Skip to content

Skip to table of contents

“ਵੇਖੋ ਵੱਡੀ ਭੀੜ ਹਾਜ਼ਰ ਹੈ!”

“ਵੇਖੋ ਵੱਡੀ ਭੀੜ ਹਾਜ਼ਰ ਹੈ!”

ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ

“ਵੇਖੋ ਵੱਡੀ ਭੀੜ ਹਾਜ਼ਰ ਹੈ!”

ਇਕ ਸਵਾਲ ਨੇ ਯਹੋਵਾਹ ਦੇ ਗਵਾਹਾਂ ਨੂੰ ਬੜੀ ਦੇਰ ਤੋਂ ਪਰੇਸ਼ਾਨ ਕੀਤਾ ਸੀ। ਉਨ੍ਹਾਂ ਨੇ ਬਾਈਬਲ ਤੋਂ ਇਸ ਦਾ ਜਵਾਬ ਜਾਣਨ ਲਈ ਬਹੁਤ ਕੋਸ਼ਿਸ਼ ਕੀਤੀ। ਇਸ ਸਵਾਲ ਉੱਤੇ ਕਾਫ਼ੀ ਚਰਚਾ ਕਰਨ ਤੋਂ ਬਾਅਦ ਆਖ਼ਰਕਾਰ ਬਾਈਬਲ ਤੋਂ ਇਸ ਦਾ ਜਵਾਬ ਮਿਲ ਹੀ ਗਿਆ। ਜਦ 1935 ਵਿਚ ਵਾਸ਼ਿੰਗਟਨ (ਡੀ.ਸੀ.) ਵਿਖੇ ਇਕ ਸੰਮੇਲਨ ਤੇ ਇਕੱਠੇ ਹੋਏ ਭੈਣਾਂ-ਭਰਾਵਾਂ ਨੂੰ ਜਵਾਬ ਦੱਸਿਆ ਗਿਆ ਤਾਂ ਉਹ ਖ਼ੁਸ਼ੀ ਨਾਲ ਜਗਮਗਾ ਉੱਠੇ।

ਸਾਰੇ ਵਿਚਾਰ-ਵਟਾਂਦਰੇ ਇੱਕੋ ਗੱਲ ਬਾਰੇ ਸਨ: ਪਰਕਾਸ਼ ਦੀ ਪੋਥੀ 7:9 ਵਿਚ ਜ਼ਿਕਰ ਕੀਤੀ ਗਈ “ਵੱਡੀ ਭੀੜ” ਕਿਨ੍ਹਾਂ ਲੋਕਾਂ ਦੀ ਬਣੀ ਹੋਈ ਹੈ? ਕੀ ਇਹ ਲੋਕ ਮਰ ਕੇ ਸਵਰਗ ਨੂੰ ਜਾਣਗੇ?

ਲੰਬੇ ਚਿਰ ਤੋਂ ਖੜ੍ਹਾ ਸਵਾਲ

ਯੂਹੰਨਾ ਰਸੂਲ ਦੇ ਸਮੇਂ ਤੋਂ ਲੈ ਕੇ ਸਾਡੇ ਸਮੇਂ ਤਕ, ਮਸੀਹੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਏ ਹਨ ਕਿ “ਵੱਡੀ ਭੀੜ” ਕਿਨ੍ਹਾਂ ਲੋਕਾਂ ਦੀ ਬਣੀ ਹੋਈ ਹੈ। ਬਾਈਬਲ ਸਟੂਡੈਂਟਸ ਦੇ ਅਨੁਸਾਰ ਵੱਡੀ ਭੀੜ ਦੇ ਲੋਕਾਂ ਨੇ ਵੀ ਸਵਰਗ ਜਾਣਾ ਸੀ ਪਰ ਉਹ ਦੂਜੇ ਦਰਜੇ ਤੇ ਸਨ ਕਿਉਂਕਿ ਉਹ ਬਾਈਬਲ ਤੋਂ ਸੱਚਾਈਆਂ ਤਾਂ ਜਾਣਦੇ ਸਨ ਪਰ ਉਨ੍ਹਾਂ ਦਾ ਪ੍ਰਚਾਰ ਨਹੀਂ ਕਰ ਰਹੇ ਸਨ।

