ਪੂਰੀ ਬਾਈਬਲ ਇਕ ਕਿਤਾਬ ਦੇ ਰੂਪ ਵਿਚ
ਪੂਰੀ ਬਾਈਬਲ ਇਕ ਕਿਤਾਬ ਦੇ ਰੂਪ ਵਿਚ
ਬਾਈਬਲ ਦੀਆਂ ਕਾਪੀਆਂ ਬਣਾਉਣ ਲਈ ਪੁਰਾਣੇ ਸਮੇਂ ਦੇ ਮਸੀਹੀਆਂ ਨੇ ਸਾਰਿਆਂ ਤੋਂ ਪਹਿਲਾਂ ਕੋਡੈਕਸ ਨੂੰ ਵਰਤਿਆ ਸੀ। ਕੋਡੈਕਸ ਇਕ ਕਿਤਾਬ ਹੈ, ਨਾ ਕਿ ਇਕ ਪੱਤਰੀ। ਪਰ ਬਾਈਬਲ ਦੀਆਂ ਸਾਰੀਆਂ ਪੋਥੀਆਂ ਨੂੰ ਇਕੱਠਾ ਕਰ ਕੇ ਇਕ ਕਿਤਾਬ ਦੇ ਰੂਪ ਵਿਚ ਬਣਾਉਣ ਦਾ ਮਹੱਤਵਪੂਰਣ ਕੰਮ ਛੇਵੀਂ ਸਦੀ ਵਿਚ ਸ਼ੁਰੂ ਹੋਇਆ ਜਦੋਂ ਫਲੇਵੀਅਸ ਕੇਸੀਓਡੌਰਸ ਨੇ ਇਸ ਕੰਮ ਵਿਚ ਪਹਿਲ ਕੀਤੀ।
ਫਲੇਵੀਅਸ ਮੌਗਨਸ ਓਰੇਲੀਅਸ ਕੇਸੀਓਡੌਰਸ ਦਾ ਜਨਮ ਲਗਭਗ 485-490 ਸਾ.ਯੁ. ਵਿਚ ਸ਼ਹਿਰ ਕਲੌਬਰੀ ਦੇ ਇਕ ਅਮੀਰ ਪਰਿਵਾਰ ਵਿਚ ਹੋਇਆ ਸੀ ਜੋ ਹੁਣ ਇਟਲੀ ਦੇ ਦੱਖਣੀ ਹਿੱਸੇ ਵਿਚ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਇਤਾਲਵੀ ਇਤਿਹਾਸ ਦੇ ਇਕ ਬਹੁਤ ਹੀ ਉੱਥਲ-ਪੁੱਥਲ ਭਰੇ ਸਮੇਂ ਨੂੰ ਦੇਖਿਆ ਜਦੋਂ ਇਟਲੀ ਉੱਤੇ ਪਹਿਲਾਂ ਗਾਥੀ ਲੋਕਾਂ ਨੇ ਅਤੇ ਬਾਅਦ ਵਿਚ ਬਿਜ਼ੰਤੀਨੀ ਲੋਕਾਂ ਨੇ ਕਬਜ਼ਾ ਕੀਤਾ ਸੀ। ਜਦੋਂ ਕੇਸੀਓਡੌਰਸ 60-70 ਸਾਲਾਂ ਦਾ ਸੀ, ਤਾਂ ਉਸ ਨੇ ਸਕਵੀਲੋਚੇ, ਕਲੌਬਰੀਆ ਵਿਚ ਆਪਣੇ ਘਰ ਦੇ ਲਾਗੇ ਵੀਵੇਰੀਅਮ ਮੱਠ ਅਤੇ ਲਾਇਬ੍ਰੇਰੀ ਦੀ ਸਥਾਪਨਾ ਕੀਤੀ।
ਇਕ ਮਿਹਨਤੀ ਬਾਈਬਲ ਸੰਪਾਦਕ
