Skip to content

Skip to table of contents

ਯਹੋਵਾਹ ਦੇ ਵੱਡਿਆਂ ਕੰਮਾਂ ਲਈ ਉਸ ਦੀ ਵਡਿਆਈ ਕਰੋ!

ਯਹੋਵਾਹ ਦੇ ਵੱਡਿਆਂ ਕੰਮਾਂ ਲਈ ਉਸ ਦੀ ਵਡਿਆਈ ਕਰੋ!

ਯਹੋਵਾਹ ਦੇ ਵੱਡਿਆਂ ਕੰਮਾਂ ਲਈ ਉਸ ਦੀ ਵਡਿਆਈ ਕਰੋ!

“ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ, . . . ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ।”​—ਲੂਕਾ 1:46-49.

1. ਅਸੀਂ ਕਿਨ੍ਹਾਂ ਵੱਡਿਆਂ ਕੰਮਾਂ ਲਈ ਉਚਿਤ ਤੌਰ ਤੇ ਯਹੋਵਾਹ ਦੀ ਵਡਿਆਈ ਕਰਦੇ ਹਾਂ?

ਯਹੋਵਾਹ ਵਡਿਆਈ ਦੇ ਯੋਗ ਹੈ ਕਿਉਂਕਿ ਉਸ ਨੇ ਵੱਡੇ ਕੰਮ ਕੀਤੇ ਹਨ। ਮੂਸਾ ਨਬੀ ਨੇ ਮਿਸਰ ਵਿੱਚੋਂ ਇਸਰਾਏਲ ਦੇ ਬਚ ਨਿਕਲਣ ਬਾਰੇ ਕਿਹਾ ਸੀ ਕਿ ‘ਤੁਹਾਡੀਆਂ ਹੀ ਅੱਖਾਂ ਨੇ ਯਹੋਵਾਹ ਦਾ ਸਾਰਾ ਵੱਡਾ ਕੰਮ ਵੇਖਿਆ ਹੈ।’ (ਬਿਵਸਥਾ ਸਾਰ 11:1-7) ਇਸੇ ਤਰ੍ਹਾਂ, ਜਦੋਂ ਜਿਬਰਾਏਲ ਦੂਤ ਨੇ ਕੁਆਰੀ ਮਰਿਯਮ ਨੂੰ ਯਿਸੂ ਦੇ ਜਨਮ ਬਾਰੇ ਦੱਸਿਆ, ਤਾਂ ਮਰਿਯਮ ਨੇ ਕਿਹਾ: “ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ . . . ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ।” (ਲੂਕਾ 1:46-49) ਯਹੋਵਾਹ ਦੇ ਗਵਾਹਾਂ ਵਜੋਂ, ਅਸੀਂ ਉਸ ਦੀ ਵਡਿਆਈ ਕਰਦੇ ਹਾਂ ਕਿਉਂਕਿ ਉਸ ਨੇ ਵੱਡੇ-ਵੱਡੇ ਕੰਮ ਕੀਤੇ ਹਨ, ਜਿਵੇਂ ਕਿ ਉਸ ਨੇ ਮਿਸਰੀ ਗ਼ੁਲਾਮੀ ਵਿੱਚੋਂ ਇਸਰਾਏਲ ਨੂੰ ਬਚਾਇਆ ਅਤੇ ਆਪਣੇ ਪਿਆਰੇ ਪੁੱਤਰ ਨੂੰ ਮਰਿਯਮ ਦੀ ਕੁੱਖ ਵਿਚ ਪਾਇਆ।

2. (ੳ) ਪਰਮੇਸ਼ੁਰ ਦੀ “ਸਦੀਪਕ ਮਨਸ਼ਾ,” ਜਾਂ ਉਸ ਦੇ ਮਕਸਦ ਦਾ ਆਗਿਆਕਾਰ ਮਨੁੱਖਾਂ ਲਈ ਕੀ ਮਤਲਬ ਹੈ? (ਅ) ਪਾਤਮੁਸ ਨਾਂ ਦੇ ਟਾਪੂ ਤੇ ਯੂਹੰਨਾ ਨੇ ਕੀ ਅਨੁਭਵ ਕੀਤਾ ਸੀ?

2 ਯਹੋਵਾਹ ਦੇ ਕਈਆਂ ਵੱਡਿਆਂ ਕੰਮਾਂ ਦਾ ਸੰਬੰਧ ਉਸ ਦੀ “ਸਦੀਪਕ ਮਨਸ਼ਾ” ਨਾਲ ਜੋੜਿਆ ਗਿਆ ਹੈ। (ਅਫ਼ਸੀਆਂ 3:8-13) ਇਹ ਮਨਸ਼ਾ, ਜਾਂ ਮਕਸਦ ਮਸੀਹਾ ਅਤੇ ਉਸ ਦੇ ਰਾਜ ਰਾਹੀਂ ਆਗਿਆਕਾਰ ਮਨੁੱਖਾਂ ਨੂੰ ਬਰਕਤਾਂ ਦੇਣ ਦਾ ਹੈ। ਇਹ ਉਦੋਂ ਹੌਲੀ-ਹੌਲੀ ਪ੍ਰਗਟ ਕੀਤਾ ਗਿਆ ਸੀ ਜਦੋਂ ਬਿਰਧ ਯੂਹੰਨਾ ਰਸੂਲ ਦਰਸ਼ਣ ਰਾਹੀਂ ਅਕਾਸ਼ ਵਿਚ ਇਕ ਖੁੱਲ੍ਹੇ ਦਰਵਾਜ਼ੇ ਵਿਚ ਦੀ ਦੇਖ ਸਕਿਆ। ਉਸ ਨੇ ਅੰਦਰੋਂ ਤੁਰ੍ਹੀ ਵਰਗੀ ਇਹ ਆਵਾਜ਼ ਸੁਣੀ: “ਐਧਰ ਉਤਾਹਾਂ ਨੂੰ ਆ ਜਾਹ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਵਾਂ।” (ਪਰਕਾਸ਼ ਦੀ ਪੋਥੀ 4:1) ਜਦੋਂ ਰੋਮੀ ਸਰਕਾਰ ਨੇ ਯੂਹੰਨਾ ਨੂੰ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ” ਬੰਦੀ ਬਣਾ ਕੇ ਪਾਤਮੁਸ ਨਾਂ ਦੇ ਟਾਪੂ ਨੂੰ ਭੇਜਿਆ ਸੀ ਤਾਂ ਉਸ ਨੂੰ ਉੱਥੇ “ਯਿਸੂ ਮਸੀਹ ਦਾ ਪਰਕਾਸ਼” ਦਿੱਤਾ ਗਿਆ ਸੀ। ਜੋ ਗੱਲਾਂ ਰਸੂਲ ਨੇ ਦੇਖੀਆਂ ਅਤੇ ਸੁਣੀਆਂ ਸਨ ਉਨ੍ਹਾਂ ਤੋਂ ਉਸ ਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਬਹੁਤ ਕੁਝ ਪਤਾ ਲੱਗਾ ਅਤੇ ਉਨ੍ਹਾਂ ਤੋਂ ਸਾਰਿਆਂ ਮਸੀਹੀਆਂ ਨੂੰ ਰੂਹਾਨੀ ਸਮਝ ਅਤੇ ਹੌਸਲਾ ਮਿਲਦਾ ਹੈ।​—ਪਰਕਾਸ਼ ਦੀ ਪੋਥੀ 1:1, 9, 10.

