Skip to content

Skip to table of contents

ਆਖ਼ਰੀ ਫਤਹਿ ਪ੍ਰਾਪਤ ਕਰਨ ਲਈ ਅੱਗੇ ਵਧਣਾ

ਆਖ਼ਰੀ ਫਤਹਿ ਪ੍ਰਾਪਤ ਕਰਨ ਲਈ ਅੱਗੇ ਵਧਣਾ

ਆਖ਼ਰੀ ਫਤਹਿ ਪ੍ਰਾਪਤ ਕਰਨ ਲਈ ਅੱਗੇ ਵਧਣਾ

“ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ।”​—ਪਰਕਾਸ਼ ਦੀ ਪੋਥੀ 6:2.

1. ਦਰਸ਼ਣ ਵਿਚ ਯੂਹੰਨਾ ਨੇ ਭਵਿੱਖ ਵਿਚ ਵਾਪਰਨ ਵਾਲੀਆਂ ਕਿਹੜੀਆਂ ਘਟਨਾਵਾਂ ਦੇਖੀਆਂ ਸਨ?

ਪਰਮੇਸ਼ੁਰ ਨੇ ਯੂਹੰਨਾ ਰਸੂਲ ਨੂੰ ਦਰਸ਼ਣ ਵਿਚ ਦਿਖਾਇਆ ਕਿ ਤਕਰੀਬਨ 1,800 ਸਾਲ ਬਾਅਦ ਕੀ ਵਾਪਰਨ ਵਾਲਾ ਸੀ। ਉਸ ਦਰਸ਼ਣ ਦੀ ਮਦਦ ਨਾਲ ਯੂਹੰਨਾ ਨੇ ਮਸੀਹ ਦੇ ਰਾਜੇ ਵਜੋਂ ਸਿੰਘਾਸਣ ਉੱਤੇ ਬੈਠਣ ਬਾਰੇ ਦੱਸਿਆ। ਯੂਹੰਨਾ ਨੇ ਜੋ ਕੁਝ ਦਰਸ਼ਣ ਵਿਚ ਦੇਖਿਆ ਸੀ ਉਸ ਉੱਤੇ ਵਿਸ਼ਵਾਸ ਕਰਨ ਲਈ ਉਸ ਨੂੰ ਨਿਹਚਾ ਦੀ ਲੋੜ ਸੀ। ਅੱਜ ਸਾਡੇ ਕੋਲ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਮਸੀਹ ਦੇ ਸਿੰਘਾਸਣ ਉੱਤੇ ਬੈਠਣ ਦੀ ਭਵਿੱਖਬਾਣੀ 1914 ਵਿਚ ਪੂਰੀ ਹੋਈ ਸੀ। ਨਿਹਚਾ ਦੀਆਂ ਅੱਖਾਂ ਨਾਲ ਅਸੀਂ ਯਿਸੂ ਮਸੀਹ ਨੂੰ ‘ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲਿਆ’ ਦੇਖਦੇ ਹਾਂ।

2. ਜਦੋਂ ਰਾਜ ਦੀ ਸਥਾਪਨਾ ਹੋਈ, ਤਾਂ ਸ਼ਤਾਨ ਨੇ ਕੀ ਕੀਤਾ ਅਤੇ ਇਹ ਕਿਸ ਗੱਲ ਦਾ ਸਬੂਤ ਹੈ?

2 ਰਾਜ ਦੀ ਸਥਾਪਨਾ ਤੋਂ ਬਾਅਦ, ਸ਼ਤਾਨ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਗਿਆ। ਇਸ ਕਰਕੇ ਉਹ ਕ੍ਰੋਧ ਵਿਚ ਆ ਕੇ ਘਮਸਾਣ ਲੜਾਈ ਲੜ ਰਿਹਾ ਹੈ ਪਰ ਉਹ ਕਾਮਯਾਬ ਨਹੀਂ ਹੋਵੇਗਾ। (ਪਰਕਾਸ਼ ਦੀ ਪੋਥੀ 12:7-12) ਉਸ ਦੇ ਕ੍ਰੋਧ ਨੇ ਇਸ ਦੁਨੀਆਂ ਦੀ ਹਾਲਤ ਨੂੰ ਹੋਰ ਵੀ ਖ਼ਰਾਬ ਕਰ ਦਿੱਤਾ ਹੈ। ਮਨੁੱਖੀ ਸਮਾਜ ਖੇਰੂੰ-ਖੇਰੂੰ ਹੋ ਰਿਹਾ ਹੈ। ਯਹੋਵਾਹ ਦੇ ਗਵਾਹਾਂ ਲਈ ਇਹ ਇਕ ਪੱਕਾ ਸਬੂਤ ਹੈ ਕਿ ਉਨ੍ਹਾਂ ਦਾ ਰਾਜਾ “ਫਤਹ ਕਰਨ ਨੂੰ ਨਿੱਕਲ ਤੁਰਿਆ” ਹੈ।

ਨਵੇਂ ਸੰਸਾਰ ਦੇ ਸਮਾਜ ਦੀ ਉਸਾਰੀ

3, 4. (ੳ) ਰਾਜ ਦੀ ਸਥਾਪਨਾ ਤੋਂ ਬਾਅਦ ਮਸੀਹੀ ਕਲੀਸਿਯਾ ਵਿਚ ਕਿਹੜੀਆਂ ਪ੍ਰਬੰਧਕੀ ਤਬਦੀਲੀਆਂ ਕੀਤੀਆਂ ਗਈਆਂ ਸਨ ਅਤੇ ਇਹ ਕਿਉਂ ਜ਼ਰੂਰੀ ਸਨ? (ਅ) ਜਿਵੇਂ ਕਿ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, ਇਨ੍ਹਾਂ ਤਬਦੀਲੀਆਂ ਦੇ ਕੀ ਲਾਭ ਹੋਏ ਹਨ?

3 ਜਦੋਂ ਰਾਜ ਸਥਾਪਿਤ ਹੋ ਗਿਆ ਸੀ, ਤਾਂ ਪੁਨਰ-ਸਥਾਪਿਤ ਮਸੀਹੀ ਕਲੀਸਿਯਾ ਨੂੰ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੇ ਨਮੂਨੇ ਉੱਤੇ ਚਲਾਏ ਜਾਣ ਦਾ ਸਮਾਂ ਆ ਪਹੁੰਚਿਆ ਸੀ, ਜੋ ਉਸ ਸਮੇਂ ਰਾਜ ਦੀਆਂ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲ ਰਹੀ ਸੀ। ਇਸ ਲਈ ਪਹਿਰਾਬੁਰਜ, 1 ਅਤੇ 15 ਜੂਨ 1938 (ਅੰਗ੍ਰੇਜ਼ੀ) ਦੇ ਅੰਕਾਂ ਵਿਚ ਇਸ ਵਿਸ਼ੇ ਉੱਤੇ ਚਰਚਾ ਕੀਤੀ ਗਈ ਸੀ ਕਿ ਮਸੀਹੀ ਸੰਗਠਨ ਨੂੰ ਕਿੱਦਾਂ ਚਲਾਇਆ ਜਾਣਾ ਚਾਹੀਦਾ ਹੈ। ਬਾਅਦ ਵਿਚ 15 ਦਸੰਬਰ 1971 (ਅੰਗ੍ਰੇਜ਼ੀ) ਦੇ ਅੰਕ ਵਿਚ “ਪ੍ਰਬੰਧਕ ਸਭਾ ਕਾਨੂੰਨੀ ਕਾਰਪੋਰੇਸ਼ਨ ਤੋਂ ਅਲੱਗ” ਨਾਮਕ ਲੇਖ ਵਿਚ ਪ੍ਰਬੰਧਕ ਸਭਾ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਸੀ। ਸਾਲ 1972 ਵਿਚ ਕਲੀਸਿਯਾਵਾਂ ਨੂੰ ਮਦਦ ਅਤੇ ਅਗਵਾਈ ਦੇਣ ਲਈ ਬਜ਼ੁਰਗਾਂ ਦੇ ਸਮੂਹ ਨਿਯੁਕਤ ਕੀਤੇ ਗਏ ਸਨ।

