Skip to content

Skip to table of contents

‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’

‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’

‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’

ਕੋਈ ਵੀ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦਾ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਾਸਤੇ ਬੁੱਧ ਬਹੁਤ ਹੀ ਜ਼ਰੂਰੀ ਹੈ। ਸਮਝ ਅਤੇ ਗਿਆਨ ਦੀ ਚੰਗੀ ਵਰਤੋਂ ਨੂੰ ਸੱਚੀ ਬੁੱਧ ਸੱਦਿਆ ਜਾਂਦਾ ਹੈ। ਉਹ ਬੁੱਧੂਪੁਣੇ, ਬੇਵਕੂਫ਼ੀ, ਅਤੇ ਮੂਰਖਤਾ ਤੋਂ ਬਿਲਕੁਲ ਉਲਟ ਹੁੰਦੀ ਹੈ। ਇਸ ਕਰਕੇ ਬਾਈਬਲ ਸਾਨੂੰ ਬੁੱਧ ਪ੍ਰਾਪਤ ਕਰਨ ਲਈ ਹੌਸਲਾ ਦਿੰਦੀ ਹੈ। (ਕਹਾਉਤਾਂ 4:7) ਦਰਅਸਲ, ਬਾਈਬਲ ਦੀ ਕਹਾਉਤਾਂ ਦੀ ਪੋਥੀ ਬੁੱਧ ਅਤੇ ਸਿੱਖਿਆ ਦੇਣ ਲਈ ਲਿਖੀ ਗਈ ਸੀ। ਇਸ ਪੋਥੀ ਦੇ ਸ਼ੁਰੂ ਵਿਚ ਇਹ ਸ਼ਬਦ ਲਿਖੇ ਗਏ ਹਨ: “ਦਾਊਦ ਦੇ ਪੁੱਤ੍ਰ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਦੀਆਂ ਕਹਾਉਤਾਂ,—ਬੁੱਧ ਤੇ ਸਿੱਖਿਆ ਜਾਣਨ ਲਈ।”​—ਕਹਾਉਤਾਂ 1:1, 2.

ਆਓ ਆਪਾਂ ਕਹਾਉਤਾਂ ਦੀ ਪੋਥੀ ਦੇ ਪਹਿਲੇ ਕੁਝ ਅਧਿਆਵਾਂ ਦੀ ਜ਼ਰਾ ਜਾਂਚ ਕਰ ਕੇ ਉਸ ਦੀਆਂ ਭਰੋਸੇਯੋਗ ਸਿੱਖਿਆਵਾਂ ਵੱਲ ਧਿਆਨ ਦੇਈਏ। ਸੁਲੇਮਾਨ, ਇਕ ਪਿਆਰੇ ਪਿਤਾ ਵਾਂਗ ਆਪਣੇ ਪੜ੍ਹਨ ਵਾਲਿਆਂ ਨੂੰ ਬੁੱਧ ਅਤੇ ਸਿੱਖਿਆ ਕਬੂਲ ਕਰਨ ਲਈ ਬੇਨਤੀ ਕਰਦਾ ਹੈ। (ਪਹਿਲਾ ਤੇ ਦੂਜਾ ਅਧਿਆਇ) ਉਹ ਸਾਨੂੰ ਯਹੋਵਾਹ ਨਾਲ ਗੂੜ੍ਹੀ ਦੋਸਤੀ ਪਾਉਣੀ ਅਤੇ ਆਪਣੇ ਦਿਲ ਨੂੰ ਸੁਰੱਖਿਅਤ ਰੱਖਣਾ ਸਿਖਾਉਂਦਾ ਹੈ। (ਤੀਜਾ ਤੇ ਚੌਥਾ ਅਧਿਆਇ) ਸਾਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਬਾਰੇ ਚੇਤੇ ਕਰਾਇਆ ਜਾਂਦਾ ਹੈ। (ਪੰਜਵਾਂ ਤੇ ਛੇਵਾਂ ਅਧਿਆਇ) ਸਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਬਦਚਲਣ ਲੋਕ ਦੂਜਿਆਂ ਨੂੰ ਕਿਸ ਤਰ੍ਹਾਂ ਭਰਮਾਉਂਦੇ ਹਨ ਅਤੇ ਇਨ੍ਹਾਂ ਕੰਮਾਂ ਦੇ ਨਤੀਜੇ ਕਿੰਨੇ ਨੁਕਸਾਨਦਾਰ ਹੁੰਦੇ ਹਨ। (ਸੱਤਵਾਂ ਅਧਿਆਇ) ਇਕ ਇਨਸਾਨ ਕਿੰਨਾ ਸੋਹਣਾ ਬਣਦਾ ਹੈ ਜਦ ਉਹ ਬੁੱਧ ਦਿਖਾਉਂਦਾ ਹੈ! (ਅੱਠਵਾਂ ਅਧਿਆਇ) ਕਹਾਉਤਾਂ ਦੇ ਅਗਲੇ ਅਧਿਆਵਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਸੁਲੇਮਾਨ ਪਾਤਸ਼ਾਹ ਪਹਿਲੀਆਂ ਕਹਾਉਤਾਂ ਦੇ ਸਾਰ ਦੀ ਚਰਚਾ, ਯਾਨੀ ਨੌਵਾਂ ਅਧਿਆਇ ਪੇਸ਼ ਕਰਦਾ ਹੈ।

