Skip to content

Skip to table of contents

ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣ ਨਾਲ ਸਾਨੂੰ ਤਾਕਤ ਅਤੇ ਖ਼ੁਸ਼ੀ ਮਿਲਦੀ ਹੈ

ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣ ਨਾਲ ਸਾਨੂੰ ਤਾਕਤ ਅਤੇ ਖ਼ੁਸ਼ੀ ਮਿਲਦੀ ਹੈ

ਜੀਵਨੀ

ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣ ਨਾਲ ਸਾਨੂੰ ਤਾਕਤ ਅਤੇ ਖ਼ੁਸ਼ੀ ਮਿਲਦੀ ਹੈ

ਲੂਈਜੀ ਡੀ. ਵੈਲਨਟੀਨੋ ਦੀ ਜ਼ਬਾਨੀ

ਯਹੋਵਾਹ ਸਾਨੂੰ ਤਾਕੀਦ ਕਰਦਾ ਹੈ: “ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾਯਾਹ 30:21) ਆਪਣੇ ਬਪਤਿਸਮੇ ਤੋਂ ਲੈ ਕੇ ਹੁਣ ਤਕ ਪਿਛਲੇ ਸੱਠ ਸਾਲਾਂ ਦੌਰਾਨ ਮੇਰਾ ਇਹੋ ਟੀਚਾ ਰਿਹਾ ਹੈ ਕਿ ਮੈਂ ਹਮੇਸ਼ਾ ਇਸ ਸਲਾਹ ਉੱਤੇ ਚੱਲਾਂ। ਮੇਰੇ ਮਾਤਾ-ਪਿਤਾ ਦੀ ਮਿਸਾਲ ਨੇ ਇਹ ਟੀਚਾ ਰੱਖਣ ਵਿਚ ਮੇਰੀ ਮਦਦ ਕੀਤੀ। ਮੇਰੇ ਮਾਤਾ-ਪਿਤਾ 1921 ਵਿਚ ਇਟਲੀ ਤੋਂ ਆ ਕੇ ਕਲੀਵਲੈਂਡ, ਓਹੀਓ, ਅਮਰੀਕਾ ਵਿਚ ਵਸ ਗਏ ਸਨ। ਉੱਥੇ ਉਨ੍ਹਾਂ ਨੇ ਆਪਣੇ ਤਿੰਨ ਬੱਚਿਆਂ, ਮੇਰੇ ਵੱਡੇ ਭਰਾ ਮਾਈਕ, ਮੇਰੀ ਛੋਟੀ ਭੈਣ ਲੀਡੀਆ ਅਤੇ ਮੇਰੀ ਪਾਲਣਾ ਕੀਤੀ।

ਮੇਰੇ ਮਾਤਾ-ਪਿਤਾ ਨੇ ਵੱਖਰੇ-ਵੱਖਰੇ ਧਰਮਾਂ ਨੂੰ ਪਰਖਿਆ ਪਰ ਅਖ਼ੀਰ ਵਿਚ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਫਿਰ ਇਕ ਦਿਨ 1932 ਵਿਚ ਪਿਤਾ ਜੀ ਨੇ ਰੇਡੀਓ ਤੇ ਇਤਾਲਵੀ ਭਾਸ਼ਾ ਵਿਚ ਇਕ ਪ੍ਰੋਗ੍ਰਾਮ ਸੁਣਿਆ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਸਾਰਿਤ ਕੀਤਾ ਗਿਆ ਸੀ ਤੇ ਡੈਡੀ ਜੀ ਨੂੰ ਉਹ ਪ੍ਰੋਗ੍ਰਾਮ ਬਹੁਤ ਹੀ ਚੰਗਾ ਲੱਗਾ। ਉਨ੍ਹਾਂ ਨੇ ਹੋਰ ਜਾਣਕਾਰੀ ਲਈ ਲਿਖਿਆ ਤੇ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਤੋਂ ਇਕ ਇਤਾਲਵੀ ਗਵਾਹ ਸਾਨੂੰ ਮਿਲਣ ਆਇਆ। ਉਹ ਤੜਕੇ ਸਵੇਰ ਹੋਣ ਤਕ ਚਰਚਾ ਕਰਦੇ ਰਹੇ। ਇਸ ਚਰਚਾ ਤੋਂ ਬਾਅਦ ਮੇਰੇ ਮਾਤਾ ਤੇ ਪਿਤਾ ਜੀ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਸੱਚਾ ਧਰਮ ਲੱਭ ਗਿਆ ਸੀ।

ਮੇਰੇ ਮਾਤਾ ਤੇ ਪਿਤਾ ਜੀ ਨੇ ਮਸੀਹੀ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਤੇ ਸਫ਼ਰੀ ਨਿਗਾਹਬਾਨਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਭਾਵੇਂ ਮੈਂ ਅਜੇ ਛੋਟਾ ਸੀ, ਪਰ ਇਹ ਭਰਾ ਮੈਨੂੰ ਆਪਣੇ ਨਾਲ ਪ੍ਰਚਾਰ ਵਿਚ ਲੈ ਕੇ ਜਾਂਦੇ ਹੁੰਦੇ ਸਨ ਜਿਸ ਕਰਕੇ ਮੈਂ ਪੂਰੇ ਸਮੇਂ ਲਈ ਯਹੋਵਾਹ ਦੀ ਸੇਵਾ ਕਰਨ ਬਾਰੇ ਸੋਚਣ ਲੱਗ ਪਿਆ। ਇਨ੍ਹਾਂ ਵਿੱਚੋਂ ਇਕ ਭਰਾ ਸੀ ਕੈਰੀ ਡਬਲਯੂ. ਬਾਰਬਰ ਜੋ ਹੁਣ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਹਨ। ਜਲਦੀ ਹੀ ਫਰਵਰੀ 1941 ਵਿਚ ਮੈਂ 14 ਸਾਲ ਦੀ ਉਮਰ ਤੇ ਬਪਤਿਸਮਾ ਲੈ ਲਿਆ ਅਤੇ 1944 ਵਿਚ ਕਲੀਵਲੈਂਡ ਵਿਚ ਪਾਇਨੀਅਰੀ ਸ਼ੁਰੂ ਕਰ ਦਿੱਤੀ। ਮਾਈਕ ਅਤੇ ਲੀਡੀਆ ਨੇ ਵੀ ਬਾਈਬਲ ਦੀ ਸੱਚਾਈ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ। ਮਾਈਕ ਨੇ ਆਪਣੀ ਮੌਤ ਤਕ ਯਹੋਵਾਹ ਦੀ ਸੇਵਾ ਕੀਤੀ ਅਤੇ ਲੀਡੀਆ ਨੇ ਆਪਣੇ ਪਤੀ ਹੈਰਲਡ ਵੀਡਨਰ ਨਾਲ 28 ਸਾਲਾਂ ਤਕ ਸਫ਼ਰੀ ਸੇਵਕਾਈ ਦਾ ਕੰਮ ਕੀਤਾ। ਹੁਣ ਉਹ ਪੂਰੇ ਸਮੇਂ ਦੇ ਖ਼ਾਸ ਸੇਵਕਾਂ ਦੇ ਤੌਰ ਤੇ ਸੇਵਾ ਕਰ ਰਹੇ ਹਨ।

