Skip to content

Skip to table of contents

ਪਰਮੇਸ਼ੁਰ ਦੀ ਮਦਦ ਨਾਲ ਜੀਵਨ-ਸਾਥੀ ਪਸੰਦ ਕਰੋ

ਪਰਮੇਸ਼ੁਰ ਦੀ ਮਦਦ ਨਾਲ ਜੀਵਨ-ਸਾਥੀ ਪਸੰਦ ਕਰੋ

ਪਰਮੇਸ਼ੁਰ ਦੀ ਮਦਦ ਨਾਲ ਜੀਵਨ-ਸਾਥੀ ਪਸੰਦ ਕਰੋ

“ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈ ਨੂੰ ਸਲਾਹ ਦਿਆਂਗਾ।”​—ਜ਼ਬੂਰ 32:8.

1. ਵਿਆਹ ਨੂੰ ਸਫ਼ਲ ਬਣਾਉਣ ਲਈ ਕਿਹੜੀਆਂ ਕੁਝ ਗੱਲਾਂ ਜ਼ਰੂਰੀ ਹਨ?

ਇਕ ਬਾਜ਼ੀਗਰ ਆਪਣੇ ਝੂਲੇ ਤੋਂ ਛਲਾਂਗ ਮਾਰ ਕੇ ਹਵਾ ਵਿਚ ਬੜੀ ਆਸਾਨੀ ਨਾਲ ਬਾਜ਼ੀ ਲਗਾਉਂਦਾ ਹੈ। ਬਾਜ਼ੀ ਲਗਾਉਂਦੇ ਹੋਏ ਉਹ ਆਪਣੀਆਂ ਬਾਹਾਂ ਸਿੱਧੀਆਂ ਰੱਖਦਾ ਹੈ ਅਤੇ ਦੂਸਰੇ ਪਾਸੇ ਦੇ ਝੂਲੇ ਤੋਂ ਉਲਟਾ ਲਟਕ ਰਿਹਾ ਬਾਜ਼ੀਗਰ ਉਸ ਨੂੰ ਬਾਹਾਂ ਤੋਂ ਫੜ ਲੈਂਦਾ ਹੈ। ਇਕ ਹੋਰ ਜੋੜਾ ਮਿਲ ਕੇ ਬਰਫ਼ ਉੱਤੇ ਬੜੀ ਆਸਾਨੀ ਨਾਲ ਸਕੇਟਿੰਗ ਕਰਦਾ ਹੈ। ਫਿਰ ਅਚਾਨਕ ਹੀ, ਆਦਮੀ ਆਪਣੇ ਸਾਥੀ ਨੂੰ ਉਤਾਂਹਾਂ ਚੁੱਕ ਕੇ ਹਵਾ ਵਿਚ ਘੁੰਮਾਉਂਦਾ ਹੈ। ਉਹ ਚੱਕਰ ਕੱਢ ਕੇ ਸ਼ਾਨ ਨਾਲ ਇਕ ਪੈਰ ਥੱਲੇ ਰੱਖਦੀ ਹੈ ਅਤੇ ਫਿਰ ਆਪਣੇ ਸਾਥੀ ਨਾਲ ਬਰਫ਼ ਤੇ ਘੁੰਮਣ ਲੱਗਦੀ ਹੈ। ਇਹ ਦੋਵੇਂ ਚੀਜ਼ਾਂ ਦੇਖਣ ਨੂੰ ਬੜੀਆਂ ਆਸਾਨ ਲੱਗਦੀਆਂ ਹਨ। ਪਰ ਤਿਆਰੀ, ਚੰਗੇ ਸਾਥੀ, ਅਤੇ ਖ਼ਾਸ ਕਰ ਕੇ ਸਹੀ ਅਗਵਾਈ ਜਾਂ ਟ੍ਰੇਨਿੰਗ ਤੋਂ ਬਗੈਰ ਕੋਈ ਵੀ ਇਨ੍ਹਾਂ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਇਸੇ ਤਰ੍ਹਾਂ ਸ਼ਾਇਦ ਸਾਨੂੰ ਲੱਗੇ ਕਿ ਸਾਡੇ ਵੱਲੋਂ ਕੁਝ ਕੀਤੇ ਬਿਨਾਂ ਹੀ ਸਾਡਾ ਵਿਆਹ ਸਫ਼ਲ ਹੋ ਜਾਵੇਗਾ। ਲੇਕਿਨ ਵਿਆਹ ਦੀ ਸਫ਼ਲਤਾ ਇਕ ਚੰਗੇ ਸਾਥੀ, ਏਕਤਾ ਵਿਚ ਕੰਮ ਕਰਨ, ਅਤੇ ਖ਼ਾਸ ਕਰ ਕੇ ਬੁੱਧੀਮਾਨ ਸਲਾਹ ਉੱਤੇ ਨਿਰਭਰ ਹੈ। ਜੀ ਹਾਂ, ਚੰਗੀ ਅਗਵਾਈ ਜ਼ਰੂਰੀ ਹੈ।

2. (ੳ) ਵਿਆਹ ਦਾ ਬੰਧਨ ਕਿਸ ਨੇ ਸਥਾਪਿਤ ਕੀਤਾ ਸੀ, ਅਤੇ ਇਸ ਦਾ ਮਕਸਦ ਕੀ ਸੀ? (ਅ) ਵਿਆਹ ਦੇ ਕੁਝ ਰਿਸ਼ਤੇ ਕਿਸ ਤਰ੍ਹਾਂ ਕੀਤੇ ਜਾਂਦੇ ਹਨ?

2 ਇਕ ਮੁੰਡੇ ਜਾਂ ਕੁੜੀ ਲਈ ਵਿਆਹ ਕਰਵਾਉਣ ਬਾਰੇ ਸੋਚਣਾ ਕੁਦਰਤੀ ਗੱਲ ਹੈ। ਜਦ ਤੋਂ ਯਹੋਵਾਹ ਪਰਮੇਸ਼ੁਰ ਨੇ ਵਿਆਹ ਦਾ ਬੰਧਨ ਸਥਾਪਿਤ ਕੀਤਾ, ਉਦੋਂ ਤੋਂ ਇਹ ਆਦਮੀਆਂ ਤੇ ਔਰਤਾਂ ਲਈ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਪਰ ਪਹਿਲੇ ਆਦਮੀ, ਆਦਮ ਨੇ ਆਪਣੀ ਪਤਨੀ ਖ਼ੁਦ ਨਹੀਂ ਚੁਣੀ ਸੀ। ਯਹੋਵਾਹ ਨੇ ਪ੍ਰੇਮ ਨਾਲ ਉਸ ਲਈ ਪਤਨੀ ਦਾ ਪ੍ਰਬੰਧ ਕੀਤਾ ਸੀ। (ਉਤਪਤ 2:18-24) ਪਰਮੇਸ਼ੁਰ ਦਾ ਇਰਾਦਾ ਸੀ ਕਿ ਪਹਿਲਾ ਜੋੜਾ ਵਧੇ-ਫੁੱਲੇ ਅਤੇ ਧਰਤੀ ਨੂੰ ਇਨਸਾਨਾਂ ਨਾਲ ਭਰ ਦੇਵੇ। ਇਸ ਪਹਿਲੇ ਵਿਆਹ ਤੋਂ ਬਾਅਦ ਆਮ ਤੌਰ ਤੇ ਮੁੰਡੇ-ਕੁੜੀ ਦੇ ਮਾਪੇ ਉਨ੍ਹਾਂ ਦੇ ਰਿਸ਼ਤੇ ਕਰਦੇ ਸਨ, ਅਤੇ ਕਦੇ-ਕਦੇ ਮੁੰਡੇ-ਕੁੜੀ ਦੀ ਸਲਾਹ ਵੀ ਪੁੱਛੀ ਜਾਂਦੀ ਸੀ। (ਉਤਪਤ 21:21; 24:2-4, 58; 38:6; ਯਹੋਸ਼ੁਆ 15:16, 17) ਭਾਵੇਂ ਕਿ ਕੁਝ ਦੇਸ਼ਾਂ ਅਤੇ ਸਭਿਆਚਾਰਾਂ ਵਿਚ ਹਾਲੇ ਵੀ ਰਿਸ਼ਤੇ ਵਿਚੋਲਿਆਂ ਦੁਆਰਾ ਕੀਤੇ ਜਾਂਦੇ ਹਨ, ਕਈ ਮੁੰਡੇ-ਕੁੜੀਆਂ ਅੱਜ-ਕੱਲ੍ਹ ਆਪਣੇ ਜੀਵਨ-ਸਾਥੀ ਖ਼ੁਦ ਪਸੰਦ ਕਰਦੇ ਹਨ।

3. ਜੀਵਨ-ਸਾਥੀ ਕਿਸ ਤਰ੍ਹਾਂ ਪਸੰਦ ਕੀਤਾ ਜਾਣਾ ਚਾਹੀਦਾ ਹੈ?