ਪਰ ਮਸਹ ਕੀਤੇ ਹੋਏ ਮਸੀਹੀਆਂ ਦੇ ਕੁਝ ਸਾਥੀ ਪ੍ਰਚਾਰ ਦੇ ਕੰਮ ਵਿਚ ਬੜੇ ਜੋਸ਼ ਨਾਲ ਲੱਗੇ ਹੋਏ ਸਨ। ਉਨ੍ਹਾਂ ਨੂੰ ਸਵਰਗ ਜਾਣ ਦਾ ਕੋਈ ਚਾਹ ਨਹੀਂ ਸੀ। ਦਰਅਸਲ ਉਨ੍ਹਾਂ ਦੀ ਉਮੀਦ ਯਹੋਵਾਹ ਦੇ ਲੋਕਾਂ ਦੇ ਉਸ ਭਾਸ਼ਣ ਨਾਲ ਸਹਿਮਤ ਸੀ ਜੋ 1918 ਤੋਂ 1922 ਵਿਚ ਦਿੱਤਾ ਜਾ ਰਿਹਾ ਸੀ, ਯਾਨੀ “ਲੱਖੋ-ਲੱਖ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਅਜਿਹੇ ਇਨਸਾਨਾਂ ਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ ਮਿਲਣੀ ਸੀ।

ਅਕਤੂਬਰ 15, 1923 ਦੇ ਅੰਗ੍ਰੇਜ਼ੀ ਪਹਿਰਾਬੁਰਜ ਰਸਾਲੇ ਨੇ ਭੇਡਾਂ ਅਤੇ ਬੱਕਰੀਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਉੱਤੇ ਚਰਚਾ ਕੀਤੀ ਸੀ। ਉਸ ਵਿਚ ਲਿਖਿਆ ਸੀ: “ਭੇਡਾਂ ਸਾਰੀ ਧਰਤੀ ਦੇ ਉਨ੍ਹਾਂ ਲੋਕਾਂ ਨੂੰ ਦਰਸਾਉਂਦੀਆਂ ਹਨ ਜੋ ਮਸਹ ਨਹੀਂ ਕੀਤੇ ਗਏ ਪਰ ਉਹ ਧਾਰਮਿਕਤਾ ਚਾਹੁੰਦੇ ਹਨ, ਅਤੇ ਉਹ ਆਪਣੇ ਮਨਾਂ ਵਿਚ ਯਿਸੂ ਮਸੀਹ ਨੂੰ ਪ੍ਰਭੂ ਵਜੋਂ ਕਬੂਲ ਕਰਦੇ ਹਨ ਅਤੇ ਉਸ ਦੇ ਰਾਜ ਅਧੀਨ ਬਿਹਤਰੀਨ ਹਾਲਤਾਂ ਦੀ ਉਮੀਦ ਰੱਖਦੇ ਹਨ।”​—ਮੱਤੀ 25:31-46.

