Skip to content

Skip to table of contents

ਖ਼ੁਸ਼ਦਿਲ ਪਰਮੇਸ਼ੁਰ ਨਾਲ ਮਿਲ ਕੇ ਆਨੰਦ ਕਰੋ

ਖ਼ੁਸ਼ਦਿਲ ਪਰਮੇਸ਼ੁਰ ਨਾਲ ਮਿਲ ਕੇ ਆਨੰਦ ਕਰੋ

ਖ਼ੁਸ਼ਦਿਲ ਪਰਮੇਸ਼ੁਰ ਨਾਲ ਮਿਲ ਕੇ ਆਨੰਦ ਕਰੋ

“ਮੁਕਦੀ ਗੱਲ ਹੇ ਭਰਾਵੋ, ਅਨੰਦ ਰਹੋ, . . . ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।”​—2 ਕੁਰਿੰਥੀਆਂ 13:11.

1, 2. (ੳ) ਅੱਜ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਆਨੰਦ ਕਿਉਂ ਨਹੀਂ ਮਿਲਦਾ? (ਅ) ਆਨੰਦ ਕੀ ਹੈ ਅਤੇ ਅਸੀਂ ਆਨੰਦ ਕਿਵੇਂ ਮਨਾ ਸਕਦੇ ਹਾਂ?

ਇਨ੍ਹਾਂ ਮੁਸ਼ਕਲ ਸਮਿਆਂ ਵਿਚ ਬਹੁਤ ਸਾਰੇ ਲੋਕ ਖ਼ੁਸ਼ ਨਹੀਂ ਹਨ। ਜਦੋਂ ਉਨ੍ਹਾਂ ਉੱਤੇ ਜਾਂ ਉਨ੍ਹਾਂ ਦੇ ਪਿਆਰਿਆਂ ਉੱਤੇ ਕੋਈ ਬਿਪਤਾ ਆਉਂਦੀ ਹੈ, ਤਾਂ ਉਹ ਪੁਰਾਣੇ ਸਮੇਂ ਦੇ ਅੱਯੂਬ ਵਾਂਗ ਮਹਿਸੂਸ ਕਰਦੇ ਹਨ, ਜਿਸ ਨੇ ਕਿਹਾ ਸੀ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਮਸੀਹੀਆਂ ਉੱਤੇ ਵੀ ਇਸ “ਭੈੜੇ ਸਮੇਂ” ਕਾਰਨ ਤਣਾਅ ਅਤੇ ਦਬਾਅ ਆਉਂਦੇ ਹਨ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਕਈ ਵਾਰ ਨਿਰਾਸ਼ ਹੋ ਜਾਂਦੇ ਹਨ।​—2 ਤਿਮੋਥਿਉਸ 3:1.

2 ਪਰ ਮਸੀਹੀ ਮੁਸ਼ਕਲ ਸਮਿਆਂ ਵਿਚ ਵੀ ਆਨੰਦ ਮਨਾ ਸਕਦੇ ਹਨ। (ਰਸੂਲਾਂ ਦੇ ਕਰਤੱਬ 5:40, 41) ਇਹ ਜਾਣਨ ਲਈ ਕਿ ਇਹ ਕਿੱਦਾਂ ਹੋ ਸਕਦਾ ਹੈ ਆਓ ਆਪਾਂ ਪਹਿਲਾਂ ਦੇਖੀਏ ਕਿ ਆਨੰਦ ਕੀ ਹੁੰਦਾ ਹੈ। ਆਨੰਦ “ਉਹ ਭਾਵਨਾ ਹੈ ਜੋ ਕਿਸੇ ਚੰਗੀ ਚੀਜ਼ ਦੀ ਆਸ ਜਾਂ ਪ੍ਰਾਪਤੀ ਕਰਕੇ ਪੈਦਾ ਹੁੰਦੀ ਹੈ।” * ਇਸ ਲਈ ਜੇ ਆਪਾਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਮਿਲਣ ਵਾਲੀਆਂ ਬਰਕਤਾਂ ਅਤੇ ਅੱਜ ਜੋ ਬਰਕਤਾਂ ਸਾਨੂੰ ਮਿਲੀਆਂ ਹਨ, ਉਨ੍ਹਾਂ ਉੱਤੇ ਵਿਚਾਰ ਕਰੀਏ, ਤਾਂ ਅਸੀਂ ਆਨੰਦ ਮਨਾ ਸਕਦੇ ਹਾਂ।

3. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਹਰ ਇਨਸਾਨ ਕੋਲ ਆਨੰਦ ਮਨਾਉਣ ਦਾ ਕਾਰਨ ਹੈ?

3 ਹਰ ਇਨਸਾਨ ਨੂੰ ਜ਼ਿੰਦਗੀ ਵਿਚ ਕੁਝ ਅਜਿਹੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਲਈ ਉਹ ਸ਼ੁਕਰਗੁਜ਼ਾਰ ਹੋ ਸਕਦਾ ਹੈ। ਮੰਨ ਲਓ ਕਿਸੇ ਬੰਦੇ ਦੀ ਨੌਕਰੀ ਚਲੀ ਜਾਂਦੀ ਹੈ। ਇਸ ਕਾਰਨ ਉਸ ਲਈ ਚਿੰਤਾ ਕਰਨੀ ਸੁਭਾਵਕ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ। ਪਰ, ਜੇ ਉਹ ਤਕੜਾ ਤੇ ਤੰਦਰੁਸਤ ਹੈ, ਤਾਂ ਇਸ ਕਰਕੇ ਉਸ ਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਜੇ ਉਸ ਨੂੰ ਕੋਈ ਨੌਕਰੀ ਮਿਲ ਜਾਂਦੀ ਹੈ, ਤਾਂ ਉਹ ਮਿਹਨਤ ਕਰ ਸਕੇਗਾ। ਜਾਂ ਫ਼ਰਜ਼ ਕਰੋ ਕਿਸੇ ਮਸੀਹੀ ਤੀਵੀਂ ਨੂੰ ਅਚਾਨਕ ਕੋਈ ਭਿਆਨਕ ਬਿਮਾਰੀ ਲੱਗ ਜਾਂਦੀ ਹੈ। ਪਰ ਉਹ ਆਤਮ-ਸਨਮਾਨ ਤੇ ਹੌਸਲੇ ਨਾਲ ਬੀਮਾਰੀ ਦਾ ਸਾਮ੍ਹਣਾ ਕਰਨ ਲਈ ਆਪਣੇ ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਲਈ ਸ਼ੁਕਰਗੁਜ਼ਾਰ ਹੋ ਸਕਦੀ ਹੈ। ਅਤੇ ਮਸੀਹੀਆਂ ਦੇ ਹਾਲਾਤ ਭਾਵੇਂ ਕਿੱਦਾਂ ਦੇ ਵੀ ਹੋਣ, ਉਹ ਸਾਰੇ ਇਸ ਸਨਮਾਨ ਕਰਕੇ ਆਨੰਦਿਤ ਹੋ ਸਕਦੇ ਹਨ ਕਿ ਉਹ “ਪਰਮਧੰਨ ਪਰਮੇਸ਼ੁਰ” ਯਹੋਵਾਹ ਅਤੇ ‘ਧੰਨ ਅਤੇ ਅਦੁਤੇ ਸ਼ਕਤੀਮਾਨ’ ਯਿਸੂ ਮਸੀਹ ਨੂੰ ਜਾਣਦੇ ਹਨ। (1 ਤਿਮੋਥਿਉਸ 1:11; 6:15) ਜੀ ਹਾਂ, ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੋਵੇਂ ਬੇਹੱਦ ਖ਼ੁਸ਼ ਹਨ। ਭਾਵੇਂ ਕਿ ਅੱਜ ਧਰਤੀ ਉੱਤੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਹਨ ਜਿਸ ਤਰ੍ਹਾਂ ਦੇ ਯਹੋਵਾਹ ਨੇ ਸ਼ੁਰੂ ਵਿਚ ਚਾਹੇ ਸਨ, ਪਰ ਇਸ ਸਭ ਦੇ ਬਾਵਜੂਦ ਯਹੋਵਾਹ ਤੇ ਯਿਸੂ ਨੇ ਆਪਣੇ ਆਨੰਦ ਨੂੰ ਬਣਾਈ ਰੱਖਿਆ ਹੈ। ਉਨ੍ਹਾਂ ਦੀ ਮਿਸਾਲ ਸਾਨੂੰ ਆਪਣੇ ਆਨੰਦ ਨੂੰ ਬਣਾਈ ਰੱਖਣ ਸੰਬੰਧੀ ਬਹੁਤ ਕੁਝ ਸਿਖਾ ਸਕਦੀ ਹੈ।