ਕੈਦ ਨੇ ਡਟੇ ਰਹਿਣ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕੀਤਾ

ਸਾਲ 1945 ਦੇ ਸ਼ੁਰੂ ਵਿਚ ਮੈਨੂੰ ਓਹੀਓ ਦੀ ਚਿਲੀਕੌਥੀ ਫੈਡਰਲ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਕਿਉਂਕਿ ਬਾਈਬਲ ਦੁਆਰਾ ਸਿੱਖਿਅਤ ਜ਼ਮੀਰ ਨੇ ਮੈਨੂੰ ਯਸਾਯਾਹ 2:4 ਮੁਤਾਬਕ ਚੱਲਣ ਲਈ ਪ੍ਰੇਰਿਆ, ਜਿਸ ਵਿਚ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ ਦੇ ਫਾਲ ਬਣਾਉਣ ਬਾਰੇ ਕਿਹਾ ਗਿਆ ਹੈ। ਪਹਿਲਾਂ, ਜੇਲ੍ਹ ਦੇ ਅਧਿਕਾਰੀਆਂ ਨੇ ਗਵਾਹ ਕੈਦੀਆਂ ਨੂੰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਥੋੜ੍ਹੇ ਜਿਹੇ ਬਾਈਬਲ ਸਾਹਿੱਤ ਨੂੰ ਰੱਖਣ ਦੀ ਇਜਾਜ਼ਤ ਦਿੱਤੀ। ਪਰ ਨੇੜੇ ਦੀ ਇਕ ਕਲੀਸਿਯਾ ਦੇ ਗਵਾਹਾਂ ਨੇ ਸਾਡੀ ਮਦਦ ਕੀਤੀ। ਕਦੀ-ਕਦੀ ਉਹ ਜੇਲ੍ਹ ਦੇ ਨੇੜੇ ਖੇਤਾਂ ਵਿਚ ਕੁਝ ਸਾਹਿੱਤ ਸੁੱਟ ਦਿੰਦੇ ਸਨ। ਅਗਲੇ ਦਿਨ ਸਵੇਰੇ ਜਦੋਂ ਕੈਦੀਆਂ ਨੂੰ ਆਪਣੇ ਕੰਮ ਦੀਆਂ ਥਾਵਾਂ ਤੇ ਲਿਜਾਇਆ ਜਾਂਦਾ ਸੀ, ਤਾਂ ਉਹ ਉਨ੍ਹਾਂ ਪ੍ਰਕਾਸ਼ਨਾਂ ਦੀ ਭਾਲ ਕਰਦੇ ਸੀ ਤੇ ਕਿਸੇ-ਨਾ-ਕਿਸੇ ਤਰ੍ਹਾਂ ਉਨ੍ਹਾਂ ਨੂੰ ਜੇਲ੍ਹ ਵਿਚ ਲੈ ਆਉਂਦੇ ਸੀ। ਜਦੋਂ ਮੈਂ ਜੇਲ੍ਹ ਨੂੰ ਆਇਆ ਤਾਂ ਸਾਨੂੰ ਹੋਰ ਸਾਹਿੱਤ ਰੱਖਣ ਦੀ ਇਜਾਜ਼ਤ ਸੀ। ਉਸ ਸਮੇਂ ਮੈਂ ਯਹੋਵਾਹ ਵੱਲੋਂ ਮਿਲਣ ਵਾਲੇ ਅਧਿਆਤਮਿਕ ਭੋਜਨ ਦੀ ਬਹੁਤ ਜ਼ਿਆਦਾ ਕਦਰ ਕਰਨੀ ਸਿੱਖੀ। ਅੱਜ ਵੀ ਜਦੋਂ ਮੈਨੂੰ ਨਵਾਂ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲਾ ਮਿਲਦਾ ਹੈ, ਤਾਂ ਮੈਂ ਇਨ੍ਹਾਂ ਦੀ ਉੱਨੀ ਹੀ ਕਦਰ ਕਰਦਾ ਹਾਂ।

ਕੁਝ ਸਮੇਂ ਬਾਅਦ ਸਾਨੂੰ ਜੇਲ੍ਹ ਵਿਚ ਆਪਣੀਆਂ ਕਲੀਸਿਯਾ ਸਭਾਵਾਂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ, ਪਰ ਗਵਾਹਾਂ ਤੋਂ ਛੁੱਟ ਹੋਰ ਕਿਸੇ ਵੀ ਬੰਦੇ ਨੂੰ ਇਸ ਵਿਚ ਆਉਣ ਦੀ ਇਜਾਜ਼ਤ ਨਹੀਂ ਸੀ। ਫਿਰ ਵੀ ਜੇਲ੍ਹ ਦੇ ਕੁਝ ਅਫ਼ਸਰ ਤੇ ਦੂਸਰੇ ਕੈਦੀ ਲੁਕ-ਛਿੱਪ ਕੇ ਸਭਾ ਵਿਚ ਹਾਜ਼ਰ ਹੋ ਜਾਂਦੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਸੱਚਾਈ ਵੀ ਅਪਣਾ ਲਈ। (ਰਸੂਲਾਂ ਦੇ ਕਰਤੱਬ 16:30-34) ਭਰਾ ਏ. ਐੱਚ. ਮਕਮਿਲਨ ਸਾਨੂੰ ਜੇਲ੍ਹ ਵਿਚ ਮਿਲਣ ਆਉਂਦੇ ਹੁੰਦੇ ਸਨ ਤੇ ਸਾਨੂੰ ਬਹੁਤ ਹੌਸਲਾ ਦਿੰਦੇ ਹੁੰਦੇ ਸਨ। ਉਨ੍ਹਾਂ ਨੇ ਹਮੇਸ਼ਾ ਸਾਨੂੰ ਭਰੋਸਾ ਦਿਵਾਇਆ ਕਿ ਜੇਲ੍ਹ ਵਿਚ ਅਸੀਂ ਜੋ ਵੀ ਸਮਾਂ ਬਿਤਾ ਰਹੇ ਸੀ ਉਹ ਵਿਅਰਥ ਨਹੀਂ ਜਾਵੇਗਾ ਕਿਉਂਕਿ ਇਹ ਸਾਨੂੰ ਭਵਿੱਖ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦੇ ਰਿਹਾ ਸੀ। ਉਸ ਪਿਆਰੇ ਭਰਾ ਦੀਆਂ ਗੱਲਾਂ ਮੇਰੇ ਦਿਲ ਨੂੰ ਛੂਹ ਗਈਆਂ ਅਤੇ ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣ ਦੇ ਮੇਰੇ ਇਰਾਦੇ ਨੂੰ ਹੋਰ ਮਜ਼ਬੂਤ ਬਣਾਇਆ।

ਮੈਨੂੰ ਜੀਵਨ-ਸਾਥੀ ਮਿਲਦਾ ਹੈ

ਜਦੋਂ ਦੂਸਰਾ ਵਿਸ਼ਵ ਯੁੱਧ ਖ਼ਤਮ ਹੋਇਆ, ਤਾਂ ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਮੈਂ ਦੁਬਾਰਾ ਇਕ ਪਾਇਨੀਅਰ ਵਜੋਂ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰ ਦਿੱਤੀ। ਪਰ ਸਾਲ 1947 ਵਿਚ ਮੇਰੇ ਡੈਡੀ ਜੀ ਦੀ ਮੌਤ ਹੋ ਗਈ। ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਨਾਲ-ਨਾਲ ਡਾਕਟਰੀ ਮਾਲਸ਼ ਕਰਨ ਦਾ ਕੰਮ ਵੀ ਸਿੱਖਿਆ। ਇਸ ਕੰਮ ਨੇ ਉਦੋਂ ਸਾਡੀ ਬਹੁਤ ਮਦਦ ਕੀਤੀ ਜਦੋਂ 30 ਸਾਲ ਬਾਅਦ ਮੈਂ ਤੇ ਮੇਰੀ ਪਤਨੀ ਔਖੇ ਸਮਿਆਂ ਵਿੱਚੋਂ ਦੀ ਗੁਜ਼ਰੇ। ਪਰ ਇਹ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਮੈਂ ਤੁਹਾਨੂੰ ਆਪਣੀ ਪਤਨੀ ਬਾਰੇ ਦੱਸਦਾ ਹਾਂ।