‘ਆਓ, ਮੇਰੀ ਰੋਟੀ ਖਾਓ, ਤੇ ਮੇਰੀ ਮੈ ਪੀਓ’

ਕਹਾਉਤਾਂ ਦਾ ਨੌਵਾਂ ਅਧਿਆਇ ਪਹਿਲੇ ਅੱਠਾਂ ਅਧਿਆਵਾਂ ਦਾ ਸਾਰ ਤਾਂ ਹੈ, ਪਰ ਇਹ ਸਿਰਫ਼ ਉਨ੍ਹਾਂ ਗੱਲਾਂ ਨੂੰ ਦੁਹਰਾਉਂਦਾ ਹੀ ਨਹੀਂ ਹੈ ਜਿਨ੍ਹਾਂ ਨੂੰ ਪੜ੍ਹ ਕੇ ਇਕ ਇਨਸਾਨ ਬੋਰ ਹੋ ਸਕਦਾ ਹੈ। ਇਸ ਦੀ ਬਜਾਇ ਇਹ ਇਕ ਸੋਹਣੀ ਕਹਾਣੀ ਵਾਂਗ ਲਿਖਿਆ ਗਿਆ ਹੈ ਜੋ ਪੜ੍ਹਨ ਵਾਲੇ ਨੂੰ ਬੁੱਧ ਦੀ ਖੋਜ ਕਰਨ ਲਈ ਉਕਸਾਉਂਦਾ ਹੈ।

ਕਹਾਉਤਾਂ ਦੀ ਪੋਥੀ ਦਾ ਨੌਵਾਂ ਅਧਿਆਇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ੍ਹ ਘੜ ਲਏ ਹਨ।” (ਕਹਾਉਤਾਂ 9:1) ਇਕ ਵਿਦਵਾਨ ਦੇ ਮੁਤਾਬਕ “ਸੱਤ ਥੰਮ੍ਹ ਇਕ ਅਜਿਹੇ ਮਕਾਨ ਦਾ ਸੰਕੇਤ ਦਿੰਦੇ ਹਨ ਜਿਸ ਦੇ ਗੱਬੇ ਇਕ ਵਿਹੜਾ ਹੁੰਦਾ ਹੈ। ਵਿਹੜੇ ਦੇ ਦੋਵੀਂ ਪਾਸੀਂ ਤਿੰਨ-ਤਿੰਨ ਥੰਮ੍ਹ ਹੁੰਦੇ ਹਨ ਅਤੇ ਸਾਮ੍ਹਣੇ ਪਾਸੇ ਦਾਖ਼ਲੇ ਦੇ ਮੋਹਰੇ ਇਕ ਹੋਰ ਥੰਮ੍ਹ ਹੁੰਦਾ ਹੈ।” ਅਸਲੀਅਤ ਜੋ ਵੀ ਹੋਵੇ ਸੱਚੀ ਬੁੱਧ ਆਪਣੇ ਮਹਿਮਾਨਾਂ ਲਈ ਇਕ ਪੱਕਾ ਮਕਾਨ ਬਣਾਉਂਦੀ ਹੈ।

ਮਕਾਨ ਵਿਚ ਹੋ ਰਹੀ ਇਕ ਦਾਅਵਤ ਲਈ ਹਰ ਚੀਜ਼ ਤਿਆਰ ਹੈ। ਮਾਸ ਵੀ ਹੈ ਅਤੇ ਮੈ ਵੀ। ਬੁੱਧ ਨੇ ਮੇਜ਼ ਲਗਾਉਣ ਵਿਚ ਅਤੇ ਰੋਟੀ ਤਿਆਰ ਕਰਨ ਵਿਚ ਆਪਣਾ ਪੂਰਾ ਧਿਆਨ ਲਾਇਆ ਹੈ। “ਉਹ ਨੇ ਆਪਣੇ ਪਸੂ ਕੱਟ ਲਏ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ।” (ਕਹਾਉਤਾਂ 9:2) ਇਸ ਮੇਜ਼ ਤੇ ਰੂਹਾਨੀ ਭੋਜਨ ਰੱਖਿਆ ਗਿਆ ਹੈ ਜਿਸ ਵੱਲ ਸਾਨੂੰ ਪੂਰਾ ਧਿਆਨ ਦੇਣ ਦੀ ਲੋੜ ਹੈ।—ਯਸਾਯਾਹ 55:1, 2.

