Skip to content

Skip to table of contents

ਦੁੱਖਾਂ ਵਿਚ ਵਿਧਵਾਵਾਂ ਦੀ ਮਦਦ

ਦੁੱਖਾਂ ਵਿਚ ਵਿਧਵਾਵਾਂ ਦੀ ਮਦਦ

ਦੁੱਖਾਂ ਵਿਚ ਵਿਧਵਾਵਾਂ ਦੀ ਮਦਦ

ਵਿਧਵਾਵਾਂ ਬਾਰੇ ਸਭ ਤੋਂ ਜ਼ਿਆਦਾ ਜਾਣੀ-ਮਾਣੀ ਕਹਾਣੀ ਬਾਈਬਲ ਵਿਚ ਦੱਸੀ ਗਈ ਰੂਥ ਤੇ ਉਸ ਦੀ ਸੱਸ ਨਾਓਮੀ ਦੀ ਹੈ। ਇਹ ਦੋਵੇਂ ਤੀਵੀਆਂ ਵਿਧਵਾਵਾਂ ਸਨ। ਪਰ ਨਾਓਮੀ ਨੇ ਨਾ ਸਿਰਫ਼ ਆਪਣੇ ਪਤੀ ਨੂੰ ਗੁਆਇਆ, ਸਗੋਂ ਆਪਣੇ ਦੋ ਮੁੰਡਿਆਂ ਨੂੰ ਵੀ ਗੁਆ ਦਿੱਤਾ ਜਿਨ੍ਹਾਂ ਵਿੱਚੋਂ ਇਕ ਮੁੰਡਾ ਰੂਥ ਦਾ ਪਤੀ ਸੀ। ਕਿਉਂਕਿ ਉਹ ਖੇਤੀਬਾੜੀ ਕਰਨ ਵਾਲੇ ਸਮਾਜ ਵਿਚ ਰਹਿੰਦੀਆਂ ਸਨ ਜੋ ਜ਼ਿਆਦਾਤਰ ਆਦਮੀਆਂ ਉੱਤੇ ਨਿਰਭਰ ਕਰਦਾ ਸੀ, ਇਸ ਲਈ ਉਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ।​—ਰੂਥ 1:1-5, 20, 21.

ਪਰ ਨਾਓਮੀ ਦੀ ਇਕ ਬਹੁਤ ਹੀ ਚੰਗੀ ਸਹੇਲੀ ਤੇ ਦਿਲਾਸਾ ਦੇਣ ਵਾਲੀ ਉਸ ਦੀ ਨੂੰਹ ਰੂਥ ਸੀ ਜਿਸ ਨੇ ਉਸ ਦਾ ਸਾਥ ਨਹੀਂ ਛੱਡਿਆ। ਅਖ਼ੀਰ ਵਿਚ, ਰੂਥ “[ਨਾਓਮੀ] ਲਈ ਸੱਤਾਂ ਪੁੱਤ੍ਰਾਂ ਨਾਲੋਂ ਚੰਗੀ” ਸਾਬਤ ਹੋਈ, ਸਿਰਫ਼ ਇਸ ਕਰਕੇ ਨਹੀਂ ਕਿ ਉਹ ਨਾਓਮੀ ਨੂੰ ਬਹੁਤ ਪਿਆਰ ਕਰਦੀ ਸੀ, ਸਗੋਂ ਉਹ ਪਰਮੇਸ਼ੁਰ ਨੂੰ ਵੀ ਪਿਆਰ ਕਰਦੀ ਸੀ। (ਰੂਥ 4:15) ਜਦੋਂ ਨਾਓਮੀ ਨੇ ਰੂਥ ਨੂੰ ਆਪਣੇ ਮੋਆਬੀ ਘਰਾਣੇ ਤੇ ਸਹੇਲੀਆਂ ਕੋਲ ਵਾਪਸ ਮੁੜਨ ਲਈ ਕਿਹਾ, ਤਾਂ ਰੂਥ ਨੇ ਦਿਲ ਨੂੰ ਛੂਹ ਲੈਣ ਵਾਲਾ ਜਵਾਬ ਦਿੱਤਾ ਜੋ ਕਿ ਵਫ਼ਾਦਾਰੀ ਦੀ ਇਕ ਬਿਹਤਰੀਨ ਮਿਸਾਲ ਸਾਬਤ ਹੋਈ: “ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਦੇ ਨਾਲੋਂ ਭੀ ਵਧੀਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੈਥੋਂ ਵੱਖਰੀ ਕਰੇ।”​—ਰੂਥ 1:16, 17.