3. ਯੂਹੰਨਾ ਦੇ ਦਰਸ਼ਣ ਦੇ 24 ਬਜ਼ੁਰਗ ਕਿਨ੍ਹਾਂ ਨੂੰ ਦਰਸਾਉਂਦੇ ਹਨ?

3 ਸਵਰਗ ਵਿਚ ਉਸ ਖੁੱਲ੍ਹੇ ਦਰਵਾਜ਼ੇ ਵਿਚ ਦੀ ਯੂਹੰਨਾ ਨੇ 24 ਬਜ਼ੁਰਗ ਦੇਖੇ ਸਨ, ਜੋ ਰਾਜ ਗੱਦੀਆਂ ਉੱਤੇ ਬੈਠੇ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਮੁਕਟ ਸਨ। ਉਨ੍ਹਾਂ ਨੇ ਪਰਮੇਸ਼ੁਰ ਸਾਮ੍ਹਣੇ ਮੱਥਾ ਟੇਕ ਕੇ ਕਿਹਾ ਕਿ “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” (ਪਰਕਾਸ਼ ਦੀ ਪੋਥੀ 4:11) ਇਹ ਬਜ਼ੁਰਗ ਉਨ੍ਹਾਂ ਸਾਰਿਆਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦੇ ਹਨ, ਜੋ ਸਵਰਗ ਨੂੰ ਜੀ ਉਠਾਏ ਗਏ ਹਨ। ਉਹ ਹੁਣ ਉਸ ਉੱਚੇ ਦਰਜੇ ਦਾ ਆਨੰਦ ਮਾਣਦੇ ਹਨ ਜਿਸ ਦਾ ਯਹੋਵਾਹ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ। ਉਹ ਸ੍ਰਿਸ਼ਟੀ ਦੀਆਂ ਵਧੀਆ ਚੀਜ਼ਾਂ ਦੇਖ ਕੇ ਯਹੋਵਾਹ ਦੇ ਗੁਣ ਗਾ ਰਹੇ ਸਨ। ਅਸੀਂ ਵੀ ‘ਪਰਮੇਸ਼ੁਰ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ’ ਦਾ ਸਬੂਤ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹਾਂ। (ਰੋਮੀਆਂ 1:20) ਅਤੇ ਜਿੰਨਾ ਜ਼ਿਆਦਾ ਅਸੀਂ ਯਹੋਵਾਹ ਬਾਰੇ ਸਿੱਖਦੇ ਹਾਂ ਸਾਡੇ ਕੋਲ ਉਸ ਦੇ ਵੱਡਿਆਂ ਕੰਮਾਂ ਲਈ ਉਸ ਦੀ ਵਡਿਆਈ ਕਰਨ ਦੇ ਉੱਨੇ ਜ਼ਿਆਦਾ ਕਾਰਨ ਹੁੰਦੇ ਹਨ।

ਯਹੋਵਾਹ ਦੇ ਵਧੀਆ ਕੰਮਾਂ ਦਾ ਪ੍ਰਚਾਰ ਕਰੋ!

4, 5. ਦਾਊਦ ਨੇ ਯਹੋਵਾਹ ਦੀ ਵਡਿਆਈ ਕਿਸ ਤਰ੍ਹਾਂ ਕੀਤੀ ਸੀ?

4 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਪਰਮੇਸ਼ੁਰ ਦੇ ਵੱਡਿਆਂ ਕੰਮਾਂ ਲਈ ਉਸ ਦੀ ਉਸਤਤ ਕੀਤੀ ਸੀ। ਮਿਸਾਲ ਲਈ, ਦਾਊਦ ਨੇ ਗੀਤ ਗਾਇਆ ਕਿ “ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ। ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉਠਾ ਲੈਂਦਾ ਹੈਂ, ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਿਗਾਹ ਕਰ, ਤਾਂ ਜੋ ਮੈਂ ਸੀਯੋਨ ਦੀ ਧੀ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾਂ।” (ਜ਼ਬੂਰ 9:11, 13, 14) ਆਪਣੇ ਪੁੱਤਰ ਸੁਲੇਮਾਨ ਨੂੰ ਹੈਕਲ ਦਾ ਨਕਸ਼ਾ ਦੇਣ ਤੋਂ ਬਾਅਦ ਦਾਊਦ ਨੇ ਇਹ ਕਹਿੰਦੇ ਹੋਏ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਦੀ ਵਡਿਆਈ ਵਿਚ ਕਿਹਾ: “ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ . . . ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ। . . . ਹੁਣ ਇਸ ਲਈ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ।”​—1 ਇਤਹਾਸ 29:10-13.

5 ਬਾਈਬਲ ਸਾਨੂੰ ਵਾਰ-ਵਾਰ ਯਾਦ ਕਰਾਉਂਦੀ ਹੈ ਕਿ ਸਾਨੂੰ ਪਰਮੇਸ਼ੁਰ ਦੇ ਅਸਚਰਜ ਕੰਮਾਂ ਲਈ ਉਸ ਦੇ ਗੁਣ ਗਾਉਣੇ ਚਾਹੀਦੇ ਹਨ, ਜਿਵੇਂ ਦਾਊਦ ਨੇ ਗਾਏ ਸਨ। ਜ਼ਬੂਰਾਂ ਦੀ ਪੋਥੀ ਵਿਚ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ ਅੱਧੇ ਕੁ ਗੀਤ ਦਾਊਦ ਦੁਆਰਾ ਲਿਖੇ ਗਏ ਸਨ। ਉਹ ਲਗਾਤਾਰ ਯਹੋਵਾਹ ਦੀ ਵਡਿਆਈ ਅਤੇ ਉਸ ਦਾ ਧੰਨਵਾਦ ਕਰਦਾ ਸੀ। (ਜ਼ਬੂਰ 69:30) ਇਸ ਤੋਂ ਇਲਾਵਾ, ਬਹੁਤ ਚੀਰ ਤੋਂ ਦਾਊਦ ਦੇ ਅਤੇ ਹੋਰਨਾਂ ਦੇ ਗੀਤ ਯਹੋਵਾਹ ਦੀ ਵਡਿਆਈ ਕਰਨ ਵਿਚ ਵਰਤੇ ਗਏ ਹਨ।

6. ਜ਼ਬੂਰਾਂ ਦੇ ਸ਼ਬਦ ਸਾਡੇ ਲਈ ਲਾਭਦਾਇਕ ਕਿਸ ਤਰ੍ਹਾਂ ਸਾਬਤ ਹੁੰਦੇ ਹਨ?