ਸੱਚੀ ਬੁੱਧ ਨੇ ਕਿਸ-ਕਿਸ ਨੂੰ ਇਸ ਦਾਅਵਤ ਤੇ ਬੁਲਾਇਆ ਹੈ? “ਉਹ ਨੇ ਆਪਣੀਆਂ ਛੋਕਰੀਆਂ ਨੂੰ ਘੱਲਿਆ ਹੈ, ਉਹ ਨਗਰ ਦਿਆਂ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,—ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਏਹ ਆਖਦੀ ਹੈ,—ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ! ਭੋਲੇਪਣ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਸਿੱਧੇ ਤੁਰੋ!”​—ਕਹਾਉਤਾਂ 9:3-6.

ਬੁੱਧ ਨੇ ਸੱਦਾ ਦੇਣ ਲਈ ਆਪਣੀਆਂ ਛੋਕਰੀਆਂ ਭੇਜੀਆਂ ਹਨ। ਉਹ ਬਾਹਰ ਖੁੱਲ੍ਹੇ-ਆਮ ਹਾਕਾਂ ਮਾਰਦੀਆਂ ਹਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਨ੍ਹਾਂ ਦੀ ਗੱਲ ਸੁਣ ਸਕਣ। ਸੱਦਾ ਸਾਰਿਆਂ ਨੂੰ ਦਿੱਤਾ ਜਾਂਦਾ ਹੈ—ਜਿਹੜਾ ਨਿਰਬੁੱਧ ਹੈ ਅਤੇ ਜਿਹੜਾ ਭੋਲਾ ਹੈ। (ਕਹਾਉਤਾਂ 9:4) ਉਨ੍ਹਾਂ ਨਾਲ ਜੀਵਨ ਦਾ ਵਾਅਦਾ ਕੀਤਾ ਜਾਂਦਾ ਹੈ। ਕਹਾਉਤਾਂ ਦੀ ਪੋਥੀ ਦੇ ਨਾਲ-ਨਾਲ ਪਰਮੇਸ਼ੁਰ ਦੇ ਪੂਰੇ ਬਚਨ ਵਿੱਚੋਂ ਬੁੱਧ ਸਾਰਿਆਂ ਨੂੰ ਮਿਲ ਸਕਦੀ ਹੈ। ਅੱਜ ਸੱਚੀ ਬੁੱਧ ਦੇ ਸੰਦੇਸ਼ਵਾਹਕਾਂ ਵਜੋਂ, ਯਹੋਵਾਹ ਦੇ ਗਵਾਹ ਹਰ ਜਗ੍ਹਾ ਸਾਰਿਆਂ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਦਾ ਸੱਦਾ ਦਿੰਦੇ ਹਨ। ਇਸ ਗਿਆਨ ਨੂੰ ਲੈ ਕੇ ਲੋਕ ਸੱਚ-ਮੁੱਚ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕਦੇ ਹਨ।​—ਯੂਹੰਨਾ 17:3.

ਮਸੀਹੀਆਂ ਨੂੰ ਨਿਮਰਤਾ ਨਾਲ ਬੁੱਧ ਦੀ ਸਿੱਖਿਆ ਕਬੂਲ ਕਰਨੀ ਚਾਹੀਦੀ ਹੈ। ਇਹ ਗੱਲ ਖ਼ਾਸ ਕਰਕੇ ਨੌਜਵਾਨਾਂ ਲਈ ਅਤੇ ਉਨ੍ਹਾਂ ਲਈ ਸੱਚ ਹੈ ਜਿਹੜੇ ਹੁਣੇ-ਹੁਣੇ ਯਹੋਵਾਹ ਬਾਰੇ ਸਿੱਖਣ ਲੱਗੇ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੇ ਰਾਹ ਵਿਚ ਚੱਲਣ ਦਾ ਬਹੁਤਾ ਤਜਰਬਾ ਨਹੀਂ ਹੁੰਦਾ ਜਿਸ ਕਰਕੇ ਉਹ “ਨਿਰਬੁੱਧ” ਹੋ ਸਕਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਚਾਹਾਂ ਗ਼ਲਤ ਹਨ, ਪਰ ਆਪਣੇ ਦਿਲਾਂ ਨੂੰ ਉਸ ਹਾਲਤ ਵਿਚ ਲਿਆਉਣ ਲਈ ਸਮਾਂ ਲੱਗਦਾ ਹੈ ਜਿਹੜੀ ਪਰਮੇਸ਼ੁਰ ਨੂੰ ਸੱਚ-ਮੁੱਚ ਖ਼ੁਸ਼ ਕਰੇਗੀ ਅਤੇ ਇਸ ਤਰ੍ਹਾਂ ਕਰਨ ਲਈ ਸਖ਼ਤ ਕੋਸ਼ਿਸ਼ ਦੀ ਜ਼ਰੂਰਤ ਪੈਂਦੀ ਹੈ। ਇਸ ਵਿਚ ਆਪਣੀਆਂ ਸੋਚਾਂ, ਇੱਛਾਵਾਂ, ਭਾਵਨਾਵਾਂ ਅਤੇ ਜ਼ਿੰਦਗੀ ਦੇ ਆਪਣੇ ਟੀਚਿਆਂ ਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਲਿਆਉਣਾ ਸ਼ਾਮਲ ਹੈ। ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਉਹ “ਆਤਮਕ ਅਤੇ ਖਾਲਸ ਦੁੱਧ ਦੀ ਲੋਚ” ਕਰਨ।​—1 ਪਤਰਸ 2:2.

