Skip to content

Skip to table of contents

ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਓ

ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਓ

ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਓ

“ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”​—ਅਫ਼ਸੀਆਂ 6:4.

1. ਪਰਿਵਾਰ ਲਈ ਪਰਮੇਸ਼ੁਰ ਦਾ ਮਕਸਦ ਕੀ ਸੀ, ਪਰ ਇਸ ਦੀ ਬਜਾਇ ਕੀ ਹੋਇਆ?

“ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 1:28) ਆਦਮ ਅਤੇ ਹੱਵਾਹ ਨੂੰ ਇਹ ਸ਼ਬਦ ਕਹਿ ਕੇ ਯਹੋਵਾਹ ਪਰਮੇਸ਼ੁਰ ਨੇ ਪਰਿਵਾਰਾਂ ਦਾ ਇੰਤਜ਼ਾਮ ਸ਼ੁਰੂ ਕੀਤਾ ਸੀ। (ਅਫ਼ਸੀਆਂ 3:14, 15) ਪਹਿਲਾ ਜੋੜਾ ਭਵਿੱਖ ਬਾਰੇ ਸੋਚਦਾ ਹੋਇਆ ਸਾਰੀ ਧਰਤੀ ਨੂੰ ਆਪਣੀ ਸੰਤਾਨ ਨਾਲ ਭਰੀ ਹੋਈ ਦੇਖ ਸਕਦਾ ਸੀ—ਸੰਪੂਰਣ ਇਨਸਾਨਾਂ ਦਾ ਇਕ ਵੱਡਾ ਪਰਿਵਾਰ ਜੋ ਇਕੱਠਾ ਮਿਲ ਕੇ ਸੁੰਦਰ ਧਰਤੀ ਉੱਤੇ ਜੀ ਰਿਹਾ ਹੋਵੇ ਅਤੇ ਏਕਤਾ ਵਿਚ ਆਪਣੇ ਮਹਾਨ ਸ੍ਰਿਸ਼ਟੀਕਰਤਾ ਦੀ ਭਗਤੀ ਕਰ ਰਿਹਾ ਹੋਵੇ। ਪਰ ਆਦਮ ਅਤੇ ਹੱਵਾਹ ਪਾਪ ਕਰ ਬੈਠੇ ਅਤੇ ਧਰਤੀ ਅਜਿਹੇ ਅਧਰਮੀ ਇਨਸਾਨਾਂ ਨਾਲ ਭਰ ਗਈ ਜੋ ਪਰਮੇਸ਼ੁਰ ਦਾ ਭੈ ਨਹੀਂ ਰੱਖਦੇ ਸਨ। (ਰੋਮੀਆਂ 5:12) ਪਰਿਵਾਰਕ ਜੀਵਨ ਜਲਦੀ ਵਿਗੜ ਗਿਆ, ਅਤੇ ਖ਼ਾਸ ਕਰਕੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਨਫ਼ਰਤ ਅਤੇ ਹਿੰਸਾ ਵਧ ਗਈ ਹੈ, ਤੇ ਲੋਕਾਂ ਵਿਚ ਪਿਆਰ ਘੱਟ ਗਿਆ ਹੈ।​—2 ਤਿਮੋਥਿਉਸ 3:1-5; ਉਤਪਤ 4:8, 23; 6:5, 11, 12.

2. ਆਦਮ ਦੀ ਸੰਤਾਨ ਕੋਲ ਕਿਹੜੀਆਂ ਯੋਗਤਾਵਾਂ ਸਨ, ਪਰ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਉਣ ਲਈ ਉਸ ਨੂੰ ਕੀ ਕਰਨ ਦੀ ਲੋੜ ਪੈਣੀ ਸੀ?

2 ਆਦਮ ਅਤੇ ਹੱਵਾਹ ਪਰਮੇਸ਼ੁਰ ਦੇ ਸਰੂਪ ਉੱਤੇ ਉਤਪਤ ਕੀਤੇ ਗਏ ਸਨ। ਪਾਪ ਕਰਨ ਤੋਂ ਬਾਅਦ ਵੀ ਯਹੋਵਾਹ ਨੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ। (ਉਤਪਤ 1:27; 5:1-4) ਆਦਮ ਵਾਂਗ ਉਸ ਦੇ ਬੱਚੇ ਵੀ ਸਹੀ ਅਤੇ ਗ਼ਲਤ ਵਿਚਕਾਰ ਫ਼ਰਕ ਪਛਾਣ ਸਕਦੇ ਸਨ। ਉਨ੍ਹਾਂ ਨੂੰ ਸਿਖਾਇਆ ਜਾ ਸਕਦਾ ਸੀ ਕਿ ਉਨ੍ਹਾਂ ਨੂੰ ਆਪਣੇ ਸ੍ਰਿਸ਼ਟੀਕਰਤਾ ਦੀ ਭਗਤੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਅਤੇ ਆਪਣੇ ਸਾਰੇ ਦਿਲ, ਜਾਨ, ਬੁੱਧ, ਅਤੇ ਸ਼ਕਤੀ ਨਾਲ ਉਸ ਨੂੰ ਪਿਆਰ ਕਰਨਾ ਕਿੰਨਾ ਮਹੱਤਵਪੂਰਣ ਹੈ। (ਮਰਕੁਸ 12:30; ਯੂਹੰਨਾ 4:24; ਯਾਕੂਬ 1:27) ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਇਨਸਾਫ਼ ਕਰਨ, ਦਯਾ ਨਾਲ ਪ੍ਰੇਮ ਰੱਖਣ, ਅਤੇ ਅਧੀਨ ਹੋ ਕੇ ਪਰਮੇਸ਼ੁਰ ਨਾਲ ਚੱਲਣ’ ਦੀ ਵੀ ਸਿੱਖਿਆ ਦਿੱਤੀ ਜਾ ਸਕਦੀ ਸੀ। (ਮੀਕਾਹ 6:8) ਪਰ ਪਾਪੀ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਉਣ ਲਈ ਬਹੁਤ ਹੀ ਕੋਸ਼ਿਸ਼ ਕਰਨ ਦੀ ਲੋੜ ਪੈਣੀ ਸੀ।

ਜ਼ਰੂਰੀ ਗੱਲਾਂ ਲਈ ਸਮਾਂ ਕੱਢੋ

3. ਬੱਚਿਆਂ ਨੂੰ ਚੰਗੇ ਮਸੀਹੀ ਬਣਾਉਣ ਲਈ ਮਾਪੇ ਸਮਾਂ ਕਿਸ ਤਰ੍ਹਾਂ ਕੱਢ ਸਕਦੇ ਹਨ?