ਰੂਥ ਦਾ ਇਹ ਰਵੱਈਆ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਨਹੀਂ ਸੀ। ਉਸ ਨੇ ਨਾਓਮੀ ਤੇ ਰੂਥ ਦੇ ਛੋਟੇ ਜਿਹੇ ਘਰਾਣੇ ਨੂੰ ਬਰਕਤ ਦਿੱਤੀ ਤੇ ਅਖ਼ੀਰ ਰੂਥ ਦਾ ਵਿਆਹ ਇਸਰਾਏਲੀ ਬੋਅਜ਼ ਨਾਲ ਹੋ ਗਿਆ। ਉਨ੍ਹਾਂ ਦੇ ਇਕ ਬੱਚਾ ਹੋਇਆ ਜਿਸ ਦੀ ਨਾਓਮੀ ਨੇ ਆਪਣੇ ਬੱਚਿਆਂ ਵਾਂਗ ਦੇਖ-ਭਾਲ ਕੀਤੀ ਤੇ ਬਾਅਦ ਵਿਚ ਉਹ ਯਿਸੂ ਮਸੀਹ ਦਾ ਪੂਰਵਜ ਬਣਿਆ। ਇਹ ਇਤਿਹਾਸਕ ਮਿਸਾਲ ਦਿਖਾਉਂਦੀ ਹੈ ਕਿ ਯਹੋਵਾਹ ਉਨ੍ਹਾਂ ਵਿਧਵਾਵਾਂ ਦੀ ਬੜੀ ਕਦਰ ਕਰਦਾ ਹੈ ਜਿਹੜੀਆਂ ਉਸ ਦੇ ਨੇੜੇ ਰਹਿੰਦੀਆਂ ਹਨ ਤੇ ਉਸ ਵਿਚ ਭਰੋਸਾ ਰੱਖਦੀਆਂ ਹਨ। ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਦੀ ਵੀ ਬੜੀ ਕਦਰ ਕਰਦਾ ਹੈ ਜਿਹੜੇ ਦੁੱਖਾਂ ਵਿਚ ਵਿਧਵਾਵਾਂ ਦੀ ਮਦਦ ਕਰਦੇ ਹਨ। ਤਾਂ ਫਿਰ ਆਪਾਂ ਅੱਜ ਆਪਣੇ ਵਿਚਕਾਰ ਰਹਿੰਦੀਆਂ ਵਿਧਵਾਵਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?​—ਰੂਥ 4:13, 16-22; ਜ਼ਬੂਰ 68:5.

ਖ਼ਾਸ ਲੋੜਾਂ ਪੂਰੀਆਂ ਕਰੋ ਪਰ ਧੌਂਸ ਨਾ ਜਮਾਓ

ਕਿਸੇ ਵਿਧਵਾ ਦੀ ਮਦਦ ਕਰਨ ਵੇਲੇ ਉਨ੍ਹਾਂ ਉੱਤੇ ਧੌਂਸ ਨਾ ਜਮਾਓ, ਸਗੋਂ ਉਨ੍ਹਾਂ ਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਉਨ੍ਹਾਂ ਦੀਆਂ ਖ਼ਾਸ ਲੋੜਾਂ ਪੂਰੀ ਕਰਨੀਆਂ ਚਾਹੁੰਦੇ ਹੋ। ਇਹ ਨਾ ਕਹੋ ਕਿ “ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਤਾਂ ਮੈਨੂੰ ਦੱਸੋ।” ਇਹ ਗੱਲ ਕਿਸੇ ਠੰਢ ਨਾਲ ਠਰ ਰਹੇ ਤੇ ਭੁੱਖੇ ਮਰ ਰਹੇ ਵਿਅਕਤੀ ਨੂੰ ਇਹ ਕਹਿਣ ਦੇ ਬਰਾਬਰ ਹੈ ਕਿ “ਨਿੱਘੇ

ਅਤੇ ਰੱਜੇ ਪੁੱਜੇ ਰਹੋ,” ਪਰ ਤੁਸੀਂ ਉਨ੍ਹਾਂ ਦੀ ਕੋਈ ਮਦਦ ਤਾਂ ਕਰਦੇ ਨਹੀਂ। (ਯਾਕੂਬ 2:16) ਜ਼ਿਆਦਾਤਰ ਵਿਧਵਾਵਾਂ ਨੂੰ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਤਾਂ ਵੀ ਉਹ ਤੁਹਾਡੇ ਕੋਲੋਂ ਮਦਦ ਨਹੀਂ ਮੰਗਣਗੀਆਂ। ਇਸ ਦੀ ਬਜਾਇ ਉਹ ਆਪਣੀਆਂ ਲੋੜਾਂ ਨੂੰ ਆਪਣੇ ਅੰਦਰ ਹੀ ਅੰਦਰ ਦਬਾਅ ਕੇ ਰੱਖਦੀਆਂ ਹਨ। ਅਜਿਹੀਆਂ ਤੀਵੀਆਂ ਦੀ ਮਦਦ ਕਰਨ ਲਈ ਸਮਝਦਾਰੀ ਵਰਤਣ ਤੇ ਉਨ੍ਹਾਂ ਦੀਆਂ ਲੋੜਾਂ ਨੂੰ ਜਾਣਨ ਦੀ ਲੋੜ ਹੈ। ਦੂਜੇ ਪਾਸੇ, ਹਰੇਕ ਕੰਮ ਵਿਚ ਦਖ਼ਲ ਦੇਣਾ ਯਾਨੀ ਵਿਧਵਾ ਦੀ ਜ਼ਿੰਦਗੀ ਨੂੰ ਆਪਣੇ ਤਰੀਕੇ ਮੁਤਾਬਕ ਚਲਾਉਣ ਨਾਲ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਜਾਂ ਆਪਸੀ ਮਤਭੇਦ ਪੈਦਾ ਹੋ ਸਕਦੇ ਹਨ। ਇਸ ਲਈ, ਬਾਈਬਲ ਇਸ ਲੋੜ ਤੇ ਜ਼ੋਰ ਦਿੰਦੀ ਹੈ ਕਿ ਦੂਜਿਆਂ ਨਾਲ ਸਮਝਦਾਰੀ ਨਾਲ ਸਲੂਕ ਕਰੋ। ਹਾਲਾਂਕਿ ਬਾਈਬਲ ਸਾਨੂੰ ਲੋਕਾਂ ਵਿਚ ਦਿਲੋਂ ਦਿਲਚਸਪੀ ਲੈਣ ਲਈ ਉਤਸ਼ਾਹਿਤ ਕਰਦੀ ਹੈ, ਪਰ ਇਹ ਸਾਨੂੰ ਇਹ ਵੀ ਚੇਤੇ ਕਰਾਉਂਦੀ ਹੈ ਕਿ ਅਸੀਂ ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਣ ਵਾਲੇ ਨਾ ਬਣੀਏ।​—ਫ਼ਿਲਿੱਪੀਆਂ 2:4; 1 ਪਤਰਸ 4:15.

ਰੂਥ ਨੇ ਨਾਓਮੀ ਨਾਲ ਸਮਝਦਾਰੀ ਨਾਲ ਅਜਿਹਾ ਹੀ ਸਲੂਕ ਕੀਤਾ। ਹਾਲਾਂਕਿ ਰੂਥ ਨੇ ਆਪਣੀ ਸੱਸ ਨਾਲ ਵਫ਼ਾਦਾਰੀ ਨਿਭਾਈ, ਪਰ ਉਸ ਨੇ ਕਿਸੇ ਗੱਲ ਲਈ ਉਸ ਨੂੰ ਮਜਬੂਰ ਨਹੀਂ ਕੀਤਾ ਜਾਂ ਉਸ ਉੱਤੇ ਧੌਂਸ ਨਹੀਂ ਜਮਾਈ। ਉਸ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਕਈ ਗੱਲਾਂ ਵਿਚ ਪਹਿਲ ਕੀਤੀ, ਜਿਵੇਂ ਨਾਓਮੀ ਤੇ ਆਪਣੇ ਲਈ ਖਾਣਾ ਲਿਆਉਣਾ, ਪਰ ਇਸ ਦੇ ਨਾਲ ਹੀ ਉਹ ਨਾਓਮੀ ਦੀਆਂ ਹਿਦਾਇਤਾਂ ਉੱਤੇ ਵੀ ਚੱਲਦੀ ਸੀ।​—ਰੂਥ 2:2, 22, 23; 3:1-6.

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਵਿਅਕਤੀ ਦੀਆਂ ਲੋੜਾਂ ਦੂਜੇ ਨਾਲੋਂ ਵੱਖਰੀਆਂ ਹੁੰਦੀਆਂ ਹਨ। ਸੈਂਡਰਾ ਕਹਿੰਦੀ ਹੈ: “ਮੇਰੇ ਕੋਲ ਉਹ ਸਭ ਕੁਝ ਸੀ ਜਿਸ ਦੀ ਮੈਨੂੰ ਆਪਣੇ ਦੁੱਖਾਂ ਵਿਚ ਲੋੜ ਸੀ—ਮੇਰੇ ਬਹੁਤ ਹੀ ਚੰਗੇ ਤੇ ਪਿਆਰੇ ਦੋਸਤ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ।” ਦੂਜੇ ਪਾਸੇ, ਪਹਿਲਾਂ ਜ਼ਿਕਰ ਕੀਤੀ ਗਈ ਈਲੇਨ ਨੂੰ ਏਕਾਂਤ ਦੀ ਲੋੜ ਸੀ। ਇਸ ਲਈ, ਮਦਦਗਾਰ ਹੋਣ ਦਾ ਮਤਲਬ ਹੈ ਸਮਝਦਾਰੀ ਤੋਂ ਕੰਮ ਲੈਣਾ ਤੇ ਜਦੋਂ ਦੂਜੇ ਇਕੱਲੇ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਕੱਲੇ ਛੱਡਣਾ, ਪਰ ਜਦੋਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਤਾਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ।