ਦਰਅਸਲ, ਸਾਨੂੰ ਸਾਰਿਆਂ ਨੂੰ “ਸਿੱਖਿਆ ਦੀਆਂ ਆਦ ਗੱਲਾਂ,” ਯਾਨੀ ਪਹਿਲਾਂ-ਪਹਿਲਾਂ ਸਿੱਖੀਆਂ ਜਾਣ ਵਾਲੀਆਂ ਗੱਲਾਂ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ। ਸਾਨੂੰ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿਚ ਰੁਚੀ ਲੈਣੀ ਚਾਹੀਦੀ ਹੈ ਅਤੇ ਸਿਆਣਿਆਂ ਦੇ ਅੰਨ ਤੋਂ ਫ਼ਾਇਦਾ ਉਠਾਉਣਾ ਚਾਹੀਦਾ ਹੈ। (ਇਬਰਾਨੀਆਂ 5:12-6:1; 1 ਕੁਰਿੰਥੀਆਂ 2:10) ਯਿਸੂ ਮਸੀਹ ਦੀ ਨਿਗਰਾਨੀ ਅਧੀਨ ਕੰਮ ਕਰ ਰਿਹਾ “ਮਾਤਬਰ ਅਤੇ ਬੁੱਧਵਾਨ ਨੌਕਰ” ਆਪਣਾ ਤਨ-ਮਨ ਲਾ ਕੇ ਵੇਲੇ ਸਿਰ ਸਾਰਿਆਂ ਨੂੰ ਰੂਹਾਨੀ ਭੋਜਨ ਦਿੰਦਾ ਹੈ। (ਮੱਤੀ 24:45-47) ਆਓ ਆਪਾਂ ਨੌਕਰ ਵਰਗ ਦੁਆਰਾ ਤਿਆਰ ਕੀਤੇ ਗਏ ਬਾਈਬਲ-ਆਧਾਰਿਤ ਪ੍ਰਕਾਸ਼ਨ ਅਤੇ ਪਰਮੇਸ਼ੁਰ ਦਾ ਬਚਨ ਤਨ-ਮਨ ਲਾ ਕੇ ਸਟੱਡੀ ਕਰੀਏ ਅਤੇ ਇਸ ਤਰ੍ਹਾਂ ਬੁੱਧ ਦੇ ਮੇਜ਼ ਤੋਂ ਖਾਈਏ।

“ਮਖੌਲੀਏ ਨੂੰ ਨਾ ਤਾੜ”

ਬੁੱਧ ਦੀ ਸਿੱਖਿਆ ਵਿਚ ਡਾਂਟਣਾ ਅਤੇ ਤਾੜਨਾ ਵੀ ਸ਼ਾਮਲ ਹਨ। ਬੁੱਧ ਦੀ ਇਹ ਖੂਬੀ ਸਾਰਿਆਂ ਲਈ ਕਬੂਲ ਕਰਨੀ ਮੁਸ਼ਕਲ ਹੁੰਦੀ ਹੈ। ਇਸ ਕਰਕੇ, ਕਹਾਉਤਾਂ ਦੇ ਨੌਵੇਂ ਅਧਿਆਇ ਵਿਚ ਇਕ ਚੇਤਾਵਨੀ ਪਾਈ ਜਾਂਦੀ ਹੈ: “ਮਖੌਲੀਏ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ। ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ।”ਕਹਾਉਤਾਂ 9:7, 8ੳ.