ਸਾਲ 1949 ਵਿਚ ਇਕ ਦਿਨ ਦੁਪਹਿਰ ਨੂੰ ਜਦੋਂ ਮੈਂ ਕਿੰਗਡਮ ਹਾਲ ਵਿਚ ਸੀ, ਤਾਂ ਫ਼ੋਨ ਦੀ ਘੰਟੀ ਵੱਜੀ। ਮੈਂ ਫ਼ੋਨ ਚੁੱਕਿਆ ਤੇ ਇਕ ਮਿੱਠੀ ਜਿਹੀ ਆਵਾਜ਼ ਸੁਣੀ: “ਮੇਰਾ ਨਾਂ ਕ੍ਰਿਸਟੀਨ ਗੈਨਚਰ ਹੈ। ਮੈਂ ਇਕ ਯਹੋਵਾਹ ਦੀ ਗਵਾਹ ਹਾਂ। ਮੈਂ ਕੰਮ ਦੀ ਤਲਾਸ਼ ਵਿਚ ਕਲੀਵਲੈਂਡ ਆਈ ਹਾਂ ਤੇ ਇੱਥੇ ਦੀ ਕਲੀਸਿਯਾ ਨਾਲ ਸੰਗਤ ਕਰਨੀ ਚਾਹੁੰਦੀ ਹਾਂ।” ਜਿੱਥੇ ਉਹ ਰਹਿ ਰਹੀ ਸੀ, ਉੱਥੋਂ ਸਾਡਾ ਕਿੰਗਡਮ ਹਾਲ ਬਹੁਤ ਦੂਰ ਸੀ, ਪਰ ਮੈਨੂੰ ਉਹ ਦੀ ਆਵਾਜ਼ ਬਹੁਤ ਪਸੰਦ ਆਈ, ਇਸ ਲਈ ਮੈਂ ਉਸ ਨੂੰ ਆਪਣੇ ਕਿੰਗਡਮ ਹਾਲ ਦਾ ਰਾਹ ਦੱਸਿਆ ਤੇ ਉਸੇ ਐਤਵਾਰ ਸਭਾ ਵਿਚ ਆਉਣ ਲਈ ਕਿਹਾ—ਉਸ ਐਤਵਾਰ ਮੈਂ ਜਨਤਕ ਭਾਸ਼ਣ ਦੇਣਾ ਸੀ। ਐਤਵਾਰ ਨੂੰ ਮੈਂ ਸਾਰਿਆਂ ਤੋਂ ਪਹਿਲਾਂ ਕਿੰਗਡਮ ਹਾਲ ਵਿਚ ਪਹੁੰਚ ਗਿਆ, ਪਰ ਕੋਈ ਵੀ ਨਾਵਾਕਫ਼ ਭੈਣ ਸਭਾ ਵਿਚ ਨਹੀਂ ਆਈ। ਪੂਰੇ ਭਾਸ਼ਣ ਦੌਰਾਨ ਮੈਂ ਦਰਵਾਜ਼ੇ ਵੱਲ ਹੀ ਦੇਖਦਾ ਰਿਹਾ, ਪਰ ਉਹ ਨਹੀਂ ਆਈ। ਅਗਲੇ ਦਿਨ ਮੈਂ ਉਸ ਨੂੰ ਫ਼ੋਨ ਕੀਤਾ ਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਅਜੇ ਇੱਥੇ ਦੀਆਂ ਬੱਸਾਂ ਤੋਂ ਵਾਕਫ਼ ਨਹੀਂ ਸੀ। ਇਸ ਲਈ ਮੈਂ ਉਸ ਨੂੰ ਮਿਲਣ ਦਾ ਪ੍ਰਬੰਧ ਕੀਤਾ ਤਾਂਕਿ ਉਸ ਨੂੰ ਇਹ ਸਭ ਕੁਝ ਹੋਰ ਚੰਗੀ ਤਰ੍ਹਾਂ ਸਮਝਾ ਸਕਾਂ।

ਮੈਨੂੰ ਪਤਾ ਲੱਗਾ ਕਿ ਉਸ ਦੇ ਮਾਤਾ-ਪਿਤਾ ਚੈਕੋਸਲਵਾਕੀਆ ਤੋਂ ਆਏ ਸਨ ਅਤੇ ਉਨ੍ਹਾਂ ਨੇ ਮਰੇ ਹੋਏ ਕਿੱਥੇ ਹਨ? (ਅੰਗ੍ਰੇਜ਼ੀ) ਨਾਮਕ ਪੁਸਤਿਕਾ ਪੜ੍ਹ ਕੇ ਬਾਈਬਲ ਸਟੂਡੈਂਟਸ ਨਾਲ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਦੇ ਮਾਤਾ-ਪਿਤਾ ਨੇ 1935 ਵਿਚ ਬਪਤਿਸਮਾ ਲਿਆ ਸੀ। ਸਾਲ 1938 ਵਿਚ ਕ੍ਰਿਸਟੀਨ ਦੇ ਡੈਡੀ ਪੈਨਸਿਲਵੇਨੀਆ, ਅਮਰੀਕਾ ਦੇ ਕਲਾਈਮਰ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਦੇ ਕੰਪਨੀ ਸੇਵਕ (ਜਿਸ ਨੂੰ ਹੁਣ ਪ੍ਰਧਾਨ ਨਿਗਾਹਬਾਨ ਕਿਹਾ ਜਾਂਦਾ ਹੈ) ਬਣ ਗਏ ਸਨ ਅਤੇ 1947 ਵਿਚ ਕ੍ਰਿਸਟੀਨ ਨੇ 16 ਸਾਲ ਦੀ ਉਮਰ ਤੇ ਬਪਤਿਸਮਾ ਲੈ ਲਿਆ ਸੀ। ਇਸ ਸੁੰਦਰ ਤੇ ਅਧਿਆਤਮਿਕ ਵਿਚਾਰਾਂ ਵਾਲੀ ਕੁੜੀ ਨਾਲ ਪਿਆਰ ਹੋਣ ਵਿਚ ਮੈਨੂੰ ਦੇਰ ਨਹੀਂ ਲੱਗੀ। ਜੂਨ 24, 1950 ਨੂੰ ਸਾਡਾ ਵਿਆਹ ਹੋ ਗਿਆ ਅਤੇ ਉਸ ਦਿਨ ਤੋਂ ਕ੍ਰਿਸਟੀਨ ਮੇਰੀ ਵਫ਼ਾਦਾਰ ਜੀਵਨ-ਸਾਥੀ ਰਹੀ ਹੈ ਅਤੇ ਉਹ ਹਮੇਸ਼ਾ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਲਈ ਤਿਆਰ ਰਹਿੰਦੀ ਹੈ। ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਸ ਸੁਘੜ-ਸਿਆਣੀ ਕੁੜੀ ਨੇ ਜ਼ਿੰਦਗੀ ਦੇ ਸਫ਼ਰ ਵਿਚ ਮੇਰਾ ਸਾਥ ਦਿੱਤਾ ਹੈ।​—ਕਹਾਉਤਾਂ 31:10.

ਇਕ ਹੈਰਾਨੀਜਨਕ ਸੱਦਾ

ਨਵੰਬਰ 1, 1951 ਨੂੰ ਅਸੀਂ ਪਾਇਨੀਅਰੀ ਸ਼ੁਰੂ ਕਰ ਦਿੱਤੀ। ਦੋ ਸਾਲ ਬਾਅਦ ਟਲੀਡੋ, ਓਹੀਓ ਵਿਚ ਇਕ ਜ਼ਿਲ੍ਹਾ ਸੰਮੇਲਨ ਵਿਚ ਭਰਾ ਹੂਗੋ ਰੀਮਰ ਅਤੇ ਐਲਬਰਟ ਸ਼੍ਰੋਡਰ ਨੇ ਪਾਇਨੀਅਰਾਂ ਦੇ ਇਕ ਗਰੁੱਪ ਨਾਲ ਗੱਲ ਕੀਤੀ ਜਿਹੜੇ ਮਿਸ਼ਨਰੀ ਸੇਵਾ ਵਿਚ ਦਿਲਚਸਪੀ ਰੱਖਦੇ ਸਨ। ਅਸੀਂ ਵੀ ਉਨ੍ਹਾਂ ਵਿਚ ਸੀ। ਸਾਨੂੰ ਕਲੀਵਲੈਂਡ ਵਿਚ ਪਾਇਨੀਅਰੀ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ, ਪਰ ਅਗਲੇ ਹੀ ਮਹੀਨੇ ਸਾਨੂੰ ਬਹੁਤ ਹੈਰਾਨੀ ਹੋਈ ਜਦੋਂ ਫਰਵਰੀ 1954 ਵਿਚ ਸ਼ੁਰੂ ਹੋਣ ਵਾਲੀ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 23ਵੀਂ ਕਲਾਸ ਲਈ ਸਾਨੂੰ ਸੱਦਿਆ ਗਿਆ!