6 ਜ਼ਬੂਰਾਂ ਦੀ ਪੋਥੀ ਯਹੋਵਾਹ ਦੇ ਉਪਾਸਕਾਂ ਲਈ ਬਹੁਤ ਹੀ ਲਾਭਦਾਇਕ ਹੈ! ਜਦੋਂ ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਉਸ ਨੇ ਸਾਡੇ ਫ਼ਾਇਦੇ ਲਈ ਕੀਤੀਆਂ ਹਨ ਤਾਂ ਸਾਡਾ ਧਿਆਨ ਸ਼ਾਇਦ ਜ਼ਬੂਰਾਂ ਦੀ ਪੋਥੀ ਵਿਚ ਲਿਖੀਆਂ ਗਈਆਂ ਸੋਹਣੀਆਂ ਗੱਲਾਂ ਵੱਲ ਖਿੱਚਿਆ ਜਾਵੇ। ਮਿਸਾਲ ਲਈ, ਸਵੇਰ ਨੂੰ ਉੱਠਦੇ ਸਮੇਂ ਸ਼ਾਇਦ ਅਸੀਂ ਇਸ ਤਰ੍ਹਾਂ ਯਹੋਵਾਹ ਦੇ ਗੁਣ ਗਾਉਣ ਲਈ ਪ੍ਰੇਰਿਤ ਹੋਈਏ: “ਯਹੋਵਾਹ ਦਾ ਧੰਨਵਾਦ ਕਰਨਾ, ਅਤੇ, ਹੇ ਅੱਤ ਮਹਾਨ, ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ, ਨਾਲੇ ਸਵੇਰ ਨੂੰ ਤੇਰੀ ਦਯਾ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ, . . . ਹੇ ਯਹੋਵਾਹ, ਤੈਂ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਦੇ ਕਾਰਨ ਮੈਂ ਜੈਕਾਰਾ ਗਜਾਵਾਂਗਾ।” (ਜ਼ਬੂਰ 92:1-4) ਜਦੋਂ ਅਸੀਂ ਆਪਣੀ ਰੂਹਾਨੀ ਤਰੱਕੀ ਵਿਚ ਸਫ਼ਲਤਾ ਨਾਲ ਕਿਸੇ ਕਿਸਮ ਦੀ ਸਮੱਸਿਆ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਖ਼ੁਸ਼ੀ ਨਾਲ ਪ੍ਰਾਰਥਨਾ ਰਾਹੀਂ ਯਹੋਵਾਹ ਦਾ ਧੰਨਵਾਦ ਇਨ੍ਹਾਂ ਸ਼ਬਦਾਂ ਨਾਲ ਕਰ ਸਕਦੇ ਹਾਂ: “ਆਓ, ਅਸੀਂ ਯਹੋਵਾਹ ਲਈ ਜੈਕਾਰਾ ਗਜਾਈਏ, ਅਤੇ ਆਪਣੀ ਮੁਕਤ ਦੀ ਚਟਾਨ ਲਈ ਨਾਰਾ ਮਾਰੀਏ! ਧੰਨਵਾਦ ਕਰਦਿਆਂ ਉਹ ਦੇ ਹਜ਼ੂਰ ਵਿੱਚ, ਉਹ ਦੇ ਲਈ ਭਜਨਾਂ ਦੇ ਨਾਰੇ ਮਾਰਦਿਆਂ ਚੱਲੀਏ!”​—ਜ਼ਬੂਰ 95:1, 2.

7. (ੳ) ਮਸੀਹੀਆਂ ਦੁਆਰਾ ਗਾਏ ਗਏ ਗੀਤਾਂ ਬਾਰੇ ਕਿਹੜੀ ਧਿਆਨ ਦੇਣ ਵਾਲੀ ਗੱਲ ਹੈ? (ਅ) ਸਭਾਵਾਂ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਅੰਤ ਤਕ ਰੁਕਣ ਦਾ ਇਕ ਕਾਰਨ ਕੀ ਹੈ?

7 ਅਸੀਂ ਅਕਸਰ ਕਲੀਸਿਯਾ ਦੀਆਂ ਸਭਾਵਾਂ ਅਤੇ ਸੰਮੇਲਨਾਂ ਤੇ ਗੀਤ ਗਾ ਕੇ ਯਹੋਵਾਹ ਦੀ ਉਸਤਤ ਕਰਦੇ ਹਾਂ। ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਕਈ ਗੀਤ ਜ਼ਬੂਰਾਂ ਦੀ ਪੋਥੀ ਤੋਂ ਲਏ ਗਏ ਹਨ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ਕੋਲ ਯਹੋਵਾਹ ਦੀ ਉਸਤਤ ਕਰਨ ਲਈ ਸੋਹਣੇ-ਸੋਹਣੇ ਗੀਤ ਹਨ! ਕਿੰਨਾ ਵਧੀਆ ਹੋਵੇਗਾ ਜੇਕਰ ਅਸੀਂ ਸਭਾਵਾਂ ਵਿਚ ਸ਼ੁਰੂ ਤੋਂ ਲੈ ਕੇ ਆਖ਼ਰੀ ਪ੍ਰਾਰਥਨਾ ਤਕ ਰੁਕੀਏ ਤਾਂਕਿ ਅਸੀਂ ਪਰਮੇਸ਼ੁਰ ਦੀ ਉਸਤਤ ਵਿਚ ਗੀਤ ਗਾ ਸਕੀਏ। ਇਸ ਤਰ੍ਹਾਂ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਨਾਲ ਗੀਤ ਅਤੇ ਪ੍ਰਾਰਥਨਾ ਦੁਆਰਾ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ।

“ਹਲਲੂਯਾਹ!”

8. ਸ਼ਬਦ “ਹਲਲੂਯਾਹ” ਦਾ ਕੀ ਅਰਥ ਹੈ ਅਤੇ ਆਮ ਤੌਰ ਤੇ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਜਾਂਦਾ ਹੈ?