ਮਖੌਲੀਆ ਆਪਣੇ ਸੁਧਾਰਨ ਵਾਲੇ ਨਾਲ ਖਿੱਝਦਾ ਹੈ ਅਤੇ ਉਸ ਨਾਲ ਨਫ਼ਰਤ ਕਰਦਾ ਹੈ। ਦੁਸ਼ਟ ਬੰਦੇ ਨੂੰ ਤਾੜਨਾ ਦੀ ਕੋਈ ਕਦਰ ਨਹੀਂ ਹੁੰਦੀ। ਕਿਸੇ ਅਜਿਹੇ ਬੰਦੇ ਨੂੰ ਬਾਈਬਲ ਦੀਆਂ ਸੋਹਣੀਆਂ ਗੱਲਾਂ ਸਿਖਾਉਣੀਆਂ ਜੋ ਸੱਚਾਈ ਨਾਲ ਨਫ਼ਰਤ ਕਰਦਾ ਹੈ ਅਤੇ ਉਸ ਦਾ ਮਖੌਲ ਉਠਾਉਂਦਾ ਹੈ ਕਿੰਨੀ ਬੇਵਕੂਫ਼ੀ ਦੀ ਗੱਲ ਹੋਵੇਗੀ! ਅੰਤਾਕਿਯਾ ਸ਼ਹਿਰ ਵਿਚ ਪ੍ਰਚਾਰ ਕਰਦੇ ਹੋਏ ਪੌਲੁਸ ਰਸੂਲ ਨੂੰ ਅਜਿਹੇ ਯਹੂਦੀ ਲੋਕ ਮਿਲੇ ਜੋ ਸੱਚਾਈ ਨਾਲ ਪਿਆਰ ਬਿਲਕੁਲ ਹੀ ਨਹੀਂ ਕਰਦੇ ਸਨ। ਉਹ ਪੌਲੁਸ ਵਿਰੁੱਧ ਕੁਫ਼ਰ ਬੋਲ ਕੇ ਉਸ ਨਾਲ ਬਹਿਸ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: ‘ਕਿਉਂ ਜੋ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਉਣ ਦੇ ਜੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ।”​—ਰਸੂਲਾਂ ਦੇ ਕਰਤੱਬ 13:45, 46.

ਜਿਉਂ-ਜਿਉਂ ਅਸੀਂ ਨੇਕਦਿਲ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਆਓ ਆਪਾਂ ਮਖੌਲੀਆਂ ਦੇ ਨਾਲ ਬਹਿਸਾਂ ਅਤੇ ਲੜਾਈਆਂ ਕਰਨ ਤੋਂ ਸਾਵਧਾਨ ਰਹੀਏ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਅਰ ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ। ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ। ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।”—ਮੱਤੀ 10:12-14.

ਮਖੌਲੀਏ ਤੋਂ ਉਲਟ, ਇਕ ਬੁੱਧਵਾਨ ਬੰਦਾ ਤਾੜਨਾ ਨੂੰ ਕਬੂਲ ਕਰਦਾ ਹੈ। ਸੁਲੇਮਾਨ ਨੇ ਇਸ ਬਾਰੇ ਕਿਹਾ: “ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਵੀ ਬੁੱਧਵਾਨ ਹੋਵੇਗਾ।” (ਕਹਾਉਤਾਂ 9:8ਅ, 9ੳ) ਬੁੱਧਵਾਨ ਬੰਦਾ ਜਾਣਦਾ ਹੈ ਕਿ “ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਭਾਵੇਂ ਕਿ ਤਾੜਨਾ ਮਿਲਣ ਕਰਕੇ ਸਾਨੂੰ ਦੁੱਖ ਲੱਗਦਾ ਹੈ, ਪਰ ਜੇਕਰ ਉਸ ਨੂੰ ਕਬੂਲ ਕਰਨ ਨਾਲ ਅਸੀਂ ਬੁੱਧਵਾਨ ਬਣ ਜਾਵਾਂਗੇ, ਤਾਂ ਬਦਲਾ ਲੈਣ ਜਾਂ ਬਹਾਨੇ ਬਣਾਉਣ ਦੀ ਬਜਾਇ ਅਸੀਂ ਉਸ ਨੂੰ ਮਨਜ਼ੂਰ ਕਿਉਂ ਨਾ ਕਰ ਲਈਏ।

ਬੁੱਧਵਾਨ ਪਾਤਸ਼ਾਹ ਅੱਗੇ ਕਹਿੰਦਾ ਹੈ: “ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ।” (ਕਹਾਉਤਾਂ 9:9ਅ) ਕੋਈ ਵੀ ਵਿਅਕਤੀ ਨਾ ਹੀ ਇੰਨਾ ਬੁੱਧਵਾਨ ਹੈ ਅਤੇ ਨਾ ਹੀ ਇੰਨਾ ਬੁੱਢਾ ਹੈ ਕਿ ਉਹ ਹੋਰ ਸਿੱਖਿਆ ਨਹੀਂ ਲੈ ਸਕਦਾ। ਜਦੋਂ ਅਸੀਂ ਬੜੀ ਵੱਡੀ ਉਮਰ ਦੇ ਬੰਦਿਆਂ ਨੂੰ ਵੀ ਸੱਚਾਈ ਸਿੱਖ ਕੇ ਯਹੋਵਾਹ ਨੂੰ ਸਮਰਪਿਤ ਹੁੰਦੇ ਦੇਖਦੇ ਹਾਂ, ਤਾਂ ਸਾਡਾ ਜੀਅ ਕਿੰਨਾ ਖ਼ੁਸ਼ ਹੁੰਦਾ ਹੈ! ਆਓ ਆਪਾਂ ਨਵੀਂਆਂ-ਨਵੀਂਆਂ ਚੀਜ਼ਾਂ ਸਿੱਖਣ ਲਈ ਤਿਆਰ ਰਹਿ ਕੇ ਆਪਣੇ ਦਿਮਾਗ਼ਾਂ ਨੂੰ ਚੁਸਤ ਰੱਖੀਏ।

“ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ”

ਬੁੱਧ ਦੇ ਵਿਸ਼ੇ ਦੀਆਂ ਮੁੱਖ ਗੱਲਾਂ ਉੱਤੇ ਜ਼ੋਰ ਦਿੰਦੇ ਹੋਏ, ਸੁਲੇਮਾਨ ਨੇ ਉਸ ਜ਼ਰੂਰੀ ਚੀਜ਼ ਬਾਰੇ ਗੱਲ ਕੀਤੀ ਜੋ ਤੁਹਾਨੂੰ ਬੁੱਧੀਮਾਨ ਬਣਾਵੇਗੀ। ਉਸ ਨੇ ਲਿਖਿਆ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” (ਕਹਾਉਤਾਂ 9:10) ਸੱਚੇ ਪਰਮੇਸ਼ੁਰ ਦੇ ਆਦਰ ਅਤੇ ਭੈ ਤੋਂ ਬਿਨਾਂ ਕੋਈ ਬੁੱਧ ਨਹੀਂ। ਇਕ ਬੰਦੇ ਕੋਲ ਭਾਵੇਂ ਜਿੰਨਾ ਮਰਜ਼ੀ ਗਿਆਨ ਕਿਉਂ ਨਾ ਹੋਵੇ, ਜੇ ਉਹ ਯਹੋਵਾਹ ਦਾ ਭੈ ਨਹੀਂ ਰੱਖਦਾ ਤਾਂ ਉਹ ਆਪਣੇ ਗਿਆਨ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਨਹੀਂ ਵਰਤੇਗਾ। ਉਹ ਜਾਣੀਆਂ-ਪਛਾਣੀਆਂ ਅਸਲੀਅਤਾਂ ਤੋਂ ਗ਼ਲਤ ਸਿੱਟੇ ਕੱਢ ਕੇ ਆਪਣੇ ਆਪ ਨੂੰ ਮੂਰਖ ਬਣਾ ਸਕਦਾ ਹੈ। ਇਸ ਤੋਂ ਇਲਾਵਾ ਯਹੋਵਾਹ, ਅਰਥਾਤ ਪਵਿੱਤਰ ਪੁਰਖ ਦਾ ਗਿਆਨ ਹਾਸਲ ਕਰਨ ਲਈ ਸਮਝ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਸਮਝ ਬੁੱਧ ਦੀ ਇਕ ਖੂਬੀ ਹੈ।

ਬੁੱਧ ਦੇ ਫਲ ਕੀ ਹਨ? (ਕਹਾਉਤਾਂ 8:12-21, 35) ਇਸਰਾਏਲ ਦਾ ਪਾਤਸ਼ਾਹ ਜਵਾਬ ਦਿੰਦਾ ਹੈ ਕਿ ਬੁੱਧ ਰਾਹੀਂ “ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ।” (ਕਹਾਉਤਾਂ 9:11) ਬੁੱਧ ਦਾ ਸਾਥ ਲੈਣ ਨਾਲ ਬੰਦੇ ਦੀ ਉਮਰ ਵੱਧ ਸਕਦੀ ਹੈ। ਜੀ ਹਾਂ “ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।”​—ਉਪਦੇਸ਼ਕ ਦੀ ਪੋਥੀ 7:12.

ਬੁੱਧ ਹਾਸਲ ਕਰਨੀ ਸਾਡੀ ਆਪਣੀ ਜ਼ਿੰਮੇਵਾਰੀ ਹੈ। ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਸੁਲੇਮਾਨ ਨੇ ਲਿਖਿਆ: “ਜੇ ਤੂੰ ਬੁੱਧਵਾਨ ਹੈਂ ਤਾਂ ਤੂੰ ਆਪਣੇ ਲਈ ਬੁੱਧਵਾਨ ਹੈਂ, ਪਰ ਜੇ ਤੂੰ ਮਖੌਲੀਆ ਹੈਂ ਤਾਂ ਤੂੰ ਇਕੱਲਾ ਹੀ ਉਹ ਨੂੰ ਚੁੱਕੇਂਗਾ।” (ਕਹਾਉਤਾਂ 9:12) ਬੁੱਧਵਾਨ ਆਪਣੇ ਫ਼ਾਇਦੇ ਵਾਸਤੇ ਬੁੱਧਵਾਨ ਬਣਦਾ ਹੈ, ਅਤੇ ਮਖੌਲੀਏ ਦਾ ਦੁੱਖ ਉਸ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਇਹ ਬਿਲਕੁਲ ਸੱਚ ਹੈ ਕਿ ਅਸੀਂ ਜੋ ਕੁਝ ਬੀਜਦੇ ਹਾਂ ਸੋਈਓ ਵੱਢਦੇ ਹਾਂ। ਇਸ ਕਰਕੇ ਆਓ ਆਪਾਂ ‘ਬੁੱਧ ਵੱਲ ਕੰਨ ਲਾਈਏ।’​—ਕਹਾਉਤਾਂ 2:2.