4 ਸਹੀ ਨਿਗਰਾਨੀ ਮੁੜ ਬਹਾਲ ਹੋਣ ਨਾਲ ਮਸੀਹੀ ਕਲੀਸਿਯਾਵਾਂ ਬਹੁਤ ਮਜ਼ਬੂਤ ਹੋਈਆਂ। ਇਸ ਦੇ ਨਾਲ-ਨਾਲ ਪ੍ਰਬੰਧਕ ਸਭਾ ਨੇ ਨਿਆਇਕ ਫ਼ੈਸਲੇ ਕਰਨ ਦੇ ਮਾਮਲੇ ਵਿਚ ਤੇ ਹੋਰ ਕਈ ਮਾਮਲਿਆਂ ਵਿਚ ਬਜ਼ੁਰਗਾਂ ਨੂੰ ਸਿਖਲਾਈ ਦੇਣ ਦੇ ਵੀ ਪ੍ਰਬੰਧ ਕੀਤੇ। ਪਰਮੇਸ਼ੁਰ ਦੇ ਜ਼ਮੀਨੀ ਸੰਗਠਨ ਵਿਚ ਹੌਲੀ-ਹੌਲੀ ਹੋਣ ਵਾਲੀਆਂ ਤਬਦੀਲੀਆਂ ਅਤੇ ਇਨ੍ਹਾਂ ਦੇ ਚੰਗੇ ਨਤੀਜਿਆਂ ਬਾਰੇ ਯਸਾਯਾਹ 60:17 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” ਇਹ ਸੁਧਾਰ ਪਰਮੇਸ਼ੁਰ ਦੀਆਂ ਬਰਕਤਾਂ ਦਾ ਪੱਕਾ ਸਬੂਤ ਸਨ। ਇਹ ਇਸ ਗੱਲ ਦਾ ਵੀ ਸਬੂਤ ਸੀ ਕਿ ਪਰਮੇਸ਼ੁਰ ਦੀ ਮਿਹਰ ਉਨ੍ਹਾਂ ਲੋਕਾਂ ਉੱਤੇ ਸੀ ਜਿਹੜੇ ਉਸ ਦੇ ਰਾਜ ਦਾ ਪੂਰੇ ਜੋਸ਼ ਨਾਲ ਸਮਰਥਨ ਕਰਦੇ ਸਨ।

5. (ੳ) ਯਹੋਵਾਹ ਨੇ ਜਦੋਂ ਆਪਣੇ ਲੋਕਾਂ ਨੂੰ ਬਰਕਤਾਂ ਦਿੱਤੀਆਂ, ਤਾਂ ਉਸ ਵੇਲੇ ਸ਼ਤਾਨ ਨੇ ਕੀ ਕੀਤਾ? (ਅ) ਫ਼ਿਲਿੱਪੀਆਂ 1:7 ਦੇ ਅਨੁਸਾਰ, ਸ਼ਤਾਨ ਦੇ ਗੁੱਸੇ ਦਾ ਯਹੋਵਾਹ ਦੇ ਲੋਕਾਂ ਨੇ ਕਿੱਦਾਂ ਸਾਮ੍ਹਣਾ ਕੀਤਾ ਹੈ?

5 ਰਾਜ ਦੀ ਸਥਾਪਨਾ ਤੋਂ ਬਾਅਦ ਪਰਮੇਸ਼ੁਰ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਅਤੇ ਬੜੇ ਪਿਆਰ ਨਾਲ ਉਨ੍ਹਾਂ ਦੀ ਅਗਵਾਈ ਕੀਤੀ। ਇਹ ਗੱਲ ਸ਼ਤਾਨ ਤੋਂ ਲੁਕੀ ਨਹੀਂ ਰਹੀ। ਉਦਾਹਰਣ ਲਈ 1931 ਵਿਚ ਇਸ ਛੋਟੇ ਜਿਹੇ ਮਸੀਹੀ ਸਮੂਹ ਨੇ ਖੁੱਲ੍ਹੇ-ਆਮ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਸਿਰਫ਼ ਬਾਈਬਲ ਦੇ ਵਿਦਿਆਰਥੀ ਹੀ ਨਹੀਂ ਸਨ। ਯਸਾਯਾਹ 43:10 ਦੇ ਅਨੁਸਾਰ ਉਹ ਯਹੋਵਾਹ ਦੇ ਗਵਾਹ ਸਨ! ਚਾਹੇ ਇਹ ਇਤਫ਼ਾਕ ਸੀ ਜਾਂ ਨਹੀਂ, ਉਸ ਵੇਲੇ ਸ਼ਤਾਨ ਨੇ ਪੂਰੀ ਦੁਨੀਆਂ ਵਿਚ ਗਵਾਹਾਂ ਉੱਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕਾ, ਕੈਨੇਡਾ ਅਤੇ ਜਰਮਨੀ ਵਰਗੇ ਦੇਸ਼ਾਂ ਵਿਚ ਵੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉੱਥੇ ਸਾਰਿਆਂ ਨੂੰ ਆਪੋ-ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ, ਗਵਾਹਾਂ ਨੂੰ ਆਪਣੇ ਧਰਮ ਉੱਤੇ ਚੱਲਣ ਲਈ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਵਾਰ-ਵਾਰ ਕਾਨੂੰਨੀ ਲੜਾਈਆਂ ਲੜਨੀਆਂ ਪਈਆਂ। ਸਾਲ 1988 ਤਕ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਯਹੋਵਾਹ ਦੇ ਗਵਾਹਾਂ ਦੇ 71 ਮੁਕੱਦਮਿਆਂ ਦੀ ਸੁਣਵਾਈ ਹੋ ਚੁੱਕੀ ਸੀ ਜਿਨ੍ਹਾਂ ਵਿੱਚੋਂ ਦੋ-ਤਿਹਾਈ ਮੁਕੱਦਮਿਆਂ ਦਾ ਗਵਾਹਾਂ ਦੇ ਹੱਕ ਵਿਚ ਫ਼ੈਸਲਾ ਕੀਤਾ ਗਿਆ। ਜਿਵੇਂ ਪਹਿਲੀ ਸਦੀ ਵਿਚ ਹੋਇਆ ਸੀ, ਅੱਜ ਵੀ ਪੂਰੀ ਦੁਨੀਆਂ ਵਿਚ “ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ” ਲਈ ਕਾਨੂੰਨੀ ਲੜਾਈਆਂ ਲੜੀਆਂ ਜਾ ਰਹੀਆਂ ਹਨ।​—ਫ਼ਿਲਿੱਪੀਆਂ 1:7.

