“ਯਹੋਵਾਹ ਦੀ ਮੇਰੇ ਉੱਤੇ ਬੜੀ ਮਿਹਰ ਰਹੀ ਹੈ!”
“ਯਹੋਵਾਹ ਦੀ ਮੇਰੇ ਉੱਤੇ ਬੜੀ ਮਿਹਰ ਰਹੀ ਹੈ!”
ਮਾਰਚ 1985 ਦੀ ਇਕ ਬਹੁਤ ਹੀ ਸੁਹਾਵਣੀ ਸ਼ਾਮ ਨੂੰ ਨਿਊਯਾਰਕ, ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਲੇਖ ਵਿਭਾਗ ਦੇ ਮੈਂਬਰ ਇਕ ਮਹੱਤਵਪੂਰਣ ਮੌਕੇ ਤੇ ਹਾਜ਼ਰ ਹੋਏ। ਉਸ ਵੇਲੇ ਕਾਰਲ ਐੱਫ. ਕਲਾਈਨ ਨੇ ਪੂਰੇ ਸਮੇਂ ਦੀ ਸੇਵਕਾਈ ਵਿਚ 60 ਸਾਲ ਪੂਰੇ ਕੀਤੇ ਸਨ। ਪੂਰੇ ਜੋਸ਼ ਨਾਲ ਭਰਾ ਕਲਾਈਨ ਨੇ ਕਿਹਾ: “ਯਹੋਵਾਹ ਦੀ ਮੇਰੇ ਉੱਤੇ ਬੜੀ ਮਿਹਰ ਰਹੀ ਹੈ!” ਉਨ੍ਹਾਂ ਨੇ ਦੱਸਿਆ ਕਿ ਜ਼ਬੂਰ 37:4 ਉਸ ਦੀ ਮਨਪਸੰਦ ਆਇਤ ਸੀ। ਬਾਅਦ ਵਿਚ ਉਸ ਨੇ ਚੈਲੋ ਸਾਜ਼ ਵਜਾ ਕੇ ਸਾਰਿਆਂ ਨੂੰ ਖ਼ੁਸ਼ ਕਰ ਦਿੱਤਾ।
ਅਗਲੇ 15 ਸਾਲਾਂ ਲਈ ਭਰਾ ਕਲਾਈਨ ਲੇਖ ਵਿਭਾਗ ਦੇ ਇਕ ਮੈਂਬਰ ਵਜੋਂ ਕੰਮ ਕਰਦੇ ਰਹੇ ਅਤੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਵੀ ਰਹੇ। ਫਿਰ 3 ਜਨਵਰੀ 2001 ਨੂੰ 95 ਸਾਲ ਦੀ ਉਮਰ ਵਿਚ ਕਾਰਲ ਕਲਾਈਨ ਨੇ ਯਹੋਵਾਹ ਦਾ ਵਫ਼ਾਦਾਰ ਰਹਿੰਦੇ ਹੋਏ ਆਪਣੀ ਜ਼ਮੀਨੀ ਜ਼ਿੰਦਗੀ ਦਾ ਸਫ਼ਰ ਪੂਰਾ ਕੀਤਾ।
ਕਾਰਲ ਜਰਮਨੀ ਵਿਚ ਪੈਦਾ ਹੋਇਆ ਸੀ। ਉਸ ਦਾ ਪਰਿਵਾਰ ਉੱਥੋਂ ਆ ਕੇ ਅਮਰੀਕਾ ਵਿਚ ਵੱਸ ਗਿਆ ਸੀ ਅਤੇ ਕਾਰਲ ਇਲੀਨਾਇ ਦੇ ਸ਼ਿਕਾਗੋ ਸ਼ਹਿਰ ਵਿਚ ਵੱਡਾ ਹੋਇਆ। ਛੋਟੀ ਉਮਰ ਤੋਂ ਹੀ ਕਾਰਲ ਤੇ ਉਸ ਦਾ ਛੋਟਾ ਭਰਾ ਟੈੱਡ ਬਾਈਬਲ ਵਿਚ ਡੂੰਘੀ ਦਿਲਚਸਪੀ ਲੈਣ ਲੱਗ ਪਏ। ਕਾਰਲ ਨੇ 1918 ਵਿਚ ਬਪਤਿਸਮਾ ਲਿਆ ਅਤੇ 1922 ਵਿਚ ਬਾਈਬਲ ਸਟੂਡੈਂਟਸ ਦੇ ਇਕ ਜ਼ਿਲ੍ਹਾ ਸੰਮੇਲਨ ਵਿਚ ਸੁਣੀਆਂ ਜੋਸ਼ ਭਰੀਆਂ ਗੱਲਾਂ ਨੇ ਉਸ ਅੰਦਰ ਖੇਤਰ ਸੇਵਕਾਈ ਲਈ ਅਜਿਹਾ ਪਿਆਰ ਪੈਦਾ ਕੀਤਾ ਜੋ ਸਾਰੀ ਉਮਰ ਠੰਢਾ ਨਹੀਂ ਪਿਆ। ਉਹ ਬਿਨਾਂ ਨਾਗਾ ਪਾਇਆਂ ਹਰ ਹਫ਼ਤੇ ਪ੍ਰਚਾਰ ਤੇ ਜਾਂਦੇ ਸਨ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਕੁਝ ਹਫ਼ਤਿਆਂ ਦੌਰਾਨ ਵੀ ਉਹ ਪ੍ਰਚਾਰ ਕੰਮ ਕਰਦੇ ਰਹੇ।
ਕਾਰਲ ਨੇ 1925 ਵਿਚ ਮੁੱਖ ਦਫ਼ਤਰ ਵਿਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਪਹਿਲਾਂ ਉਸ ਨੂੰ ਛਾਪੇਖ਼ਾਨੇ ਵਿਚ ਕੰਮ ਦਿੱਤਾ ਗਿਆ। ਸੰਗੀਤ ਉਨ੍ਹਾਂ ਦੀ ਜਾਨ ਸੀ ਤੇ ਕੁਝ ਸਾਲਾਂ ਤਕ ਉਨ੍ਹਾਂ ਨੇ ਰੇਡੀਓ ਉੱਤੇ ਮਸੀਹੀ ਪ੍ਰੋਗ੍ਰਾਮਾਂ ਦੌਰਾਨ ਆਰਕੈਸਟਰਾ ਵਿਚ ਚੈਲੋ ਵਜਾਈ। ਇਸ ਤੋਂ ਬਾਅਦ ਉਨ੍ਹਾਂ ਨੇ ਸੇਵਾ ਵਿਭਾਗ ਵਿਚ ਕੰਮ ਕੀਤਾ ਤੇ ਖ਼ਾਸ ਤੌਰ ਤੇ ਇਸ ਦੇ ਨਿਗਰਾਨ, ਟੀ. ਜੇ. ਸਲਵਨ ਨਾਲ ਕੰਮ ਕਰਨ ਦਾ ਆਨੰਦ ਮਾਣਿਆ। ਇਸ ਦੌਰਾਨ ਟੈੱਡ ਨੇ ਵਿਆਹ ਕਰਵਾ ਲਿਆ ਤੇ ਉਸ ਨੇ ਆਪਣੀ ਪਤਨੀ ਡੌਰਿਸ ਨਾਲ ਪੋਰਟੋ ਰੀਕੋ ਵਿਚ ਮਿਸ਼ਨਰੀ ਸੇਵਾ ਕੀਤੀ।
ਤਕਰੀਬਨ ਅੱਧੀ ਸਦੀ ਤਕ, ਕਾਰਲ ਕਲਾਈਨ ਨੇ ਲੇਖ ਵਿਭਾਗ ਵਿਚ ਕੰਮ ਕੀਤਾ ਜਿੱਥੇ ਉਨ੍ਹਾਂ ਨੇ ਇਸ ਵਿਚ ਬੜਾ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਨੂੰ ਰਿਸਰਚ ਕਰਨੀ ਬਹੁਤ ਪਸੰਦ ਸੀ ਤੇ ਉਨ੍ਹਾਂ ਨੂੰ ਬਾਈਬਲ ਦਾ ਵੀ ਡੂੰਘਾ ਗਿਆਨ ਸੀ। ਸਾਲ 1963 ਵਿਚ ਕਾਰਲ ਨੇ ਜਰਮਨ ਮਿਸ਼ਨਰੀ ਮਾਰਗਰੇਟਾ ਨਾਲ ਵਿਆਹ ਕਰਵਾ ਲਿਆ ਜੋ ਬੋਲੀਵੀਆ ਵਿਚ ਸੇਵਾ ਕਰ ਰਹੀ ਸੀ। ਮਾਰਗਰੇਟਾ ਨੇ ਕਾਰਲ ਦੀ ਬੜੇ ਪਿਆਰ ਨਾਲ ਦੇਖ-ਭਾਲ ਕੀਤੀ, ਖ਼ਾਸ ਕਰਕੇ ਜਦੋਂ ਕਾਰਲ ਦੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਉਹ ਉਸ ਉਮਰ ਵਿਚ ਵੀ ਜੋਸ਼ ਨਾਲ ਕੰਮ ਕਰਦੇ ਰਹੇ ਜਿਸ ਉਮਰ ਵਿਚ ਜ਼ਿਆਦਾਤਰ ਲੋਕ ਰਿਟਾਇਰ ਹੋ ਜਾਂਦੇ ਹਨ। ਕਾਰਲ ਬੜੇ ਖੁੱਲ੍ਹੇ ਸੁਭਾਅ ਦੇ ਇਨਸਾਨ ਸਨ ਤੇ ਉਹ ਸੰਗੀਤ ਦੇ ਬੜੇ ਪ੍ਰੇਮੀ ਸਨ ਜਿਸ ਕਰਕੇ ਉਨ੍ਹਾਂ ਨੇ ਕਲੀਸਿਯਾਵਾਂ ਤੇ ਸੰਮੇਲਨਾਂ ਵਿਚ ਬਹੁਤ ਹੀ ਯਾਦਗਾਰੀ ਭਾਸ਼ਣ ਦਿੱਤੇ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਨਿਊਯਾਰਕ ਬੈਥਲ ਦੇ ਵੱਡੇ ਪਰਿਵਾਰ ਵਿਚ ਸਵੇਰ ਨੂੰ ਦੈਨਿਕ ਪਾਠ ਦੀ ਚਰਚਾ ਦੀ ਪ੍ਰਧਾਨਗੀ ਕੀਤੀ ਸੀ ਜਿਸ ਦਾ ਸਾਰੇ ਮੈਂਬਰਾਂ ਨੇ ਆਨੰਦ ਮਾਣਿਆ ਤੇ ਲਾਭ ਪ੍ਰਾਪਤ ਕੀਤਾ।
ਜਿਹੜੇ ਲੋਕ ਕਈ ਸਾਲਾਂ ਤੋਂ ਪਹਿਰਾਬੁਰਜ ਪੜ੍ਹਦੇ ਆਏ ਹਨ ਉਨ੍ਹਾਂ ਨੂੰ ਭਰਾ ਕਲਾਈਨ ਦੀ ਜੀਵਨੀ, ਉਨ੍ਹਾਂ ਦੇ ਤਜਰਬਿਆਂ ਦੀ ਰੋਚਕ ਕਹਾਣੀ ਯਾਦ ਹੋਵੇਗੀ ਜੋ 1 ਅਕਤੂਬਰ 1984 ਦੇ ਅੰਕ ਵਿਚ ਛਪੀ ਸੀ। ਤੁਸੀਂ ਉਨ੍ਹਾਂ ਦੀ ਕਹਾਣੀ ਪੜ੍ਹਨ ਜਾਂ ਉਸ ਨੂੰ ਦੁਬਾਰਾ ਪੜ੍ਹਨ ਦਾ ਆਨੰਦ ਮਾਣੋਗੇ, ਇਹ ਗੱਲ ਯਾਦ ਰੱਖਦੇ ਹੋਏ ਕਿ ਇਸ ਦੇ ਲੇਖਕ ਨੇ ਹੋਰ 15 ਸਾਲ ਤਕ ਇਕ ਵਫ਼ਾਦਾਰ ਤੇ ਸਮਰਪਿਤ ਮਸੀਹੀ ਵਜੋਂ ਸੇਵਾ ਕੀਤੀ।
ਪ੍ਰਭੂ ਦਾ ਮਸਹ ਕੀਤਾ ਹੋਇਆ ਇਕ ਭਰਾ ਹੋਣ ਕਰਕੇ ਭਰਾ ਕਲਾਈਨ ਦੀ ਇਹ ਦਿਲੀ ਇੱਛਾ ਸੀ ਕਿ ਉਹ ਸਵਰਗ ਵਿਚ ਮਸੀਹ ਦੇ ਨਾਲ ਰਾਜ ਕਰੇ। ਸਾਨੂੰ ਪੂਰਾ ਭਰੋਸਾ ਹੈ ਕਿ ਹੁਣ ਯਹੋਵਾਹ ਨੇ ਉਨ੍ਹਾਂ ਦੀ ਇਹ ਇੱਛਾ ਜ਼ਰੂਰ ਪੂਰੀ ਕਰ ਦਿੱਤੀ ਹੈ।—ਲੂਕਾ 22:28-30.
[ਸਫ਼ੇ 31 ਉੱਤੇ ਤਸਵੀਰ]
ਸਾਲ 1943 ਵਿਚ ਟੀ. ਜੇ. ਸਲਵਨ ਅਤੇ ਟੈੱਡ ਤੇ ਡੌਰਿਸ ਨਾਲ ਕਾਰਲ
[ਸਫ਼ੇ 31 ਉੱਤੇ ਤਸਵੀਰ]
ਅਕਤੂਬਰ 2000 ਵਿਚ ਕਾਰਲ ਅਤੇ ਮਾਰਗਰੇਟਾ