ਉਨ੍ਹਾਂ ਨੇ ਆਪਣਾ ਆਨੰਦ ਕਦੀ ਨਹੀਂ ਗੁਆਇਆ

4, 5. (ੳ) ਜਦੋਂ ਪਹਿਲੇ ਇਨਸਾਨੀ ਜੋੜੇ ਨੇ ਬਗਾਵਤ ਕੀਤੀ ਸੀ, ਤਾਂ ਯਹੋਵਾਹ ਨੇ ਕੀ ਕੀਤਾ? (ਅ) ਯਹੋਵਾਹ ਨੇ ਇਨਸਾਨਜਾਤੀ ਦੇ ਪ੍ਰਤੀ ਕਿਵੇਂ ਇਕ ਚੰਗਾ ਰਵੱਈਆ ਰੱਖਿਆ?

4 ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਚੰਗੀ ਸਰੀਰਕ ਤੇ ਮਾਨਸਿਕ ਸਿਹਤ ਦਾ ਆਨੰਦ ਮਾਣਦੇ ਸਨ। ਉਨ੍ਹਾਂ ਕੋਲ ਫ਼ਾਇਦੇਮੰਦ ਕੰਮ ਸੀ ਅਤੇ ਹਰ ਜਗ੍ਹਾ ਮਾਹੌਲ ਵੀ ਚੰਗਾ ਸੀ ਜਿਸ ਵਿਚ ਉਹ ਖ਼ੁਸ਼ੀ ਨਾਲ ਆਪਣਾ ਕੰਮ ਕਰ ਸਕਦੇ ਸਨ। ਇਸ ਤੋਂ ਵੀ ਵਧੀਆ ਗੱਲ, ਉਹ ਯਹੋਵਾਹ ਨਾਲ ਸਿੱਧੇ ਤੌਰ ਤੇ ਗੱਲ ਕਰ ਸਕਦੇ ਸਨ। ਪਰਮੇਸ਼ੁਰ ਦਾ ਮਕਸਦ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ। ਪਰ ਸਾਡੇ ਪਹਿਲੇ ਮਾਤਾ-ਪਿਤਾ ਇਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਤੋਂ ਸੰਤੁਸ਼ਟ ਨਹੀਂ ਹੋਏ; ਇਸ ਲਈ ਉਨ੍ਹਾਂ ਨੇ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਦੇ ਮਨ੍ਹਾ ਕੀਤੇ ਹੋਏ ਫਲ ਨੂੰ ਚੋਰੀ ਖਾ ਲਿਆ। ਇਸ ਅਣਆਗਿਆਕਾਰੀ ਕਰਕੇ ਉਹ ਸਾਰੇ ਦੁੱਖ ਸ਼ੁਰੂ ਹੋਏ ਜੋ ਅੱਜ ਉਨ੍ਹਾਂ ਦੀ ਸੰਤਾਨ ਯਾਨੀ ਅਸੀਂ ਝੱਲ ਰਹੇ ਹਾਂ।​—ਉਤਪਤ 2:15-17; 3:6; ਰੋਮੀਆਂ 5:12.

5 ਪਰ ਯਹੋਵਾਹ ਨੇ ਆਦਮ ਅਤੇ ਹੱਵਾਹ ਦੇ ਨਾਸ਼ੁਕਰੇ ਰਵੱਈਏ ਕਰਕੇ ਆਪਣਾ ਆਨੰਦ ਨਹੀਂ ਗੁਆਇਆ। ਉਸ ਨੂੰ ਪੂਰਾ ਭਰੋਸਾ ਸੀ ਕਿ ਉਨ੍ਹਾਂ ਦੀ ਸੰਤਾਨ ਵਿੱਚੋਂ ਕੁਝ ਲੋਕ ਉਸ ਦੀ ਸੇਵਾ ਜ਼ਰੂਰ ਕਰਨਗੇ। ਅਸਲ ਵਿਚ ਉਸ ਨੂੰ ਇੰਨਾ ਭਰੋਸਾ ਸੀ ਕਿ ਉਸ ਨੇ ਆਦਮ ਤੇ ਹੱਵਾਹ ਦੀ ਆਗਿਆਕਾਰੀ ਸੰਤਾਨ ਨੂੰ ਮੁਕਤੀ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਉਦੋਂ ਹੀ ਕਰ ਦਿੱਤਾ ਜਦੋਂ ਅਜੇ ਆਦਮ ਤੇ ਹੱਵਾਹ ਦੇ ਕੋਈ ਵੀ ਬੱਚਾ ਪੈਦਾ ਨਹੀਂ ਹੋਇਆ ਸੀ! (ਉਤਪਤ 1:31; 3:15) ਇਸ ਤੋਂ ਬਾਅਦ ਦੀਆਂ ਸਦੀਆਂ ਦੌਰਾਨ ਜ਼ਿਆਦਾਤਰ ਲੋਕ ਆਦਮ ਤੇ ਹੱਵਾਹ ਦੀ ਪੈੜ ਤੇ ਚੱਲੇ, ਪਰ ਇੰਨੇ ਸਾਰੇ ਲੋਕ ਅਣਆਗਿਆਕਾਰ ਹੋਣ ਦੇ ਬਾਵਜੂਦ ਵੀ ਯਹੋਵਾਹ ਨੇ ਇਨਸਾਨੀ ਪਰਿਵਾਰ ਤੋਂ ਆਪਣਾ ਮੂੰਹ ਨਹੀਂ ਫੇਰਿਆ। ਇਸ ਦੀ ਬਜਾਇ ਉਸ ਨੇ ਉਨ੍ਹਾਂ ਆਦਮੀਆਂ ਤੇ ਤੀਵੀਆਂ ਵੱਲ ਧਿਆਨ ਦਿੱਤਾ ਜਿਨ੍ਹਾਂ ਨੇ ‘ਉਸ ਦੇ ਜੀ ਨੂੰ ਅਨੰਦ ਕੀਤਾ’ ਅਤੇ ਜਿਨ੍ਹਾਂ ਨੇ ਉਸ ਨੂੰ ਪਿਆਰ ਕਰਨ ਦੀ ਖਾਤਰ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ।​—ਕਹਾਉਤਾਂ 27:11; ਇਬਰਾਨੀਆਂ 6:10.

6, 7. ਆਪਣਾ ਆਨੰਦ ਬਣਾਈ ਰੱਖਣ ਵਿਚ ਕਿਹੜੀਆਂ ਗੱਲਾਂ ਨੇ ਯਿਸੂ ਦੀ ਮਦਦ ਕੀਤੀ?