3 ਇਨ੍ਹਾਂ ਔਖਿਆਂ ਸਮਿਆਂ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਲਈ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਤਾਂਕਿ ਉਹ ਯਹੋਵਾਹ ਦੇ ਅਜਿਹੇ ਪ੍ਰੇਮੀ ਬਣਨ ਜੋ “ਬੁਰਿਆਈ ਤੋਂ ਘਿਣ” ਕਰਦੇ ਹਨ। (ਜ਼ਬੂਰ 97:10) ਬੁੱਧਵਾਨ ਮਾਪੇ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਜ਼ਰੂਰ ਸਮਾਂ ਕੱਢਣਗੇ। (ਅਫ਼ਸੀਆਂ 5:15-17) ਜੇਕਰ ਤੁਹਾਡੇ ਬੱਚੇ ਹਨ, ਤਾਂ ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਪਹਿਲਾਂ ਇਹ ਸਥਾਪਿਤ ਕਰੋ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਸਭ ਤੋਂ ਜ਼ਰੂਰੀ ਗੱਲਾਂ ਵੱਲ ਧਿਆਨ ਦਿਓ, ਜਿਨ੍ਹਾਂ ਵਿਚ ਬੱਚਿਆਂ ਨੂੰ ਸਿੱਖਿਆ ਅਤੇ ਮੱਤ ਦੇਣੀ ਵੀ ਸ਼ਾਮਲ ਹੋਣੀ ਚਾਹੀਦੀ ਹੈ। (ਫ਼ਿਲਿੱਪੀਆਂ 1:10, 11) ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਇਕ ਸਾਦਾ ਜੀਵਨ ਜੀਉਣਾ ਚਾਹੀਦਾ ਹੈ। ਤੁਹਾਨੂੰ ਸ਼ਾਇਦ ਉਨ੍ਹਾਂ ਕੰਮਾਂ ਨੂੰ ਛੱਡਣਾ ਪਵੇ ਜੋ ਇੰਨੇ ਜ਼ਰੂਰੀ ਨਹੀਂ ਹਨ ਜਾਂ ਉਨ੍ਹਾਂ ਬੇਲੋੜ ਚੀਜ਼ਾਂ ਨੂੰ ਛੱਡਣਾ ਪਵੇ ਜਿਨ੍ਹਾਂ ਦੀ ਦੇਖ-ਭਾਲ ਕਰਨ ਵਿਚ ਤੁਹਾਡਾ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ। ਮਸੀਹੀ ਮਾਪੇ ਜੋ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਭੈ ਰੱਖਣ ਵਿਚ ਮਦਦ ਦਿੰਦੇ ਹਨ, ਕਦੀ ਵੀ ਆਪਣਿਆਂ ਜਤਨਾਂ ਕਰਕੇ ਪਛਤਾਉਣਗੇ ਨਹੀਂ।​—ਕਹਾਉਤਾਂ 29:15, 17.

4. ਪਰਿਵਾਰ ਦੀ ਏਕਤਾ ਕਿਸ ਤਰ੍ਹਾਂ ਕਾਇਮ ਰੱਖੀ ਜਾ ਸਕਦੀ ਹੈ?

4 ਪਰਮੇਸ਼ੁਰ ਦੀ ਸੇਵਾ ਵਿਚ ਸਮਾਂ ਗੁਜ਼ਾਰਨਾ ਪਰਿਵਾਰ ਦੀ ਏਕਤਾ ਕਾਇਮ ਰੱਖਣ ਦਾ ਸਭ ਤੋਂ ਚੰਗਾ ਤਰੀਕਾ ਹੈ। ਜਦੋਂ ਆਪਣੇ ਬੱਚਿਆਂ ਨਾਲ ਖ਼ਾਸ ਕਰਕੇ ਇਸ ਤਰ੍ਹਾਂ ਸਮਾਂ ਗੁਜ਼ਾਰਿਆ ਜਾਂਦਾ ਹੈ ਤਾਂ ਇਸ ਦੇ ਚੰਗੇ ਨਤੀਜੇ ਨਿਕਲਦੇ ਹਨ। ਪਰ ਇਹ ਨਾ ਸੋਚੋ ਕਿ ਜਦੋਂ ਤੁਹਾਡੇ ਕੋਲ ਸਮਾਂ ਹੋਵੇਗਾ ਤਾਂ ਤੁਸੀਂ ਇਸ ਤਰ੍ਹਾਂ ਕਰੋਗੇ। ਤੁਹਾਨੂੰ ਇਕੱਠੇ ਵਕਤ ਗੁਜ਼ਾਰਨ ਲਈ ਸਮਾਂ ਕੱਢਣਾ ਪਵੇਗਾ। ਇਸ ਦਾ ਮਤਲਬ ਇਹ ਨਹੀਂ ਕਿ ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਹੋਣ ਦੇ ਬਾਵਜੂਦ ਆਪੋ-ਆਪਣਿਆਂ ਕੰਮਾਂ ਵਿਚ ਲੱਗੇ ਰਹਿਣ। ਬੱਚੇ ਉਦੋਂ ਚੰਗੀ ਤਰ੍ਹਾਂ ਵਧਦੇ-ਫੁੱਲਦੇ ਹਨ ਜਦੋਂ ਉਨ੍ਹਾਂ ਨੂੰ ਹਰ ਰੋਜ਼ ਨਿੱਜੀ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਉਨ੍ਹਾਂ ਨਾਲ ਦਿਲੋਂ ਪ੍ਰੇਮ ਕਰੋ ਅਤੇ ਉਨ੍ਹਾਂ ਵਿਚ ਦਿਲਚਸਪੀ ਲਵੋ। ਬੱਚੇ ਪੈਦਾ ਕਰਨ ਤੋਂ ਪਹਿਲਾਂ ਹੀ ਪਤੀ-ਪਤਨੀ ਨੂੰ ਇਸ ਮਹੱਤਵਪੂਰਣ ਜ਼ਿੰਮੇਵਾਰੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। (ਲੂਕਾ 14:28) ਇਸ ਤਰ੍ਹਾਂ ਉਹ ਬੱਚਿਆਂ ਦੀ ਪਰਵਰਿਸ਼ ਨੂੰ ਇਕ ਬੋਝ ਸਮਝਣ ਦੀ ਬਜਾਇ ਇਕ ਬਰਕਤ ਸਮਝਣਗੇ।​—ਉਤਪਤ 33:5; ਜ਼ਬੂਰ 127:3.

ਆਪਣੀ ਗੱਲਬਾਤ ਅਤੇ ਮਿਸਾਲ ਰਾਹੀਂ ਸਿਖਾਓ

5. (ੳ) ਬੱਚਿਆਂ ਨੂੰ ਯਹੋਵਾਹ ਨਾਲ ਪ੍ਰੇਮ ਕਰਨਾ ਕਿਸ ਤਰ੍ਹਾਂ ਸਿਖਾਇਆ ਜਾਂਦਾ ਹੈ? (ਅ) ਬਿਵਸਥਾ ਸਾਰ 6:5-7 ਤੇ ਮਾਪਿਆਂ ਨੂੰ ਕਿਹੜੀ ਸਲਾਹ ਦਿੱਤੀ ਗਈ ਹੈ?

5 ਆਪਣੇ ਬੱਚਿਆਂ ਨੂੰ ਸਿਖਾਉਣ ਤੋਂ ਪਹਿਲਾਂ ਤੁਹਾਨੂੰ ਖ਼ੁਦ ਯਹੋਵਾਹ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਪਰਮੇਸ਼ੁਰ ਲਈ ਗੂੜ੍ਹਾ ਪ੍ਰੇਮ ਤੁਹਾਨੂੰ ਵਫ਼ਾਦਾਰੀ ਨਾਲ ਉਸ ਦੀਆਂ ਸਾਰੀਆਂ ਹਿਦਾਇਤਾਂ ਮੰਨਣ ਲਈ ਪ੍ਰੇਰਿਤ ਕਰੇਗਾ। ਇਨ੍ਹਾਂ ਹਿਦਾਇਤਾਂ ਵਿਚ ਬੱਚਿਆਂ ਨੂੰ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇਣੀ’ ਵੀ ਸ਼ਾਮਲ ਹੈ। (ਅਫ਼ਸੀਆਂ 6:4) ਪਰਮੇਸ਼ੁਰ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰਨ, ਉਨ੍ਹਾਂ ਨਾਲ ਗੱਲਬਾਤ ਕਰਨ, ਅਤੇ ਉਨ੍ਹਾਂ ਨੂੰ ਸਿੱਖਿਆ ਦੇਣ। ਬਿਵਸਥਾ ਸਾਰ 6:5-7 ਵਿਚ ਲਿਖਿਆ ਗਿਆ ਹੈ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਅਤੇ ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” ਬੱਚਿਆਂ ਨੂੰ ਲਗਾਤਾਰ ਨਸੀਹਤ ਅਤੇ ਸਿੱਖਿਆ ਦੇਣ ਦੁਆਰਾ ਤੁਸੀਂ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਹੁਕਮ ਬਿਠਾ ਸਕਦੇ ਹੋ। ਇਸ ਤਰ੍ਹਾਂ ਤੁਹਾਡੇ ਬੱਚੇ ਯਹੋਵਾਹ ਲਈ ਤੁਹਾਡਾ ਪਿਆਰ ਦੇਖਣਗੇ ਅਤੇ ਉਹ ਵੀ ਉਸ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਲਈ ਪ੍ਰੇਰਿਤ ਹੋਣਗੇ।​—ਕਹਾਉਤਾਂ 20:7.

6. ਮਾਪੇ ਇਸ ਗੱਲ ਦਾ ਲਾਭ ਕਿਸ ਤਰ੍ਹਾਂ ਉਠਾ ਸਕਦੇ ਹਨ ਕਿ ਬੱਚੇ ਰੀਸ ਕਰਨ ਦੁਆਰਾ ਸਿੱਖਦੇ ਹਨ?

6 ਬੱਚੇ ਸਿੱਖਣ ਵਿਚ ਕਾਫ਼ੀ ਹੁਸ਼ਿਆਰ ਹੁੰਦੇ ਹਨ। ਉਹ ਸੁਣਨ ਵਿਚ ਤੇਜ਼ ਅਤੇ ਰੀਸ ਕਰਨ ਵਿਚ ਵੀ ਚੁਸਤ ਹੁੰਦੇ ਹਨ। ਜਦੋਂ ਉਹ ਦੇਖਦੇ ਹਨ ਕਿ ਤੁਸੀਂ ਨਵੀਆਂ-ਨਵੀਆਂ ਚੀਜ਼ਾਂ ਇਕੱਠੀਆਂ ਕਰਨ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਤਾਂ ਯਿਸੂ ਦੀ ਮਿਸਾਲ ਉੱਤੇ ਚੱਲਣ ਵਿਚ ਉਨ੍ਹਾਂ ਦੀ ਮਦਦ ਹੁੰਦੀ ਹੈ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਸਿਖਾਉਂਦੇ ਹੋ ਕਿ ਉਨ੍ਹਾਂ ਨੂੰ ਧੰਨ-ਦੌਲਤ ਪਿੱਛੇ ਨਹੀਂ ਲੱਗਣਾ ਚਾਹੀਦਾ ਪਰ ‘ਪਹਿਲਾਂ ਪਰਮੇਸ਼ੁਰ ਦੇ ਰਾਜ ਨੂੰ ਭਾਲਣਾ’ ਚਾਹੀਦਾ ਹੈ। (ਮੱਤੀ 6:25-33) ਬਾਈਬਲ ਦੀ ਸੱਚਾਈ, ਪਰਮੇਸ਼ੁਰ ਦੀ ਕਲੀਸਿਯਾ, ਅਤੇ ਨਿਯੁਕਤ ਕੀਤੇ ਗਏ ਬਜ਼ੁਰਗਾਂ ਬਾਰੇ ਚੰਗੀਆਂ ਅਤੇ ਹੌਸਲਾ ਵਧਾਉਣ ਵਾਲੀਆਂ ਗੱਲਾਂ-ਬਾਤਾਂ ਕਰਨ ਦੁਆਰਾ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਦਾ ਆਦਰ ਕਰਨਾ ਅਤੇ ਉਸ ਦੇ ਰੂਹਾਨੀ ਪ੍ਰਬੰਧਾਂ ਦੀ ਕਦਰ ਕਰਨੀ ਸਿਖਾਉਂਦੇ ਹੋ। ਬੱਚੇ ਜਲਦੀ ਹੀ ਸਿਆਣ ਲੈਂਦੇ ਹਨ ਜਦੋਂ ਤੁਸੀਂ ਕਹਿੰਦੇ ਕੁਝ ਹੋ ਪਰ ਕਰਦੇ ਕੁਝ ਹੋਰ ਹੋ। ਇਸ ਲਈ ਬੱਚਿਆਂ ਨੂੰ ਸਿੱਖਿਆ ਦਿੰਦੇ ਹੋਏ ਤੁਹਾਡੇ ਆਪਣੇ ਚਾਲ-ਚੱਲਣ ਅਤੇ ਰਵੱਈਏ ਤੋਂ ਜ਼ਾਹਰ ਹੋਣਾ ਚਾਹੀਦਾ ਹੈ ਕਿ ਤੁਸੀਂ ਵੀ ਰੂਹਾਨੀ ਗੱਲਾਂ ਦੀ ਗਹਿਰੀ ਕਦਰ ਕਰਦੇ ਹੋ। ਮਾਪਿਆਂ ਦੀ ਚੰਗੀ ਮਿਸਾਲ ਬੱਚਿਆਂ ਵਿਚ ਯਹੋਵਾਹ ਲਈ ਸੱਚਾ ਪ੍ਰੇਮ ਪੈਦਾ ਕਰ ਸਕਦੀ ਹੈ। ਮਾਪਿਆਂ ਲਈ ਇਹ ਕਿੰਨੀ ਵੱਡੀ ਬਰਕਤ ਹੈ!​—ਕਹਾਉਤਾਂ 23:24, 25.

7, 8. ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਉਣ ਦੀ ਮਹੱਤਤਾ ਕਿਸ ਉਦਾਹਰਣ ਤੋਂ ਦੇਖੀ ਜਾ ਸਕਦੀ ਹੈ, ਅਤੇ ਅਜਿਹੀ ਤਰੱਕੀ ਲਈ ਕਿਸ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ?