8 ਇਬਰਾਨੀ ਸ਼ਬਦ “ਹਲਲੂਯਾਹ” ਦਾ ਅਰਥ ਯਹੋਵਾਹ ਦੀ ਵਡਿਆਈ ਕਰੋ ਹੈ। ਅਕਸਰ ਇਸ ਸ਼ਬਦ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾਂਦਾ ਹੈ: “ਯਾਹ ਦੀ ਉਸਤਤ ਕਰੋ!” ਮਿਸਾਲ ਲਈ, ਜ਼ਬੂਰਾਂ ਦੀ ਪੋਥੀ 135:1-3 ਵਿਚ ਸਾਨੂੰ ਯਹੋਵਾਹ ਦੀ ਉਸਤਤ ਕਰਨ ਲਈ ਕਿਹਾ ਜਾਂਦਾ ਹੈ: “ਹਲਲੂਯਾਹ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ! ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, ਸਾਡੇ ਪਰਮੇਸ਼ੁਰ ਦੇ ਭਵਨ ਦੀਆਂ ਬਾਰਗਾਹਾਂ ਵਿੱਚ ਖੜੇ ਰਹਿੰਦੇ ਹੋ, ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਏਹ ਸੋਹਣਾ ਹੈ!”

9. ਯਹੋਵਾਹ ਦੀ ਵਡਿਆਈ ਕਰਨ ਲਈ ਸਾਨੂੰ ਕਿਹੜੀਆਂ ਗੱਲਾਂ ਪ੍ਰੇਰਦੀਆਂ ਹਨ?

9 ਜਦੋਂ ਅਸੀਂ ਪਰਮੇਸ਼ੁਰ ਦੀ ਸ੍ਰਿਸ਼ਟੀ ਵੱਲ ਅਤੇ ਉਨ੍ਹਾਂ ਕੰਮਾਂ ਵੱਲ ਦੇਖਦੇ ਹਾਂ ਜੋ ਉਹ ਸਾਡੇ ਲਈ ਕਰਦਾ ਹੈ, ਤਾਂ ਸਾਡੇ ਦਿਲ ਕਦਰ ਨਾਲ ਭਰ ਜਾਂਦੇ ਹਨ ਅਤੇ ਅਸੀਂ ਉਸ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਜਦੋਂ ਅਸੀਂ ਉਨ੍ਹਾਂ ਚਮਤਕਾਰੀ ਕੰਮਾਂ ਵੱਲ ਧਿਆਨ ਦਿੰਦੇ ਹਾਂ ਜੋ ਯਹੋਵਾਹ ਨੇ ਪਿਛਲੇ ਜ਼ਮਾਨੇ ਵਿਚ ਆਪਣੇ ਲੋਕਾਂ ਲਈ ਕੀਤੇ ਸਨ, ਤਾਂ ਸਾਡੇ ਦਿਲ ਉਸ ਦਾ ਧੰਨਵਾਦ ਕਰਨ ਲਈ ਪ੍ਰੇਰਿਤ ਹੁੰਦੇ ਹਨ। ਅਤੇ ਜਦੋਂ ਅਸੀਂ ਉਨ੍ਹਾਂ ਵੱਡਿਆਂ ਕੰਮਾਂ ਉੱਤੇ ਮਨਨ ਕਰਦੇ ਹਾਂ ਜਿਨ੍ਹਾਂ ਦਾ ਯਹੋਵਾਹ ਨੇ ਵਾਅਦਾ ਕੀਤਾ ਹੈ, ਤਾਂ ਅਸੀਂ ਉਸ ਦੀ ਵਡਿਆਈ ਅਤੇ ਧੰਨਵਾਦ ਕਰਨ ਦੇ ਤਰੀਕੇ ਭਾਲਦੇ ਹਾਂ।

10, 11. ਸਾਡਾ ਜੀਵਨ ਯਹੋਵਾਹ ਦੀ ਵਡਿਆਈ ਕਰਨ ਦਾ ਕਾਰਨ ਕਿਉਂ ਹੈ?

10 ਸਾਡਾ ਜੀਵਨ ਯਹੋਵਾਹ ਦੀ ਵਡਿਆਈ ਕਰਨ ਦਾ ਇਕ ਵੱਡਾ ਕਾਰਨ ਹੈ। ਦਾਊਦ ਨੇ ਗਾਇਆ: “[ਹੇ ਯਹੋਵਾਹ] ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰ 139:14) ਜੀ ਹਾਂ, ਅਸੀਂ “ਅਚਰਜ” ਤਰੀਕੇ ਵਿਚ ਬਣਾਏ ਗਏ ਹਾਂ ਅਤੇ ਸਾਨੂੰ ਦੇਖਣ, ਸੁਣਨ, ਅਤੇ ਸੋਚਣ ਵਰਗੀਆਂ ਵਧੀਆ ਯੋਗਤਾਵਾਂ ਦਿੱਤੀਆਂ ਗਈਆਂ ਹਨ। ਇਸ ਲਈ, ਕੀ ਸਾਨੂੰ ਆਪਣੀ ਜ਼ਿੰਦਗੀ ਆਪਣੇ ਕਰਤਾਰ ਦੀ ਵਡਿਆਈ ਕਰਨ ਵਿਚ ਨਹੀਂ ਗੁਜ਼ਾਰਨੀ ਚਾਹੀਦੀ? ਪੌਲੁਸ ਰਸੂਲ ਨੇ ਇਸ ਤਰ੍ਹਾਂ ਸੋਚਿਆ ਸੀ ਜਦੋਂ ਉਸ ਨੇ ਲਿਖਿਆ ਕਿ “ਭਾਵੇਂ ਤੁਸੀਂ ਖਾਂਦੇ ਭਾਵੇਂ ਪਿੰਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”​—1 ਕੁਰਿੰਥੀਆਂ 10:31.

