Skip to content

Skip to table of contents

ਇਨਸਾਨਾਂ ਦੀ ਹਾਲਤ ਇੰਨੀ ਦੁਖੀ ਕਿਉਂ ਹੈ?

ਇਨਸਾਨਾਂ ਦੀ ਹਾਲਤ ਇੰਨੀ ਦੁਖੀ ਕਿਉਂ ਹੈ?

ਇਨਸਾਨਾਂ ਦੀ ਹਾਲਤ ਇੰਨੀ ਦੁਖੀ ਕਿਉਂ ਹੈ?

“ਹਾਇ ਰੱਬਾ! ਇੱਦਾਂ ਕਿਉਂ ਹੋਇਆ?” ਏਸ਼ੀਆ ਮਾਈਨਰ ਵਿਚ ਹੋਏ ਭੁਚਾਲ ਤੋਂ ਬਾਅਦ ਇਹ ਸਿਰਲੇਖ ਇਕ ਵੱਡੇ ਅਖ਼ਬਾਰ ਦੇ ਪਹਿਲੇ ਸਫ਼ੇ ਉੱਤੇ ਛਾਪਿਆ ਗਿਆ ਸੀ। ਇਸ ਦੇ ਨਾਲ ਇਕ ਪਿਤਾ ਦੀ ਤਸਵੀਰ ਦਿਖਾਈ ਗਈ ਜੋ ਆਪਣੇ ਤਬਾਹ ਹੋਏ ਘਰ ਵਿੱਚੋਂ ਆਪਣੀ ਜ਼ਖ਼ਮੀ ਕੁੜੀ ਨੂੰ ਕੱਢ ਕੇ ਲਿਆ ਰਿਹਾ ਸੀ।

ਯੁੱਧ, ਕਾਲ, ਮਹਾਂਮਾਰੀਆਂ, ਅਤੇ ਕੁਦਰਤੀ ਆਫ਼ਤਾਂ ਦੇ ਕਾਰਨ ਇੰਨਾ ਦੁੱਖ ਹੋਇਆ ਹੈ, ਇੰਨੇ ਹੰਝੂ ਡੋਲ੍ਹੇ ਗਏ ਹਨ, ਅਤੇ ਇੰਨੀਆਂ ਜਾਨਾਂ ਲਈਆਂ ਗਈਆਂ ਹਨ ਕਿ ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਤੋਂ ਇਲਾਵਾ ਉਸ ਦੁੱਖ ਬਾਰੇ ਸੋਚੋ ਜੋ ਬਲਾਤਕਾਰ, ਬੱਚਿਆਂ ਨਾਲ ਛੇੜਖਾਨੀ, ਅਤੇ ਹੋਰ ਅਪਰਾਧਾਂ ਨੇ ਲਿਆਂਦਾ ਹੈ। ਹਾਦਸਿਆਂ ਦੇ ਕਾਰਨ ਲੱਗੀਆਂ ਸੱਟਾਂ ਜਾਂ ਮੌਤਾਂ ਬਾਰੇ ਸੋਚੋ। ਅਤੇ ਉਨ੍ਹਾਂ ਅਰਬਾਂ ਹੀ ਲੋਕਾਂ ਬਾਰੇ ਸੋਚੋ ਜੋ ਬੀਮਾਰੀ, ਵਧਦੀ ਉਮਰ, ਜਾਂ ਕਿਸੇ ਪਿਆਰੇ ਦੀ ਮੌਤ ਦੇ ਕਾਰਨ ਦੁਖੀ ਹਨ।