“ਮੂਰਖ ਤੀਵੀਂ ਬੜਬੋਲੀ ਹੈ”

ਬੁੱਧ ਦੀ ਤੁਲਨਾ ਵਿਚ ਮੂਰਖਤਾ ਦੀ ਗੱਲ ਕਰਦੇ ਹੋਏ, ਸੁਲੇਮਾਨ ਨੇ ਅੱਗੇ ਕਿਹਾ: “ਮੂਰਖ ਤੀਵੀਂ ਬੜਬੋਲੀ ਹੈ, ਉਹ ਭੋਲੀ ਹੈ ਤੇ ਕੁਝ ਜਾਣਦੀ ਹੀ ਨਹੀਂ। ਉਹ ਆਪਣੇ ਘਰ ਦੇ ਬੂਹੇ ਕੋਲ, ਅਤੇ ਨਗਰ ਦੇ ਉੱਚੀਂ ਥਾਈਂ ਮੂੜ੍ਹੇ ਉੱਤੇ ਬਹਿੰਦੀ ਹੈ, ਭਈ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ,—ਜਿਹੜਾ ਭੋਲਾ ਹੈ, ਉਹ ਉਰੇ ਆਵੇ!”​—ਕਹਾਉਤਾਂ 9:13-16ੳ.

ਮੂਰਖਤਾ ਨੂੰ ਇਕ ਆਵਾਰਾ, ਬੇਵਕੂਫ਼ ਅਤੇ ਸਿੱਧੜ ਤੀਵੀਂ ਵਜੋਂ ਦਰਸਾਇਆ ਗਿਆ ਹੈ। ਉਸ ਨੇ ਵੀ ਇਕ ਘਰ ਬਣਾਇਆ ਹੈ। ਅਤੇ ਉਸ ਨੇ ਸਾਰੇ ਭੋਲਿਆਂ ਨੂੰ ਸੱਦਣਾ ਸ਼ੁਰੂ ਕੀਤਾ ਹੈ। ਤਾਂ ਫਿਰ ਆਉਂਦੇ-ਜਾਂਦੇ ਰਾਹੀ ਚੁਣ ਸਕਦੇ ਹਨ ਕਿ ਉਹ ਕੀ ਕਰਨਗੇ। ਕੀ ਉਹ ਬੁੱਧ ਦੀ ਜਾਂ ਮੂਰਖਤਾ ਦੀ ਆਵਾਜ਼ ਵੱਲ ਕੰਨ ਲਾਉਣਗੇ?

“ਚੋਰੀ ਦਾ ਪਾਣੀ ਮਿੱਠਾ”

ਬੁੱਧ ਅਤੇ ਮੂਰਖਤਾ ਦੋਹਾਂ ਨੇ ਆਪਣੇ ਸੁਣਨ ਵਾਲਿਆਂ ਨੂੰ ‘ਉਰੇ ਆਉਣ’ ਲਈ ਹਾਕ ਮਾਰੀ ਹੈ। ਪਰ ਦੋਹਾਂ ਦੀ ਖਿੱਚ ਵੱਖੋ-ਵੱਖਰੀ ਹੈ। ਬੁੱਧ ਲੋਕਾਂ ਨੂੰ ਮੈ, ਮਾਸ, ਅਤੇ ਰੋਟੀ ਖਾਣ ਲਈ ਸੱਦਦੀ ਹੈ। ਪਰ ਮੂਰਖਤਾ ਦੀਆਂ ਗੱਲਾਂ ਸਾਨੂੰ ਬਦਚਲਣ ਔਰਤ ਦੀ ਯਾਦ ਦਿਲਾਉਂਦੀਆਂ ਹਨ। ਸੁਲੇਮਾਨ ਨੇ ਕਿਹਾ: “ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ, ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ!”​—ਕਹਾਉਤਾਂ 9:16ਅ, 17.