11 ਜੇ ਅਸੀਂ ਸੱਚ-ਮੁੱਚ ਯਹੋਵਾਹ ਨਾਲ ਪਿਆਰ ਕਰਦੇ ਹਾਂ ਤਾਂ ਅਸੀਂ ਸਭ ਕੁਝ ਉਸ ਦੀ ਵਡਿਆਈ ਲਈ ਕਰਾਂਗੇ। ਯਿਸੂ ਨੇ ਕਿਹਾ ਸੀ ਕਿ ਪਹਿਲਾ ਹੁਕਮ ਇਹ ਹੈ ਕਿ “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30; ਬਿਵਸਥਾ ਸਾਰ 6:5) ਜੀ ਹਾਂ, ਸਾਨੂੰ ਸੱਚ-ਮੁੱਚ ਆਪਣੇ ਕਰਤਾਰ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ‘ਹਰੇਕ ਚੰਗੇ ਦਾਨ ਅਤੇ ਹਰੇਕ ਪੂਰਨ ਦਾਤ’ ਲਈ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ। (ਯਾਕੂਬ 1:17; ਯਸਾਯਾਹ 51:13; ਰਸੂਲਾਂ ਦੇ ਕਰਤੱਬ 17:28) ਇਸ ਤਰ੍ਹਾਂ ਕਰਨਾ ਉਚਿਤ ਹੈ ਕਿਉਂਕਿ ਸਾਡੀ ਸੋਚਣ ਦੀ ਸ਼ਕਤੀ, ਰੂਹਾਨੀ ਯੋਗਤਾ, ਅਤੇ ਸਰੀਰਕ ਤਾਕਤ, ਯਾਨੀ ਸਾਡੇ ਸਾਰੇ ਗੁਣ ਅਤੇ ਸਾਡੀਆਂ ਸਾਰੀਆਂ ਯੋਗਤਾਵਾਂ ਯਹੋਵਾਹ ਤੋਂ ਹੀ ਹਨ। ਸਾਡੇ ਕਰਤਾਰ ਵਜੋਂ ਉਹ ਸਾਡੇ ਪਿਆਰ ਅਤੇ ਵਡਿਆਈ ਦੇ ਲਾਇਕ ਹੈ!

12. ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਅਤੇ ਜ਼ਬੂਰ 40:5 ਦੇ ਸ਼ਬਦਾਂ ਬਾਰੇ ਤੁਸੀਂ ਕੀ ਸੋਚਦੇ ਹੋ?

12 ਯਹੋਵਾਹ ਦੇ ਅਦਭੁਤ ਕੰਮ ਸਾਨੂੰ ਉਸ ਨਾਲ ਪਿਆਰ ਕਰਨ ਅਤੇ ਉਸ ਦੀ ਵਡਿਆਈ ਕਰਨ ਦੇ ਅਣਗਿਣਤ ਕਾਰਨ ਦਿੰਦੇ ਹਨ! ਦਾਊਦ ਨੇ ਗਾਇਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂਰ 40:5) ਦਾਊਦ ਯਹੋਵਾਹ ਦੇ ਸਾਰੇ ਅਸਚਰਜ ਕੰਮਾਂ ਨੂੰ ਨਹੀਂ ਗਿਣ ਸਕਦਾ ਸੀ ਅਤੇ ਨਾ ਹੀ ਅਸੀਂ ਗਿਣ ਸਕਦੇ ਹਾਂ। ਪਰ ਜਦੋਂ ਵੀ ਯਹੋਵਾਹ ਦੇ ਅਸਚਰਜ ਕੰਮਾਂ ਵੱਲ ਸਾਡਾ ਧਿਆਨ ਖਿੱਚਿਆ ਜਾਂਦਾ ਹੈ ਤਾਂ ਆਓ ਆਪਾਂ ਉਸ ਦੀ ਵਡਿਆਈ ਕਰੀਏ।

ਪਰਮੇਸ਼ੁਰ ਦੇ ਮਕਸਦ ਨਾਲ ਸੰਬੰਧ ਰੱਖਣ ਵਾਲੇ ਉਸ ਦੇ ਕੰਮ

13. ਸਾਡੀ ਉਮੀਦ ਪਰਮੇਸ਼ੁਰ ਦੇ ਵੱਡਿਆਂ ਕੰਮਾਂ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ?

13 ਭਵਿੱਖ ਲਈ ਸਾਡੀ ਉਮੀਦ ਪਰਮੇਸ਼ੁਰ ਦੇ ਮਕਸਦ ਦੇ ਵੱਡੇ ਕੰਮਾਂ ਨਾਲ ਜੁੜੀ ਹੋਈ ਹੈ। ਅਦਨ ਵਿਚ ਹੋਈ ਬਗਾਵਤ ਤੋਂ ਬਾਅਦ ਯਹੋਵਾਹ ਨੇ ਉਮੀਦ ਦੀ ਪਹਿਲੀ ਭਵਿੱਖਬਾਣੀ ਕੀਤੀ ਸੀ। ਯਹੋਵਾਹ ਨੇ ਸ਼ਤਾਨ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਜਦੋਂ ਯਹੋਵਾਹ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ, ਉਸ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਬਚਾਉਣ ਦਾ ਵੱਡਾ ਕੰਮ ਕੀਤਾ। (2 ਪਤਰਸ 2:5) ਇਸ ਘਟਨਾ ਤੋਂ ਬਾਅਦ ਵੀ ਵਾਅਦਾ ਕੀਤੀ ਗਈ ਸੰਤਾਨ ਦੀ ਉਮੀਦ ਵਫ਼ਾਦਾਰ ਇਨਸਾਨਾਂ ਦੇ ਦਿਲਾਂ ਵਿਚ ਜ਼ਿੰਦਾ ਰਹੀ। ਅਬਰਾਹਾਮ ਅਤੇ ਦਾਊਦ ਵਰਗੇ ਵਫ਼ਾਦਾਰ ਬੰਦਿਆਂ ਰਾਹੀਂ ਯਹੋਵਾਹ ਨੇ ਸਮਝਾਇਆ ਕਿ ਉਹ ਭਵਿੱਖ ਵਿਚ ਆਪਣੀ ਸੰਤਾਨ ਰਾਹੀਂ ਕੀ-ਕੀ ਕਰੇਗਾ।​—ਉਤਪਤ 22:15-18; 2 ਸਮੂਏਲ 7:12.

14. ਯਹੋਵਾਹ ਨੇ ਮਨੁੱਖਜਾਤੀ ਲਈ ਕਿਹੜਾ ਸਭ ਤੋਂ ਅਸਚਰਜ ਕੰਮ ਕੀਤਾ ਹੈ?