ਵੀਹਵੀਂ ਸਦੀ ਸਭ ਤੋਂ ਦੁੱਖ-ਭਰੀ ਸਾਬਤ ਹੋਈ ਹੈ। ਸਾਲ 1914-1918 ਦੌਰਾਨ ਪਹਿਲੇ ਵਿਸ਼ਵ ਯੁੱਧ ਵਿਚ ਤਕਰੀਬਨ ਇਕ ਕਰੋੜ ਫ਼ੌਜੀਆਂ ਨੂੰ ਮਾਰਿਆ ਗਿਆ ਸੀ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਇੰਨੀ ਕੁ ਗਿਣਤੀ ਦੇ ਆਮ ਲੋਕ ਵੀ ਮਾਰੇ ਗਏ ਸਨ। ਦੂਜੇ ਵਿਸ਼ਵ ਯੁੱਧ ਵਿਚ ਤਕਰੀਬਨ 5 ਕਰੋੜ ਫ਼ੌਜੀ ਅਤੇ ਆਮ ਲੋਕ ਵੀ ਮਾਰੇ ਗਏ ਸਨ, ਜਿਨ੍ਹਾਂ ਵਿਚ ਲੱਖਾਂ ਔਰਤਾਂ, ਬੱਚੇ, ਅਤੇ ਬੁੱਢੇ ਵੀ ਸਨ ਜੋ ਆਪਣੀ ਜਾਨ ਬਚਾਉਣ ਲਈ ਕੁਝ ਨਹੀਂ ਕਰ ਸਕੇ। ਪਿਛਲੀ ਸਦੀ ਦੌਰਾਨ ਲੱਖਾਂ ਹੀ ਹੋਰ ਲੋਕ ਕੁੱਲ-ਨਾਸ਼, ਇਨਕਲਾਬਾਂ, ਨਸਲੀ ਹਿੰਸਾ, ਭੁੱਖ, ਅਤੇ ਗ਼ਰੀਬੀ ਦੇ ਸ਼ਿਕਾਰ ਬਣ ਕੇ ਮਰੇ। ਵੀਹਵੀਂ ਸਦੀ ਦਾ ਇਤਿਹਾਸਕ ਨਕਸ਼ਾ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਨੇ ਅੰਦਾਜ਼ਾ ਲਗਾਇਆ ਕਿ 18 ਕਰੋੜ ਤੋਂ ਜ਼ਿਆਦਾ ਲੋਕ ਅਜਿਹੇ “ਢੇਰ ਸਾਰੇ ਦੁੱਖਾਂ” ਕਰਕੇ ਮਰੇ।

ਸਾਲ 1918 ਅਤੇ 1919 ਵਿਚ ਸਪੈਨਿਸ਼ ਫਲੂ ਹੋਣ ਕਾਰਨ 2 ਕਰੋੜ ਲੋਕਾਂ ਦੀਆਂ ਜਾਨਾਂ ਗਈਆਂ। ਪਿਛਲੇ ਦੋ ਦਹਾਕਿਆਂ ਦੌਰਾਨ ਲਗਭਗ 1 ਕਰੋੜ 90 ਲੱਖ ਲੋਕ ਏਡਜ਼ ਦੀ ਬੀਮਾਰੀ ਤੋਂ ਮਰ ਗਏ ਹਨ, ਅਤੇ ਸਾਢੇ 3 ਕਰੋੜ ਲੋਕਾਂ ਨੂੰ ਐੱਚ. ਆਈ. ਵੀ. ਵਾਇਰਸ ਲੱਗ ਗਿਆ ਹੈ ਜਿਸ ਤੋਂ ਏਡਜ਼ ਦੀ ਬੀਮਾਰੀ ਸ਼ੁਰੂ ਹੁੰਦੀ ਹੈ। ਲੱਖਾਂ ਹੀ ਬੱਚੇ ਯਤੀਮ ਬਣ ਗਏ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਏਡਜ਼ ਤੋਂ ਮਰ ਚੁੱਕੇ ਹਨ। ਇਸ ਤੋਂ ਇਲਾਵਾ ਅਣਗਿਣਤ ਬੱਚੇ ਏਡਜ਼ ਦੀ ਬੀਮਾਰੀ ਨਾਲ ਮਰ ਰਹੇ ਹਨ ਜੋ ਕਿ ਉਨ੍ਹਾਂ ਨੂੰ ਗਰਭ ਵਿਚ ਹੀ ਲੱਗ ਗਈ ਹੈ।

ਬੱਚੇ ਹੋਰ ਤਰੀਕਿਆਂ ਵਿਚ ਵੀ ਦੁੱਖ ਭੋਗ ਰਹੇ ਹਨ। ਇਸ ਦੇ ਸੰਬੰਧ ਵਿਚ ਇੰਗਲੈਂਡ ਦੇ ਮੈਨਚੈੱਸਟਰ ਗਾਰਡੀਅਨ ਵੀਕਲੀ ਅਖ਼ਬਾਰ ਨੇ ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ (ਯੂਨੀਸੈਫ਼) ਦੁਆਰਾ 1995 ਦੇ ਅੰਤ ਵਿਚ ਦਿੱਤੀ ਗਈ ਕੁਝ ਜਾਣਕਾਰੀ ਛਾਪੀ। ਇਸ ਵਿਚ ਇਹ ਦੱਸਿਆ ਸੀ ਕਿ “ਪਿਛਲੇ ਦਹਾਕੇ ਦੇ ਯੁੱਧਾਂ ਵਿਚ 20 ਲੱਖ ਬੱਚੇ ਮਾਰੇ ਗਏ, 40-50 ਲੱਖ ਲੋਕ ਅਪਾਹਜ ਬਣੇ, 1 ਕਰੋੜ 20 ਲੱਖ ਬੇਘਰ ਬਣੇ, 10 ਲੱਖ ਤੋਂ ਜ਼ਿਆਦਾ ਯਤੀਮ ਬਣੇ ਜਾਂ ਆਪਣੇ ਮਾਪਿਆਂ ਤੋਂ ਅਲੱਗ ਕੀਤੇ ਗਏ, ਅਤੇ 1 ਕਰੋੜ ਨੇ ਮਾਨਸਿਕ ਤੌਰ ਤੇ ਦੁੱਖ ਭੋਗੇ।” ਇਨ੍ਹਾਂ ਅੰਕੜਿਆਂ ਨਾਲ ਹਰ ਸਾਲ ਦੁਨੀਆਂ ਭਰ ਵਿਚ ਲਗਭਗ 4-5 ਕਰੋੜ ਗਰਭਪਾਤ ਵੀ ਜੋੜੋ!