7 ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਉਣ ਦੀ ਮਹੱਤਤਾ ਵੈਨੇਜ਼ੁਏਲਾ ਤੋਂ ਇਸ ਉਦਾਹਰਣ ਤੋਂ ਦੇਖੀ ਜਾ ਸਕਦੀ ਹੈ। (2 ਤਿਮੋਥਿਉਸ 3:15) ਇਹ ਉਦਾਹਰਣ ਇਕ ਪਤੀ-ਪਤਨੀ ਦੀ ਹੈ, ਜਿਨ੍ਹਾਂ ਦੇ ਨਾਂ ਫੀਲਿੱਕਸ ਅਤੇ ਮੈਰਾਲਿਨ ਹਨ। ਇਹ ਦੋਨੋਂ ਪਾਇਨੀਅਰ ਸੇਵਕ ਹਨ। ਜਦੋਂ ਉਨ੍ਹਾਂ ਦੇ ਮੁੰਡੇ ਫੀਲੀਟੋ ਦਾ ਜਨਮ ਹੋਇਆ, ਤਾਂ ਉਹ ਉਸ ਦੀ ਪਰਵਰਿਸ਼ ਸਭ ਤੋਂ ਚੰਗੇ ਤਰੀਕੇ ਵਿਚ ਕਰਨੀ ਚਾਹੁੰਦੇ ਸਨ ਤਾਂਕਿ ਉਹ ਯਹੋਵਾਹ ਦਾ ਇਕ ਸੱਚਾ ਉਪਾਸਕ ਬਣ ਸਕੇ। ਮੈਰਾਲਿਨ ਨੇ ਫੀਲੀਟੋ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਜੋ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ, ਵਿੱਚੋਂ ਪੜ੍ਹ ਕੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਛੋਟੀ ਉਮਰ ਤੋਂ ਹੀ ਫੀਲੀਟੋ ਇਸ ਕਿਤਾਬ ਵਿੱਚੋਂ ਮੂਸਾ ਅਤੇ ਹੋਰ ਵਿਅਕਤੀਆਂ ਨੂੰ ਪਛਾਣਨ ਲੱਗ ਪਿਆ।

8 ਜਦੋਂ ਉਹ ਹਾਲੇ ਛੋਟਾ ਹੀ ਸੀ, ਫੀਲੀਟੋ ਆਪਣੇ ਆਪ ਦੂਸਰਿਆਂ ਨੂੰ ਯਹੋਵਾਹ ਬਾਰੇ ਗਵਾਹੀ ਦੇਣ ਲੱਗ ਪਿਆ। ਉਸ ਨੇ ਕਲੀਸਿਯਾ ਵਿਚ ਇਕ ਪ੍ਰਕਾਸ਼ਕ ਬਣਨ ਦੀ ਆਪਣੀ ਇੱਛਾ ਪੂਰੀ ਕੀਤੀ ਅਤੇ ਬਪਤਿਸਮਾ ਲੈ ਲਿਆ। ਕੁਝ ਸਮੇਂ ਤੋਂ ਬਾਅਦ ਫੀਲੀਟੋ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਮਾਪੇ ਕਹਿੰਦੇ ਹਨ: “ਜਦੋਂ ਅਸੀਂ ਆਪਣੇ ਮੁੰਡੇ ਨੂੰ ਤਰੱਕੀ ਕਰਦੇ ਹੋਏ ਦੇਖਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਿਰਫ਼ ਯਹੋਵਾਹ ਦੀ ਮਿਹਰਬਾਨੀ ਅਤੇ ਉਸ ਦੀ ਅਗਵਾਈ ਕਾਰਨ ਹੋਇਆ ਹੈ।”

ਬੱਚਿਆਂ ਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਮਦਦ ਦਿਓ

9. ਸਾਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਦਿੱਤੀ ਗਈ ਰੂਹਾਨੀ ਸਿਖਲਾਈ ਦਾ ਸ਼ੁਕਰ ਕਿਉਂ ਕਰਨਾ ਚਾਹੀਦਾ ਹੈ?

9 ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਬਹੁਤ ਸਾਰਿਆਂ ਰਸਾਲਿਆਂ, ਕਿਤਾਬਾਂ, ਅਤੇ ਹਜ਼ਾਰਾਂ ਹੀ ਇੰਟਰਨੈੱਟ ਵੈੱਬ ਸਾਇਟਜ਼ ਤੋਂ ਜਾਣਕਾਰੀ ਮਿਲ ਸਕਦੀ ਹੈ। ਨਿਊਜ਼ਵੀਕ ਰਸਾਲੇ ਵਿਚ ਬੱਚਿਆਂ ਬਾਰੇ ਇਕ ਖ਼ਾਸ ਲੇਖ ਲਿਖਿਆ ਗਿਆ ਸੀ ਜਿਸ ਨੇ ਕਿਹਾ ਕਿ ਅਕਸਰ ‘ਇਹ ਜਾਣਕਾਰੀ ਵੱਖੋ-ਵੱਖਰੀ ਰਾਇ ਪੇਸ਼ ਕਰਦੀ ਹੈ। ਇਹ ਉਦੋਂ ਪਰੇਸ਼ਾਨ ਕਰਨ ਵਾਲੀ ਗੱਲ ਸਾਬਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਜਾਣਕਾਰੀ ਉੱਤੇ ਭਰੋਸਾ ਰੱਖਦੇ ਹੋ ਅਤੇ ਉਹ ਬਿਲਕੁਲ ਗ਼ਲਤ ਨਿਕਲਦੀ ਹੈ।’ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਪਰਿਵਾਰਾਂ ਦੀ ਸਿਖਲਾਈ ਅਤੇ ਰੂਹਾਨੀ ਤਰੱਕੀ ਲਈ ਸਾਨੂੰ ਇੰਨਾ ਕੁਝ ਦਿੱਤਾ ਹੈ! ਕੀ ਤੁਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਕੀਤੇ ਗਏ ਸਾਰਿਆਂ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋ?​—ਮੱਤੀ 24:45-47.

10. ਇਕ ਲਾਭਦਾਇਕ ਪਰਿਵਾਰਕ ਬਾਈਬਲ ਸਟੱਡੀ ਤੋਂ ਮਾਪਿਆਂ ਅਤੇ ਬੱਚਿਆਂ ਨੂੰ ਕਿਸ ਤਰ੍ਹਾਂ ਫ਼ਾਇਦਾ ਹੋ ਸਕਦਾ ਹੈ?