6. ਕੀ ਪਾਬੰਦੀਆਂ ਤੇ ਬੰਦਸ਼ਾਂ ਪਰਮੇਸ਼ੁਰ ਦੇ ਲੋਕਾਂ ਨੂੰ ਅੱਗੇ ਵਧਣ ਤੋਂ ਰੋਕ ਸਕੀਆਂ? ਉਦਾਹਰਣ ਦੇ ਕੇ ਸਮਝਾਓ।

6 ਉੱਨੀ ਸੌ ਤੀਹ ਦੇ ਦਹਾਕੇ ਵਿਚ, ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਜਰਮਨੀ, ਸਪੇਨ, ਜਪਾਨ ਤੇ ਕਈ ਹੋਰ ਦੇਸ਼ਾਂ ਦੀਆਂ ਤਾਨਾਸ਼ਾਹੀ ਸਰਕਾਰਾਂ ਨੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਉੱਤੇ ਪਾਬੰਦੀਆਂ ਤੇ ਬੰਦਸ਼ਾਂ ਲਾਈਆਂ ਸਨ। ਪਰ ਸਾਲ 2000 ਵਿਚ ਸਿਰਫ਼ ਜਰਮਨੀ, ਸਪੇਨ ਤੇ ਜਪਾਨ ਵਿਚ ਹੀ ਪਰਮੇਸ਼ੁਰ ਦੇ ਰਾਜ ਦੇ ਲਗਭਗ 5,00,000 ਸਰਗਰਮ ਪ੍ਰਚਾਰਕ ਸਨ। ਇਹ ਗਿਣਤੀ 1936 ਵਿਚ ਪੂਰੀ ਦੁਨੀਆਂ ਵਿਚ ਗਵਾਹਾਂ ਦੀ ਕੁੱਲ ਗਿਣਤੀ ਨਾਲੋਂ ਤਕਰੀਬਨ ਦਸ ਗੁਣਾ ਜ਼ਿਆਦਾ ਸੀ! ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪਾਬੰਦੀਆਂ ਤੇ ਬੰਦਸ਼ਾਂ ਵੀ ਯਹੋਵਾਹ ਦੇ ਲੋਕਾਂ ਨੂੰ ਆਪਣੇ ਜੇਤੂ ਰਾਜੇ ਦੀ ਅਗਵਾਈ ਅਧੀਨ ਅੱਗੇ ਵਧਣ ਤੋਂ ਨਹੀਂ ਰੋਕ ਸਕਦੀਆਂ।

7. ਸਾਲ 1958 ਵਿਚ ਕਿਹੜਾ ਇਕ ਮਹੱਤਵਪੂਰਣ ਸਮਾਰੋਹ ਹੋਇਆ ਅਤੇ ਉਸ ਵੇਲੇ ਤੋਂ ਕਿਹੜੀ ਇਕ ਵੱਡੀ ਤਬਦੀਲੀ ਹੋਈ ਹੈ?

7 ਯਹੋਵਾਹ ਦੇ ਗਵਾਹ ਅੱਗੇ ਵਧਦੇ ਗਏ, ਇਸ ਦਾ ਇਕ ਸਬੂਤ ਸਾਲ 1958 ਵਿਚ ਮਿਲਿਆ ਜਦੋਂ ਨਿਊਯਾਰਕ ਸਿਟੀ ਵਿਚ ਯਹੋਵਾਹ ਦੇ ਗਵਾਹਾਂ ਦਾ ਉਸ ਵੇਲੇ ਤਕ ਦਾ ਸਭ ਤੋਂ ਵੱਡਾ ਸੰਮੇਲਨ ਹੋਇਆ ਜਿਸ ਦਾ ਨਾਂ ਸੀ, “ਪਰਮੇਸ਼ੁਰੀ ਇੱਛਾ ਅੰਤਰਰਾਸ਼ਟਰੀ ਸੰਮੇਲਨ।” ਇਸ ਵਿਚ ਸਿਖਰ ਹਾਜ਼ਰੀ 2,53,922 ਸੀ। ਸਾਲ 1970 ਵਿਚ ਉੱਪਰ ਦੱਸੇ ਗਏ ਤਿੰਨ ਦੇਸ਼ਾਂ ਵਿਚ ਗਵਾਹਾਂ ਨੂੰ ਆਪਣਾ ਕੰਮ ਕਰਨ ਦੀ ਆਜ਼ਾਦੀ ਮਿਲ ਗਈ ਸੀ, ਸਿਵਾਇ ਉਸ ਦੇਸ਼ ਵਿਚ ਜੋ ਉਦੋਂ ਪੂਰਬੀ ਜਰਮਨੀ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਪਰ ਵਿਸ਼ਾਲ ਸੋਵੀਅਤ ਸੰਘ ਅਤੇ ਵੌਰਸੌ ਸੰਧੀ ਮੁਤਾਬਕ ਉਸ ਦੇ ਮਿੱਤਰ ਦੇਸ਼ਾਂ ਵਿਚ ਗਵਾਹਾਂ ਉੱਤੇ ਅਜੇ ਵੀ ਪਾਬੰਦੀ ਲੱਗੀ ਹੋਈ ਸੀ। ਅੱਜ ਇਨ੍ਹਾਂ ਸਾਬਕਾ ਸਮਾਜਵਾਦੀ ਦੇਸ਼ਾਂ ਵਿਚ ਪੰਜ ਲੱਖ ਤੋਂ ਜ਼ਿਆਦਾ ਸਰਗਰਮ ਗਵਾਹ ਹਨ।

8. ਯਹੋਵਾਹ ਦੁਆਰਾ ਆਪਣੇ ਲੋਕਾਂ ਨੂੰ ਬਰਕਤਾਂ ਦੇਣ ਦਾ ਕੀ ਨਤੀਜਾ ਨਿਕਲਿਆ ਹੈ ਅਤੇ ਇਸ ਮਾਮਲੇ ਵਿਚ 1950 ਦੇ ਪਹਿਰਾਬੁਰਜ ਨੇ ਕੀ ਕਿਹਾ ਸੀ?