3 ਜੀਵਨ-ਸਾਥੀ ਕਿਸ ਤਰ੍ਹਾਂ ਪਸੰਦ ਕੀਤਾ ਜਾਣਾ ਚਾਹੀਦਾ ਹੈ? ਕੁਝ ਲੋਕ ਦੂਸਰੇ ਦੀ ਸ਼ਕਲ-ਸੂਰਤ ਦੇਖ ਕੇ ਉਸ ਨੂੰ ਪਸੰਦ ਕਰਦੇ ਹਨ। ਦੂਸਰੇ ਲੋਕ ਭੌਤਿਕ ਲਾਭ ਬਾਰੇ ਸੋਚਦੇ ਹਨ, ਉਹ ਅਜਿਹੇ ਵਿਅਕਤੀ ਨੂੰ ਭਾਲਦੇ ਹਨ ਜੋ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕੇਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਅਤੇ ਇੱਛਾਵਾਂ ਪੂਰੀਆਂ ਕਰ ਸਕੇਗਾ। ਪਰ ਕੀ ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਇਕ ਖ਼ੁਸ਼ੀ ਭਰਿਆ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ? ਕਹਾਉਤਾਂ 31:30 ਵਿਚ ਲਿਖਿਆ ਹੈ ਕਿ “ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।” ਇਸ ਆਇਤ ਵਿਚ ਇਕ ਬਹੁਤ ਹੀ ਮਹੱਤਵਪੂਰਣ ਗੱਲ ਹੈ: ਜੀਵਨ-ਸਾਥੀ ਚੁਣਨ ਦੇ ਵੇਲੇ ਯਹੋਵਾਹ ਦੀ ਸਲਾਹ ਵੱਲ ਧਿਆਨ ਦਿਓ।

ਪਰਮੇਸ਼ੁਰ ਦੀ ਪਿਆਰ-ਭਰੀ ਅਗਵਾਈ

4. ਜੀਵਨ-ਸਾਥੀ ਪਸੰਦ ਕਰਨ ਦੇ ਸੰਬੰਧ ਵਿਚ ਪਰਮੇਸ਼ੁਰ ਕਿਹੜੀ ਮਦਦ ਦਿੰਦਾ ਹੈ?

4 ਸਾਡੇ ਪਿਆਰੇ ਪਿਤਾ, ਯਹੋਵਾਹ ਨੇ ਹਰ ਮਾਮਲੇ ਵਿਚ ਸਾਡੀ ਅਗਵਾਈ ਕਰਨ ਲਈ ਸਾਨੂੰ ਆਪਣਾ ਬਚਨ ਦਿੱਤਾ ਹੈ। ਉਹ ਕਹਿੰਦਾ ਹੈ ਕਿ “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਾਈਬਲ ਵਿਚ ਜੀਵਨ-ਸਾਥੀ ਪਸੰਦ ਕਰਨ ਬਾਰੇ ਅਗਵਾਈ ਦਿੱਤੀ ਗਈ ਹੈ ਜੋ ਬਹੁਤ ਚਿਰ ਤੋਂ ਕਾਮਯਾਬ ਹੁੰਦੀ ਆਈ ਹੈ। ਯਹੋਵਾਹ ਚਾਹੁੰਦਾ ਹੈ ਕਿ ਸਾਡੇ ਵਿਆਹ ਦਾ ਰਿਸ਼ਤਾ ਸਦਾ ਕਾਇਮ ਰਹੇ ਅਤੇ ਅਸੀਂ ਖ਼ੁਸ਼ ਰਹੀਏ। ਇਸ ਲਈ ਉਸ ਨੇ ਇਸ ਅਗਵਾਈ ਨੂੰ ਸਮਝਣ ਅਤੇ ਲਾਗੂ ਕਰਨ ਲਈ ਸਾਨੂੰ ਮਦਦ ਦਿੱਤੀ ਹੈ। ਅਸੀਂ ਆਪਣੇ ਪਿਆਰੇ ਸ੍ਰਿਸ਼ਟੀਕਰਤਾ ਤੋਂ ਇਹ ਹੀ ਉਮੀਦ ਰੱਖਦੇ ਹਾਂ!​—ਜ਼ਬੂਰ 19:8.

5. ਵਿਆਹੁਤਾ ਜੀਵਨ ਵਿਚ ਸੱਚੀ ਖ਼ੁਸ਼ੀ ਪਾਉਣ ਲਈ ਕੀ ਜ਼ਰੂਰੀ ਹੈ?

5 ਜਦੋਂ ਯਹੋਵਾਹ ਨੇ ਵਿਆਹ ਦਾ ਬੰਧਨ ਕਾਇਮ ਕੀਤਾ ਸੀ ਤਾਂ ਉਸ ਦਾ ਇਰਾਦਾ ਸੀ ਕਿ ਇਹ ਇਕ ਅਟੁੱਟ ਬੰਧਨ ਹੋਵੇ। (ਮਰਕੁਸ 10:6-12; 1 ਕੁਰਿੰਥੀਆਂ 7:10, 11) ਇਸੇ ਲਈ ਉਸ ਨੂੰ “ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ,” ਅਤੇ ਉਹ ਸਿਰਫ਼ ‘ਵਿਭਚਾਰ’ ਦੇ ਕਾਰਨ ਹੀ ਤਲਾਕ ਦੀ ਇਜਾਜ਼ਤ ਦਿੰਦਾ ਹੈ। (ਮਲਾਕੀ 2:13-16; ਮੱਤੀ 19:9) ਇਸ ਲਈ, ਜੀਵਨ-ਸਾਥੀ ਪਸੰਦ ਕਰਨਾ ਜ਼ਿੰਦਗੀ ਦਾ ਇਕ ਬਹੁਤ ਹੀ ਵੱਡਾ ਫ਼ੈਸਲਾ ਹੈ, ਜਿਸ ਨੂੰ ਹਾਸਾ-ਮਖੌਲ ਜਾਂ ਹਲਕੀ ਜਿਹੀ ਗੱਲ ਨਹੀਂ ਸਮਝਣਾ ਚਾਹੀਦਾ। ਬਹੁਤ ਹੀ ਘੱਟ ਫ਼ੈਸਲੇ ਹਨ ਜਿਨ੍ਹਾਂ ਕਾਰਨ ਸਾਨੂੰ ਇੰਨੀ ਖ਼ੁਸ਼ੀ ਜਾਂ ਇੰਨਾ ਦੁੱਖ ਮਿਲ ਸਕਦਾ ਹੈ। ਚੰਗਾ ਫ਼ੈਸਲਾ ਤੁਹਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਭਰੀ ਬਣਾ ਸਕਦਾ ਹੈ, ਪਰ ਗ਼ਲਤ ਫ਼ੈਸਲਾ ਬੇਅੰਤ ਦੁੱਖ ਲਿਆ ਸਕਦਾ ਹੈ। (ਕਹਾਉਤਾਂ 21:19; 26:21) ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਬੁੱਧੀਮਤਾ ਨਾਲ ਆਪਣਾ ਜੀਵਨ-ਸਾਥੀ ਪਸੰਦ ਕਰੀਏ ਅਤੇ ਫਿਰ ਉਸ ਨਾਲ ਕੀਤੇ ਗਏ ਵਾਅਦੇ ਨਿਭਾਉਣ ਲਈ ਤਿਆਰ ਹੋਈਏ। ਪਰਮੇਸ਼ੁਰ ਨੇ ਵਿਆਹ ਦੇ ਬੰਧਨ ਨੂੰ ਜ਼ਿੰਦਗੀ ਭਰ ਲਈ ਬਣਾਇਆ ਹੈ ਜੋ ਏਕਤਾ ਅਤੇ ਮਿਲਾਪ ਨਾਲ ਬਣਿਆ ਰਹਿ ਸਕਦਾ ਹੈ।​—ਮੱਤੀ 19:6.

