੀ ਤੁਸੀਂ “ਸਮੇਂ ਨੂੰ ਲਾਭਦਾਇਕ” ਬਣਾ ਰਹੇ ਹੋ?
ਪੌਲੁਸ ਰਸੂਲ ਨੇ ਅਫ਼ਸੁਸ ਵਿਚ ਪਹਿਲੀ ਸਦੀ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” (ਅਫ਼ਸੀਆਂ 5:15, 16) ਉਨ੍ਹਾਂ ਨੂੰ ਇਹ ਚੇਤਾਵਨੀ ਦੇਣੀ ਕਿਉਂ ਜ਼ਰੂਰੀ ਸੀ? ਇਸ ਸਵਾਲ ਦੇ ਜਵਾਬ ਲਈ ਉਸ ਪੁਰਾਣੇ ਸ਼ਹਿਰ ਦੇ ਹਾਲਾਤਾਂ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ ਜਿਨ੍ਹਾਂ ਦਾ ਉੱਥੋਂ ਦੇ ਮਸੀਹੀ ਸਾਮ੍ਹਣਾ ਕਰ ਰਹੇ ਸਨ।
ਅਫ਼ਸੁਸ ਆਪਣੀ ਬੇਸ਼ੁਮਾਰ ਧਨ-ਦੌਲਤ, ਘੋਰ ਅਨੈਤਿਕਤਾ, ਬੇਮੁਹਾਰੇ ਅਪਰਾਧਾਂ ਤੇ ਕਈ ਤਰ੍ਹਾਂ ਦੇ ਪ੍ਰੇਤਵਾਦੀ ਕੰਮਾਂ ਲਈ ਮਸ਼ਹੂਰ ਸੀ। ਇਸ ਤੋਂ ਇਲਾਵਾ, ਉੱਥੋਂ ਦੇ ਮਸੀਹੀਆਂ ਨੂੰ ਸਮੇਂ ਬਾਰੇ ਫ਼ਲਸਫ਼ਿਆਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਸੀ। ਕਹਿਣ ਦਾ ਮਤਲਬ ਹੈ ਕਿ ਅਫ਼ਸੁਸ ਵਿਚ ਰਹਿੰਦੇ ਗ਼ੈਰ-ਮਸੀਹੀ ਯੂਨਾਨੀ ਇਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਸਮਾਂ ਇੱਕੋ ਦਿਸ਼ਾ ਵਿਚ ਚੱਲਦਾ ਹੈ। ਯੂਨਾਨੀ ਫ਼ਲਸਫ਼ਿਆਂ ਅਨੁਸਾਰ, ਜੰਮਣ-ਮਰਨ ਦੁਆਰਾ ਜ਼ਿੰਦਗੀ ਦਾ ਚੱਕਰ ਚੱਲਦਾ ਹੀ ਰਹਿੰਦਾ ਸੀ। ਜਿਹੜਾ ਇਨਸਾਨ ਇਕ ਜਨਮ ਵਿਚ ਆਪਣਾ ਸਮਾਂ ਫ਼ਜ਼ੂਲ ਗੁਆ ਦਿੰਦਾ ਹੈ, ਉਹ ਇਸ ਸਮੇਂ ਨੂੰ ਅਗਲੇ ਜਨਮ ਵਿਚ ਫਿਰ ਤੋਂ ਹਾਸਲ ਕਰ ਸਕਦਾ ਸੀ। ਜੇ ਅਫ਼ਸੁਸ ਦੇ ਮਸੀਹੀ ਅਜਿਹੇ ਫ਼ਲਸਫ਼ਿਆਂ ਵੱਲ ਧਿਆਨ ਦੇਣ ਲੱਗ ਪੈਂਦੇ, ਤਾਂ ਉਹ ਪਰਮੇਸ਼ੁਰ ਦੇ ਨਿਆਂ ਅਤੇ ਹੋਰ ਘਟਨਾਵਾਂ ਸੰਬੰਧੀ ਯਹੋਵਾਹ ਦੀ ਸਮਾਂ-ਸਾਰਣੀ ਬਾਰੇ ਲਾਪਰਵਾਹ ਹੋ ਸਕਦੇ ਸਨ। ਇਸ ਲਈ, “ਸਮੇਂ ਨੂੰ ਲਾਭਦਾਇਕ” ਬਣਾਉਣ ਬਾਰੇ ਯਾਨੀ ਕਿ ਸਮੇਂ ਦਾ ਲਾਹਾ ਲੈਣ ਬਾਰੇ ਪੌਲੁਸ ਦੀ ਚੇਤਾਵਨੀ ਬਿਲਕੁਲ ਢੁਕਵੀਂ ਸੀ।