10 ਇਕ ਬਹੁਤ ਹੀ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਚੰਗੇ ਮਾਹੌਲ ਵਿਚ ਬਾਕਾਇਦਾ ਬਾਈਬਲ ਸਟੱਡੀ ਕਰੀਏ। ਸਟੱਡੀ ਨੂੰ ਲਾਭਦਾਇਕ ਅਤੇ ਮਜ਼ੇਦਾਰ ਬਣਾਉਣ ਲਈ, ਤੇ ਸਾਡਾ ਹੌਸਲਾ ਵਧਾਉਣ ਲਈ ਚੰਗੀ ਤਿਆਰੀ ਕਰਨ ਦੀ ਜ਼ਰੂਰਤ ਹੈ। ਬੱਚਿਆਂ ਨੂੰ ਸਵਾਲ ਪੁੱਛ ਕੇ ਮਾਪੇ ਉਨ੍ਹਾਂ ਦੇ ਦਿਲ ਦੀ ਗੱਲ ਜਾਣ ਸਕਦੇ ਹਨ। ਕੀ ਤੁਹਾਡੇ ਪਰਿਵਾਰ ਦੇ ਸਾਰੇ ਜੀਅ ਪਰਿਵਾਰਕ ਸਟੱਡੀ ਨੂੰ ਪਸੰਦ ਕਰਦੇ ਹਨ? ਇਸ ਸਵਾਲ ਦੇ ਜਵਾਬ ਤੋਂ ਤੁਸੀਂ ਪੱਤਾ ਕਰ ਸਕਦੇ ਹੋ ਕਿ ਤੁਹਾਡੀ ਪਰਿਵਾਰਕ ਸਟੱਡੀ ਲਾਭਦਾਇਕ ਹੈ ਕਿ ਨਹੀਂ।

11. (ੳ) ਮਾਪੇ ਆਪਣੇ ਬੱਚਿਆਂ ਨੂੰ ਕਿਹੜੇ ਟੀਚੇ ਸਥਾਪਿਤ ਕਰਨ ਵਿਚ ਮਦਦ ਦੇ ਸਕਦੇ ਹਨ? (ਅ) ਇਕ ਜਪਾਨੀ ਕੁੜੀ ਦੇ ਟੀਚੇ ਦਾ ਕੀ ਨਤੀਜਾ ਨਿਕਲਿਆ ਸੀ?

11 ਸੱਚਾਈ ਵਿਚ ਟੀਚੇ ਬਣਾਉਣ ਦੁਆਰਾ ਪਰਿਵਾਰ ਰੂਹਾਨੀ ਤੌਰ ਤੇ ਮਜ਼ਬੂਤ ਹੁੰਦਾ ਹੈ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਟੀਚੇ ਬਣਾਉਣ ਵਿਚ ਮਦਦ ਦੇਣੀ ਚਾਹੀਦੀ ਹੈ। ਇਨ੍ਹਾਂ ਟੀਚਿਆਂ ਵਿਚ ਰੋਜ਼ ਬਾਈਬਲ ਪੜ੍ਹਨੀ, ਨਿਯਮਿਤ ਤੌਰ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ, ਅਤੇ ਪਰਮੇਸ਼ੁਰ ਨੂੰ ਆਪਣਾ ਜੀਵਨ ਦੇ ਕੇ ਬਪਤਿਸਮਾ ਲੈਣਾ ਸ਼ਾਮਲ ਹੋ ਸਕਦਾ ਹੈ। ਪਾਇਨੀਅਰ ਜਾਂ ਮਿਸ਼ਨਰੀ ਵਜੋਂ ਸੇਵਾ ਕਰਨੀ ਜਾਂ ਬੈਥਲ ਵਿਚ ਸੇਵਾ ਕਰਨ ਦਾ ਵੀ ਟੀਚਾ ਰੱਖਿਆ ਜਾ ਸਕਦਾ ਹੈ। ਆਯੂਮੀ ਨਾਂ ਦੀ ਜਪਾਨੀ ਕੁੜੀ ਨੇ ਇਹ ਟੀਚਾ ਬਣਾਇਆ ਕਿ ਉਹ ਸਕੂਲੇ ਆਪਣੀ ਕਲਾਸ ਵਿਚ ਸਾਰਿਆਂ ਨੂੰ ਗਵਾਹੀ ਦੇਵੇਗੀ। ਆਪਣੀ ਅਧਿਆਪਕ ਅਤੇ ਦੂਸਰੇ ਬੱਚਿਆਂ ਦੀ ਦਿਲਚਸਪੀ ਵਧਾਉਣ ਲਈ, ਉਸ ਨੇ ਲਾਇਬ੍ਰੇਰੀ ਵਿਚ ਬਾਈਬਲ ਬਾਰੇ ਕੁਝ ਕਿਤਾਬਾਂ ਰੱਖਣ ਦੀ ਇਜਾਜ਼ਤ ਮੰਗੀ। ਨਤੀਜੇ ਵਜੋਂ, ਸਕੂਲ ਦੇ ਮੁੱਢਲਿਆਂ ਛੇ ਸਾਲਾਂ ਵਿਚ ਉਸ ਨੇ 13 ਜਣਿਆਂ ਨਾਲ ਬਾਈਬਲ ਸਟੱਡੀ ਕੀਤੀ। ਉਨ੍ਹਾਂ ਬਾਈਬਲ ਸਟੱਡੀਆਂ ਵਿੱਚੋਂ ਇਕ ਕੁੜੀ ਅਤੇ ਉਸ ਦੇ ਪਰਿਵਾਰ ਦੇ ਤਿੰਨ ਜੀਆਂ ਨੇ ਬਪਤਿਸਮਾ ਲੈ ਲਿਆ।

12. ਮਸੀਹੀ ਸਭਾਵਾਂ ਤੋਂ ਬੱਚੇ ਜ਼ਿਆਦਾ ਲਾਭ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਨ?