6 ਯਿਸੂ ਬਾਰੇ ਕੀ ਕਿਹਾ ਜਾ ਸਕਦਾ ਹੈ, ਉਸ ਨੇ ਆਪਣਾ ਆਨੰਦ ਕਿਵੇਂ ਬਣਾਈ ਰੱਖਿਆ? ਸਵਰਗ ਵਿਚ ਇਕ ਸ਼ਕਤੀਸ਼ਾਲੀ ਆਤਮਿਕ ਪ੍ਰਾਣੀ ਹੋਣ ਕਰਕੇ ਯਿਸੂ ਨੂੰ ਧਰਤੀ ਉੱਤੇ ਹਰ ਇਨਸਾਨ ਦੇ ਕੰਮਾਂ-ਕਾਰਾਂ ਨੂੰ ਦੇਖਣ ਦਾ ਮੌਕਾ ਮਿਲਿਆ। ਚਾਹੇ ਯਿਸੂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਚੰਗੀ ਤਰ੍ਹਾਂ ਪਤਾ ਸਨ, ਪਰ ਫਿਰ ਵੀ ਉਸ ਨੇ ਉਨ੍ਹਾਂ ਨਾਲ ਪਿਆਰ ਕੀਤਾ। (ਕਹਾਉਤਾਂ 8:31) ਬਾਅਦ ਵਿਚ ਜਦੋਂ ਉਹ ਧਰਤੀ ਉੱਤੇ ਆਇਆ ਅਤੇ ਇਨਸਾਨਾਂ “ਵਿੱਚ ਵਾਸ ਕੀਤਾ,” ਤਦ ਵੀ ਉਸ ਦਾ ਉਨ੍ਹਾਂ ਪ੍ਰਤੀ ਨਜ਼ਰੀਆ ਨਹੀਂ ਬਦਲਿਆ। (ਯੂਹੰਨਾ 1:14) ਪਾਪੀ ਇਨਸਾਨਾਂ ਪ੍ਰਤੀ ਅਜਿਹਾ ਚੰਗਾ ਨਜ਼ਰੀਆ ਬਣਾਈ ਰੱਖਣ ਵਿਚ ਕਿਸ ਗੱਲ ਨੇ ਪਰਮੇਸ਼ੁਰ ਦੇ ਮੁਕੰਮਲ ਪੁੱਤਰ ਦੀ ਮਦਦ ਕੀਤੀ?

7 ਸਭ ਤੋਂ ਪਹਿਲਾਂ, ਯਿਸੂ ਨੇ ਕਦੀ ਆਪਣੇ ਆਪ ਤੋਂ ਜਾਂ ਦੂਸਰਿਆਂ ਤੋਂ ਹੱਦੋਂ ਵੱਧ ਆਸਾਂ ਨਹੀਂ ਲਾਈਆਂ। ਉਹ ਜਾਣਦਾ ਸੀ ਕਿ ਉਹ ਪੂਰੀ ਦੁਨੀਆਂ ਨੂੰ ਬਦਲ ਨਹੀਂ ਸਕਦਾ। (ਮੱਤੀ 10:32-39) ਇਸ ਲਈ ਜਦੋਂ ਕਿਸੇ ਇਕ ਨੇਕਦਿਲ ਇਨਸਾਨ ਨੇ ਵੀ ਰਾਜ ਦੇ ਸੰਦੇਸ਼ ਨੂੰ ਸੁਣਿਆ, ਤਾਂ ਉਸ ਨੂੰ ਇਸ ਤੋਂ ਬਹੁਤ ਆਨੰਦ ਪ੍ਰਾਪਤ ਹੋਇਆ। ਭਾਵੇਂ ਉਸ ਦੇ ਚੇਲਿਆਂ ਦੇ ਤੌਰ-ਤਰੀਕੇ ਤੇ ਨਜ਼ਰੀਏ ਕਈ ਵਾਰ ਠੀਕ ਨਹੀਂ ਹੁੰਦੇ ਸਨ, ਪਰ ਯਿਸੂ ਜਾਣਦਾ ਸੀ ਕਿ ਉਹ ਦਿਲੋਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸਨ ਜਿਸ ਕਰਕੇ ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ। (ਲੂਕਾ 9:46; 22:24, 28-32, 60-62) ਧਿਆਨ ਦਿਓ ਕਿ ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦੇ ਹੋਏ ਆਪਣੇ ਚੇਲਿਆਂ ਦੇ ਉਸ ਵੇਲੇ ਤਕ ਦੇ ਚੰਗੇ ਰਵੱਈਏ ਬਾਰੇ ਕਿਹਾ: “ਓਹਨਾਂ ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।”​—ਯੂਹੰਨਾ 17:6.

8. ਕੁਝ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਦੁਆਰਾ ਅਸੀਂ ਯਹੋਵਾਹ ਅਤੇ ਯਿਸੂ ਦੀ ਨਕਲ ਕਰ ਕੇ ਆਪਣੇ ਆਨੰਦ ਨੂੰ ਬਣਾਈ ਰੱਖ ਸਕਦੇ ਹਾਂ।

8 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਇਸ ਮਾਮਲੇ ਵਿਚ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਮਿਸਾਲ ਤੇ ਵਿਚਾਰ ਕਰਾਂਗੇ, ਤਾਂ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ। ਮਿਸਾਲ ਵਜੋਂ, ਜਦੋਂ ਸਾਡੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਕੀ ਅਸੀਂ ਬੇਹੱਦ ਨਿਰਾਸ਼ ਨਾ ਹੋ ਕੇ ਯਹੋਵਾਹ ਦੀ ਹੋਰ ਚੰਗੀ ਤਰ੍ਹਾਂ ਨਕਲ ਕਰ ਸਕਦੇ ਹਾਂ? ਕੀ ਅਸੀਂ ਆਪਣੇ ਮੌਜੂਦਾ ਹਾਲਾਤਾਂ ਬਾਰੇ ਸਹੀ ਨਜ਼ਰੀਆ ਰੱਖ ਕੇ ਅਤੇ ਆਪਣੇ ਆਪ ਤੋਂ ਤੇ ਦੂਸਰਿਆਂ ਤੋਂ ਹੱਦੋਂ ਵੱਧ ਆਸਾਂ ਨਾ ਲਾ ਕੇ ਯਿਸੂ ਦੀ ਪੈੜ ਉੱਤੇ ਚੱਲਣ ਦੀ ਹੋਰ ਜ਼ਿਆਦਾ ਕੋਸ਼ਿਸ਼ ਕਰ ਸਕਦੇ ਹਾਂ? ਆਓ ਆਪਾਂ ਦੇਖੀਏ ਕਿ ਇਨ੍ਹਾਂ ਵਿੱਚੋਂ ਕੁਝ ਸਿਧਾਂਤ ਸਾਰੇ ਜੋਸ਼ੀਲੇ ਮਸੀਹੀਆਂ ਦੇ ਮਨਪਸੰਦ ਕੰਮ, ਯਾਨੀ ਖੇਤਰ ਸੇਵਕਾਈ ਉੱਤੇ ਕਿਵੇਂ ਅਮਲੀ ਤੌਰ ਤੇ ਲਾਗੂ ਕੀਤੇ ਜਾ ਸਕਦੇ ਹਨ।

ਸੇਵਕਾਈ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖੋ

9. ਯਿਰਮਿਯਾਹ ਨੂੰ ਨਵੇਂ ਸਿਰਿਓਂ ਆਨੰਦ ਕਿਵੇਂ ਮਿਲਿਆ ਅਤੇ ਉਸ ਦੀ ਮਿਸਾਲ ਸਾਡੀ ਮਦਦ ਕਿਵੇਂ ਕਰ ਸਕਦੀ ਹੈ?