6. ਜਵਾਨ ਮੁੰਡੇ-ਕੁੜੀਆਂ ਨੂੰ ਸਾਥੀ ਪਸੰਦ ਕਰਨ ਵਿਚ ਖ਼ਾਸ ਕਰ ਕੇ ਧਿਆਨ ਕਿਉਂ ਰੱਖਣਾ ਚਾਹੀਦਾ ਹੈ, ਅਤੇ ਉਹ ਸਭ ਤੋਂ ਬੁੱਧੀਮਾਨ ਫ਼ੈਸਲਾ ਕਿਸ ਤਰ੍ਹਾਂ ਕਰ ਸਕਦੇ ਹਨ?

6 ਜਵਾਨ ਮੁੰਡੇ-ਕੁੜੀਆਂ ਨੂੰ ਖ਼ਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਸਾਥੀ ਪਸੰਦ ਕਰਦੇ ਸਮੇਂ ਆਪਣੇ ਦਿਲ ਦੀਆਂ ਇੱਛਾਵਾਂ ਜਾਂ ਦੂਸਰੇ ਦੀ ਖ਼ੂਬਸੂਰਤੀ ਕਰਕੇ ਗ਼ਲਤ ਫ਼ੈਸਲਾ ਨਾ ਕਰ ਲੈਣ। ਅਜਿਹੀਆਂ ਗੱਲਾਂ ਤੇ ਸਥਾਪਿਤ ਰਿਸ਼ਤਾ ਜਲਦੀ ਹੀ ਨਫ਼ਰਤ ਵਿਚ ਬਦਲ ਸਕਦਾ ਹੈ। (2 ਸਮੂਏਲ 13:15) ਪਰ ਜਿੱਦਾਂ-ਜਿੱਦਾਂ ਅਸੀਂ ਆਪਣੇ ਸਾਥੀ ਨੂੰ ਹੋਰ ਜਾਣਨ ਲੱਗਦੇ ਹਾਂ ਅਤੇ ਖ਼ੁਦ ਆਪਣੇ ਆਪ ਨੂੰ ਸਮਝਣ ਲੱਗਦੇ ਹਾਂ, ਸਾਡੇ ਦਿਲ ਵਿਚ ਗਹਿਰਾ ਪ੍ਰੇਮ ਪੈਦਾ ਹੋ ਸਕਦਾ ਹੈ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਸਾਡੇ ਦਿਲ ਦੀ ਪਹਿਲੀ ਇੱਛਾ ਹਮੇਸ਼ਾ ਸਭ ਤੋਂ ਚੰਗੀ ਨਹੀਂ ਹੁੰਦੀ। (ਯਿਰਮਿਯਾਹ 17:9) ਇਸੇ ਲਈ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਸਲਾਹ ਬਹੁਤ ਹੀ ਮਹੱਤਵਪੂਰਣ ਹੈ। ਇਹ ਸਾਨੂੰ ਜ਼ਿੰਦਗੀ ਵਿਚ ਸਭ ਤੋਂ ਬੁੱਧੀਮਾਨ ਫ਼ੈਸਲੇ ਕਰਨ ਵਿਚ ਮਦਦ ਦਿੰਦੀ ਹੈ। ਜ਼ਬੂਰਾਂ ਦੇ ਲਿਖਾਰੀ ਦੁਆਰਾ ਯਹੋਵਾਹ ਨੇ ਕਿਹਾ ਕਿ “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂਰ 32:8; ਇਬਰਾਨੀਆਂ 4:12) ਵਿਆਹ ਕਰਾ ਕੇ ਸਾਨੂੰ ਪਿਆਰ ਕਰਨ ਵਾਲਾ ਜੀਵਨ-ਸਾਥੀ ਤਾਂ ਜ਼ਰੂਰ ਮਿਲ ਜਾਂਦਾ ਹੈ, ਪਰ ਵਿਆਹ ਤੋਂ ਬਾਅਦ ਅਜਿਹੀਆਂ ਮੁਸ਼ਕਲਾਂ ਵੀ ਖੜ੍ਹੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਹੱਲ ਕਰਨ ਲਈ ਸਿਆਣਪ ਅਤੇ ਸੂਝ ਦੀ ਜ਼ਰੂਰਤ ਹੁੰਦੀ ਹੈ।

7. ਕੁਝ ਲੋਕ ਸਾਥੀ ਪਸੰਦ ਕਰਨ ਵਿਚ ਬਾਈਬਲੀ ਸਲਾਹ ਕਿਉਂ ਠੁਕਰਾਉਂਦੇ ਹਨ, ਅਤੇ ਇਸ ਦਾ ਨਤੀਜਾ ਕੀ ਹੋ ਸਕਦਾ ਹੈ?

7 ਜੀਵਨ-ਸਾਥੀ ਪਸੰਦ ਕਰਨ ਵੇਲੇ ਯਹੋਵਾਹ ਦੀ ਸਲਾਹ ਵੱਲ ਧਿਆਨ ਦੇਣਾ ਬੁੱਧੀਮਤਾ ਦੀ ਗੱਲ ਹੈ ਕਿਉਂਕਿ ਉਸ ਨੇ ਹੀ ਵਿਆਹ-ਸ਼ਾਦੀਆਂ ਸ਼ੁਰੂ ਕੀਤੀਆਂ ਸਨ। ਲੇਕਿਨ ਹੋ ਸਕਦਾ ਹੈ ਕਿ ਅਸੀਂ ਮਾਪਿਆਂ ਜਾਂ ਮਸੀਹੀ ਬਜ਼ੁਰਗਾਂ ਵੱਲੋਂ ਮਿਲੀ ਬਾਈਬਲੀ ਸਲਾਹ ਨੂੰ ਠੁਕਰਾ ਦਿੰਦੇ ਹਾਂ। ਅਸੀਂ ਸ਼ਾਇਦ ਮਹਿਸੂਸ ਕਰਦੇ ਹਾਂ ਕਿ ਉਹ ਸਾਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਅਤੇ ਅਸੀਂ ਸ਼ਾਇਦ ਆਪਣੇ ਦਿਲ ਦੀ ਗੱਲ ਵੱਲ ਖਿੱਚੇ ਜਾਂਦੇ ਹਾਂ। ਪਰ ਸਮੇਂ ਦੇ ਬੀਤਣ ਨਾਲ ਸਾਨੂੰ ਅਸਲੀਅਤ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਅਸੀਂ ਸ਼ਾਇਦ ਪਛਤਾਵਾਂਗੇ ਕਿ ਅਸੀਂ ਉਹ ਬੁੱਧੀਮਾਨ ਸਲਾਹ ਕਿਉਂ ਨਹੀਂ ਮੰਨੀ ਜੋ ਸਾਡੇ ਹੀ ਫ਼ਾਇਦੇ ਲਈ ਦਿੱਤੀ ਗਈ ਸੀ। (ਕਹਾਉਤਾਂ 23:19; 28:26) ਅਸੀਂ ਅਜਿਹੇ ਰਿਸ਼ਤੇ ਵਿਚ ਫੱਸ ਸਕਦੇ ਹਾਂ, ਜਿਸ ਵਿਚ ਕੋਈ ਸੁਖ ਨਾ ਹੋਵੇ ਅਤੇ ਬੱਚਿਆਂ ਦੀ ਦੇਖ-ਭਾਲ ਕਰਨੀ ਵੀ ਔਖੀ ਹੋਵੇ, ਅਤੇ ਹੋ ਸਕਦਾ ਹੈ ਕਿ ਸਾਡਾ ਸਾਥੀ ਵੀ ਸੱਚਾਈ ਵਿਚ ਨਾ ਹੋਵੇ। ਕਿੰਨੀ ਅਫ਼ਸੋਸ ਦੀ ਗੱਲ ਹੈ ਜਦੋਂ ਵਿਆਹ ਦਾ ਬੰਧਨ ਜਿਸ ਤੋਂ ਸਾਨੂੰ ਬਹੁਤ ਹੀ ਖ਼ੁਸ਼ੀ ਮਿਲਣੀ ਚਾਹੀਦੀ ਹੈ, ਦੁੱਖਾਂ ਦਾ ਕਾਰਨ ਬਣ ਜਾਂਦਾ ਹੈ!