8 ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਇਸ ਕਰਕੇ ਵਾਧਾ ਹੋਇਆ ਹੈ ਕਿਉਂਕਿ ਉਹ ਲਗਾਤਾਰ ‘ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਆਏ ਹਨ। (ਮੱਤੀ 6:33) ਯਸਾਯਾਹ ਦੀ ਭਵਿੱਖਬਾਣੀ ਪਹਿਲਾਂ ਹੀ ਸ਼ਾਬਦਿਕ ਰੂਪ ਵਿਚ ਪੂਰੀ ਹੋ ਚੁੱਕੀ ਹੈ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾਯਾਹ 60:22) ਅਤੇ ਅਜੇ ਵੀ ਵਾਧਾ ਹੋ ਰਿਹਾ ਹੈ। ਪਿਛਲੇ ਦਹਾਕੇ ਵਿਚ ਹੀ ਰਾਜ ਦੇ ਸਰਗਰਮ ਸਮਰਥਕਾਂ ਵਿਚ ਹੋਰ 17,50,000 ਲੋਕ ਸ਼ਾਮਲ ਹੋਏ। ਉਹ ਆਪਣੀ ਇੱਛਾ ਨਾਲ ਉਸ ਸਮੂਹ ਦੇ ਮੈਂਬਰ ਬਣੇ ਹਨ ਜਿਸ ਬਾਰੇ 1950 ਦੇ ਇਕ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਟਿੱਪਣੀ ਕੀਤੀ ਸੀ: “ਪਰਮੇਸ਼ੁਰ ਹੁਣ ਨਵੇਂ ਸੰਸਾਰ ਦੇ ਸਮਾਜ ਦੀ ਉਸਾਰੀ ਕਰ ਰਿਹਾ ਹੈ। . . . ਇਹ ਸਮੂਹ ਆਰਮਾਗੇਡਨ ਵਿੱਚੋਂ ਬਚ ਜਾਵੇਗਾ, . . . ਇਹ ਸਾਰਿਆਂ ਤੋਂ ਪਹਿਲਾਂ ‘ਨਵੀਂ ਧਰਤੀ’ ਉੱਤੇ ਕਦਮ ਰੱਖੇਗਾ . . . , ਅਤੇ ਇਸ ਨੂੰ ਪਰਮੇਸ਼ੁਰ ਦੇ ਦੱਸੇ ਤਰੀਕੇ ਅਨੁਸਾਰ ਸੰਗਠਿਤ ਕੀਤਾ ਗਿਆ ਹੈ ਅਤੇ ਇਹ ਸੰਗਠਨ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਤੋਂ ਵਾਕਫ਼ ਹੈ।” ਇਸ ਲੇਖ ਦੇ ਅਖ਼ੀਰ ਵਿਚ ਕਿਹਾ ਗਿਆ ਸੀ: “ਇਸ ਲਈ ਆਓ ਆਪਾਂ ਇਕ ਨਵੇਂ ਸੰਸਾਰ ਦੇ ਸਮਾਜ ਦੇ ਤੌਰ ਤੇ ਲਗਾਤਾਰ ਅੱਗੇ ਵਧੀਏ!”

9. ਯਹੋਵਾਹ ਦੇ ਗਵਾਹਾਂ ਨੇ ਸਾਲਾਂ ਦੌਰਾਨ ਜੋ ਸਿਖਲਾਈ ਲਈ ਹੈ, ਉਹ ਕਿੱਦਾਂ ਫ਼ਾਇਦੇਮੰਦ ਸਾਬਤ ਹੋਈ ਹੈ?

9 ਇਸ ਦੌਰਾਨ, ਨਵੇਂ ਸੰਸਾਰ ਦੇ ਵੱਡੇ ਹੁੰਦੇ ਜਾ ਰਹੇ ਸਮਾਜ ਦੇ ਮੈਂਬਰਾਂ ਨੇ ਸਹੀ ਅਤੇ ਚੰਗੇ ਤਰੀਕੇ ਨਾਲ ਕੰਮ ਕਰਨ ਦਾ ਤਜਰਬਾ ਹਾਸਲ ਕੀਤਾ ਹੈ। ਇਸ ਦਾ ਅੱਜ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ ਤੇ ਸ਼ਾਇਦ ਆਰਮਾਗੇਡਨ ਤੋਂ ਬਾਅਦ ਵੀ ਮੁੜ-ਬਹਾਲੀ ਦੇ ਕੰਮ ਵਿਚ ਇਹ ਸਿਖਲਾਈ ਬਹੁਤ ਫ਼ਾਇਦੇਮੰਦ ਸਾਬਤ ਹੋਵੇਗੀ। ਉਦਾਹਰਣ ਲਈ ਗਵਾਹਾਂ ਨੇ ਵੱਡੇ-ਵੱਡੇ ਸੰਮੇਲਨ ਕਰਨ, ਆਫ਼ਤਾਂ ਦੌਰਾਨ ਫ਼ੌਰਨ ਮਦਦ ਕਰਨੀ ਅਤੇ ਫਟਾਫਟ ਇਮਾਰਤਾਂ ਦੀ ਉਸਾਰੀ ਕਰਨੀ ਸਿੱਖੀ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਦੀ ਸ਼ਲਾਘਾ ਅਤੇ ਆਦਰ ਕਰਦੇ ਹਨ।

ਗ਼ਲਤਫ਼ਹਿਮੀਆਂ ਨੂੰ ਦੂਰ ਕਰਨਾ

10, 11. ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਰਾਵਾਂ ਕਿਵੇਂ ਦੂਰ ਕੀਤੀਆਂ ਗਈਆਂ ਹਨ।

10 ਫਿਰ ਵੀ, ਕੁਝ ਲੋਕ ਯਹੋਵਾਹ ਦੇ ਗਵਾਹਾਂ ਉੱਤੇ ਦੋਸ਼ ਲਾਉਂਦੇ ਹਨ ਕਿ ਉਹ ਮਨੁੱਖੀ ਸਮਾਜ ਨਾਲ ਕਦਮ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ। ਉਹ ਇਸ ਕਰਕੇ ਇਹ ਦੋਸ਼ ਲਾਉਂਦੇ ਹਨ ਕਿਉਂਕਿ ਯਹੋਵਾਹ ਦੇ ਗਵਾਹ ਖ਼ੂਨ ਚੜ੍ਹਾਉਣ, ਨਿਰਪੱਖਤਾ, ਸਿਗਰਟਨੋਸ਼ੀ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਸੰਬੰਧ ਵਿਚ ਬਾਈਬਲ ਦੀ ਸਿੱਖਿਆ ਉੱਤੇ ਚੱਲਦੇ ਹਨ। ਪਰ ਅੱਜ ਜ਼ਿਆਦਾ ਲੋਕ ਇਹ ਮੰਨ ਰਹੇ ਹਨ ਕਿ ਗਵਾਹਾਂ ਦੇ ਵਿਚਾਰ ਸਹੀ ਹਨ। ਉਦਾਹਰਣ ਲਈ ਪੋਲੈਂਡ ਵਿਚ ਇਕ ਡਾਕਟਰ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕੀ ਦਫ਼ਤਰ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਹਸਪਤਾਲ ਵਿਚ ਉਹ ਤੇ ਉਸ ਦੇ ਸਹਿਕਰਮੀ ਕਈ ਘੰਟਿਆਂ ਤੋਂ ਖ਼ੂਨ ਚੜ੍ਹਾਉਣ ਦੇ ਸੰਬੰਧ ਵਿਚ ਬਹਿਸ ਕਰ ਰਹੇ ਸਨ। ਇਹ ਬਹਿਸ ਪੋਲਿਸ਼ ਭਾਸ਼ਾ ਦੀ ਦੈਨਿਕ ਅਖ਼ਬਾਰ ਜੱਨੀਕ ਜ਼ਾਹੋਡਨੀ ਵਿਚ ਛਪੇ ਇਕ ਲੇਖ ਕਰਕੇ ਸ਼ੁਰੂ ਹੋਈ ਸੀ। “ਮੈਨੂੰ ਇਸ ਗੱਲ ਦਾ ਬੜਾ ਅਫ਼ਸੋਸ ਹੈ ਕਿ ਮੈਡੀਕਲ ਖੇਤਰ ਵਿਚ ਖ਼ੂਨ ਨੂੰ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ,” ਉਸ ਡਾਕਟਰ ਨੇ ਮੰਨਿਆ। “ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਮੈਂ ਬਹੁਤ ਖ਼ੁਸ਼ ਹਾਂ ਕਿ ਕਿਸੇ ਨੇ ਤਾਂ ਇਸ ਵਿਸ਼ੇ ਉੱਤੇ ਗੱਲ ਕਰਨੀ ਸ਼ੁਰੂ ਕੀਤੀ ਹੈ। ਮੈਂ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੀ ਹਾਂ।”