9 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਕਰਨ ਵਿਚ ਆਨੰਦ ਪ੍ਰਾਪਤ ਕਰੀਏ। ਸਾਡਾ ਆਨੰਦ ਇਸ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਖੇਤਰ ਸੇਵਕਾਈ ਵਿਚ ਕਿੰਨੀ ਸਫ਼ਲਤਾ ਮਿਲਦੀ ਹੈ। (ਲੂਕਾ 10:17, 20) ਯਿਰਮਿਯਾਹ ਨਬੀ ਨੇ ਕਈ ਸਾਲਾਂ ਤਕ ਉਸ ਥਾਂ ਪ੍ਰਚਾਰ ਕੀਤਾ ਜਿੱਥੇ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਜਦੋਂ ਉਸ ਨੇ ਦੇਖਿਆ ਕਿ ਕੋਈ ਉਸ ਦੀ ਗੱਲ ਨਹੀਂ ਸੁਣ ਰਿਹਾ, ਤਾਂ ਉਹ ਸੇਵਕਾਈ ਵਿਚ ਆਪਣਾ ਆਨੰਦ ਗੁਆ ਬੈਠਾ। (ਯਿਰਮਿਯਾਹ 20:8) ਪਰ ਜਦੋਂ ਉਸ ਨੇ ਆਪਣੇ ਸੋਹਣੇ ਸੰਦੇਸ਼ ਉੱਤੇ ਵਿਚਾਰ ਕੀਤਾ, ਤਾਂ ਉਸ ਨੂੰ ਨਵੇਂ ਸਿਰਿਓਂ ਆਨੰਦ ਮਿਲਿਆ। ਯਿਰਮਿਯਾਹ ਨੇ ਯਹੋਵਾਹ ਨੂੰ ਕਿਹਾ: “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਨ੍ਹਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ।” (ਯਿਰਮਿਯਾਹ 15:16) ਜੀ ਹਾਂ, ਯਿਰਮਿਯਾਹ ਨੇ ਇਸ ਗੱਲ ਵਿਚ ਆਨੰਦ ਮਨਾਇਆ ਕਿ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ। ਅਸੀਂ ਵੀ ਇਹ ਆਨੰਦ ਪ੍ਰਾਪਤ ਕਰ ਸਕਦੇ ਹਾਂ।

10. ਭਾਵੇਂ ਹੁਣ ਜ਼ਿਆਦਾਤਰ ਲੋਕ ਸਾਡੀ ਗੱਲ ਨਹੀਂ ਸੁਣਦੇ, ਪਰ ਫਿਰ ਵੀ ਅਸੀਂ ਸੇਵਕਾਈ ਵਿਚ ਆਪਣੇ ਆਨੰਦ ਨੂੰ ਕਿਵੇਂ ਬਣਾਈ ਰੱਖ ਸਕਦੇ ਹਾਂ?

10 ਭਾਵੇਂ ਜ਼ਿਆਦਾ ਲੋਕ ਖ਼ੁਸ਼ ਖ਼ਬਰੀ ਨੂੰ ਸਵੀਕਾਰ ਨਾ ਵੀ ਕਰਨ, ਤਾਂ ਵੀ ਖੇਤਰ ਸੇਵਕਾਈ ਵਿਚ ਹਿੱਸਾ ਲੈ ਕੇ ਅਸੀਂ ਆਨੰਦ ਪ੍ਰਾਪਤ ਕਰ ਸਕਦੇ ਹਾਂ। ਯਾਦ ਕਰੋ ਕਿ ਯਹੋਵਾਹ ਨੂੰ ਪੂਰਾ ਭਰੋਸਾ ਸੀ ਕਿ ਕੁਝ ਲੋਕ ਉਸ ਦੀ ਸੇਵਾ ਜ਼ਰੂਰ ਕਰਨਗੇ। ਯਹੋਵਾਹ ਵਾਂਗ ਸਾਨੂੰ ਵੀ ਕਦੀ ਇਹ ਆਸ ਨਹੀਂ ਛੱਡਣੀ ਚਾਹੀਦੀ ਕਿ ਅਖ਼ੀਰ ਵਿਚ ਕੁਝ ਲੋਕ ਯਹੋਵਾਹ ਦੇ ਰਾਜ ਕਰਨ ਦੇ ਹੱਕ ਦੇ ਵਾਦ-ਵਿਸ਼ੇ ਨੂੰ ਸਮਝਣਗੇ ਅਤੇ ਰਾਜ ਸੰਦੇਸ਼ ਨੂੰ ਸਵੀਕਾਰ ਕਰਨਗੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਾਂ ਦੇ ਹਾਲਾਤ ਬਦਲਦੇ ਰਹਿੰਦੇ ਹਨ। ਜਦੋਂ ਕਿਸੇ ਦਾ ਅਚਾਨਕ ਕੋਈ ਨੁਕਸਾਨ ਹੁੰਦਾ ਹੈ ਜਾਂ ਉਹ ਸੰਕਟ ਦਾ ਸਾਮ੍ਹਣਾ ਕਰਦਾ ਹੈ, ਤਾਂ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਇਨਸਾਨ ਵੀ ਜ਼ਿੰਦਗੀ ਦੇ ਮਕਸਦ ਬਾਰੇ ਸੋਚਣਾ ਸ਼ੁਰੂ ਕਰ ਸਕਦਾ ਹੈ। ਜਦੋਂ ਅਜਿਹਾ ਵਿਅਕਤੀ “ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ” ਹੋਵੇਗਾ, ਤਾਂ ਕੀ ਤੁਸੀਂ ਉਸ ਦੀ ਮਦਦ ਕਰਨ ਲਈ ਤਿਆਰ ਰਹੋਗੇ? (ਮੱਤੀ 5:3, ਨਿ ਵ) ਅਗਲੀ ਵਾਰ ਜਦੋਂ ਤੁਸੀਂ ਆਪਣੇ ਖੇਤਰ ਵਿਚ ਪ੍ਰਚਾਰ ਕਰਨ ਜਾਓ, ਤਾਂ ਸ਼ਾਇਦ ਕੋਈ ਵਿਅਕਤੀ ਖ਼ੁਸ਼ ਖ਼ਬਰੀ ਨੂੰ ਸੁਣਨ ਲਈ ਤਿਆਰ ਹੋਵੇ!

11, 12. ਇਕ ਸ਼ਹਿਰ ਵਿਚ ਕੀ ਹੋਇਆ ਤੇ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

11 ਸਾਡੇ ਖੇਤਰ ਦੇ ਲੋਕ ਵੀ ਬਦਲ ਸਕਦੇ ਹਨ। ਇਸ ਸੰਬੰਧ ਵਿਚ ਇਕ ਉਦਾਹਰਣ ਉੱਤੇ ਗੌਰ ਕਰੋ। ਇਕ ਛੋਟੇ ਜਿਹੇ ਸ਼ਹਿਰ ਵਿਚ ਕੁਝ ਜਵਾਨ ਵਿਆਹੁਤਾ ਜੋੜੇ ਆਪਣੇ ਬੱਚਿਆਂ ਸਮੇਤ ਰਹਿੰਦੇ ਸਨ। ਇਨ੍ਹਾਂ ਪਰਿਵਾਰਾਂ ਦਾ ਆਪਸ ਵਿਚ ਬਹੁਤ ਪਿਆਰ ਤੇ ਮੇਲ-ਜੋਲ ਸੀ। ਜਦੋਂ ਵੀ ਯਹੋਵਾਹ ਦੇ ਗਵਾਹ ਇਨ੍ਹਾਂ ਦੇ ਘਰ ਜਾਂਦੇ, ਤਾਂ ਉਨ੍ਹਾਂ ਨੂੰ ਸਾਰੇ ਇਹੀ ਕਹਿੰਦੇ, “ਸਾਨੂੰ ਤੁਹਾਡੇ ਧਰਮ ਵਿਚ ਕੋਈ ਦਿਲਚਸਪੀ ਨਹੀਂ ਹੈ!” ਜੇ ਕੋਈ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਦਿਖਾ ਵੀ ਦਿੰਦਾ, ਤਾਂ ਉਸ ਦੇ ਗੁਆਂਢੀ ਫ਼ੌਰਨ ਉਸ ਨੂੰ ਦੁਬਾਰਾ ਗਵਾਹਾਂ ਨਾਲ ਨਾ ਮਿਲਣ ਲਈ ਕਹਿੰਦੇ। ਇਸ ਕਰਕੇ ਉੱਥੇ ਪ੍ਰਚਾਰ ਕਰਨਾ ਬਹੁਤ ਮੁਸ਼ਕਲ ਸੀ। ਪਰ ਗਵਾਹਾਂ ਨੇ ਵੀ ਹਿੰਮਤ ਨਹੀਂ ਹਾਰੀ, ਉਹ ਲਗਾਤਾਰ ਪ੍ਰਚਾਰ ਕਰਦੇ ਰਹੇ। ਇਸ ਦਾ ਨਤੀਜਾ ਕੀ ਨਿਕਲਿਆ?