ਉਦੋਂ ਗਿਲਿਅਡ ਸਕੂਲ ਸਾਊਥ ਲੈਂਸਿੰਗ, ਨਿਊਯਾਰਕ ਵਿਚ ਹੁੰਦਾ ਸੀ। ਜਦੋਂ ਅਸੀਂ ਕਾਰ ਰਾਹੀਂ ਉੱਥੇ ਜਾ ਰਹੇ ਸੀ, ਤਾਂ ਕ੍ਰਿਸਟੀਨ ਇੰਨੀ ਘਬਰਾਈ ਹੋਈ ਸੀ ਕਿ ਉਹ ਮੈਨੂੰ ਵਾਰ-ਵਾਰ ਕਹਿ ਰਹੀ ਸੀ, “ਹੌਲੀ ਚਲਾਓ!” ਮੈਂ ਕਿਹਾ, “ਕ੍ਰਿਸਟੀਨ, ਜੇ ਮੈਂ ਇਸ ਨਾਲੋਂ ਵੀ ਹੌਲੀ ਚਲਾਵਾਂ, ਤਾਂ ਸਾਡੀ ਕਾਰ ਖੜ੍ਹ ਹੀ ਜਾਵੇਗੀ।” ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਅਸੀਂ ਜਲਦੀ ਹੀ ਆਪਣੇ ਆਪ ਨੂੰ ਸੌਖੇ ਮਹਿਸੂਸ ਕੀਤਾ। ਭਰਾ ਨੇਥਨ ਨੌਰ ਨੇ ਸਾਰੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਤੇ ਗਿਲਿਅਡ ਸਕੂਲ ਦਿਖਾਇਆ। ਉਸ ਨੇ ਇਹ ਵੀ ਸਮਝਾਇਆ ਕਿ ਅਸੀਂ ਪਾਣੀ ਤੇ ਬਿਜਲੀ ਦੀ ਕਿਵੇਂ ਬਚਤ ਕਰ ਸਕਦੇ ਸੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਜ ਦੇ ਕੰਮਾਂ ਨੂੰ ਕਰਦੇ ਸਮੇਂ ਸਰਫ਼ਾ ਕਰਨਾ ਚੰਗੀ ਗੱਲ ਹੈ। ਇਹ ਸਲਾਹ ਸਾਡੇ ਦਿਮਾਗ਼ ਵਿਚ ਬੈਠ ਗਈ। ਅਸੀਂ ਅਜੇ ਵੀ ਸਰਫ਼ਾ ਕਰਦੇ ਹਾਂ।

ਰੀਓ ਲਈ ਉਡਾਨ ਭਰਨੀ

ਅਸੀਂ ਜਲਦੀ ਹੀ ਗ੍ਰੈਜੂਏਟ ਹੋ ਗਏ, ਤੇ 10 ਦਸੰਬਰ 1954 ਨੂੰ ਅਸੀਂ ਠੰਢੇ ਨਿਊਯਾਰਕ ਸਿਟੀ ਦੇ ਹਵਾਈ ਅੱਡੇ ਤੋਂ ਜਹਾਜ਼ ਵਿਚ ਚੜ੍ਹੇ। ਅਸੀਂ ਬ੍ਰਾਜ਼ੀਲ ਦੇ ਗਰਮ ਰੀਓ ਡੇ ਜਨੇਰੋ ਸ਼ਹਿਰ ਵਿਚ ਆਪਣੀ ਮਿਸ਼ਨਰੀ ਸੇਵਾ ਸ਼ੁਰੂ ਕਰਨ ਲਈ ਬੜੇ ਕਾਹਲੇ ਸੀ। ਸਾਡੇ ਸਾਥੀ ਮਿਸ਼ਨਰੀ ਪੀਟਰ ਅਤੇ ਬਿਲੀ ਕਾਰਬੈਲੋ ਵੀ ਸਾਡੇ ਨਾਲ ਆਏ। ਜਹਾਜ਼ ਨੇ ਪੋਰਟੋ ਰੀਕੋ, ਵੈਨੇਜ਼ੁਏਲਾ ਅਤੇ ਉੱਤਰੀ ਬ੍ਰਾਜ਼ੀਲ ਦੇ ਬਲੈਮ ਸ਼ਹਿਰ ਵਿਚ ਰੁਕਣਾ ਸੀ ਜਿਸ ਕਰਕੇ ਸਫ਼ਰ ਵਿਚ 24 ਘੰਟੇ ਲੱਗਣੇ ਸਨ। ਪਰ ਜਹਾਜ਼ ਦੇ ਇੰਜਨ ਵਿਚ ਨੁਕਸ ਪੈਣ ਕਰਕੇ ਅਸੀਂ 36 ਘੰਟਿਆਂ ਬਾਅਦ ਜਹਾਜ਼ ਵਿੱਚੋਂ ਰੀਓ ਡੇ ਜਨੇਰੋ ਦਾ ਨਜ਼ਾਰਾ ਦੇਖਿਆ। ਕਿੰਨਾ ਸ਼ਾਨਦਾਰ ਸੀ ਉਹ ਨਜ਼ਾਰਾ! ਸ਼ਹਿਰ ਵਿਚ ਰੌਸ਼ਨੀ ਦੇ ਬੱਲਬ ਕਾਲੇ ਕਾਲੀਨ ਉੱਤੇ ਚਮਕੀਲੇ ਹੀਰਿਆਂ ਵਾਂਗ ਚਮਕ ਰਹੇ ਸਨ ਅਤੇ ਚੰਦ ਦੀ ਚਾਂਦੀ ਰੰਗੀ ਰੌਸ਼ਨੀ ਗਵੌਨਾਬਾਰਾ ਖਾੜੀ ਦੇ ਪਾਣੀ ਉੱਤੇ ਚਮਕਾ ਮਾਰ ਰਹੀ ਸੀ।

ਬੈਥਲ ਪਰਿਵਾਰ ਦੇ ਕਈ ਮੈਂਬਰ ਹਵਾਈ ਅੱਡੇ ਤੇ ਸਾਡੀ ਉਡੀਕ ਕਰ ਰਹੇ ਸਨ। ਸਾਡਾ ਨਿੱਘਾ ਸੁਆਗਤ ਕਰਨ ਤੋਂ ਬਾਅਦ ਉਹ ਸਾਨੂੰ ਬ੍ਰਾਂਚ ਆਫ਼ਿਸ ਲੈ ਗਏ ਅਤੇ ਸਵੇਰ ਦੇ ਲਗਭਗ ਤਿੰਨ ਵਜੇ ਅਸੀਂ ਸੁੱਤੇ। ਕੁਝ ਘੰਟਿਆਂ ਬਾਅਦ ਘੰਟੀ ਵੱਜੀ ਤੇ ਸਾਨੂੰ ਯਾਦ ਆਇਆ ਕਿ ਮਿਸ਼ਨਰੀਆਂ ਦੇ ਤੌਰ ਤੇ ਸਾਡਾ ਪਹਿਲਾ ਦਿਨ ਸ਼ੁਰੂ ਹੋ ਗਿਆ ਸੀ!

ਪਹਿਲਾ ਸਬਕ

ਅਸੀਂ ਜਲਦੀ ਇਕ ਬਹੁਤ ਜ਼ਰੂਰੀ ਸਬਕ ਸਿੱਖਿਆ। ਅਸੀਂ ਇਕ ਦਿਨ ਸ਼ਾਮ ਨੂੰ ਇਕ ਗਵਾਹ ਪਰਿਵਾਰ ਦੇ ਘਰ ਗਏ। ਜਦੋਂ ਅਸੀਂ ਬ੍ਰਾਂਚ ਨੂੰ ਪੈਦਲ ਵਾਪਸ ਆਉਣ ਲੱਗੇ, ਤਾਂ ਭਰਾ ਨੇ ਕਿਹਾ, “ਮੀਂਹ ਪੈ ਰਿਹਾ ਹੈ ਇਸ ਕਰਕੇ ਤੁਸੀਂ ਵਾਪਸ ਨਹੀਂ ਜਾ ਸਕਦੇ” ਤੇ ਉਸ ਨੇ ਸਾਨੂੰ ਰਾਤ ਉੱਥੇ ਰਹਿਣ ਲਈ ਬਹੁਤ ਜ਼ੋਰ ਲਾਇਆ। ਮੈਂ ਕਿਹਾ, “ਮੀਂਹ ਤਾਂ ਉੱਥੇ ਵੀ ਪੈਂਦਾ ਹੈ ਜਿੱਥੋਂ ਅਸੀਂ ਆਏ ਹਾਂ।” ਮੈਂ ਹੱਸ ਕੇ ਉਸ ਦੀ ਗੱਲ ਟਾਲ ਦਿੱਤੀ ਤੇ ਅਸੀਂ ਬ੍ਰਾਂਚ ਵੱਲ ਤੁਰ ਪਏ।

ਰੀਓ ਦੇ ਆਲੇ-ਦੁਆਲੇ ਪਹਾੜ ਹੋਣ ਕਰਕੇ ਮੀਂਹ ਦਾ ਸਾਰਾ ਪਾਣੀ ਬਹੁਤ ਜਲਦੀ ਇਕੱਠਾ ਹੋ ਕੇ ਸ਼ਹਿਰ ਵਿਚ ਆ ਜਾਂਦਾ ਹੈ ਜਿਸ ਕਰਕੇ ਸ਼ਹਿਰ ਵਿਚ ਹੜ੍ਹ ਆ ਜਾਂਦਾ ਹੈ। ਜਲਦੀ ਹੀ ਅਸੀਂ ਗੋਡੇ-ਗੋਡੇ ਪਾਣੀ ਵਿੱਚੋਂ ਦੀ ਲੰਘ ਰਹੇ ਸੀ। ਬ੍ਰਾਂਚ ਦੇ ਨੇੜੇ ਗਲੀਆਂ ਦਰਿਆ ਦਾ ਰੂਪ ਧਾਰਣ ਕਰ ਚੁੱਕੀਆਂ ਸਨ ਤੇ ਪਾਣੀ ਸਾਡੀਆਂ ਛਾਤੀਆਂ ਤਕ ਪਹੁੰਚ ਗਿਆ ਸੀ। ਜਦੋਂ ਅਸੀਂ ਅਖ਼ੀਰ ਬੈਥਲ ਵਿਚ ਪਹੁੰਚੇ, ਤਾਂ ਅਸੀਂ ਪੂਰੀ ਤਰ੍ਹਾਂ ਭਿੱਜ ਚੁੱਕੇ ਸੀ। ਅਗਲੇ ਦਿਨ ਕ੍ਰਿਸਟੀਨ ਦੀ ਸਿਹਤ ਖ਼ਰਾਬ ਹੋ ਗਈ ਤੇ ਉਸ ਨੂੰ ਟਾਈਫਾਈਡ ਜਾਂ ਮਿਆਦੀ ਬੁਖ਼ਾਰ ਹੋ ਗਿਆ ਜਿਸ ਕਰਕੇ ਉਹ ਕਾਫ਼ੀ ਚਿਰ ਤਕ ਕਮਜ਼ੋਰ ਰਹੀ। ਨਵੇਂ-ਨਵੇਂ ਮਿਸ਼ਨਰੀ ਹੋਣ ਕਰਕੇ ਸਾਨੂੰ ਤਜਰਬੇਕਾਰ ਸਥਾਨਕ ਗਵਾਹਾਂ ਦੀ ਗੱਲ ਸੁਣ ਲੈਣੀ ਚਾਹੀਦੀ ਸੀ।

ਮਿਸ਼ਨਰੀ ਸੇਵਾ ਅਤੇ ਸਫ਼ਰੀ ਕੰਮ ਦੀ ਸ਼ੁਰੂਆਤ

ਇਸ ਮਾੜੀ ਸ਼ੁਰੂਆਤ ਤੋਂ ਬਾਅਦ ਅਸੀਂ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਨਾ ਸ਼ੁਰੂ ਕੀਤਾ। ਅਸੀਂ ਜਿਸ ਕਿਸੇ ਨੂੰ ਵੀ ਮਿਲਦੇ ਉਸ ਨੂੰ ਅਸੀਂ ਪੁਰਤਗਾਲੀ ਵਿਚ ਲਿਖਿਆ ਹੋਇਆ ਸੰਦੇਸ਼ ਪੜ੍ਹ ਕੇ ਸੁਣਾਉਂਦੇ। ਪੁਰਤਗਾਲੀ ਬੋਲਣ ਵਿਚ ਅਸੀਂ ਦੋਵੇਂ ਤਕਰੀਬਨ ਇੱਕੋ ਜਿਹੀ ਤਰੱਕੀ ਕਰ ਰਹੇ ਸੀ। ਇਕ ਘਰ-ਸੁਆਮੀ ਮੇਰੇ ਵੱਲ ਇਸ਼ਾਰਾ ਕਰ ਕੇ ਕ੍ਰਿਸਟੀਨ ਨੂੰ ਕਹਿੰਦਾ, “ਮੈਨੂੰ ਤੇਰੀ ਗੱਲ ਤਾਂ ਸਮਝ ਆ ਗਈ, ਪਰ ਉਹ ਦੀ ਨਹੀਂ।” ਕੋਈ ਦੂਸਰਾ ਘਰ-ਸੁਆਮੀ ਮੈਨੂੰ ਕਹਿੰਦਾ: “ਮੈਨੂੰ ਤੇਰੀ ਗੱਲ ਤਾਂ ਸਮਝ ਆ ਗਈ, ਪਰ ਉਹ ਦੀ ਨਹੀਂ।” ਪਰ ਫਿਰ ਵੀ ਸਾਨੂੰ ਬਹੁਤ ਖ਼ੁਸ਼ੀ ਹੋਈ ਕਿ ਪਹਿਲੇ ਕੁਝ ਹਫ਼ਤਿਆਂ ਦੌਰਾਨ ਹੀ ਸਾਨੂੰ ਪਹਿਰਾਬੁਰਜ ਦੀਆਂ 100 ਤੋਂ ਜ਼ਿਆਦਾ ਸਬਸਕ੍ਰਿਪਸ਼ਨਾਂ ਮਿਲੀਆਂ। ਅਸਲ ਵਿਚ ਬ੍ਰਾਜ਼ੀਲ ਵਿਚ ਸਾਡੇ ਪਹਿਲੇ ਸਾਲ ਦੌਰਾਨ ਹੀ ਸਾਡੀਆਂ ਕਈ ਬਾਈਬਲ ਸਟੱਡੀਆਂ ਨੇ ਬਪਤਿਸਮਾ ਲਿਆ। ਇਸ ਤੋਂ ਅਸੀਂ ਆਪਣੀ ਮਿਸ਼ਨਰੀ ਸੇਵਾ ਦੀਆਂ ਪਹਿਲੀਆਂ ਬਰਕਤਾਂ ਦਾ ਸੁਆਦ ਚੱਖਿਆ।

ਉੱਨੀ ਸੌ ਪੰਜਾਹ ਦੇ ਦਹਾਕੇ ਦੇ ਅੱਧ ਵਿਚ ਬ੍ਰਾਜ਼ੀਲ ਵਿਚ ਯੋਗ ਭਰਾਵਾਂ ਦੀ ਘਾਟ ਹੋਣ ਕਰਕੇ ਬਹੁਤ ਸਾਰੀਆਂ ਕਲੀਸਿਯਾਵਾਂ ਵਿਚ ਨਿਯਮਿਤ ਤੌਰ ਤੇ ਸਫ਼ਰੀ ਨਿਗਾਹਬਾਨਾਂ ਦਾ ਦੌਰਾ ਨਹੀਂ ਹੁੰਦਾ ਸੀ। ਇਸ ਲਈ ਭਾਵੇਂ ਮੈਂ ਅਜੇ ਪੁਰਤਗਾਲੀ ਸਿੱਖ ਹੀ ਰਿਹਾ ਸੀ ਤੇ ਕਦੀ ਵੀ ਪੁਰਤਗਾਲੀ ਵਿਚ ਜਨਤਕ ਭਾਸ਼ਣ ਨਹੀਂ ਦਿੱਤਾ ਸੀ, ਫਿਰ ਵੀ ਮੈਨੂੰ 1956 ਵਿਚ ਸਾਓ ਪੋਲੋ ਸੂਬੇ ਵਿਚ ਸਫ਼ਰੀ ਨਿਗਾਹਬਾਨ ਨਿਯੁਕਤ ਕੀਤਾ ਗਿਆ।