ਸਮੇਂ ਬਾਰੇ ਪੌਲੁਸ ਸਾਧਾਰਣ ਅਰਥ ਵਿਚ ਗੱਲ ਨਹੀਂ ਕਰ ਰਿਹਾ ਸੀ। ਉਸ ਨੇ ਜਿਹੜਾ ਯੂਨਾਨੀ ਸ਼ਬਦ ਵਰਤਿਆ, ਉਹ ਸ਼ਬਦ ਇਕ ਠਹਿਰਾਏ ਹੋਏ ਸਮੇਂ ਯਾਨੀ, ਇਕ ਖ਼ਾਸ ਮਕਸਦ ਨੂੰ ਪੂਰਾ ਕਰਨ ਲਈ ਰੱਖੇ ਗਏ ਸੀਮਿਤ ਸਮੇਂ ਨੂੰ ਦਰਸਾਉਂਦਾ ਹੈ। ਪੌਲੁਸ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਹ ਚੇਤਾਵਨੀ ਦੇ ਰਿਹਾ ਸੀ ਕਿ ਜਦੋਂ ਤਕ ਹਾਲਾਤ ਚੰਗੇ ਹਨ, ਉਹ ਆਪਣੇ ਲਾਭਦਾਇਕ ਸਮੇਂ ਦਾ ਅਕਲਮੰਦੀ ਨਾਲ ਇਸਤੇਮਾਲ ਕਰਨ, ਅਜਿਹਾ ਨਾ ਹੋਵੇ ਕਿ ਇਹ ਸਮਾਂ ਖੁੰਝ ਜਾਵੇ ਤੇ ਪਰਮੇਸ਼ੁਰੀ ਦਇਆ ਤੇ ਮੁਕਤੀ ਦਾ ਮੌਕਾ ਉਨ੍ਹਾਂ ਦੇ ਹੱਥੋਂ ਨਿਕਲ ਜਾਵੇ।—ਰੋਮੀਆਂ 13:11-13; 1 ਥੱਸਲੁਨੀਕੀਆਂ 5:6-11.
ਅੱਜ ਅਸੀਂ ਵੀ ਉਸ ਜ਼ਮਾਨੇ ਵਾਂਗ ਲਾਭਦਾਇਕ ਸਮੇਂ ਵਿਚ ਜੀ ਰਹੇ ਹਾਂ। ਕਿਉਂਕਿ ਇਹ ਸਮਾਂ ਦੁਬਾਰਾ ਹੱਥ ਨਹੀਂ ਆਏਗਾ, ਇਸ ਲਈ ਮਸੀਹੀਆਂ ਨੂੰ ਇਸ ਦੁਨੀਆਂ ਵੱਲੋਂ ਪੇਸ਼ ਕੀਤੇ ਜਾਂਦੇ ਥੋੜ੍ਹੇ ਸਮੇਂ ਦੇ ਐਸ਼ੋ-ਆਰਾਮ ਦਾ ਪਿੱਛਾ ਕਰਨ ਵਿਚ ਆਪਣਾ ਸਮਾਂ ਫ਼ਜ਼ੂਲ ਨਹੀਂ ਗੁਆਉਣਾ ਚਾਹੀਦਾ। ਇਸ ਦੀ ਬਜਾਇ, ਉਨ੍ਹਾਂ ਨੂੰ ਅਕਲਮੰਦੀ ਨਾਲ ‘ਭਗਤੀ ਦਿਆਂ ਕੰਮਾਂ’ ਵਿਚ ਆਪਣੇ ਸਮੇਂ ਦਾ ਚੰਗਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਹ ਆਪਣੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਉਂਦੇ ਹਨ।—2 ਪਤਰਸ 3:11, ਨਿ ਵ; ਜ਼ਬੂਰ 73:28; ਫ਼ਿਲਿੱਪੀਆਂ 1:10.