ਚਾਨਣ ਦੀਆਂ ਹੋਰ ਕਿਰਨਾਂ

ਸੰਨ 1931 ਵਿਚ ਅੰਗ੍ਰੇਜ਼ੀ ਵਿਚ ਦੋਸ਼-ਨਿਵਾਰਣ ਨਾਮਕ ਪਹਿਲੀ ਕਿਤਾਬ ਨਿਕਲੀ ਜਿਸ ਵਿਚ ਹਿਜ਼ਕੀਏਲ ਦੀ ਪੋਥੀ ਦੇ 9ਵੇਂ ਅਧਿਆਇ ਉੱਤੇ ਚਰਚਾ ਕੀਤੀ ਗਈ ਸੀ। ਉਸ ਕਿਤਾਬ ਵਿਚ ਸਮਝਾਇਆ ਗਿਆ ਸੀ ਕਿ ਯਿਸੂ ਦੇ ਦ੍ਰਿਸ਼ਟਾਂਤ ਦੀਆਂ ਭੇਡਾਂ ਉਹ ਲੋਕ ਹਨ ਜਿਨ੍ਹਾਂ ਦੇ ਮੱਥੇ ਉੱਤੇ ਨਿਸ਼ਾਨ ਲਗਾਇਆ ਗਿਆ ਹੈ ਤਾਂਕਿ ਉਹ ਸੰਸਾਰ ਦੇ ਅੰਤ ਤੋਂ ਬਚ ਨਿਕਲ ਸਕਣ। ਦੋਸ਼-ਨਿਵਾਰਣ ਨਾਮਕ ਤੀਜੀ ਕਿਤਾਬ 1932 ਵਿਚ ਨਿਕਲੀ। ਇਸ ਕਿਤਾਬ ਵਿਚ ਗ਼ੈਰ-ਇਸਰਾਏਲੀ ਆਦਮੀ ਯਹੋਨਾਦਾਬ ਦੇ ਖਰੇ ਦਿਲ ਬਾਰੇ ਗੱਲ ਕੀਤੀ ਗਈ ਸੀ। ਉਹ ਇਸਰਾਏਲ ਦੇ ਮਸਹ ਕੀਤੇ ਹੋਏ ਰਾਜੇ ਯੇਹੂ ਨਾਲ ਰਥ ਵਿਚ ਬੈਠ ਕੇ ਉਸ ਨੂੰ ਝੂਠੇ ਪੁਜਾਰੀਆਂ ਨੂੰ ਖ਼ਤਮ ਕਰਦਿਆਂ ਦੇਖਣ ਗਿਆ। (2 ਰਾਜਿਆਂ 10:15-28) ਕਿਤਾਬ ਵਿਚ ਲਿਖਿਆ ਗਿਆ ਸੀ: “ਯਹੋਨਾਦਾਬ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ [ਜੋ] ਹੁਣ ਧਰਤੀ ਉੱਤੇ ਹਨ ਪਰ ਸ਼ਤਾਨ ਦੇ ਸੰਗਠਨ ਨਾਲ ਸਹਿਮਤ ਨਹੀਂ ਹਨ। ਉਹ ਧਾਰਮਿਕਤਾ ਪਸੰਦ ਕਰਦੇ ਹਨ, ਅਤੇ ਪ੍ਰਭੂ ਉਨ੍ਹਾਂ ਨੂੰ ਆਰਮਾਗੇਡਨ ਵਿੱਚੋਂ ਬਚਾਵੇਗਾ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੇਵੇਗਾ। ਇਹ ਲੋਕ ‘ਭੇਡ’ ਵਰਗ ਵਿੱਚੋਂ ਹਨ।”

ਸੰਨ 1934 ਵਿਚ ਅੰਗ੍ਰੇਜ਼ੀ ਦੇ ਪਹਿਰਾਬੁਰਜ ਰਸਾਲੇ ਨੇ ਇਹ ਗੱਲ ਸਪੱਸ਼ਟ ਕੀਤੀ ਕਿ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਣ ਵਾਲਿਆਂ ਮਸੀਹੀਆਂ ਨੂੰ ਯਹੋਵਾਹ ਨੂੰ ਸਮਰਪਿਤ ਹੋ ਕੇ ਬਪਤਿਸਮਾ ਲੈਣਾ ਚਾਹੀਦਾ ਹੈ। ਇਸ ਜ਼ਮੀਨੀ ਵਰਗ ਬਾਰੇ ਚਾਨਣ ਸੱਚ-ਮੁੱਚ ਵਧਦਾ ਜਾ ਰਿਹਾ ਸੀ!​—ਕਹਾਉਤਾਂ 4:18.