ਭਵਿੱਖ ਬਾਰੇ ਕੀ?

ਦੁਨੀਆਂ ਦੀ ਹਾਲਤ ਦੇਖ ਕੇ ਕਈ ਲੋਕ ਭਵਿੱਖ ਲਈ ਕੋਈ ਉਮੀਦ ਨਹੀਂ ਰੱਖਦੇ। ਵਿਗਿਆਨੀਆਂ ਦੇ ਇਕ ਗਰੁੱਪ ਨੇ ਕਿਹਾ: “ਇਨਸਾਨਾਂ ਦੇ ਕੰਮ . . . ਇਸ ਧਰਤੀ ਨੂੰ ਸ਼ਾਇਦ ਇੰਨਾ ਬਦਲ ਦੇਣਗੇ ਕਿ ਇਹ ਸ਼ਾਇਦ ਸਾਡੀ ਜ਼ਿੰਦਗੀ ਨੂੰ ਕਾਇਮ ਨਾ ਰੱਖ ਸਕੇ।” ਉਨ੍ਹਾਂ ਨੇ ਅੱਗੇ ਕਿਹਾ: “ਹੁਣ, ਇਸੇ ਵਕਤ ਪੰਜ ਇਨਸਾਨਾਂ ਵਿੱਚੋਂ ਇਕ ਜਣਾ ਘੋਰ ਗ਼ਰੀਬੀ ਸਹਿ ਰਿਹਾ ਹੈ ਅਤੇ ਉਸ ਨੂੰ ਚੋਖਾ ਖਾਣਾ ਵੀ ਨਹੀਂ ਮਿਲਦਾ, ਅਤੇ ਦਸਾਂ ਵਿੱਚੋਂ ਇਕ ਜਣੇ ਨੂੰ ਚੰਗਾ ਖਾਣਾ ਨਹੀਂ ਮਿਲਦਾ ਹੈ।” ਇਨ੍ਹਾਂ ਵਿਗਿਆਨੀਆਂ ਨੇ “ਸਾਰੀ ਇਨਸਾਨਜਾਤੀ ਨੂੰ ਭਵਿੱਖ ਬਾਰੇ ਚੇਤਾਵਨੀ” ਦੇਣੀ ਜ਼ਰੂਰੀ ਸਮਝਿਆ। ਉਨ੍ਹਾਂ ਨੇ ਕਿਹਾ: “ਜੇ ਅਸੀਂ ਪੂਰੀ ਇਨਸਾਨਜਾਤੀ ਨੂੰ ਬਿਪਤਾ ਤੋਂ ਬਚਾਉਣਾ ਹੈ ਅਤੇ ਸਾਡੇ ਇਸ ਗ੍ਰਹਿ ਨੂੰ ਅਜਿਹੀ ਤਬਾਹੀ ਤੋਂ ਬਚਾਉਣਾ ਹੈ ਜਿਸ ਨੂੰ ਕਦੀ ਨਹੀਂ ਉਲਟਾਇਆ ਜਾ ਸਕੇ, ਤਾਂ ਇਸ ਧਰਤੀ ਅਤੇ ਬਾਕੀ ਸ੍ਰਿਸ਼ਟੀ ਦੀ ਦੇਖ-ਭਾਲ ਕਰਨ ਵਿਚ ਬਦਲਾਹਟ ਦੀ ਸਖ਼ਤ ਲੋੜ ਹੈ।”

ਪਰਮੇਸ਼ੁਰ ਨੇ ਇੰਨੇ ਦੁੱਖ ਅਤੇ ਇੰਨੀ ਬੁਰਿਆਈ ਨੂੰ ਜਾਰੀ ਕਿਉਂ ਰਹਿਣ ਦਿੱਤਾ ਹੈ? ਉਹ ਇਸ ਹਾਲਤ ਨੂੰ ਕਦੋਂ ਅਤੇ ਕਿੱਦਾਂ ਸੁਧਾਰੇਗਾ?

[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Top, wheelchair: UN/​DPI Photo 186410C by P.S. Sudhakaran; middle, starving children: WHO/​OXFAM; bottom, emaciated man: FAO photo/​B. Imevbore