Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਦਾਨੀਏਲ 9:24 ਦੀ ਭਵਿੱਖਬਾਣੀ ਵਿਚ “ਅੱਤ ਪਵਿੱਤ੍ਰ” ਸਥਾਨ ਕਦੋਂ ਮਸਹ ਕੀਤਾ ਗਿਆ ਸੀ?

ਦਾਨੀਏਲ 9:24-27 ਇਕ ਭਵਿੱਖਬਾਣੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ “ਮਸੀਹ ਰਾਜ ਪੁੱਤ੍ਰ” ਯਾਨੀ ਯਿਸੂ ਮਸੀਹ ਨੇ ਕਦੋਂ ਆਉਣਾ ਸੀ। ਇਸ ਲਈ ਇੱਥੇ “ਅੱਤ ਪਵਿੱਤ੍ਰ” ਸਥਾਨ, ਜਾਂ ਯਰੂਸ਼ਲਮ ਵਿਚ ਹੈਕਲ ਦੀ ਅੰਦਰਲੀ ਕੋਠੜੀ ਦੇ ਮਸਹ ਕੀਤੇ ਜਾਣ ਬਾਰੇ ਗੱਲ ਨਹੀਂ ਕੀਤੀ ਗਈ। ਸਗੋਂ “ਅੱਤ ਪਵਿੱਤ੍ਰ” ਸ਼ਬਦ ਪਰਮੇਸ਼ੁਰ ਦੇ ਅੱਤ ਪਵਿੱਤਰ ਸਵਰਗੀ ਸਥਾਨ ਨੂੰ ਸੰਕੇਤ ਕਰਦੇ ਹਨ, ਜੋ ਉਸ ਦੀ ਮਹਾਨ ਰੂਹਾਨੀ ਹੈਕਲ ਵਿਚ ਹੈ। *​—ਇਬਰਾਨੀਆਂ 8:1-5; 9:2-10, 23.

ਪਰਮੇਸ਼ੁਰ ਦੀ ਰੂਹਾਨੀ ਹੈਕਲ ਅਮਲ ਵਿਚ ਕਦੋਂ ਆਈ ਸੀ? ਜਵਾਬ ਵਾਸਤੇ ਜ਼ਰਾ 29 ਸਾ.ਯੁ. ਬਾਰੇ ਸੋਚੋ ਜਦ ਯਿਸੂ ਨੇ ਆਪਣੇ ਆਪ ਨੂੰ ਬਪਤਿਸਮੇ ਲਈ ਪੇਸ਼ ਕੀਤਾ ਸੀ। ਉਸ ਸਮੇਂ ਤੋਂ ਲੈ ਕੇ ਯਿਸੂ ਨੇ ਜ਼ਬੂਰ 40:6-8 ਦੇ ਸ਼ਬਦ ਪੂਰੇ ਕੀਤੇ ਸਨ। ਪੌਲੁਸ ਰਸੂਲ ਨੇ ਬਾਅਦ ਵਿਚ ਸਮਝਾਇਆ ਕਿ ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਕਿਹਾ ਸੀ: “ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ।” (ਇਬਰਾਨੀਆਂ 10:5) ਯਿਸੂ ਜਾਣਦਾ ਸੀ ਕਿ ਪਰਮੇਸ਼ੁਰ ਨੇ ਇਹ “ਨਹੀਂ ਚਾਹਿਆ” ਕਿ ਯਰੂਸ਼ਲਮ ਦੀ ਹੈਕਲ ਵਿਚ ਪਸ਼ੂਆਂ ਦੀਆਂ ਭੇਟਾਂ ਸਦਾ ਲਈ ਚੜ੍ਹਾਈਆਂ ਜਾਣ। ਇਸ ਦੀ ਬਜਾਇ ਯਹੋਵਾਹ ਨੇ ਯਿਸੂ ਲਈ ਇਕ ਸੰਪੂਰਣ ਸਰੀਰ ਤਿਆਰ ਕੀਤਾ ਸੀ ਤਾਂਕਿ ਉਹ ਭੇਟ ਵਜੋਂ ਚੜ੍ਹਾਇਆ ਜਾ ਸਕੇ। ਆਪਣੇ ਦਿਲ ਦੀ ਗੱਲ ਜ਼ਾਹਰ ਕਰਦੇ ਹੋਏ ਯਿਸੂ ਨੇ ਅੱਗੇ ਕਿਹਾ: “ਤਦ ਮੈਂ ਆਖਿਆਂ, ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।” (ਇਬਰਾਨੀਆਂ 10:7) ਤਾਂ ਫਿਰ ਕੀ ਯਹੋਵਾਹ ਉਸ ਤੋਂ ਪ੍ਰਸੰਨ ਸੀ? ਮੱਤੀ ਦੀ ਇੰਜੀਲ ਦੱਸਦੀ ਹੈ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।”​—ਮੱਤੀ 3:16, 17.