12 ਸੱਚਾਈ ਵਿਚ ਤਰੱਕੀ ਕਰਨ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਸਭਾਵਾਂ ਵਿਚ ਲਗਾਤਾਰ ਜਾਣ। ਪੌਲੁਸ ਰਸੂਲ ਨੇ ਸੰਗੀ ਵਿਸ਼ਵਾਸੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ‘ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡਣ ਜਿਵੇਂ ਕਈਆਂ ਦਾ ਦਸਤੂਰ ਸੀ।’ ਮਸੀਹੀ ਸਭਾਵਾਂ ਵਿਚ ਜਾਣਾ ਸਾਡਾ ਦਸਤੂਰ ਵੀ ਹੋਣਾ ਚਾਹੀਦਾ ਹੈ, ਕਿਉਂਕਿ ਮਸੀਹੀ ਸਭਾਵਾਂ ਵਿਚ ਲਗਾਤਾਰ ਜਾਣ ਨਾਲ ਸਾਰਿਆਂ ਨੂੰ ਬਹੁਤ ਲਾਭ ਮਿਲ ਸਕਦਾ ਹੈ। (ਇਬਰਾਨੀਆਂ 10:24, 25; ਬਿਵਸਥਾ ਸਾਰ 31:12) ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਧਿਆਨ ਨਾਲ ਸੁਣਨ। ਸਭਾਵਾਂ ਲਈ ਤਿਆਰੀ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਟਿੱਪਣੀਆਂ ਦੇਣ ਨਾਲ ਸਭ ਤੋਂ ਜ਼ਿਆਦਾ ਫ਼ਾਇਦਾ ਅਤੇ ਮਜ਼ਾ ਆਉਂਦਾ ਹੈ। ਭਾਵੇਂ ਕਿ ਛੋਟੇ ਬੱਚੇ ਪਹਿਲਾਂ-ਪਹਿਲਾਂ ਕੁਝ ਲਫ਼ਜ਼ ਕਹਿਣ ਜਾਂ ਪੈਰੇ ਤੋਂ ਕੁਝ ਪੜ੍ਹ ਕੇ ਟਿੱਪਣੀਆਂ ਦੇਣੀਆਂ ਸ਼ੁਰੂ ਕਰਨ, ਉਨ੍ਹਾਂ ਲਈ ਜ਼ਿਆਦਾ ਲਾਭਦਾਇਕ ਹੋਵੇਗਾ ਜੇ ਉਨ੍ਹਾਂ ਨੂੰ ਜਵਾਬ ਲੱਭਣ ਅਤੇ ਫਿਰ ਉਸ ਨੂੰ ਆਪਣੇ ਸ਼ਬਦਾਂ ਵਿਚ ਕਹਿਣਾ ਸਿਖਾਇਆ ਜਾਵੇ। ਮਾਪਿਓ, ਕੀ ਤੁਸੀਂ ਖ਼ੁਦ ਬਾਕਾਇਦਾ ਫ਼ਾਇਦੇਮੰਦ ਟਿੱਪਣੀਆਂ ਕਰਦੇ ਹੋ? ਇਹ ਵੀ ਵਧੀਆ ਹੋਵੇਗਾ, ਜੇਕਰ ਪਰਿਵਾਰ ਦੇ ਹਰ ਜੀਅ ਕੋਲ ਆਪੋ-ਆਪਣੀ ਬਾਈਬਲ, ਗੀਤ ਪੁਸਤਕ, ਅਤੇ ਉਹ ਪ੍ਰਕਾਸ਼ਨ ਹੋਵੇ ਜਿਸ ਉੱਤੇ ਚਰਚਾ ਕੀਤੀ ਜਾਵੇਗੀ।

13, 14. (ੳ) ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਕਿਉਂ ਲੈਣਾ ਚਾਹੀਦਾ ਹੈ? (ਅ) ਪ੍ਰਚਾਰ ਦੇ ਕੰਮ ਨੂੰ ਬੱਚਿਆਂ ਲਈ ਲਾਭਦਾਇਕ ਅਤੇ ਆਨੰਦਮਈ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ?

13 ਬੁੱਧਵਾਨ ਮਾਪੇ ਆਪਣੇ ਬੱਚਿਆਂ ਨੂੰ ਜਵਾਨੀ ਦੇ ਜੋਸ਼ ਨੂੰ ਯਹੋਵਾਹ ਦੀ ਸੇਵਾ ਵਿਚ ਲਗਾਉਣ ਲਈ ਅਤੇ ਪ੍ਰਚਾਰ ਦੇ ਕੰਮ ਨੂੰ ਆਪਣੀ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਦੇ ਹਨ। (ਇਬਰਾਨੀਆਂ 13:15) ਮਾਪੇ ਆਪਣਿਆਂ ਬੱਚਿਆਂ ਨਾਲ ਪ੍ਰਚਾਰ ਵਿਚ ਹਿੱਸਾ ਲੈਣ ਰਾਹੀਂ ਉਨ੍ਹਾਂ ਨੂੰ ਅਜਿਹੇ ਸੇਵਕ ਬਣਨ ਦੀ ਸਿਖਲਾਈ ਦੇ ਸਕਦੇ ਹਨ, ‘ਜਿਨ੍ਹਾਂ ਨੂੰ ਲੱਜਿਆਵਾਨ ਨਹੀਂ ਹੋਣਾ ਪੈਂਦਾ ਅਤੇ ਜੋ ਹਮੇਸ਼ਾ ਸਤ ਦਾ ਸੰਦੇਸ਼ ਦਿੰਦੇ ਹਨ।’ (2 ਤਿਮੋਥਿਉਸ 2:15) ਤਾਂ ਫਿਰ ਤੁਹਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਜੇਕਰ ਤੁਸੀਂ ਮਾਪੇ ਹੋ ਤਾਂ ਕੀ ਤੁਸੀਂ ਪ੍ਰਚਾਰ ਸੇਵਾ ਵਿਚ ਹਿੱਸਾ ਲੈਣ ਦੀ ਤਿਆਰੀ ਕਰਨ ਲਈ ਆਪਣੇ ਬੱਚਿਆਂ ਦੀ ਮਦਦ ਕਰਦੇ ਹੋ? ਇਸ ਤਰ੍ਹਾਂ ਕਰਨ ਦੁਆਰਾ ਪ੍ਰਚਾਰ ਦਾ ਕੰਮ ਉਨ੍ਹਾਂ ਲਈ ਖ਼ੁਸ਼ੀ ਭਰਿਆ ਹੋਵੇਗਾ ਅਤੇ ਉਨ੍ਹਾਂ ਦੇ ਕੰਮਾਂ ਦੇ ਚੰਗੇ ਨਤੀਜੇ ਨਿਕਲਣਗੇ।

14 ਮਾਪਿਆਂ ਅਤੇ ਬੱਚਿਆਂ ਨੂੰ ਇਕੱਠੇ ਪ੍ਰਚਾਰ ਵਿਚ ਹਿੱਸਾ ਲੈਣ ਦਾ ਕੀ ਫ਼ਾਇਦਾ ਹੈ? ਇਸ ਤਰ੍ਹਾਂ ਬੱਚੇ ਮਾਪਿਆਂ ਦੀ ਚੰਗੀ ਮਿਸਾਲ ਦੀ ਰੀਸ ਕਰ ਸਕਦੇ ਹਨ। ਇਸ ਦੇ ਨਾਲ-ਨਾਲ, ਮਾਪੇ ਆਪਣੇ ਬੱਚਿਆਂ ਦੇ ਰਵੱਈਏ, ਵਰਤਾਉ, ਅਤੇ ਉਨ੍ਹਾਂ ਦੀ ਯੋਗਤਾ ਨੂੰ ਦੇਖ ਸਕਦੇ ਹਨ। ਆਪਣੇ ਬੱਚਿਆਂ ਨੂੰ ਪ੍ਰਚਾਰ ਦੇ ਵੱਖ-ਵੱਖ ਪਹਿਲੂਆਂ ਵਿਚ ਆਪਣੇ ਨਾਲ ਲੈ ਕੇ ਜਾਓ। ਜੇਕਰ ਸੰਭਵ ਹੋਵੇ, ਤਾਂ ਹਰੇਕ ਬੱਚੇ ਨੂੰ ਪ੍ਰਚਾਰ ਲਈ ਆਪਣਾ-ਆਪਣਾ ਬਸਤਾ ਲੈ ਕੇ ਦਿਓ, ਅਤੇ ਉਸ ਵਿਚ ਚੀਜ਼ਾਂ ਚੰਗੀ ਤਰ੍ਹਾਂ ਰੱਖਣੀਆਂ ਸਿਖਾਓ। ਲਗਾਤਾਰ ਸਿਖਲਾਈ ਦੇਣ ਅਤੇ ਉਤਸ਼ਾਹਿਤ ਕਰਨ ਦੁਆਰਾ ਪ੍ਰਚਾਰ ਦੇ ਕੰਮ ਲਈ ਬੱਚੇ ਦੀ ਕਦਰ ਵਧਾਈ ਜਾ ਸਕਦੀ ਹੈ। ਅਤੇ ਇਸ ਤਰ੍ਹਾਂ ਬੱਚੇ ਦੇਖ ਸਕਦੇ ਹਨ ਕਿ ਪ੍ਰਚਾਰ ਦਾ ਕੰਮ ਪਰਮੇਸ਼ੁਰ ਲਈ ਅਤੇ ਆਪਣੇ ਗੁਆਂਢੀਆਂ ਲਈ ਪ੍ਰੇਮ ਦਿਖਾਉਣ ਦਾ ਇਕ ਜ਼ਰੀਆ ਹੈ।​—ਮੱਤੀ 22:37-39; 28:19, 20.