11 ਪਿਛਲੇ ਸਾਲ ਹੋਈ ਇਕ ਕਾਨਫ਼ਰੰਸ ਵਿਚ ਅਮਰੀਕਾ, ਇਸਰਾਏਲ, ਕੈਨੇਡਾ ਅਤੇ ਯੂਰਪ ਤੋਂ ਡਾਕਟਰੀ ਮਾਹਰਾਂ ਨੇ ਖ਼ੂਨ ਚੜ੍ਹਾਏ ਬਿਨਾਂ ਰੋਗੀਆਂ ਦਾ ਇਲਾਜ ਕਰਨ ਵਿਚ ਡਾਕਟਰਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਸਾਮੱਗਰੀ ਉੱਤੇ ਚਰਚਾ ਕੀਤੀ। ਸਵਿਟਜ਼ਰਲੈਂਡ ਵਿਚ ਹੋਈ ਇਸ ਮੀਟਿੰਗ ਵਿਚ ਦੱਸਿਆ ਗਿਆ ਕਿ ਆਮ ਰਾਇ ਤੋਂ ਉਲਟ, ਖ਼ੂਨ ਲੈਣ ਵਾਲੇ ਰੋਗੀਆਂ ਦੀ ਮੌਤ ਦੀ ਗਿਣਤੀ ਉਨ੍ਹਾਂ ਰੋਗੀਆਂ ਨਾਲੋਂ ਜ਼ਿਆਦਾ ਸੀ ਜਿਨ੍ਹਾਂ ਨੇ ਖ਼ੂਨ ਨਹੀਂ ਲਿਆ ਸੀ। ਜਿਹੜੇ ਰੋਗੀ ਗਵਾਹ ਸਨ, ਉਨ੍ਹਾਂ ਨੂੰ ਖ਼ੂਨ ਲੈਣ ਵਾਲੇ ਦੂਸਰੇ ਰੋਗੀਆਂ ਨਾਲੋਂ ਜਲਦੀ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਂਦੀ ਸੀ। ਇਸ ਕਰਕੇ ਉਨ੍ਹਾਂ ਦੇ ਇਲਾਜ ਤੇ ਵੀ ਘੱਟ ਖ਼ਰਚਾ ਹੋਇਆ।

12. ਇਕ ਉਦਾਹਰਣ ਦਿਓ ਕਿ ਕਿਵੇਂ ਮੰਨੇ-ਪ੍ਰਮੰਨੇ ਲੋਕਾਂ ਨੇ ਰਾਜਨੀਤਿਕ ਮਾਮਲਿਆਂ ਵਿਚ ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਦੀ ਤਾਰੀਫ਼ ਕੀਤੀ ਹੈ।

12 ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਤੇ ਇਸ ਦੇ ਦੌਰਾਨ ਯਹੋਵਾਹ ਦੇ ਗਵਾਹ ਜਦੋਂ ਨਾਜ਼ੀ ਹਮਲੇ ਦਾ ਮੁੱਖ ਨਿਸ਼ਾਨਾ ਬਣੇ ਸਨ, ਉਦੋਂ ਉਨ੍ਹਾਂ ਨੇ ਜੋ ਨਿਰਪੱਖ ਰਵੱਈਆ ਰੱਖਿਆ ਸੀ, ਉਸ ਦੀ ਵੀ ਬਹੁਤ ਸਾਰੇ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ। ਯਹੋਵਾਹ ਦੇ ਗਵਾਹਾਂ ਦੁਆਰਾ ਬਣਾਏ ਗਏ ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ (ਅੰਗ੍ਰੇਜ਼ੀ) ਨਾਮਕ ਵਿਡਿਓ ਨੂੰ ਪਹਿਲੀ ਵਾਰ 6 ਨਵੰਬਰ 1996 ਨੂੰ ਜਰਮਨੀ ਵਿਚ ਰੈਵਨਜ਼ਬਰੂਕ ਨਜ਼ਰਬੰਦੀ ਕੈਂਪ ਵਿਚ ਦਿਖਾਇਆ ਗਿਆ। ਇਸ ਦੀ ਬਹੁਤ ਲੋਕਾਂ ਨੇ ਸ਼ਲਾਘਾ ਕੀਤੀ ਹੈ। ਬਰਗਨ-ਬੈਲਜ਼ਨ ਵਿਚ ਬਦਨਾਮ ਨਜ਼ਰਬੰਦੀ ਕੈਂਪ ਵਿਚ 18 ਅਪ੍ਰੈਲ 1998 ਵਿਚ ਇਸੇ ਵਿਡਿਓ ਦੇ ਦਿਖਾਏ ਜਾਣ ਤੋਂ ਪਹਿਲਾਂ ਲੋਅਰ ਸੈਕਸਨੀ ਵਿਚ ਰਾਜਨੀਤਿਕ ਵਿਦਿਆ ਕੇਂਦਰ ਦੇ ਡਾਇਰੈਕਟਰ, ਡਾ. ਵੋਲਫਗਾਂਗ ਸ਼ੀਲ ਨੇ ਮੰਨਿਆ: “ਇਹ ਇਤਿਹਾਸ ਦੀ ਇਕ ਸ਼ਰਮਨਾਕ ਸੱਚਾਈ ਹੈ ਕਿ ਯਹੋਵਾਹ ਦੇ ਗਵਾਹਾਂ ਨੇ ਜਿੰਨੀ ਦ੍ਰਿੜ੍ਹਤਾ ਨਾਲ ਕੌਮੀ ਸਮਾਜਵਾਦ ਨੂੰ ਠੁਕਰਾਇਆ ਉੱਨੀ ਦ੍ਰਿੜ੍ਹਤਾ ਨਾਲ ਈਸਾਈ ਗਿਰਜਿਆਂ ਨੇ ਨਹੀਂ ਠੁਕਰਾਇਆ। . . . ਅਸੀਂ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਅਤੇ ਧਰਮ ਪ੍ਰਤੀ ਉਨ੍ਹਾਂ ਦੇ ਜੋਸ਼ ਬਾਰੇ ਜੋ ਮਰਜ਼ੀ ਸੋਚੀਏ, ਪਰ ਨਾਜ਼ੀ ਹਕੂਮਤ ਦੌਰਾਨ ਉਨ੍ਹਾਂ ਦੀ ਦ੍ਰਿੜ੍ਹਤਾ ਤਾਰੀਫ਼ ਦੇ ਕਾਬਲ ਹੈ।”