14 ਯਹੋਵਾਹ ਨੇ ਮਨੁੱਖਾਂ ਲਈ ਸਭ ਤੋਂ ਅਸਚਰਜ ਕੰਮ ਉਦੋਂ ਕੀਤਾ ਜਦੋਂ ਉਸ ਨੇ ਆਪਣੇ ਇਕਲੌਤੇ ਪੁੱਤਰ, ਯਾਨੀ ਵਾਅਦਾ ਕੀਤੀ ਗਈ ਸੰਤਾਨ, ਯਿਸੂ ਮਸੀਹ ਨੂੰ ਰਿਹਾਈ ਦੇ ਬਲੀਦਾਨ ਵਜੋਂ ਪੇਸ਼ ਕੀਤਾ। (ਯੂਹੰਨਾ 3:16; ਰਸੂਲਾਂ ਦੇ ਕਰਤੱਬ 2:29-36) ਰਿਹਾਈ ਦੀ ਇਸ ਕੀਮਤ ਨੇ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦੀ ਬੁਨਿਆਦ ਸਥਾਪਿਤ ਕੀਤੀ। (ਮੱਤੀ 20:28; ਰੋਮੀਆਂ 5:11) ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਯਹੋਵਾਹ ਨੇ ਉਨ੍ਹਾਂ ਦੀ ਇਕ ਮਸੀਹੀ ਕਲੀਸਿਯਾ ਸਥਾਪਿਤ ਕੀਤੀ ਜਿਨ੍ਹਾਂ ਨੇ ਉਸ ਨਾਲ ਸੁਲ੍ਹਾ ਕੀਤੀ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਨੇ ਚਾਰੇ ਪਾਸੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਕਿ ਯਿਸੂ ਦੀ ਮੌਤ ਅਤੇ ਉਸ ਦੇ ਜੀ ਉੱਠਣ ਨੇ ਆਗਿਆਕਾਰ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਸਵਰਗੀ ਰਾਜ ਅਧੀਨ ਸਦਾ ਲਈ ਬਰਕਤਾਂ ਹਾਸਲ ਕਰਨ ਦਾ ਰਾਹ ਖੋਲ੍ਹਿਆ ਹੈ।

15. ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਕਿਹੜੇ ਵਧੀਆ ਤਰੀਕੇ ਵਿਚ ਕੰਮ ਕੀਤਾ ਹੈ?

15 ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਇਕ ਵਧੀਆ ਤਰੀਕੇ ਵਿਚ ਆਖ਼ਰੀ ਮਸਹ ਕੀਤੇ ਹੋਏ ਮਸੀਹੀ ਇਕੱਠੇ ਕੀਤੇ ਹਨ। ਤਬਾਹੀ ਦੀਆਂ ਪੌਣਾਂ ਫੜ ਕੇ ਰੱਖੀਆਂ ਗਈਆਂ ਹਨ ਤਾਂਕਿ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਵਾਲੇ 1,44,000 ਦੇ ਬਾਕੀ ਬਚੇ ਹੋਇਆਂ ਉੱਤੇ ਮੋਹਰ ਲਗਾਈ ਜਾ ਸਕੇ। (ਪਰਕਾਸ਼ ਦੀ ਪੋਥੀ 7:1-4; 20:6) ਯਹੋਵਾਹ ਨੇ ਨਿਸ਼ਚਿਤ ਕੀਤਾ ਕਿ ਮਸਹ ਕੀਤੇ ਹੋਏ ਮਸੀਹੀਆਂ ਨੂੰ ਰੂਹਾਨੀ ਤੌਰ ਤੇ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕੀਤਾ ਜਾਵੇ। (ਪਰਕਾਸ਼ ਦੀ ਪੋਥੀ 17:1-5) ਸਾਲ 1919 ਵਿਚ ਉਸ ਮੁਕਤੀ ਤੋਂ ਲੈ ਕੇ ਈਸ਼ਵਰੀ ਸੁਰੱਖਿਆ ਦੇ ਅਧੀਨ ਮਸਹ ਕੀਤੇ ਹੋਇਆਂ ਦਾ ਬਕੀਆ ਕੀ ਕਰ ਸਕਿਆ ਹੈ? ਉਹ ਕੌਮਾਂ ਨੂੰ ਆਖ਼ਰੀ ਗਵਾਹੀ ਦੇ ਸਕਿਆ ਹੈ, ਕਿਉਂਕਿ ਯਹੋਵਾਹ ਬਹੁਤ ਜਲਦੀ ਵੱਡੀ ਬਿਪਤਾ ਰਾਹੀਂ ਸ਼ਤਾਨ ਦੇ ਇਸ ਦੁਸ਼ਟ ਸੰਸਾਰ ਦਾ ਅੰਤ ਲਿਆਉਣ ਵਾਲਾ ਹੈ।​—ਮੱਤੀ 24:21; ਦਾਨੀਏਲ 12:3; ਪਰਕਾਸ਼ ਦੀ ਪੋਥੀ 7:14.

16. ਸੰਸਾਰ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਾਰਨ ਕੀ ਹੋ ਰਿਹਾ ਹੈ?

16 ਯਹੋਵਾਹ ਦੇ ਮਸਹ ਕੀਤੇ ਹੋਏ ਗਵਾਹਾਂ ਨੇ ਜੋਸ਼ ਨਾਲ ਸੰਸਾਰ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਅੱਗੇ ਵਧਾਇਆ ਹੈ। ਨਤੀਜੇ ਵਜੋਂ ਬਹੁਤ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਹਨ ਅਤੇ ‘ਹੋਰ ਭੇਡਾਂ’ ਵਿਚ ਸ਼ਾਮਲ ਹੋ ਗਏ ਹਨ। (ਯੂਹੰਨਾ 10:16) ਅਸੀਂ ਖ਼ੁਸ਼ ਹੁੰਦੇ ਹਾਂ ਕਿ ਹਾਲੇ ਵੀ ਧਰਤੀ ਦੇ ਹਲੀਮ ਲੋਕਾਂ ਕੋਲ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰਨ ਦਾ ਮੌਕਾ ਹੈ। ਜੋ ਵੀ ਯਹੋਵਾਹ ਦੀ ਭਗਤੀ ਕਰਨ ਦੇ ਸੱਦੇ ਨੂੰ ਕਬੂਲ ਕਰਦੇ ਹਨ ਉਹ ਵੱਡੀ ਬਿਪਤਾ ਵਿੱਚੋਂ ਬਚਾਏ ਜਾਣਗੇ ਅਤੇ ਉਹ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਵਡਿਆਈ ਕਰ ਸਕਣਗੇ।​—ਪਰਕਾਸ਼ ਦੀ ਪੋਥੀ 22:17.

ਹਜ਼ਾਰਾਂ ਹੀ ਲੋਕ ਸੱਚੀ ਭਗਤੀ ਵੱਲ ਆਉਂਦੇ ਹਨ

17. (ੳ) ਸਾਡੇ ਪ੍ਰਚਾਰ ਦੇ ਕੰਮ ਦੇ ਸੰਬੰਧ ਵਿਚ ਯਹੋਵਾਹ ਕਿਸ ਤਰ੍ਹਾਂ ਵੱਡੇ-ਵੱਡੇ ਕੰਮ ਕਰ ਰਿਹਾ ਹੈ? (ਅ) ਜ਼ਕਰਯਾਹ 8:23 ਦੀ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋ ਰਹੀ ਹੈ?