ਰੂਹਾਨੀ ਤੌਰ ਤੇ ਤਰੱਕੀ ਕਰਦੇ ਰਹੋ

15. ਕਿਉਂ ਜੋ ਪਰਿਵਾਰ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਰੱਖਣਾ ਜ਼ਰੂਰੀ ਹੈ, ਇਸ ਤਰ੍ਹਾਂ ਕਰਨ ਦੇ ਕਿਹੜੇ ਕੁਝ ਤਰੀਕੇ ਹਨ?

15 ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਰੱਖਣਾ ਜ਼ਰੂਰੀ ਹੈ। (ਜ਼ਬੂਰ 119:93) ਤੁਸੀਂ ਹਰੇਕ ਮੌਕੇ ਤੇ ਧਰਮੀ ਗੱਲਾਂ ਉੱਤੇ ਚਰਚਾ ਕਰਨ ਰਾਹੀਂ ਇਸ ਤਰ੍ਹਾਂ ਕਰ ਸਕਦੇ ਹੋ। ਕੀ ਤੁਸੀਂ ਆਪਣੇ ਪਰਿਵਾਰ ਨਾਲ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਦਿਨ ਦੇ ਪਾਠ ਦੀ ਚਰਚਾ ਕਰਦੇ ਹੋ? ਕੀ ਪ੍ਰਚਾਰ ਦੇ ਕੰਮ ਦਿਆਂ ਚੰਗਿਆਂ ਅਨੁਭਵਾਂ ਜਾਂ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਨੁਕਤਿਆਂ ਬਾਰੇ “ਰਾਹ ਤੁਰਦਿਆਂ” ਗੱਲ ਕਰਨ ਦਾ ਤੁਹਾਡਾ ਦਸਤੂਰ ਹੈ? ਕੀ ਤੁਸੀਂ “ਲੇਟਦਿਆਂ ਅਰ ਉੱਠਦਿਆਂ” ਜੀਵਨ ਦੇ ਹਰੇਕ ਦਿਨ ਲਈ ਅਤੇ ਯਹੋਵਾਹ ਦੇ ਭਰਪੂਰ ਪ੍ਰਬੰਧਾਂ ਲਈ ਉਸ ਦਾ ਸ਼ੁਕਰ ਕਰਦੇ ਹੋ? (ਬਿਵਸਥਾ ਸਾਰ 6:6-9) ਜਦੋਂ ਤੁਹਾਡੇ ਬੱਚੇ ਤੁਹਾਨੂੰ ਹਰੇਕ ਕੰਮ ਵਿਚ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਦੇਖਦੇ ਹਨ, ਤਾਂ ਇਹ ਸੱਚਾਈ ਨੂੰ ਅਪਣਾਉਣ ਵਿਚ ਉਨ੍ਹਾਂ ਦੀ ਮਦਦ ਕਰੇਗਾ।

16. ਬੱਚਿਆਂ ਨੂੰ ਖ਼ੁਦ ਆਪਣੀ ਰਿਸਰਚ ਕਰਨੀ ਸਿਖਾਉਣੀ ਲਾਭਦਾਇਕ ਕਿਉਂ ਹੈ?

16 ਤੁਹਾਡੇ ਬੱਚਿਆਂ ਨੂੰ ਸਮੱਸਿਆਵਾਂ ਅਤੇ ਔਖਿਆਂ ਸਮਿਆਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਲਈ ਕਦੀ-ਕਦੀ ਤੁਹਾਡੀ ਮਦਦ ਦੀ ਲੋੜ ਪਵੇਗੀ। ਉਨ੍ਹਾਂ ਨੂੰ ਹਮੇਸ਼ਾ ਇਹ ਦੱਸਣ ਦੀ ਬਜਾਇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਉਂ ਨਾ ਉਨ੍ਹਾਂ ਨੂੰ ਮਾਮਲੇ ਬਾਰੇ ਖ਼ੁਦ ਰਿਸਰਚ ਕਰ ਕੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਪਤਾ ਕਰਨਾ ਸਿਖਾਓ? ਬੱਚਿਆਂ ਨੂੰ ‘ਮਾਤਬਰ ਨੌਕਰ’ ਵੱਲੋਂ ਮਿਲੇ ਸਾਰਿਆਂ ਪ੍ਰਕਾਸ਼ਨਾਂ ਦੀ ਚੰਗੀ ਵਰਤੋਂ ਕਰਨੀ ਸਿੱਖਾਉਣੀ ਉਨ੍ਹਾਂ ਨੂੰ ਯਹੋਵਾਹ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਵਿਚ ਮਦਦ ਦੇਵੇਗਾ। (1 ਸਮੂਏਲ 2:21ਅ) ਅਤੇ ਜਦੋਂ ਬਾਈਬਲ ਵਿੱਚੋਂ ਰਿਸਰਚ ਕੀਤੀਆਂ ਗਈਆਂ ਗੱਲਾਂ ਬਾਰੇ ਉਹ ਬਾਕੀ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਹਨ ਤਾਂ ਪੂਰੇ ਪਰਿਵਾਰ ਦੀ ਰੂਹਾਨੀ ਤੌਰ ਤੇ ਤਰੱਕੀ ਹੁੰਦੀ ਹੈ।

ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ

17. ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਸਮੇਂ ਇਕੱਲੇ ਮਾਪਿਆਂ ਨੂੰ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?

