Skip to content

Skip to table of contents

ਵਿਧਵਾ ਹੋਣ ਨਾਲ ਦੋ ਤੀਵੀਆਂ ਤੇ ਜੋ ਅਸਰ ਪਿਆ

ਵਿਧਵਾ ਹੋਣ ਨਾਲ ਦੋ ਤੀਵੀਆਂ ਤੇ ਜੋ ਅਸਰ ਪਿਆ

ਵਿਧਵਾ ਹੋਣ ਨਾਲ ਦੋ ਤੀਵੀਆਂ ਤੇ ਜੋ ਅਸਰ ਪਿਆ

ਆਸਟ੍ਰੇਲੀਆ ਵਿਚ ਰਹਿਣ ਵਾਲੀ ਸੈਂਡਰਾ ਇਕ ਵਿਧਵਾ ਹੈ। ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਜਿਸ ਨਾਲ ਉਸ ਨੂੰ ਇਕਦਮ ਗਹਿਰਾ ਸਦਮਾ ਪਹੁੰਚਿਆ। “ਮੈਨੂੰ ਇਸ ਅਹਿਸਾਸ ਨੇ ਆ ਘੇਰਿਆ ਕਿ ਮੈਂ ਅਚਾਨਕ ਹੀ ਆਪਣੇ ਜੀਵਨ-ਸਾਥੀ ਤੇ ਸਭ ਤੋਂ ਚੰਗੇ ਦੋਸਤ ਨੂੰ ਗੁਆ ਬੈਠੀ ਸਾਂ। ਮੈਨੂੰ ਕੁਝ ਯਾਦ ਨਹੀਂ ਹੈ ਕਿ ਉਸ ਦਿਨ ਮੈਂ ਹਸਪਤਾਲੋਂ ਕਿੱਦਾਂ ਘਰ ਪਹੁੰਚੀ ਜਾਂ ਮੈਂ ਬਾਕੀ ਦਿਨ ਕਿੱਦਾਂ ਗੁਜ਼ਾਰਿਆ। ਅਗਲੇ ਕੁਝ ਹਫ਼ਤਿਆਂ ਦੌਰਾਨ, ਇਸ ਗਮ ਕਾਰਨ ਮੇਰੇ ਸਰੀਰ ਵਿਚ ਲਗਾਤਾਰ ਦਰਦ ਰਹਿਣ ਲੱਗਾ।”

ਸੈਂਡਰਾ ਦੀ ਇਕ ਸਹੇਲੀ ਈਲੇਨ ਵੀ ਕੁਝ ਛੇ ਸਾਲਾਂ ਤੋਂ ਵਿਧਵਾ ਹੈ। ਈਲੇਨ ਦੇ ਪਤੀ ਡੇਵਿਡ ਨੂੰ ਕੈਂਸਰ ਸੀ ਤੇ ਉਸ ਦੇ ਮਰਨ ਤੋਂ ਪਹਿਲਾਂ ਈਲੇਨ ਨੇ ਛੇ ਮਹੀਨੇ ਉਸ ਦੀ ਚੰਗੀ ਦੇਖ-ਭਾਲ ਕੀਤੀ ਸੀ। ਡੇਵਿਡ ਦੀ ਮੌਤ ਹੋਣ ਤੇ ਉਹ ਐਨੀ ਜ਼ਿਆਦਾ ਦੁਖੀ ਹੋਈ ਕਿ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਕੁਝ ਚਿਰ ਲਈ ਉਹ ਅੰਨ੍ਹੀ ਹੋ ਗਈ। ਦੋ ਸਾਲਾਂ ਬਾਅਦ ਉਹ ਇਕ ਦਿਨ ਅਚਾਨਕ ਰਾਹ ਵਿਚ ਬੇਹੋਸ਼ ਹੋ ਕੇ ਡਿੱਗ ਪਈ। ਉਸ ਦੇ ਡਾਕਟਰ ਨੂੰ ਸਰੀਰਕ ਬੀਮਾਰੀ ਦਾ ਕੋਈ ਲੱਛਣ ਨਹੀਂ ਲੱਭਿਆ। ਪਰ ਡਾਕਟਰ ਨੂੰ ਇਹ ਜ਼ਰੂਰ ਪਤਾ ਲੱਗ ਗਿਆ ਕਿ ਈਲੇਨ ਨੇ ਆਪਣੇ ਗਮ ਨੂੰ ਅੰਦਰ ਹੀ ਅੰਦਰ ਦਬਾ ਕੇ ਰੱਖਿਆ ਹੋਇਆ ਸੀ, ਇਸ ਲਈ ਉਸ ਨੇ ਸਲਾਹ ਦਿੱਤੀ ਕਿ ਉਹ ਘਰ ਜਾਵੇ ਤੇ ਰੋ ਕੇ ਆਪਣੇ ਦਿਲ ਦੀ ਭੜਾਸ ਕੱਢਣ ਦੀ ਪੂਰੀ  ਕੋਸ਼ਿਸ਼ ਕਰੇ। ਈਲੇਨ ਕਹਿੰਦੀ ਹੈ ਕਿ “ਮੈਨੂੰ ਆਪਣੇ ਇਸ ਗਮ ਨੂੰ ਬਾਹਰ ਕੱਢਣ ਵਿਚ ਕਾਫ਼ੀ ਸਮਾਂ ਲੱਗਾ। ਜਦੋਂ ਮੈਂ ਇਕੱਲਾਪਣ ਮਹਿਸੂਸ ਕਰਦੀ ਸੀ, ਤਾਂ ਮੈਂ ਬੈੱਡਰੂਮ ਵਿਚ ਜਾ ਕੇ ਆਪਣਾ ਸਿਰ ਡੇਵਿਡ ਦੇ ਕੱਪੜਿਆਂ ਵਿਚ ਦੇ ਦਿੰਦੀ ਸਾਂ।”