ਜਿਸ ਪਹਿਲੀ ਕਲੀਸਿਯਾ ਵਿਚ ਅਸੀਂ ਗਏ, ਉਸ ਕਲੀਸਿਯਾ ਵਿਚ ਦੋ ਸਾਲ ਤੋਂ ਕੋਈ ਸਫ਼ਰੀ ਨਿਗਾਹਬਾਨ ਨਹੀਂ ਆਇਆ ਸੀ। ਇਸ ਲਈ ਸਾਰੇ ਜਨਤਕ ਭਾਸ਼ਣ ਸੁਣਨ ਲਈ ਬੜੀਆਂ ਆਸਾਂ ਲਾ ਕੇ ਆਏ। ਭਾਸ਼ਣ ਤਿਆਰ ਕਰਨ ਲਈ ਮੈਂ ਪੁਰਤਗਾਲੀ ਪਹਿਰਾਬੁਰਜ ਦੇ ਲੇਖਾਂ ਵਿੱਚੋਂ ਪੈਰੇ ਕੱਟ-ਕੱਟ ਕੇ ਉਨ੍ਹਾਂ ਨੂੰ ਕਾਗਜ਼ ਉੱਤੇ ਚੰਬੇੜ ਲਿਆ। ਉਸ ਐਤਵਾਰ ਕਿੰਗਡਮ ਹਾਲ ਪੂਰਾ ਭਰਿਆ ਹੋਇਆ ਸੀ। ਲੋਕ ਸਟੇਜ ਦੇ ਉੱਤੇ ਵੀ ਬੈਠੇ ਸਨ ਤੇ ਬੜੀ ਬੇਸਬਰੀ ਨਾਲ ਜਨਤਕ ਭਾਸ਼ਣ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ। ਮੈਂ ਭਾਸ਼ਣ ਦੇਣਾ, ਨਹੀਂ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ। ਵਿਚ-ਵਿਚ ਮੈਂ ਲੋਕਾਂ ਵੱਲ ਦੇਖ ਲੈਂਦਾ ਸੀ ਤੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਸਾਰੇ ਜਣੇ ਚੁੱਪ-ਚਾਪ ਬੈਠੇ ਹੋਏ ਹਨ, ਇੱਥੋਂ ਤਕ ਕਿ ਬੱਚੇ ਵੀ। ਸਾਰੇ ਮੇਰੇ ਵੱਲ ਅੱਖਾਂ ਅੱਡ-ਅੱਡ ਕੇ ਦੇਖ ਰਹੇ ਸਨ। ਮੈਂ ਸੋਚਿਆ: ‘ਵਾਹ, ਵੈਲਨਟੀਨੋ, ਤੇਰੀ ਪੁਰਤਗਾਲੀ ਤਾਂ ਬੜੀ ਸੁਧਰ ਗਈ ਹੈ! ਇਹ ਲੋਕ ਕਿੰਨੇ ਧਿਆਨ ਨਾਲ ਭਾਸ਼ਣ ਸੁਣ ਰਹੇ ਹਨ!’ ਕਈ ਸਾਲਾਂ ਬਾਅਦ ਮੈਂ ਫਿਰ ਉਸੇ ਕਲੀਸਿਯਾ ਦਾ ਦੌਰਾ ਕੀਤਾ। ਉੱਥੇ ਦੇ ਇਕ ਭਰਾ ਜਿਸ ਨੇ ਮੇਰਾ ਪਹਿਲਾ ਭਾਸ਼ਣ ਸੁਣਿਆ ਸੀ, ਨੇ ਮੈਨੂੰ ਕਿਹਾ: “ਤੁਹਾਨੂੰ ਯਾਦ ਹੈ ਤੁਸੀਂ ਇੱਥੇ ਭਾਸ਼ਣ ਦਿੱਤਾ ਸੀ? ਸਾਨੂੰ ਉਸ ਭਾਸ਼ਣ ਦਾ ਇਕ ਵੀ ਸ਼ਬਦ ਸਮਝ ਨਹੀਂ ਆਇਆ ਸੀ।” ਮੈਂ ਵੀ ਕਬੂਲ ਕੀਤਾ ਕਿ ਮੈਨੂੰ ਵੀ ਭਾਸ਼ਣ ਸਮਝ ਨਹੀਂ ਆਇਆ ਸੀ।

ਸਫ਼ਰੀ ਕੰਮ ਦੇ ਉਸ ਪਹਿਲੇ ਸਾਲ ਦੌਰਾਨ ਮੈਂ ਹਮੇਸ਼ਾ ਜ਼ਕਰਯਾਹ 4:6 ਪੜ੍ਹਿਆ ਕਰਦਾ ਸੀ। ਇਸ ਦੇ ਸ਼ਬਦ, ‘ਬਲ ਨਾਲ ਨਹੀਂ, ਸਗੋਂ ਮੇਰੇ ਆਤਮਾ ਨਾਲ,’ ਮੈਨੂੰ ਯਾਦ ਕਰਾਉਂਦੇ ਸਨ ਕਿ ਸਿਰਫ਼ ਯਹੋਵਾਹ ਦੀ ਆਤਮਾ ਰਾਹੀਂ ਹੀ ਰਾਜ ਦਾ ਕੰਮ ਅੱਗੇ ਵੱਧ ਰਿਹਾ ਸੀ। ਤੇ ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਇਹ ਜ਼ਰੂਰ ਅੱਗੇ ਵਧਿਆ।

ਰਾਹ ਵਿਚ ਚੁਣੌਤੀਆਂ ਤੇ ਬਰਕਤਾਂ

ਸਫ਼ਰੀ ਕੰਮ ਦਾ ਮਤਲਬ ਸੀ ਕਿ ਟਾਈਪ-ਰਾਈਟਰ, ਸਾਹਿੱਤ ਦੇ ਡੱਬੇ ਤੇ ਬੋਰੀਆ-ਬਿਸਤਰਾ ਚੁੱਕ ਕੇ ਪੂਰੇ ਦੇਸ਼ ਵਿਚ ਘੁੰਮਣਾ। ਕ੍ਰਿਸਟੀਨ ਨੇ ਬੜੀ ਅਕਲਮੰਦੀ ਨਾਲ ਸਾਰੀਆਂ ਚੀਜ਼ਾਂ ਉੱਤੇ ਨੰਬਰ ਲਾ ਦਿੱਤੇ ਤਾਂਕਿ ਇਕ ਬੱਸ ਛੱਡ ਕੇ ਦੂਜੀ ਬੱਸ ਫੜਨ ਦੀ ਭੱਜ-ਦੌੜ ਵਿਚ ਕੋਈ ਚੀਜ਼ ਨਾ ਰਹਿ ਜਾਵੇ। ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਸਾਨੂੰ ਅਕਸਰ ਕੱਚੀਆਂ ਸੜਕਾਂ ਤੇ ਬੱਸ ਵਿਚ 15 ਘੰਟੇ ਸਫ਼ਰ ਕਰਨਾ ਪੈਂਦਾ ਸੀ। ਕਈ ਵਾਰੀ ਸਫ਼ਰ ਬਹੁਤ ਹੀ ਡਰਾਉਣਾ ਹੁੰਦਾ ਸੀ, ਖ਼ਾਸ ਕਰਕੇ ਜੇ ਇਕ ਕਮਜ਼ੋਰ ਜਿਹੇ ਪੁੱਲ ਉੱਤੋਂ ਦੋ ਬੱਸਾਂ ਆਮੋ-ਸਾਮ੍ਹਣਿਓਂ ਲੰਘਦੀਆਂ ਸਨ। ਉਹ ਤਕਰੀਬਨ ਇਕ-ਦੂਜੀ ਨਾਲ ਘਸਰ ਕੇ ਹੀ ਲੰਘਦੀਆਂ ਸਨ। ਅਸੀਂ ਰੇਲ-ਗੱਡੀ, ਸਮੁੰਦਰੀ ਜਹਾਜ਼ ਤੇ ਘੋੜਿਆਂ ਉੱਤੇ ਵੀ ਸਫ਼ਰ ਕੀਤਾ।

ਸਾਲ 1961 ਵਿਚ ਮੈਂ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨੀ ਸ਼ੁਰੂ ਕੀਤੀ ਤੇ ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਜਾਣ ਦੀ ਬਜਾਇ ਅਸੀਂ ਇਕ ਸਰਕਟ ਤੋਂ ਦੂਜੇ ਸਰਕਟ ਜਾਂਦੇ ਸੀ। ਹਫ਼ਤੇ ਵਿਚ ਕਈ ਵਾਰ ਸ਼ਾਮ ਨੂੰ ਅਸੀਂ ਵੱਖਰੀਆਂ-ਵੱਖਰੀਆਂ ਥਾਵਾਂ ਤੇ ਯਹੋਵਾਹ ਦੇ ਸੰਗਠਨ ਵੱਲੋਂ ਬਣਾਈਆਂ ਗਈਆਂ ਫ਼ਿਲਮਾਂ ਦਿਖਾਉਂਦੇ ਸੀ। ਅਕਸਰ ਸਾਨੂੰ ਸਥਾਨਕ ਪਾਦਰੀਆਂ ਤੋਂ ਬਚਣ ਲਈ ਚਲਾਕੀ ਨਾਲ ਕੰਮ ਲੈਣਾ ਪੈਂਦਾ ਸੀ ਜਿਹੜੇ ਇਹ ਫਿਲਮਾਂ ਦਿਖਾਉਣ ਤੋਂ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸਨ। ਇਕ ਸ਼ਹਿਰ ਵਿਚ ਅਸੀਂ ਫ਼ਿਲਮ ਦਿਖਾਉਣ ਲਈ ਹਾਲ ਕਿਰਾਏ ਤੇ ਲਿਆ, ਪਰ ਉੱਥੇ ਦੇ ਪਾਦਰੀ ਦੀਆਂ ਧਮਕੀਆਂ ਕਰਕੇ ਹਾਲ ਦੇ ਮਾਲਕ ਨੇ ਬਾਅਦ ਵਿਚ ਸਾਨੂੰ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ। ਕਈ ਦਿਨਾਂ ਦੀ ਭਾਲ ਤੋਂ ਬਾਅਦ ਸਾਨੂੰ ਇਕ ਦੂਜੀ ਜਗ੍ਹਾ ਮਿਲ ਗਈ, ਪਰ ਅਸੀਂ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਤੇ ਹਰ ਕਿਸੇ ਨੂੰ ਪਹਿਲੇ ਹਾਲ ਵਿਚ ਹੀ ਆਉਣ ਦਾ ਸੱਦਾ ਦਿੰਦੇ ਰਹੇ। ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ, ਕ੍ਰਿਸਟੀਨ ਪਹਿਲੇ ਹਾਲ ਵਿਚ ਚਲੀ ਗਈ ਤੇ ਜਿਹੜਾ ਵੀ ਫ਼ਿਲਮ ਦੇਖਣੀ ਚਾਹੁੰਦਾ ਸੀ, ਉਸ ਨੂੰ ਚੁੱਪ-ਚਾਪ ਨਵੀਂ ਜਗ੍ਹਾ ਤੇ ਘੱਲਦੀ ਰਹੀ। ਉਸ ਸ਼ਾਮ 150 ਲੋਕਾਂ ਨੇ ਫ਼ਿਲਮ ਦੇਖੀ ਜਿਸ ਦਾ ਨਾਂ ਬਿਲਕੁਲ ਢੁਕਵਾਂ ਸੀ ਨਵਾਂ ਸੰਸਾਰ ਸਮਾਜ ਹਰਕਤ ਵਿਚ (ਅੰਗ੍ਰੇਜ਼ੀ)।