ਰੱਬ ਦੀ ਭਗਤੀ—ਇਕ ਮਹੱਤਵਪੂਰਣ ਗੱਲ

8. ਰੱਬ ਦੀ ਭਗਤੀ ਵਿਆਹ ਦੇ ਬੰਧਨ ਨੂੰ ਮਜ਼ਬੂਤ ਅਤੇ ਸੁਖੀ ਕਿਸ ਤਰ੍ਹਾਂ ਬਣਾ ਸਕਦੀ ਹੈ?

8 ਇਹ ਸੱਚ ਹੈ ਕਿ ਵਿਆਹ ਦੇ ਰਿਸ਼ਤੇ ਨੂੰ ਪੱਕਾ ਬਣਾਉਣ ਲਈ ਦੋਹਾਂ ਨੂੰ ਇਕ ਦੂਸਰੇ ਨੂੰ ਪਸੰਦ ਕਰਨਾ ਕੁਝ ਹੱਦ ਤਕ ਜ਼ਰੂਰੀ ਹੈ। ਪਰ ਰਿਸ਼ਤੇ ਨੂੰ ਮਜ਼ਬੂਤ ਅਤੇ ਸੁਖੀ ਬਣਾਉਣ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਦੋਹਾਂ ਦੀਆਂ ਕਦਰਾਂ-ਕੀਮਤਾਂ ਮਿਲਦੀਆਂ-ਜੁਲਦੀਆਂ ਹੋਣ। ਯਹੋਵਾਹ ਪਰਮੇਸ਼ੁਰ ਦੀ ਭਗਤੀ ਮਿਲ ਕੇ ਕਰਨ ਦੁਆਰਾ ਵਿਆਹ ਦਾ ਬੰਧਨ ਅਟੁੱਟ ਬਣਦਾ ਹੈ ਅਤੇ ਜੋੜੇ ਵਿਚਕਾਰ ਕਿਸੇ ਵੀ ਹੋਰ ਚੀਜ਼ ਨਾਲੋਂ ਇਹ ਭਗਤੀ ਹੀ ਜ਼ਿਆਦਾ ਏਕਤਾ ਵਧਾਉਂਦੀ ਹੈ। (ਉਪਦੇਸ਼ਕ ਦੀ ਪੋਥੀ 4:12) ਜਦੋਂ ਇਕ ਮਸੀਹੀ ਜੋੜਾ ਯਹੋਵਾਹ ਦੀ ਸੱਚੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਹੈ, ਤਾਂ ਉਹ ਰੂਹਾਨੀ, ਮਾਨਸਿਕ, ਅਤੇ ਨੈਤਿਕ ਤੌਰ ਤੇ ਇਕਮੁੱਠ ਹੁੰਦਾ ਹੈ। ਉਹ ਇਕੱਠੇ ਮਿਲ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਨ। ਉਹ ਇਕੱਠੇ ਪ੍ਰਾਰਥਨਾ ਕਰਦੇ ਹਨ, ਅਤੇ ਇਸ ਤਰ੍ਹਾਂ ਉਨ੍ਹਾਂ ਦੇ ਦਿਲ ਮਿਲ ਜਾਂਦੇ ਹਨ। ਉਹ ਇਕੱਠੇ ਮਸੀਹੀ ਸਭਾਵਾਂ ਤੇ ਜਾਂਦੇ ਹਨ ਅਤੇ ਇਕੱਠੇ ਪ੍ਰਚਾਰ ਸੇਵਾ ਵਿਚ ਹਿੱਸਾ ਲੈਂਦੇ ਹਨ। ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਰੂਹਾਨੀ ਬੰਧਨ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਇਕ ਦੂਸਰੇ ਦੇ ਹੋਰ ਨਜ਼ਦੀਕ ਲਿਆਉਂਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਯਹੋਵਾਹ ਦੀ ਬਰਕਤ ਮਿਲਦੀ ਹੈ।

9. ਅਬਰਾਹਾਮ ਨੇ ਇਸਹਾਕ ਲਈ ਵਹੁਟੀ ਕਿਸ ਤਰ੍ਹਾਂ ਚੁਣੀ ਸੀ, ਅਤੇ ਇਸ ਦਾ ਕੀ ਨਤੀਜਾ ਨਿਕਲਿਆ ਸੀ?

9 ਵਫ਼ਾਦਾਰ ਅਬਰਾਹਾਮ ਰੱਬ ਦੀ ਸੇਵਾ ਲਗਨ ਨਾਲ ਕਰਦਾ ਸੀ। ਇਸ ਲਈ ਉਸ ਨੇ ਆਪਣੇ ਪੁੱਤਰ ਇਸਹਾਕ ਲਈ ਅਜਿਹੀ ਵਹੁਟੀ ਚੁਣੀ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਇਆ ਸੀ। ਅਬਰਾਹਾਮ ਨੇ ਆਪਣੇ ਵਫ਼ਾਦਾਰ ਨੌਕਰ ਨੂੰ ਕਿਹਾ: “ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸੌਂਹ ਦੇਵਾਂ ਕਿ ਤੂੰ ਮੇਰੇ ਪੁੱਤ੍ਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਤੀਵੀਂ ਨਾ ਬਿਆਹੀਂ। ਪਰ ਤੂੰ ਮੇਰੇ ਆਪਣੇ ਦੇਸ ਅਰ ਮੇਰੇ ਕੁਨਬੇ ਦੇ ਕੋਲ ਜਾਈਂ ਅਰ ਮੇਰੇ ਪੁੱਤ੍ਰ ਇਸਹਾਕ ਲਈ ਤੀਵੀਂ ਲੈ ਆਵੀਂ। . . . [ਯਹੋਵਾਹ] ਹੀ ਆਪਣਾ ਦੂਤ ਤੇਰੇ ਅੱਗੇ ਘੱਲੇਗਾ ਅਰ ਤੂੰ ਉੱਥੋਂ ਮੇਰੇ ਪੁੱਤ੍ਰ ਲਈ ਤੀਵੀਂ ਲੈ ਆਵੇਂਗਾ।” ਰਿਬਕਾਹ ਇਕ ਬਹੁਤ ਹੀ ਚੰਗੀ ਪਤਨੀ ਨਿਕਲੀ ਜਿਸ ਨੂੰ ਇਸਹਾਕ ਬਹੁਤ ਪਿਆਰ ਕਰਦਾ ਸੀ।​—ਉਤਪਤ 24:3, 4, 7, 14-21, 67.

10. ਪਤੀ-ਪਤਨੀਆਂ ਉੱਤੇ ਕਿਹੜੀਆਂ ਬਾਈਬਲੀ ਜ਼ਿੰਮੇਵਾਰੀਆਂ ਹਨ?

10 ਜੇਕਰ ਅਸੀਂ ਕੁਆਰੇ ਮਸੀਹੀ ਹਾਂ, ਤਾਂ ਰੱਬ ਦੀ ਭਗਤੀ ਸਾਡੇ ਵਿਚ ਅਜਿਹੇ ਗੁਣ ਪੈਦਾ ਕਰੇਗੀ ਜੋ ਵਿਆਹ ਦੀਆਂ ਬਾਈਬਲੀ ਮੰਗਾਂ ਪੂਰੀਆਂ ਕਰਨ ਲਈ ਜ਼ਰੂਰੀ ਹਨ। ਪੌਲੁਸ ਰਸੂਲ ਨੇ ਵੀ ਪਤੀ-ਪਤਨੀ ਦੀਆਂ ਜ਼ਿੰਮੇਵਾਰੀਆਂ ਬਾਰੇ ਗੱਲ ਕੀਤੀ ਸੀ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। . . . ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। . . . ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। . . . ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:22-33) ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਦੇ ਸ਼ਬਦਾਂ ਨੇ ਪ੍ਰੇਮ ਅਤੇ ਗਹਿਰਾ ਆਦਰ ਕਰਨ ਉੱਤੇ ਜ਼ੋਰ ਦਿੱਤਾ ਸੀ। ਇਸ ਸਲਾਹ ਨੂੰ ਲਾਗੂ ਕਰਨ ਲਈ ਯਹੋਵਾਹ ਦਾ ਭੈ ਰੱਖਣਾ ਜ਼ਰੂਰੀ ਹੈ। ਅਤੇ ਦੁੱਖ-ਸੁਖ ਦੇ ਵੇਲੇ ਇਕ-ਦੂਜੇ ਨਾਲ ਕੀਤੇ ਗਏ ਵਾਅਦੇ ਨਿਭਾਉਣੇ ਵੀ ਜ਼ਰੂਰੀ ਹਨ। ਹਰ ਮਸੀਹੀ ਨੂੰ ਵਿਆਹ ਕਰਵਾਉਣ ਤੋਂ ਪਹਿਲਾਂ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਯੋਗ ਹੋਣਾ ਚਾਹੀਦਾ ਹੈ।

ਵਿਆਹ ਕਿਸ ਉਮਰ ਤੇ ਕਰਾਉਣਾ ਚਾਹੀਦਾ ਹੈ?

11. (ੳ) ਬਾਈਬਲ ਵਿਚ ਵਿਆਹ ਕਰਾਉਣ ਦੀ ਉਮਰ ਬਾਰੇ ਕਿਹੜੀ ਸਲਾਹ ਦਿੱਤੀ ਗਈ ਹੈ? (ਅ) ਕਿਹੜੀ ਮਿਸਾਲ 1 ਕੁਰਿੰਥੀਆਂ 7:36 ਦੀ ਸਲਾਹ ਮੰਨਣ ਦੀ ਬੁੱਧੀਮਤਾ ਦਿਖਾਉਂਦੀ ਹੈ?

11 ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵਿਆਹ ਕਰਾਉਣ ਲਈ ਤਿਆਰ ਹੋ ਕਿ ਨਹੀਂ। ਸਾਰੇ ਵਿਅਕਤੀ ਅਲੱਗ-ਅਲੱਗ ਉਮਰ ਤੇ ਵਿਆਹ ਕਰਾਉਣ ਲਈ ਤਿਆਰ ਹੁੰਦੇ ਹਨ, ਇਸ ਲਈ ਬਾਈਬਲ ਕਿਸੇ ਉਮਰ ਦਾ ਜ਼ਿਕਰ ਨਹੀਂ ਕਰਦੀ। ਪਰ, ਬਾਈਬਲ ਇਹ ਜ਼ਰੂਰ ਦੱਸਦੀ ਹੈ ਕਿ ‘ਜਆਨੀ ਦੀ ਉਮਰ ਲੰਘ’ ਜਾਣ ਤੋਂ ਬਾਅਦ ਵਿਆਹ ਕਰਾਉਣਾ ਬਿਹਤਰ ਹੈ ਕਿਉਂਕਿ ਇਸ ਉਮਰ ਵਿਚ ਤੇਜ਼ ਕਾਮ-ਭਾਵਨਾਵਾਂ ਸਾਨੂੰ ਕੁਰਾਹੇ ਪਾ ਸਕਦੀਆਂ ਹਨ। (1 ਕੁਰਿੰਥੀਆਂ 7:36) ਮਿਸ਼ੈਲ ਕਹਿੰਦੀ ਹੈ: “ਜਦੋਂ ਮੈਂ ਅੱਲ੍ਹੜ ਉਮਰ ਦੀਆਂ ਆਪਣੀਆਂ ਸਹੇਲੀਆਂ ਨੂੰ ਸਾਥੀ ਭਾਲਦੀਆਂ ਅਤੇ ਵਿਆਹ ਕਰਵਾਉਂਦੀਆਂ ਦੇਖਦੀ ਸੀ ਤਾਂ ਮੇਰੇ ਲਈ ਬਾਈਬਲ ਦੀ ਸਲਾਹ ਲਾਗੂ ਕਰਨੀ ਕਦੀ-ਕਦੀ ਬਹੁਤ ਹੀ ਔਖੀ ਹੁੰਦੀ ਸੀ। ਪਰ ਮੈਨੂੰ ਪਤਾ ਸੀ ਇਹ ਸਲਾਹ ਯਹੋਵਾਹ ਵੱਲੋਂ ਹੈ ਅਤੇ ਉਹ ਜੋ ਵੀ ਸਾਨੂੰ ਦੱਸਦਾ ਹੈ ਉਹ ਸਾਡੇ ਫ਼ਾਇਦੇ ਲਈ ਹੁੰਦਾ ਹੈ। ਵਿਆਹ ਕਰਵਾਉਣ ਲਈ ਇੰਤਜ਼ਾਰ ਕਰਨ ਰਾਹੀਂ ਮੈਂ ਯਹੋਵਾਹ ਨਾਲ ਆਪਣੇ ਰਿਸ਼ਤੇ ਉੱਤੇ ਧਿਆਨ ਦੇ ਸਕੀ ਅਤੇ ਜ਼ਿੰਦਗੀ ਵਿਚ ਹੋਰ ਤਜਰਬਾ ਹਾਸਲ ਕਰ ਸਕੀ, ਜੋ ਛੋਟੀ ਉਮਰ ਵਿਚ ਹਾਸਲ ਨਹੀਂ ਕੀਤਾ ਜਾ ਸਕਦਾ। ਕੁਝ ਸਾਲ ਬਾਅਦ, ਮੈਂ ਵਿਆਹ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਅਤੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਸੀ।”

12. ਛੋਟੀ ਉਮਰ ਤੇ ਜਲਦਬਾਜ਼ੀ ਵਿਚ ਵਿਆਹ ਕਰਵਾਉਣਾ ਬੁੱਧੀਮਤਾ ਕਿਉਂ ਨਹੀਂ ਹੈ?