ਪਰਿਵਾਰ ਵੱਲੋਂ ਮਦਦ

ਜੇ ਵਿਧਵਾ ਦਾ ਇਕ ਸਨੇਹੀ ਤੇ ਪਿਆਰ ਕਰਨ ਵਾਲਾ ਪਰਿਵਾਰ ਹੈ, ਤਾਂ ਉਸ ਦੇ ਪਰਿਵਾਰ ਦੇ ਮੈਂਬਰ ਉਸ ਨੂੰ ਇਹ ਭਰੋਸਾ ਦਿਵਾਉਣ ਲਈ ਕਾਫ਼ੀ ਕੁਝ ਕਰ ਸਕਦੇ ਹਨ ਕਿ ਉਹ ਆਪਣੇ ਹਾਲਾਤਾਂ ਦਾ ਸਾਮ੍ਹਣਾ ਜ਼ਰੂਰ ਕਰ ਸਕਦੀ ਹੈ। ਹਾਲਾਂਕਿ ਪਰਿਵਾਰ ਦੇ ਕੁਝ ਮੈਂਬਰ ਸ਼ਾਇਦ ਦੂਜਿਆਂ ਨਾਲੋਂ ਜ਼ਿਆਦਾ ਮਦਦ ਕਰ ਸਕਣ, ਪਰ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਮਦਦ ਕਰਨ ਵਿਚ ਯੋਗਦਾਨ ਪਾ ਸਕਦੇ ਹਨ। “ਜੇ ਕਿਸੇ ਵਿਧਵਾ ਦੇ ਬਾਲਕ ਅਥਵਾ ਪੋਤਰੇ ਦੋਹਤਰੇ ਹੋਣ ਤਾਂ ਓਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ।”​—1 ਤਿਮੋਥਿਉਸ 5:4.

ਕਈ ਹਾਲਾਤਾਂ ਵਿਚ ਵਿਧਵਾਵਾਂ ਨੂੰ ਸ਼ਾਇਦ ਆਰਥਿਕ ਮਦਦ ਦੀ ਲੋੜ ਨਾ ਹੋਵੇ। ਕੁਝ ਵਿਧਵਾਵਾਂ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਾਫ਼ੀ ਪੈਸਾ ਹੁੰਦਾ ਹੈ ਤੇ ਕੁਝ ਦੇਸ਼ਾਂ ਵਿਚ ਵਿਧਵਾਵਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਹਨ। ਪਰ ਜਿੱਥੇ ਵਿਧਵਾਵਾਂ ਨੂੰ ਮਦਦ ਦੀ ਲੋੜ ਹੈ, ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਜੇ ਵਿਧਵਾ ਦੀ ਮਦਦ ਕਰਨ ਵਾਲਾ ਕੋਈ ਵੀ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਨਹੀਂ ਹੈ ਜਾਂ ਜੇ ਰਿਸ਼ਤੇਦਾਰ ਉਸ ਦੀ ਮਦਦ ਨਹੀਂ ਕਰ ਸਕਦੇ, ਤਾਂ ਬਾਈਬਲ ਉਸ ਦੀ ਮਦਦ ਕਰਨ ਲਈ ਸੰਗੀ ਵਿਸ਼ਵਾਸੀਆਂ ਨੂੰ ਉਕਸਾਉਂਦੀ ਹੈ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ।”​—ਯਾਕੂਬ 1:27.