ਹੋਰ ਸਮਝ

ਪਰਕਾਸ਼ ਦੀ ਪੋਥੀ 7:9-17 ਦੀ ਸਮਝ, ਚਾਨਣ ਵਾਂਗ ਲਿਸ਼ਕਣ ਵਾਲੀ ਸੀ। (ਜ਼ਬੂਰ 97:11) ਪਹਿਰਾਬੁਰਜ ਰਸਾਲੇ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਸੰਨ 1935 ਵਿਚ 30 ਮਈ ਤੋਂ 3 ਜੂਨ ਤਕ ਵਾਸ਼ਿੰਗਟਨ (ਡੀ.ਸੀ.), ਅਮਰੀਕਾ ਵਿਖੇ ਇਕ ਸੰਮੇਲਨ ਯਹੋਨਾਦਾਬ ਦੁਆਰਾ ਦਰਸਾਏ ਗਏ ਲੋਕਾਂ ਲਈ ‘ਦਿਲਾਸਾ-ਭਰਿਆ’ ਸਾਬਤ ਹੋਵੇਗਾ। ਇਹ ਸੰਮੇਲਨ ਸੱਚ-ਮੁੱਚ ਇਸ ਤਰ੍ਹਾਂ ਹੀ ਸਾਬਤ ਹੋਇਆ!

ਭਰਾ ਜੇ. ਐੱਫ਼. ਰਦਰਫ਼ਰਡ ਨੇ 20 ਹਜ਼ਾਰ ਲੋਕਾਂ ਸਾਮ੍ਹਣੇ ਜੋਸ਼ ਨਾਲ ਇਕ ਭਾਸ਼ਣ ਦਿੱਤਾ, ਜਿਸ ਦਾ ਵਿਸ਼ਾ ਸੀ “ਵੱਡੀ ਭੀੜ।” ਉਨ੍ਹਾਂ ਨੇ ਬਾਈਬਲ ਤੋਂ ਸਬੂਤ ਦੇ ਕੇ ਸਮਝਾਇਆ ਕਿ ‘ਹੋਰ ਭੇਡਾਂ’ ਅਤੇ ਪਰਕਾਸ਼ ਦੀ ਪੋਥੀ 7:9 ਦੀ “ਵੱਡੀ ਭੀੜ” ਇੱਕੋ ਵਰਗ ਹਨ। (ਯੂਹੰਨਾ 10:16) ਆਪਣੇ ਭਾਸ਼ਣ ਦੇ ਅਖ਼ੀਰ ਵਿਚ ਭਰਾ ਨੇ ਕਿਹਾ: “ਸਾਰੇ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਨ ਖੜ੍ਹੇ ਹੋ ਜਾਓ।” ਹਾਜ਼ਰੀਨ ਵਿੱਚੋਂ ਬਹੁਤ ਸਾਰੇ ਭੈਣ-ਭਰਾ ਖੜ੍ਹੇ ਹੋਏ ਅਤੇ ਭਰਾ ਰਦਰਫ਼ਰਡ ਨੇ ਕਿਹਾ: “ਵੇਖੋ ਵੱਡੀ ਭੀੜ ਹਾਜ਼ਰ ਹੈ!” ਪਹਿਲਾਂ ਸਭ ਸ਼ਾਂਤ ਸਨ, ਫਿਰ ਸਾਰੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਨ ਲੱਗ ਪਏ। ਅਗਲੇ ਦਿਨ ਯਹੋਵਾਹ ਦੇ 840 ਨਵੇਂ ਗਵਾਹਾਂ ਨੇ ਬਪਤਿਸਮਾ ਲਿਆ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਵੱਡੀ ਭੀੜ ਵਿੱਚੋਂ ਹੋਣ ਦਾ ਦਾਅਵਾ ਕਰਦੇ ਸਨ।