12 ਕੁਝ ਨੌਜਵਾਨ ਅੱਲ੍ਹੜ ਉਮਰ ਵਿਚ ਵਿਆਹ ਕਰਵਾਉਣ ਤੋਂ ਬਾਅਦ ਜਾਣ ਲੈਂਦੇ ਹਨ ਕਿ ਜਿਉਂ-ਜਿਉਂ ਉਹ ਸਿਆਣੇ ਹੁੰਦੇ ਜਾਂਦੇ ਹਨ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਬਦਲਦੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਜੋ ਚੀਜ਼ਾਂ ਉਨ੍ਹਾਂ ਨੂੰ ਪਹਿਲਾਂ ਬਹੁਤ ਹੀ ਚੰਗੀਆਂ ਲੱਗਦੀਆਂ ਸਨ ਹੁਣ ਉਨ੍ਹਾਂ ਲਈ ਇੰਨੀਆਂ ਮਹੱਤਵਪੂਰਣ ਨਹੀਂ ਹਨ। ਇਕ ਮਸੀਹੀ ਕੁੜੀ ਨੇ ਪੱਕਾ ਫ਼ੈਸਲਾ ਕੀਤਾ ਸੀ ਕਿ ਉਹ 16 ਸਾਲਾਂ ਦੀ ਉਮਰ ਤੇ ਵਿਆਹ ਕਰਵਾ ਲਵੇਗੀ। ਉਸ ਦੀ ਨਾਨੀ ਨੇ ਅਤੇ ਉਸ ਦੀ ਮਾਂ ਨੇ ਵੀ ਉਸੇ ਉਮਰ ਤੇ ਵਿਆਹ ਕਰਵਾਇਆ ਸੀ। ਜਦੋਂ ਉਸ ਦੀ ਪਸੰਦ ਦੇ ਮੁੰਡੇ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਨੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਿਆ। ਲੇਕਿਨ ਜਲਦਬਾਜ਼ੀ ਵਿਚ ਕੀਤੇ ਵਿਆਹ ਤੋਂ ਬਾਅਦ ਉਹ ਬਹੁਤ ਪਛਤਾਈ।

13. ਜਿਹੜੇ ਲੋਕ ਅੱਲ੍ਹੜ ਉਮਰ ਵਿਚ ਵਿਆਹ ਕਰਵਾ ਲੈਂਦੇ ਹਨ ਉਨ੍ਹਾਂ ਕੋਲ ਕਿਸ ਚੀਜ਼ ਦੀ ਕਮੀ ਹੁੰਦੀ ਹੈ?

13 ਜਦੋਂ ਤੁਸੀਂ ਵਿਆਹ ਕਰਵਾਉਣ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਵਿਆਹ ਦੀਆਂ ਸਾਰੀਆਂ ਗੱਲਾਂ ਦੀ ਚੰਗੀ ਸਮਝ ਹੋਣੀ ਚਾਹੀਦੀ ਹੈ। ਅੱਲ੍ਹੜ ਉਮਰ ਵਿਚ ਵਿਆਹ ਕਰਾਉਣ ਨਾਲ ਜਵਾਨ ਜੋੜੇ ਨੂੰ ਸ਼ਾਇਦ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ ਅਤੇ ਹੋ ਸਕਦਾ ਹੈ ਕਿ ਉਹ ਇਨ੍ਹਾਂ ਨੂੰ ਸੁਲਝਾਉਣ ਲਈ ਤਿਆਰ ਨਾ ਹੋਵੇ। ਮੁੰਡੇ-ਕੁੜੀ ਕੋਲ ਸ਼ਾਇਦ ਵਿਆਹੁਤਾ ਜੀਵਨ ਅਤੇ ਨਿਆਣਿਆਂ ਦੀ ਜ਼ਿੰਮੇਵਾਰੀ ਚੁੱਕਣ ਲਈ ਪੂਰੀ ਸਿਆਣਪ ਅਤੇ ਕੋਈ ਤਜਰਬਾ ਨਾ ਹੋਵੇ। ਵਿਆਹ ਸਿਰਫ਼ ਉਦੋਂ ਹੀ ਕਰਵਾਉਣਾ ਚਾਹੀਦਾ ਹੈ ਜਦੋਂ ਅਸੀਂ ਅਟੁੱਟ ਰਿਸ਼ਤਾ ਕਾਇਮ ਰੱਖਣ ਲਈ ਸਰੀਰਕ, ਮਾਨਸਿਕ, ਅਤੇ ਰੂਹਾਨੀ ਤੌਰ ਤੇ ਤਿਆਰ ਹੁੰਦੇ ਹਾਂ।

14. ਵਿਆਹ ਦੇ ਰਿਸ਼ਤੇ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਕਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ?

14 ਪੌਲੁਸ ਨੇ ਲਿਖਿਆ ਸੀ ਕਿ ਵਿਆਹ ਕਰਵਾਉਣ ਵਾਲੇ “ਸਰੀਰ ਵਿੱਚ ਦੁਖ ਭੋਗਣਗੇ।” (1 ਕੁਰਿੰਥੀਆਂ 7:28) ਸਮੱਸਿਆਵਾਂ ਜ਼ਰੂਰ ਪੈਦਾ ਹੋਣਗੀਆਂ ਕਿਉਂਕਿ ਦੋਹਾਂ ਦੇ ਆਪੋ-ਆਪਣੇ ਸੁਭਾਉ ਹੁੰਦੇ ਹਨ, ਅਤੇ ਉਨ੍ਹਾਂ ਦੇ ਖ਼ਿਆਲ ਵੀ ਅਲੱਗ-ਅਲੱਗ ਹੁੰਦੇ ਹਨ। ਪਾਪੀ ਹੋਣ ਕਰਕੇ ਵੀ, ਵਿਆਹੁਤਾ ਜੀਵਨ ਵਿਚ ਪਰਮੇਸ਼ੁਰ ਵੱਲੋਂ ਆਪਣੀ ਜ਼ਿੰਮੇਵਾਰੀ ਸੰਭਾਲਣੀ ਸ਼ਾਇਦ ਔਖੀ ਲੱਗੇ। (1 ਕੁਰਿੰਥੀਆਂ 11:3; ਕੁਲੁੱਸੀਆਂ 3:18, 19; ਤੀਤੁਸ 2:4, 5; 1 ਪਤਰਸ 3:1, 2, 7) ਪਰਮੇਸ਼ੁਰ ਤੋਂ ਅਗਵਾਈ ਭਾਲਣ ਲਈ ਅਤੇ ਉਸ ਉੱਤੇ ਅਮਲ ਕਰਨ ਲਈ ਤਜਰਬੇ ਅਤੇ ਸੱਚਾਈ ਵਿਚ ਪੱਕੇ ਹੋਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਤੁਸੀਂ ਚੰਗੇ ਤਰੀਕੇ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੋਗੇ।

15. ਮਾਪੇ ਆਪਣੇ ਬੱਚਿਆਂ ਨੂੰ ਵਿਆਹ ਲਈ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਨ? ਮਿਸਾਲ ਦਿਓ।