13, 14. (ੳ) ਪਹਿਲੀ ਸਦੀ ਦੇ ਮਸੀਹੀਆਂ ਬਾਰੇ ਇਕ ਵਿਅਕਤੀ ਨੇ ਕਿਹੜੀ ਬੜੀ ਸਮਝਦਾਰੀ ਦੀ ਗੱਲ ਕਹੀ ਸੀ? (ਅ) ਅੱਜ ਯਹੋਵਾਹ ਦੇ ਲੋਕਾਂ ਦੇ ਸੰਬੰਧ ਵਿਚ ਕੀਤੀਆਂ ਗਈਆਂ ਚੰਗੀਆਂ ਟਿੱਪਣੀਆਂ ਦੀਆਂ ਉਦਾਹਰਣ ਦਿਓ।

13 ਜਦੋਂ ਮੰਨੇ-ਪ੍ਰਮੰਨੇ ਲੋਕ ਜਾਂ ਅਦਾਲਤਾਂ ਵਿਵਾਦਗ੍ਰਸਤ ਮਾਮਲਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਹੱਕ ਵਿਚ ਫ਼ੈਸਲੇ ਕਰਦੀਆਂ ਹਨ, ਤਾਂ ਇਸ ਨਾਲ ਲੋਕਾਂ ਦੀਆਂ ਗ਼ਲਤ-ਫ਼ਹਿਮੀਆਂ ਦੂਰ ਹੋ ਸਕਦੀਆਂ ਹਨ ਤੇ ਗਵਾਹਾਂ ਪ੍ਰਤੀ ਉਨ੍ਹਾਂ ਦੀ ਰਾਇ ਬਦਲ ਸਕਦੀ ਹੈ। ਇਸ ਨਾਲ ਅਕਸਰ ਉਹ ਲੋਕ ਜਿਹੜੇ ਪਹਿਲਾਂ ਗਵਾਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਹੁਣ ਗਵਾਹਾਂ ਨਾਲ ਗੱਲ ਕਰਨ ਲਈ ਤਿਆਰ ਹੋ ਜਾਂਦੇ ਹਨ। ਇਸ ਲਈ ਅਜਿਹੇ ਫ਼ੈਸਲਿਆਂ ਤੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਯਹੋਵਾਹ ਦੇ ਗਵਾਹ ਇਨ੍ਹਾਂ ਅਧਿਕਾਰੀਆਂ ਦੀ ਬਹੁਤ ਕਦਰ ਕਰਦੇ ਹਨ। ਇਸ ਤੋਂ ਸਾਨੂੰ ਪਹਿਲੀ ਸਦੀ ਵਿਚ ਯਰੂਸ਼ਲਮ ਵਿਚ ਵਾਪਰੀ ਇਕ ਘਟਨਾ ਯਾਦ ਆਉਂਦੀ ਹੈ। ਜਦੋਂ ਯਹੂਦੀ ਮਹਾਸਭਾ ਜਾਂ ਹਾਈ ਕੋਰਟ ਨੇ ਮਸੀਹੀਆਂ ਦੇ ਜੋਸ਼ੀਲੇ ਪ੍ਰਚਾਰ ਕਰਕੇ ਉਨ੍ਹਾਂ ਨੂੰ ਮਾਰਨਾ ਚਾਹਿਆ, ਤਾਂ ‘ਸ਼ਰਾ ਦੇ ਪੜ੍ਹਾਉਣ ਵਾਲੇ ਅਤੇ ਸਭਨਾਂ ਲੋਕਾਂ ਵਿੱਚ ਪਤਵੰਤੇ’ ਵਿਅਕਤੀ ਗਮਲੀਏਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ: “ਹੇ ਇਸਰਾਏਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ। . . . ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ। ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।”​—ਰਸੂਲਾਂ ਦੇ ਕਰਤੱਬ 5:33-39.

14 ਗਮਲੀਏਲ ਵਾਂਗ ਹਾਲ ਹੀ ਵਿਚ ਕੁਝ ਵੱਡੇ-ਵੱਡੇ ਆਦਮੀਆਂ ਨੇ ਯਹੋਵਾਹ ਦੇ ਗਵਾਹਾਂ ਨੂੰ ਉਪਾਸਨਾ ਕਰਨ ਦੀ ਆਜ਼ਾਦੀ ਦੇਣ ਦੇ ਹੱਕ ਵਿਚ ਗੱਲ ਕੀਤੀ ਹੈ। ਉਦਾਹਰਣ ਲਈ ਧਰਮ ਅਤੇ ਵਿਸ਼ਵਾਸਾਂ ਦੀ ਆਜ਼ਾਦੀ ਲਈ ਅੰਤਰਰਾਸ਼ਟਰੀ ਅਕਾਦਮੀ ਦੇ ਸਾਬਕਾ ਚੇਅਰਮੈਨ ਨੇ ਇਹ ਦਲੀਲ ਦਿੱਤੀ: “ਕਿਸੇ ਧਰਮ ਨੂੰ ਉਪਾਸਨਾ ਕਰਨ ਦਾ ਹੱਕ ਦੇਣ ਤੋਂ ਸਿਰਫ਼ ਇਸ ਕਰਕੇ ਹੀ ਇਨਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੀਆਂ ਸਿੱਖਿਆਵਾਂ ਨੂੰ ਸਮਾਜ ਸਵੀਕਾਰ ਨਹੀਂ ਕਰਦਾ ਜਾਂ ਉਨ੍ਹਾਂ ਨੂੰ ਰਿਵਾਜਾਂ ਤੋਂ ਉਲਟ ਮੰਨਦਾ ਹੈ।” ਲਿਪਸਿਗ ਯੂਨੀਵਰਸਿਟੀ ਵਿਚ ਧਰਮ ਦੇ ਵਿਗਿਆਨਕ ਅਧਿਐਨ ਦੇ ਇਕ ਪ੍ਰੋਫ਼ੈਸਰ ਨੇ ਜਰਮਨੀ ਦੀ ਸਰਕਾਰ ਦੁਆਰਾ ਕਥਿਤ ਧਾਰਮਿਕ ਫ਼ਿਰਕਿਆਂ ਦੀ ਜਾਂਚ-ਪੜਤਾਲ ਕਰਨ ਲਈ ਬਣਾਏ ਗਏ ਕਮਿਸ਼ਨ ਦੇ ਸੰਬੰਧ ਵਿਚ ਇਕ ਬਹੁਤ ਢੁਕਵਾਂ ਸਵਾਲ ਪੁੱਛਿਆ: “ਸਿਰਫ਼ ਘੱਟ ਗਿਣਤੀ ਵਾਲੇ ਧਰਮਾਂ ਦੀ ਹੀ ਕਿਉਂ ਜਾਂਚ ਕੀਤੀ ਜਾਂਦੀ ਹੈ, ਦੋ ਵੱਡੇ ਚਰਚਾਂ [ਰੋਮਨ ਕੈਥੋਲਿਕ ਚਰਚ ਅਤੇ ਲੂਥਰਨ ਚਰਚ] ਦੀ ਕਿਉਂ ਨਹੀਂ?” ਇਸ ਦਾ ਜਵਾਬ ਸਾਨੂੰ ਇਕ ਸਾਬਕਾ ਜਰਮਨ ਅਧਿਕਾਰੀ ਦੇ ਸ਼ਬਦਾਂ ਤੋਂ ਮਿਲਦਾ ਹੈ ਜਿਸ ਨੇ ਲਿਖਿਆ ਸੀ: “ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਪਿੱਛੇ ਚਰਚ ਦੇ ਕੱਟੜਪੰਥੀਆਂ ਦਾ ਹੱਥ ਹੈ ਜਿਨ੍ਹਾਂ ਨੇ ਇਹ ਕਮਿਸ਼ਨ ਬਿਠਾਉਣ ਲਈ ਰਾਜਨੀਤਿਕ ਨੇਤਾਵਾਂ ਨੂੰ ਉਕਸਾਇਆ।”