12 ਸਮੇਂ ਦੇ ਬੀਤਣ ਨਾਲ ਉਨ੍ਹਾਂ ਪਰਿਵਾਰਾਂ ਦੇ ਬੱਚੇ ਜਵਾਨ ਹੋ ਗਏ ਅਤੇ ਬਹੁਤ ਸਾਰਿਆਂ ਨੇ ਵਿਆਹ ਕਰਾ ਕੇ ਉਸੇ ਸ਼ਹਿਰ ਵਿਚ ਆਪਣੇ ਘਰ ਵਸਾ ਲਏ। ਜਦੋਂ ਇਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਸੱਚੀ ਖ਼ੁਸ਼ੀ ਨਹੀਂ ਮਿਲ ਰਹੀ, ਤਾਂ ਉਨ੍ਹਾਂ ਨੇ ਸੱਚਾਈ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਗਵਾਹਾਂ ਤੋਂ ਖ਼ੁਸ਼ ਖ਼ਬਰੀ ਸੁਣੀ, ਤਾਂ ਉਨ੍ਹਾਂ ਨੂੰ ਸੱਚਾਈ ਲੱਭ ਗਈ। ਇਸ ਤਰ੍ਹਾਂ ਕਈ ਸਾਲਾਂ ਬਾਅਦ ਉੱਥੇ ਦੀ ਛੋਟੀ ਜਿਹੀ ਕਲੀਸਿਯਾ ਵਿਚ ਵਾਧਾ ਹੋਣ ਲੱਗਾ। ਜ਼ਰਾ ਉਨ੍ਹਾਂ ਰਾਜ ਪ੍ਰਕਾਸ਼ਕਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਓ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ! ਇਸੇ ਤਰ੍ਹਾਂ ਆਓ ਆਪਾਂ ਵੀ ਰਾਜ ਦੇ ਸ਼ਾਨਦਾਰ ਸੰਦੇਸ਼ ਦਾ ਲਗਾਤਾਰ ਪ੍ਰਚਾਰ ਕਰ ਕੇ ਆਨੰਦ ਪ੍ਰਾਪਤ ਕਰੀਏ!

ਸੰਗੀ ਵਿਸ਼ਵਾਸੀ ਤੁਹਾਡੀ ਮਦਦ ਕਰਨਗੇ

13. ਜਦੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਤਾਂ ਅਸੀਂ ਦਿਲਾਸੇ ਲਈ ਕਿਹਦੇ ਕੋਲ ਜਾ ਸਕਦੇ ਹਾਂ?

13 ਜਦੋਂ ਸਾਡੇ ਉੱਤੇ ਦਬਾਅ ਵੱਧ ਜਾਂਦੇ ਹਨ ਜਾਂ ਜ਼ਿੰਦਗੀ ਸਾਡੇ ਉੱਤੇ ਕੋਈ ਕਰਾਰਾ ਵਾਰ ਕਰਦੀ ਹੈ, ਤਾਂ ਤੁਸੀਂ ਦਿਲਾਸੇ ਲਈ ਕਿਹਦੇ ਕੋਲ ਜਾ ਸਕਦੇ ਹੋ? ਯਹੋਵਾਹ ਦੇ ਲੱਖਾਂ ਸਮਰਪਿਤ ਸੇਵਕ ਦਿਲਾਸੇ ਲਈ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ, ਫਿਰ ਆਪਣੇ ਮਸੀਹੀ ਭਾਈ-ਭੈਣਾਂ ਕੋਲ ਜਾਂਦੇ ਹਨ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਦੀ ਮਦਦ ਦੀ ਬਹੁਤ ਕਦਰ ਕੀਤੀ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ।” (ਲੂਕਾ 22:28) ਭਾਵੇਂ ਚੇਲੇ ਨਾਮੁਕੰਮਲ ਸਨ, ਪਰ ਉਨ੍ਹਾਂ ਦੀ ਵਫ਼ਾਦਾਰੀ ਪਰਮੇਸ਼ੁਰ ਦੇ ਪੁੱਤਰ ਲਈ ਵੱਡਾ ਦਿਲਾਸਾ ਸੀ। ਅਸੀਂ ਵੀ ਆਪਣੇ ਸੰਗੀ ਉਪਾਸਕਾਂ ਤੋਂ ਹੌਸਲਾ ਪ੍ਰਾਪਤ ਕਰ ਸਕਦੇ ਹਾਂ।

14, 15. ਆਪਣੇ ਪੁੱਤਰ ਦੀ ਮੌਤ ਦਾ ਸਦਮਾ ਸਹਿਣ ਵਿਚ ਇਕ ਜੋੜੇ ਦੀ ਕਿਨ੍ਹਾਂ ਨੇ ਮਦਦ ਕੀਤੀ ਅਤੇ ਅਸੀਂ ਉਨ੍ਹਾਂ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ?

14 ਮੀਸ਼ਲ ਅਤੇ ਡਿਐਨ ਨਾਂ ਦੇ ਇਕ ਮਸੀਹੀ ਜੋੜੇ ਨੇ ਜਾਣਿਆ ਕਿ ਮਸੀਹੀ ਭੈਣਾਂ-ਭਰਾਵਾਂ ਦਾ ਕਿੰਨਾ ਸਹਾਰਾ ਹੁੰਦਾ ਹੈ। ਉਨ੍ਹਾਂ ਦਾ 20 ਸਾਲਾਂ ਦਾ ਮੁੰਡਾ ਜੌਨਾਥਨ ਬਹੁਤ ਚੁਸਤ ਤੇ ਜ਼ਿੰਦਾਦਿਲ ਸੀ। ਪਰ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿਚ ਟਿਊਮਰ ਸੀ। ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ, ਪਰ ਜੌਨਾਥਨ ਦੀ ਹਾਲਤ ਵਿਗੜਦੀ ਗਈ ਤੇ ਇਕ ਦਿਨ ਸ਼ਾਮ ਨੂੰ ਉਹ ਮੌਤ ਦੀ ਨੀਂਦ ਸੌਂ ਗਿਆ। ਮੀਸ਼ਲ ਤੇ ਡਿਐਨ ਦੀ ਦੁਨੀਆਂ ਹੀ ਉੱਜੜ ਗਈ। ਉਨ੍ਹਾਂ ਨੇ ਦੇਖਿਆ ਕਿ ਉਸ ਸ਼ਾਮ ਸੇਵਾ ਸਭਾ ਖ਼ਤਮ ਹੋਣ ਵਾਲੀ ਸੀ। ਪਰ ਉਨ੍ਹਾਂ ਨੂੰ ਦਿਲਾਸੇ ਦੀ ਬਹੁਤ ਲੋੜ ਸੀ, ਇਸ ਲਈ ਉਨ੍ਹਾਂ ਨੇ ਇਕ ਬਜ਼ੁਰਗ, ਜਿਹੜਾ ਉਨ੍ਹਾਂ ਦੇ ਨਾਲ ਸੀ, ਨੂੰ ਉਨ੍ਹਾਂ ਨਾਲ ਕਿੰਗਡਮ ਹਾਲ ਜਾਣ ਲਈ ਕਿਹਾ। ਉਹ ਉਸ ਵੇਲੇ ਕਿੰਗਡਮ ਹਾਲ ਪਹੁੰਚੇ ਜਦੋਂ ਜੌਨਾਥਨ ਦੀ ਮੌਤ ਦੀ ਖ਼ਬਰ ਕਲੀਸਿਯਾ ਵਿਚ ਐਲਾਨ ਕੀਤੀ ਜਾ ਰਹੀ ਸੀ। ਸਭਾ ਤੋਂ ਬਾਅਦ ਸੋਗਮਈ ਮਾਪਿਆਂ ਨੂੰ ਭੈਣ-ਭਰਾਵਾਂ ਨੇ ਗਲੇ ਲਾਇਆ ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਡਿਐਨ ਉਸ ਘੜੀ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ: “ਜਦੋਂ ਅਸੀਂ ਹਾਲ ਵਿਚ ਪਹੁੰਚੇ, ਉਸ ਵੇਲੇ ਅਸੀਂ ਬਹੁਤ ਹੀ ਦੁਖੀ ਸੀ, ਪਰ ਭੈਣ-ਭਰਾਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ! ਭਾਵੇਂ ਉਹ ਸਾਡਾ ਗਮ ਦੂਰ ਨਹੀਂ ਕਰ ਸਕਦੇ ਸਨ, ਪਰ ਉਨ੍ਹਾਂ ਨੇ ਗਮ ਸਹਿਣ ਵਿਚ ਸਾਡੀ ਮਦਦ ਜ਼ਰੂਰ ਕੀਤੀ!”​—ਰੋਮੀਆਂ 1:11, 12; 1 ਕੁਰਿੰਥੀਆਂ 12:21-26.