ਕੇਸੀਓਡੌਰਸ ਦੀ ਇਕ ਮੁੱਖ ਚਿੰਤਾ ਸੀ ਸਾਰੇ ਲੋਕਾਂ ਨੂੰ ਬਾਈਬਲ ਮੁਹੱਈਆ ਕਰਾਉਣੀ। ਇਤਿਹਾਸਕਾਰ ਪੀਟਰ ਬ੍ਰਾਊਨ ਲਿਖਦਾ ਹੈ: “ਕੇਸੀਓਡੌਰਸ ਦਾ ਕਹਿਣਾ ਸੀ ਕਿ ਸਾਰਾ ਲਾਤੀਨੀ ਸਾਹਿੱਤਕ ਸਮਾਜ ਬਾਈਬਲ ਮੁਹੱਈਆ ਕਰਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ। ਕਲਾਸਿਕੀ ਸਾਹਿੱਤ ਦਾ ਅਧਿਐਨ ਕਰਨ ਅਤੇ ਕਾਪੀ ਕਰਨ ਲਈ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸਨ, ਹੁਣ ਉਹ ਬਾਈਬਲ ਨੂੰ ਸਮਝਣ ਅਤੇ ਸਹੀ ਤਰੀਕੇ ਨਾਲ ਕਾਪੀ ਕਰਨ ਲਈ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਇਕ ਨਵੇਂ ਬਣੇ ਗ੍ਰਹਿ ਮੰਡਲ ਵਾਂਗ, ਪੂਰਾ ਲਾਤੀਨੀ ਸਾਹਿੱਤਕ ਸਮਾਜ ਪਰਮੇਸ਼ੁਰ ਦੇ ਬਚਨ ਦੇ ਵਿਸ਼ਾਲ ਸੂਰਜ ਦੇ ਆਲੇ-ਦੁਆਲੇ ਘੁੰਮਣਾ ਚਾਹੀਦਾ ਹੈ।”
ਕੇਸੀਓਡੌਰਸ ਨੇ ਪੂਰੀ ਬਾਈਬਲ ਨੂੰ ਇਕ ਕਿਤਾਬ ਵਿਚ ਕਾਪੀ ਕਰਨ ਲਈ ਵੀਵੇਰੀਅਮ ਮੱਠ ਵਿਚ ਅਨੁਵਾਦਕਾਂ ਅਤੇ ਵਿਆਕਰਣਕਾਰਾਂ ਨੂੰ ਇਕੱਠਾ ਕੀਤਾ ਤੇ ਇਸ ਮੁਸ਼ਕਲ ਸੰਪਾਦਕੀ ਕੰਮ ਦੀ ਪ੍ਰਧਾਨਗੀ ਕੀਤੀ। ਉਸ ਨੇ ਇਹ ਕੰਮ ਕੁਝ ਕੁ ਵਿਦਵਾਨਾਂ ਨੂੰ ਹੀ ਦਿੱਤਾ। ਜੇ ਇਨ੍ਹਾਂ ਵਿਦਵਾਨਾਂ ਨੂੰ ਲੱਗਦਾ ਸੀ ਕਿ ਕਿਸੇ ਹੱਥ-ਲਿਖਤ ਵਿਚ ਕੋਈ ਗ਼ਲਤੀ ਸੀ, ਤਾਂ ਉਨ੍ਹਾਂ ਨੇ ਕਾਹਲੀ ਵਿਚ ਇਸ ਨੂੰ ਠੀਕ ਨਹੀਂ ਕਰਨਾ ਸੀ। ਜੇ ਵਿਆਕਰਣ ਦੇ ਸੰਬੰਧ ਵਿਚ ਕੋਈ ਸ਼ੱਕ ਹੁੰਦਾ ਸੀ, ਤਾਂ ਉਨ੍ਹਾਂ ਨੇ ਉਸ ਵੇਲੇ ਪ੍ਰਚਲਿਤ ਲਾਤੀਨੀ ਵਿਆਕਰਣ ਨਾਲੋਂ ਪੁਰਾਣੀਆਂ ਬਾਈਬਲ ਹੱਥ-ਲਿਖਤਾਂ ਨੂੰ ਜ਼ਿਆਦਾ ਪਹਿਲ ਦੇਣੀ ਸੀ। ਕੇਸੀਓਡੌਰਸ ਨੇ ਇਹ ਹਿਦਾਇਤ ਦਿੱਤੀ ਸੀ: “ਵਿਆਕਰਣ ਦੀਆਂ ਵਿਸ਼ੇਸ਼ਤਾਵਾਂ ਨੂੰ . . . ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੇ ਗਏ ਕਿਸੇ ਵੀ ਸਾਹਿੱਤ ਵਿਚ ਕੋਈ ਗ਼ਲਤੀ ਹੋ ਹੀ ਨਹੀਂ ਸਕਦੀ। . . . ਬਾਈਬਲ ਵਿਚ ਜਿਸ ਤਰੀਕੇ ਨਾਲ ਖ਼ਾਸ ਸ਼ਬਦਾਂ ਨੂੰ ਇਸਤੇਮਾਲ ਕੀਤਾ ਗਿਆ ਹੈ ਅਤੇ ਜੋ ਲਾਖਣਿਕ ਭਾਸ਼ਾ ਅਤੇ ਮੁਹਾਵਰੇ ਵਰਤੇ ਗਏ ਹਨ, ਉਨ੍ਹਾਂ ਨੂੰ ਉਸੇ ਤਰ੍ਹਾਂ ਕਾਪੀ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਕਿ ਇਹ ਲਾਤੀਨੀ ਭਾਸ਼ਾ ਵਿਚ ਬੇਤੁਕੇ ਲੱਗਣ, ਤੇ ਇਸ ਦੇ ਨਾਲ-ਨਾਲ ‘ਇਬਰਾਨੀ’ ਨਾਵਾਂ ਨੂੰ ਵੀ ਉਸੇ ਤਰ੍ਹਾਂ ਕਾਪੀ ਕੀਤਾ ਜਾਣਾ ਚਾਹੀਦਾ ਹੈ।”—ਦ ਕੇਮਬ੍ਰਿਜ ਹਿਸਟਰੀ ਆਫ਼ ਦ ਬਾਈਬਲ।
ਕੋਡੈਕਸ ਗ੍ਰੌਨਡੀਓਰ
ਵੀਵੇਰੀਅਮ ਮੱਠ ਦੇ ਨਕਲਨਵੀਸਾਂ ਨੂੰ ਲਾਤੀਨੀ ਵਿਚ ਬਾਈਬਲ ਦੇ ਤਿੰਨ ਵੱਖਰੇ-ਵੱਖਰੇ ਐਡੀਸ਼ਨ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਇਨ੍ਹਾਂ ਵਿੱਚੋਂ ਇਕ ਐਡੀਸ਼ਨ ਨੌਂ ਜਿਲਦਾਂ ਵਿਚ ਸੀ ਜਿਸ ਲਈ ਸ਼ਾਇਦ ਬਾਈਬਲ ਦਾ ਪੁਰਾਣਾ ਲਾਤੀਨੀ ਅਨੁਵਾਦ ਵਰਤਿਆ ਗਿਆ ਸੀ। ਇਹ ਅਨੁਵਾਦ ਦੂਜੀ ਸਦੀ ਦੇ ਅਖ਼ੀਰ ਵਿਚ ਕੀਤਾ ਗਿਆ ਸੀ। ਦੂਸਰੇ ਐਡੀਸ਼ਨ ਲਈ ਲਾਤੀਨੀ ਵਲਗੇਟ ਨੂੰ ਇਸਤੇਮਾਲ ਕੀਤਾ ਗਿਆ ਸੀ ਜਿਸ ਨੂੰ ਜਰੋਮ ਨੇ ਪੰਜਵੀਂ ਸਦੀ ਦੀ ਸ਼ੁਰੂਆਤ ਵਿਚ ਖ਼ਤਮ ਕੀਤਾ ਸੀ। ਤੀਸਰਾ ਐਡੀਸ਼ਨ ਸੀ ਕੋਡੈਕਸ ਗ੍ਰੌਨਡੀਓਰ ਜਿਸ ਦਾ ਮਤਲਬ ਹੈ “ਵੱਡਾ ਕੋਡੈਕਸ।” ਇਸ ਨੂੰ ਤਿੰਨ ਬਾਈਬਲ ਅਨੁਵਾਦਾਂ ਵਿੱਚੋਂ ਕਾਪੀ ਕੀਤਾ ਗਿਆ ਸੀ। ਇਨ੍ਹਾਂ ਅਖ਼ੀਰਲੇ ਦੋ ਐਡੀਸ਼ਨਾਂ ਵਿਚ ਬਾਈਬਲ ਦੀਆਂ ਸਾਰੀਆਂ ਪੋਥੀਆਂ ਨੂੰ ਇੱਕੋ ਕਿਤਾਬ ਵਿਚ ਕਾਪੀ ਕੀਤਾ ਗਿਆ ਸੀ।
* ਯਕੀਨਨ ਉਸ ਨੇ ਦੇਖਿਆ ਹੋਵੇਗਾ ਕਿ ਬਾਈਬਲ ਦੀਆਂ ਸਾਰੀਆਂ ਪੋਥੀਆਂ ਨੂੰ ਇਕੱਠਾ ਕਰ ਕੇ ਇੱਕੋ ਕਿਤਾਬ ਦੇ ਰੂਪ ਵਿਚ ਪੇਸ਼ ਕਰਨ ਦੇ ਕਈ ਫ਼ਾਇਦੇ ਸਨ, ਕਿਉਂਕਿ ਇਸ ਨਾਲ ਅਲੱਗ-ਅਲੱਗ ਪੋਥੀਆਂ ਵਿੱਚੋਂ ਜਾਂਚ ਕਰਨ ਵਿਚ ਇੰਨਾ ਸਮਾਂ ਬਰਬਾਦ ਨਹੀਂ ਹੋਵੇਗਾ।
ਕੇਸੀਓਡੌਰਸ ਸ਼ਾਇਦ ਪਹਿਲਾ ਵਿਅਕਤੀ ਸੀ ਜਿਸ ਨੇ ਪੂਰੀ ਲਾਤੀਨੀ ਬਾਈਬਲ ਨੂੰ ਇਕ ਕਿਤਾਬ ਦੇ ਰੂਪ ਵਿਚ ਪੇਸ਼ ਕੀਤਾ। ਉਸ ਨੇ ਇਸ ਦਾ ਨਾਂ ਪੌਨਡੱਥੀਸ ਰੱਖਿਆ।ਦੱਖਣੀ ਇਟਲੀ ਤੋਂ ਬ੍ਰਿਟੇਨ ਤਕ ਦਾ ਸਫ਼ਰ
ਕੇਸੀਓਡੌਰਸ ਦੀ ਮੌਤ (ਸ਼ਾਇਦ 583 ਸਾ.ਯੁ. ਵਿਚ) ਤੋਂ ਜਲਦੀ ਬਾਅਦ ਕੋਡੈਕਸ ਗ੍ਰੌਨਡੀਓਰ ਦਾ ਸਫ਼ਰ ਸ਼ੁਰੂ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਵੀਵੇਰੀਅਮ ਲਾਇਬ੍ਰੇਰੀ ਦੀਆਂ ਕੁਝ ਕਿਤਾਬਾਂ ਰੋਮ ਵਿਚ ਸਥਿਤ ਲੈਟਰਨ ਲਾਇਬ੍ਰੇਰੀ ਵਿਚ ਲਿਜਾਈਆਂ ਗਈਆਂ ਸਨ। ਸਾਲ 678 ਸਾ.