ਅਸੀਂ ਰਾਹਤ ਲਈ ਕਿਸ ਉੱਤੇ ਆਸ ਰੱਖਦੇ ਹਾਂ?

15, 16. (ੳ) ਗਮਲੀਏਲ ਦੀਆਂ ਗੱਲਾਂ ਦਾ ਕਿਉਂ ਸੀਮਿਤ ਹੱਦ ਤਕ ਹੀ ਫ਼ਾਇਦਾ ਹੋਇਆ? (ਅ) ਯਿਸੂ ਨੂੰ ਬਚਾਉਣ ਵਿਚ ਤਿੰਨ ਦੂਸਰੇ ਅਸਰ-ਰਸੂਖ ਵਾਲੇ ਵਿਅਕਤੀ ਕਿਉਂ ਕੁਝ ਜ਼ਿਆਦਾ ਨਹੀਂ ਕਰ ਸਕੇ?

15 ਗਮਲੀਏਲ ਦੀ ਗੱਲ ਤੋਂ ਇਕ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਪਰਮੇਸ਼ੁਰ ਦੀ ਮਦਦ ਨਾਲ ਕੀਤਾ ਜਾਂਦਾ ਕੰਮ ਕਦੀ ਅਸਫ਼ਲ ਨਹੀਂ ਹੁੰਦਾ। ਮਹਾਸਭਾ ਨੂੰ ਕਹੇ ਗਮਲੀਏਲ ਦੇ ਸ਼ਬਦਾਂ ਤੋਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਯਕੀਨਨ ਫ਼ਾਇਦਾ ਹੋਇਆ ਸੀ, ਪਰ ਉਹ ਇਹ ਕਦੀ ਨਹੀਂ ਭੁੱਲੇ ਕਿ ਯਿਸੂ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਪੈਰੋਕਾਰਾਂ ਨੂੰ ਸਤਾਇਆ ਜਾਵੇਗਾ। ਗਮਲੀਏਲ ਦੀਆਂ ਗੱਲਾਂ ਕਰਕੇ ਧਾਰਮਿਕ ਆਗੂ ਮਸੀਹੀਆਂ ਨੂੰ ਮਾਰਨੋਂ ਤਾਂ ਰੁਕ ਗਏ, ਪਰ ਇਸ ਨਾਲ ਅਤਿਆਚਾਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਇਸ ਬਾਰੇ ਅਸੀਂ ਪੜ੍ਹਦੇ ਹਾਂ: “ਉਨ੍ਹਾਂ ਨੇ ਉਹ ਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ।”​—ਰਸੂਲਾਂ ਦੇ ਕਰਤੱਬ 5:40.

16 ਜਦੋਂ ਯਿਸੂ ਤੇ ਮੁਕੱਦਮਾ ਚਲਾਇਆ ਜਾ ਰਿਹਾ ਸੀ, ਤਾਂ ਪੁੰਤਿਯੁਸ ਪਿਲਾਤੁਸ ਨੂੰ ਉਸ ਵਿਚ ਕੋਈ ਦੋਸ਼ ਨਹੀਂ ਲੱਭਿਆ ਤੇ ਉਸ ਨੂੰ ਰਿਹਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋਇਆ। (ਯੂਹੰਨਾ 18:38, 39; 19:4, 6, 12-16) ਇੱਥੋਂ ਤਕ ਕਿ ਮਹਾਸਭਾ ਦੇ ਦੋ ਮੈਂਬਰ ਨਿਕੁਦੇਮੁਸ ਅਤੇ ਅਰਿਮਥੇਆ ਦਾ ਯੂਸੁਫ਼ ਜੋ ਯਿਸੂ ਨੂੰ ਪਸੰਦ ਕਰਦੇ ਸਨ, ਵੀ ਮਹਾਸਭਾ ਨੂੰ ਯਿਸੂ ਵਿਰੁੱਧ ਕਾਰਵਾਈ ਕਰਨ ਤੋਂ ਰੋਕ ਨਹੀਂ ਸਕੇ। (ਲੂਕਾ 23:50-52; ਯੂਹੰਨਾ 7:45-52; 19:38-40) ਇਨਸਾਨ ਚਾਹੇ ਕਿਸੇ ਵੀ ਕਾਰਨ ਕਰਕੇ ਯਹੋਵਾਹ ਦੇ ਗਵਾਹਾਂ ਦੇ ਹੱਕ ਵਿਚ ਖੜ੍ਹੇ ਹੋਣ, ਪਰ ਉਹ ਗਵਾਹਾਂ ਨੂੰ ਸਿਰਫ਼ ਸੀਮਿਤ ਹੱਦ ਤਕ ਹੀ ਰਾਹਤ ਪਹੁੰਚਾ ਸਕਦੇ ਹਨ। ਇਹ ਸੰਸਾਰ ਮਸੀਹ ਦੇ ਸੱਚੇ ਪੈਰੋਕਾਰਾਂ ਨੂੰ ਨਫ਼ਰਤ ਕਰਦਾ ਰਹੇਗਾ ਜਿਵੇਂ ਇਹ ਯਿਸੂ ਨੂੰ ਕਰਦਾ ਸੀ। ਸਿਰਫ਼ ਯਹੋਵਾਹ ਹੀ ਪੂਰੀ ਤਰ੍ਹਾਂ ਰਾਹਤ ਦੇ ਸਕਦਾ ਹੈ।​—ਰਸੂਲਾਂ ਦੇ ਕਰਤੱਬ 2:24.

17. ਯਹੋਵਾਹ ਦੇ ਗਵਾਹ ਕਿਸ ਗੱਲ ਦੀ ਆਸ ਰੱਖਦੇ ਹਨ, ਪਰ ਫਿਰ ਵੀ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਦੇ ਆਪਣੇ ਇਰਾਦੇ ਵਿਚ ਕਮਜ਼ੋਰ ਕਿਉਂ ਨਹੀਂ ਹੁੰਦੇ?