ਸ਼ਾਨਦਾਰ ਹਾਜ਼ਰੀ

ਸੰਨ 1935 ਤੋਂ ਪਹਿਲਾਂ ਬਾਈਬਲ ਦੀ ਸੱਚਾਈ ਸਿੱਖਣ ਵਾਲਿਆਂ ਅਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਲੋਕਾਂ ਨੇ ਹਮੇਸ਼ਾ ਲਈ ਧਰਤੀ ਉੱਤੇ ਜੀਉਣ ਵਿਚ ਦਿਲਚਸਪੀ ਦਿਖਾਈ ਸੀ। ਉਨ੍ਹਾਂ ਨੇ ਸਵਰਗ ਨੂੰ ਜਾਣ ਦੀ ਕੋਈ ਚਾਹ ਨਹੀਂ ਜ਼ਾਹਰ ਕੀਤੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਇਹ ਆਸ ਨਹੀਂ ਦਿੱਤੀ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਹੋਰ ਭੇਡਾਂ ਦੀ ਵੱਡੀ ਭੀੜ ਵਜੋਂ ਜ਼ਾਹਰ ਕੀਤਾ ਜੋ ਸੰਕੇਤ ਕਰਦਾ ਹੈ ਕਿ 1935 ਤਕ ਮਸਹ ਕੀਤੇ ਹੋਏ 1,44,000 ਮਸੀਹੀਆਂ ਦਾ ਸੱਦਾ ਲਗਭਗ ਪੂਰਾ ਹੋ ਚੁੱਕਾ ਸੀ।​—ਪਰਕਾਸ਼ ਦੀ ਪੋਥੀ 7:4.

ਜਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ ਤਾਂ ਸ਼ਤਾਨ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਵੱਡੀ ਭੀੜ ਨੂੰ ਇਕੱਠਾ ਕਰਨ ਦਾ ਕੰਮ ਪੂਰਾ ਨਾ ਹੋਵੇ। ਕਈਆਂ ਮੁਲਕਾਂ ਵਿਚ ਰਾਜ ਦੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਉਨ੍ਹਾਂ ਭੈੜੇ ਦਿਨਾਂ ਦੌਰਾਨ ਅਤੇ ਜਨਵਰੀ 1942 ਵਿਚ ਆਪਣੀ ਮੌਤ ਤੋਂ ਥੋੜੀ ਦੇਰ ਪਹਿਲਾਂ ਭਰਾ ਰਦਰਫ਼ਰਡ ਨੇ ਕਿਹਾ: “ਲੱਗਦਾ ਹੈ ਕਿ ‘ਵੱਡੀ ਭੀੜ’ ਨੇ ਇੰਨੀ ਵੱਡੀ ਨਹੀਂ ਸਾਬਤ ਹੋਣਾ।”

ਪਰ ਪਰਮੇਸ਼ੁਰ ਦੀ ਮਿਹਰ ਕਰਕੇ ਗੱਲ ਹੋਰ ਤਰ੍ਹਾਂ ਬਣ ਗਈ। ‘ਸਿੱਧ ਅਤੇ ਪੱਕੇ ਹੋ ਕੇ ਟਿਕੇ’ ਰਹਿਣ ਕਰਕੇ ਮਸਹ ਕੀਤੇ ਹੋਏ ਅਤੇ ਉਨ੍ਹਾਂ ਦੇ ਸਾਥੀ, ਯਾਨੀ ਹੋਰ ਭੇਡਾਂ ਦੇ ਲੋਕਾਂ ਨੇ ਚੇਲੇ ਬਣਾਉਣ ਦਾ ਯਿਸੂ ਤੋਂ ਮਿਲਿਆ ਕੰਮ ਪੂਰਾ ਕੀਤਾ ਹੈ। (ਕੁਲੁੱਸੀਆਂ 4:12; ਮੱਤੀ 24:14; 28:19, 20) ਸੰਨ 1946 ਤਕ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ 1,76,456 ਸੀ ਅਤੇ ਉਹ ਤਕਰੀਬਨ ਸਾਰੇ ਦੇ ਸਾਰੇ ਵੱਡੀ ਭੀੜ ਦੇ ਲੋਕ ਸਨ। ਸੰਨ 2000 ਵਿਚ 60 ਲੱਖ ਤੋਂ ਜ਼ਿਆਦਾ ਗਵਾਹ 235 ਮੁਲਕਾਂ ਵਿਚ ਯਹੋਵਾਹ ਦੀ ਸੇਵਾ ਕਰ ਰਹੇ ਸਨ—ਇਹ ਸੱਚ-ਮੁੱਚ ਇਕ ਵੱਡੀ ਭੀੜ ਹੈ! ਅਤੇ ਗਿਣਤੀ ਹੋਰ ਵੀ ਵੱਧ ਰਹੀ ਹੈ।