ਯੁ. ਵਿਚ ਐਂਗਲੋ-ਸੈਕਸਨ ਮੱਠ-ਅਧਿਕਾਰੀ ਚੇਲਫ੍ਰਿਥ ਰੋਮ ਤੋਂ ਵਾਪਸ ਆਉਂਦੇ ਸਮੇਂ ਇਸ ਨੂੰ ਬ੍ਰਿਟੇਨ ਲਿਆਇਆ ਸੀ। ਇਸ ਤਰ੍ਹਾਂ ਇਹ ਕੋਡੈਕਸ ਵਰਮਥ ਅਤੇ ਜੈਰੋ ਨਾਂ ਦੇ ਸ਼ਹਿਰਾਂ ਵਿਚ ਸਥਿਤ ਦੋ ਮੱਠਾਂ ਵਿਚ ਪਹੁੰਚਿਆ ਜੋ ਹੁਣ ਨਾਰਥੰਬਰੀਆ, ਇੰਗਲੈਂਡ ਵਿਚ ਹਨ। ਚੇਲਫ੍ਰਿਥ ਇਨ੍ਹਾਂ ਦੋਵਾਂ ਮੱਠਾਂ ਦਾ ਪ੍ਰਧਾਨ ਸੀ।
ਕੇਸੀਓਡੌਰਸ ਦੀ ਇਕ ਕਿਤਾਬ ਵਿਚ ਕਾਪੀ ਕੀਤੀ ਗਈ ਪੂਰੀ ਬਾਈਬਲ ਚੇਲਫ੍ਰਿਥ ਤੇ ਉਸ ਦੇ ਮੱਠਵਾਸੀਆਂ ਨੂੰ ਜ਼ਰੂਰ ਪਸੰਦ ਆਈ ਹੋਣੀ। ਉਨ੍ਹਾਂ ਨੇ ਦੇਖਿਆ ਹੋਣਾ ਕਿ ਇਸ ਨੂੰ ਵਰਤਣਾ ਕਿੰਨਾ ਹੀ ਆਸਾਨ ਸੀ। ਇਸ ਲਈ ਕੁਝ ਹੀ ਦਹਾਕਿਆਂ ਵਿਚ ਉਨ੍ਹਾਂ ਨੇ ਇਸੇ ਤਰ੍ਹਾਂ ਦੀਆਂ ਤਿੰਨ ਦੂਸਰੀਆਂ ਬਾਈਬਲਾਂ ਬਣਾਈਆਂ। ਇਨ੍ਹਾਂ ਵਿੱਚੋਂ ਹੁਣ ਇੱਕੋ ਵਿਸ਼ਾਲ ਹੱਥ-ਲਿਖਤ ਬਚੀ ਹੈ ਜਿਸ ਦਾ ਨਾਂ ਹੈ ਕੋਡੈਕਸ ਔਮਿਓਟੀਨੁਸ। ਇਸ ਵਿਚ ਚਰਮ-ਪੱਤਰ ਦੇ 2,060 ਸਫ਼ੇ ਹਨ ਤੇ ਹਰ ਸਫ਼ੇ ਦੀ ਲੰਬਾਈ 51 ਸੈਂਟੀਮੀਟਰ ਅਤੇ ਚੌੜਾਈ 33 ਸੈਂਟੀਮੀਟਰ ਹੈ। ਜਿਲਦ ਸਹਿਤ ਇਸ ਦੀ ਮੋਟਾਈ 25 ਸੈਂਟੀਮੀਟਰ ਹੈ ਅਤੇ ਭਾਰ 34 ਕਿਲੋਗ੍ਰਾਮ ਤੋਂ ਜ਼ਿਆਦਾ ਹੈ। ਇਹ ਅਜੇ ਤਕ ਬਚੀ ਹੋਈ ਸਭ ਤੋਂ ਪੁਰਾਣੀ ਲਾਤੀਨੀ ਬਾਈਬਲ ਹੈ ਜਿਸ ਵਿਚ ਸਾਰੀਆਂ ਪੋਥੀਆਂ ਨੂੰ ਇਕੱਠਾ ਕਰ ਕੇ ਇੱਕੋ ਕਿਤਾਬ ਬਣਾਈ ਗਈ ਹੈ। ਉੱਨੀਵੀਂ ਸਦੀ ਦੇ ਇਕ ਪ੍ਰਸਿੱਧ ਬਾਈਬਲ ਵਿਗਿਆਨੀ ਫੈਨਟਨ ਜੇ. ਏ. ਹੌਰਟ ਨੇ 