17 ਉਨ੍ਹਾਂ ਮਾਪਿਆਂ ਬਾਰੇ ਕੀ ਜਿਨ੍ਹਾਂ ਦੇ ਸਾਥੀ ਨਹੀਂ ਹਨ? ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਉਨ੍ਹਾਂ ਨੂੰ ਜ਼ਿਆਦਾ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਇਕੱਲੇ ਮਾਪਿਓ ਹਿੰਮਤ ਨਾ ਹਾਰੋ! ਸਫ਼ਲਤਾ ਮੁਮਕਿਨ ਹੈ, ਜਿਸ ਤਰ੍ਹਾਂ ਅਸੀਂ ਉਨ੍ਹਾਂ ਇਕੱਲੇ ਮਾਪਿਆਂ ਦੀ ਮਿਸਾਲ ਤੋਂ ਦੇਖ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖ ਕੇ ਉਸ ਦੀ ਸਲਾਹ ਲਾਗੂ ਕੀਤੀ ਹੈ। ਉਨ੍ਹਾਂ ਦੇ ਬੱਚੇ ਨੇਕ ਅਤੇ ਸੱਚਾਈ ਵਿਚ ਮਜ਼ਬੂਤ ਬਣੇ ਹਨ। (ਕਹਾਉਤਾਂ 22:6) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕੱਲੇ ਮਾਪਿਆਂ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਮਦਦ ਕਰੇਗਾ।​—ਜ਼ਬੂਰ 121:1-3.

18. ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਕਿਨ੍ਹਾਂ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਕਿਸ ਗੱਲ ਉੱਤੇ ਖ਼ਾਸ ਕਰਕੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ?

18 ਬੁੱਧਵਾਨ ਮਾਪੇ ਜਾਣਦੇ ਹਨ ਕਿ ‘ਇੱਕ ਹੱਸਣ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ।’ (ਉਪਦੇਸ਼ਕ ਦੀ ਪੋਥੀ 3:1, 4) ਬੱਚਿਆਂ ਦੇ ਮਨ ਅਤੇ ਸਰੀਰ ਨੂੰ ਤਕੜਾ ਕਰਨ ਲਈ ਆਰਾਮ ਅਤੇ ਚੰਗੇ ਮਨੋਰੰਜਨ ਲਈ ਸਮਾਂ ਕੱਢਣਾ ਜ਼ਰੂਰੀ ਹੈ। ਚੰਗੇ ਸੰਗੀਤ ਅਤੇ ਖ਼ਾਸ ਕਰਕੇ ਪਰਮੇਸ਼ੁਰ ਦੀ ਵਡਿਆਈ ਵਿਚ ਗੀਤ ਗਾਉਣ ਦੁਆਰਾ ਬੱਚਾ ਇਕ ਚੰਗਾ ਰਵੱਈਆ ਅਪਣਾਵੇਗਾ ਜੋ ਯਹੋਵਾਹ ਨਾਲ ਉਸ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਣ ਹੋ ਸਕਦਾ ਹੈ। (ਕੁਲੁੱਸੀਆਂ 3:16) ਇਨਸਾਨ ਨੂੰ ਪਰਮੇਸ਼ੁਰ ਦਾ ਭੈ ਰੱਖਣ ਲਈ ਜਵਾਨੀ ਵਿਚ ਤਿਆਰੀ ਕਰਨੀ ਚਾਹੀਦੀ ਹੈ ਤਾਂਕਿ ਉਹ ਜ਼ਿੰਦਗੀ ਦਾ ਮਜ਼ਾ ਫਿਰਦੌਸ ਵਿਚ ਸਦਾ ਲਈ ਲੈ ਸਕੇ।​—ਗਲਾਤੀਆਂ 6:8.

19. ਮਾਪੇ ਕਿਉਂ ਭਰੋਸਾ ਰੱਖ ਸਕਦੇ ਹਨ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਯਹੋਵਾਹ ਉਨ੍ਹਾਂ ਦੇ ਜਤਨਾਂ ਕਰਕੇ ਉਨ੍ਹਾਂ ਉੱਤੇ ਬਰਕਤ ਪਾਵੇਗਾ?

19 ਯਹੋਵਾਹ ਚਾਹੁੰਦਾ ਹੈ ਕਿ ਸਾਰੇ ਪਰਿਵਾਰ ਸੱਚਾਈ ਵਿਚ ਮਜ਼ਬੂਤ ਬਣੇ ਰਹਿਣ। ਜੇਕਰ ਅਸੀਂ ਸੱਚ-ਮੁੱਚ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਾਂ ਅਤੇ ਉਸ ਦੇ ਬਚਨ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਡੀ ਮਿਹਨਤ ਕਾਰਨ ਸਾਨੂੰ ਬਰਕਤ ਦੇਵੇਗਾ ਅਤੇ ਉਸ ਦੀ ਅਗਵਾਈ ਅਨੁਸਾਰ ਚੱਲਣ ਲਈ ਸਾਨੂੰ ਤਾਕਤ ਦੇਵੇਗਾ। (ਯਸਾਯਾਹ 48:17; ਫ਼ਿਲਿੱਪੀਆਂ 4:13) ਯਾਦ ਰੱਖੋ ਕਿ ਆਪਣੇ ਬੱਚਿਆਂ ਨੂੰ ਸਿਖਾਉਣ ਦਾ ਜੋ ਮੌਕਾ ਤੁਹਾਡੇ ਕੋਲ ਹੁਣ ਹੈ ਉਹ ਤੁਹਾਨੂੰ ਫਿਰ ਕਦੀ ਨਹੀਂ ਮਿਲੇਗਾ। ਇਸ ਲਈ ਪੂਰੀ ਮਿਹਨਤ ਨਾਲ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਅਤੇ ਸੱਚਾਈ ਵਿਚ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨ ਦੇ ਤੁਹਾਡਿਆਂ ਜਤਨਾਂ ਉੱਤੇ ਯਹੋਵਾਹ ਬਰਕਤ ਪਾਵੇਗਾ।

ਅਸੀਂ ਕੀ ਸਿੱਖਿਆ ਹੈ?

• ਬੱਚਿਆਂ ਨੂੰ ਸਿਖਲਾਈ ਦੇਣ ਲਈ ਸਮਾਂ ਕੱਢਣਾ ਕਿਉਂ ਜ਼ਰੂਰੀ ਹੈ?

• ਮਾਪਿਆਂ ਦੀ ਚੰਗੀ ਮਿਸਾਲ ਕਿਉਂ ਜ਼ਰੂਰੀ ਹੈ?

• ਰੂਹਾਨੀ ਤਰੱਕੀ ਕਰਨ ਵਿਚ ਮਾਪੇ ਆਪਣੇ ਬੱਚਿਆਂ ਦੀ ਮਦਦ ਕਿਨ੍ਹਾਂ ਮਹੱਤਵਪੂਰਣ ਤਰੀਕਿਆਂ ਵਿਚ ਕਰ ਸਕਦੇ ਹਨ?

• ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਰੱਖਣ ਲਈ ਕੀ ਕਰਨ ਦੀ ਲੋੜ ਹੈ?

[ਸਵਾਲ]

[ਸਫ਼ੇ 24, 25 ਉੱਤੇ ਤਸਵੀਰਾਂ]

ਪਰਿਵਾਰ ਜੋ ਸੱਚਾਈ ਵਿਚ ਮਜ਼ਬੂਤ ਹਨ ਨਿਯਮਿਤ ਤੌਰ ਤੇ ਇਕੱਠੇ ਮਿਲ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਨ, ਮਸੀਹੀ ਸਭਾਵਾਂ ਵਿਚ ਜਾਂਦੇ ਹਨ, ਅਤੇ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