ਇਸ ਤਰ੍ਹਾਂ ਯਿਸੂ ਨੇ ਆਪਣਾ ਸਰੀਰ ਬਲੀਦਾਨ ਲਈ ਪੇਸ਼ ਕੀਤਾ ਅਤੇ ਯਹੋਵਾਹ ਪਰਮੇਸ਼ੁਰ ਨੇ ਇਹ ਸਵੀਕਾਰ ਕੀਤਾ ਸੀ। ਇਸ ਦਾ ਮਤਲਬ ਸੀ ਕਿ ਉਸ ਵੇਲੇ ਯਰੂਸ਼ਲਮ ਦੀ ਹੈਕਲ ਦੀ ਜਗਵੇਦੀ ਨਾਲੋਂ ਸਵਰਗ ਵਿਚ ਕਿਤੇ ਹੀ ਮਹਾਨ ਜਗਵੇਦੀ ਹੋਂਦ ਵਿਚ ਆਈ। ਇਹ ਪਰਮੇਸ਼ੁਰ ਦੀ “ਇੱਛਿਆ” ਦੀ ਜਗਵੇਦੀ ਸੀ, ਯਾਨੀ ਇਨਸਾਨ ਵਜੋਂ ਯਿਸੂ ਦੀ ਜਾਨ ਨੂੰ ਇਕ ਬਲੀਦਾਨ ਵਜੋਂ ਸਵੀਕਾਰ ਕਰਨ ਦਾ ਪ੍ਰਬੰਧ। (ਇਬਰਾਨੀਆਂ 10:10) ਯਿਸੂ ਮਸੀਹ ਨੂੰ ਪਵਿੱਤਰ ਆਤਮਾ ਨਾਲ ਮਸਹ ਕਰਨ ਦਾ ਮਤਲਬ ਸੀ ਕਿ ਪਰਮੇਸ਼ੁਰ ਨੇ ਆਪਣੀ ਰੂਹਾਨੀ ਹੈਕਲ ਦਾ ਪ੍ਰਬੰਧ ਸ਼ੁਰੂ ਕਰ ਲਿਆ ਸੀ। * ਇਸ ਲਈ ਯਿਸੂ ਦੇ ਬਪਤਿਸਮੇ ਦੇ ਵੇਲੇ, ਇਸ ਮਹਾਨ ਰੂਹਾਨੀ ਹੈਕਲ ਵਿਚ ਪਰਮੇਸ਼ੁਰ ਦੇ ਸਵਰਗੀ ਸਥਾਨ, ਯਾਨੀ ਕਿ “ਅੱਤ ਪਵਿੱਤ੍ਰ” ਨੂੰ ਅਲੱਗ ਠਹਿਰਾਇਆ ਜਾਂ ਮਸਹ ਕੀਤਾ ਗਿਆ ਸੀ।

[ਫੁਟਨੋਟ]

^ ਪੈਰਾ 3 ਪਰਮੇਸ਼ੁਰ ਦੀ ਰੂਹਾਨੀ ਹੈਕਲ ਬਾਰੇ ਜਾਣਕਾਰੀ ਲਈ 1 ਜੁਲਾਈ 1996 ਦੇ ਪਹਿਰਾਬੁਰਜ ਵਿਚ ਸਫ਼ੇ 14-19 ਦੇਖੋ।

[ਸਫ਼ੇ 27 ਉੱਤੇ ਤਸਵੀਰ]

ਯਿਸੂ ਦੇ ਬਪਤਿਸਮੇ ਤੇ “ਅੱਤ ਪਵਿੱਤ੍ਰ” ਨੂੰ ਮਸਹ ਕੀਤਾ ਗਿਆ ਸੀ