17 ਇਸ ਲਈ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਉਨ੍ਹਾਂ ਉੱਤੇ ਅਤਿਆਚਾਰ ਜਾਰੀ ਰਹੇਗਾ। ਵਿਰੋਧ ਸਿਰਫ਼ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਸ਼ਤਾਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਜਾਵੇਗਾ। ਪਰ ਯਹੋਵਾਹ ਦੇ ਗਵਾਹ ਅਤਿਆਚਾਰ ਸਹਿਣ ਦੇ ਬਾਵਜੂਦ ਵੀ ਰਾਜ ਦਾ ਪ੍ਰਚਾਰ ਕਰਨ ਦੇ ਹੁਕਮ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟਦੇ। ਉਹ ਪਿੱਛੇ ਹਟਣ ਵੀ ਕਿਉਂ, ਜਦ ਪਰਮੇਸ਼ੁਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ? ਉਹ ਆਪਣੇ ਦਲੇਰ ਆਗੂ, ਯਿਸੂ ਮਸੀਹ ਦੀ ਚੰਗੀ ਮਿਸਾਲ ਉੱਤੇ ਚੱਲਦੇ ਹਨ।​—ਰਸੂਲਾਂ ਦੇ ਕਰਤੱਬ 5:17-21, 27-32.

18. ਯਹੋਵਾਹ ਦੇ ਗਵਾਹਾਂ ਉੱਤੇ ਭਵਿੱਖ ਵਿਚ ਕਿਹੜੀ ਮੁਸ਼ਕਲ ਆਵੇਗੀ ਪਰ ਉਨ੍ਹਾਂ ਨੂੰ ਕਿਸ ਗੱਲ ਦਾ ਪੂਰਾ ਭਰੋਸਾ ਹੈ?

18 ਸ਼ੁਰੂ ਤੋਂ ਹੀ ਸੱਚੇ ਧਰਮ ਨੂੰ ਸਖ਼ਤ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਹੈ। ਜਲਦੀ ਹੀ, ਇਹ ਸਵਰਗ ਤੋਂ ਹੇਠਾਂ ਸੁੱਟੇ ਗਏ ਸ਼ਤਾਨ ਅਰਥਾਤ ਗੋਗ ਦੇ ਭਿਆਨਕ ਹਮਲੇ ਦਾ ਨਿਸ਼ਾਨਾ ਬਣੇਗਾ। ਪਰ ਉਹ ਸੱਚੇ ਧਰਮ ਦਾ ਕੁਝ ਨਹੀਂ ਵਿਗਾੜ ਸਕੇਗਾ। (ਹਿਜ਼ਕੀਏਲ 38:14-16) ਸ਼ਤਾਨ ਦੀ ਅਗਵਾਈ ਵਿਚ ‘ਸਾਰੇ ਜਗਤ ਦੇ ਰਾਜੇ’ “ਲੇਲੇ ਦੇ ਨਾਲ ਜੁੱਧ ਕਰਨਗੇ ਅਤੇ ਲੇਲਾ ਓਹਨਾਂ ਉੱਤੇ ਫ਼ਤਹ ਪਾਵੇਗਾ ਇਸ ਲਈ ਜੋ ਉਹ ਪ੍ਰਭੁਆਂ ਦਾ ਪ੍ਰਭੁ ਅਤੇ ਰਾਜਿਆਂ ਦਾ ਰਾਜਾ ਹੈ।” (ਪਰਕਾਸ਼ ਦੀ ਪੋਥੀ 16:14; 17:14) ਜੀ ਹਾਂ, ਸਾਡਾ ਰਾਜਾ ਆਖ਼ਰੀ ਫਤਹਿ ਪ੍ਰਾਪਤ ਕਰਨ ਲਈ ਅੱਗੇ ਵਧ ਰਿਹਾ ਹੈ। ਉਸ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣਾ ਕਿੰਨਾ ਵੱਡਾ ਸਨਮਾਨ ਹੈ, ਇਹ ਜਾਣਦੇ ਹੋਏ ਕਿ ਜਲਦੀ ਹੀ ਫਿਰ ਕਦੀ ਕੋਈ ਯਹੋਵਾਹ ਦੇ ਉਪਾਸਕਾਂ ਦਾ ਵਿਰੋਧ ਨਹੀਂ ਕਰੇਗਾ ਜਦੋਂ ਉਹ ਕਹਿਣਗੇ: “ਪਰਮੇਸ਼ੁਰ ਸਾਡੀ ਵੱਲ ਹੈ”!​—ਰੋਮੀਆਂ 8:31; ਫ਼ਿਲਿੱਪੀਆਂ 1:27, 28.

ਕੀ ਤੁਸੀਂ ਸਮਝਾ ਸਕਦੇ ਹੋ?

• ਰਾਜ ਦੀ ਸਥਾਪਨਾ ਤੋਂ ਬਾਅਦ ਮਸੀਹੀ ਕਲੀਸਿਯਾ ਨੂੰ ਮਜ਼ਬੂਤ ਕਰਨ ਲਈ ਯਹੋਵਾਹ ਨੇ ਕੀ ਕੀਤਾ ਹੈ?

• ਮਸੀਹ ਨੂੰ ਫਤਹਿ ਪ੍ਰਾਪਤ ਕਰਨ ਤੋਂ ਰੋਕਣ ਲਈ ਸ਼ਤਾਨ ਨੇ ਕੀ ਕੀਤਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ?

• ਜਿਹੜੇ ਲੋਕ ਗਵਾਹ ਨਹੀਂ ਹਨ ਉਨ੍ਹਾਂ ਦੁਆਰਾ ਸਾਡੇ ਪੱਖ ਵਿਚ ਕੀਤੀਆਂ ਗਈਆਂ ਕਾਰਵਾਈਆਂ ਪ੍ਰਤੀ ਸਾਨੂੰ ਕਿਹੜਾ ਸੰਤੁਲਿਤ ਨਜ਼ਰੀਆ ਰੱਖਣਾ ਚਾਹੀਦਾ ਹੈ?

• ਸ਼ਤਾਨ ਜਲਦੀ ਹੀ ਕੀ ਕਰੇਗਾ ਅਤੇ ਇਸ ਦਾ ਸਿੱਟਾ ਕੀ ਨਿਕਲੇਗਾ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਜ਼ਿਲ੍ਹਾ ਸੰਮੇਲਨ ਇਸ ਗੱਲ ਦਾ ਸਬੂਤ ਹਨ ਕਿ ਯਹੋਵਾਹ ਦੇ ਲੋਕ ਅੱਗੇ ਵਧ ਰਹੇ ਹਨ

[ਸਫ਼ੇ 20 ਉੱਤੇ ਤਸਵੀਰਾਂ]

ਦੂਸਰੇ ਵਿਸ਼ਵ ਯੁੱਧ ਦੌਰਾਨ ਗਵਾਹਾਂ ਦੁਆਰਾ ਦਿਖਾਈ ਨਿਰਪੱਖਤਾ ਕਰਕੇ ਅਜੇ ਵੀ ਯਹੋਵਾਹ ਦੀ ਮਹਿਮਾ ਹੁੰਦੀ ਹੈ