ਜੋ ਲੋਕ ਇਨ੍ਹਾਂ ਬਾਈਬਲ ਅਸੂਲਾਂ ਤੇ ਚੱਲਦੇ ਹਨ, ਉਹ ਸੱਚ-ਮੁੱਚ ‘ਵਿਧਵਾਵਾਂ ਦਾ ਆਦਰ ਕਰਦੇ ਹਨ।’ (1 ਤਿਮੋਥਿਉਸ 5:3) ਦਰਅਸਲ ਇਕ ਵਿਅਕਤੀ ਦਾ ਆਦਰ ਕਰਨ ਦਾ ਮਤਲਬ ਹੈ ਉਸ ਲਈ ਸਤਿਕਾਰ ਦਿਖਾਉਣਾ। ਜਿਨ੍ਹਾਂ ਲੋਕਾਂ ਦਾ ਆਦਰ ਕੀਤਾ ਜਾਂਦਾ ਹੈ ਉਹ ਮਹਿਸੂਸ ਕਰਦੇ ਹਨ ਕਿ ਦੂਜੇ ਉਨ੍ਹਾਂ ਦੀ ਕਦਰ ਤੇ ਮਾਣ ਕਰਦੇ ਹਨ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹਨ। ਉਹ ਇਹ ਮਹਿਸੂਸ ਨਹੀਂ ਕਰਦੇ ਕਿ ਦੂਜੇ ਸਿਰਫ਼ ਆਪਣਾ ਫ਼ਰਜ਼ ਸਮਝ ਕੇ ਹੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਰੂਥ, ਹਾਲਾਂਕਿ ਖ਼ੁਦ ਕੁਝ ਸਮੇਂ ਲਈ ਵਿਧਵਾ ਰਹੀ ਸੀ, ਪਰ ਉਸ ਨੇ ਆਪਣੀ ਮਰਜ਼ੀ ਤੇ ਪਿਆਰ ਨਾਲ ਨਾਓਮੀ ਦੀਆਂ ਭੌਤਿਕ ਤੇ ਜਜ਼ਬਾਤੀ ਲੋੜਾਂ ਪੂਰੀਆਂ ਕਰ ਕੇ ਸੱਚਾ ਆਦਰ ਦਿਖਾਇਆ। ਦਰਅਸਲ, ਰੂਥ ਨੇ ਆਪਣੇ ਚੰਗੇ ਰਵੱਈਏ ਕਰਕੇ ਛੇਤੀ ਹੀ ਇਕ ਚੰਗਾ ਨਾਂ ਕਮਾਇਆ ਜਿਸ ਕਰਕੇ ਉਸ ਦੇ ਹੋਣ ਵਾਲੇ ਪਤੀ ਨੇ ਉਸ ਨੂੰ ਕਿਹਾ: “ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ।” (ਰੂਥ 3:11) ਨਾਓਮੀ ਵੀ ਪਰਮੇਸ਼ੁਰ ਨੂੰ ਪਿਆਰ ਕਰਦੀ ਸੀ, ਉਹ ਦੂਜਿਆਂ ਤੋਂ ਜ਼ਿਆਦਾ ਦੀ ਮੰਗ ਨਹੀਂ ਕਰਦੀ ਸੀ ਤੇ ਉਸ ਦੇ ਲਈ ਕੀਤੇ ਰੂਥ ਦੇ ਜਤਨਾਂ ਦੀ ਗਹਿਰੀ ਕਦਰ ਕਰਦੀ ਸੀ। ਇਸ ਲਈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਰੂਥ ਨੇ ਬੜੀ ਖ਼ੁਸ਼ੀ ਨਾਲ ਨਾਓਮੀ ਦੀ ਮਦਦ ਕੀਤੀ ਹੋਵੇਗੀ। ਅੱਜ ਦੇ ਜ਼ਮਾਨੇ ਦੀਆਂ ਵਿਧਵਾਵਾਂ ਲਈ ਨਾਓਮੀ ਕਿੰਨੀ ਹੀ ਵਧੀਆ ਮਿਸਾਲ!

ਪਰਮੇਸ਼ੁਰ ਦੇ ਨੇੜੇ ਆਓ

ਬੇਸ਼ੱਕ, ਪਰਿਵਾਰ ਦੇ ਮੈਂਬਰ ਤੇ ਦੋਸਤ ਮਰ ਚੁੱਕੇ ਜੀਵਨ-ਸਾਥੀ ਦੀ ਕਮੀ ਪੂਰੀ ਨਹੀਂ ਕਰ ਸਕਦੇ। ਇਸ ਕਰਕੇ ਸੋਗੀ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਖ਼ਾਸ ਕਰਕੇ ‘ਦਿਆਲਗੀਆਂ ਦੇ ਪਿਤਾ ਅਤੇ ਸਰਬ ਦਿਲਾਸੇ ਦੇ ਪਰਮੇਸ਼ੁਰ ਜੋ ਸਾਡੀਆਂ ਸਾਰੀਆਂ ਬਿਪਤਾਵਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ’ ਦੇ ਨੇੜੇ ਆਉਣ। (2 ਕੁਰਿੰਥੀਆਂ 1:3, 4) ਇਕ ਧਰਮੀ ਵਿਧਵਾ, ਆੱਨਾ ਦੀ ਮਿਸਾਲ ਉੱਤੇ ਗੌਰ ਕਰੋ ਜੋ ਯਿਸੂ ਦੇ ਜਨਮ ਸਮੇਂ ਲਗਭਗ 84 ਸਾਲਾਂ ਦੀ ਸੀ।