ਰਲਾਈ ਹੋਈ ਮੈ ਦੀ ਬਜਾਇ “ਮੂਰਖ ਤੀਵੀਂ” ਚੋਰੀ ਦਾ ਪਾਣੀ ਦਿੰਦੀ ਹੈ। (ਕਹਾਉਤਾਂ 9:13) ਬਾਈਬਲ ਵਿਚ ਆਪਣੀ ਪਿਆਰੀ ਪਤਨੀ ਨਾਲ ਸੰਗ ਕਰਨ ਦੇ ਆਨੰਦ ਨੂੰ ਤਾਜ਼ਗੀ ਦੇਣ ਵਾਲੇ ਪਾਣੀ ਨਾਲ ਦਰਸਾਇਆ ਗਿਆ ਹੈ। (ਕਹਾਉਤਾਂ 5:15-17) ਤਾਂ ਫਿਰ ਚੋਰੀ ਦੇ ਪਾਣੀ ਦਾ ਮਤਲਬ ਹੈ ਚੋਰੀ-ਛਿਪੇ ਵਿਭਚਾਰ ਕਰਨਾ। ਅਜਿਹੇ ਪਾਣੀ ਮਿੱਠੇ ਸੱਦੇ ਗਏ ਹਨ, ਯਾਨੀ ਮੈ ਨਾਲੋਂ ਵੀ ਚੰਗੇ, ਕਿਉਂਕਿ ਇਹ ਚੋਰੀ ਫੜੀ ਜਾਣ ਤੋਂ ਬਿਨਾਂ ਪੀਤੇ ਜਾਂਦੇ ਹਨ। ਲੁਕਵੀਂ ਰੋਟੀ ਫਿਰ ਬੁੱਧ ਦੇ ਮਾਸ ਅਤੇ ਰੋਟੀ ਨਾਲੋਂ ਮਜ਼ੇਦਾਰ ਦਿਖਾਈ ਗਈ ਹੈ ਸਿਰਫ਼ ਇਸ ਲਈ ਕਿ ਉਹ ਬੇਈਮਾਨੀ ਨਾਲ ਲਈ ਗਈ ਹੈ। ਮਨਾ ਕੀਤੀ ਗਈ ਕਿਸੇ ਲੁਕਵੀਂ ਚੀਜ਼ ਨੂੰ ਚੰਗੀ ਸਮਝਣਾ ਸੱਚ-ਮੁੱਚ ਮੂਰਖਤਾ ਦੇ ਬਰਾਬਰ ਹੈ।

ਬੁੱਧ ਦਾ ਸੱਦਾ ਜ਼ਿੰਦਗੀ ਦਾ ਵਾਅਦਾ ਕਰਦਾ ਹੈ, ਪਰ ਮੂਰਖ ਤੀਵੀਂ ਆਪਣੇ ਰਾਹਾਂ ਉੱਤੇ ਚੱਲਣ ਵਾਲਿਆਂ ਦੇ ਭਵਿੱਖ ਬਾਰੇ ਕੁਝ ਨਹੀਂ ਕਹਿੰਦੀ। ਪਰ ਸੁਲੇਮਾਨ ਨੇ ਚੇਤਾਵਨੀ ਦਿੱਤੀ ਸੀ: “ਪਰ ਉਸ ਰਾਹੀ ਨੂੰ ਪਤਾ ਨਹੀਂ ਜੋ ਉੱਥੇ ਭੂਤਨੇ ਹਨ, ਅਤੇ ਉਸ ਤੀਵੀਂ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ!” (ਕਹਾਉਤਾਂ 9:18) “ਮੂਰਖ ਤੀਵੀਂ ਦਾ ਘਰ ਮਕਾਨ ਨਹੀਂ ਪਰ ਇਕ ਕਬਰ ਹੈ,” ਇਕ ਵਿਦਵਾਨ ਨੇ ਲਿਖਿਆ। “ਜੇਕਰ ਤੁਸੀਂ ਉਸ ਦੇ ਅੰਦਰ ਜਾਓਗੇ ਤਾਂ ਤੁਸੀਂ ਜ਼ਿੰਦਾ ਬਾਹਰ ਨਹੀਂ ਨਿਕਲੋਗੇ।” ਜੇ ਤੁਸੀਂ ਬਦਚਲਣ ਤਰੀਕੇ ਵਿਚ ਆਪਣੀ ਜ਼ਿੰਦਗੀ ਗੁਜ਼ਾਰੋਗੇ ਤਾਂ ਮੌਤ ਦੇ ਦਰਵਾਜ਼ੇ ਤੇ ਹੀ ਪਹੁੰਚੋਗੇ।

ਯਿਸੂ ਮਸੀਹ ਨੇ ਕਿਹਾ ਸੀ ਕਿ “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ” (ਮੱਤੀ 7:13, 14) ਆਓ ਆਪਾਂ ਬੁੱਧ ਦੇ ਮੇਜ਼ ਤੋਂ ਹਮੇਸ਼ਾ ਖਾਂਦੇ ਰਹੀਏ ਅਤੇ ਜੀਉਣ ਦੇ ਰਾਹ ਉੱਤੇ ਚੱਲਣ ਵਾਲਿਆਂ ਵਿਚ ਗਿਣੇ ਜਾਈਏ।

[ਸਫ਼ੇ 31 ਉੱਤੇ ਤਸਵੀਰ]

ਬੁੱਧਵਾਨ ਬੰਦਾ ਤਾੜਨਾ ਕਬੂਲ ਕਰਦਾ ਹੈ

[ਸਫ਼ੇ 31 ਉੱਤੇ ਤਸਵੀਰ]

ਬੁੱਧ ਹਾਸਲ ਕਰਨੀ ਸਾਡੀ ਆਪਣੀ ਜ਼ਿੰਮੇਵਾਰੀ ਹੈ