ਜੀ ਹਾਂ, ਆਪਣੇ ਪਿਆਰੇ ਸਾਥੀ ਦੀ ਮੌਤ ਕਾਰਨ ਲੋਕ ਕਈ ਤਰ੍ਹਾਂ ਦੀਆਂ ਪ੍ਰਤਿਕ੍ਰਿਆਵਾਂ ਦਿਖਾ ਸਕਦੇ ਹਨ ਕਿਉਂਕਿ ਵਿਧਵਾ ਹੋਣ ਦਾ ਅਰਥ ਸਿਰਫ਼ ਪਤੀ ਤੋਂ ਬਗੈਰ ਰਹਿਣਾ ਹੀ ਨਹੀਂ ਹੁੰਦਾ। ਉਸ ਵਿਚ ਬਹੁਤ ਕੁਝ ਸ਼ਾਮਲ ਹੁੰਦਾ ਹੈ। ਮਿਸਾਲ ਵਜੋਂ, ਸੈਂਡਰਾ ਨੂੰ ਕੁਝ ਸਮੇਂ ਲਈ ਲੱਗਾ ਕਿ ਉਸ ਨੇ ਆਪਣੀ ਪਛਾਣ ਹੀ ਗੁਆ ਲਈ ਹੈ। ਹਾਲ ਹੀ ਵਿਚ ਵਿਧਵਾ ਹੋਈਆਂ ਬਹੁਤ ਸਾਰੀਆਂ ਸੋਗੀ ਤੀਵੀਆਂ ਦੀ ਤਰ੍ਹਾਂ, ਉਹ ਵੀ ਆਪਣੇ ਆਪ ਨੂੰ ਬੇਸਹਾਰਾ ਤੇ ਅਸੁਰੱਖਿਅਤ ਮਹਿਸੂਸ ਕਰਦੀ ਸੀ। ਉਹ ਯਾਦ ਕਰਦੀ ਹੈ: “ਸਾਰੇ ਫ਼ੈਸਲੇ ਮੇਰੇ ਪਤੀ ਕਰਦੇ ਹੁੰਦੇ ਸਨ, ਪਰ ਹੁਣ ਅਚਾਨਕ ਮੈਨੂੰ ਇਕੱਲੀ ਨੂੰ ਉਹ ਫ਼ੈਸਲੇ ਕਰਨੇ ਪੈਣੇ ਸਨ। ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਸੀ। ਮੈਂ ਥੱਕੀ-ਥੱਕੀ ਰਹਿੰਦੀ ਸੀ ਤੇ ਕਮਜ਼ੋਰ ਹੋ ਚੁੱਕੀ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਰਾਂ ਤਾਂ ਕੀ ਕਰਾਂ।”

ਦੁਨੀਆਂ ਭਰ ਵਿਚ ਹਰ ਰੋਜ਼ ਸੈਂਡਰਾ ਤੇ ਈਲੇਨ ਵਰਗੇ ਤਜਰਬੇ ਦੇਖਣ ਨੂੰ ਮਿਲਦੇ ਹਨ। ਬੀਮਾਰੀਆਂ, ਹਾਦਸੇ, ਯੁੱਧ, ਕੁਲ-ਨਾਸ਼ ਤੇ ਹਿੰਸਾ ਕਾਰਨ ਅੱਜ ਵਿਧਵਾਵਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। * ਇਨ੍ਹਾਂ ਵਿੱਚੋਂ ਕਈ ਔਰਤਾਂ ਆਪਣੇ ਗਮਾਂ ਨੂੰ ਅੰਦਰ ਹੀ ਅੰਦਰ ਦਬਾ ਕੇ ਸਹਿੰਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ। ਵਿਧਵਾਵਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਦੋਸਤ ਤੇ ਰਿਸ਼ਤੇਦਾਰ ਕੀ ਕਰ ਸਕਦੇ ਹਨ? ਅਗਲੇ ਲੇਖ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਜੋ ਮਦਦਗਾਰ ਸਾਬਤ ਹੋ ਸਕਦੇ ਹਨ।

[ਫੁਟਨੋਟ]

^ ਪੈਰਾ 5 ਉਨ੍ਹਾਂ ਔਰਤਾਂ ਦੇ ਹਾਲਾਤ ਵੀ ਵਿਧਵਾਵਾਂ ਵਰਗੇ ਹੀ ਹਨ ਜਿਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਹਾਲਾਂਕਿ ਵੱਖਰੇ ਹੋਣ ਤੇ ਤਲਾਕ ਲੈਣ ਨਾਲ ਖੜ੍ਹੀਆਂ ਹੋਈਆਂ ਸਮੱਸਿਆਵਾਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਪਰ ਅਗਲੇ ਲੇਖ ਵਿਚ ਦੱਸੇ ਅਸੂਲ ਇਨ੍ਹਾਂ ਹਾਲਾਤਾਂ ਵਿਚ ਵੀ ਔਰਤਾਂ ਦੀ ਮਦਦ ਕਰ ਸਕਦੇ ਹਨ।