15 ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਅਨੁਸਾਰ ਚੱਲਣ ਦੀ ਮਹੱਤਤਾ ਸਮਝਾਉਣ ਰਾਹੀਂ ਉਨ੍ਹਾਂ ਨੂੰ ਵਿਆਹ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਕਰ ਸਕਦੇ ਹਨ। ਬਾਈਬਲ ਅਤੇ ਮਸੀਹੀ ਪ੍ਰਕਾਸ਼ਨ ਵਰਤ ਕੇ ਮਾਪੇ ਆਪਣੇ ਬੱਚੇ ਨੂੰ ਇਹ ਜਾਂਚਣ ਵਿਚ ਮਦਦ ਦੇ ਸਕਦੇ ਹਨ ਕਿ ਉਹ ਜਾਂ ਉਸ ਦਾ ਹੋਣ ਵਾਲਾ ਸਾਥੀ, ਜੀਵਨ ਭਰ ਲਈ ਇਕ ਦੂਸਰੇ ਦਾ ਸਾਥ ਦੇਣ ਲਈ ਤਿਆਰ ਹੈ ਕਿ ਨਹੀਂ। * ਬਲੌਸਮ ਨਾਂ ਦੀ ਇਕ 18 ਸਾਲਾਂ ਦੀ ਕੁੜੀ ਆਪਣੀ ਕਲੀਸਿਯਾ ਦੇ ਇਕ ਮੁੰਡੇ ਨਾਲ ਪਿਆਰ ਕਰਦੀ ਸੀ। ਉਹ ਮੁੰਡਾ ਪਾਇਨੀਅਰੀ ਕਰ ਰਿਹਾ ਸੀ, ਅਤੇ ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਬਲੌਸਮ ਦੇ ਮਾਪਿਆਂ ਨੇ ਉਸ ਨੂੰ ਇਕ ਸਾਲ ਇੰਤਜ਼ਾਰ ਕਰਨ ਲਈ ਕਿਹਾ, ਕਿਉਂਕਿ ਉਹ ਸੋਚਦੇ ਸਨ ਕਿ ਉਸ ਦੀ ਉਮਰ ਹਾਲੇ ਛੋਟੀ ਸੀ। ਬਲੌਸਮ ਨੇ ਬਾਅਦ ਵਿਚ ਲਿਖਿਆ: “ਮੈਂ ਬਹੁਤ ਹੀ ਖ਼ੁਸ਼ ਹਾਂ ਕਿ ਮੈਂ ਉਨ੍ਹਾਂ ਦੀ ਗੱਲ ਮੰਨੀ। ਇਕ ਸਾਲ ਦੇ ਵਿਚ, ਮੈਂ ਕਾਫ਼ੀ ਕੁਝ ਸਿੱਖ ਲਿਆ, ਅਤੇ ਮੈਨੂੰ ਪਤਾ ਲੱਗਣ ਲੱਗਾ ਕਿ ਇਸ ਮੁੰਡੇ ਵਿਚ ਉਹ ਗੁਣ ਨਹੀਂ ਸਨ ਜੋ ਇਕ ਚੰਗੇ ਜੀਵਨ-ਸਾਥੀ ਵਿਚ ਹੋਣੇ ਚਾਹੀਦੇ ਹਨ। ਆਖ਼ਰਕਾਰ ਉਹ ਮੁੰਡਾ ਸੱਚਾਈ ਦਾ ਰਾਹ ਹੀ ਛੱਡ ਗਿਆ ਅਤੇ ਮੈਂ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬੱਚ ਗਈ। ਮੇਰੇ ਲਈ ਕਿੰਨਾ ਚੰਗਾ ਸੀ ਕਿ ਮੇਰੇ ਮਾਪੇ ਬੁੱਧੀਮਾਨ ਸਨ ਜਿਨ੍ਹਾਂ ਦੀ ਸਲਾਹ ਉੱਤੇ ਮੈਂ ਭਰੋਸਾ ਰੱਖ ਸਕਦੀ ਸੀ!”

‘ਕੇਵਲ ਪ੍ਰਭੁ ਵਿਚ ਵਿਆਹ ਕਰੋ’

16. (ੳ) ‘ਕੇਵਲ ਪ੍ਰਭੁ ਵਿੱਚ ਵਿਆਹ ਕਰਵਾਉਣ’ ਦੀ ਸਲਾਹ ਲਾਗੂ ਕਰਨ ਵਿਚ ਮਸੀਹੀ ਕਿਸ ਤਰ੍ਹਾਂ ਅਜ਼ਮਾਏ ਜਾ ਸਕਦੇ ਹਨ? (ਅ) ਅਵਿਸ਼ਵਾਸੀ ਨਾਲ ਵਿਆਹ ਕਰਵਾਉਣ ਦੀ ਪਰੀਖਿਆ ਦੇ ਸਮੇਂ ਮਸੀਹੀਆਂ ਨੂੰ ਕਿਨ੍ਹਾਂ ਦੀ ਮਿਸਾਲ ਉੱਤੇ ਧਿਆਨ ਦੇਣਾ ਚਾਹੀਦਾ ਹੈ?

16 ਮਸੀਹੀਆਂ ਲਈ ਯਹੋਵਾਹ ਦੀ ਸਲਾਹ ਬਹੁਤ ਹੀ ਸਪੱਸ਼ਟ ਹੈ: ‘ਕੇਵਲ ਪ੍ਰਭੁ ਵਿੱਚ ਵਿਆਹ ਕਰੋ।’ (1 ਕੁਰਿੰਥੀਆਂ 7:39) ਮਸੀਹੀ ਮਾਪੇ ਅਤੇ ਬੱਚੇ ਸ਼ਾਇਦ ਇਸ ਮਾਮਲੇ ਵਿਚ ਅਜ਼ਮਾਏ ਜਾਣ। ਕਿਸ ਤਰ੍ਹਾਂ? ਨੌਜਵਾਨ ਸ਼ਾਇਦ ਵਿਆਹ ਕਰਵਾਉਣਾ ਚਾਹੁਣ, ਪਰ ਹੋ ਸਕਦਾ ਹੈ ਕਿ ਮਸੀਹੀ ਕਲੀਸਿਯਾ ਵਿਚ ਯੋਗ ਸਾਥੀਆਂ ਦੀ ਕਮੀ ਹੋਵੇ। ਜਾਂ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਕਮੀ ਹੈ। ਹੋ ਸਕਦਾ ਹੈ ਕਿ ਕਿਸੇ ਇਲਾਕੇ ਵਿਚ ਬਹੁਤ ਕੁੜੀਆਂ ਹੋਣ ਅਤੇ ਮੁੰਡਿਆਂ ਦੀ ਘਾਟ ਹੋਵੇ ਜਾਂ ਅਜਿਹਾ ਕੋਈ ਨਾ ਹੋਵੇ ਜੋ ਵਿਆਹ ਕਰਵਾਉਣ ਦੇ ਲਾਇਕ ਹੋਵੇ। ਇਕ ਅਵਿਸ਼ਵਾਸੀ ਮੁੰਡਾ ਜਾਂ ਕੁੜੀ ਸ਼ਾਇਦ ਇਕ ਭੈਣ ਜਾਂ ਭਰਾ ਨੂੰ ਪਸੰਦ ਕਰੇ। ਸ਼ਾਇਦ ਉਸ ਭੈਣ ਜਾਂ ਭਰਾ ਉੱਤੇ ਯਹੋਵਾਹ ਦੇ ਉੱਚੇ ਮਿਆਰਾਂ ਨੂੰ ਤੋੜਨ ਦਾ ਦਬਾਅ ਪਾਇਆ ਜਾਵੇ। ਅਜਿਹੇ ਹਾਲਾਤਾਂ ਅਧੀਨ ਅਬਰਾਹਾਮ ਦੀ ਮਿਸਾਲ ਉੱਤੇ ਧਿਆਨ ਦੇਣਾ ਚੰਗਾ ਹੋਵੇਗਾ। ਅਬਰਾਹਾਮ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਕਾਇਮ ਰੱਖਣ ਲਈ ਆਪਣੇ ਪੁੱਤਰ ਇਸਹਾਕ ਦਾ ਵਿਆਹ ਅਜਿਹੀ ਕੁੜੀ ਨਾਲ ਕਰਵਾਇਆ ਜੋ ਯਹੋਵਾਹ ਦੀ ਸੇਵਾ ਕਰਦੀ ਸੀ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਲਈ ਇਸੇ ਤਰ੍ਹਾਂ ਕੀਤਾ ਸੀ। ਇਹ ਮੰਗਾਂ ਪੂਰੀਆਂ ਕਰਨ ਲਈ ਸਾਰਿਆਂ ਨੂੰ ਜਤਨ ਕਰਨ ਦੀ ਲੋੜ ਸੀ, ਅਤੇ ਉਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ।​—ਉਤਪਤ 28:1-4.