17 ਸਾਡੇ ਪ੍ਰਚਾਰ ਦੇ ਕੰਮ ਦੇ ਸੰਬੰਧ ਵਿਚ ਯਹੋਵਾਹ ਹੁਣ ਵਧੀਆ ਕੰਮ ਕਰ ਰਿਹਾ ਹੈ। (ਮਰਕੁਸ 13:10) ਹਾਲ ਹੀ ਦੇ ਸਮਿਆਂ ਵਿਚ ਯਹੋਵਾਹ ਨੇ ਆਪਣੀ ਸੇਵਾ ਲਈ ਵੱਡੇ ਦਰਵਾਜ਼ੇ ਖੋਲ੍ਹੇ ਹਨ। (1 ਕੁਰਿੰਥੀਆਂ 16:9) ਇਸ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਉਨ੍ਹਾਂ ਵਿਸ਼ਾਲ ਇਲਾਕਿਆਂ ਵਿਚ ਕੀਤਾ ਜਾ ਰਿਹਾ ਹੈ ਜਿੱਥੇ ਪਹਿਲਾਂ ਸੱਚਾਈ ਦੇ ਦੁਸ਼ਮਣਾਂ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ਕਈ ਲੋਕ ਜੋ ਪਹਿਲਾਂ ਰੂਹਾਨੀ ਤੌਰ ਤੇ ਹਨੇਰੇ ਵਿਚ ਸਨ ਹੁਣ ਯਹੋਵਾਹ ਦੀ ਉਪਾਸਨਾ ਕਰਨ ਦੇ ਸੱਦੇ ਨੂੰ ਕਬੂਲ ਕਰ ਰਹੇ ਹਨ। ਉਹ ਇਸ ਭਵਿੱਖਬਾਣੀ ਨੂੰ ਪੂਰਾ ਕਰ ਰਹੇ ਹਨ ਕਿ “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਇਨ੍ਹਾਂ ‘ਦਸ ਮਨੁੱਖਾਂ’ ਨਾਲ ਰੂਹਾਨੀ ਯਹੂਦੀ ਗੱਲ ਕਰ ਰਹੇ ਸਨ, ਯਾਨੀ ਸਾਡੇ ਸਮੇਂ ਦੇ ਮਸਹ ਕੀਤੇ ਹੋਇਆਂ ਦਾ ਬਕੀਆ। ਕਿਉਂ ਜੋ ਨੰਬਰ ਦਸ ਜ਼ਮੀਨੀ ਸੰਪੂਰਣਤਾ ਦਾ ਸੰਕੇਤ ਕਰਦਾ ਹੈ, ਇਹ “ਦਸ ਮਨੁੱਖ” “ਵੱਡੀ ਭੀੜ” ਨੂੰ ਦਰਸਾਉਂਦੇ ਹਨ। ਇਨ੍ਹਾਂ ਨੂੰ “ਪਰਮੇਸ਼ੁਰ ਦੇ ਇਸਰਾਏਲ” ਨਾਲ ਜੋੜਿਆ ਜਾਂਦਾ ਹੈ, ਜਿਨ੍ਹਾਂ ਨਾਲ ਰਲ ਕੇ ਉਹ “ਇੱਕੋ ਇੱਜੜ” ਬਣ ਜਾਂਦੇ ਹਨ। (ਪਰਕਾਸ਼ ਦੀ ਪੋਥੀ 7:9, 10; ਗਲਾਤੀਆਂ 6:16) ਯਹੋਵਾਹ ਪਰਮੇਸ਼ੁਰ ਦੇ ਭਗਤਾਂ ਵਜੋਂ ਇੰਨੇ ਸਾਰੇ ਲੋਕਾਂ ਨੂੰ ਪਵਿੱਤਰ ਸੇਵਾ ਵਿਚ ਹਿੱਸਾ ਲੈਂਦੇ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!

18, 19. ਕੀ ਸਬੂਤ ਹੈ ਕਿ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਹੈ?

18 ਕਈਆਂ ਦੇਸ਼ਾਂ ਵਿਚ ਜਿੱਥੇ ਝੂਠੇ ਧਰਮ ਨੇ ਲੋਕਾਂ ਉੱਤੇ ਗਹਿਰਾ ਪ੍ਰਭਾਵ ਪਾਇਆ ਹੈ, ਇਵੇਂ ਲੱਗਦਾ ਸੀ ਕਿ ਉੱਥੇ ਲੋਕ ਕਦੀ ਵੀ ਸੱਚਾਈ ਨੂੰ ਕਬੂਲ ਨਹੀਂ ਕਰਨਗੇ। ਪਰ ਸਾਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਹਜ਼ਾਰਾਂ ਹੀ ਲੋਕ ਇਨ੍ਹਾਂ ਦੇਸ਼ਾਂ ਵਿਚ ਸੱਚੀ ਭਗਤੀ ਨੂੰ ਸਵੀਕਾਰ ਕਰ ਰਹੇ ਹਨ। ਜ਼ਰਾ ਨਵੇਂ ਸਾਲ ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਦੀ ਰਿਪੋਰਟ ਖੋਲ੍ਹ ਕੇ ਦੇਖੋ ਅਤੇ ਗਿਣੋ ਕਿ ਹੁਣ ਕਿੰਨਿਆਂ ਦੇਸ਼ਾਂ ਵਿਚ 1,00,000 ਤੋਂ ਲੈ ਕੇ 10,00,000 ਪ੍ਰਕਾਸ਼ਕ ਰਾਜ ਦਾ ਸੰਦੇਸ਼ ਸੁਣਾਉਣ ਵਿਚ ਹਿੱਸਾ ਲੈ ਰਹੇ ਹਨ। ਇਹ ਕਿੰਨਾ ਵੱਡਾ ਸਬੂਤ ਹੈ ਕਿ ਰਾਜ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਹੈ!​—ਕਹਾਉਤਾਂ 10:22.

