ਪਰਮੇਸ਼ੁਰ ਦੇ ਨਾਂ ਤੇ ਲੱਗਾ ਕਲੰਕ ਧੋਤਾ ਗਿਆ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਪਰਮੇਸ਼ੁਰ ਦੇ ਨਾਂ ਤੇ ਲੱਗਾ ਕਲੰਕ ਧੋਤਾ ਗਿਆ
ਪਰਮੇਸ਼ੁਰ ਦਾ ਬਚਨ, ਬਾਈਬਲ ਕਹਿੰਦੀ ਹੈ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤਰਸ 2:12) ਇਸ ਲਈ, ਸੱਚੇ ਮਸੀਹੀ ਆਪਣਾ ਚਾਲ-ਚਲਣ ਨੇਕ ਰੱਖਣ ਦੀ ਹਰ ਕੋਸ਼ਿਸ਼ ਕਰਦੇ ਹਨ ਤਾਂਕਿ ਯਹੋਵਾਹ ਦੇ ਨਾਂ ਤੇ ਕੋਈ ਕਲੰਕ ਨਾ ਲੱਗੇ।
ਜ਼ੈਂਬੀਆ ਦੇ ਇਕ ਦੂਰ-ਦੁਰੇਡੇ ਇਲਾਕੇ ਵਿਚ ਸੇਨਾਨਗਾ ਨਾਮਕ ਇਕ ਕਸਬਾ ਹੈ ਜਿਸ ਵਿਚ ਇਕ ਸਕੂਲ ਦੇ ਅਧਿਆਪਕ ਦੇ ਘਰੋਂ ਕਿਸੇ ਨੇ ਉਸ ਦਾ ਰੇਡੀਓ ਚੋਰੀ ਕਰ ਲਿਆ। ਕਿਉਂਕਿ ਯਹੋਵਾਹ ਦੇ ਗਵਾਹ ਉਸ ਇਲਾਕੇ ਵਿਚ ਪ੍ਰਚਾਰ ਕਰ ਰਹੇ ਸਨ, ਇਸ ਲਈ ਉਸ ਅਧਿਆਪਕ ਨੇ ਚੋਰੀ ਦਾ ਇਲਜ਼ਾਮ ਗਵਾਹਾਂ ਉੱਤੇ ਲਾਇਆ। ਉਸ ਨੇ ਪੁਲਸ ਨੂੰ ਰਿਪੋਰਟ ਕੀਤੀ ਕਿ ਗਵਾਹਾਂ ਨੇ ਉਸ ਦਾ ਰੇਡੀਓ ਚੋਰੀ ਕੀਤਾ ਹੈ। ਇਸ ਗੱਲ ਦੇ ਸਬੂਤ ਵਜੋਂ ਕਿ ਗਵਾਹ ਉਸ ਦੇ ਘਰ ਗਏ ਸਨ, ਉਸ ਨੇ ਇਕ ਟ੍ਰੈਕਟ ਦਿਖਾਇਆ ਜੋ ਉਸ ਨੂੰ ਆਪਣੇ ਘਰ ਦੇ ਫ਼ਰਸ਼ ਤੋਂ ਮਿਲਿਆ ਸੀ। ਪਰ ਪੁਲਸ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ। ਪੁਲਸ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਘਰ ਜਾ ਕੇ ਹੋਰ ਚੰਗੀ ਤਰ੍ਹਾਂ ਛਾਣ-ਬੀਣ ਕਰੇ।
ਉਸ ਦਿਨ ਜਿਨ੍ਹਾਂ ਗਵਾਹਾਂ ਨੇ ਉਸ ਅਧਿਆਪਕ ਦੇ ਗੁਆਂਢ ਵਿਚ ਪ੍ਰਚਾਰ ਕੀਤਾ ਸੀ, ਉਨ੍ਹਾਂ ਨੂੰ ਬਜ਼ੁਰਗਾਂ ਦੇ ਸਮੂਹ ਨੇ ਉਤਸ਼ਾਹਿਤ ਕੀਤਾ ਕਿ ਉਹ ਉਸ ਅਧਿਆਪਕ ਕੋਲ ਜਾਣ ਤੇ ਇਸ ਮਸਲੇ ਬਾਰੇ ਗੱਲਬਾਤ ਕਰਨ। ਕੁਝ ਭਰਾ ਉਸ ਆਦਮੀ ਕੋਲ ਗਏ ਤੇ ਉਸ ਨੂੰ ਸਮਝਾਇਆ ਕਿ ਉਹ ਯਹੋਵਾਹ ਦੇ ਨਾਂ ਤੇ ਲੱਗੇ ਕਲੰਕ ਨੂੰ ਧੋਣਾ ਚਾਹੁੰਦੇ ਸਨ। ਗੱਲਬਾਤ ਦੌਰਾਨ, ਗਵਾਹਾਂ ਨੇ ਉਸ ਆਦਮੀ ਨੂੰ ਦੱਸਿਆ ਕਿ ਉਹ ਉਸ ਦੇ ਘਰ ਵਿਚ ਇਕ ਨੌਜਵਾਨ ਨੂੰ ਮਿਲੇ ਸਨ ਜਿਸ ਨੂੰ ਉਨ੍ਹਾਂ ਨੇ ਉਹ ਟ੍ਰੈਕਟ ਦਿੱਤਾ ਸੀ। ਗਵਾਹਾਂ ਵੱਲੋਂ ਉਸ ਨੌਜਵਾਨ ਬਾਰੇ ਦੱਸੇ ਹੁਲੀਏ ਤੋਂ ਉਸ ਅਧਿਆਪਕ ਨੇ ਨੌਜਵਾਨ ਦੀ ਪਛਾਣ ਕਰ ਲਈ। ਦਰਅਸਲ ਇਹ ਨੌਜਵਾਨ ਤੇ ਅਧਿਆਪਕ ਇੱਕੋ ਚਰਚ ਵਿਚ ਜਾਂਦੇ ਸਨ। ਅਧਿਆਪਕ ਨੇ ਉਸ ਨੌਜਵਾਨ ਨਾਲ ਗੱਲਬਾਤ ਕੀਤੀ, ਪਰ ਉਸ ਨੇ ਇਹ ਮੰਨਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਉਸ ਨੇ ਰੇਡੀਓ ਚੋਰੀ ਕੀਤਾ ਹੈ। ਫਿਰ ਅਧਿਆਪਕ ਨੇ ਇਸ ਮਸਲੇ ਬਾਰੇ ਉਸ ਨੌਜਵਾਨ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਵਾਪਸ ਆਪਣੇ ਘਰ ਆ ਗਿਆ। ਇਕ ਘੰਟੇ ਦੇ ਅੰਦਰ-ਅੰਦਰ ਉਸ ਨੌਜਵਾਨ ਦੀ ਮਾਂ ਨੇ ਚੋਰੀ ਹੋਇਆ ਰੇਡੀਓ ਵਾਪਸ ਕਰ ਦਿੱਤਾ।
ਉਸ ਅਧਿਆਪਕ ਨੂੰ ਬੜਾ ਪਛਤਾਵਾ ਹੋਇਆ ਤੇ ਉਸ ਨੇ ਬਜ਼ੁਰਗਾਂ ਦੇ ਸਮੂਹ ਕੋਲ ਜਾ ਕੇ ਗਵਾਹਾਂ ਉੱਤੇ ਲਗਾਏ ਝੂਠੇ ਇਲਜ਼ਾਮਾਂ ਲਈ ਮਾਫ਼ੀ ਮੰਗੀ। ਬਜ਼ੁਰਗਾਂ ਨੇ ਉਸ ਨੂੰ ਮਾਫ਼ ਕਰ ਦਿੱਤਾ, ਪਰ ਉਨ੍ਹਾਂ ਨੇ ਉਸ ਤੋਂ ਬੇਨਤੀ ਕੀਤੀ ਕਿ ਉਹ ਇਸ ਗੱਲ ਤੋਂ ਸਾਰੇ ਲੋਕਾਂ ਨੂੰ ਜਾਣੂ ਕਰਵਾਏ ਤਾਂਕਿ ਸਭ ਨੂੰ ਪਤਾ ਲੱਗੇ ਕਿ ਗਵਾਹ ਬਿਲਕੁਲ ਬੇਕਸੂਰ ਸਨ। ਅਧਿਆਪਕ ਨੇ ਸਕੂਲ ਵਿਚ ਇਸ ਬਾਰੇ ਘੋਸ਼ਣਾ ਕੀਤੀ। ਇਸ ਤਰ੍ਹਾਂ ਯਹੋਵਾਹ ਦੇ ਨਾਂ ਤੇ ਲੱਗੇ ਕਲੰਕ ਨੂੰ ਧੋਤਾ ਗਿਆ। ਯਹੋਵਾਹ ਦੇ ਗਵਾਹ ਫਿਰ ਤੋਂ ਉਸ ਇਲਾਕੇ ਵਿਚ ਖੁੱਲ੍ਹੇ-ਆਮ ਪ੍ਰਚਾਰ ਕਰ ਸਕਦੇ ਹਨ।
[ਸਫ਼ੇ 19 ਉੱਤੇ ਨਕਸ਼ੇ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਅਫ਼ਰੀਕਾ
ਜ਼ੈਂਬੀਆ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.