1887 ਵਿਚ ਇਸ ਕੋਡੈਕਸ ਦੀ ਸ਼ਨਾਖਤ ਕੀਤੀ। ਹੌਰਟ ਨੇ ਇਸ ਬਾਰੇ ਕਿਹਾ: “ਜੇ ਅੱਜ ਵੀ ਕੋਈ ਇਸ ਸ਼ਾਨਦਾਰ [ਹੱਥ-ਲਿਖਤ] ਨੂੰ ਦੇਖ ਲਵੇ, ਤਾਂ ਉਸ ਦਾ ਮਨ ਜ਼ਰੂਰ ਹੈਰਾਨੀ ਭਰੀ ਸ਼ਰਧਾ ਨਾਲ ਭਰ ਜਾਵੇਗਾ।”
ਇਟਲੀ ਨੂੰ ਵਾਪਸੀ
ਕੇਸੀਓਡੌਰਸ ਦੁਆਰਾ ਬਣਾਇਆ ਗਿਆ ਕੋਡੈਕਸ ਗ੍ਰੌਨਡੀਓਰ ਹੁਣ ਗੁਆਚ ਚੁੱਕਾ ਹੈ। ਪਰ ਐਂਗਲੋ-ਸੈਕਸਨ ਨਕਲਨਵੀਸਾਂ ਦੁਆਰਾ ਬਣਾਏ ਗਏ ਲਾਤੀਨੀ ਕੋਡੈਕਸ ਔਮਿਓਟੀਨੁਸ ਨੂੰ ਪੂਰਾ ਕੀਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਇਟਲੀ ਵਾਪਸ ਲਿਜਾਇਆ ਗਿਆ। ਚੇਲਫ੍ਰਿਥ ਨੇ ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਰੋਮ ਵਾਪਸ ਜਾਣ ਦਾ ਫ਼ੈਸਲਾ ਕੀਤਾ ਸੀ। ਉਹ ਪੋਪ ਗ੍ਰੈਗਰੀ ਦੂਜੇ ਲਈ ਤੋਹਫ਼ੇ ਵਜੋਂ ਆਪਣੇ ਤਿੰਨ ਲਾਤੀਨੀ ਬਾਈਬਲ ਹੱਥ-ਲਿਖਤਾਂ ਵਿੱਚੋਂ ਇਕ ਲੈ ਕੇ ਗਿਆ। ਚੇਲਫ੍ਰਿਥ ਦੀ ਰੋਮ ਜਾਂਦੇ ਸਮੇਂ 716 ਸਾ.ਯੁ. ਵਿਚ ਲਾਂਗਰ, ਫਰਾਂਸ ਵਿਚ ਮੌਤ ਹੋ ਗਈ। ਪਰ ਉਸ ਦੀ ਬਾਈਬਲ ਨੇ ਦੂਜੇ ਮੁਸਾਫ਼ਰਾਂ ਨਾਲ ਆਪਣਾ ਸਫ਼ਰ ਜਾਰੀ ਰੱਖਿਆ। ਅਖ਼ੀਰ ਵਿਚ ਇਸ ਕੋਡੈਕਸ ਨੂੰ ਕੇਂਦਰੀ ਇਟਲੀ ਦੇ ਔਮਿਓਟਾ ਪਹਾੜ ਉੱਤੇ ਸਥਿਤ ਮੱਠ ਦੀ ਲਾਇਬ੍ਰੇਰੀ ਵਿਚ ਰੱਖਿਆ ਗਿਆ। ਇਸ ਜਗ੍ਹਾ ਦੇ ਨਾਂ ਤੇ ਹੀ ਇਸ ਕੋਡੈਕਸ ਦਾ ਨਾਂ ਕੋਡੈਕਸ ਔਮਿਓਟੀਨੁਸ ਪਿਆ। ਸਾਲ 1782 ਵਿਚ ਇਸ ਹੱਥ-ਲਿਖਤ ਨੂੰ ਇਟਲੀ ਦੇ ਸ਼ਹਿਰ ਫਲੋਰੈਂਸ ਦੀ ਮੈਡੀਸੀਅਨ-ਲੌਰੇਨਚਨ ਲਾਇਬ੍ਰੇਰੀ ਵਿਚ ਲਿਜਾਇਆ ਗਿਆ ਜਿੱਥੇ ਇਹ ਅੱਜ ਵੀ ਲਾਇਬ੍ਰੇਰੀ ਦੀ ਸਭ ਤੋਂ ਕੀਮਤੀ ਕਿਤਾਬ ਮੰਨੀ ਜਾਂਦੀ ਹੈ।