ਵਿਆਹ ਤੋਂ ਸਿਰਫ਼ ਸੱਤ ਸਾਲਾਂ ਬਾਅਦ ਹੀ ਆੱਨਾ ਦੇ ਪਤੀ ਦੀ ਮੌਤ ਹੋ ਗਈ ਤੇ ਉਹ ਦਿਲਾਸੇ ਲਈ ਯਹੋਵਾਹ ਵੱਲ ਮੁੜੀ। “[ਉਹ] ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।” (ਲੂਕਾ 2:36, 37) ਕੀ ਯਹੋਵਾਹ ਨੇ ਆੱਨਾ ਦੀ ਪਰਮੇਸ਼ੁਰੀ ਭਗਤੀ ਦਾ ਫਲ ਦਿੱਤਾ? ਜੀ ਹਾਂ! ਉਸ ਨੇ ਆੱਨਾ ਨੂੰ ਬੜੇ ਹੀ ਖ਼ਾਸ ਤਰੀਕੇ ਨਾਲ ਪਿਆਰ ਦਿਖਾਇਆ। ਪਰਮੇਸ਼ੁਰ ਨੇ ਆੱਨਾ ਨੂੰ ਉਹ ਬੱਚਾ ਦੇਖਣ ਦਾ ਮਾਣ ਬਖ਼ਸ਼ਿਆ ਜਿਸ ਨੇ ਵੱਡਾ ਹੋ ਕੇ ਦੁਨੀਆਂ ਦਾ ਮੁਕਤੀਦਾਤਾ ਬਣਨਾ ਸੀ। ਆੱਨਾ ਨੂੰ ਕਿੰਨੀ ਖ਼ੁਸ਼ੀ ਹੋਈ ਤੇ ਦਿਲਾਸਾ ਮਿਲਿਆ! ਸਪੱਸ਼ਟ ਹੈ ਕਿ ਉਸ ਨੇ ਜ਼ਬੂਰ 37:4 ਦੇ ਸ਼ਬਦਾਂ ਦੀ ਇਸ ਸੱਚਾਈ ਨੂੰ ਅਨੁਭਵ ਕੀਤਾ: “ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”

ਪਰਮੇਸ਼ੁਰ ਸੰਗੀ ਮਸੀਹੀਆਂ ਦੇ ਜ਼ਰੀਏ ਕੰਮ ਕਰਦਾ ਹੈ

ਈਲੇਨ ਕਹਿੰਦੀ ਹੈ: “ਡੇਵਿਡ ਦੀ ਮੌਤ ਤੋਂ ਬਾਅਦ ਕਾਫ਼ੀ ਸਮੇਂ ਤਕ ਮੇਰੇ ਸਰੀਰ ਵਿਚ ਇੱਦਾਂ ਦਾ ਦਰਦ ਹੁੰਦਾ ਸੀ ਜਿੱਦਾਂ ਕੋਈ ਮੇਰੀ ਛਾਤੀ ਵਿਚ ਚਾਕੂ ਮਾਰ ਰਿਹਾ ਹੋਵੇ। ਮੈਂ ਸੋਚਿਆ ਮੈਨੂੰ ਬਦਹਜ਼ਮੀ ਹੋ ਗਈ ਹੈ। ਇਕ ਦਿਨ ਐਨੀ ਬੁਰੀ ਤਰ੍ਹਾਂ ਦਰਦ ਹੋਇਆ ਕਿ ਮੈਂ ਡਾਕਟਰ ਨੂੰ ਮਿਲਣ ਬਾਰੇ ਸੋਚਿਆ। ਮੇਰੀ ਇਕ ਸਮਝਦਾਰ ਅਧਿਆਤਮਿਕ ਭੈਣ ਤੇ ਸਹੇਲੀ ਨੇ ਮੈਨੂੰ ਸਲਾਹ ਦਿੱਤੀ ਕਿ ਮੇਰਾ ਇਹ ਦਰਦ ਸ਼ਾਇਦ ਮੇਰਾ ਗਮ ਹੋਵੇ, ਇਸ ਲਈ ਉਸ ਨੇ ਮੈਨੂੰ ਯਹੋਵਾਹ ਕੋਲੋਂ ਮਦਦ ਤੇ ਦਿਲਾਸਾ ਮੰਗਣ ਲਈ ਉਤਸ਼ਾਹਿਤ ਕੀਤਾ। ਮੈਂ ਉਸੇ ਵੇਲੇ ਉਸ ਦੀ ਸਲਾਹ ਨੂੰ ਮੰਨਿਆ ਤੇ ਚੁੱਪ-ਚਾਪ ਇਹ ਕਹਿੰਦੇ ਹੋਏ ਦਿਲੋਂ ਪ੍ਰਾਰਥਨਾ ਕੀਤੀ ਕਿ ਯਹੋਵਾਹ ਮੈਨੂੰ ਮੇਰੇ ਦੁੱਖਾਂ ਵਿਚ ਸੰਭਾਲ। ਅਤੇ ਯਹੋਵਾਹ ਨੇ ਮੈਨੂੰ ਸੰਭਾਲਿਆ!” ਈਲੇਨ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰਨ ਲੱਗੀ ਤੇ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਦੇ ਦਰਦ ਹੋਣੋਂ ਵੀ ਹਟ ਗਿਆ।