15 ਇਸ ਦੁੱਖ ਨੇ ਮੀਸ਼ਲ ਤੇ ਡਿਐਨ ਨੂੰ ਆਪਣੇ ਭੈਣ-ਭਰਾਵਾਂ ਦੇ ਹੋਰ ਨੇੜੇ ਲਿਆਂਦਾ। ਇਸ ਨਾਲ ਉਹ ਦੋਵੇਂ ਵੀ ਇਕ-ਦੂਜੇ ਦੇ ਨੇੜੇ ਆਏ। ਮੀਸ਼ਲ ਕਹਿੰਦਾ ਹੈ: “ਮੈਂ ਹੁਣ ਆਪਣੀ ਪਤਨੀ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ। ਜਦੋਂ ਅਸੀਂ ਉਦਾਸ ਹੁੰਦੇ ਹਾਂ, ਤਾਂ ਅਸੀਂ ਬਾਈਬਲ ਸੱਚਾਈ ਬਾਰੇ ਅਤੇ ਯਹੋਵਾਹ ਸਾਡੀ ਕਿੱਦਾਂ ਦੇਖ-ਭਾਲ ਕਰ ਰਿਹਾ ਹੈ, ਉਸ ਬਾਰੇ ਇਕ-ਦੂਜੇ ਨਾਲ ਗੱਲਾਂ ਕਰਦੇ ਹਾਂ।” ਡਿਐਨ ਇਹ ਵੀ ਕਹਿੰਦੀ ਹੈ: “ਰਾਜ ਦੀ ਆਸ਼ਾ ਹੁਣ ਸਾਡੇ ਲਈ ਹੋਰ ਜ਼ਿਆਦਾ ਅਹਿਮੀਅਤ ਰੱਖਦੀ ਹੈ।”

16. ਆਪਣੀਆਂ ਲੋੜਾਂ ਬਾਰੇ ਭਰਾਵਾਂ ਨੂੰ ਦੱਸਣ ਵਿਚ ਪਹਿਲ ਕਰਨੀ ਕਿਉਂ ਜ਼ਰੂਰੀ ਹੈ?

16 ਜੀ ਹਾਂ, ਸਾਡੇ ਮਸੀਹੀ ਭੈਣ-ਭਰਾ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿਚ ਸਾਨੂੰ “ਤਸੱਲੀ” ਦੇ ਸਕਦੇ ਹਨ ਤੇ ਇਸ ਤਰ੍ਹਾਂ ਆਪਣੇ ਆਨੰਦ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰ ਸਕਦੇ ਹਨ। (ਕੁਲੁੱਸੀਆਂ 4:11) ਪਰ ਉਹ ਸਾਡੇ ਮਨ ਦੀ ਗੱਲ ਨਹੀਂ ਜਾਣ ਸਕਦੇ। ਇਸ ਲਈ ਜਦੋਂ ਸਾਨੂੰ ਸਹਾਰੇ ਦੀ ਲੋੜ ਹੁੰਦੀ ਹੈ, ਤਾਂ ਉਨ੍ਹਾਂ ਨੂੰ ਇਸ ਬਾਰੇ ਦੱਸ ਦੇਣਾ ਚਾਹੀਦਾ ਹੈ। ਫਿਰ ਜਦੋਂ ਸਾਡੇ ਭੈਣ-ਭਰਾ ਸਾਨੂੰ ਦਿਲਾਸਾ ਦੇਣਗੇ, ਤਾਂ ਅਸੀਂ ਇਸ ਨੂੰ ਯਹੋਵਾਹ ਵੱਲੋਂ ਦਿਲਾਸਾ ਸਮਝ ਕੇ ਇਸ ਦੀ ਦਿਲੋਂ ਕਦਰ ਕਰ ਸਕਾਂਗੇ।​—ਕਹਾਉਤਾਂ 12:25; 17:17.

ਆਪਣੀ ਕਲੀਸਿਯਾ ਉੱਤੇ ਵਿਚਾਰ ਕਰੋ

17. ਇਕ ਮਾਂ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੀ ਹੈ ਅਤੇ ਉਸ ਵਰਗੇ ਲੋਕਾਂ ਬਾਰੇ ਸਾਡਾ ਕੀ ਵਿਚਾਰ ਹੈ?