ਭਾਵੇਂ ਕਿ ਦੂਰ-ਦੁਰਾਡੇ ਇਲਾਕਿਆਂ ਵਿਚ ਸਫ਼ਰੀ ਕੰਮ ਕਰਨਾ ਸੌਖਾ ਨਹੀਂ ਸੀ, ਪਰ ਉੱਥੇ ਰਹਿਣ ਵਾਲੇ ਨਿਮਰ ਭਰਾ ਸਾਡੇ ਕੰਮ ਦੀ ਬਹੁਤ ਕਦਰ ਕਰਦੇ ਸਨ ਤੇ ਆਪਣੇ ਸਾਦੇ ਘਰਾਂ ਵਿਚ ਸਾਡੀ ਬਹੁਤ ਸੇਵਾ ਕਰਦੇ ਸਨ। ਇਸ ਲਈ ਅਸੀਂ ਹਮੇਸ਼ਾ ਯਹੋਵਾਹ ਦਾ ਧੰਨਵਾਦ ਕੀਤਾ ਕਿ ਅਸੀਂ ਉਨ੍ਹਾਂ ਨੂੰ ਮਿਲ ਸਕੇ। ਉਨ੍ਹਾਂ ਨਾਲ ਦੋਸਤੀ ਕਰਨ ਨਾਲ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। (ਕਹਾਉਤਾਂ 19:17; ਹੱਜਈ 2:7) ਇਸ ਲਈ ਜਦੋਂ 21 ਸਾਲ ਬਾਅਦ ਸਾਨੂੰ ਬ੍ਰਾਜ਼ੀਲ ਵਿਚ ਆਪਣੀ ਮਿਸ਼ਨਰੀ ਸੇਵਾ ਛੱਡਣੀ ਪਈ, ਤਾਂ ਸਾਨੂੰ ਬਹੁਤ ਦੁੱਖ ਹੋਇਆ!

ਸੰਕਟ ਵਿਚ ਯਹੋਵਾਹ ਨੇ ਸਾਨੂੰ ਰਾਹ ਦਿਖਾਇਆ

ਸਾਲ 1975 ਵਿਚ ਕ੍ਰਿਸਟੀਨ ਦਾ ਓਪਰੇਸ਼ਨ ਹੋਇਆ। ਅਸੀਂ ਸਫ਼ਰੀ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ, ਪਰ ਕ੍ਰਿਸਟੀਨ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ। ਇਸ ਲਈ ਉਸ ਦੇ ਇਲਾਜ ਵਾਸਤੇ ਅਸੀਂ ਅਮਰੀਕਾ ਵਾਪਸ ਜਾਣਾ ਚੰਗਾ ਸਮਝਿਆ। ਅਪ੍ਰੈਲ 1976 ਵਿਚ ਅਸੀਂ ਲਾਂਗ ਬੀਚ, ਕੈਲੇਫ਼ੋਰਨੀਆ ਪਹੁੰਚ ਗਏ ਤੇ ਅਸੀਂ ਮੇਰੇ ਮਾਤਾ ਜੀ ਕੋਲ ਠਹਿਰੇ। ਵੀਹ ਸਾਲ ਤੋਂ ਜ਼ਿਆਦਾ ਸਮਾਂ ਵਿਦੇਸ਼ ਵਿਚ ਰਹਿਣ ਕਰਕੇ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਇਨ੍ਹਾਂ ਹਾਲਾਤਾਂ ਦਾ ਕਿਸ ਤਰ੍ਹਾਂ ਸਾਮ੍ਹਣਾ ਕਰੀਏ। ਮੈਂ ਮਾਲਸ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਇਸ ਦੀ ਕਮਾਈ ਨਾਲ ਅਸੀਂ ਆਪਣਾ ਗੁਜ਼ਾਰਾ ਤੋਰਿਆ। ਕੈਲੇਫ਼ੋਰਨੀਆ ਰਾਜ ਦੇ ਸਿਹਤ-ਸੰਭਾਲ ਪ੍ਰਬੰਧ ਅਧੀਨ ਕ੍ਰਿਸਟੀਨ ਨੂੰ ਇਕ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ, ਪਰ ਉੱਥੇ ਉਹ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਕਿਉਂਕਿ ਡਾਕਟਰਾਂ ਨੇ ਖ਼ੂਨ ਤੋਂ ਬਗੈਰ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਸੀਂ ਬੇਹੱਦ ਨਿਰਾਸ਼ ਹੋ ਚੁੱਕੇ ਸੀ ਇਸ ਕਰਕੇ ਅਸੀਂ ਮਦਦ ਲਈ ਯਹੋਵਾਹ ਅੱਗੇ ਅਰਜੋਈ ਕੀਤੀ।

ਇਕ ਦਿਨ ਦੁਪਹਿਰ ਨੂੰ ਜਦੋਂ ਮੈਂ ਖੇਤਰ ਸੇਵਕਾਈ ਕਰ ਰਿਹਾ ਸੀ, ਮੈਂ ਇਕ ਡਾਕਟਰ ਦਾ ਕਲਿਨਿਕ ਦੇਖਿਆ ਤੇ ਅਗਲੇ ਹੀ ਪਲ ਮੈਂ ਅੰਦਰ ਜਾਣ ਦਾ ਫ਼ੈਸਲਾ ਕੀਤਾ। ਭਾਵੇਂ ਡਾਕਟਰ ਘਰ ਜਾਣ ਵਾਲਾ ਸੀ, ਪਰ ਉਸ ਨੇ ਮੈਨੂੰ ਆਪਣੀ ਕਲਿਨਿਕ ਵਿਚ ਬੁਲਾਇਆ ਤੇ ਅਸੀਂ ਦੋ ਘੰਟਿਆਂ ਤਕ ਗੱਲ ਕੀਤੀ। ਫਿਰ ਉਸ ਨੇ ਕਿਹਾ: “ਮੈਂ ਤੁਹਾਡੇ ਮਿਸ਼ਨਰੀ ਕੰਮ ਦੀ ਬਹੁਤ ਕਦਰ ਕਰਦਾ ਹਾਂ ਤੇ ਮੈਂ ਬਿਨਾਂ ਖ਼ੂਨ ਚੜ੍ਹਾਏ ਤੇ ਮੁਫ਼ਤ ਵਿਚ ਤੁਹਾਡੀ ਪਤਨੀ ਦਾ ਇਲਾਜ ਕਰਾਂਗਾ।” ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ।

ਉਹ ਭਲਾ ਡਾਕਟਰ, ਜੋ ਇਕ ਬਹੁਤ ਹੀ ਜਾਣਿਆ-ਮਾਣਿਆ ਮਾਹਰ ਸੀ, ਕ੍ਰਿਸਟੀਨ ਨੂੰ ਉਸ ਹਸਪਤਾਲ ਵਿਚ ਲੈ ਗਿਆ ਜਿੱਥੇ ਉਹ ਕੰਮ ਕਰਦਾ ਸੀ ਤੇ ਉਸ ਦੀ ਚੰਗੀ ਦੇਖ-ਭਾਲ ਅਧੀਨ ਕ੍ਰਿਸਟੀਨ ਦੀ ਹਾਲਤ ਜਲਦੀ ਹੀ ਸੁਧਰਨੀ ਸ਼ੁਰੂ ਹੋ ਗਈ। ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਸ ਨੇ ਔਖੀ ਘੜੀ ਵਿਚ ਸਾਨੂੰ ਰਾਹ ਦਿਖਾਇਆ!