ਖ਼ਾਸਕਰ ਕਲੀਸਿਯਾ ਦੇ ਬਜ਼ੁਰਗ ਦੁਖੀ ਵਿਧਵਾਵਾਂ ਦੇ ਮਦਦਗਾਰ ਬਣ ਸਕਦੇ ਹਨ। ਵਿਧਵਾਵਾਂ ਦੇ ਦੁੱਖਾਂ ਦੇ ਬਾਵਜੂਦ, ਬਜ਼ੁਰਗ ਸਹੀ ਢੰਗ ਤੇ ਸਮਝਦਾਰੀ ਨਾਲ ਵਿਧਵਾਵਾਂ ਨੂੰ ਬਾਕਾਇਦਾ ਅਧਿਆਤਮਿਕ ਮਦਦ ਤੇ ਦਿਲਾਸਾ ਦੇਣ ਨਾਲ ਉਨ੍ਹਾਂ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰ ਸਕਦੇ ਹਨ। ਜਿੱਥੇ ਜ਼ਰੂਰੀ ਹੋਵੇ, ਬਜ਼ੁਰਗ ਉਨ੍ਹਾਂ ਦੀ ਭੌਤਿਕ ਤੌਰ ਤੇ ਮਦਦ ਕਰਨ ਦਾ ਇੰਤਜ਼ਾਮ ਵੀ ਕਰ ਸਕਦੇ ਹਨ। ਅਜਿਹੇ ਤਰਸਵਾਨ ਤੇ ਸਮਝਦਾਰ ਬਜ਼ੁਰਗ ਸੱਚ-ਮੁੱਚ “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ” ਬਣ ਜਾਂਦੇ ਹਨ।​—ਯਸਾਯਾਹ 32:2; ਰਸੂਲਾਂ ਦੇ ਕਰਤੱਬ 6:1-3.

ਧਰਤੀ ਦੇ ਨਵੇਂ ਰਾਜੇ ਤੋਂ ਹਮੇਸ਼ਾ ਦਾ ਦਿਲਾਸਾ

ਕੁਝ ਦੋ ਹਜ਼ਾਰ ਸਾਲ ਪਹਿਲਾਂ ਜਿਸ ਬੱਚੇ ਨੂੰ ਸਿਆਣੀ ਆੱਨਾ ਦੇਖ ਕੇ ਖ਼ੁਸ਼ ਹੋਈ ਸੀ, ਉਹ ਹੁਣ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਮਸੀਹਾਈ ਰਾਜਾ ਬਣ ਚੁੱਕਾ ਹੈ। ਜਲਦੀ ਹੀ ਇਹ ਸਰਕਾਰ ਮੌਤ ਸਮੇਤ ਦੁੱਖਾਂ ਦੇ ਸਾਰੇ ਕਾਰਨਾਂ ਨੂੰ ਮਿਟਾ ਦੇਵੇਗੀ। ਇਸ ਸੰਬੰਧੀ ਪਰਕਾਸ਼ ਦੀ ਪੋਥੀ 21:3, 4 ਕਹਿੰਦੀ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ . . . ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਕੀ ਤੁਸੀਂ ਗੌਰ ਕੀਤਾ ਕਿ ਇਹ ਆਇਤ “ਮਨੁੱਖਾਂ” ਦਾ ਜ਼ਿਕਰ ਕਰਦੀ ਹੈ? ਜੀ ਹਾਂ, ਇਨਸਾਨ ਮੌਤ ਅਤੇ ਇਸ ਨਾਲ ਹੋਣ ਵਾਲੇ ਸੋਗ ਤੇ ਰੋਣੇ ਤੋਂ ਆਜ਼ਾਦ ਕੀਤੇ ਜਾਣਗੇ।