19 ਯਹੋਵਾਹ ਦੇ ਲੋਕਾਂ ਵਜੋਂ, ਅਸੀਂ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਰਦੇ ਹਾਂ ਅਤੇ ਉਸ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਸ ਨੇ ਸਾਨੂੰ ਜ਼ਿੰਦਗੀ ਵਿਚ ਅਸਲੀ ਮਕਸਦ, ਉਸ ਦੀ ਸੇਵਾ ਵਿਚ ਬਰਕਤ ਭਰਿਆ ਕੰਮ, ਅਤੇ ਭਵਿੱਖ ਲਈ ਵਧੀਆ ਉਮੀਦ ਦਿੱਤੀ ਹੈ। ਅਸੀਂ ਪਰਮੇਸ਼ੁਰ ਦੇ ਸਾਰੇ ਵਾਅਦਿਆਂ ਦੀ ਪੂਰਤੀ ਦੀ ਉਡੀਕ ਵਿਚ ਹਾਂ ਅਤੇ ‘ਸਦੀਪਕ ਜੀਵਨ ਦੀ ਉਡੀਕ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿੱਚ ਕਾਇਮ ਰੱਖਣ’ ਦਾ ਪੱਕਾ ਇਰਾਦਾ ਕੀਤਾ ਹੈ। (ਯਹੂਦਾਹ 20, 21) ਅਸੀਂ ਇਹ ਦੇਖ ਕੇ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਵਾਲੀ ਵੱਡੀ ਭੀੜ ਦੀ ਗਿਣਤੀ ਹੁਣ ਲਗਭਗ 60 ਲੱਖ ਹੈ। ਯਹੋਵਾਹ ਦੀ ਬਰਕਤ ਨਾਲ, ਮਸਹ ਕੀਤੇ ਹੋਇਆਂ ਦਾ ਬਕੀਆ ਅਤੇ ਹੋਰ ਭੇਡਾਂ 235 ਦੇਸ਼ਾਂ ਵਿਚ ਕੁਝ 91,000 ਕਲੀਸਿਯਾਵਾਂ ਵਿਚ ਇਕੱਠੇ ਕੀਤੇ ਗਏ ਹਨ। “ਮਾਤਬਰ ਅਤੇ ਬੁੱਧਵਾਨ ਨੌਕਰ,” ਲਗਾਤਾਰ ਮਿਹਨਤ ਕਰ ਕੇ ਸਾਡੇ ਲਈ ਰੂਹਾਨੀ ਭੋਜਨ ਦਾ ਵਧੀਆ ਪ੍ਰਬੰਧ ਕਰਦਾ ਹੈ। (ਮੱਤੀ 24:45) ਪਰਮੇਸ਼ੁਰ ਦਾ ਸੰਗਠਨ ਪ੍ਰਗਤੀ ਕਰਦਾ ਹੋਇਆ ਯਹੋਵਾਹ ਦੇ ਗਵਾਹਾਂ ਦੇ 110 ਸ਼ਾਖ਼ਾ ਦਫ਼ਤਰਾਂ ਰਾਹੀਂ ਰਾਜ ਦੇ ਕੰਮ ਦੀ ਚੰਗੀ ਤਰ੍ਹਾਂ ਨਿਗਰਾਨੀ ਕਰ ਰਿਹਾ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਦੇ ਦਿਲ ਖੋਲ੍ਹੇ ਹਨ ਤਾਂਕਿ ਉਹ ‘ਆਪਣੀ ਧਨ-ਦੌਲਤ ਨਾਲ ਉਸ ਦੀ ਮਹਿਮਾ ਕਰਨ’। (ਕਹਾਉਤਾਂ 3:9, 10) ਇਸ ਕਰਕੇ ਸਾਡਾ ਪ੍ਰਚਾਰ ਦਾ ਕੰਮ ਜਾਰੀ ਰਹਿੰਦਾ ਹੈ, ਅਤੇ ਛਾਪਖ਼ਾਨੇ, ਬੈਥਲ ਅਤੇ ਮਿਸ਼ਨਰੀ ਘਰ, ਕਿੰਗਡਮ ਹਾਲ, ਅਤੇ ਸੰਮੇਲਨਾਂ ਦੇ ਹਾਲ ਜ਼ਰੂਰਤ ਅਨੁਸਾਰ ਬਣਾਏ ਜਾਂਦੇ ਹਨ।

20. ਯਹੋਵਾਹ ਦੇ ਅਸਚਰਜ ਕੰਮਾਂ ਉੱਤੇ ਧਿਆਨ ਦੇਣ ਦੁਆਰਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

20 ਆਪਣੇ ਸਵਰਗੀ ਪਿਤਾ ਦੇ ਸਾਰਿਆਂ ਅਸਚਰਜ ਕੰਮਾਂ ਨੂੰ ਗਿਣਨਾ ਸਾਡੇ ਲਈ ਨਾਮੁਮਕਿਨ ਹੈ। ਪਰ ਅਸੀਂ ਯਕੀਨ ਕਰਦੇ ਹਾਂ ਕਿ ਨੇਕ ਵਿਅਕਤੀ ਯਹੋਵਾਹ ਦੀ ਵਡਿਆਈ ਕਰਨ ਵਾਲਿਆਂ ਦੀ ਭੀੜ ਨਾਲ ਰਲਣਾ ਚਾਹੁਣਗੇ। ਤਾਂ ਫਿਰ, ਜੇ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ ਤਾਂ ਉੱਚੀ ਆਵਾਜ਼ ਵਿਚ ਕਹੋ: “ਹਲਲੂਯਾਹ! ਅਕਾਸ਼ੋਂ ਯਹੋਵਾਹ ਦੀ ਉਸਤਤ ਕਰੋ, ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ! ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, . . . ਗਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ।” (ਜ਼ਬੂਰ 148:1, 2, 12, 13) ਜੀ ਹਾਂ, ਆਓ ਆਪਾਂ ਹੁਣ ਅਤੇ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੇ ਅਸਚਰਜ ਕੰਮਾਂ ਲਈ ਉਸ ਦੀ ਵਡਿਆਈ ਕਰਦੇ ਰਹੀਏ!

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਯਹੋਵਾਹ ਦੇ ਕਿਨ੍ਹਾਂ ਕੰਮਾਂ ਕਾਰਨ ਸਾਨੂੰ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ?

• ਯਹੋਵਾਹ ਦੀ ਵਡਿਆਈ ਕਰਨ ਲਈ ਤੁਸੀਂ ਕਿਉਂ ਪ੍ਰੇਰਿਤ ਹੁੰਦੇ ਹੋ?

• ਸਾਡੀ ਉਮੀਦ ਪਰਮੇਸ਼ੁਰ ਦੇ ਵੱਡਿਆਂ ਕੰਮਾਂ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ?

• ਰਾਜ ਦੇ ਪ੍ਰਚਾਰ ਦੇ ਸੰਬੰਧ ਵਿਚ ਯਹੋਵਾਹ ਕਿਹੜੇ ਵੱਡੇ ਕੰਮ ਕਰ ਰਿਹਾ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਦੀ ਵਡਿਆਈ ਦੇ ਗੀਤ ਗਾਉਣ ਵਿਚ ਦਿੱਲੋਂ ਹਿੱਸਾ ਲੈਂਦੇ ਹੋ?

[ਸਫ਼ੇ 13 ਉੱਤੇ ਤਸਵੀਰਾਂ]

ਅਸੀਂ ਖ਼ੁਸ਼ ਹੁੰਦੇ ਹਾਂ ਕਿ ਧਰਤੀ ਦੇ ਹਲੀਮ ਲੋਕਾਂ ਕੋਲ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰਨ ਦਾ ਹਾਲੇ ਵੀ ਮੌਕਾ ਹੈ