ਸੇਵਾ ਦੇ ਹੋਰ ਮੌਕੇ

ਜਦੋਂ ਕ੍ਰਿਸਟੀਨ ਤਕੜੀ ਹੋ ਗਈ, ਤਾਂ ਅਸੀਂ ਪਾਇਨੀਅਰੀ ਸ਼ੁਰੂ ਕਰ ਦਿੱਤੀ ਤੇ ਲਾਂਗ ਬੀਚ ਸ਼ਹਿਰ ਵਿਚ ਕਈ ਲੋਕਾਂ ਦੀ ਯਹੋਵਾਹ ਦੇ ਉਪਾਸਕ ਬਣਨ ਵਿਚ ਮਦਦ ਕਰਨ ਦਾ ਆਨੰਦ ਮਾਣਿਆ। ਸਾਲ 1982 ਵਿਚ ਸਾਨੂੰ ਅਮਰੀਕਾ ਵਿਚ ਸਫ਼ਰੀ ਕੰਮ ਕਰਨ ਲਈ ਕਿਹਾ ਗਿਆ। ਅਸੀਂ ਹਰ ਦਿਨ ਯਹੋਵਾਹ ਦਾ ਸ਼ੁਕਰ ਕੀਤਾ ਕਿ ਉਹ ਸਾਨੂੰ ਸਫ਼ਰੀ ਕੰਮ ਵਿਚ ਦੁਬਾਰਾ ਵਰਤ ਰਿਹਾ ਹੈ ਜੋ ਸਾਨੂੰ ਬਹੁਤ ਹੀ ਪਸੰਦ ਸੀ। ਅਸੀਂ ਕੈਲੇਫ਼ੋਰਨੀਆ ਵਿਚ ਸੇਵਾ ਕੀਤੀ ਤੇ ਉਸ ਤੋਂ ਬਾਅਦ ਨਿਊ ਇੰਗਲੈਂਡ ਵਿਚ ਜਿਸ ਵਿਚ ਕੁਝ ਪੁਰਤਗਾਲੀ ਕਲੀਸਿਯਾਵਾਂ ਸਨ। ਬਾਅਦ ਵਿਚ ਇਸ ਸਰਕਟ ਵਿਚ ਬਰਮੂਡਾ ਵੀ ਸ਼ਾਮਲ ਕਰ ਦਿੱਤਾ ਗਿਆ।

ਤਾਜ਼ਗੀ ਭਰੇ ਚਾਰ ਸਾਲਾਂ ਬਾਅਦ ਸਾਨੂੰ ਨਵਾਂ ਕੰਮ ਦਿੱਤਾ ਗਿਆ। ਅਸੀਂ ਜਿੱਥੇ ਵੀ ਚਾਹੀਏ ਉੱਥੇ ਵਿਸ਼ੇਸ਼ ਪਾਇਨੀਅਰੀ ਕਰਨ ਦਾ ਸਾਨੂੰ ਸੱਦਾ ਦਿੱਤਾ ਗਿਆ। ਭਾਵੇਂ ਸਾਨੂੰ ਸਫ਼ਰੀ ਕੰਮ ਛੱਡਣ ਦਾ ਬਹੁਤ ਦੁੱਖ ਸੀ ਪਰ ਅਸੀਂ ਆਪਣਾ ਨਵਾਂ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ। ਪਰ ਕਿੱਥੇ? ਸਫ਼ਰੀ ਕੰਮ ਕਰਦੇ ਹੋਏ ਮੈਂ ਦੇਖਿਆ ਸੀ ਕਿ ਨਿਊ ਬੈਡਫ਼ਰਡ, ਮੈਸੇਚਿਉਸੇਟਸ ਦੀ ਪੁਰਤਗਾਲੀ ਕਲੀਸਿਯਾ ਨੂੰ ਮਦਦ ਦੀ ਲੋੜ ਹੈ, ਇਸ ਲਈ ਅਸੀਂ ਨਿਊ ਬੈਡਫ਼ਰਡ ਚਲੇ ਗਏ।

ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਕਲੀਸਿਯਾ ਨੇ ਸਾਡੇ ਸੁਆਗਤ ਵਿਚ ਵੱਡੀ ਸਾਰੀ ਪਾਰਟੀ ਦਿੱਤੀ। ਭਰਾਵਾਂ ਦਾ ਪਿਆਰ ਦੇਖ ਕੇ ਸਾਡੀਆਂ ਅੱਖਾਂ ਭਰ ਆਈਆਂ। ਇਕ ਜਵਾਨ ਜੋੜੇ, ਜਿਸ ਦੇ ਦੋ ਛੋਟੇ-ਛੋਟੇ ਬੱਚੇ ਸਨ, ਨੇ ਸਾਨੂੰ ਆਪਣੇ ਘਰ ਰੱਖ ਲਿਆ ਜਦ ਤਕ ਸਾਨੂੰ ਆਪਣਾ ਘਰ ਨਹੀਂ ਮਿਲ ਗਿਆ। ਯਹੋਵਾਹ ਨੇ ਸਾਡੀ ਇਸ ਵਿਸ਼ੇਸ਼ ਪਾਇਨੀਅਰੀ ਉੱਤੇ ਸਾਡੀਆਂ ਆਸਾਂ ਨਾਲੋਂ ਵੀ ਜ਼ਿਆਦਾ ਬਰਕਤ ਪਾਈ ਹੈ। ਸਾਲ 1986 ਤੋਂ ਅਸੀਂ ਇਸ ਸ਼ਹਿਰ ਵਿਚ ਤਕਰੀਬਨ 40 ਲੋਕਾਂ ਦੀ ਗਵਾਹ ਬਣਨ ਵਿਚ ਮਦਦ ਕੀਤੀ ਹੈ। ਉਹ ਸਾਡਾ ਅਧਿਆਤਮਿਕ ਪਰਿਵਾਰ ਹੈ। ਇਸ ਤੋਂ ਇਲਾਵਾ, ਮੈਂ ਕਲੀਸਿਯਾ ਦੇ ਪੰਜ ਭਰਾਵਾਂ ਨੂੰ ਤਰੱਕੀ ਕਰ ਕੇ ਝੁੰਡ ਦੇ ਚਰਵਾਹੇ ਬਣਦੇ ਦੇਖਿਆ ਹੈ। ਸਾਨੂੰ ਇੱਥੇ ਸੇਵਾ ਕਰ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਫਲਦਾਇਕ ਮਿਸ਼ਨਰੀ ਖੇਤਰ ਵਿਚ ਸੇਵਾ ਕਰ ਰਹੇ ਹਾਂ।

ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੀ ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕੀਤੀ ਹੈ ਅਤੇ ਸੱਚਾਈ ਨੂੰ ਆਪਣੀ ਜ਼ਿੰਦਗੀ ਬਣਾਇਆ ਹੈ। ਭਾਵੇਂ ਉਮਰ ਤੇ ਬੀਮਾਰੀਆਂ ਕਰਕੇ ਹੁਣ ਅਸੀਂ ਜ਼ਿਆਦਾ ਨਹੀਂ ਕਰ ਪਾਉਂਦੇ, ਪਰ ਯਹੋਵਾਹ ਦੇ ਰਾਹ ਉੱਤੇ ਚੱਲਣ ਨਾਲ ਸਾਨੂੰ ਅਜੇ ਵੀ ਤਾਕਤ ਤੇ ਖ਼ੁਸ਼ੀ ਮਿਲਦੀ ਹੈ।

[ਸਫ਼ੇ 26 ਉੱਤੇ ਤਸਵੀਰ]

ਰੀਓ ਡੇ ਜਨੇਰੋ ਵਿਚ ਜਦੋਂ ਅਸੀਂ ਨਵੇਂ-ਨਵੇਂ ਆਏ ਹੀ ਸੀ

[ਸਫ਼ੇ 28 ਉੱਤੇ ਤਸਵੀਰ]

ਨਿਊ ਬੈਡਫ਼ਰਡ, ਮੈਸੇਚਿਉਸੇਟਸ ਵਿਚ ਸਾਡਾ ਅਧਿਆਤਮਿਕ ਪਰਿਵਾਰ