17. ਇਹ ਸੰਭਵ ਕਿਉਂ ਹੈ ਕਿ ਇਕ ਅਵਿਸ਼ਵਾਸੀ ਨਾਲ ਵਿਆਹ ਕਰਵਾਉਣ ਦੇ ਨਤੀਜੇ ਅਕਸਰ ਬੁਰੇ ਹੁੰਦੇ ਹਨ, ਅਤੇ ‘ਪ੍ਰਭੁ ਵਿੱਚ ਵਿਆਹ ਕਰਵਾਉਣ’ ਦਾ ਸਭ ਤੋਂ ਮਹੱਤਵਪੂਰਣ ਕਾਰਨ ਕੀ ਹੈ?

17 ਕੁਝ ਹੀ ਅਵਿਸ਼ਵਾਸੀ ਸਾਥੀ ਅਖ਼ਰਕਾਰ ਮਸੀਹੀ ਬਣਦੇ ਹਨ। ਪਰ, ਅਵਿਸ਼ਵਾਸੀ ਨਾਲ ਵਿਆਹ ਕਰਵਾਉਣ ਦੇ ਨਤੀਜੇ ਅਕਸਰ ਬਹੁਤ ਬੁਰੇ ਸਾਬਤ ਹੋਏ ਹਨ। ਉਨ੍ਹਾਂ ਦੇ ਵਿਚਾਰ, ਸਿਧਾਂਤ, ਤੇ ਟੀਚੇ ਮਸੀਹੀਆਂ ਤੋਂ ਵੱਖਰੇ ਹੁੰਦੇ ਹਨ। (2 ਕੁਰਿੰਥੀਆਂ 6:14) ਇਸ ਕਾਰਨ ਪਤੀ-ਪਤਨੀ ਦੇ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ ਅਤੇ ਉਹ ਆਪਸ ਵਿਚ ਚੰਗੀ ਤਰ੍ਹਾਂ ਗੱਲਬਾਤ ਵੀ ਨਹੀਂ ਕਰ ਸਕਦੇ ਹਨ। ਮਿਸਾਲ ਲਈ, ਇਕ ਮਸੀਹੀ ਭੈਣ ਨੂੰ ਇਸ ਗੱਲ ਤੋਂ ਦੁੱਖ ਹੁੰਦਾ ਹੈ ਕਿ ਇਕ ਬਹੁਤ ਹੀ ਚੰਗੀ ਸਭਾ ਤੋਂ ਬਾਅਦ ਉਹ ਘਰ ਜਾ ਕੇ ਆਪਣੇ ਅਵਿਸ਼ਵਾਸੀ ਪਤੀ ਨਾਲ ਸਿੱਖੀਆਂ ਗਈਆਂ ਰੂਹਾਨੀ ਗੱਲਾਂ ਬਾਰੇ ਗੱਲ ਵੀ ਨਹੀਂ ਕਰ ਸਕਦੀ। ਪਰ, ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ‘ਪ੍ਰਭੁ ਵਿੱਚ ਵਿਆਹ ਕਰਵਾਉਣ’ ਦੁਆਰਾ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹਾਂ। ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਦੇ ਹਾਂ, ਤਾਂ ਸਾਡਾ ਮਨ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ ਜੋ “ਉਹ ਨੂੰ ਭਾਉਂਦੇ ਹਨ।”​—1 ਯੂਹੰਨਾ 3:21, 22.

18. ਜੀਵਨ-ਸਾਥੀ ਪਸੰਦ ਕਰਦੇ ਸਮੇਂ ਕਿਨ੍ਹਾਂ ਮਹੱਤਵਪੂਰਣ ਗੱਲਾਂ ਉੱਤੇ ਧਿਆਨ ਦੇਣ ਦੀ ਲੋੜ ਹੈ, ਅਤੇ ਕਿਉਂ?

18 ਜੀਵਨ-ਸਾਥੀ ਪਸੰਦ ਕਰਦੇ ਹੋਏ ਸਭ ਤੋਂ ਵੱਡੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਸਾਡਾ ਹੋਣ ਵਾਲਾ ਸਾਥੀ ਨੇਕ ਹੋਵੇ ਅਤੇ ਰੂਹਾਨੀ ਗੱਲਾਂ ਨੂੰ ਮਹੱਤਵਪੂਰਣ ਸਮਝਦਾ ਹੋਵੇ। ਚੰਗੀ ਸ਼ਕਲ-ਸੂਰਤ ਨਾਲੋਂ ਪਰਮੇਸ਼ੁਰ ਨਾਲ ਪ੍ਰੇਮ ਕਰਨ ਵਾਲਾ ਅਤੇ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਨ ਵਾਲਾ ਮਸੀਹੀ ਬਿਹਤਰ ਹੁੰਦਾ ਹੈ। ਉਨ੍ਹਾਂ ਨੂੰ ਪਰਮੇਸ਼ੁਰ ਬਰਕਤ ਦਿੰਦਾ ਹੈ ਜੋ ਸੱਚਾਈ ਵਿਚ ਮਜ਼ਬੂਤ ਸਾਥੀ ਬਣਨ ਦਾ ਫ਼ਰਜ਼ ਨਿਭਾਉਂਦੇ ਹਨ। ਇਕੱਠੇ ਮਿਲ ਕੇ ਸ੍ਰਿਸ਼ਟੀਕਰਤਾ ਦੀ ਭਗਤੀ ਕਰਨ ਦੁਆਰਾ ਅਤੇ ਉਸ ਦੀ ਅਗਵਾਈ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਨਾਲ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ। ਇਸ ਤਰ੍ਹਾਂ ਯਹੋਵਾਹ ਦਾ ਮਾਣ ਕੀਤਾ ਜਾਂਦਾ ਹੈ, ਅਤੇ ਵਿਆਹੁਤਾ ਜ਼ਿੰਦਗੀ ਦੀ ਰੂਹਾਨੀ ਤੌਰ ਤੇ ਚੰਗੀ ਤਰ੍ਹਾਂ ਨੀਂਹ ਰੱਖੀ ਜਾਂਦੀ ਹੈ, ਜੋ ਕਦੀ ਵੀ ਟੁੱਟਦੀ ਨਹੀਂ।

[ਫੁਟਨੋਟ]

^ ਪੈਰਾ 15 ਪਹਿਰਾਬੁਰਜ 1 ਫਰਵਰੀ 1999 ਦੇ 4-8 ਸਫ਼ੇ ਦੇਖੋ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਇਕ ਚੰਗਾ ਜੀਵਨ-ਸਾਥੀ ਪਸੰਦ ਕਰਨ ਲਈ ਪਰਮੇਸ਼ੁਰ ਦੀ ਸਲਾਹ ਕਿਉਂ ਜ਼ਰੂਰੀ ਹੈ?

• ਰੱਬ ਦੀ ਭਗਤੀ ਵਿਆਹੁਤਾ ਬੰਧਨ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੀ ਹੈ?

• ਮਾਪੇ ਆਪਣੇ ਬੱਚਿਆਂ ਨੂੰ ਵਿਆਹੁਤਾ ਜੀਵਨ ਲਈ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਨ?

• ‘ਕੇਵਲ ਪ੍ਰਭੁ ਵਿੱਚ ਵਿਆਹ ਕਰਵਾਉਣਾ’ ਮਹੱਤਵਪੂਰਣ ਕਿਉਂ ਹੈ?

[ਸਵਾਲ]

[ਸਫ਼ੇ 17 ਉੱਤੇ ਤਸਵੀਰਾਂ]

ਜੀਵਨ-ਸਾਥੀ ਪਸੰਦ ਕਰਨ ਵਿਚ ਪਰਮੇਸ਼ੁਰ ਦੀ ਸਲਾਹ ਮੰਨਣ ਰਾਹੀਂ ਬਹੁਤ ਖ਼ੁਸ਼ੀ ਮਿਲ ਸਕਦੀ ਹੈ

[ਸਫ਼ੇ 18 ਉੱਤੇ ਤਸਵੀਰਾਂ]

‘ਕੇਵਲ ਪ੍ਰਭੁ ਵਿੱਚ ਵਿਆਹ ਕਰਵਾਉਣ’ ਦੁਆਰਾ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