17 ਜਦੋਂ ਤੁਸੀਂ ਆਪਣੇ ਸੰਗੀ ਵਿਸ਼ਵਾਸੀਆਂ ਉੱਤੇ ਧਿਆਨ ਨਾਲ ਵਿਚਾਰ ਕਰੋਗੇ, ਤਾਂ ਤੁਸੀਂ ਉਨ੍ਹਾਂ ਦੀ ਜ਼ਿਆਦਾ ਕਦਰ ਕਰੋਗੇ ਤੇ ਉਨ੍ਹਾਂ ਦੀ ਸੰਗਤੀ ਵਿਚ ਆਨੰਦ ਪ੍ਰਾਪਤ ਕਰੋਗੇ। ਆਪਣੀ ਕਲੀਸਿਯਾ ਉੱਤੇ ਗੌਰ ਕਰੋ। ਤੁਸੀਂ ਕੀ ਦੇਖਦੇ ਹੋ? ਕੀ ਕੋਈ ਅਜਿਹੀ ਮਾਂ ਹੈ ਜੋ ਇਕੱਲੀ ਆਪਣੇ ਬੱਚਿਆਂ ਦੀ ਸੱਚਾਈ ਦੇ ਰਾਹ ਅਨੁਸਾਰ ਪਾਲਣਾ ਕਰਨ ਲਈ ਮਿਹਨਤ ਕਰ ਰਹੀ ਹੈ? ਕੀ ਤੁਸੀਂ ਕਦੀ ਉਸ ਦੀ ਵਧੀਆ ਮਿਸਾਲ ਉੱਤੇ ਵਿਚਾਰ ਕੀਤਾ ਹੈ? ਜ਼ਰਾ ਉਸ ਦੀਆਂ ਕੁਝ ਸਮੱਸਿਆਵਾਂ ਬਾਰੇ ਸੋਚੋ। ਜਨੀਨ ਨਾਂ ਦੀ ਇਕ ਮਾਂ ਆਪਣੀਆਂ ਕੁਝ ਸਮੱਸਿਆਵਾਂ ਦੱਸਦੀ ਹੈ: ਇਕੱਲਾਪਣ, ਨਾਲ ਕੰਮ ਕਰਨ ਵਾਲੇ ਆਦਮੀਆਂ ਵੱਲੋਂ ਛੇੜਖਾਨੀਆਂ, ਰੁਪਏ-ਪੈਸੇ ਦੀ ਤੰਗੀ। ਪਰ, ਉਹ ਕਹਿੰਦੀ ਹੈ ਕਿ ਸਭ ਤੋਂ ਵੱਡੀ ਮੁਸ਼ਕਲ ਹੈ ਬੱਚਿਆਂ ਦੀਆਂ ਜਜ਼ਬਾਤੀ ਲੋੜਾਂ ਪੂਰੀਆਂ ਕਰਨੀਆਂ ਕਿਉਂਕਿ ਹਰ ਬੱਚੇ ਦੀਆਂ ਲੋੜਾਂ ਦੂਜਿਆਂ ਤੋਂ ਅਲੱਗ ਹੁੰਦੀਆਂ ਹਨ। ਜਨੀਨ ਇਕ ਹੋਰ ਸਮੱਸਿਆ ਬਾਰੇ ਦੱਸਦੀ ਹੈ: “ਪਤੀ ਦੇ ਨਾ ਹੁੰਦਿਆਂ ਆਪਣੇ ਪੁੱਤਰ ਨੂੰ ਘਰ ਦੀ ਜ਼ਿੰਮੇਵਾਰੀ ਸੌਂਪਣ ਦਾ ਝੁਕਾਅ ਬਹੁਤ ਹੀ ਤਕੜਾ ਹੁੰਦਾ ਹੈ ਜਿਸ ਨੂੰ ਰੋਕਣਾ ਬਹੁਤ ਔਖਾ ਹੈ। ਮੇਰੀ ਇਕ ਕੁੜੀ ਹੈ ਅਤੇ ਮੈਨੂੰ ਹਮੇਸ਼ਾ ਆਪਣੇ ਆਪ ਨੂੰ ਇਹ ਯਾਦ ਦਿਲਾਉਣ ਦੀ ਲੋੜ ਪੈਂਦੀ ਹੈ ਕਿ ਮੈਂ ਉਸ ਨੂੰ ਆਪਣੀਆਂ ਸਮੱਸਿਆਵਾਂ ਦੱਸ ਕੇ ਉਸ ਉੱਤੇ ਬੋਝ ਨਾ ਪਾਵਾਂ।” ਪਰਮੇਸ਼ੁਰ ਤੋਂ ਡਰਨ ਵਾਲੇ ਹਜ਼ਾਰਾਂ ਇਕੱਲੇ ਮਾਪਿਆਂ ਵਾਂਗ ਜਨੀਨ ਨੌਕਰੀ ਕਰਦੀ ਹੈ ਤੇ ਆਪਣੇ ਪਰਿਵਾਰ ਦੀ ਦੇਖ-ਭਾਲ ਵੀ ਕਰਦੀ ਹੈ। ਉਹ ਆਪਣੇ ਬੱਚਿਆਂ ਨਾਲ ਬਾਈਬਲ ਦਾ ਅਧਿਐਨ ਵੀ ਕਰਦੀ ਹੈ, ਉਨ੍ਹਾਂ ਨੂੰ ਸੇਵਕਾਈ ਵਿਚ ਸਿਖਲਾਈ ਦਿੰਦੀ ਹੈ ਅਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਲੈ ਕੇ ਜਾਂਦੀ ਹੈ। (ਅਫ਼ਸੀਆਂ 6:4) ਇਹ ਦੇਖ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਇਹ ਪੂਰਾ ਪਰਿਵਾਰ ਆਪਣੀ ਖਰਿਆਈ ਬਣਾਈ ਰੱਖਣ ਲਈ ਮਿਲ ਕੇ ਜਤਨ ਕਰਦਾ ਹੈ! ਕੀ ਸਾਨੂੰ ਵੀ ਖ਼ੁਸ਼ੀ ਨਹੀਂ ਹੁੰਦੀ ਕਿ ਅਜਿਹੇ ਲੋਕ ਸਾਡੇ ਵਿਚ ਹਨ? ਜ਼ਰੂਰ ਹੁੰਦੀ ਹੈ।

18, 19. ਉਦਾਹਰਣ ਦੇ ਕੇ ਸਮਝਾਓ ਕਿ ਅਸੀਂ ਕਲੀਸਿਯਾ ਦੇ ਮੈਂਬਰਾਂ ਦੀ ਕਿਵੇਂ ਜ਼ਿਆਦਾ ਕਦਰ ਕਰ ਸਕਦੇ ਹਾਂ?

18 ਆਪਣੀ ਕਲੀਸਿਯਾ ਤੇ ਇਕ ਵਾਰ ਫਿਰ ਨਜ਼ਰ ਮਾਰੋ। ਤੁਸੀਂ ਸ਼ਾਇਦ ਅਜਿਹੇ ਵਫ਼ਾਦਾਰ ਭੈਣ-ਭਰਾਵਾਂ ਨੂੰ ਦੇਖੋ ਜਿਨ੍ਹਾਂ ਦੇ ਜੀਵਨ-ਸਾਥੀ ਮਰ ਚੁੱਕੇ ਹਨ। ਉਹ ਕਦੀ ਵੀ ਸਭਾਵਾਂ ਵਿਚ ਆਉਣਾ ‘ਨਹੀਂ ਛੱਡਦੇ।’ (ਲੂਕਾ 2:37) ਕੀ ਕਦੀ ਉਹ ਇਕੱਲਾਪਣ ਮਹਿਸੂਸ ਕਰਦੇ ਹਨ? ਉਹ ਜ਼ਰੂਰ ਕਰਦੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਆਪਣੇ ਸਾਥੀਆਂ ਦਾ ਵਿਛੋੜਾ ਬਹੁਤ ਸਤਾਉਂਦਾ ਹੈ! ਪਰ ਉਹ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿੰਦੇ ਹਨ ਅਤੇ ਦੂਸਰਿਆਂ ਵਿਚ ਦਿਲਚਸਪੀ ਲੈਂਦੇ ਹਨ। ਉਨ੍ਹਾਂ ਦਾ ਦ੍ਰਿੜ੍ਹ ਤੇ ਚੰਗਾ ਰਵੱਈਆ ਕਲੀਸਿਯਾ ਦੇ ਆਨੰਦ ਨੂੰ ਵਧਾਉਂਦਾ ਹੈ! ਇਕ ਮਸੀਹੀ ਭੈਣ, ਜਿਸ ਨੇ 30 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਪੂਰੇ ਸਮੇਂ ਦੀ ਸੇਵਕਾਈ ਕੀਤੀ, ਨੇ ਕਿਹਾ: “ਮੈਨੂੰ ਬਜ਼ੁਰਗ ਭੈਣਾਂ-ਭਰਾਵਾਂ ਨੂੰ ਦੇਖ ਕੇ ਬਹੁਤ ਹੀ ਖ਼ੁਸ਼ੀ ਹੁੰਦੀ ਹੈ ਜਿਹੜੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਵਿੱਚੋਂ ਨਿਕਲ ਕੇ ਆਏ ਹਨ ਤੇ ਅਜੇ ਵੀ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਹੇ ਹਨ!” ਜੀ ਹਾਂ, ਕਲੀਸਿਯਾ ਵਿਚ ਨੌਜਵਾਨਾਂ ਨੂੰ ਬਜ਼ੁਰਗ ਮਸੀਹੀਆਂ ਤੋਂ ਉਤਸ਼ਾਹ ਮਿਲਦਾ ਹੈ।