ਕੋਡੈਕਸ ਗ੍ਰੌਨਡੀਓਰ ਦਾ ਸਾਡੇ ਤੇ ਕੀ ਅਸਰ ਪਿਆ ਹੈ? ਕੇਸੀਓਡੌਰਸ ਦੇ ਸਮੇਂ ਤੋਂ ਨਕਲਨਵੀਸਾਂ ਅਤੇ ਛਾਪਕਾਂ ਨੇ ਇਕ ਕਿਤਾਬ ਦੇ ਰੂਪ ਵਿਚ ਬਾਈਬਲ ਬਣਾਉਣ ਨੂੰ ਜ਼ਿਆਦਾ ਪਹਿਲ ਦਿੱਤੀ ਹੈ। ਪੂਰੀ ਬਾਈਬਲ ਇੱਕੋ ਕਿਤਾਬ ਵਿਚ ਹੋਣ ਨਾਲ ਅੱਜ ਵੀ ਲੋਕਾਂ ਲਈ ਇਸ ਨੂੰ ਪੜ੍ਹਨਾ ਤੇ ਆਪਣੀਆਂ ਜ਼ਿੰਦਗੀਆਂ ਉੱਤੇ ਇਸ ਦੇ ਅਸਰ ਤੋਂ ਲਾਭ ਪ੍ਰਾਪਤ ਕਰਨਾ ਆਸਾਨ ਹੈ।—ਇਬਰਾਨੀਆਂ 4:12.
[ਫੁਟਨੋਟ]
^ ਪੈਰਾ 9 ਯੂਨਾਨੀ ਭਾਸ਼ਾ ਵਿਚ ਪੂਰੀਆਂ ਬਾਈਬਲਾਂ ਸ਼ਾਇਦ ਚੌਥੀ ਜਾਂ ਪੰਜਵੀਂ ਸਦੀ ਤੋਂ ਹੀ ਵਰਤੀਆਂ ਜਾਂਦੀਆਂ ਰਹੀਆਂ ਹਨ।
[ਸਫ਼ੇ 29 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕੋਡੈਕਸ ਔਮਿਓਟੀਨੁਸ ਦਾ ਸਫ਼ਰ
ਔਮਿਓਟਾ ਪਹਾੜ
ਰੋਮ
ਜੈਰੋ
ਵਰਮਥ
ਕੋਡੈਕਸ ਗ੍ਰੌਨਡੀਓਰ ਦਾ ਸਫ਼ਰ
ਜੈਰੋ
ਵਰਮਥ
ਵੀਵੇਰੀਅਮ ਮੱਠ
ਫਲੋਰੈਂਸ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ੇ 30 ਉੱਤੇ ਤਸਵੀਰਾਂ]
ਉ ਪਰ: ਕੋਡੈਕਸ ਔਮਿਓਟੀਨੁਸ ਖੱਬੇ: ਕੋਡੈਕਸ ਔਮਿਓਟੀਨੁਸ ਵਿਚ ਅਜ਼ਰਾ ਦੀ ਤਸਵੀਰ
[ਕ੍ਰੈਡਿਟ ਲਾਈਨ]
Biblioteca Medicea Laurenziana, Firenze