ਪਰ ਇਕ ਹੋਰ ਵਧੀਆ ਖ਼ੁਸ਼ ਖ਼ਬਰੀ ਹੈ! ਬਾਈਬਲ ਇਹ ਵੀ ਵਾਅਦਾ ਕਰਦੀ ਹੈ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ। “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਯਿਸੂ ਦੁਆਰਾ ਮੁੜ ਜੀਉਂਦਾ ਕੀਤੇ ਗਏ ਲਾਜ਼ਰ ਦੀ ਤਰ੍ਹਾਂ, ਮਰੇ ਹੋਏ ਲੋਕ ਆਤਮਿਕ ਪ੍ਰਾਣੀਆਂ ਦੇ ਰੂਪ ਵਿਚ ਨਹੀਂ, ਸਗੋਂ ਇਨਸਾਨਾਂ ਦੇ ਰੂਪ ਵਿਚ ਕਬਰਾਂ ਵਿੱਚੋਂ ਬਾਹਰ ਆਉਣਗੇ। (ਯੂਹੰਨਾ 11:43, 44) ਉਸ ਤੋਂ ਬਾਅਦ ਜਿਹੜੇ “ਭਲਿਆਈ” ਕਰਨਗੇ, ਉਨ੍ਹਾਂ ਨੂੰ ਮੁਕੰਮਲ ਇਨਸਾਨ ਬਣਾਇਆ ਜਾਵੇਗਾ ਤੇ ਯਹੋਵਾਹ ਪਿਤਾ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰੇਗਾ ਜਦੋਂ ਉਹ ‘ਆਪਣਾ ਹੱਥ ਖੋਲ੍ਹੇਗਾ ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ।’​—ਜ਼ਬੂਰ 145:16.

ਜਿਨ੍ਹਾਂ ਨੇ ਮੌਤ ਵਿਚ ਆਪਣੇ ਕਿਸੇ ਪਿਆਰੇ ਨੂੰ ਗੁਆ ਦਿੱਤਾ ਹੈ ਤੇ ਪੁਨਰ-ਉਥਾਨ ਦੀ ਇਸ ਪੱਕੀ ਆਸ ਵਿਚ ਭਰੋਸਾ ਰੱਖਦੇ ਹਨ, ਉਨ੍ਹਾਂ ਨੂੰ ਇਸ ਆਸ ਤੋਂ ਬੜਾ ਦਿਲਾਸਾ ਮਿਲਦਾ ਹੈ। (1 ਥੱਸਲੁਨੀਕੀਆਂ 4:13) ਇਸ ਲਈ ਜੇ ਤੁਸੀਂ ਇਕ ਵਿਧਵਾ ਹੋ, ਤਾਂ ਦਿਲਾਸੇ ਅਤੇ ਮਦਦ ਵਾਸਤੇ “ਨਿੱਤ ਪ੍ਰਾਰਥਨਾ ਕਰੋ” ਤਾਂਕਿ ਤੁਸੀਂ ਹਰ ਰੋਜ਼ ਆਪਣੇ ਵੱਖੋ-ਵੱਖਰੇ ਬੋਝਾਂ ਨੂੰ ਚੁੱਕ ਸਕੋ। (1 ਥੱਸਲੁਨੀਕੀਆਂ 5:17; 1 ਪਤਰਸ 5:7) ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਲਈ ਸਮਾਂ ਕੱਢੋ ਤਾਂਕਿ ਪਰਮੇਸ਼ੁਰ ਦੇ ਵਿਚਾਰਾਂ ਤੋਂ ਤੁਹਾਨੂੰ ਦਿਲਾਸਾ ਮਿਲ ਸਕੇ। ਜੇ ਤੁਸੀਂ ਇਨ੍ਹਾਂ ਗੱਲਾਂ ਤੇ ਚੱਲੋਗੇ, ਤਾਂ ਤੁਸੀਂ ਖ਼ੁਦ ਅਨੁਭਵ ਕਰੋਗੇ ਕਿ ਇਕ ਵਿਧਵਾ ਵਜੋਂ ਤੁਸੀਂ ਜੋ ਦੁੱਖਾਂ ਤੇ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ, ਉਨ੍ਹਾਂ ਦੇ ਬਾਵਜੂਦ ਵੀ ਯਹੋਵਾਹ ਸ਼ਾਂਤੀ ਪਾਉਣ ਵਿਚ ਸੱਚ-ਮੁੱਚ ਤੁਹਾਡੀ ਮਦਦ ਕਰ ਸਕਦਾ ਹੈ।

[ਸਫ਼ੇ 5 ਉੱਤੇ ਸੁਰਖੀ]

ਮਦਦਗਾਰ ਹੋਣ ਦਾ ਮਤਲਬ ਹੈ ਕਿ ਜਦੋਂ ਦੂਜੇ ਇਕੱਲੇ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਕੱਲੇ ਛੱਡਣਾ ਤੇ ਲੋੜ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ

[ਸਫ਼ੇ 7 ਉੱਤੇ ਤਸਵੀਰ]

ਬਜ਼ੁਰਗ ਵਿਧਵਾ ਆੱਨਾ ਨੂੰ ਪਰਮੇਸ਼ੁਰ ਨੇ ਬਰਕਤ ਦਿੱਤੀ