19 ਉਨ੍ਹਾਂ ਨਵੇਂ ਲੋਕਾਂ ਬਾਰੇ ਕੀ ਜਿਨ੍ਹਾਂ ਨੇ ਹੁਣੇ-ਹੁਣੇ ਕਲੀਸਿਯਾ ਨਾਲ ਸੰਗਤੀ ਕਰਨੀ ਸ਼ੁਰੂ ਕੀਤੀ ਹੈ? ਕੀ ਸਾਨੂੰ ਉਨ੍ਹਾਂ ਤੋਂ ਹੌਸਲਾ ਨਹੀਂ ਮਿਲਦਾ ਜਦੋਂ ਉਹ ਸਭਾਵਾਂ ਵਿਚ ਆਪਣੀ ਨਿਹਚਾ ਦਾ ਪ੍ਰਗਟਾਵਾ ਕਰਦੇ ਹਨ? ਜਦੋਂ ਤੋਂ ਉਨ੍ਹਾਂ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਨ੍ਹਾਂ ਨੇ ਜੋ ਤਰੱਕੀ ਕੀਤੀ ਹੈ, ਜ਼ਰਾ ਉਸ ਬਾਰੇ ਸੋਚੋ। ਯਹੋਵਾਹ ਉਨ੍ਹਾਂ ਤੋਂ ਜ਼ਰੂਰ ਖ਼ੁਸ਼ ਹੋਣਾ। ਕੀ ਅਸੀਂ ਵੀ ਖ਼ੁਸ਼ ਹਾਂ? ਕੀ ਅਸੀਂ ਉਨ੍ਹਾਂ ਦੇ ਜਤਨਾਂ ਦੀ ਸ਼ਲਾਘਾ ਕਰ ਕੇ ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹਾਂ?

20. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਕਲੀਸਿਯਾ ਦਾ ਹਰ ਮੈਂਬਰ ਕਲੀਸਿਯਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ?

20 ਕੀ ਤੁਸੀਂ ਵਿਆਹੇ ਹੋ, ਕੁਆਰੇ ਹੋ ਜਾਂ ਇਕੱਲੇ ਮਾਤਾ ਜਾਂ ਪਿਤਾ ਹੋ? ਕੀ ਤੁਹਾਡੀ ਮਾਤਾ ਜਾਂ ਪਿਤਾ ਨਹੀਂ ਹੈ? ਜਾਂ ਕੀ ਤੁਹਾਡੇ ਵਿਆਹੁਤਾ ਸਾਥੀ ਦੀ ਮੌਤ ਹੋ ਚੁੱਕੀ ਹੈ? ਕੀ ਤੁਸੀਂ ਕਲੀਸਿਯਾ ਨਾਲ ਕਈ ਸਾਲਾਂ ਤੋਂ ਸੰਗਤੀ ਕਰ ਰਹੇ ਹੋ ਜਾਂ ਹੁਣੇ-ਹੁਣੇ ਸ਼ੁਰੂ ਕੀਤੀ ਹੈ? ਯਕੀਨ ਰੱਖੋ ਕਿ ਤੁਹਾਡੀ ਵਫ਼ਾਦਾਰੀ ਦੀ ਮਿਸਾਲ ਤੋਂ ਸਾਨੂੰ ਸਾਰਿਆਂ ਨੂੰ ਹੌਸਲਾ ਮਿਲਦਾ ਹੈ। ਅਤੇ ਜਦੋਂ ਤੁਸੀਂ ਸਾਡੇ ਨਾਲ ਮਿਲ ਕੇ ਰਾਜ ਗੀਤ ਗਾਉਂਦੇ ਹੋ, ਟਿੱਪਣੀਆਂ ਕਰਦੇ ਹੋ ਜਾਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਕੋਈ ਭਾਸ਼ਣ ਦਿੰਦੇ ਹੋ, ਤਾਂ ਇਸ ਨਾਲ ਸਾਡੇ ਆਨੰਦ ਵਿਚ ਵਾਧਾ ਹੁੰਦਾ ਹੈ। ਇਸ ਤੋਂ ਵੀ ਜ਼ਿਆਦਾ ਯਹੋਵਾਹ ਦੇ ਦਿਲ ਨੂੰ ਆਨੰਦ ਆਉਂਦਾ ਹੈ।

21. ਸਾਡੇ ਕੋਲ ਕੀ ਕਰਨ ਦੇ ਬਹੁਤ ਸਾਰੇ ਕਾਰਨ ਹੈ ਅਤੇ ਕਿਹੜੇ ਸਵਾਲ ਪੈਦਾ ਹੁੰਦੇ ਹਨ?

21 ਜੀ ਹਾਂ, ਇਨ੍ਹਾਂ ਮੁਸ਼ਕਲ ਸਮਿਆਂ ਵਿਚ ਵੀ ਅਸੀਂ ਆਪਣੇ ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਵਿਚ ਆਨੰਦ ਪ੍ਰਾਪਤ ਕਰ ਸਕਦੇ ਹਾਂ। ਸਾਡੇ ਕੋਲ ਪੌਲੁਸ ਦੇ ਇਸ ਉਤਸ਼ਾਹ ਨੂੰ ਸਵੀਕਾਰ ਕਰਨ ਦਾ ਹਰ ਕਾਰਨ ਹੈ: “ਅਨੰਦ ਰਹੋ, . . . ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।” (2 ਕੁਰਿੰਥੀਆਂ 13:11) ਪਰ ਉਦੋਂ ਕੀ ਜਦੋਂ ਸਾਡੇ ਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਸਾਡੇ ਤੇ ਅਤਿਆਚਾਰ ਹੁੰਦਾ ਹੈ ਜਾਂ ਰੁਪਏ-ਪੈਸੇ ਤੋਂ ਸਾਡਾ ਹੱਥ ਬਹੁਤ ਹੀ ਜ਼ਿਆਦਾ ਤੰਗ ਹੁੰਦਾ ਹੈ? ਕੀ ਇਨ੍ਹਾਂ ਹਾਲਤਾਂ ਵਿਚ ਵੀ ਆਪਣੇ ਆਨੰਦ ਨੂੰ ਕਾਇਮ ਰੱਖਣਾ ਮੁਮਕਿਨ ਹੈ? ਅਗਲੇ ਲੇਖ ਤੇ ਵਿਚਾਰ ਕਰ ਕੇ ਤੁਸੀਂ ਆਪ ਫ਼ੈਸਲਾ ਕਰੋ।

[ਫੁਟਨੋਟ]

^ ਪੈਰਾ 2 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 119 ਦੇਖੋ।

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਆਨੰਦ ਕੀ ਹੈ?

• ਸਹੀ ਨਜ਼ਰੀਆ ਰੱਖਣ ਨਾਲ ਅਸੀਂ ਆਪਣੇ ਆਨੰਦ ਨੂੰ ਕਿਵੇਂ ਬਣਾਈ ਰੱਖ ਸਕਦੇ ਹਾਂ?

• ਆਪਣੀ ਕਲੀਸਿਯਾ ਦੇ ਖੇਤਰ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

• ਤੁਸੀਂ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਕਿਉਂ ਕਦਰ ਕਰਦੇ ਹੋ?

[ਸਵਾਲ]

[ਸਫ਼ੇ 10 ਉੱਤੇ ਤਸਵੀਰਾਂ]

ਸਾਡੇ ਖੇਤਰ ਵਿਚ ਲੋਕ ਬਦਲ ਸਕਦੇ ਹਨ

[ਸਫ਼ੇ 12 ਉੱਤੇ ਤਸਵੀਰ]

ਤੁਹਾਡੀ ਕਲੀਸਿਯਾ ਦੇ ਭੈਣ-ਭਰਾ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ?